Wednesday, 29 June 2016

ਸਾਥੀ ਸਤਨਾਮ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ


ਸਾਥੀ ਸਤਨਾਮ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸਾਥੀ ਸਤਨਾਮ ਦੇ ਸ਼ਰਧਾਂਜਲੀ ਸਮਾਗਮ ਲਈ, ਬੂਟਾ ਸਿੰਘ, ਬਲਵੰਤ ਮਖੂ, ਡਾ. ਦਰਸ਼ਨਪਾਲ, ਪ੍ਰੋ. ਬਾਵਾ ਸਿੰਘ ਅਤੇ ਸੁਖਵਿੰਦਰ ਕੌਰ ਮੈਂਬਰਾਨ 'ਤੇ ਆਧਾਰਤ ਕਾਮਰੇਡ ਸਤਨਾਮ ਜੰਗਲਨਾਮਾ ਸ਼ਰਧਾਂਜਲੀ ਕਮੇਟੀ ਦਾ ਗਠਨ ਹੋ ਗਿਆ। ਇਸ ਕਮੇਟੀ ਨੇ 8 ਮਈ ਨੂੰ ਸਮਾਗਮ ਕਰਨ ਦਾ ਫੈਸਲਾ ਕੀਤਾ। ਅਖਬਾਰਾਂ, ਸੋਸ਼ਲ ਮੀਡੀਏ ਅਤੇ ਨਿੱਜੀ ਪੱਧਰ 'ਤੇ ਸੁਨੇਹਿਆਂ ਰਾਹੀਂ ਕਮੇਟੀ ਨੇ ਪਰੋਗਰਾਮ ਵਿੱਚ ਪਹੁੰਚਣ ਦਾ ਸੱਦਾ ਜਾਰੀ ਕੀਤਾ। 8 ਮਈ ਵਾਲੇ ਦਿਨ ਪਟਿਆਲੇ ਦੇ ਮਾਡਲ ਟਾਊਨ ਸਥਿਤ ਕਮਿਊਨਿਟੀ ਹਾਲ ਵਿੱਚ ਤਿੱਲ ਸੁੱਟਣ ਨੂੰ ਥਾਂ ਨਹੀਂ ਬਚੀ। ਕਾਮਰੇਡ ਸਤਨਾਮ ਦੀਆਂ ਯਾਦਗਾਰੀ ਤਸਵੀਰਾਂ ਅਤੇ ਉਸਦੀਆਂ ਲਿਖਤਾਂ ਦੀਆਂ ਟੂਕਾਂ ਵਾਲੇ ਫਲੈਕਸਾਂ ਨਾਲ ਸਜੇ ਹਾਲ ਵਿੱਚ ਸਵੇਰੇ ਸਾਢੇ ਗਿਆਰਾਂ ਵਜੋਂ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਪੰਜਾਬ ਅੰਦਰ ਕੰਮ ਕਰਦੀਆਂ ਸਭ ਇਨਕਲਾਬੀ ਧਿਰਾਂ ਨੇ ਪ੍ਰੋਗਰਾਮ ਅੰਦਰ ਭਰਪੂਰ ਹਾਜ਼ਰੀ ਲਵਾਈ। ਇਨਕਲਾਬੀ ਜਮਹੂਰੀ ਫਰੰਟਾਂ, ਜਨਤਕ ਜਥੇਬੰਦੀਆਂ ਅਤੇ ਪਾਰਟੀਆਂ ਦੀ ਮੁੱਖ ਲੀਡਰਸ਼ਿੱਪ ਪ੍ਰੋਗਰਾਮ ਵਿੱਚ ਪਹੁੰਚੀ। ਪੰਜਾਬ ਵਿੱਚ ਨਿਕਲਦੇ ਤਕਰੀਬਨ ਸਭ ਇਨਕਲਾਬੀ  ਪੇਪਰਾਂ ਦੇ ਸੰਪਾਦਕ, ਨਾਮਵਰ ਲੇਖਿਕਾ ਅਰੁੰਧਤੀ ਰਾਏ, ਫਿਲਮ ਮੇਕਰ ਸੰਜੇ ਕਾਕ, ਪਟਨਾ ਤੋਂ ਪੱਤਰਕਾਰ ਪੁਸ਼ਪਰਾਜ, ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਦੀ ਤਾਲਮੇਲ ਕਮੇਟੀ (ਸੀ.ਡੀ.ਆਰ.ਓ.) ਦੇ ਕਨਵੀਰਨ ਅਸ਼ੀਸ਼ ਗੁਪਤਾ, ਪੀ.ਡੀ.ਐਫ.ਆਈ. ਦੇ ਕਾਮਰੇਡ ਅਰਜੁਨ ਪ੍ਰਸ਼ਾਦ ਸਮੇਤ ਬਹੁਤ ਸਾਰੇ ਬੁੱਧੀਜੀਵੀ, ਡਾਕਟਰ, ਵਕੀਲ ਅਤੇ ਪੱਤਰਕਾਰ ਪੁੱਜੇ। 
ਸਟੇਜ ਸੰਚਾਲਨ ਦੀ ਜਿੰਮੇਵਾਰੀ ਸਾਥੀ ਬੂਟਾ ਸਿੰਘ ਨੂੰ ਦਿੱਤੀ ਗਈ। ਦਰਜ਼ਨਾਂ ਸ਼ੋਕ ਮਤੇ ਵੱਖੋ ਵੱਖ ਸਿਆਸੀ ਜਥੇਬੰਦੀਆਂ, ਪੇਪਰਾਂ, ਜਨਤਕ ਜਥੇਬੰਦੀਆਂ, ਬੁੱਧੀਜੀਵੀਆਂ ਦੀਆਂ ਸੰਸਥਾਵਾਂ ਵੱਲੋਂ ਭੇਜੇ ਗਏ। ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋਂ ਸ਼ਰਧਾਂਜਲੀ ਵਜੋਂ ਜੰਗਲਨਾਮਾ ਦੀ ਈ-ਬੁੱਕ, ਫੇਸ-ਬੁੱਕ, ਵਟਸ ਅਪ ਆਦਿ ਜ਼ਰੀਏ ਫਰੀ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਗਿਆ। ਸ਼ਰਧਾਂਜਲੀ ਕਮੇਟੀ ਦੀ ਤਰਫੋਂ ਡਾ. ਦਰਸ਼ਨਪਾਲ ਨੇ ਸਾਥੀ ਸਤਨਾਮ ਦੀ ਜ਼ਿੰਦਗੀ ਬਾਰੇ ਵੇਰਵੇ ਨਾਲ ਜਾਣਕਾਰੀ ਦਿੰਦਿਆਂ ਕਿਹਾ ਚਾਹੁੰਦੇ ਹੋਏ ਵੀ ਅਸੀਂ ਸਾਥੀ ਸਤਨਾਮ ਨੂੰ ਬਚਾ ਨਹੀਂ ਸਕੇ। ਅਸੀਂ ਇਕੱਠ ਵਿੱਚ ਸਵੀਕਾਰ ਕਰਦੇ ਹਾਂ ਕਿ ਸਾਡੇ ਸਾਰੇ ਯਤਨ ਫੇਲ• ਹੋਏ ਹਨ। ਅਸੀਂ ਅਸਫਲ ਹੋਏ ਹਾਂ। ਉਹਨਾਂ ਕਾਮਰੇਡ ਸਤਨਾਮ ਵੱਲੋਂ ਕੀਤੇ ਕੰਮਾਂ ਦੀ ਵਿਸਥਾਰ ਵਿੱਚ ਜਾਣਕਾਰੀ ਵੀ ਸਾਂਝੀ ਕੀਤੀ ਤੇ ਕਿਹਾ ਕਿ ਉਸਨੇ ਸਾਢੇ ਚਾਰ ਦਹਾਕੇ ਕਮਿਊਨਿਸਟ ਇਨਕਲਾਬੀ ਦੇ ਤੌਰ 'ਤੇ ਕੰਮ ਕੀਤਾ ਜੋ ਕਿ ਸਧਾਰਨ ਗੱਲ ਨਹੀਂ ਹੈ। ਲੇਖਿਕਾ ਅਰੁੰਧਤੀ ਰਾਇ ਨੇ ਕਿਹਾ ਕਿ ਮੌਜੁਦਾ ਦੌਰ ਵਿੱਚ ਜਦ ਹਿੰਦੂਤਵ ਦਾ ਵੱਡਾ ਹਮਲਾ ਹੋ ਚੁੱਕਿਆ ਹੈ ਤਾਂ ਕਾਮਰੇਡ ਸਤਨਾਮ ਦੀ ਬਹੁਤ ਲੋੜ ਸੀ। ਪੱਤਰਕਾਰ ਪੁਸ਼ਪਰਾਜ ਨੇ ਕਾਮਰੇਡ ਸਤਨਾਮ ਨਾਲ ਜੰਗਲਾਂ ਵਿੱਚ ਬਿਤਾਏ ਸਮੇਂ ਨੂੰ ਯਾਦ ਕੀਤਾ। ਫਿਲਮ ਮੇਕਰ ਸੰਜੇ ਕਾਕ ਨੇ ਕਾਮਰੇਡ ਸਤਨਾਮ ਨਾਲ ਵਿਚਾਰ-ਵਟਾਂਦਰੇ ਕਰਦਿਆਂ ਬਿਤਾਏ ਸਮੇਂ ਨੂੰ ਯਾਦ ਕੀਤਾ। ਲੋਕ ਸੰਗਰਾਮ ਮੰਚ (ਆਰ.ਡੀ.ਐਫ.) ਦੇ ਜਨਰਲ ਸਕੱਤਰ ਬਲਵੰਤ ਮਖੂ ਨੇ ਕੁਲਵਕਤੀ ਇਨਕਲਾਬੀਆਂ ਦੀਆਂ ਦੁਸ਼ਵਾਰੀਆਂ ਭਰੀ ਜ਼ਿੰਦਗੀ ਦੀ ਗੱਲ ਕਰਦਿਆਂ ਕਾਮਰੇਡ ਸਤਨਾਮ ਦੀ ਮੌਤ 'ਤੇ ਆਪਣੇ ਵਿਚਾਰ ਰੱਖੇ। 
ਸੀ.ਪੀ.ਆਈ.(ਐਮ.ਐਲ.) ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਖਟਕੜ, ਸੁਰਖ਼ ਲੀਹ ਦੇ ਸੰਪਾਦਕ ਜਸਪਾਲ ਜੱਸੀ, ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਪੂਹਲਾ, ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸੂਬਾ ਸਕੱਤਰੇਤ ਮੈਂਬਰ ਸੁਖਦਰਸ਼ਨ ਨੱਤ, ਪ੍ਰਤੀਬੱਧ ਦੇ ਸੰਪਾਦਕ ਸੁਖਵਿੰਦਰ, ਸੁਰਖ਼ ਰੇਖਾ ਦੇ ਨੁਮਾਇੰਦੇ ਗੁਰਮੇਲ ਭੁਟਾਲ, ਜਮਹੂਰੀ ਅਧਿਕਾਰ ਸਭਾ ਦੇ ਸਾਥੀ ਨਰਭਿੰਦਰ, ਸੀ.ਪੀ.ਆਈ.(ਐਮ.ਐਲ.) ਰੈੱਡ ਸਟਾਰ ਦੇ ਸੂਬਾ ਜਥੇਬੰਦਕ ਆਗੂ ਹਰਭਗਵਾਨ ਭੀਖੀ ਹੋਰਾਂ ਨੇ ਕਾਮਰੇਡ ਸਤਨਾਮ ਨੂੰ ਸ਼ਰਧਾਂਜਲੀ ਦਿੰਦਿਆਂ ਉਸਦੀਆਂ ਦੇਣਾਂ ਨੂੰ ਯਾਦ ਕੀਤਾ ਅਤੇ ਉਸਦੀ ਖੁਦਕੁਸ਼ੀ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ। 
ਪੀ.ਡੀ.ਐਫ.ਆਈ. ਦੇ ਆਲ ਇੰਡੀਆ ਕਮੇਟੀ ਮੈਂਬਰ ਅਰਜਨ ਪ੍ਰਸ਼ਾਦ ਨੇ ਕਾਮਰੇਡ ਨਾਲ ਮਿਲ ਕੇ ਕੀਤੇ ਕੰਮਾਂ ਨੂੰ ਯਾਦ ਕੀਤਾ। 
ਸੀਨੀਅਰ ਪੱਤਰਕਾਰ ਅਤੇ ਦਸਤਾਵੇਜ਼ੀ ਫਿਲਮ ਨਿਰਮਾਤਾ ਦਲਜੀਤ ਅਮੀ ਨੇ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਦੀ ਜਿੰਮੇਵਾਰੀ ਸਾਂਭੀ। ਜਦ ਕਿ ਖਬਰਾਂ ਲਿਖਣ ਅਤੇ ਅਖਬਾਰਾਂ ਨੂੰ ਪੁਚਾਉਣ ਦੀ ਜੁੰਮੇਵਾਰੀ ਅੰਗਰੇਜ਼ੀ ਅਖਬਾਰਾਂ ਦੇ ਪੱਤਰਕਾਰਾਂ ਵਿਸ਼ਵ ਭਾਰਤੀ ਅਤੇ ਅਮਨਿੰਦਰ ਸਿੰਘ ਨੇ ਚੁੱਕੀ। ਪੰਜਾਬ ਦੇ ਕਿਰਤੀ ਲੋਕਾਂ ਦੇ ਵੱਡੇ ਕਲਾਕਾਰ ਸੈਮੁਅਲ ਜੌਹਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵੀ ਇਕੱਠ ਵਿੱਚ ਸ਼ਾਮਲ ਹੋਏ। ਕਾਮਰੇਡ ਸਤਨਾਮ ਜੰਗਲਨਾਮਾ ਸ਼ਰਧਾਂਜਲੀ ਸਮਾਗਮ ਕਮੇਟੀ ਨੇ ਕਾਮਰੇਡ ਸਤਨਾਮ ਦੁਆਰਾ ਰਚਿਤ ਅਤੇ ਅਨੁਵਾਦਤ ਅਣ-ਛਪੇ ਸਾਹਿਤ ਨੂੰ ਛਾਪਣ ਦਾ ਐਲਾਨ ਕੀਤਾ ਤਾਂ ਤੁਰੰਤ ਹੀ ਇਸ ਕਾਰਜ ਲਈ ਸਹਾਇਤਾ ਸਟੇਜ 'ਤੇ ਪੁੱਜਣੀ ਸ਼ੁਰੂ ਹੋ ਗਈ। ਅੰਤ ਵਿੱਚ ਪ੍ਰੋ. ਬਾਵਾ ਸਿੰਘ ਨੇ ਪਰਿਵਾਰਕ ਮੈਂਬਰ ਵਜੋਂ ਕਮੇਟੀ ਵੱਲੋਂ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਾਮਰੇਡ ਸਤਨਾਮ ਨਾਲ ਆਪਣੀ ਮਿੱਤਰਤਾ ਸੰਬੰਧੀ ਸ਼ਬਦ ਕਹੇ।       -ਸੁਖਵਿੰਦਰ ਕੌਰ

No comments:

Post a Comment