Sunday, 29 October 2017

ਸੰਘਰਸ਼ ਦੇ ਮੈਦਾਨ 'ਚੋਂ

ਸੰਘਰਸ਼ ਦੇ ਮੈਦਾਨ 'ਚੋਂ
ਸਰਕਾਰੀ ਫੁਰਮਾਨਾਂ ਠੁਕਰਾਉਂਦੇ ਹੋਏ
ਕਿਸਾਨਾਂ ਨੇ ਝੋਨੇ ਦੀ ਪਰਾਲੀ ਫੂਕੀ

ਸੱਤ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਪਰ ਪੰਜ ਰੋਜ਼ਾ ਪਟਿਆਲਾ ਮੋਰਚੇ ਦੇ ਆਖਰੀ ਦਿਨ ਸਾਂਝੇ ਤੌਰ 'ਤੇ ਐਲਾਨ ਕੀਤਾ ਗਿਆ ਸੀ ਕਿ ਆਉਣ ਵਾਲੇ ਮਹੀਨੇ ਪਰਾਲੀ ਵਾਲੇ ਮੁੱਦੇ ਅਤੇ ਕਰਜ਼ਾ ਮੁਆਫੀ ਵਾਲੇ ਮੁੱਦੇ ਉੱਪਰ ਪਿੰਡਾਂ ਨੂੰ ਘੋਲ ਦੇ ਅਖਾੜਿਆਂ ਵਿੱਚ ਬਦਲ ਦਿਓ।
ਇਸ ਸੱਦੇ ਦੀ ਰੌਸ਼ਨੀ ਵਿੱਚ ਜਥੇਬੰਦੀ ਦੀ 3 ਅਕਤੂਬਰ ਦੀ ਸੂਬਾਈ ਮੀਟਿੰਗ ਵਿੱਚ ਕੰਮ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਰਗਰਮੀ ਦੀ ਠੋਸ ਵਿਉਂਤਬੰਦੀ ਕਰਕੇ ਡਿਊਟੀਆਂ ਲਾਈਆਂ ਗਈਆਂ। ਇਹ ਵਿਉਂਤ ਬਣੀ ਕਿ ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ ਅਤੇ ਫਿਰੋਜ਼ਪੁਰ ਵਿੱਚ, ਬਲਾਕਵਾਰ ਪਿੰਡਾਂ ਦੀਆਂ ਖੁੱਲ੍ਹੀਆਂ ਜਨਤਕ ਮੀਟਿੰਗਾਂ ਅਤੇ ਇਕੱਠ ਕਰਕੇ, ਪਰਾਲੀ ਵਾਲੇ ਮਸਲੇ ਉੱਪਰ ਵਿਸ਼ੇਸ਼ ਕਮੇਟੀਆਂ ਬਣਾਈਆਂ ਜਾਣ, ਜੋ ਕਮੇਟੀਆਂ ਅੱਗੇ ਪਿੱਡਾਂ‘ ਵਿੱਚ ਆਪਣੇ ਆਪਣੇ ਏਰੀਏ ਮੁਤਾਬਕ ਕਿਸਾਨਾਂ ਨਾਲ ਤਾਲਮੇਲ ਕਰਕੇ ਅਤੇ ਤਿਆਰੀ ਕਰਕੇ ਮਿਥੀ ਗਈ ਤਾਰੀਕ ਉੱਪਰ ਇਕੱਠੇ ਹੋ ਕੇ ਪਹਿਲਾਂ ਮੁਜਾਹਰਾ ਕਰਨ ਅਤੇ ਫਿਰ ਪਰਾਲੀ ਨੂੰ ਅਗਨੀ ਭੇਟ ਕਰਨ।
ਉਕਤ ਸਕੀਮ ਮੁਤਾਬਕ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਜ਼ੀਰਾ, ਘੱਲ ਖੁਰਦ ਅਤੇ ਮੱਖੁ ਬਲਾਕਾਂ ਦੇ ਪਿੰਡਾਂ ਵਿੱਚ ਮੋਗਾ-1 ਅਤੇ ਮੋਗਾ-2 ਬਲਾਕਾਂ ਦੇ ਪਿੰਡਾਂ, ਬਠਿੰਡਾ ਜ਼ਿਲ੍ਹੇ ਦੇ ਬਲਾਕ ਫੂਲ, ਰਾਮਪੁਰਾ, ਨਥਾਣਾ ਤੇ ਬਠਿੰਡਾ ਦੇ ਪਿੰਡਾਂ ਵਿੱਚ ਅਤੇ ਫਰੀਦਕੋਟ ਦੇ ਜੈਤੋ ਬਲਾਕ ਦੇ ਪਿੰਡਾਂ ਵਿੱਚ ਬੀ.ਕੇ.ਯੂ. (ਕ੍ਰਾਂਤੀਕਾਰੀ) ਦੀਆਂ ਕਮੇਟੀਆਂ ਦੇ ਨਾਲ ਨਾਲ ਸਪੈਸ਼ਲ ਪਰਾਲੀ ਕਮੇਟੀਆਂ ਦਾ ਗਠਨ ਕੀਤਾ ਗਿਆ। ਅਗੇਤੇ ਪਿਛੇਤੇ ਝੋਨੇ ਦੀਆਂ ਕਿਸਮਾਂ ਦੀ ਕਟਾਈ ਦੇ ਵੱਖ ਵੱਖ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ 15 ਅਕਤੂਬਰ ਤੋਂ ਸ਼ੁਰੂ ਕਰਕੇ, ਹਰ ਐਤਵਾਰ ਨੂੰ ਇਕੱਠੇ ਹੋ ਕੇ ਅੱਗ ਲਾਉਣ ਯੋਗ ਤਿਆਰ ਰਕਬੇ ਨੂੰ ਅੱਗ ਲਗਾਈ ਜਾਇਆ ਕਰੇਗੀ।
