Wednesday, 29 June 2016

ਸੰਤ ਢੱਡਰੀਆਂ ਵਾਲੇ 'ਤੇ ਕਾਤਲਾਨਾ ਹਮਲਾ ਕਿਉਂ?


ਸੰਤ ਢੱਡਰੀਆਂ ਵਾਲੇ 'ਤੇ ਕਾਤਲਾਨਾ ਹਮਲਾ ਕਿਉਂ?
ਹੁਣ ਇਹ ਗੱਲ ਸਭ ਨੂੰ ਸਪੱਸ਼ਟ ਹੋ ਚੁੱਕੀ ਹੈ ਕਿ ਮਈ ਮਹੀਨੇ ਵਿੱਚ ਲੁਧਿਆਣਾ ਵਿਖੇ ਸੰਤ ਰਣਜੀਤ ਸਿੰਘ ਢੱਡੀਆਂ ਵਾਲੇ 'ਤੇ ਕਾਤਲਾਨਾ ਹਮਲਾ ਦਮਦਮੀ ਟਕਸਾਲ (ਮਹਿਤਾ ਚੌਕ) ਦੇ ਬੰਦਿਆਂ ਵੱਲੋਂ ਕੀਤਾ ਗਿਆ ਸੀ। ਦਮਦਮੀ ਟਕਸਾਲ (ਮਹਿਤਾ ਚੌਕ) ਦੇ ਮੁਖੀ ਹਰਨਾਮ ਸਿੰਘ ਧੁੰਮਾ ਵੱਲੋਂ ਗੱਜਵੱਜ ਕੇ ਇਸ ਹਮਲੇ ਦੀ ਜੁੰਮੇਵਾਰੀ ਓਟਦਿਆਂ ਇਹ ਇਕਬਾਲ ਕੀਤਾ ਗਿਆ ਹੈ ਕਿ ਹਮਲਾ ਟਮਦਮੀ ਟਕਸਾਲ ਦੇ ਸਿਖਿਆਰਥੀਆਂ (ਕਾਰਕੁੰਨਾਂ) ਵੱਲੋਂ ਕੀਤਾ ਗਿਆ ਹੈ ਅਤੇ ਇਸ ਹਮਲੇ ਲਈ ਵਰਤੀ ਗਈ ਗੱਡੀ ਦਮਦਮੀ ਟਕਸਾਲ ਦੀ ਸੀ। ਉਸ ਵੱਲੋਂ ਕਿਹਾ ਗਿਆ ਹੈ ਕਿ ਹਮਲਾ ਇਸ ਲਈ ਕੀਤਾ ਗਿਆ ਹੈ, ਕਿਉਂਕਿ ਢੱਡਰੀਆਂ ਵਾਲਾ ਦਮਦਮੀ ਟਕਸਾਲ ਦੀ ਦਸਤਾਰ ਖਿਲਾਫ ਬੋਲਦਾ ਸੀ। ਇਸ ਗੱਲ 'ਤੇ ਸਿਖਿਆਰਥੀਆਂ ਅੰਦਰ ਪੈਦਾ ਹੋਏ ਗੁੱਸੇ ਅਤੇ ਪ੍ਰਤੀਕਰਮ ਦਾ ਸਿੱਟਾ ਇਸ ਹਮਲੇ ਦੇ ਰੂਪ ਵਿੱਚ ਨਿਕਲਿਆ ਹੈ। ਉਹ ਇਸ ਹਮਲੇ ਵਿੱਚ ਸ਼ਾਮਲ ਆਪਣੇ ਸਿਖਿਆਰਥੀਆਂ ਦੀ ਹਰ ਮੱਦਦ ਦੀ ਜੁੰਮੇਵਾਰੀ ਓਟਣਗੇ। ਹੁਣ ਵੀ ਜੇ ਢੱਡਰੀਆਂ ਵਾਲਾ ਦਮਦਮੀ ਟਕਸਾਲ ਦੀ ਦਸਤਾਰ ਸਬੰਧੀ ਮੰਦਾ ਬੋਲਣ 'ਤੇ ਮੁਆਫੀ ਮੰਗ ਲਵੇ ਤਾਂ ਉਸ ਨਾਲ ਰਾਜ਼ੀਨਾਮਾ ਹੋ ਸਕਦਾ ਹੈ। 
ਨੰਗੇ-ਚਿੱਟੇ ਰੂਪ ਵਿੱਚ ਗੱਜਵੱਜ ਕੇ ਇਸ ਹਮਲੇ ਦੀ ਜੁੰਮੇਵਾਰੀ ਓਟਣ ਅਤੇ ਵਜਾਹਤ ਕਰਨ ਦੇ ਬਾਵਜੂਦ ਚਾਹੇ ਪੰਜਾਬ ਪੁਲਸ ਵੱਲੋਂ ਦਮਦਮੀ ਟਕਸਾਲ ਦੇ ਕੁੱਝ ਉਹਨਾਂ ਹੇਠਲੀ ਪੱਧਰ ਦੇ ਕਾਰਕੁੰਨਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਹੜੇ ਇਸ ਕਾਤਲੀ ਹਮਲੇ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਸਨ। ਪਰ ਇਸ ਹਮਲੇ ਦੀ ਸਾਜਿਸ਼ ਦੇ ਪ੍ਰਮੁੱਖ ਘਾੜਿਆਂ ਅਤੇ ਇਸਦੀ ਸ਼ਰੇਆਮ ਜੁੰਮੇਵਾਰੀ ਓਟਣ ਅਤੇ ਵਜਾਹਤ ਕਰਨ ਵਾਲੇ ਹਰਨਾਮ ਸਿੰਘ ਧੁੰਮਾ ਵੱਲ ਝਾਕਿਆ ਤੱਕ ਨਹੀਂ ਗਿਆ ਅਤੇ ਉਸ ਕੋਲੋਂ ਪੁਲਸ ਨੂੰ ਪੁੱਛਗਿੱਛ ਕਰਨ ਦੀ ਲੋੜ ਤੱਕ ਨਹੀਂ ਜਾਪੀ। ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਵੱਲੋਂ ਇਸ ਹਮਲੇ ਦੀ ਗੱਜਵੱਜ ਕੇ ਜੁੰਮੇਵਾਰੀ ਓਟਣ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਇਹ ਹਮਲਾ ਦਮਦਮੀ ਟਕਸਾਲ ਦੇ ਨੌਜਵਾਨ ਸਿੱਖਿਆਰਥੀਆਂ ਵੱਲੋਂ ਕਿਸੇ ਵਕਤੀ ਜਜ਼ਬਾਤੀ ਭੜਕਾਹਟ ਵਿੱਚ ਆ ਕੇ ਕੀਤਾ ਗਿਆ ਹਮਲਾ ਨਹੀਂ ਸੀ। ਇਹ ਹਮਲਾ ਇੱਕ ਉੱਚ-ਪੱਧਰੀ ਸਾਜਿਸ਼ ਅਤੇ ਵਿਉਂਤ ਦਾ ਨਤੀਜਾ ਸੀ। ਇਸ ਸਾਜਿਸ਼ੀ ਵਿਉਂਤ ਨੂੰ ਹਰਨਾਮ ਸਿੰਘ ਧੁੰਮਾ ਦੀ ਸ਼ਮੁਲੀਅਤ ਤੋਂ ਬਿਨਾ ਸੰਭਵ ਨਹੀਂ ਸੀ ਬਣਾਇਆ ਜਾ ਸਕਦਾ। ਹੁਣ ਤੱਕ ਇਸ ਮਾਮਲੇ ਵਿੱਚ ਪੰਜਾਬ ਪੁਲਸ ਅਤੇ ਸਰਕਾਰ ਦਾ ਇਸ ਹਮਲੇ ਦੇ ਸਾਜਿਸ਼ ਘਾੜਿਆਂ ਦੇ ਪ੍ਰਮੁੱਖ ਸਰਗਣੇ ਅਤੇ ਹਮਲੇ ਦੀ ਜੁੰਮੇਵਾਰੀ ਓਟ ਰਹੇ ਅਤੇ ਹਮਲੇ ਤੋਂ ਬਾਅਦ ਉਸ ਨੂੰ ਧਮਕੀ-ਨੁਮਾ ਬਿਆਨ ਰਾਹੀਂ ਮੁਆਫੀ ਮੰਗਣ ਲਈ ਕਹਿ ਰਹੇ ਹਰਨਾਮ ਸਿੰਘ ਧੁੰਮਾ ਨੂੰ ਹੱਥ ਨਾ ਪਾਉਣ ਅਤੇ ਮਾਮਲੇ ਨੂੰ ਆਇਆ ਗਿਆ ਕਰਨ ਵਾਲਾ ਰਵੱਈਆ ਇਸ ਗੱਲ ਦਾ ਸੰਕੇਤ ਬਣਦਾ ਹੈ ਕਿ ਇਹ ਹਮਲਾ ਬਾਦਲ ਟੋਲੇ ਦੀ ਸ਼ਹਿ ਤੇ ਥਾਪੜੇ ਨਾਲ ਕੀਤਾ ਗਿਆ ਹੈ। ਅਗਲੀ ਗੱਲ— ਰਣਜੀਤ ਸਿੰਘ ਢੱਡਰੀਆਂ ਵਾਲਾ ਇੱਕ ਸਾਧਾਰਨ ਵਿਅਕਤੀ ਜਾਂ ਸਿੱਖ ਪ੍ਰਚਾਰਕ ਨਹੀਂ ਹੈ। ਅੱਜ ਕੱਲ• ਉਹ ਇੱਕ ਸਿਰਕੱਢ ਸਿੱਖ ਪ੍ਰਚਾਰਕ ਵਜੋਂ ਉਭਰਿਆ ਹੋਇਆ ਹੈ ਅਤੇ ਉਸਦੇ ਦੇਸ਼-ਵਿਦੇਸ਼ 'ਚ ਸਿੱਖ ਧਰਮੀ ਪ੍ਰਸੰਸ਼ਕਾਂ ਅਤੇ ਸ਼ਰਧਾਲੂਆਂ ਦਾ ਘੇਰਾ ਲੱਖਾਂ ਵਿੱਚ ਹੈ। ਅਜਿਹੇ ਵਿਅਕਤੀ 'ਤੇ ਕਾਤਲੀ ਹਮਲਾ ਕਰਨਾ ਸਾਧਾਰਨ ਵਿਅਕੀਤਆਂ ਦਾ ਕਾਰਾ ਨਹੀਂ ਹੋ ਸਕਦਾ। ਇਸ ਨੂੰ ਧਾਰਮਿਕ ਤੇ ਸਮਾਜਿਕ-ਸਿਆਸੀ ਅਸਰ-ਰਸੂਖ ਦੀਆਂ ਮਾਲਕ ਤਾਕਤਵਰ ਧਿਰਾਂ/ਸ਼ਕਤੀਆਂ ਵੱਲੋਂ ਹੀ ਅੰਜ਼ਾਮ ਦੇਣਾ ਸੰਭਵ ਹੋ ਸਕਦਾ ਹੈ। ਇਹ ਪੱਖ ਵੀ ਇਸ ਹਮਲੇ ਪਿੱਛੇ ਬਾਦਲ ਟੋਲੇ ਦੀ ਗਿੱਟਮਿੱਟ ਦੀਆਂ ਗੁੰਜਾਇਸ਼ਾਂ ਨੂੰ ਵਜ਼ਨ ਮੁਹੱਈਆ ਕਰਦਾ ਹੈ। 
ਇਸ ਹਮਲੇ ਦੀ ਪ੍ਰਮੁੱਖ ਵਜਾਹ ਸਿੱਖ ਧਾਰਮਿਕ ਘੱਟ-ਗਿਣਤੀ ਦੇ ਮਾਮਲਿਆਂ ਸਬੰਧੀ ਬਾਦਲ ਟੋਲੇ ਅਤੇ ਹਕੂਮਤ ਨਾਲ ਸਿੱਖ ਜਨਤਾ ਦੇ ਉੱਭਰੇ ਟਕਰਾਅ ਵਿੱਚ ਸੰਤ ਢੱਡਰੀਆਂ ਵਾਲੇ ਵੱਲੋਂ ਨਿਭਾਇਆ ਗਿਆ ਅਤੇ ਨਿਭਾਇਆ ਜਾ ਰਿਹਾ ਰੋਲ ਬਣਿਆ ਹੈ। ਪਿਛਲੇ ਅਰਸੇ ਵਿੱਚ ਜਿਵੇਂ ਬਾਦਲ ਟੋਲੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤ ਜਥੇਦਾਰਾਂ ਨੂੰ ਆਪਣੀ ਕਠਪੁਤਲੀ ਬਣਾਇਆ ਹੋਇਆ ਹੈ, ਜਿਵੇਂ ਇਹਨਾਂ ਸਿੱਖ ਧਾਰਮਿਕ ਸੰਸਥਾਵਾਂ ਅਤੇ ਅਸਥਾਨਾਂ ਦੀ ਦੁਰਵਰਤੋਂ ਅਤੇ ਦੁਰਗਤੀ ਕੀਤੀ ਜਾ ਰਹੀ ਹੈ, ਜਿਵੇਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜ਼ਾਮ ੱਿਦੱਤਾ ਗਿਆ ਹੈ ਅਤੇ ਗੁਰਮੀਤ ਰਾਮ ਰਹੀਮ ਸਿੰਘ ਦੇ ਮਾਮਲੇ ਵਿੱਚ ਤਖਤ-ਜਥੇਦਾਰਾਂ ਦੀ ਕੁਵਰਤੋਂ ਕੀਤੀ ਗਈ ਹੈ— ਇਹਨਾਂ ਕਰਕੇ ਅਤੇ ਸੰਘ ਲਾਣੇ ਦੀਆਂ ਘੱਟ-ਗਿਣਤੀਆਂ ਖਿਲਾਫ ਵਿੱਢੀਆਂ ਕਾਰਵਾਈਆਂ 'ਚੋਂ ਉਪਜੀ ਅਸੁਰੱਖਿਆ ਦੀ ਭਾਵਨਾ ਕਰਕੇ ਸਿੱਖ ਜਨਤਾ ਅੰਦਰ ਬਾਦਲ ਦੇ ਨਕਲੀ ਪੰਥਕ ਟੋਲੇ ਅਤੇ ਕਠਪੁਤਲੀ ਜਥੇਦਾਰਾਂ ਖਿਲਾਫ ਪ੍ਰਤੀਕਰਮ ਅਤੇ ਰੋਹਲੇ ਰੌਂਅ ਦਾ ਪਸਾਰਾ ਹੋਇਆ ਹੈ ਅਤੇ ਬਰਗਾੜੀ ਕਾਂਡ ਵੇਲੇ ਇਸਦਾ ਜ਼ੋਰਦਾਰ ਜਨਤਕ ਫੁਟਾਰਾ ਹੋਇਆ ਹੈ। ਇਸ ਜਨਤਕ ਰੋਹ-ਫੁਟਾਰੇ ਨੂੰ ਅਗਵਾਈ ਦੇਣ ਲਈ ਦੋ ਤਰ•ਾਂ ਦੀਆਂ ਤਾਕਤਾਂ ਮੈਦਾਨ ਵਿੱਚ ਆਈਆਂ ਹਨ: ਇੱਕ— ਸਿਮਰਨਜੀਤ ਮਾਨ ਵਰਗੀਆਂ ਖਾਲਿਸਤਾਨ ਪੱਖੀ ਫਿਰਕੂ ਜਨੂੰਨੀ ਸਿਆਸੀ ਤਾਕਤਾਂ ਅਤੇ ਦੂਜੀ— ਹਾਲੀਂ ਮੌਕਾਪ੍ਰਸਤ ਸਿਆਸੀ ਤਾਕਤਾਂ ਅਤੇ ਫਿਰਕੂ ਖਾਲਿਸਤਾਨੀ ਤਾਕਤਾਂ ਤੋਂ ਨਿਰਲੇਪ ਰਹਿ ਕੇ ਸਿੱਖ ਧਾਰਮਿਕ ਘੱਟ ਗਿਣਤੀ ਦੇ ਹਕੀਕੀ ਤੇ ਖਰੇ ਸਰੋਕਾਰਾਂ ਨੂੰ ਉਭਾਰਨ ਵਾਲੀਆਂ ਤਾਕਤਾਂ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਪੰਥਪ੍ਰੀਤ ਸਿੰਘ ਵਰਗੇ ਵਿਅਕਤੀ ਅਜਿਹੀਆਂ ਤਾਕਤਾਂ ਵਿੱਚ ਸ਼ੁਮਾਰ ਸਨ। ਸੰਤ ਢੱਡਰੀਆਂ ਵਾਲਾ ਖੁਦ ਇੱਕ ਨਿੱਕ-ਬੁਰਜੂਆ ਸਿੱਖ ਪ੍ਰਚਾਰਕ ਅਤੇ ਡੇਰੇ ਦਾ ਮਾਲਕ ਹੈ, ਜਿਹੜਾ ਪ੍ਰਸਿੱਧੀ ਅਤੇ ਮਾਇਆਧਾਰੀ ਲਾਲਚਾਂ ਅਤੇ ਲਾਲਸਾਵਾਂ ਤੋਂ ਮੁਕਤ ਨਹੀਂ ਹੈ, ਪਰ ਫੇਰ ਵੀ ਉਸ ਵੱਲੋਂ ਪੰਥਪ੍ਰੀਤ ਵਰਗੇ ਵਿਅਕਤੀਆਂ ਨਾਲ ਰੱਲ ਕੇ ਗੈਰ-ਫਿਰਕੂ ਪੈਂਤੜੇ ਤੋਂ ਸਿੱਖ ਜਨਤਾ ਦੇ ਸਰੋਕਾਰਾਂ ਤੇ ਮੰਗਾਂ ਨੂੰ ਉਭਾਰਿਆ ਗਿਆ ਹੈ ਅਤੇ ਸਿੱਖ ਜਨਤਾ ਦੇ ਰੋਹ ਅਤੇ ਘੋਲ ਨੂੰ ਬਾਦਲ ਟੋਲੇ, ਕਠਪੁਤਲੀ ਤਖਤ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਖਿਲਾਫ ਸੇਧਤ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਹਾਲਤ ਵਿੱਚ ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਅਤੇ ਉਸਦੇ ਦੁਆਲੇ ਜੁੜੇ ਅਖੌਤੀ ਸੰਤ ਸਮਾਜ ਵੱਲੋਂ ਬਾਦਲ ਟੋਲੇ ਦਾ ਨੰਗਾ-ਚਿੱਟਾ ਪੱਖ ਪੂਰਿਆ ਗਿਆ ਹੈ। 
