Wednesday, 29 June 2016

ਕਸ਼ਮੀਰੀਆਂ ਦੀ ਰੋਹ-ਲਲਕਾਰ

ਹੰਦਵਾੜਾ ਗੋਲੀ ਕਾਂਡ: 
ਭਾਰਤੀ ਹਕੂਮਤ ਦਾ ਕੋਝਾ ਕਾਰਾ: ਕਸ਼ਮੀਰੀਆਂ ਦੀ ਰੋਹ-ਲਲਕਾਰ

-ਨਾਜ਼ਰ ਸਿੰਘ ਬੋਪਾਰਾਏ
ਕਸ਼ਮੀਰੀ ਲੋਕਾਂ ਨੂੰ ਲੁੱਟਦੀ, ਕੁੱਟਦੀ, ਦਬਾਉਂਦੀ ਚਲੀ ਆ ਰਹੀ ਭਾਰਤੀ ਹਕੂਮਤ ਨੇ 12 ਅਪ੍ਰੈਲ 2016 ਨੂੰ ਦਿਨ-ਦਿਹਾੜੇ ਹਨੇਰਗਰਦੀ ਫੈਲਾਉਣੀ ਚਾਹੀ ਸੀ। ਪਰ ਸਦਕੇ ਜਾਈਏ ਕਸ਼ਮੀਰੀ ਲੋਕਾਂ ਦੇ ਜਿਹਨਾਂ ਆਪਣੀ ਅਣਖ-ਇੱਜਤ, ਜੁਰਅਤ-ਜ਼ਮੀਰ ਦੀ ਰਾਖੀ ਖਾਤਰ ਰਣ-ਤੱਤੇ ਵਿੱਚ ਨਿੱਤਰਦੇ ਹੋਏ ਭਾਰਤੀ ਫੌਜ ਨਾਲ ਟੱਕਰ ਲਈ— 5 ਵਿਅਕਤੀਆਂ ਨੇ ਆਪਣੀ ਜਾਨ ਦੀ ਅਹੂਤੀ ਦਿੱਤੀ। ਦਰਜ਼ਨਾਂ ਨੇ ਗੋਲੀਆਂ ਦੇ ਸੱਲ ਝੱਲੇ। ਸੈਂਕੜੇ ਜਖ਼ਮੀ ਹੋਏ, ਹਜ਼ਾਰਾਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾਈ। ਲੋਕਾਂ ਦੇ ਡੁੱਲ•ੇ ਖ਼ੂਨ ਦੀ ਚਮਕ ਨੇ ਹਕੂਮਤੀ ਹਨੇਰਗਰਦੀ ਨੂੰ ਚੀਰ ਕੇ ਰੱਖ ਦਿੱਤਾ— ਸੱਚ ਅਤੇ ਝੂਠ ਦਾ ਨਿਤਾਰਾ ਸੜਕਾਂ 'ਤੇ ਹੀ ਹੋ ਗਿਆ। ਹਕੂਮਤੀ ਹਰਬੇ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤੇ ਗਏ। ਹੰਦਵਾੜੇ ਦੇ ਚੌਕਾਂ ਵਿੱਚ ਬਣਾਏ ਪੱਕੇ ਮੋਰਚੇ ਲੋਕਾਂ ਨੇ ਚੂਰ ਚੂਰ ਕਰਕੇ ਹਕੂਮਤੀ ਦਹਿਸ਼ਤ ਨੂੰ ਪੈਰਾਂ ਹੇਠਾਂ ਰੋਲਿਆ। 