ਇਸ ਵਿਉਂਤ ਨੂੰ ਸਫਲਤਾ ਸਹਿਤ ਸਿਰੇ ਚਾੜ੍ਹਨ ਲਈ, 15 ਅਕਤੂਬਰ ਤੱਕ ਤਿਆਰੀ ਮੁਹਿੰਮ ਵਜੋਂ ਮੀਟਿੰਗਾਂ ਦੀ ਲੜੀ ਸ਼ੁਰੂ ਕੀਤੀ ਗਈ, ਜਿਹਨਾਂ ਰੈਲੀਆਂ ਵਿੱਚ ਪਰਾਲੀ ਮਾਮਲੇ ਨਾਲ ਜੁੜੇ ਸਾਰੇ ਸੁਆਲਾਂ ਉੱਪਰ ਵਿਸਥਾਰੀ ਵਿਆਖਿਆ ਦੇ ਕੇ ਸਰਕਾਰ, ਸਰਕਾਰੀ ਮੀਡੀਏ, ਸਰਕਾਰ ਪੱਖੀ ਪੇਂਡੂ ਚੌਧਰੀਆਂ ਦੇ ਪ੍ਰਚਾਰ ਨੂੰ ਕਾਟ ਕੀਤਾ ਗਿਆ। ਜਿਵੇਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਫੈਸਲੇ ਦੀ ਚੀਰਫਾੜ ਅਤੇ ਪਰਾਲੀ ਖੇਤ ਵਿੱਚ ਵਾਹੁਣ ਦੇ ਵਾਧੂ ਖਰਚੇ ਨੂੰ ਸਰਕਾਰ ਵੱਲੋਂ ਓਟਣ ਆਦਿ ਸੁਆਲਾਂ ਉੱਤੇ ਪਿੰਡਾਂ ਦੇ ਕਿਸਾਨ ਇਕੱਠਾਂ ਵਿੱਚ ਭਰਵੀਂ ਚਰਚਾ ਕਰਵਾਈ। ਇਸੇ ਦਾ ਸਿੱਟਾ ਸੀ ਕਿ ਜਿਹੜੇ ਵੀ ਪਿੰਡ ਕੋਈ ਆਗੂ ਜਾਂ ਜਥੇਬੰਦੀ ਗਈ ਉੱਥੇ ਹੀ ਪਰਾਲੀ ਸਾੜਨ ਖਾਤਰ ਸਾਂਝੇ ਮਤੇ ਪਾਸ ਹੋਣੇ ਸ਼ੁਰੂ ਹੋ ਗਏ ਅਤੇ ਸੋਸ਼ਲ ਮੀਡੀਏ ਅਤੇ ਪ੍ਰੈਸ ਮੀਡੀਏ ਰਾਹੀਂ ਮਤਿਆਂ ਦੀ ਇਸ ਲਹਿਰ ਦਾ ਲਗਾਤਾਰ ਪ੍ਰਚਾਰ ਵੀ ਹੋਇਆ। ਇਸ ਲਹਿਰ ਨੇ ਕਿਸਾਨਾਂ ਦੇ ਗੁੱਸੇ ਦੇ ਨਾਲ ਨਾਲ ਉਹਨਾਂ ਦੇ ਉਤਸ਼ਾਹ ਨੂੰ ਵੀ ਜਰਬਾਂ ਦਿੱਤੀਆਂ।
ਕਿਸਾਨਾਂ ਦੇ ਇਸ ਬੁਲੰਦ ਰੌਂਅ ਦੇ ਕਈ ਸ਼ਾਨਦਾਰ ਝਲਕਾਰੇ ਵੀ ਸਾਹਮਣੇ ਆਏ। ਜਿਵੇਂ ਕਿ 15 ਅਕਤੂਬਰ ਨੂੰ ਜਦ ਪਿੰਡ ਫੂਲ ਵਿੱਚ ਇਕੱਠੇ ਹੋਏ ਸੈਂਕੜੇ ਕਿਸਾਨਾਂ ਸਾਹਮਣੇ ਸੁਆਲ ਆਇਆ ਕਿ ਫੂਲ ਕਚਹਿਰੀ ਖਾਸ ਕਰ ਥਾਣੇ ਦੇ ਬਿਲਕੁੱਲ ਸਾਹਮਣੇ ਵਾਲੀ 7 ਏਕੜ ਪਰਾਲੀ ਨੂੰ ਸਾੜਿਆ ਜਾਵੇ ਜਾਂ ਨਾ। ਥਾਣੇ ਦਾ ਪਹਿਲਾ ਦਿਨ ਹੋਣ ਕਰਕੇ ਕੁੱਝ ਕਿਸਾਨਾਂ ਵਿੱਚ ਕੁੱਝ ਕੁ ਝਿਜਕ ਵੀ ਸੀ। ਇਹ ਬੁਲੰਦ ਰੌਂਅ ਦਾ ਹੀ ਕ੍ਰਿਸ਼ਮਾ ਸੀ ਕਿ ਇਕੱਠ ਨੇ ਸਰਬਸੰਮਤੀ ਨਾਲ ਫੈਸਲਾ ਕਰ ਦਿਤਾ ਕਿ ਸਭ ਤੋਂ ਪਹਿਲਾਂ ਸ਼ੁਰੂਆਤ ਹੀ ਕਚਹਿਰੀ ਥਾਣੇ ਮੂਹਰਲੇ ਸੱਤ ਏਕੜ ਤੋਂ ਕੀਤੀ ਜਾਵੇਗੀ, ਜੋ ਵੀ ਹਾਲਤ ਬਣੀ ਉਸਦਾ ਡਟ ਕੇ ਟਾਕਰਾ ਕੀਤਾ ਜਾਵੇਗਾ। ਸੋ ਪਰਾਲੀ ਦੀਆਂ ਲਾਟਾਂ ਨਿੱਕਲ ਗਈਆਂ, ਜੋ ਥਾਣੇ ਦੇ ਮੁਲਾਜ਼ਮਾਂ ਨੂੰ ਥਾਣੇ ਵਿੱਚ ਵੀ ਦਿਖ ਰਹੀਆਂ ਸਨ। ਅੱਧਾ ਘੰਟਾ ਉੱਥੇ ਰੁਕਣ ਤੋਂ ਬਾਅਦ, ਕਾਫਲਾ ਅੱਗੇ ਵਧਿਆ ਅਤੇ ਵਾਰੋ ਵਾਰੀ ਲੱਗਭੱਗ 75 ਏਕੜ ਪਰਾਲੀ ਨੂੰ ਅਗਨੀ ਭੇਟ ਕੀਤਾ।
ਇਸ ਮੁਹਿੰਮ ਵਿੱਚ ਸਰਕਾਰ ਹਾਕਮ ਜਮਾਤੀ ਸਿਆਸੀ ਕਿਰਦਾਰ ਵਾਲੇ ਪੇਂਡੂ ਚੌਧਰੀਆਂ ਦਾ ਕਿਸਾਨ ਵਿਰੋਧੀ ਅਤੇ ਸਰਕਾਰ ਪ੍ਰਸਤੀ ਵਾਲਾ ਰੋਲ ਵੀ ਸਾਹਮਣੇ ਆਇਆ। ਮਿਸਾਲ ਵਜੋਂ ਜ਼ਿਲ੍ਹਾ ਫਰੀਦਕੋਟ, ਜੈਤੋ ਦੇ ਪਿੰਡ ਦਬੜੀਖਾਨੇ ਵਿੱਚ ਪਿੰਡ ਦਾ ਸਰਪੰਚ ਪਹਿਲਾਂ ਤਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਰਾਲੀ ਨਾ ਸਾੜਨ ਦਾ ਮਤਾ ਪਾਸ ਕਰਕੇ ਦੇ ਆਇਆ। ਫਿਰ ਅਗਲੇ ਦਿਨ ਸਰਕਾਰੀ ਅਧਿਕਾਰੀਆਂ ਨਾਲ ਗਿੱਟਮਿੱਟ ਕਰਕੇ, ਆਪ ਹੀ ਪਿੰਡ ਦੇ ਕਿਸਾਨਾਂ ਦਾ ਇਕੱਠ ਕਰਕੇ ਐਲਾਨ ਕਰ ਮਾਰਿਆ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਅਗੇਤੇ ਝੋਨੇ ਦੀ 30-35 ਕਿੱਲਿਆਂ ਦੀ ਪਰਾਲੀ ਨੂੰ ਆਪ 12 ਅਕਤੂਬਰ ਨੂੰ ਅੱਗ ਲਾਵਾਂਗਾ, ਪਿੰਡ ਦੇ ਕਿਸਾਨ ਮੇਰਾ ਸਾਥ ਦੇਣ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਨੇ ਪੇਂਡੂ ਚੌਧਰੀਆਂ ਦੇ ਇਸ ਹਮਲੇ ਦਾ ਤੁਰੰਤ ਨੋਟਿਸ ਲੈਂਦਿਆਂ 11 ਅਕਤੂਬਰ ਨੂੰ ਪਿੰਡ ਵਿੱਚ ਭਰਵੀਂ ਰੈਲੀ ਕਰਕੇ ਸਰਪੰਚ ਧਿਰ ਦੇ ਕੂੜ ਪਰਚਾਰ ਦਾ ਭਾਂਡਾ ਕੁਰਾਹੇ ਵਿੱਚ ਭੰਡਿਆ ਅਤੇ ਉਸਦੇ ਜਮਾਤੀ ਸਿਆਸੀ ਲੋਕ ਵਿਰੋਧੀ ਕਿਰਦਾਰ ਬਾਰੇ ਤੱਥਾਂ ਸਹਿਤ ਸਪੱਸ਼ਟ ਕੀਤਾ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗੁਮਰਾਹਕੁੰਨ ਪ੍ਰਚਾਰ ਤੋਂ ਬਚਣ।
ਬੁਲਾਰਿਆਂ ਰਾਹੀਂ ਬਿਆਨ ਕੀਤਾ ਚੌਧਰੀਆਂ ਦਾ ਕਿਰਦਾਰ ਉਸ ਮੌਕੇ ਅਮਲੀ ਤੌਰ 'ਤੇ ਹੀ ਸਾਹਮਣੇ ਆ ਗਿਆ ਜਦ 12 ਤਾਰੀਖ ਨੂੰ ਆਪਣੀ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਆਪ ਹੀ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲ ਕੇ ਸਰਪੰਚ ਧਿਰ ਸਮਝੌਤਾ ਕਰ ਆਈ ਅਤੇ ਇਹ ਕਿਸਾਨ ਵਿਰੋਧੀ ਫੈਸਲਾ ਕਰ ਆਈ ਕਿ ਇੱਕ ਇੱਕ ਕਿੱਲੇ ਦਾ ਪਰਾਲੀ ਸਾੜਨ ਦਾ ਜੁਰਮਾਨਾ ਕਿਸਾਨ ਆਪਣੀ ਮਰਜ਼ੀ ਨਾਲ ਅਦਾ ਕਰਨਗੇ, ਪਰ ਸਾਰੇ ਖੇਤਾਂ ਦਾ ਜੁਰਮਾਨਾ ਨਾ ਲਾਇਆ ਜਾਵੇ। ਅਧਿਕਾਰੀਆਂ ਨਾਲ ਕੀਤੇ ਇਸ ਫੈਸਲੇ ਦਾ ਜਦ ਪਿੰਡ ਵਿੱਚ ਪਤਾ ਲੱਗਿਆ ਤੰ ਲੋਕਾਂ ਨੇ ਇਸ ਉੱਪਰ ਥੂਹ-ਥੂਹ ਕਰਦੇ ਹੋਏ, ਐਲਾਨ ਕੀਤਾ ਕਿ ਅਸੀਂ ਇੱਕ ਏਕੜ ਦਾ ਵੀ ਜੁਰਮਾਨਾ ਨਹੀਂ ਦੇਵਾਂਗਾ। ਜਿਹੜਾ ਸਰਪੰਚ ਫੈਸਲਾ ਕਰਕੇ ਆਇਆ ਹੈ, ਉਹ ਹੀ ਸਾਰੇ ਪਿੰਡ ਦਾ ਜੁਰਮਾਨਾ ਦੇ ਆਵੇ।
ਕਿਸਾਨ ਸੰਘਰਸ਼ ਕਮੇਟੀ ਵੱਲੋਂ ਤਰਨਤਾਰਨ ਵਿੱਚ ਵਿਸ਼ਾਲ ਰੈਲੀ
ਕਿਸਾਨ ਸੰਘਰਸ਼ ਕਮੇਟੀ (ਸਤਨਾਮ ਸਿੰਘ ਪੰਨੂੰ) ਵੱਲੋਂ 13 ਸਤੰਬਰ ਨੂੰ ਤਰਨਤਾਰਨ ਦਾਣਾ ਮੰਡੀ ਵਿੱਚ ਕਿਸਾਨ ਰੈਲੀ ਕੀਤੀ ਗਈ। ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮੁਆਫੀ, ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਦੇਣ, ਮਜ਼ਦੂਰਾਂ ਲਈ ਪਲਾਟ ਅਤੇ ਮਨਰੇਗਾ ਤਹਿਤ ਰੋਜ਼ਗਾਰ ਦੇਣ ਆਦਿ ਮਸਲਿਆਂ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਖਰੀਦ, ਖੇਤੀ ਮੰਡੀ ਬਚਾਉਣ ਲਈ ਤਿੱਖੇ ਸੰਘਰਸ਼ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪਰਿਵਾਰਾਂ ਸਹਿਤ ਸੰਘਰਸ਼ਾਂ ਵਿੱਚ ਕੁੱਦਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ। ਰੈਲੀ ਵਿੱਚ ਸ਼ਹੀਦ ਸਾਥੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਵਰਨਣਯੋਗ ਹੈ ਕਿ ਇਸ ਸਾਲ ਬੇਮਿਸਾਲ ਇੱਕਠ (15 ਤੋਂ 18 ਹਜ਼ਾਰ) ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ, ਨੌਜਵਾਨ ਬੀਬੀਆਂ ਅਤੇ ਪਰਿਵਾਰ ਸ਼ਾਮਲ ਹੋਏ। ਪੰਜਾਬ ਦੇ ਪਾਣੀਆਂ ਦੀ ਰਾਖੀ ਅਤੇ ਪੰਜਾਬੀ ਮਾਂ ਬੋਲੀ ਦੀ ਹੋ ਰਹੀ ਦੁਰਦਸ਼ਾਂ ਨੂੰ ਵਿਸ਼ੇਸ਼ ਤੌਰ 'ਤੇ ਸਬੰਧੋਤ ਹੋਇਆ ਗਿਆ ਅਤੇ 28-29 ਸਤੰਬਰ ਨੂੰ ਪੰਜਾਬ ਵਿੱਚ ਦੋ ਥਾਵਾਂ 'ਤੇ ਕਿਸਾਨ-ਮਜ਼ਦੂਰ (ਮਾਝੇ ਵਿੱਚ ਅੰਮ੍ਰਿਤਸਰ ਅਤੇ ਮਾਲਵੇ ਵਿੱਚ ਫਿਰੋਜ਼ਪੁਰ ਡੀ.ਸੀ. ਦਫਤਰਾਂ ਅੱਗੇ ਧਰਨੇ ਲਾਉਣ ਦਾ ਐਲਾਨ ਕੀਤਾ ਗਿਆ।
28-29 ਸਤੰਬਰ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਧਰਨੇ ਅਤੇ ਰੇਲ ਜਾਮ
ਕਿਸਾਨ ਸੰਘਰਸ਼ ਕਮੇਟੀ ਵੱਲੋਂ ਆਪਣੀ ਤਰਨਤਾਰਨ ਰੈਲੀ ਵਿੱਚ ਕੀਤੇ ਐਲਾਨ ਮੁਤਾਬਕ ਮਾਝੇ ਵਿੱਚ ਅੰਮ੍ਰਿਤਸਰ ਅਤੇ ਮਾਲਵੇ ਵਿੱਚ ਫਿਰੋਜ਼ਪੁਰ ਵਿੱਚ ਡੀ.ਸੀ. ਦਫਤਰਾਂ ਅੱਗਾਂ ਧਰਨੇ ਸ਼ੁਰੂ ਕੀਤੇ ਗਏ। ਅੰਮ੍ਰਿਤਸਰ ਵਾਲੇ ਧਰਨੇ ਵਿੱਚ ਨੌਜਵਾਨਾਂ ਦੀ ਗਿਣਤੀ ਕਾਫੀ ਜ਼ਿਆਦਾ ਰਹੀ। ਸਾਰਾ ਦਿਨ ਧਰਨੇ ਦੇ ਬਾਵਜੂਦ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਨਾ ਸਰਕੀ। ਅਗਲੇ ਦਿਨ 29 ਸਤੰਬਰ ਨੂੰ ਜਥੇਬੰਦੀ ਨੇ ਫੈਸਲਾ ਕਰਕੇ ਮਾਨਾਂਵਾਲਾ (ਅੰਮ੍ਰਿਤਸਰ-ਦਿੱਲੀ) ਰੇਲਵੇ ਸਟੇਸ਼ਨ 'ਤੇ ਰੇਲ ਜਾਮ ਦਾ ਐਲਾਨ ਕਰ ਦਿੱਤਾ। ਜਿਹੜਾ ਪ੍ਰਸਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਸੀ, ਤੁਰੰਤ ਦੌੜੇ ਪੈ ਗਿਆ ਅਤੇ ਗੱਲਬਾਤ ਵਾਸਤੇ ਪਹੁੰਚ ਗਿਆ।  ਰੇਲ ਜਾਮ ਤੇ ਰੋਹ ਭਰੂਪਰ ਧਰਨਾ ਚੱਲਦਾ ਰਿਹਾ ਅਤੇ ਆਖਿਰ ਪ੍ਰਸ਼ਾਸ਼ਨਿਕ ਅਤੇ ਪੁਲਸ ਅਧਿਕਾਰੀਆਂ ਨੇ 16 ਅਕਤੂਬਰ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤਹਿ ਕਰਵਾਈ ਹੈ। ਪਿਛਲੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ। ਕਿਸਾਨ ਆਪਣੀ ਤਾਕਤ ਦੇ ਸਿਰ 'ਤੇ ਸਰਕਾਰ ਦੀ ਬਾਂਹ ਮਰੋੜਨ ਵਿੱਚ ਕਾਮਯਾਬ ਰਹੇ। ਇੱਥੇ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਟੀ, ਸਤਨਾਮ ਸਿੰਘ ਪੰਨੂੰ, ਰਣਬੀਰ ਸਿੰਘ ਡੁਰਾਈ (ਗੁਰਦਾਸਪੁਰ) ਆਦਿ ਸੂਬਾਈ ਆਗੂਆਂ ਨੇ ਸੰਬੋਧਨ ਕੀਤਾ।
