ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੀ ਰਾਖੀ ਬਾਰੇ ਮਤਾ
ਅਪ੍ਰੈਲ 2016 ਵਿੱਚ ਹੋਏ ਪਲਸ ਮੰਚ ਦੇ ਅਜਲਾਸ ਵਿੱਚ ਪੇਸ਼ ਕੀਤਾ ਗਿਆ ਮਤਾ, ਜਿਸਨੂੰ ਪ੍ਰਜ਼ੀਡੀਅਮ ਵੱਲੋਂ ਰੱਖਣ ਦੀ ਆਗਿਆ ਨਾ ਦਿੱਤੀ ਗਈ। ਦੇਰੀ ਨਾਲ਼ ਮਿਲਣ ਕਰਕੇ ਇਹ ਮਤਾ ਪਿਛਲੇ ਅੰਕ ਵਿੱਚ ਨਹੀਂ ਦਿੱਤਾ ਜਾ ਸਕਿਆ। ਮੁੱਦੇ ਦੀ ਅਹਿਮੀਅਤ ਸਮਝਦੇ ਹੋਏ ਇਸ ਅੰਕ ਵਿੱਚ ਇਹ ਮਤਾ ਛਾਪ ਰਹੇ ਹਾਂ। ਉਮੀਦ ਹੈ ਕਿ ਪਾਠਕ ਗੌਰ ਕਰਨਗੇ……। -ਸੰਪਾਦਕਸਾਥੀਓ, ਪਲਸ ਮੰਚ ਦਾ ਅਜਲਾਸ ਉਸ ਸਮੇਂ ਹੋ ਰਿਹਾ ਹੈ ਜਦੋਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਉੱਪਰ ਚੌਤਰਫ਼ੇ ਹਮਲੇ ਹੋ ਰਹੇ ਹਨ। ਇਹ ਹਮਲੇ ਹਿੰਦੀ-ਅੰਗਰੇਜ਼ੀ ਦੇ ਗੱਠਜੋੜ ਵੱਲੋਂ ਕੀਤੇ ਜਾ ਰਹੇ ਹਨ। ਹਿੰਦੀ-ਅੰਗਰੇਜ਼ੀ ਦਾ ਇਹ ਕੁਲਹਿਣਾ ਗੱਠਜੋੜ ਸਾਮਰਾਜੀਆਂ ਅਤੇ ਭਾਰਤੀ ਦਲਾਲ ਹਾਕਮਾਂ ਦੇ ਗੱਠਜੋੜ ਦਾ ਇੱਕ ਇਜ਼ਹਾਰ ਹੈ। ਵਿੱਦਿਅਕ ਤੇ ਸਾਹਿਤਕ ਖੇਤਰ ਇਹਨਾਂ ਹਮਲਿਆਂ ਦੇ ਕੇਂਦਰ ਹਨ। ਇਹਨਾਂ ਹਮਲਿਆਂ ਨਾਲ਼ ਪੰਜਾਬੀ ਭਾਸ਼ਾ, ਪੰਜਾਬੀ ਜੀਣ-ਥੀਣ, ਪੰਜਾਬੀ ਮੁਹਾਂਦਰਾ, ਪੰਜਾਬੀ ਪਹਿਰਾਵਾ, ਅਤੇ ਇਸ ਤਰਾਂ• ਅੰਤ ਨੂੰ ਪੰਜਾਬੀ ਸੱਭਿਆਚਾਰ ਦੇ ਜੁਝਾਰ, ਅਗਾਂਹਵਧੂ, ਨਰੋਏ ਪੱਖਾਂ ਦਾ ਸ਼ਕਲ-ਵਿਗਾੜ ਕੀਤਾ ਜਾ ਰਿਹਾ ਹੈ। ਭਾਵੇਂ ਸਰਕਾਰੀ ਤੌਰ 'ਤੇ ਪੰਜਾਬੀ ਨੂੰ ਰਾਜ-ਭਾਸ਼ਾ ਦਾ ਦਰਜਾ ਦੇਣ ਦਾ ਦੰਭ ਚਿਰਾਂ ਤੋਂ ਕੀਤਾ ਹੋਇਆ ਹੈ ਪ੍ਰੰਤੂ ਸਰਕਾਰੀ ਦਫਤਰਾਂ, ਅਦਾਲਤਾਂ ਅਤੇ ਵਿੱਦਿਅਕ ਪਾਠ-ਕ੍ਰਮ ਵਿੱਚ ਪੰਜਾਬੀ ਨੂੰ ਬਣਦਾ ਸਥਾਨ ਦੇਣ ਦਾ ਕਾਰਜ ਤਰਸਯੋਗ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਵੀ ਅੱਗੇ ਪੰਜਾਬ ਦੇ ਬਹੁਤੇ ਪ੍ਰਾਈਵੇਟ ਸਕੂਲਾਂ/ਸੰਸਥਾਵਾਂ ਵਿੱਚ ਪੰਜਾਬੀ ਭਾਸ਼ਾ ਦੀ ਏਸ ਕਦਰ ਦੁਰਗਤ ਕੀਤੀ ਜਾ ਰਹੀ ਹੈ ਕਿ ਪੰਜਾਬੀ ਬੋਲਣ ਦੀ ਸਖਤ ਮਨਾਹੀ ਹੈ। ਇਸ ਤਰਾਂ• ਪੰਜਾਬੀ ਭਾਸ਼ਾ ਦੀ, ਆਪਣੀ ਹੀ ਧਰਤੀ ਉੱਪਰ ਸਿਰੇ ਦੀ ਬੇ-ਕਦਰੀ ਕੀਤੀ ਜਾ ਰਹੀ ਹੈ ਅਤੇ ਇਸ ਅਮੀਰ ਭਾਸ਼ਾ ਨੂੰ ਕਬਰ ਵਿੱਚ ਧੱਕਾ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਅੰਗਰੇਜ਼ੀ-ਹਿੰਦੀ ਦੇ ਸ਼ਾਵਨਵਾਦ ਦਾ ਪ੍ਰਭਾਵ ਏਸ ਕਦਰ ਹੈ ਕਿ ਪੰਜਾਬੀ ਲੋਕ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ•ਦੇ ਵੇਖ ਕੇ ਅਤੇ ਅੰਗਰੇਜ਼ੀ-ਹਿੰਦੀ ਵਿੱਚ ਗੱਲਾਂ ਕਰਦੇ ਵੇਖ ਕੇ ਖੁਸ਼ ਹੁੰਦੇ ਹਨ ਅਤੇ ਪੰਜਾਬੀ ਬੋਲਣ, ਪੜ•ਨ, ਲਿਖਣ ਵਿੱਚ ਹੇਠੀ ਜਾਂ ਕਮਜ਼ੋਰੀ ਸਮਝਦੇ ਹਨ। ਆਪਣੀ ਮਾਂ-ਬੋਲੀ ਨੂੰ ਦੁਰਕਾਰਨ ਵਾਲ਼ੀ ਪੰਜਾਬੀਆਂ ਦੀ ਇਹ ਮਾਨਸਿਕਤਾ ਕੋਈ ਰਾਤੋ-ਰਾਤ ਵਾਪਰੀ ਹੋਈ ਘਟਨਾ ਨਹੀਂ ਸਗੋਂ ਹਾਕਮਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਖੁੱਡੇ ਲਾਉਣ ਲਈ ਦਹਾਕਿਆਂ ਤੋਂ ਸੂਖ਼ਮ ਤੇ ਸ਼ਾਤਰ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਹਨਾਂ ਚਾਲਾਂ ਵਿੱਚ ਕੇਂਦਰੀ ਹਾਕਮਾਂ ਦੇ ਨਾਲ਼ ਪੰਜਾਬ ਦੇ ਅਕਾਲੀ ਹਾਕਮ ਵੀ ਓਨੇ ਹੀ ਜੁੰਮੇਵਾਰ ਹਨ। ਇਹਨਾਂ ਵਾਸਤੇ ਹੋਰਨਾਂ ਮੁੱਦਿਆਂ ਦੀ ਤਰਾਂ• ਪੰਜਾਬੀ ਭਾਸ਼ਾ ਦੀ ਮੰਗ ਵੀ ਸਿੰਘਾਸਨ ਦੇ ਪੌਡਿਆਂ ਤੋਂ ਵੱਧ ਕੁੱਝ ਨਹੀਂ ਹੈ। ਪੰਜਾਬੀ ਭਾਸ਼ਾ/ਸੱਭਿਆਚਾਰ ਉੱਪਰ ਇਹ ਹਮਲੇ ਮੌਜੂਦਾ ਹਿੰਦੂਤਵੀ ਭਾਜਪਾ ਦੀ ਕੇਂਦਰੀ ਹਕੂਮਤ ਦੇ ਸਮੇਂ ਅੰਦਰ ਹੋਰ ਵੀ ਤੇਜ ਹੋ ਰਹੇ ਹਨ। ਕਿਸੇ ਕੌਮ ਤੋਂ ਉਹਦੀ ਹਰ ਕੀਮਤੀ ਸ਼ੈਅ ਖੋਹਣ ਲਈ ਲੋਟੂ ਜਮਾਤਾਂ ਉਸ ਕੌਮ ਦੇ ਸੱਭਿਆਚਾਰ ਨੂੰ ਬਰਬਾਦ ਕਰਦੀਆਂ ਹਨ। ਸੱਭਿਆਚਾਰ, ਜਿਹੜਾ ਕਿ ਉਸ ਕੌਮ ਦੀ ਜੀਵਨ-ਰਗ, ਮਾਂ-ਬੋਲੀ ਰਾਹੀਂ ਪ੍ਰਗਟ ਤੇ ਵਿਕਸਤ ਹੋ ਰਿਹਾ ਹੁੰਦਾ ਹੈ।
ਪੰਜਾਬੀ ਕੌਮ ਨਾਲ਼ ਵੀ ਅਜਿਹਾ ਹੀ ਹੋ ਰਿਹਾ ਹੈ। ਪੰਜਾਬੀ ਹੋਣ ਦੇ ਮਾਣ ਦੀ ਗੱਲ ਹੁਣ ਬੀਤੇ ਦੀ ਗੱਲ ਜਾਪਦੀ ਹੈ। ਪੰਜਾਬੀ ਮੁਹਾਂਦਰਾ, ਪੰਜਾਬੀ ਜੀਣ-ਥੀਣ, ਪੰਜਾਬੀ ਖਾਧ-ਖੁਰਾਕ, ਪੰਜਾਬੀ ਸੁਭਾਅ ਅਤੇ ਪੰਜਾਬੀ ਰਹੁ-ਰੀਤਾਂ ਦੇ ਸ਼ਾਨਾਂਮੱਤੇ, ਨਰੋਏ ਤੇ ਉਸਾਰੂ ਪੱਖ, ਖਪਤਵਾਦ, ਬਾਜ਼ਾਰੀਕਰਣ ਅਤੇ ਅਖੌਤੀ ਆਧੁਨਿਕਤਾ ਦੇ ਅਡੰਬਰਾਂ ਹੇਠ ਰੁਲ਼ਦੇ-ਗੁਆਚਦੇ ਨਜ਼ਰ ਆ ਰਹੇ ਹਨ। ਸੋ ਇਹਨਾਂ ਹਾਲਤਾਂ ਅੰਦਰ ਪਲਸ ਮੰਚ ਦੇ ਸਾਹਮਣੇ ਪੰਜਾਬੀ ਭਾਸ਼ਾ/ਸੱਭਿਆਚਾਰ ਦੀ ਰਖਵਾਲੀ ਦਾ ਵਡੇਰਾ ਕਾਰਜ ਦਰਪੇਸ਼ ਹੈ। ਇਸ ਭਖਵੇਂ ਕਾਰਜ ਲਈ ਪਲਸ ਮੰਚ ਨੂੰ ਪੰਜਾਬੀ ਹਿਤੈਸ਼ੀ ਹੋਰਨਾਂ ਹਰਕਤਸ਼ੀਲ ਸ਼ਕਤੀਆਂ ਦੀ ਤਰਾਂ• ਜਾਂ ਉਹਨਾਂ ਸ਼ਕਤੀਆਂ ਦੇ ਨਾਲ਼ ਇਸ ਕਾਰਜ ਨੂੰ ਮੁਖਾਤਿਬ ਹੋਣਾ ਚਾਹੀਦਾ ਹੈ।
ਪੇਸ਼ ਕਰਤਾ: ਗੁਰਮੇਲ ਸਿੰਘ ਭੁਟਾਲ਼ ਅਤੇ ਸਾਥੀ
No comments:
Post a Comment