10 ਦਿਨਾਂ ਤੋਂ ਨਜ਼ਾਇਜ਼ ਤੌਰ 'ਤੇ ਹਿਰਾਸਤ ਵਿੱਚ ਲਈ ਸਕੂਲੀ ਕੁੜੀ, ਉਸਦੇ ਬਾਪ ਅਤੇ ਚਾਚੀ ਨੂੰ ਲੋਕਾਂ ਨੇ ਆਪਣੇ ਜਥੇਬੰਦਕ ਦਬਾਅ ਨਾਲ ਛੁਡਵਾਇਆ। ਕਸ਼ਮੀਰੀਆਂ ਨੂੰ ਕਲੰਕਤ ਕਰਨ ਦੇ ਕਾਰਿਆਂ ਨੂੰ ਮਾਤ ਦਿੰਦਿਆਂ ਸਮੇਂ ਦੀ ਸਚਾਈ— ਭਾਰਤੀ ਹਾਕਮਾਂ ਦੀ ਕਰੂਰਤਾ— ਨੂੰ ਸਾਹਮਣੇ ਲਿਆਂਦਾ। 
12 ਅਪ੍ਰੈਲ ਨੂੰ ਹੰਦਵਾੜਾ ਵਿਖੇ 15-16 ਸਾਲਾਂ ਦੀ ਬੱਚੀ ਸਕੂਲ ਵਿੱਚੋਂ ਛੁੱਟੀ ਹੋ ਜਾਣ 'ਤੇ ਆਪਣੀ ਸਹੇਲੀ ਨਾਲ ਘਰ ਨੂੰ ਵਾਪਸ ਆ ਰਹੀ ਸੀ। ਰਸਤੇ ਵਿੱਚ ਉਸ ਨੂੰ ਬਾਥਰੂਮ ਜਾਣਾ ਪੈ ਗਿਆ। ਜਦੋਂ ਉਹ ਬਾਥਰੂਮ ਦੇ ਅੰਦਰ ਚਲੇ ਗਈ ਤਾਂ ਉੱਥੇ ਤਾਇਨਾਤ ਇੱਕ ਭਾਰਤੀ ਫੌਜੀ ਨੇ ਬਦਨੀਤੀ ਨਾਲ ਉਸਦਾ ਪਿੱਛਾ ਕੀਤਾ। ਜਦੋਂ ਹੀ ਲੜਕੀ ਨੂੰ ਫੌਜੀ ਨੇ ਦਬੋਚਣਾ ਚਾਹਿਆ ਤਾਂ ਉਸ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਉਸਨੇ ਰੌਲਾ ਪਾ ਦਿੱਤਾ ਅਤੇ ਆਪਣੀ ਬਾਂਹ ਛੁਡਾ ਕੇ ਉਸ ਫੌਜੀ ਦੀ ਚੁੰਗਲ ਵਿੱਚੋਂ ਨਿੱਕਲ ਆਈ। ਲੜਕੀ ਦਾ ਰੌਲਾ ਅਤੇ ਰੋਣਾ ਸੁਣ ਕੇ ਆਸੇ ਪਾਸੇ ਤੋਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਫੌਜੀ ਪੱਤਰੇ ਵਾਚ ਗਿਆ, ਪਰ ਲੋਕਾਂ ਦੀ ਗਿਣਤੀ ਵਧਣ ਦੇ ਨਾਲ ਨਾਲ ਉਹਨਾਂ ਦਾ ਗੁੱਸਾ ਵੀ ਵਧਦਾ ਗਿਆ। ਲੋਕਾਂ ਨੂੰ ਕੰਟਰੋਲ ਕਰਨ ਲਈ ਸਥਾਨਕ ਪੁਲਸ ਤਾਇਨਾਤ ਕਰ ਦਿੱਤੀ ਗਈ। ਪਰ ਲੋਕਾਂ ਦਾ ਗੁੱਸਾ ਉਬਾਲੇ ਖਾਣ ਲੱਗਾ। ਪੁਲਸ ਅਧਿਕਾਰੀਆਂ ਨੇ ਲੋਕਾਂ ਨੂੰ ਜਾਂਚ-ਪੜਤਾਲ ਕਰਕੇ ਇਨਸਾਫ ਦੁਆਉਣ ਦੇ ਲਾਰੇ-ਲੱਪੇ ਲਾਏ ਪਰ ਲੋਕ ਭਾਰਤੀ ਫੌਜ ਨੂੰ ਸਬਕ ਸਿਖਾਉਣ 'ਤੇ ਤਹੂ ਹੋਏ ਪਏ ਸਨ ਕਿ ਇਹਨਾਂ ਹਵਸ਼ੀ ਦਰਿੰਦਿਆਂ ਦੀ ਇਹ ਹਿੰਮਤ ਕਿਵੇਂ ਪੈ ਗਈ ਕਿ ਉਹ ਕਸ਼ਮੀਰੀ ਲੋਕਾਂ ਦੀ ਇੱਜਤ-ਆਬਰੂ ਨੂੰ ਹੱਥ ਪਾ ਜਾਣ। ਵਿਦਿਆਰਥੀਆਂ, ਨੌਜਵਾਨਾਂ ਅਤੇ ਲੋਕਾਂ ਦੇ ਵਧਦੇ ਇਕੱਠ ਨੇ ਭੁਚਾਲ ਲਿਆਉਣਾ ਸ਼ੁਰੂ ਕਰ ਦਿੱਤਾ। ਉਹਨਾਂ ਪੁਲਸ ਅਤੇ ਫੌਜ 'ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਜਦੋਂ ਲੋਕਾਂ ਦਾ ਤਾਅ ਵਧਦਾ ਗਿਆ ਤਾਂ ਫੌਜ ਨੇ ਫਾਇਰਿੰਗ ਸ਼ੁਰੂ ਕੀਤੀ। ਪਰ ਇੱਥੇ ਚੱਲੀ ਗੋਲੀ ਦਾ ਲੋਕਾਂ ਦੇ ਰੌਂਅ 'ਤੇ ਕੋਈ ਅਸਰ ਨਹੀਂ ਪਿਆ। ਉਹਨਾਂ ਦੀ ਵਧਦੀ ਤਦਾਦ ਨੇ ਫੌਜ ਦੇ ਪੱਕੇ ਮੋਰਚਿਆਂ ਨੂੰ ਖਾਲੀ ਕਰਵਾ ਕੇ ਢਹਿ-ਢੇਰੀ ਕਰ ਦਿੱਤਾ। ਫੌਜ ਵੱਲੋਂ ਚਲਾਈ ਗੋਲੀ ਨਾਲ  2 ਨੌਜਵਾਨ ਮਾਰੇ ਗਏ। ਅਨੇਕਾਂ ਫੱਟੜ ਹੋਏ। ਲੋਕ ਅਜੇ ਵੀ ਸ਼ਾਂਤ ਹੋਣ ਵਿੱਚ ਨਹੀਂ ਸਨ ਆ ਰਹੇ ਤਾਂ ਪੁਲਸ-ਪ੍ਰਸਾਸਨ ਨੇ ਕਰਫਿਊ ਮੜ• ਦਿੱਤੇ ਜਾਣ ਦਾ ਐਲਾਨ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਪੀੜਤ ਲੜਕੀ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਉਸਨੂੰ ਉਸਦੇ ਮਾਪਿਆਂ ਹਵਾਲੇ ਕਰਨ ਦੀ ਥਾਂ ਥਾਣੇ ਦੀਆਂ ਸਲਾਖਾਂ ਪਿੱਛੇ ਬੰਦ ਕਰ ਦਿੱਤਾ। ਪੁਲਸੀ ਅਧਿਕਾਰੀਆਂ ਨੇ ਉਸਦੀ ਕੁੱਟਮਾਰ ਕਰਕੇ ਜੁਬਾਨ ਠਾਕਣੀ ਚਾਹੀ। ਉਸਨੂੰ ਗਾਲ਼-ਮੰਦਾ ਕਰਕੇ ਜਲੀਲ ਕੀਤਾ ਗਿਆ ਅਤੇ ਸੱਚ 'ਤੇ ਖੜ•ੀ ਰਹਿਣ ਦੇ ਇਵਜ਼ ਵਿੱਚ ਉਸਨੂੰ ਮਾਰ ਮੁਕਾਉਣ ਦੀਆਂ ਧਮਕੀਆਂ ਦੇ ਕੇ ਦਹਿਸ਼ਤਜ਼ਦਾ ਕੀਤਾ ਜਾਂਦਾ ਰਿਹਾ। ਐਨਾ ਹੀ ਨਹੀਂ ਉੱਚ ਅਧਿਕਾਰੀਆਂ ਕੋਲ ਆਪਣੀ ਫਰਿਆਦ ਲੈ ਕੇ ਗਏ ਕੁੜੀ ਦੇ ਪਿਤਾ ਅਤੇ ਇੱਕ ਚਾਚੀ ਨੂੰ ਵੀ ਪੁਲਸੀਆਂ ਨੇ ਫੜ ਕੇ ਥਾਣੇ ਬੰਦ ਕਰ ਦਿੱਤਾ। ਮਾਸੂਮ ਬੱਚੀ ਨੂੰ ਡਰਾਅ-ਧਮਕਾਅ ਕੇ ਅਧਿਕਾਰੀਆਂ ਨੇ ਉਸਦੀ ਸੱਚੀ ਕਹਾਣੀ ਨੂੰ ਝੂਠ ਬਣਾਉਣ ਦੇ ਯਤਨ ਵਜੋਂ ਉਸਦੀ ਇੱਕ ਵੀਡੀਓ ਚਿੱਪ ਤਿਆਰ ਕੀਤੀ, ਜਿਸ ਵਿੱਚ ਲੜਕੀ ਦੇ ਮੂੰਹੋਂ ਇਹ ਅਖਵਾਇਆ ਗਿਆ ਕਿ ਉਸਦਾ ਪਿੱਛਾ ਕਿਸੇ ਭਾਰਤੀ ਫੌਜੀ ਨੇ ਨਹੀਂ ਕੀਤਾ ਬਲਕਿ ਇਹ ਦੋ ਸਥਾਨਕ ਕਸ਼ਮੀਰੀ ਮੁੰਡੇ ਹੀ ਸਨ, ਜਿਹਨਾਂ ਉਸ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ। 
ਭਾਰਤੀ ਫੌਜ ਨੂੰ ਦੋਸ਼ ਮੁਕਤ ਕਰਨ ਦੀ ਕਾਹਲ ਵਿੱਚ ਪੁਲਸ ਅਧਿਕਾਰੀਆਂ ਨੇ ਇਹ ਵੀਡੀਓ ਟੀ.ਵੀ. ਚੈਨਲਾਂ 'ਤੇ ਦਿਖਾਉਣੀ ਸ਼ੁਰੂ ਕਰ ਦਿੱਤੀ। ਜਿਉਂ ਹੀ ਇਹ ਵੀਡੀਓ ਚੈਨਲਾਂ ਅਤੇ ਫੋਨਾਂ ਆਦਿ 'ਤੇ ਘੁੰਮਣ ਲੱਗੀ ਤਾਂ ਲੋਕਾਂ ਦਾ ਗੁੱਸਾ ਹੋਰ ਵੀ ਵਧਣ ਲੱਗਾ। ਇਕੱਲੇ ਹੰਦਵਾੜਾ ਵਿੱਚ ਹੀ ਨਹੀਂ ਬਲਕਿ ਸਮੁੱਚੇ ਕੁੱਪਵਾੜਾ ਜ਼ਿਲ•ੇ ਸਮੇਤ ਸਾਰੀ ਕਸ਼ਮੀਰ ਵਾਦੀ ਵਿੱਚ ਹੀ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਪ੍ਰਸਾਸ਼ਨ ਨੇ ਸਮੁੱਚੀ ਕਸ਼ਮੀਰ ਵਾਦੀ ਵਿੱਚ ਹੀ ਫੋਨ ਅਤੇ ਇੰਟਰਨੈੱਟ ਸੇਵਾਵਾਂ ਨੂੰ ਜਾਮ ਕਰਕੇ ਲੋਕਾਂ ਨੂੰ ਇੱਕ-ਦੂਜੇ ਨਾਲੋਂ ਜੁਦਾ ਕਰਨ ਦੇ ਭਰਮ ਪਾਲੇ। ਪਰ ਇਹ ਅਧਿਕਾਰੀ ਭੁਲਦੇ ਹਨ ਕਿ ਅਸਲੀ ਪ੍ਰਚਾਰ ਉਹ ਨਹੀਂ ਹੁੰਦਾ ਜੋ ਕੁੱਝ ਹਾਕਮਾਂ ਵੱਲੋਂ ਪ੍ਰਚਾਰਿਆ ਜਾਂਦਾ ਹੈ, ਬਲਕਿ ਅਸਲੀ ਪ੍ਰਚਾਰ ਉਹ ਹੁੰਦਾ ਹੈ, ਜੋ ਲੋਕਾਂ ਦੇ ਮੂੰਹੋਂ-ਮੂੰਹੀਂ ਫੈਲਦਾ ਹੈ, ਜਿਸਦੀ ਸੱਥਾਂ ਅਤੇ ਚੁੱਲ•ੇ-ਚੌਕਿਆਂ 'ਤੇ ਚਰਚਾ ਹੁੰਦੀ ਹੈ। ਹਕੂਮਤ ਵੱਲੋਂ ਕੀਤੇ ਜਾ ਰਹੇ ਕੂੜ-ਪ੍ਰਚਾਰ ਦੇ ਖਿਲਾਫ ਲੋਕਾਂ ਦੀ ਨਾਅਰੇਬਾਜ਼ੀ ਅਤੇ ਪੱਥਰਬਾਜ਼ੀ ਵਧਦੀ ਗਈ। ਜਿੱਥੇ ਪਹਿਲੇ ਦਿਨ ਦੇ ਮੁਜਾਹਰਿਆਂ ਵਿੱਚ ਦੋ ਬੰਦਿਆਂ ਦੀ ਜਾਨ ਲੇਖੇ ਲੱਗੀ ਸੀ, ਉੱਥੇ ਦੂਸਰੇ ਦਿਨ ਤਿੰਨ ਵਿਅਕਤੀਆਂ ਨੇ ਆਪਣੀ ਜਾਨ ਦੀ ਅਹੂਤੀ ਦਿੱਤੀ। ਪੁਲਸ ਪ੍ਰਸਾਸ਼ਨ ਤਾਂ ਭਾਵੇਂ ਭਾਰਤੀ ਫੌਜ ਨੂੰ ਨਿਰਦੋਸ਼ ਸਾਬਤ ਕਰਨ ਲਈ ਆਪਣਾ ਟਿੱਲ ਲਾ ਰਿਹਾ ਸੀ, ਪਰ ਲੋਕਾਂ ਦੇ ਤਿੱਖੇ ਹੁੰਦੇ ਜਾ ਰਹੇ ਟਾਕਰੇ ਸਨਮੁੱਖ ਭਾਰਤੀ ਫੌਜ ਦੀ ਕਸ਼ਮੀਰ ਕਮਾਂਡ ਦੇ ਮੁਖੀ ਨੂੰ ''ਡੂੰਘਾ ਪਛਤਾਵਾ'' ਕਰਨਾ ਪੈ ਰਿਹਾ ਸੀ ਅਤੇ ਉਹ ਪੀੜਤਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਜੁੰਮੇਵਾਰੀਆਂ ਓਟ ਰਿਹਾ ਸੀ। 