ਫਿਰੋਜ਼ਪੁਰ ਵਿੱਚ ਵੱਖ ਪ੍ਰਸਾਸ਼ਨ ਨਾਲ ਗੱਲਬਾਤ ਚੱਲਦੀ ਰਹੀ ਅਤੇ ਮਾਨਾਂਵਾਲਾ ਧਰਨਾ ਖਤਮ ਹੋਣ ਤੋਂ ਅੱਧਾ ਘੰਟਾ ਬਾਅਦ ਫਿਰੋਜ਼ਪੁਰ ਰੇਲ ਜਾਮ ਸਮਾਪਤ ਹੋਇਆ ਅਤੇ ਕਿਸਾਨਾਂ ਮਜ਼ਦੂਰਾਂ ਦੇ ਮੰਗ ਪੱਤਰ ਉੱਤੇ ਗੱਲਬਾਤ ਤਹਿ ਹੋਈ।
ਪੰਜਾਬ ਵਿੱਚ ਪੇਂਡੂ ਮਜ਼ਦੂਰਾਂ ਵੱਲੋਂ ਸਰਕਾਰ ਖਿਲਾਫ਼ ਮੁਜ਼ਾਹਰੇ
17 ਅਕਤੂਬਰ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਪੇਂਡੂ ਮਜ਼ਦੂਰਾਂ ਵੱਲੋਂ ਪੰਜਾਬ ਭਰ 'ਚ ਕਾਂਗਰਸ ਸਰਕਾਰ ਵਿਰੁੱਧ ਜੋਰਦਾਰ ਹੱਲਾ ਬੋਲਿਆ ਗਿਆ। ਮੋਗਾ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਜਗਰਾਉਂ (ਲੁਧਿਆਣਾ), ਜਲੰਧਰ ਅਤੇ ਕਪੂਰਥਲਾ ਅਤੇ ਗੜ੍ਹਸ਼ੰਕਰ ਵਿੱਚ ਡੀ.ਸੀ. ਦਫ਼ਤਰਾਂ ਅੱਗੇ ਮੁਜ਼ਾਹਰੇ ਕੀਤੇ ਗਏ ਅਤੇ ਰਿਹਾਇਸ਼ੀ ਪਲਾਟਾਂ ਦੀਆਂ ਰਜਿਸਟਰੀਆਂ ਜਮ੍ਹਾਂ ਕਰਵਾਈਆਂ ਗਈਆਂ।
ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਸੂਬਾ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਰਹਿੰਦੇ ਬਾਕੀ ਜ਼ਿਲ੍ਹਿਆਂ ਅੰਦਰ ਵੀ ਪੇਂਡੂ ਮਜ਼ਦੂਰਾਂ ਦੀ ਲਾਮਬੰਦੀ ਕਰਕੇ ਧਰਨੇ-ਮੁਜ਼ਾਹਰੇ ਕਰਨ ਦਾ ਹੋਕਾ ਦਿੱਤਾ ਅਤੇ ਮੰਗਾਂ ਦੇ ਹੱਲ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
ਪੇਂਡੂ ਮਜ਼ਦੂਰਾਂ ਵੱਲੋਂ ਪਲਾਟਾਂ ਲਈ ਵਿਸ਼ਾਲ ਧਰਨਾ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਗੁਰਦਾਸਪੁਰ ਵਿੱਚ ਡੀ.ਸੀ. ਦਫਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ। ਮਜ਼ਦੂਰਾਂ ਲਈ 5-5 ਮਰਲੇ ਦੇ ਪਲਾਟ, ਪੰਚਾਇਤੀ ਜ਼ਮੀਨ ਵਿੱਚੋਂ ਤੀਜਾ ਹਿੱਸਾ, ਇਸਾਈ ਅਤੇ ਮੁਸਲਮਾਨਾਂ ਲਈ ਕਬਰਸਤਾਨ ਅਤੇ ਹੋਰ ਚੋਣ ਵਾਅਦੇ ਪੂਰੇ ਕਰਵਾਉਣ ਲਈ ਸੂਬਾ ਪ੍ਰਧਾਨ ਤਰਸੇਮ ਪੀਟਰ ਦੀ ਅਗਵਾਈ ਵਿੱਚ ਚੱਲੇ ਸੰਘਰਸ਼ ਦੌਰਾਨ ਸ਼ਹਿਰ ਦੇ ਮੁੱਖ ਚੌਕ ਵਿੱਚ ਤਿੰਨ ਘੰਟੇ ਲਈ ਆਵਾਜਾਈ ਬੰਦ ਕਰਕੇ ਪ੍ਰਦਰਸ਼ਨ ਕੀਤਾ ਅਤੇ ਤਹਿਸੀਲਦਾਰ ਨੇ ਚੌਕ ਵਿੱਚ ਆ ਕੇ ਮੰਗ ਪੱਤਰ ਲਿਆ।
ਸ਼ਾਹਪੁਰ ਕਤਲ ਕਾਂਡ: ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਸਰਗਰਮੀਆਂ
ਪਿੰਡ ਸ਼ਾਹਪੁਰ ਕਲਾਂ ਵਿੱਚ ਨਿਹੰਗਾਂ ਅਤੇ ਦਲਿਤ ਭਾਈਚਾਰੇ ਦੇ ਮੈਂਬਰਾਂ ਵਿਚਾਲੇ ਟਕਰਾਅ ਵਿੱਚ ਮਾਰੇ ਗਏ ਤੇਜਾ ਸਿੰਘ ਦਾ 16 ਅਕਤੂਬਰ ਨੂੰ ਸਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਅੱਧੀ ਦਰਜਨ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਸੁਨਾਮ ਦੇ ਸਰਕਾਰੀ ਹਸਪਤਾਲ ਵਿੱਚ ਮੁਜ਼ਾਹਰਾ ਕੀਤਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ਼ ਪ੍ਰਾਪਤੀ ਲਈ ਸ਼ਾਹਪੁਰ ਕਲਾਂ ਕਤਲ/ਜਬਰ ਵਿਰੋਧੀ ਐਕਸ਼ਨ ਕਮੇਟੀ ਬਣਾਈ।
ਧਰਨੇ ਦੌਰਾਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਸਿੰਘ ਲੌਂਗੋਵਾਲ ਅਤੇ ਬਲਜੀਤ ਸਿੰਘ, ਡੀਟੀਐਫ਼ ਦੇ ਬਲਵੀਰ ਚੰਦ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਗੁਰਭਗਤ ਸਿੰਘ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬਲਵਿੰਦਰ ਜਲੂਰ, ਤਰਕਸ਼ੀਲ ਸੁਸਾਇਟੀ ਵੱਲੋਂ ਕਮਲਜੀਤ, ਨੌਜਵਾਨ ਭਾਰਤ ਸਭਾ ਵੱਲੋਂ ਦਰਸ਼ਨ ਸਿੰੰਘ, ਬਹੁਜਨ ਸਮਾਜ ਪਾਰਟੀ ਵੱਲੋਂ ਧੰਨਾ ਸਿੰਘ ਸ਼ੇਰੋ, ਮਜ਼ਦੂਰ ਮੁਕਤੀ ਮੋਰਚਾ ਵੱਲੋਂ ਗੋਬਿੰਦ ਸਿੰਘ ਛਾਜਲੀ ਨੇ ਦਲਿਤ ਭਾਈਚਾਰੇ ਨੂੰ ਇਸ ਲੜਾਈ ਵਿੱਚ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਤੇਜਾ ਸਿੰਘ ਦੀ ਸ਼ਹਾਦਤ ਅਜਾਈਂ ਨਹੀਂ ਜਾਣ ਦਿੱਤੀ ਜਾਵੇਗੀ।
ਦਲਿਤ ਭਾਈਚਾਰੇ ਵੱਲੋਂ ਡੀਐਸਪੀ ਅਤੇ ਐਸਡੀਐਮ ਨੂੰ ਦਿੱਤੇ ਮੰਗ ਪੱਤਰ ਰਾਹੀਂ ਤੇਜਾ ਸਿੰਘ ਦੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਮੁਆਵਜ਼ਾ, ਜ਼ਖ਼ਮੀਆਂ ਦੇ ਮੁਫ਼ਤ ਇਲਾਜ ਅਤੇ ਪੰਜ ਪੰਜ ਲੱਖ ਰੁਪਏ ਮੁਆਵਜ਼ਾ, ਤੇਜਾ ਸਿੰਘ ਦੀ ਯਾਦਗਾਰ ਬਣਾਉਣ, ਢਿੱਲੀ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਧਾਰਮਿਕ ਭੇਸ ਦੀ ਵਰਤੋਂ ਕਰ ਕੇ ਜ਼ਮੀਨਾਂ 'ਤੇ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਨਸਾਫ਼ ਦਾ ਭਰੋਸਾ ਦਿੱਤਾ।
ਪਿੰਡ ਸ਼ਾਹਪੁਰ ਕਲਾਂ ਦੀ ਸਰਪੰਚ ਜਸਪਾਲ ਕੌਰ ਦੇ ਪਤੀ ਗੁਰਦੇਵ ਸਿੰਘ ਨੇ ਦੱਸਿਆ ਕਿ ਪੰਚਾਇਤ ਦੀ ਤਿੰਨ ਏਕੜ ਜ਼ਮੀਨ 'ਤੇ ਪਿੰਡ ਦੇ ਕੁੱਝ ਬੰਦਿਆਂ ਦੀ ਸ਼ਹਿ 'ਤੇ ਨਿਹੰਗ ਜਥੇਬੰਦੀ ਦੇ ਸਮਰਥਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਅਕਾਲੀ-ਭਾਜਪਾ ਸਰਕਾਰ ਸਮੇਂ ਪੰਚਾਇਤ ਨੇ ਪ੍ਰਸ਼ਾਸਨ ਦੀ ਮਦਦ ਨਾਲ ਨਿਹੰਗਾਂ ਤੋਂ ਅੱਧੀ ਜ਼ਮੀਨ ਛੁਡਵਾ ਲਈ ਸੀ। ਨਿਹੰਗ ਹੁਣ ਇਸ ਜ਼ਮੀਨ ਦਾ ਇੰਤਕਾਲ ਨਹੀਂ ਹੋਣ ਦੇ ਰਹੇ ਸਨ। ਨਿਹੰਗਾਂ ਤੋਂ ਛੁਡਾਈ ਡੇਢ ਏਕੜ ਜ਼ਮੀਨ 'ਚੋਂ ਦੋ ਦੋ ਵਿਸਵੇ ਥਾਂ 54 ਦਲਿਤ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਦਿੱਤੀ ਗਈ ਸੀ। ਪਰ ਅਦਾਲਤ ਵਿੱਚ ਕੇਸ ਚਲਦਾ ਹੋਣ ਕਾਰਨ ਹਾਲ ਦੀ ਘੜੀ ਇਸ ਜਗ੍ਹਾ 'ਤੇ ਕੋਈ ਉਸਾਰੀ ਨਹੀਂ ਕੀਤੀ ਸੀ।
ਪਿੰਡ ਸਾਹਪੁਰ ਕਲਾਂ ਵਿਖੇ ਧਾਰਮਿਕ ਭੇਸ ਚ ਛੁਪੇ ਅਨਸਰਾਂ ਵਲੋ ਧੱਕੇ ਨਾਲ ਦਲਿਤ ਮਜਦੂਰਾਂ ਦੇ ਪਲਾਟਾਂ ਦੇ ਕਬਜੇ ਖਿਲਾਫ ਕਤਲ ਕਰਕੇ ਸ਼ਹੀਦ ਕੀਤੇ ਤੇਜਾ ਸਿੰਘ ਦਾ ਸ਼ਰਧਾਂਜਲੀ ਸਮਾਗਮ ਕੀਤਾ ਗਿਆ ।
ਸ਼ਰਧਾਂਜਲੀ ਸਮਾਗਮ ਵਿਚ ਤੇਜਾ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਸਾਨੂੰ ਮਾਣ ਹੈ ,ਉਨਾਂ ਧੱਕੇਸ਼ਾਹੀ, ਜਬਰ ਦੇ ਖਿਲਾਫ ਆਪਣੀ ਆਵਾਜ ਉਠਾਉਂਦੇ ਹੋਏ ਆਪਣੀ ਜਾਨ ਵਾਰੀ ਹੈ । ਸ਼ਰਧਾਂਜਲੀ ਸਮਾਗਮ ਚ ਐਕਸ਼ਨ ਕਮੇਟੀ ਨੇ ਕਿਸੇ ਵੀ ਸਿਵਲ ਪ੍ਰਸ਼ਾਸਨ ਅਧਿਕਾਰੀ ਦੇ ਨਾ ਪਹੁੰਚਣ ਦੀ ਸਖਤ ਨਿਖੇਧੀ ਕੀਤੀ ।
ਸ਼ਰਧਾਂਜਲੀ ਸਮਾਗਮ ਚ ਸਾਹਪੁਰ ਕਲਾਂ/ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਦਲਿਤ ਮਜਦੂਰਾਂ ਦੇ ਹਿਤਾਂ ਲਈ ਜਾਨ ਵਾਰ ਗਏ ਸ਼ਹੀਦ ਤੇਜਾ ਸਿੰਘ ਦੇ ਅਧੂਰੇ ਕਾਰਜ ਨੂੰ ਹਰ ਹਾਲਤ ਚ ਪੂਰਾ ਕੀਤਾ ਜਾਏਗਾ।
ਪਿੰਡ ਦੀ ਪੰਚਾਇਤ ਨੇ ਐਲਾਨ ਕੀਤਾ ਹੈ ਕਿ ਤੇਜਾ ਸਿੰਘ ਦੀ ਯਾਦ ਚ ਪਿੰਡ ਚ ਯਾਦਗਾਰ ਬਣਾਈ ਜਾਵੇਗੀ ,ਅਤੇ ਜਿਨਾਂ ਪਰਿਵਾਰਾਂ ਨੂੰ ਪਲਾਟ ਅਲਾਟ ਹੋ ਚੁੱਕੇ ਹਨ ,ਉਹ ਤਾਂ ਹਰ ਹਾਲਤ ਵਿੱਚ ਮਿਲਣਗੇ ਹੀ ਅਤੇ ਜੋ ਦਲਿਤ ਪਰਿਵਾਰ ਰਹਿ ਗਏ ਹਨ (ਧਾਰਮਿਕ ਭੇਸ ਚ ਛੁਪੇ ਅਨਸਰਾਂ ਤੋ ਨਾਜਾਇਜ ਕਬਜੇ ਹੱਟਵਾ ਕੇ)ਉਨਾਂ ਨੂੰ ਪਲਾਟ ਕੱਟ ਕੇ ਦਿੱਤੇ ਜਾਣਗੇ ।
ਸ਼ਰਧਾਂਜਲੀ ਸਮਾਗਮ ਚ ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜਿਲਾ ਸੈਕਟਰੀ ਲਖਵੀਰ ਲੌਂਗੋਵਾਲ, ਡੀ ਟੀ ਐਫ ਦੇ ਬਲਵੀਰ ਚੰਦ ਲੌਂਗੋਵਾਲ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਲਵਿੰਦਰ ਜਲੂਰ , ਮਜਦੂਰ ਮੁਕਤੀ ਮੋਰਚਾ ਦੇ ਗੋਬਿੰਦ ਛਾਜਲੀ, ਤਰਕਸ਼ੀਲ ਸੋਸਾਇਟੀ ਦੇ ਜੁਝਾਰ ਸਿੰਘ ਲੌਂਗੋਵਾਲ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਮਲਦੀਪ ਸਿੰਘ,ਬੀ ਕੇ ਯੂ (ਉਗਰਾਹਾਂ) ਦੇ ਗੁਰਭਗਤ ਸਿੰਘ ਨੌਜਵਾਨ ਭਾਰਤ ਸਭਾ (ਪੰਜਾਬ) ਦੇ ਆਗੂ ਪ੍ਰਗਟ ਕਾਲਾਝਾੜ , ਸ਼ਹੀਦ ਤੇਜਾ ਸਿੰਘ ਦੇ ਬੇਟੇ ਜੁਗਰਾਜ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਤਲਾਂ ਨੂੰ ਬਖਸ਼ਿਆ ਨਹੀ ਜਾਵੇਗਾ , ਜੋ ਬਾਹਰ ਰਹਿ ਗਏ ਹਨ ਅਤੇ ਜੋ ਸ਼ਹਿ ਦੇ ਰਹੇ ਹਨ, ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਬੁਲਾਰੇ ਸ਼ਰਧਾਂਜਲੀ ਸਮਾਗਮ ਚ ਪਹੁੰਚੇ।
ਸ਼ਰਧਾਂਜਲੀ ਸਮਾਗਮ ਚ ਐਕਸ਼ਨ ਕਮੇਟੀ ਵਲੋ ਡੀ.ਸੀ. ਦਫਤਰ ਮੂਹਰੇ 10 ਨਵੰਬਰ ਨੂੰ ਲਗਾਏ ਜਾ ਰਹੇ ਧਰਨੇ ਵਿਚ ਪਹੁੰਚਣ ਦਾ ਸੱਦਾ ਦਿੱਤਾ ।
ਇਸ ਸੰਘਰਸ਼ ਦਾ ਸੇਕ ਸਰਕਾਰ ਤੱਕ ਪਹੁੰਚਿਆ, ਜਿਸਦੇ ਸਿੱਟੇ  ਤੇਜਾ ਸਿੰਘ ਸ਼ਹੀਦ ਕਰਨ ਅਤੇ ਹੋਰਨਾਂ ਨੂੰ ਜਖਮੀ ਕਰਨ ਵੀਲੇ ਸੱਤ ਮੁਲਾਜਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਬਾਗੜੀਆਂ 'ਚ ਧਰਨਾ
ਪਿੰਡ ਬਾਗੜੀਆ ਵਿੱਚ 200 ਦੇ ਕਰੀਬ ਪਰਿਵਾਰਾ ਨੂੰ ਉਜਾੜਨ ਦੇ ਖਿਲਾਫ ਪਿੰਡ ਵਿੱਚ ਰੈਲੀ ਕੀਤੀ ਗਈ ਅਤੇ ਕਬਜਾ ਲੈਣ ਆਏ ਪ੍ਰਸ਼ਾਸਨੀਕ ਅਧਿਕਾਰੀਆ ਨੂੰ ਬੇਰੰਗ ਮੌੜਿਆ ਗਿਆ।ਰੈਲੀ ਨੂੰ ਨੌਜਵਾਨ ਭਾਰਤ ਸਭਾ ਦੇ ਆਗੂਆ ਦੇ ਨਾਲ ਨਾਲ ਬੀ.ਕੇ.ਯੂ. ਡਕੌਂਦਾ ਦੇ ਆਗੂਆ ਨੇ ਵੀ ਸੰਬੋਧਨ ਕੀਤਾ।ਇਸ ਤੋ ਇਲਾਵਾ ਵੱਖ ਵੱਖ ਜੱਥੇਬੰਦੀਆ ਦੇ ਆਗੂ,ਇਲਾਕੇ ਦੇ ਪਤਵੰਤੇ ਇਸ ਸੰਘਰਸ ਦੀ ਹਮਾਇਤ ਵਿਚ ਵੱਡੀ ਗਿਣਤੀ ਵਿੱਚ ਪਹੁੰਚੇ।
ਜਲੂਰ ਕਾਂਡ : ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਧਰਨਾ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪਿੰਡ ਜਲੂਰ ਦੇ ਕਾਰਕੁੰਨਾਂ ਨੇ  ਪਿਛਲੇ ਵਰ੍ਹੇ ਵਾਪਰੇ ਜਲੂਰ ਕਾਂਡ ਨੂੰ ਲੈ ਕੇ ਲਹਿਰਾਗਾਗਾ ਵਿਖੇ ਮੁਜ਼ਾਹਰਾ ਕਰਨ ਮਗਰੋਂ ਐਸ.ਡੀ.ਐਮ. ਦਫ਼ਤਰ ਅੱਗੇ ਧਰਨਾ ਦਿੱਤਾ। ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਐਸ.ਡੀ.ਐਮ. ਨੂੰ ਮੰਗ ਪੱਤਰ ਵੀ ਦਿੱਤਾ।  ਇਸ ਮੌਕੇ ਧਰਨਾਕਾਰੀਆਂ ਨੇ ਪ੍ਰਸ਼ਾਸਨ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਮੁਕੇਸ਼ ਮਲੌਦ ਅਤੇ ਬਲਵਿੰਦਰ ਜਲੂਰ ਨੇ ਕਿਹਾ ਕਿ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਮੰਗ ਕਰਦੇ ਦਲਿਤਾਂ ਨੂੰ ਪਿੰਡ ਦੇ ਧਨਾਢ ਚੌਧਰੀਆਂ ਵੱਲੋਂ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੀ ਸ਼ਹਿ 'