ਇੱਕ ਸੁਲੱਖਣਾ ਵਰਤਾਰਾ— ਇੱਕ ਮੰਦਭਾਗਾ ਵਰਤਾਰਾ
ਅੱਜ ਪੰਜਾਬ ਦੀ ਮਿਹਨਤਕਸ਼ ਲੋਕਾਈ ਦੇ ਲੱਗਭੱਗ ਸਾਰੇ ਹੀ ਤਬਕੇ ਹਕੂਮਤ ਖਿਲਾਫ ਸੰਘਰਸ਼ ਦੇ ਰਾਹ ਪਏ ਹੋਏ ਹਨ। ਕਿਸਾਨ, ਖੇਤ ਮਜ਼ਦੂਰ, ਰੋਡਵੇਜ਼ ਕਾਮੇ, ਕੱਚੇ-ਪੱਕੇ ਅਧਿਆਪਕ, ਵਿਦਿਆਰਥੀ, ਕਲਰਕ, ਸਫਾਈ-ਸੇਵਕ— ਗੱਲ ਕੀ, ਜਿੱਧਰ ਨਜ਼ਰ ਮਾਰੋ, ਸੰਘਰਸ਼ ਦੇ ਨਾਹਰਿਆਂ ਦੀ ਗੂੰਜ ਸੁਣਾਈ ਦਿੰਦੀ ਹੈ, ਸੜਕਾਂ 'ਤੇ ਨਿਕਲੇ ਸੰਘਰਸ਼ਸ਼ੀਲ ਕਾਫ਼ਲਿਆਂ ਦੀਆਂ ਪੈੜ-ਚਾਪਾਂ ਕੰਨੀਂ ਪੈਂਦੀਆਂ ਹਨ। ਇਹ ਇੱਕ ਸੁਆਗਤਯੋਗ ਵਰਤਾਰਾ ਹੈ। ਇਹ ਹਾਕਮਾਂ ਦੀ ਲੁੱਟਣ-ਕੁੱਟਣ ਅਤੇ ਝੰਬਣ ਵਾਲੀਆਂ ਨੀਤੀਆਂ ਅਤੇ ਕਦਮਾਂ ਖਿਲਾਫ ਲੋਕਾਂ ਵਿੱਚ ਵਧ ਰਹੀ ਔਖ, ਗੁੱਸੇ ਅਤੇ ਮਘ-ਭਖ ਰਹੇ ਸੰਘਰਸ਼ ਰੌਂਅ ਦਾ ਇਜ਼ਹਾਰ ਹਨ। ਲੋਕਾਂ ਦੇ ਵੱਖ ਵੱਖ ਹਿੱਸੇ ਸੜਕਾਂ 'ਤੇ ਹਾਕਮਾਂ ਵੱਲੋਂ ਸ਼ਿਸ਼ਕਾਰੇ ਪੁਲਸੀ ਬਲਾਂ ਦਾ ਸਾਹਮਣਾ ਕਰ ਰਹੇ ਹਨ। ਆਪਣੇ ਪਿੰਡਿਆਂ 'ਤੇ ਪੁਲਸੀ ਕਹਿਰ ਹੰਢਾ ਰਹੇ ਹਨ। ਉਹਨਾਂ 'ਤੇ ਤਰ•ਾਂ ਤਰ•ਾਂ ਦੇ ਪੁਲਸੀ ਮੁਕੱਦਮੇ ਦਰਜ਼ ਕੀਤੇ ਜਾ ਰਹੇ ਹਨ। ਪਰ ਕਮਾਊ ਲੋਕ ਲੜ ਰਹੇ ਹਨ। ਬਠਿੰਡਾ ਵਿਖੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਅਣਮਿਥੇ ਸਮੇਂ ਦੇ ਧਰਨੇ ਨੂੰ ਮਹੀਨਾ ਹੋ ਚੱਲਿਆ ਹੈ। ਮਾਨਸਾ ਵਿਖੇ ਵੀ ਤਿੰਨ ਮਹੀਨਿਆਂ ਤੋਂ ਕਿਸਾਨ ਧਰਨਾ ਮਾਰੀਂ ਬੈਠੇ ਹਨ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬੇਜ਼ਮੀਨੇ ਦਲਿਤ ਕਿਸਾਨ ਪੰਚਾਇਤੀ ਜ਼ਮੀਨਾਂ ਵਿੱਚੋਂ ਆਪਣੇ ਹੱਕ ਦੀ ਜ਼ਮੀਨ ਸਸਤੇ ਠੇਕੇ 'ਤੇ ਲੈਣ ਦੇ ਅਧਿਕਾਰ ਲਈ ਜਾਨ-ਹੂਲਵੀਂ ਲੜਾਈ ਦੇ ਰਾਹ ਪਏ ਹੋਏ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ, ਵੱਖ ਵੱਖ ਨਾਵਾਂ ਹੇਠਲੀਆਂ ਖੇਤ-ਮਜ਼ਦੂਰ ਜਥੇਬੰਦੀਆਂ— ਗੱਲ ਕੀ ਤਕਰੀਬਨ ਸਭ ਕਿਸਾਨ-ਖੇਤ ਮਜ਼ਦੂਰ ਜਥੇਬੰਦੀਆਂ ਨੇ ਆਪੋ ਆਪਣੇ ਢੰਗ ਨਾਲ ਸੰਘਰਸ ਦਾ ਮੈਦਾਨ ਮੱਲਿਆ ਹੋਇਆ ਹੈ। ਸੂਬੇ ਦੇ ਮਿਹਤਨਕਸ਼ ਲੋਕਾਂ ਦਾ ਐਡੀ ਵੱਡਾ ਪੱਧਰ 'ਤੇ ਹਾਕਮਾਂ ਦੀਆਂ ਲੋਕ-ਮਾਰੂ ਨੀਤੀਆਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਲਲਕਾਰਨਾ ਇੱਕ ਸੁਲੱਖਣਾ ਵਰਤਾਰਾ ਹੈ ਅਤੇ ਹਾਲਤ ਦਾ ਇੱਕ ਬਹੁਤ ਹੀ ਸਾਜਗਾਰ ਪਹਿਲੂ ਹੈ। ਪਰ ਹਾਲਤ ਦਾ ਇੱਕ ਬਹੁਤ ਹੀ ਘਾਟੇਵੰਦਾ ਅਤੇ ਅਫਸੋਸਨਾਕ ਪਹਿਲੂ ਵੀ ਹੈ। ਇਹ ਪਹਿਲੂ ਇਹ ਹੈ ਕਿ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੇ ਅਤੇ ਨਿੱਤਰ ਰਹੇ ਲੋਕਾਂ ਦੇ ਵੱਖ ਵੱਖ ਤਬਕਿਆਂ ਦੀਆਂ ਆਵਾਜ਼ਾਂ ਪਾਟਵੀਆਂ ਹਨ, ਖਿੰਡਵੀਆਂ ਹਨ। ਇਹਨਾਂ ਵਿੱਚ ਨਾ ਕੋਈ ਸਾਰਥਿਕ ਤਾਲਮੇਲ ਹੈ, ਨਾ ਕੋਈ ਯਕਜਹਿਤੀ ਅਤੇ ਏਕਾ ਹੈ, ਨਾ ਕੋਈ ਇੱਕਸੁਰਤਾ ਅਤੇ ਇੱਕਮੁੱਠਤਾ ਹੈ। ਇਹ ਹਾਲਤ ਇਸ ਗੱਲ ਦੇ ਬਾਵਜੂਦ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ/ਫਾਂਕਾਂ ਲੱਗਭੱਗ ਇੱਕੋ ਜਿਹੀਆਂ ਅਤੇ ਇੱਕੋ ਤਰ•ਾਂ ਦੀਆਂ ਮੰਗਾਂ/ਮਸਲਿਆਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹਨ। ਮਿਸਾਲ ਦੇ ਤੌਰ 'ਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੀ ਹੀ ਗੱਲ ਲਓ। ਇਹਨਾਂ ਜਥੇਬੰਦੀਆਂ ਦਰਮਿਆਨ ਮੰਗਾਂ/ਮਸਲਿਆਂ 'ਤੇ ਕੋਈ ਗੰਭੀਰ ਰੱਟਾ ਨਹੀਂ ਹੈ। ਫਿਰ ਵੀ ਕਿੰਨੇ ਮਹੀਨੇ ਹੋ ਗਏ— ਇਹਨਾਂ ਵੱਲੋਂ ਲੱਗਭੱਗ ਇੱਕੋ ਜਿਹੀਆਂ ਮੰਗਾਂ/ਮਸਲਿਆਂ 'ਤੇ ਇੱਕੋ ਜਿਹੀਆਂ ਘੋਲ-ਸ਼ਕਲਾਂ ਰਾਹੀਂ ਅੱਡ ਅੱਡ ਸਰਗਰਮੀ ਕਰਨ ਦਾ ਸਿਲਸਿਲਾ ਵਿੱਢਿਆ ਹੋਇਆ ਹੈ। ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਕਮਾਊ ਲੋਕਾਂ ਦੀ ਸੰਘਰਸ਼ਸ਼ੀਲ ਤਾਕਤ ਦਾ ਪਾਟਕ ਅਤੇ ਖਿੰਡਾਅ ਇੱਕ ਬੇਹੱਦ ਘਾਟੇਵੰਦਾ ਪਹਿਲੂ ਹੈ। ਲੋਕਾਂ ਲਈ ਇਹ ਇੱਕ ਮੰਦਭਾਗਾ ਵਰਤਾਰਾ ਹੈ।
ਪਰ ਇਹ ਵਰਤਾਰਾ ਹਾਕਮਾਂ ਲਈ ਨਿਆਮਤ ਹੈ। ਇਹ ਇਸ ਪਾਟਕ ਤੇ ਖਿੰਡਾਅ ਨੂੰ ਦੇਖ ਕੇ ਮੁਸਕੜੀਏ ਹੱਸਦੇ ਹਨ। ਅੱਡ ਅੱਡ ਜਥੇਬੰਦੀਆਂ ਨੂੰ ਅੱਡੋ ਅੱਡ ਗੱਲਬਾਤ ਦੇ ਸੱਦਿਆਂ ਦਾ ਢਕੌਂਜ ਰਚ ਕੇ ਕੁੱਝ ਮੰਗਾਂ ਮੰਨਣ ਦੀਆਂ ਯਕੀਨਦਹਾਨੀਆਂ ਦੀਆਂ ਲੋਰੀਆਂ ਦੇ ਥਾਪੜੇ ਨਾਲ ਇਸ ਪਾਟਕ ਨੂੰ ਪੱਠੇ ਪਾਉਣ ਦੀ ਚਾਲ ਚੱਲਦੇ ਹਨ। ਲੋਕ-ਹਿੱਤਾਂ ਲਈ ਇਹ ਪਾਟਕ ਬਹੁਤ ਹੀ ਮਾਰੂ ਅਤੇ ਨੁਕਸਾਨਦੇਹ ਹੈ। ਇਹ ਪਾਟਕ ਕਮਾਊ ਲੋਕਾਂ ਦੇ ਲੜਾਕੂ ਰੋਹ ਅਤੇ ਰੌਂਅ ਦੇ ਬਾਰੂਦ ਨੂੰ ਖਿੰਡਾਉਂਦਾ ਹੈ, ਇਸ ਨੂੰ ਹਾਕਮਾਂ ਦੇ ਲੋਕ-ਦੋਖੀ ਚਿਹਰਿਆਂ ਨੂੰ ਲੂਹ ਸੁੱਟਣ ਦੀ ਸਮਰੱਥਾ ਰੱਖਦੇ ਸੰਗਰਾਮੀ ਭਾਂਬੜ ਦਾ ਰੂਪ ਧਾਰਨ ਕਰਨ ਤੋਂ ਨਾਕਾਰਾ ਕਰਦਾ ਹੈ ਅਤੇ ਲੋਕਾਂ ਦੇ ਅੱਡ ਅੱਡ ਸੰਘਰਸ਼ਸ਼ੀਲ ਕਾਫ਼ਲਿਆਂ ਨੂੰ ਹਾਕਮਾਂ ਨੂੰ ਵਦਾਣੀ ਸੱਟਾਂ ਮਾਰਨਯੋਗ ਤਾਕਤ ਵਿੱਚ ਬਦਲਣ ਤੋਂ ਰੋਕਦਾ ਹੈ। ਇਹ ਹਾਲਤ ਜ਼ਿਆਦਾਤਰ ਹਾਕਮਾਂ ਖਿਲਾਫs sਲੋਕ ਬੇਚੈਨੀ ਅਤੇ ਲੜਾਕੂ ਰੌਂਅ ਨੂੰ ਅਜਾਈਂ ਗੁਆਉਣ ਦਾ ਸਬੱਬ ਬਣਦੀ ਹੈ। ਇਸ ਹਾਲਤ ਦੀ ਖੱਟੀ ਹਾਕਮ ਖੱਟਦੇ ਹਨ।
ਇਹ ਹਾਲਤ ਸਭਨਾਂ ਲੋਕ-ਹਿਤੈਸ਼ੀ, ਇਨਕਲਾਬੀ ਜਮਹੂਰੀ ਅਤੇ ਕਮਿਊਨਿਸਟ ਇਨਕਲਾਬੀ ਤਾਕਤਾਂ ਲਈ ਗੌਰ-ਫਿਕਰ ਅਤੇ ਸੋਚਣ-ਵਿਚਾਰਨ ਦਾ ਮਾਮਲਾ ਹੈ। ਪਹਿਲੀ ਗੱਲ— ਸਭਨਾਂ ਕਮਾਊ ਲੋਕਾਂ ਦੇ ਵੱਖ ਵੱਖ ਤਬਕਿਆਂ ਦੇ ਤਾਲਮੇਲਵੇਂ ਅਤੇ ਸਾਂਝੇ ਸੰਘਰਸ਼ਾਂ ਲਈ ਹੰਭਲਾ ਮਾਰਨਾ ਚਾਹੀਦਾ ਹੈ। ਵਿਸ਼ੇਸ਼ ਕਰਕੇ ਪੰਜਾਬ ਦੀਆਂ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਨੂੰ ਸਾਂਝੇ ਥੜ•ੇ 'ਚ ਪਰੋਂਦਿਆਂ, ਤਿੱਖੇ, ਵਿਸ਼ਾਲ ਅਤੇ ਖਾੜਕੂ ਸੰਘਰਸ਼ਾਂ ਦੀ ਦਿਸ਼ਾ ਅਖਤਿਆਰ ਕਰਨੀ ਚਾਹੀਦੀ ਹੈ। ਦੂਜੀ— ਜਿਹੜੀਆਂ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਕਿਸੇ ਵੀ ਸਿਆਸੀ ਪਾਰਟੀ ਨਾਲ ਟੋਚਨ ਨਾ ਹੋਣ ਦਾ ਦਾਅਵਾ ਕਰਦੀਆਂ ਹਨ ਅਤੇ ਜਿਹੜੀਆਂ ਧਿਰਾਂ ਜਨਤਕ ਜਥੇਬੰਦੀਆਂ ਨੂੰ ਸਿੱਧੇ/ਅਸਿੱਧੇ ਆਪਣੀ ਜਾਗੀਰ (ਫੀਫਡਮ) ਨਾ ਸਮਝਣ ਦੀ ਸਮਝ ਦੀ ਪੈਰਵਾਈ ਦਾ ਦਾਅਵਾ ਕਰਦੀਆਂ ਹਨ, ਉਹਨਾਂ ਨੂੰ ਆਪੋ ਆਪਣੀਆਂ ਜਨਤਕ ਜਥੇਬੰਦੀਆਂ ਇੱਕੋ-ਇੱਕ ਜਥੇਬੰਦੀ ਦੇ ਝੰਡੇ ਹੇਠ ਇੱਕਜੁੱਟ ਕਰਨ ਦੇ ਕਦਮ ਲੈਣੇ ਚਾਹੀਦੇ ਹਨ।
ਆਓ! ਸੰਘਰਸ਼ਸ਼ੀਲ ਲੋਕਾਂ ਦੇ ਪਾਟਕ ਦੇ ਇਸ ਮੰਦਭਾਗੇ ਵਰਤਾਰੇ ਨੂੰ ਨੱਥ ਮਾਰਨ ਲਈ ਅਸੂਲੀ ਬੰਨ•-ਸੁੱਭ ਕਰਨ ਦੀ ਸੇਧ ਵਿੱਚ ਕਦਮ ਪੁੱਟਣ ਦਾ ਇਰਾਦਾ ਧਾਰਨ ਕਰਨ ਦਾ ਜੇਰਾ ਕਰੀਏ।
No comments:
Post a Comment