Sunday, 29 October 2017

ਕੋਰਾਪੁੱਟ ਵਿੱਚ ਫੌਜੀ ਬਲਾਂ ਵੱਲੋਂ ਸਕੂਲੀ ਲੜਕੀ ਨਾਲ ਬਲਾਤਕਾਰ ਵਿਰੁੱਧ
ਆਦਿਵਾਸੀਆਂ ਸੜਕਾਂ 'ਤੇ ਆਏ

-ਨਾਜ਼ਰ ਸਿੰਘ ਬੋਪਾਰਾਏ
ਉੜੀਸਾ ਦੇ ਕੋਰਾਪੁੱਟ ਜਿਲ੍ਹੇ ਵਿੱਚ ਪੋਤੰਗੀ ਪੁਲਸ ਥਾਣੇ ਦੇ ਪਿੰਡ ਸੋਰਿਸਪਡਾਰ ਵਿੱਚ 9ਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਜਿਉਂ ਹੀ ਆਪਣੇ ਘਰ ਵਿੱਚ ਦਾਖਲ ਹੋਈ ਤਾਂ ਬਾਰਡਰ ਸਕਿਊਰਿਟੀ ਫੋਰਸ ਦੇ 4 ਫੌਜੀਆਂ ਨੇ ਠੁੱਡੇ ਮਾਰ ਮਾਰ ਕੇ ਦਰਵਾਜ਼ਾ ਤੋੜ ਦਿੱਤਾ ਅਤੇ ਲੜਕੀ 'ਤੇ ਝਪਟ ਪਏ। ਉਹਨਾਂ ਨੇ ਲੜਕੀ ਦੇ ਮੂੰਹ 'ਤੇ ਕੱਪੜਾ ਬੰਨ੍ਹ ਦਿੱਤਾ ਤਾਂ ਕਿ ਬੋਲ ਨਾ ਸਕੇ ਅਤੇ ਉਸਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਜੰਗਲ ਵਿੱਚ ਲੈ ਗਏ। ਲੜਕੀ ਦੇ ਤਾਏ ਦੇ ਲੜਕੇ ਗਣਗੰਨਾ ਨੇ ਫੌਜੀ ਬਲਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਨੇ ਉਸਦਾ ਮੂੰਹ ਬੰਦ ਕਰਕੇ ਨੂੜ ਲਿਆ ਅਤੇ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਜਾਂਦੇ ਹੋਏ ਉਹ ਲੜਕੀ ਨੂੰ ਇਹ ਧਮਕੀਆਂ ਦੇ ਕੇ ਗਏ ਕਿ ਇਸ ਘਟਨਾ ਦੀ ਜੇ ਕਿਸੇ ਕੋਲ ਭਾਫ ਵੀ ਕੱਢੀ ਤਾਂ ਉਸ ਨੂੰ ਜਾਨੋ ਮਾਰ ਦਿੱਤਾ ਜਾਵੇਗਾ ਅਤੇ ਉਸਦੇ ਮਾਪਿਆਂ ਨੂੰ ਜਬਰ ਦਾ ਨਿਸ਼ਾਨਾ ਬਣਾਇਆ ਜਾਵੇਗਾ। ਜਦੋਂ ਫੌਜੀ ਬਲ ਚਲੇ ਗਏ ਤਾਂ ਲੜਕੇ ਨੇ ਕਿਸੇ ਤਰ੍ਹਾਂ ਆਪਣੇ ਮੂੰਹ ਤੋਂ ਪੱਟੀ ਲਾਹ ਲਈ ਅਤੇ ਆਪਣੇ ਆਪ ਨੂੰ ਘਸੀਟਦਾ ਹੋਇਆ ਉਸ ਲੜਕੀ ਕੋਲ ਚਲਿਆ ਗਿਆ। ਉਸਨੇ ਆਪਣੇ ਮੂੰਹ ਨਾਲ ਲੜਕੀ ਦੇ ਬੰਨ੍ਹੇ ਹੋਏ ਹੱਥਾਂ ਦੀ ਗੰਢ ਖੋਲ੍ਹੀ। ਲੜਕੀ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਉਸ ਲੜਕੇ ਦੇ ਹੱਥ-ਪੈਰ ਖੋਲ੍ਹੇ। ਗਣਗੰਨਾ ਨੇ ਜਦੋਂ ਲੜਕੀ ਤੋਂ ਉਸਦਾ ਹਾਲ ਜਾਣਨਾ ਚਾਹਿਆ ਤਾਂ ਉਹ ਡਰਦੀ ਮਾਰੀ ਕੁੱਝ ਵੀ ਬੋਲਣੋ ਅਸਮਰੱਥ ਸੀ।
ਕੁੜੀ ਦੀ ਇਹ ਹਾਲਤ ਦੇਖ ਕੇ ਗਣਗੰਨਾ ਦੌੜ ਕੇ ਖੇਤਾਂ ਵੱਲ ਗਿਆ ਜਿੱਥੇ ਕੁੜੀ ਦੇ ਮਾਪੇ ਜੰਗਲੀ ਅਤੇ ਅਵਾਰਾ ਜਾਨਵਰਾਂ ਤੋਂ ਆਪਣੀਆਂ ਫਸਲਾਂ ਦੀ ਰਾਖੀ ਕਰਨ ਲਈ ਗਏ ਹੋਏ ਸਨ। ਉਹ ਇੱਕ ਵਾਰੀ ਤਾਂ ਡਰ ਗਏ ਅਤੇ ਕੋਈ ਹੀਲਾ-ਵਸੀਲਾ ਜਾਂ ਚਾਰਾਚੋਈ ਕਰਨ ਤੋਂ ਘਬਰਾਏ। ਪਰ ਜਿਵੇਂ ਜਿਵੇਂ ਇਸ ਘਟਨਾ ਦੀ ਜਾਣਕਾਰੀ ਪਿੰਡ ਦੇ ਹੋਰਨਾਂ ਲੋਕਾਂ ਨੂੰ ਮਿਲੀ ਤਾਂ ਉਹਨਾਂ ਨੇ ਇਸ ਕੁੜੀ ਅਤੇ ਮਾਪਿਆਂ ਦੇ ਦਰਦ ਨੂੰ ਖੁਦ ਆਪਣਾ ਦਰਦ ਮੰਨ ਕੇ ਜਬਰ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦੀ ਮੰਗ ਕੀਤੀ ਕਿ ਜੇਕਰ ਵਧਦੇ ਜਾ ਰਹੇ ਫੌਜੀ ਜਬਰ ਨੂੰ ਟੱਕਰ ਨਾ ਦਿੱਤੀ ਗਈ ਤਾਂ ਕੱਲ੍ਹ ਨੂੰ ਅਜਿਹੀ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ। ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਵਿੱਚ ਫੌਜੀ ਬਲਾਂ ਵੱਲੋਂ ਦੋ ਪਰਿਵਾਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਸੀ। 11 ਫਰਵਰੀ ਨੂੰ ਰਾਤੀਂ ਇੱਕ ਵਜੇ ਇੱਕ ਘਰੇ ਹੱਲਾ ਬੋਲ ਕੇ ਉਹਨਾਂ ਦੀਆਂ 15 ਮੁਰਗੀਆਂ ਅਤੇ 2500 ਰੁਪਏ ਲੈ ਗਏ ਸਨ ਅਤੇ ਇੱਕ ਹੋਰ ਪਰਿਵਾਰ ਵਿੱਚ ਧਾੜਾ ਮਾਰ ਕੇ 10 ਮੁਰਗੀਆਂ ਅਤੇ 5000 ਰੁਪਏ ਲੁੱਟ ਕੇ ਲੈ ਗਏ ਸਨ। ਇਸ ਲੜਕੀ ਦੇ ਮਾਪਿਆਂ ਨੂੰ ਫੌਜੀ ਖੌਫ ਤੋਂ ਇਲਾਵਾ ਕੇਸ ਲੜਨ ਲਈ ਕੀਤੇ ਜਾਣ ਵਾਲੇ ਖਰਚਿਆਂ ਦਾ ਵੀ ਸੰਸਾ ਸੀ, ਜੋ ਇਹਨਾਂ ਦੇ ਵਸ ਦਾ ਰੋਗ ਨਹੀਂ ਸੀ। ਪਿੰਡ ਦੇ ਲੋਕਾਂ ਅਤੇ ਇਨਕਲਾਬੀ ਜਮਹੂਰੀ ਸੋਝੀ ਵਾਲੇ ਕਾਰਕੁੰਨਾਂ ਨੇ ਪਰਿਵਾਰ ਨੂੰ ਤੌਖਲਿਆਂ ਤੋਂ ਮੁਕਤ ਕੀਤਾ ਅਤੇ ਖਰਚੇ ਦੀ ਜੁੰਮੇਵਾਰੀ ਵੀ ਸਾਂਝੇ ਤੌਰ 'ਤੇ ਓਟ ਲਈ। ਉਹਨਾਂ ਨੇ ਮਾਪਿਆਂ ਨੂੰ ਸਮਝਾਇਆ ਕਿ ਜਿਹੜੇ ਪਿੰਡਾਂ ਵਿੱਚ ਫੌਜੀ ਬਲਾਂ ਦਾ ਕੋਈ ਵਿਰੋਧ ਨਹੀਂ ਹੁੰਦਾ ਉੱਥੇ ਇਹ ਵਾਰ ਵਾਰ ਧੱਕੇਸ਼ਾਹੀਆਂ ਕਰਦੇ ਹਨ, ਪਰ ਜਿਹਨਾਂ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਟਾਕਰਾ ਅਤੇ ਵਿਰੋਧ ਕਰਦੇ ਹੋਏ ਕੋਈ ਨਾ ਕੋਈ ਕਾਨੂੰਨੀ ਚਾਰਾਜੋਈਆਂ ਵੀ ਕਰਦੇ ਹਨ, ਉੱਥੇ ਇਹ ਜਬਰ ਘਟੇ ਹਨ। ਲੋਕਾਂ ਵੱਲੋਂ ਮਿਲੇ ਹੌਸਲੇ ਤੋਂ ਪਰਿਵਾਰ ਨੇ ਵੀ ਹਿੰਮਤ ਜੁਟਾਈ। ਪਿੰਡ ਦੇ ਲੋਕਾਂ ਨੇ ਇਹ ਮਤਾ ਪਕਾਇਆ ਕਿ ਮੁਢਲੀ ਰਿਪੋਰਟ ਸਥਾਨਕ ਥਾਣੇ ਵਿੱਚ ਨਾ ਕੀਤੀ ਜਾਵੇ, ਕਿਉਂਕਿ ਪੁਲਸ ਕੇਸ ਰਫਾ-ਦਫਾ ਕਰ ਸਕਦੀ ਹੈ ਬਲਕਿ ਰਿਪੋਰਟ ਕਿਸੇ ਵਕੀਲ ਰਾਹੀਂ ਕੋਰਾਪੁੱਟ ਦੇ ਜ਼ਿਲ੍ਹਾ ਅਧਿਕਾਰੀਆਂ ਕੋਲ ਦਰਜ ਕਰਵਾਈ ਜਾਵੇ। ਇਸ ਘਟਨਾ ਦਾ ਜਿਵੇਂ ਜਿਵੇਂ ਇਲਾਕੇ ਦੇ ਪਿੰਡਾਂ ਵਿੱਚ ਪਤਾ ਲੱਗਦਾ ਗਿਆ ਤਾਂ 11 ਅਕਤੂਬਰ ਨੂੰ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਸ਼ਾਹਰਾਹ 'ਤੇ ਜਾਮ ਲਗਾ ਦਿੱਤਾ। ਇਲਾਕੇ ਦੇ ਕਾਂਗਰਸੀ ਵਿਧਾਇਕ ਨੇ ਚੱਕਾ ਜਾਮ ਵਿੱਚ ਹਿੱਸਾ ਲੈ ਕੇ ਲੋਕਾਂ ਦੀ ਮੱਦਦ ਦਾ ਐਲਾਨ ਕੀਤਾ। ਮੁੱਖ ਮੰਤਰੀ ਬੀਜੂ ਪਟਨਾਇਕ ਨੇ ਇਸ ਘਟਨਾ 'ਤੇ ਮੱਗਰਮੱਛੀ ਹੰਝੂ ਵਹਾਉਂਦੇ ਹੋਏ ਲੜਕੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਅਤੇ ਉਸਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਵੱਲੋਂ ਕਰਨ ਦਾ ਐਲਾਨ ਕੀਤਾ। ਲੋਕਾਂ ਦੇ ਗੁੱਸੇ ਅਤੇ ਰੋਹ ਦਾ ਸੇਕ ਕੇਂਦਰੀ ਪੈਟਰੋਲੀਅਮ ਅਤੇ ਗੈਸ ਮੰਤਰੀ ਤੱਕ ਵੀ ਪਹੁੰਚਿਆ ਤੇ ਉਸਨੇ ਵੀ ਲੋਕਾਂ ਨੂੰ ''ਇਨਸਾਫ'' ਦਿਵਾਉਣ ਦੀ ਪਾਖੰਡਬਾਜ਼ੀ ਕੀਤੀ। ਲੋਕਾਂ ਦੇ ਦਬਾਅ ਤਹਿਤ ਸਥਾਨਕ ਅਧਿਕਾਰੀਆਂ ਨੇ ਜਾਂਚ ਕਮਿਸ਼ਨ ਬਣਾ ਕੇ ਹਫਤੇ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰਨ ਦਾ ਐਲਾਨ ਕੀਤਾ।
ਸੋਰਿਸਪਡਾਰ ਪਿੰਡ ਦੇ ਆਦਿ ਵਾਸੀਆਂ ਨੇ ਜਿਸ ਜੁਰਅੱਤ ਅਤੇ ਦਲੇਰੀ ਦਾ ਪ੍ਰਗਟਾਵਾ ਕੀਤਾ ਹੈ- ਇਹ ਉਹਨਾਂ ਨੇ ਆਦਿਵਾਸੀ ਖੇਤਰ ਦੇ ਹੋਰਨਾਂ ਪਿੰਡਾਂ ਵਿੱਚ ਕੀਤੇ ਗਏ ਟਾਕਰੇ ਤੋਂ ਸਿੱਖਿਆ ਹੈ। ਇਸ ਤੋਂ ਪਹਿਲਾਂ ਧੁਮਸਿਲ, ਬਾਸਨਾਪੁਤ, ਪਾਲਾਪੁਤ, ਪੋਟਾਪਡਾਰ ਆਦਿ ਪਿੰਡਾਂ ਦੇ ਲੋਕਾਂ ਨੇ ਟਾਕਰਾ ਕੀਤਾ ਅਤੇ ਫੌਜੀ ਬਲਾਂ ਦੀਆਂ ਧੱਕੇਸ਼ਾਹੀਆਂ ਵਿਰੁੱਧ ਪੈਰਵਾਈਆਂ ਕੀਤੀਆਂ। ਲੋਕਾਂ ਦੇ ਵਧਦੇ ਗੁੱਸੇ ਅਤੇ ਫੌਜੀ ਬਲਾਂ ਦੀ ਹੋਰ ਬਦਨਾਮੀ ਸਨਮੁੱਖ ਉਹਨਾਂ ਨੂੰ ਕਿਸੇ ਹੱਦ ਤੱਕ ਪਿੱਛੇ ਹਟਣਾ ਪਿਆ ਹੈ।
ਖਣਿਜ-ਖਾਣਾਂ ਨਾਲ ਭਰਪੂਰ ਇਹਨਾਂ ਖੇਤਰਾਂ ਵਿੱਚ ਆਦਿਵਾਸੀਆਂ ਨੂੰ ਬਾਹਰ ਕੱਢ ਮਾਰਨ ਲਈ ਭਾਰਤੀ ਹਾਕਮ ਤਰ੍ਹਾਂ ਤਰ੍ਹਾਂ ਦੇ ਹਰਬੇ ਅਤੇ ਹਥਕੰਡੇ ਵਰਤਦੇ ਆ ਰਹੇ ਹਨ। ਭਾਰਤੀ ਫੌਜੀ ਬਲਾਂ ਵੱਲੋਂ ਆਦਿਵਾਸੀ ਔਰਤਾਂ ਨਾਲ ਕੀਤੇ ਗਏ ਬਲਾਤਕਾਰ ਕੋਈ ਆਪ-ਮੁਹਾਰਤਾ ਦਾ ਵਰਤਾਰਾ ਨਹੀਂ ਹਨ ਬਲਕਿ ਇਹ ਕੁੱਝ ਗਿਣੀ-ਮਿਥੀ ਯੁੱਧਨੀਤੀ ਦਾ ਹਿੱਸਾ ਹਨ, ਜਿਸ ਵਿੱਚ ਬਲਾਤਕਾਰ ਨੂੰ ਇੱਕ ਹਥਿਆਰ ਵਜੋਂ ਵਰਤਦੇ ਹੋਏ ਪੀੜਤ ਲੋਕਾਂ ਨੂੰ ਨਮੋਸ਼ੀ ਦੀ ਹਾਲਤ ਵਿੱਚ ਸੁੱਟ ਕੇ ਅਤੇ ਜਿੱਚ ਅਤੇ ਜਲੀਲ ਕਰਕੇ ਉਹਨਾਂ ਨੂੰ ਬੇਵਸੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਕਿਸੇ ਹੀਣ-ਭਾਵਨਾ 'ਚੋਂ ਕੋਈ ਵਿਰੋਧ ਜਾਂ ਟਾਕਰਾ ਨਾ ਕਰ ਸਕਣ। ਆਦਿਵਾਸੀ ਔਰਤਾਂ ਅਤੇ ਕੁੜੀਆਂ ਨਾਲ ਕਿਸੇ ਬਲਾਤਕਾਰ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਬਲਕਿ ਇਸ ਤੋਂ ਪਹਿਲਾਂ ਸੋਨੀ ਸੋਰੀ ਨਾਲ ਅਜਿਹਾ ਕਰੂਰ ਕਾਰਾ ਵਾਪਰ ਚੁੱਕਿਆ ਹੈ। ਆਦਿਵਾਸੀ ਲੜਕੀ ਹਿਡਮੇ ਨੂੰ ਕਤਲ ਹੋਣ ਤੋਂ ਪਹਿਲਾਂ ਅਜਿਹਾ ਸੰਤਾਪ ਝੱਲਣਾ ਪਿਆ ਸੀ। ਪਰ ਜਿਹੜੇ ਵੀ ਅਗਾਂਹਵਧੂ, ਸੰਘਰਸ਼ਸ਼ੀਲ ਚੇਤਨ ਹਿੱਸੇ ਦੁਸ਼ਮਣ ਦੀ ਇਸ ਯੁੱਧਨੀਤੀ ਨੂੰ ਸਮਝਦੇ ਹਨ, ਉਹ ਇਸ ਨੂੰ ਟੱਕਰ ਦੇਣ ਦੀ ਹਾਲਤ ਵਿੱਚ ਵੀ ਹੋ ਜਾਂਦੇ ਹਨ।
ਭਾਰਤੀ ਹਾਕਮਾਂ ਵੱਲੋਂ ਆਦਿਵਾਸੀ ਖੇਤਰਾਂ 'ਤੇ ਕਬਜ਼ਿਆਂ ਲਈ ਨੰਗੇ-ਚਿੱਟੇ ਫੌਜੀ ਜਬਰ ਨੂੰ ਹੀ ਨਹੀਂ ਵਰਤਿਆ ਜਾ ਰਿਹਾ ਬਲਕਿ ਇਹ ਲੋਕਾਂ ਵਿੱਚ ਕਮਜ਼ੋਰ ਹਿੱਸੇ ਨੂੰ ਭ੍ਰਿਸ਼ਟ ਕਰਕੇ ''ਸ਼ਾਂਤੀ ਕਮੇਟੀ'' ਦੇ ਨਾਂ ਹੇਠ ਜਥੇਬੰਦ ਕਰਦੀ ਹੈ ਜੋ ਸਰਕਾਰੀ ਬੁਰਕੀਆਂ 'ਤੇ  ਪਲਦੇ ਹੋਏ ਹਕੂਮਤ ਲਈ ਟਾਊਟਾਂ ਅਤੇ ਜਾਸੂਸਾਂ ਦਾ ਰੋਲ ਵੀ ਨਿਭਾਉਂਦੇ ਹਨ। ਇਸ ਇਲਾਕੇ ਦੇ ਆਦਿਵਾਸੀਆਂ ਨੇ ''ਚਾਸੀ ਮੁਲੀਆ ਆਦਿਵਾਸੀ ਸੰਘ'' ਨਾਂ ਦੀ ਜਥੇਬੰਦੀ ਬਣਾਈ ਹੋਈ ਹੈ, ਜੋ ਨਾ ਸਿਰਫ ਆਦਿਵਾਸੀਆਂ ਦੇ ਹੱਕਾਂ-ਹਿੱਤਾਂ ਦੀ ਆਵਾਜ਼ ਬੁਲੰਦ ਕਰਦੀ ਹੈ ਬਲਕਿ ਇਹ ਗੁੰਡੇ, ਪੁਲਸ ਜਾਂ ਫੌਜੀ ਬਲਾਂ ਦੇ ਜਬਰ-ਜ਼ੁਲਮ ਵਿਰੁੱਧ ਵੀ ਲੋਕਾਂ ਨੂੰ ਜਥੇਬੰਦ ਕਰਦੀ ਹੋਈ ਸੰਘਰਸ਼ਾਂ ਦੇ ਰਾਹ ਪਾਉਂਦੀ ਹੈ। ਪਰ ਲੋਕਾਂ ਦੇ ਟਾਕਰੇ ਨੂੰ ਖੁੰਡਾ ਕਰਨ ਦੇ ਹਥਿਆਰ ਵਜੋਂ ਪੁਲਸੀ ਅਤੇ ਫੌਜੀ ਬਲ ''ਸ਼ਾਂਤੀ ਕਮੇਟੀ'' ਦੇ ਮੈਂਬਰਾਂ ਰਾਹੀਂ ਸੂਹਾਂ ਹਾਸਲ ਕਰਕੇ ਚਾਸੀ ਮੁਲੀਆ ਆਦਿਵਾਸੀ ਸੰਘ ਦੇ ਚੋਣਵੇਂ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਜਬਰ ਦਾ ਨਿਸ਼ਾਨਾ ਬਣਾਉਂਦੇ ਹਨ ਤਾਂ ਕਿ ਉਹਨਾਂ ਨੂੰ ਡਰਾ-ਧਮਕਾ ਕੇ ਆਪਣੇ ਆਕਾਵਾਂ ਦੇ ਹਿੱਤਾਂ ਦੀ ਪੂਰਤੀ ਕਰ ਸਕਣ। ਪਰ ਜਿੱਥੇ ਜਬਰ ਹੈ, ਉੱਥੇ ਟਾਕਰਾ ਹੋਣ ਦੀਆਂ ਗੁੰਜਾਇਸ਼ਾਂ ਹੁੰਦੀਆਂ ਹਨ, ਜਿੱਥੇ ਟਾਕਰੇ ਅਤੇ ਸੰਘਰਸ਼ਾਂ ਰਾਹੀਂ ਚੇਤਨਾ ਹਾਸਲ ਹੋਈ ਹੋਵੇ ਉਹ ਲੋਕਾਂ ਦੇ ਗੁੱਸੇ ਅਤੇ ਰੋਹ ਨੂੰ ਭਾਂਬੜਾਂ ਵਿੱਚ ਬਦਲ ਸਕਦੀ ਹੈ। ਅਜਿਹੇ ਸੰਘਰਸ਼ਾਂ ਅਤੇ ਟਾਕਰੇ ਵਿੱਚ ਪਏ ਨੌਜਵਾਨ ਮੁੰਡੇ ਕੁੜੀਆਂ ਮਾਓਵਾਦੀਆਂ ਵੱਲੋਂ ਬਣਾਈ ਫੌਜ ਵਿੱਚ ਭਰਤੀ ਹੋ ਕੇ ਟਾਕਰਾ ਲਹਿਰ ਨੂੰ ਪ੍ਰਚੰਡ ਕਰਦੇ ਜਾ ਰਹੇ ਹਨ।

No comments:

Post a Comment