'ਅਫਸਪਾ' ਦੇ ਤਹਿਤ ਭਾਰਤੀ ਫੌਜ ਨੂੰ ਕਸ਼ਮੀਰ ਸਮੇਤ ਉੱਤਰ-ਪੂਰਬੀ ਖਿੱਤਿਆਂ ਵਿੱਚ ਖੁੱਲ•-ਖੇਡਣ ਦੀ ਛੋਟ ਮਿਲੀ ਹੋਈ ਹੈ— ਆਮ ਤੌਰ 'ਤੇ ਫੌਜੀ ਅਧਿਕਾਰੀ ਕਿਸੇ ਵੀ ਕਾਰੇ ਲਈ ਮੁਆਫੀਆਂ ਨਹੀਂ ਮੰਗਦੇ ਜਾਂ ''ਪਛਤਾਵੇ'' ਨਹੀਂ ਕਰਦੇ ਪਰ ਕਸ਼ਮੀਰੀ ਲੋਕਾਂ ਨੇ ਇੱਥੇ ਜਿਹੜੇ ਤੇਵਰ ਵਿਖਾਏ ਉਹਨਾਂ ਤੋਂ ਤ੍ਰਹਿੰਦੇ ਹੋਏ ਭਾਰਤੀ ਫੌਜ ਨੂੰ ਬੈਰਕਾਂ ਵਿੱਚ ਦੜ ਵੱਟਣੀ ਪਈ ਹੈ। ਜਿਵੇਂ ਕਸ਼ਮੀਰ ਵਾਦੀ ਵਿੱਚ ਅਕਸਰ ਹੀ ਹੁੰਦਾ ਹੈ ਕਿ ਕੋਈ ਵੀ ਮਸਲਾ ਭਾਵੇਂ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਉਹ ਵੀ ''ਹਮ ਕਿਆ ਚਾਹਤੇ ਹੈਂ— ਆਜ਼ਾਦੀ!'' ਤੱਕ ਜਾ ਪਹੁੰਚਦਾ ਹੈ। ਇਸ ਲੜਕੀ ਨਾਲ ਕੀਤੀ ਗਈ ਇਸ ਬਦਤਮੀਜ਼ੀ ਦਾ ਮਾਮਲਾ ਤਾਂ ਵੱਡਾ ਹੈ ਹੀ ਸੀ, ਇਹ ਹੋਰ ਵੀ ਵਧ ਗਿਆ ਅਤੇ ਲੱਗਭੱਗ ਦੋ ਹਫਤੇ ਕਸ਼ਮੀਰ ਘਾਟੀ ''ਹਮ ਕਿਆ ਚਾਹਤੇ ਹੈਂ— ਆਜ਼ਾਦੀ!'' ਦੇ ਜੋਸ਼ੀਲੇ ਨਾਅਰਿਆਂ ਨਾਲ ਗੂੰਜਦੀ ਰਹੀ। 
ਕਸ਼ਮੀਰ ਘਾਟੀ ਵਿੱਚ ਜੋ ਕੁੱਝ ਭਾਰਤੀ ਫੌਜ ਨੇ ਕੀਤਾ ਹੈ, ਨਾ ਇਹ ਕੁੱਝ ਨਵਾਂ ਹੈ ਅਤੇ ਨਾ ਹੀ ਕਸ਼ਮੀਰੀ ਲੋਕਾਂ ਵੱਲੋਂ ਭਾਰਤੀ ਫੌਜ ਦਾ ਟਾਕਰਾ ਕੀਤੇ ਜਾਣ ਦਾ ਮਾਮਲਾ ਨਵਾਂ ਹੈ। ਹੰਦਵਾੜਾ ਦੀ ਇਹ ਘਟਨਾ ਹੁਣ ਉੱਤਰੀ ਕਸ਼ਮੀਰ ਵਿੱਚ ਵਾਪਰੀ ਹੈ, ਇੱਕ ਘਟਨਾ ਸੰਨ 2009 ਵਿੱਚ ਦੱਖਣੀ ਕਸ਼ਮੀਰ ਦੇ ਸੋਪੇਰ ਕਸਬੇ ਵਿੱਚ ਵਾਪਰੀ ਸੀ ਜਦੋਂ ਭਾਰਤੀ ਫੌਜ ਨੇ ਆਸੀਆ ਅਤੇ ਨੀਲੋਫਰ (ਨਣਦ-ਭਰਜਾਈ) ਨੂੰ ਜਬਰ-ਜਨਾਹ ਦਾ ਸ਼ਿਕਾਰ ਬਣਾ ਕੇ ਕਤਲ ਕਰ ਦਿੱਤਾ ਸੀ। ਕਸ਼ਮੀਰੀ ਲੋਕਾਂ ਨੂੰ ਕੁਨਾਨ ਪੋਸ਼ਪੁਰਾ ਦੀ ਉਹ ਘਿਨਾਉਣੀ ਰਾਤ ਵੀ ਅਜੇ ਤੱਕ ਯਾਦ ਹੈ, ਜਦੋਂ ਭਾਰਤੀ ਫੌਜ ਨੇ ਘੇਰਾ ਪਾ ਕੇ ਪਿੰਡ ਦੇ ਸਾਰੇ ਮਰਦਾਂ ਨੂੰ ਬੰਦੀ ਬਣਾ ਕੇ ਦੂਰੀ 'ਤੇ ਰੱਖਿਆ ਸੀ ਅਤੇ ਬਾਲੜੀਆਂ ਤੋਂ ਲੈ ਕੇ 80-80 ਸਾਲਾਂ ਦੀਆਂ ਔਰਤਾਂ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਇਆ ਸੀ। ਪਰ ਲੰਮੇ ਅਰਸੇ ਨੇ ਇਹ ਸਾਬਤ ਕੀਤਾ ਹੈ ਕਿ ਭਾਰਤੀ ਫੌਜ ਲੋਕਾਂ ਨੂੰ ਕਦੇ ਬੰਨ• ਕੇ ਤਾਂ ਭਾਵੇਂ ਬੇਵਸ ਕਰ ਜਾਵੇ ਪਰ ਜਦੋਂ ਹੀ ਉਹਨਾਂ ਨੂੰ ਮੌਕਾ ਮਿਲੇ ਤਾਂ ਉਹ ਭਾਰਤੀ ਫੌਜੀਆਂ ਅਤੇ ਇੱਥੋਂ ਦੇ ਹਾਕਮਾਂ ਨੂੰ ਕਰਾਰਾ ਜੁਆਬ ਦਿੰਦੇ ਹਨ। ਹੰਦਵਾੜਾ ਵਿੱਚ ਵੀ ਕਸ਼ਮੀਰੀ ਲੋਕਾਂ ਨੇ ਨੰਗੋ-ਧੜ ਸੜਕਾਂ 'ਤੇ ਆ ਕੇ ਭਾਰਤੀ ਫੌਜੀਆਂ ਨੂੰ ਤਰੇਲੀਆਂ ਹੀ ਨਹੀਂ ਲਿਆਂਦੀਆਂ ਬਲਕਿ 11 ਮਈ ਨੂੰ ਫੌਜ 'ਤੇ ਹਮਲਾ ਕਰਕੇ ਇੱਕ ਫੌਜੀ ਨੂੰ ਮਾਰ ਕੇ ਪੂਰੀ ਫੌਜ ਨੂੰ ਕੰਬਣੀਆਂ ਵੀ ਛੇੜੀਆਂ ਹਨ। 
ਹੰਦਵਾੜਾ ਵਿੱਚ ਵਾਪਰੀਆਂ ਘਟਨਾਵਾਂ ਨੇ ਕਈ ਪੱਖਾਂ ਨੂੰ ਸਾਹਮਣੇ ਲਿਆਂਦਾ ਹੈ: ਜਿਵੇਂ ਕਿ ਕਸ਼ਮੀਰ ਵਿੱਚ ਭਾਰਤੀ ਫੌਜ 'ਤੇ ਕੋਈ ਵੀ ਕਾਨੂੰਨ ਲਾਗੂ ਨਹੀਂ ਹੁੰਦਾ, ਉਸ ਨੂੰ ਹਰ ਤਰ•ਾਂ ਦੀਆਂ ਮਨਆਈਆਂ ਕਰਨ ਦੀ ਖੁੱਲ• ਹੈ— ''ਸਿਰ 'ਤੇ ਨਹੀਂ ਕੁੰਡਾ, ਹਾਥੀ ਫਿਰੇ ਲੁੰਡਾ।'' ਦੂਸਰਾ ਇਹ ਕਿ ਕਹਿਣ ਨੂੰ ਤਾਂ ਫੌਜ ਬਾਹਰਲੇ ਦੁਸ਼ਮਣਾਂ ਨਾਲ ਭਿੜਨ ਲਈ ਬਣਾਈ ਜਾਂਦੀ ਹੈ ਤੇ ਸਥਾਨਕ ਅਮਨ-ਕਾਨੂੰਨ ਪੁਲਸ ਪ੍ਰਸਾਸ਼ਨ ਨੇ ਸਾਂਭਣਾ ਹੁੰਦਾ ਹੈ, ਪਰ ਕਸ਼ਮੀਰ ਵਿੱਚ ਇਹ ਸਭੇ ਹੀ ਕਾਰਜ ਫੌਜ ਨੇ ਸੰਭਾਲੇ ਹੋਏ ਹਨ, ਜੋ ਇਹ ਸਾਬਤ ਕਰਦੇ ਹਨ ਕਿ ਜਾਂ ਤਾਂ ਭਾਰਤੀ ਹਾਕਮਾਂ ਨੂੰ ਕਮਸ਼ੀਰ ਦੀ ਪੁਲਸ 'ਤੇ ਹੀ ਇਤਬਾਰ ਨਹੀਂ, ਜਾਂ ਫੇਰ ਇਹ ਸਾਰੇ ਹੀ ਕਸ਼ਮੀਰੀਆਂ ਨੂੰ ਵਿਦੇਸ਼ੀਆਂ ਵਾਂਗ ਲੈ ਰਹੀ ਹੈ, ਜਿਹਨਾਂ ਦੇ ਮਸਲਿਆਂ ਨੂੰ ਕਾਇਦੇ-ਕਾਨੂੰਨਾਂ ਜਾਂ ਸਿਆਸੀ-ਸਮਾਜਿਕ ਪੱਖਾਂ ਤੋਂ ਹੱਲ ਕਰਨ ਦੀ ਥਾਂ ਇੱਕੋ ਇੱਕ ਹੱਲ ਫੌਜੀ ਕਾਰਵਾਈ ਬਣਾਈ ਜਾ ਰਿਹਾ ਹੈ। ਕਸ਼ਮੀਰ ਵਿੱਚ ਸਥਾਨਕ ਹਕੂਮਤ ਵਾਗਡੋਰ ਭਾਜਪਾ, ਕਾਂਗਰਸ, ਨੈਸ਼ਨਲ ਕਾਨਫਰੰਸ ਦੇ ਹੱਥ ਹੋਵੇ ਜਾਂ ਪੀਪਲਜ਼ ਡੈਮੋਕਰੇਟਿਕ ਪਾਰਟੀ ਦੇ ਹੱਥ, ਇਹ ਸਭੇ ਹੀ ਕਸ਼ਮੀਰੀ ਲੋਕਾਂ ਦੇ ਅੱਖੀਂ ਘੱਟਾ ਪਾਉਂਦੀਆਂ ਹੋਈਆਂ ਭਾਰਤੀ ਹਾਕਮਾਂ ਦੀ ਹਾਂ ਵਿੱਚ ਹਾਂ ਮਿਲਾਉਂਦੀਆਂ ਹਨ, ਤੱਤ ਵਿੱਚ ਕਸ਼ਮੀਰੀ ਲੋਕਾਂ ਨਾਲ ਦਗ਼ਾ ਕਮਾਉਂਦੀਆਂ ਹਨ। ਕਸ਼ਮੀਰੀ ਲੋਕਾਂ ਦੀ ਆਪਣੀ ਆਜ਼ਾਦੀ ਦੀ ਤਾਂਘ ਖਰੀ ਹੈ ਅਤੇ ਇਹ ਤਾਂਘ ਸਮੇਂ ਸਮੇਂ 'ਤੇ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਰੰਗ ਵਿਖਾ ਹੀ ਜਾਂਦੀ ਰਹੀ ਹੈ, ਵਿਖਾ ਰਹੀ ਹੈ ਅਤੇ ਅਗਾਂਹ ਵੀ ਵਿਖਾਉਂਦੀ ਰਹੇਗੀ।

No comments:

Post a Comment