ਇਸ ਤੋਂ ਬਾਅਦ ਵੀ ਸੰਤ ਢੱਡੀਆਂ ਵਾਲੇ ਵੱਲੋਂ ਆਪਣੇ ਕੀਰਤਨ ਸਮਾਗਮਾਂ ਵਿੱਚ ਬਾਦਲ ਟੋਲੇ ਅਤੇ ਉਸਦੇ ਹੱਥਠੋਕਿਆਂ ਖਿਲਾਫ ਪ੍ਰਚਾਰ ਜੋਰਸ਼ੋਰ ਨਾਲ ਜਾਰੀ ਰੱਖਿਆ ਹੋਇਆ ਸੀ। ਉਸਦੇ ਇਸ ਪ੍ਰਚਾਰ-ਹੱਲੇ ਦੇ ਸਿੱਟੇ ਵਜੋਂ ਉਸ ਨਾਲ ਬਾਦਲ ਟੋਲੇ ਅਤੇ ਉਸਦੇ ਹੱਥਠੋਕਿਆਂ ਦਾ ਵਿਰੋਧ ਅਤੇ ਟਕਰਾਅ ਹੋਰ ਤਿੱਖਾ ਹੋ ਗਿਆ ਸੀ। ਇਹ ਪ੍ਰਚਾਰ-ਹੱਲਾ ਸਿੱਖ ਧਾਰਮਿਕ ਜਨਤਾ ਅੰਦਰ ਬਾਦਲ ਟੋਲੇ ਅਤੇ ਉਸਦੇ ਹੱਥਠੋਕੇ ਸੰਤਾਂ-ਮਹੰਤਾਂ ਖਿਲਾਫ ਬਦਜ਼ਨੀ ਅਤੇ ਰੋਸ ਨੂੰ ਹਵਾ ਦੇਣ ਦਾ ਅਹਿਮ ਕਾਰਨ ਬਣ ਰਿਹਾ ਸੀ। ਇਹ ਗੱਲ ਬਾਦਲ-ਟੋਲੇ ਅਤੇ ਉਸਦੇ ਪਿੱਛਲੱਗ ਸੰਤਾਂ-ਮਹੰਤਾਂ ਅੰਦਰ ਡਾਢੀ ਔਖ ਤੇ ਰੜਕ ਪੈਦਾ ਕਰ ਰਹੀ ਸੀ। ਇਸ ਰੜਕ ਨੂੰ ਕੱਢਣ ਲਈ ਅਤੇ ਢੱਡਰੀਆਂ ਵਾਲੇ ਦਾ ਮੂੰਹ ਬੰਦ ਕਰਨ ਲਈ ਹੀ ਇਹਨਾਂ ਤਾਕਤਾਂ ਵੱਲੋਂ ਆਪਸੀ ਗਿੱਟਮਿੱਟ ਰਾਹੀਂ ਇਸ ਹਮਲੇ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਇਹ ਹਮਲਾ ਨਾਕਾਮ ਹੋ ਗਿਆ ਹੈ ਅਤੇ ਸੰਤ ਢੱਡਰੀਆਂ ਵਾਲਾ ਬਚ ਨਿਕਲਿਆ ਹੈ। 
ਇਹ ਦੇਖਣਾ ਬਾਕੀ ਹੈ ਕਿ ਉਹ ਇਸ ਹਮਲੇ ਨਾਲ ਦਹਿਸ਼ਤਜ਼ਦਾ ਹੋ ਕੇ ਬਾਦਲ ਟੋਲੇ ਮੂਹਰੇ ਲਿਫਣ ਦੇ ਰਾਹ ਪੈਂਦਾ ਹੈ ਜਾਂ ਇਹਨਾਂ ਤਾਕਤਾਂ ਨਾਲ ਕਿਸੇ ਸਮਝੌਤੇ ਦੇ ਰਾਹ ਪੈਂਦਾ ਹੈ ਅਤੇ ਜਾਂ ਫਿਰ ਆਪਣੀ ਪਹਿਲੀ ਸੁਰ ਬਰਕਰਾਰ ਰੱਖਦਾ ਹੈ। 

No comments:

Post a Comment