Wednesday, 29 June 2016

ਹੀਰੋਸ਼ੀਮਾ-ਨਾਗਾਸਾਕੀ ਕੂਕ ਰਿਹਾ ਹੈ


ਹੀਰੋਸ਼ੀਮਾ-ਨਾਗਾਸਾਕੀ ਕੂਕ ਰਿਹਾ ਹੈ
ਵਿਸ਼ਵ ਸ਼ਾਂਤੀ ਲਈ ਸਾਮਰਾਜਵਾਦ ਦਾ ਖਾਤਮਾ ਕਰੋ
-ਗੁਰਮੇਲ ਸਿੰਘ ਭੁਟਾਲ
ਸੰਸਾਰ ਇਤਿਹਾਸ ਲੋਟੂ ਧਾੜਵੀਆਂ ਦੇ ਖੂੰਨੀ ਕਾਰਨਾਮਿਆਂ ਨਾਲ਼ ਭਰਿਆ ਪਿਆ ਹੈ। ਪੂੰਜੀਵਾਦੀ— ਸਾਮਰਾਜੀ ਦੌਰ ਵਿੱਚ ਵਿਹਲੜ ਸ਼ਾਸ਼ਕ ਸ਼੍ਰੇਣੀ ਅੰਦਰ ਮੁਨਾਫ਼ੇ ਦੀ ਹੋੜ ਸਭ ਦੌਰਾਂ ਦੇ ਮੁਕਾਬਲੇ ਤਿੱਖੀ ਹੋਈ ਹੈ। ਇਸ ਹੋੜ ਤਹਿਤ ਪੂਰੀ ਦੁਨੀਆਂ ਉੱਪਰ ਕਾਬਜ਼ ਹੋਣ ਲਈ ਵੱਖ ਵੱਖ ਸਮਿਆਂ ਵਿੱਚ ਸਾਮਰਾਜੀ ਮੁਲਕ ਵੱਖ ਵੱਖ ਗੁੱਟਾਂ ਵਿੱਚ ਵੰਡੇ ਜਾਂਦੇ ਰਹੇ ਹਨ, ਜੋ ਕਿ ਅੱਜ ਵੀ ਜਾਰੀ ਹੈ। ਹੋਰ-ਹੋਰ ਮੁਨਾਫ਼ੇ ਦੀ 'ਬਘਿਆੜੀ ਤਮਾ' 'ਚੋਂ ਪੈਦਾ ਹੋਈ ਗੁੱਟਬੰਦੀ ਦਾ ਸਿੱਟਾ ਭਿਆਨਕ ਜੰਗਾਂ ਵਿੱਚ ਨਿੱਕਲ਼ਦਾ ਰਿਹਾ ਹੈ। ਹਜ਼ਾਰਾਂ ਨਿੱਕੀਆਂ-ਵੱਡੀਆਂ ਸਥਾਨਕ ਜੰਗਾਂ ਤੋਂ ਇਲਾਵਾ ਦੁਨੀਆਂ ਨੇ ਹੁਣ ਤੱਕ ਦੋ ਵੱਡੀਆਂ ਸੰਸਾਰ ਜੰਗਾਂ ਦਾ ਸੰਤਾਪ ਭੋਗਿਆ ਹੈ। ਦੂਸਰੀ ਸੰਸਾਰ ਜੰਗ ਸਮੇਂ ਇੱਕ ਪਾਸੇ ਇੰਗਲੈਂਡ-ਫਰਾਂਸ-ਅਮਰੀਕਾ ਦਾ ਗੱਠਜੋੜ ਸੀ ਅਤੇ ਦੂਜੇ ਪਾਸੇ ਜਰਮਨ-ਜਪਾਨ-ਇਟਲੀ ਦਾ ਗੱਠਜੋੜ। ਇਸ ਪੰਨੇ ਉੱਪਰ ਦੂਸਰੀ ਸੰਸਾਰ ਜੰਗ ਦੇ ਉਹਨਾਂ ਦਿਨਾਂ ਨੂੰ ਉੱਕਰਿਆ ਜਾ ਰਿਹਾ ਹੈ ਜਿੰਨ•ਾਂ ਨੂੰ ਸੁਣ ਕੇ ਦਿਲ ਕੰਬ ਉੱਠਦਾ ਹੈ। ਅਮਰੀਕੀ ਸਾਮਰਾਜ ਨੇ ਪਹਿਲੀ ਵਾਰ ਐਟਮ ਬੰਬਾਂ ਦੀ ਵਰਤੋਂ ਕਰਦਿਆਂ, ਭਿਆਨਕ ਤਬਾਹੀ ਦਾ ਨੰਗਾ-ਨਾਚ ਨੱਚਿਆ ਸੀ। 
6 ਅਗਸਤ 1945 ਨੂੰ 'ਲਿਟਲ ਬੁਆਇ' ਨੂੰ ਲੈ ਕੇ ਹੀਰੋਸ਼ੀਮਾ ਉੱਪਰ ਝਪਟਿਆ
ਅਮਰੀਕੀ ਪਾਇਲਟ ਕਰਨਲ ਪਾਲ ਟਿਬਟਸ ਨੇ ਜਪਾਨ ਦੇ 360000 ਵਸੋਂ ਵਾਲ਼ੇ ਸ਼ਹਿਰ ਹੀਰੋਸ਼ੀਮਾ ਉੱਪਰ  ਜਹਾਜ ਰਾਹੀਂ ਐਟਮ ਬੰਬ ਸੁੱਟਿਆ। ਇਹ 6 ਅਗਸਤ 1945 ਦਾ ਦਿਨ ਸੀ। ਜਪਾਨ ਵਿੱਚ ਸਵੇਰ ਦੇ ਸਵਾ ਅੱਠ ਵਜੇ ਦਾ ਸਮਾਂ ਸੀ। ਅਮਰੀਕਾ ਨੇ ਇਸ ਬੰਬ ਦਾ ਨਾਂ 'ਲਿਟਲ ਬੁਆਇ' ਰੱਖਿਆ ਸੀ। ਇਹ 'ਲਿਟਲ ਬੁਆਇ' ਯੁੱਧਾਂ ਦੇ ਇਤਿਹਾਸ ਵਿੱਚ ਇੰਗਲੈਂਡ ਵੱਲੋਂ ਵਰਤੇ ਗਏ ਹੁਣ ਤੱਕ ਦੇ ਸਭ ਤੋਂ ਖਤਰਨਾਕ ਬੰਬ 'ਗਰੈਂਡ ਸਲਾਮ' ਤੋਂ ਵੀ ਦੋ ਹਜ਼ਾਰ ਗੁਣਾ ਜਿਆਦਾ ਸ਼ਕਤੀ ਦਾ ਮਾਲਕ ਸੀ। ਬਾਰਾਂ ਹਜ਼ਾਰ ਟਨ ਧਮਾਕਾਖੇਜ਼ ਪ੍ਰਮਾਣੂ ਸਮੱਗਰੀ ਵਾਲ਼ੇ ਇਸ 'ਲਿਟਲ ਬੁਆਇ' ਨੇ 90000 (ਨੱਬੇ ਹਜ਼ਾਰ) ਲੋਕ ਮਿੰਟਾਂ ਵਿੱਚ ਹੀ ਮਾਰ ਮੁਕਾਏ, 60000 ਲੋਕ ਐਟਮੀ ਅਸਰ ਨਾਲ਼ ਅਗਲੇ ਇੱਕ ਸਾਲ ਦੌਰਾਨ ਮਰ ਗਏ। ਐਟਮੀ ਅਸਰ ਕਾਰਨ ਮੌਤ-ਦਰ ਵਧਣ ਨਾਲ਼ 1955 ਤੱਕ ਇਸ ਸ਼ਹਿਰ ਦੀ ਵਸੋਂ 137197 ਰਹਿ ਗਈ ਸੀ। ਹੀਰੋਸ਼ੀਮਾ ਦੀ ਘਟਨਾ ਉਪਰੰਤ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮਨ ਦਾ ਬਿਆਨ ਸੀ ਕਿ:
“ਜੰਗ ਤਾਂ ਅਸੀਂ ਪਹਿਲਾਂ ਹੀ ਜਿੱਤ ਚੁੱਕੇ ਸਾਂ। ਐਟਮ ਬੰਬਾਂ ਦੀ ਵਰਤੋਂ ਦਾ ਮਤਲਬ ਦੁਨੀਆਂ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਜਿਸ ਨੇ ਵੀ ਯੁੱਧ ਤੋਂ ਬਾਦ ਦੀ ਦੁਨੀਆਂ ਵਿੱਚ ਰਹਿਣਾ ਹੈ, ਸਾਡੇ ਕੋਲ਼ੋਂ ਡਰ ਕੇ ਰਹਿਣਾ ਹੋਵੇਗਾ।''
9 ਅਗਸਤ 1945 ਨੂੰ ਨਾਗਾਸਾਕੀ ਉੱਤੇ ਵਰਿ•ਆ 'ਫੈਟਮੈਨ'
ਹੀਰੋਸ਼ੀਮਾ ਉੱਪਰ ਮੌਤ ਦੀ ਵਾਛੜ ਕਰਨ ਤੋਂ ਤਿੰਨ ਦਿਨਾਂ ਬਾਦ ਜਪਾਨ ਦੇ 240000 ਵਸੋਂ ਵਾਲ਼ੇ ਅਗਲੇ ਸ਼ਹਿਰ ਨਾਗਾਸਾਕੀ ਉੱਪਰ ਵੀ ਓਹੀ ਕਹਿਰ ਵਾਪਰਿਆ। ਪਾਇਲਟ ਚਾਰਲਸ ਡਬਲਿਊ ਸਵੀਨੇ ਨੇ 'ਫੈਟਮੈਨ' ਬੰਬ ਵਾਲ਼ਾ ਜਹਾਜ ਉਡਾਇਆ। ਬੰਬਾਰੀ ਕੀਤੀ ਗਈ।  70000 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹੀਰੋਸ਼ੀਮਾ ਦੀ ਤਰਾਂ• ਹੀ ਅਗਲੇ ਸਾਲਾਂ ਵਿੱਚ ਏਨੀਆਂ ਹੋਰ ਮੌਤਾਂ ਹੋਈਆਂ। ਨਾਗਾਸਾਕੀ ਉੱਪਰ ਬੰਬ ਵਰਸਾਉਣ ਪਿੱਛੋਂ ਰਾਸ਼ਟਰਪਤੀ ਹੈਰੀ ਟਰੂਮਨ ਫਿਰ ਬੋਲਿਆ:
“ਐਟਮ ਬੰਬਾਂ ਦੀ ਖੋਜ ਕਰ ਕੇ ਅਸੀਂ ਇਹਨਾਂ ਦਾ ਇਸਤੇਮਾਲ ਕਰ ਲਿਆ ਹੈ। ਅਸੀਂ ਇਹਨਾਂ ਦੀ ਵਰਤੋਂ ਉਹਨਾਂ ਦੇ ਖਿਲਾਫ਼ ਕੀਤੀ ਹੈ ਜਿੰਨ•ਾ ਨੇ ਬਿਨਾ ਚਿਤਾਵਨੀ ਦਿੱਤਿਆਂ ਸਾਡੇ ਉੱਪਰ ਹਮਲਾ ਕੀਤਾ ਹੈ। ਇਹ ਹਮਲਾ ਉਹਨਾਂ ਖਿਲਾਫ਼ ਹੈ ਜਿੰਨ•ਾਂ ਨੇ ਅਮਰੀਕੀ ਜੰਗੀ ਕੈਦੀਆਂ ਨੂੰ ਮਾਰਿਆ ਹੈ। ਇਹ ਹਮਲਾ ਉਹਨਾਂ ਉੱਪਰ ਕੀਤਾ ਗਿਆ ਹੈ ਜਿਨ•ਾਂ ਨੇ ਯੁੱਧ ਦੇ ਅੰਤਰ-ਰਾਸ਼ਟਰੀ ਜੰਗੀ ਨਿਯਮਾਂ ਦਾ ਉਲੰਘਣ ਕੀਤਾ ਹੈ। ਅਸੀਂ ਇਹ ਹਮਲਾ ਜੰਗ ਦੇ ਕਸਟ ਨੂੰ ਸੰਖੇਪ ਕਰਨ ਲਈ ਅਤੇ ਹਜ਼ਾਰਾਂ-ਹਜ਼ਾਰਾਂ ਅਮਰੀਕੀ ਜਵਾਨੀਆਂ ਨੂੰ ਬਚਾਉਣ ਲਈ ਕੀਤਾ ਹੈ।''
ਅੱਖ ਦੇ ਫੋਰ 'ਚ ਮੌਤ ਦੇ ਮੂੰਹ ਜਾ ਪਏ ਹੀਰੋਸ਼ੀਮਾ-ਨਾਗਾਸਾਕੀ ਦੇ ਉਹਨਾਂ ਲੋਕਾਂ ਨੇ ਅੰਤਰ-ਰਾਸ਼ਟਰੀ ਜੰਗੀ ਕਾਨੂੰਨਾਂ ਦਾ ਉਲੰਘਣ ਨਹੀਂ ਸੀ ਕੀਤਾ। ਉਹ ਤਾਂ ਬੇ-ਕਸੂਰ ਸਨ। ਦੂਸਰੇ ਗੁੱਟ ਨੂੰ ਜੰਗੀ ਨੇਮਾਂ ਦੀ ਉਲੰਘਣਾ ਦਾ ਦੋਸ਼ ਦੇਣ ਵਾਲ਼ੇ ਅਮਰੀਕੀ ਸਾਮਰਾਜ ਨੇ ਹੋਰ ਵੀ ਵੱਡਾ ਤੇ ਭਿਆਨਕ ਉਲੰਘਣ ਕੀਤਾ ਸੀ। 'ਜੰਗੀ ਨੇਮਾਂ' ਦੀ ਗੱਲ ਤਾਂ ਸਾਮਰਾਜੀਆਂ ਕੋਲ਼ ਇੱਕ ਭਰਮਾਊ ਲੱਫ਼ਾਜੀ ਹੈ। ਇਤਿਹਾਸ ਗਵਾਹ ਹੈ ਕਿ ਜੰਗਬਾਜ਼ ਸਾਮਰਾਜੀਏ ਕਿਸੇ ਨੇਮਾਂ ਦੇ ਪਾਬੰਦ ਨਹੀਂ ਹੁੰਦੇ। ਜੇ ਕਦੇ ਕੋਈ ਨੇਮ ਤਹਿ ਕੀਤੇ ਵੀ ਗਏ ਹਨ ਤਾਂ ਸਭ ਸਾਮਰਾਜੀਆਂ ਨੇ ਉਹਨਾਂ ਨੇਮਾਂ ਦਾ ਉਲੰਘਣ ਕਰ ਕੇ ਮਨੁੱਖਤਾ ਦਾ ਘਾਣ ਕੀਤਾ ਹੈ। ਇੱਥੇ ਹੀ ਬੱਸ ਨਹੀਂ ਐਟਮੀ ਹਮਲਿਆਂ ਦੇ ਕੇਂਦਰ ਬਣੇ ਇਹਨਾਂ ਥਾਵਾਂ 'ਤੇ ਅੱਜ ਵੀ ਮਨੁੱਖ ਦੇ ਜੰਮਣ ਅਤੇ ਰਹਿਣ ਲਈ ਉੱਚਿਤ ਵਾਤਾਵਰਣ ਨਹੀਂ ਹੈ। ਕੈਂਸਰ, ਚਮੜੀ ਰੋਗ, ਸਾਹ ਰੋਗ ਅਤੇ ਅਪੰਗਤਾ ਜਿਹੀਆਂ ਮੁਸ਼ਕਲਾਂ ਹੀਰੋਸ਼ੀਮਾ-ਨਾਗਾਸਾਕੀ ਦੇ ਇਲਾਕਿਆਂ ਵਿੱਚ ਅੱਜ ਦੀ ਪੀੜ•ੀ ਦਾ ਵੀ ਪਿੱਛਾ ਕਰ ਰਹੀਆਂ ਹਨ। 
ਅਮਰੀਕਾ ਦੀ ਇਸ ਖੂੰਖਾਰ ਕਰਤੂਤ ਪਿੱਛੇ ਮਨਸ਼ਾ ਕੀ ਸੀ?
ਅਮਰੀਕਾ ਭਾਵੇਂ ਬਰਤਾਨੀਆ ਵਾਲ਼ੇ ਗੱਠਜੋੜ 'ਚ ਸ਼ਾਮਲ ਸੀ ਪ੍ਰੰਤੂ ਇਹ ਦੂਸਰੀਆਂ ਸਾਮਰਾਜੀ ਸ਼ਕਤੀਆਂ ਨੂੰ ਲੱਗੇ ਜੰਗ ਦੇ ਮਧੋਲ਼ੇ ਦਾ ਲਾਭ ਲੈਣ ਦੀ ਚਤੁਰਾਈ ਵਰਤਦਾ ਹੋਇਆ ਪਿੱਛੇ ਰਹਿ ਕੇ ਚੱਲ ਰਿਹਾ ਸੀ। ਵੱਖ ਵੱਖ ਮੁਲਕਾਂ ਦੇ ਲੱਖਾਂ ਲੋਕ ਮਰ ਚੁੱਕੇ ਸਨ। ਸਮਾਜਵਾਦੀ ਰੂਸ ਦੇ ਬਹਾਦਰ ਲੋਕਾਂ ਤੋਂ ਬੂਥ ਲਵਾਉਣ ਬਾਦ ਹਿਟਲਰ 30 ਅਪ੍ਰੈਲ 1945 ਨੂੰ ਆਪਣੇ ਚੋਟੀ ਦੇ ਸੁਰੱਖਿਅਤ ਸਮਝੇ ਜਾਂਦੇ ਜ਼ਮੀਨਦੋਜ਼ ਬੰਕਰ ਵਿੱਚ ਆਪਣੀ ਪਤਨੀ ਈਵਾ ਬਰਾਉਨ ਤੇ ਕੁੱਤਿਆਂ ਸਮੇਤ ਖੁਦਕਸ਼ੀ ਕਰ ਗਿਆ ਸੀ। ਜਰਮਨ ਨੇ 1945 ਦੀ 8 ਮਈ ਨੂੰ ਆਤਮ ਸਮਰਪਣ ਕਰ ਦਿੱਤਾ ਸੀ। ਜੰਗ ਖਤਮ ਹੋਣ ਜਾ ਰਹੀ ਸੀ। ਅਮਰੀਕਾ ਪਾਸੇ ਬੈਠਾ ਬੈਠਾ ਐਟਮ ਬੰਬ ਬਣਾ ਚੁੱਕਾ ਸੀ। ਆਪਣੀ ਵਿੱਤੀ ਤੇ ਫੌਜੀ ਸ਼ਕਤੀ ਦੇ ਪਰ ਤੋਲਦਿਆਂ ਅਮਰੀਕੀ ਸਾਮਰਾਜ ਸੰਨ 1900 ਵਿੱਚ ਹੀ ਇਹ ਸੁਪਨਾ ਲੈ ਚੁੱਕਾ ਸੀ ਕਿ “ਵੀਹਵੀਂ ਸਦੀ ਅਮਰੀਕਨ ਸਦੀ ਹੋਵੇਗੀ।'' ਦੁਨੀਆਂ ਵਿੱਚ ਆਪਣੇ ਸਾਮਰਾਜੀ ਗਲਬੇ ਨੂੰ ਵਧਾਉਣ ਅਤੇ ਸਥਾਪਤ ਕਰਨ ਲਈ ਅਮਰੀਕੀ ਸਾਮਰਾਜ ਵੱਲੋਂ ਪਹਿਲਾਂ ਜੰਗਾਂ ਅਤੇ ਕਤਲੇਆਮ ਦਾ ਸਿਲਸਿਲਾ ਵਿੱਢਿਆ ਹੋਇਆ ਸੀ। ਸੰਸਾਰ ਭਰ ਅੰਦਰ ਆਪਣੀ ਕੌਮਾਂਤਰੀ ਸਾਮਰਾਜੀ ਲੱਠਮਾਰ ਤਾਕਤ ਅਤੇ ਧੌਂਸ ਦਾ ਵਿਖਾਵਾ ਕਰਨ ਲਈ ਉਸ ਵੱਲੋਂ ਇਹ ਕਾਰਾ ਕੀਤਾ ਗਿਆ। ਇਸ ਤੋਂ ਪਹਿਲਾਂ ਉਸ ਵੱਲੋਂ ਫਿਲਪੀਨ ਅੰਦਰ 1898 ਤੋਂ 1910 ਤੱਕ ਫੌਜੀ ਅਭਿਆਨ ਸਮੇਂ 6 ਲੱਖ ਲੋਕ ਮਾਰੇ ਗਏ। ਚੀਨੀ ਇਨਕਲਾਬ ਨੂੰ ਦਬਾਉਣ ਲਈ 1898 ਤੋਂ 1947 ਤੱਕ ਵਾਰ ਵਾਰ ਅਮਰੀਕਾ ਦੇ ਸਿੱਧੇ ਦਖਲ ਕਾਰਨ ਦੋ ਕਰੋੜ ਚੀਨੀ ਲੋਕ ਮਾਰੇ ਗਏ। ਦੂਜੀ ਸੰਸਾਰ ਜੰਗ ਉਪਰੰਤ ਇਹ ਹੋਰ ਵੀ ਚਾਂਭਲ਼ ਗਿਆ ਸੀ। ਵੀਅਤਨਾਮ ਨੂੰ 1960 ਤੋਂ 1975 ਤੱਕ 15 ਸਾਲ ਜੰਗ ਵਿੱਚ ਝੋਕੀ ਰੱਖਿਆ ਅਤੇ 10 ਲੱਖ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ।  1965 ਤੋਂ 1975 ਦਰਮਿਆਨ ਇੰਡੋਨੇਸ਼ੀਆ ਦੇ ਰਾਸ਼ਟਪਤੀ ਸੁਕਰਾਨੋ ਦਾ ਤਖਤਾ ਪਲਟ ਕੇ ਕਮਿਊਨਿਸਟਾਂ ਵਿਰੁੱਧ ਵਿੱਢੀ ਗਈ ਮੁਹਿੰਮ ਵਿੱਚ 7 ਲੱਖ ਲੋਕਾਂ ਨੂੰ ਮਾਰਿਆ। 1969 ਤੋਂ 1975 ਤੱਕ ਕੰਬੋਡੀਆਈ ਇਨਕਲਾਬ ਨੁੰ ਕੁਚਲਣ ਲਈ 20 ਲੱਖ ਲੋਕਾਂ ਨੂੰ ਮਾਰਿਆ। ਚਿੱਲੀ ਦੀ ਖੱਬੇਪੱਖੀ ਸਰਕਾਰ ਦਾ ਤਖਤਾ ਪਲ਼ਟਣ ਲਈ ਕੀਤੇ ਫੌਜੀ ਦਖਲ ਨਾਲ਼ ਉੱਥੋਂ ਦੇ ਰਾਸ਼ਟਰਪਤੀ ਅਲੈਂਡੇ ਸਮੇਤ 3000 ਲੋਕਾਂ ਨੂੰ ਮਾਰਿਆ। ਨਿਕਾਰਾਗੂਆ ਉੱਪਰ 1980 ਵਿੱਚ ਹਮਲਾ ਕਰਕੇ 30000 ਲੋਕਾਂ ਨੂੰ ਮਾਰਿਆ। ਪਨਾਮਾ ਅੰਦਰ ਰਾਜ ਪਲ਼ਟੇ ਦੇ ਯਤਨਾਂ ਵਿੱਚ 1989-90 ਵਿੱਚ 2000 ਲੋਕ ਮਾਰੇ।  ਅਫਗਾਨਿਸਤਾਨ ਉੱਪਰ ਕੀਤੇ ਹਮਲੇ ਵਿੱਚ 10 ਲੱਖ ਤੋਂ ਵੱਧ ਲੋਕ ਮਾਰੇ ਗਏ। ਗੁਆਟੇਮਾਲਾ ਅੰਦਰ ਪਿਛਲੇ ਪੰਜ ਦਹਾਕਿਆਂ ਵਿੱਚ ਡੇਢ ਲੱਖ ਲੋਕ ਕਤਲ ਕੀਤੇ ਗਏ। ਯੂਗੋਸਲਾਵੀਆ ਉੱਪਰ ਬੰਬਾਰੀ ਕਰ ਕੇ 1990 ਵਿੱਚ ਕਈ ਲੱਖ ਲੋਕ ਮਾਰੇ ਗਏ। ਖਾੜੀ ਜੰਗ ਵਿੱਚ 1991 ਵਿੱਚ 22 ਲੱਖ ਇਰਾਕੀ ਮਾਰੇ। ਇਸੇ ਤਰਾਂ ਚਿੱਲੀ, ਨਿਕਾਰਾਗੁਆ, ਇਰਾਨ, ਇਰਾਕ, ਅਫਗਾਨਿਸਤਾਨ, ਇਜ਼ਰਾਈਲ, ਫਲਸਤੀਨ, ਗ੍ਰੇਨਾਡਾ, ਕਿਊਬਾ,  ਆਦਿ ਅਨੇਕਾਂ ਮੁਲਕ ਇਸ ਅਮਰੀਕੀ-ਸਾਮਰਾਜ ਦੀ ਧਾੜਵੀ ਬੁਰਛਾਗਰਦੀ ਦੇ ਉੱਭਰਵੇਂ ਨਿਸ਼ਾਨੇ ਬਣੇ ਹਨ। ਗੱਲ ਕੀ— 20ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਅਮਰੀਕੀ ਸਾਮਰਾਜੀਆਂ ਵੱਲੋਂ ਦੁਨੀਆਂ ਭਰ ਦੀਆਂ ਮੰਡੀਆਂ ਦੀ ਧਾੜਵੀ ਲੁੱਟ ਮਚਾਉਣ ਲਈ ਲੜੀਆਂ ਜੰਗਾਂ ਅਤੇ ਮਚਾਹੀ ਤਬਾਹੀ ਅਤੇ ਕਰੋੜਾਂ ਲੋਕਾਂ ਦੇ ਕਤਲੇਆਮਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਮਰੀਕੀ ਸਾਮਰਾਜ ਸੰਸਾਰ ਇਤਿਹਾਸ ਅੰਦਰ ਸਭ ਤੋਂ ਵੱਧ ਖੂੰਖਾਰ, ਸਭ ਤੋਂ ਵੱਡਾ ਕੌਮਾਂਤਰੀ ਲੱਠਮਾਰ ਅਤੇ ਦਹਿਸ਼ਤਗਰਦ ਹੈ, ਧਾੜਵੀ ਅਤੇ ਜਲਾਦ ਤਾਕਤ ਹੈ, ਜਿਸਦਾ ਮੂੰਹ ਕਰੋੜਾਂ ਲੋਕਾਂ ਦੇ ਲਹੂ ਨਾਲ ਲਿਬੜਿਆ ਹੋਇਆ ਹੈ। ਫਿਰ ਵੀ ਉਹ ਬੜੀ ਬੇਸ਼ਰਮੀ ਨਾਲ ''ਮਨੁੱਖੀ ਹੱਕਾਂ'' ਦਾ ਸ਼੍ਰੋਮਣੀ ਰਖਵਾਲਾ ਹੋਣ ਦਾ ਨਾਟਕ ਰਚਦਾ ਹੈ। 
ਬਰਾਕ ਓਬਾਮਾ: ਹੀਰੋਸ਼ੀਮਾ ਯਾਤਰਾ ਦਾ ਡਰਾਮਾ
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ 27 ਮਈ 2016 ਨੂੰ ਹੀਰੋਸ਼ੀਮਾ ਦੀ ਯਾਤਰਾ ਕੀਤੀ ਹੈ। ਹੀਰੋਸ਼ੀਮਾ-ਨਾਗਾਸਾਕੀ ਦੀਆਂ ਘਟਨਾਵਾਂ ਦੇ 71 ਸਾਲਾ ਇਤਿਹਾਸ 'ਚ ਓਬਾਮਾ, ਹੀਰੋਸ਼ੀਮਾ ਦੀ ਯਾਤਰਾ ਕਰਨ ਵਾਲ਼ਾ ਵਿਸ਼ਵ ਦਾ 83ਵਾਂ ਅਤੇ ਅਮਰੀਕਾ ਦਾ 13ਵਾਂ ਸਖਸ਼ ਹੈ ਅਤੇ ਹੀਰੋਸ਼ੀਮਾ ਦੀ ਯਾਤਰਾ ਕਰਨ ਵਾਲਾ ਪਹਿਲਾ ਕਾਰਜਕਾਲੀ ਰਾਸ਼ਟਰਪਤੀ ਹੈ। ਅਮਰੀਕਾ ਦੇ ਕਿਸੇ ਵੀ ਨੇਤਾ ਨੇ ਹੀਰੋਸ਼ੀਮਾ ਘਟਨਾਵਾਂ 'ਤੇ ਕਦੇ ਪਸਚਾਤਾਪ ਨਹੀਂ ਕੀਤਾ ਅਤੇ ਨਾ ਹੀ ਓਬਾਮਾ ਨੇ। ਉਸ ਨੇ ਜਪਾਨੀ ਟੈਲੀਵਿਜ਼ਨ ਨਾਲ਼ ਇੰਟਰਵਿਊ ਵਿੱਚ ਕਿਹਾ ਕਿ ਉਹ ਹੀਰੋਸ਼ੀਮਾ ਉੱਪਰ ਬੰਬਾਰੀ ਸੰਬੰਧੀ ਕੋਈ ਪਸਚਾਤਾਪ ਨਹੀਂ ਕਰੇਗਾ ਅਤੇ ਕਿਸੇ ਹੋਰ ਰਾਸ਼ਟਰਪਤੀ ਦੇ ਫੈਸਲੇ ਤੋਂ ਹਟਵਾਂ ਬਿਆਨ ਨਹੀਂ ਦੇਵੇਗਾ। ਸਾਮਰਾਜੀ ਲਹਿਜ਼ੇ ਤੇ ਭਾਸ਼ਾ ਵਿੱਚ ਓਬਾਮਾ ਕਹਿੰਦਾ ਹੈ, “ਜੰਗ ਦੌਰਾਨ ਨੇਤਾ ਹਰ ਕਿਸਮ ਦੇ ਫੈਸਲੇ ਲੈਂਦੇ ਹਨ। ਨੇਤਾਵਾਂ ਨੂੰ ਸਵਾਲ ਪੁੱਛਣੇ ਅਤੇ ਉਹਨਾਂ ਦਾ ਇਮਤਿਹਾਨ ਲੈਣਾ ਇਤਿਹਾਸਕਾਰਾਂ ਦਾ ਧੰਦਾ ਹੈ। ਹਰ ਨੇਤਾ ਨੂੰ ਜੰਗ ਸਮੇਂ ਬਹੁਤ ਅਹਿਮ ਫੈਸਲੇ ਲੈਣੇ ਪੈਂਦੇ ਹਨ।''
              ਓਬਾਮਾ ਨੇ ਦੁਨੀਆਂ ਨੂੰ ਪ੍ਰਮਾਣੂ ਹਥਿਆਰਾਂ ਦੇ ਖਤਰਿਆਂ ਨੂੰ ਮੁੜ ਚੇਤੇ ਕਰਾਇਆ। ਇਹ ਚੇਤਾ ਕਰਾਉਣ ਦਾ ਉਸ ਦਾ ਭਾਵ ਉਹ ਨ•ਹੀਂ ਹੈ ਜੋ ਇਸ ਸਤਰ ਨੂੰ ਪੜ•ਨ ਸਾਰ ਉੱਭਰਦਾ ਹੈ ਸਗੋਂ ਇੱਕ ਵਾਰ ਫਿਰ ਦੁਨੀਆਂ ਨੂੰ ਇਹ ਚੇਤੇ ਕਰਾਉਣਾ ਹੈ ਕਿ ਜੇ ਕੋਈ ਅਮਰੀਕਾ ਨਾਲ਼ ਪੰਗਾ ਲਵੇਗਾ ਤਾਂ ਉਹ ਹੀਰੋਸ਼ੀਮਾ ਨੂੰ ਯਾਦ ਰੱਖੇ। 
ਸਾਮਰਾਜਵਾਦ ਦਾ ਖਾਤਮਾ ਚਾਹੁੰਦੀਆਂ ਸ਼ਕਤੀਆਂ ਲਈ ਚੁਣੌਤੀ
ਜਿੱਤਾਂ, ਖੁਸ਼ੀ ਅਤੇ ਹਾਰਾਂ ਸਬਕ ਦਿੰਦੀਆਂ ਹਨ। ਹਾਰਾਂ ਚੋਂ ਮਿਲੇ ਸਬਕ ਹੀ ਹਾਰਾਂ ਨੂੰ ਜਿੱਤਾਂ ਵਿੱਚ ਪਲ਼ਟਣ ਦਾ ਸਾਮਾ ਬਣਦੇ ਹਨ। ਹੀਰੋਸ਼ੀਮਾ-ਨਾਗਾਸਾਕੀ ਦੀਆਂ ਘਟਨਾਵਾਂ ਨੂੰ ਯਾਦ ਕਰਨ ਦਾ ਮਤਲਬ ਮਹਿਜ਼ ਅੰਕੜਿਆਂ ਦੀ ਖੇਡ• ਖੇਡ•ਣਾ ਨਹੀਂ ਹੈ। ਸਾਮਰਾਜਵਾਦ ਦੇ ਅਜਿਹੇ ਹਜ਼ਾਰਾਂ ਕੁਕਰਮ ਹਨ। ਇਹ ਸਿਲਸਲਾ ਅੱਜ ਵੀ ਜਾਰੀ ਹੈ। ਸਾਮਰਾਜਵਾਦ ਦੇ ਲੋਟੂ, ਧੱਕੜ, ਧੌਂਸਬਾਜ ਤੇ ਪਸਾਰਵਾਦੀ ਮਨਸੂਬਿਆਂ ਨੂੰ ਪੁੱਠਾ ਪਾਉਣ ਲਈ ਸੰਸਾਰ ਦੀਆਂ ਯੁੱਗ-ਪਲ਼ਟਾਊ ਸ਼ਕਤੀਆਂ ਨੇ ਸਮੇਂ ਸਮੇਂ 'ਤੇ ਹੱਥ ਦਿਖਾਏ ਹਨ। ਰੂਸ ਤੇ ਚੀਨ ਦੇ ਇਨਕਲਾਬਾਂ ਦੇ ਦੌਰ ਅੰਦਰ ਸੰਸਾਰ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਨੇ ਸੰਸਾਰ ਸਾਮਰਾਜਵਾਦ ਦੇ ਸਮਾਨੰਤਰ ਹਸਤੀ ਅਖਤਿਆਰ ਕੀਤੀ ਹੈ। ਅੱਜ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਸੰਸਾਰ ਪੱਧਰ 'ਤੇ ਸੰਕਟ ਦਾ ਸ਼ਿਕਾਰ ਹਨ। ਰੂਸ-ਚੀਨ ਦੇ ਇਨਕਲਾਬਾਂ ਦੇ ਸਬਕ ਤੇ ਸਿੱਟੇ ਲੈ ਕੇ ਭਾਵੇਂ ਵਿਸ਼ਵ ਦੇ ਵੱਖ ਵੱਖ ਕੋਨਿਆਂ ਵਿੱਚ ਸਾਮਰਾਜਵਾਦ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ ਪ੍ਰੰਤੂ ਸਮੇਂ ਅਤੇ ਹਾਲਾਤਾਂ ਦੇ ਹਾਣੀ ਬਣਨ ਵਿੱਚ ਵੱਡੀਆਂ ਕਮੀਆਂ ਹਨ। ਕਮਿਊਨਿਸਟ ਇਨਕਲਾਬੀਆਂ ਤੋਂ ਸਿਵਾਏ ਪਿਛਲੇ ਦਹਾਕਿਆਂ ਵਿੱਚ ਅਜਿਹੀਆਂ ਸ਼ਕਤੀਆਂ/ਹਸਤੀਆਂ ਵੀ ਸੰਸਾਰ ਦ੍ਰਿਸ਼ 'ਤੇ ਆਈਆਂ ਹਨ ਜਿਹੜੀਆਂ ਸੋਚ ਅਤੇ ਅਮਲ ਦੇ ਗੰਭੀਰ ਵਿਗਾੜਾਂ ਦੇ ਬਾਵਜੂਦ ਇਰਾਕ, ਅਫਗਾਨਿਸਤਾਨ, ਲਿਬੀਆ, ਸੀਰੀਆ ਆਦਿ ਮੁਲਕਾਂ ਵਿੱਚ ਅਮਰੀਕੀ ਸਾਮਰਾਜ ਦੇ ਫੌਜੀ ਦਖਲ ਅਤੇ ਹਮਲੇ ਦੀਆਂ ਕਾਰਵਾਈਆਂ ਨੂੰ ਚੁਣੌਤੀ ਦੇ ਰਹੀਆਂ ਹਨ। 
ਇਸ ਲਈ, ਅੱਜ ਲੋੜ ਹੈ— ਭਾਰਤ ਅੰਦਰ ਸਾਮਰਾਜ ਵਿਰੋਧੀ ਅਤੇ ਜਾਗੀਰਦਾਰੀ ਵਿਰੋਧੀ ਸੰਘਰਸ਼ਾਂ ਨੂੰ ਭਖਾਇਆ ਜਾਵੇ ਅਤੇ ਨਾਲ ਹੀ ਸੰਸਾਰ ਭਰ ਅੰਦਰ ਅਮਰੀਕੀ ਸਾਮਰਾਜੀਆਂ ਅਤੇ ਉਸਦੀ ਅਗਵਾਈ ਹੇਠਲੇ ਨਾਟੋ ਜੰਗੀ ਗੁੱਟ ਦੀ ਫੌਜੀ ਦਖਲ ਅਤੇ ਹਮਲੇ ਦੀਆਂ ਕਾਰਵਾਈਆਂ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇ। 

੦-੦

No comments:

Post a Comment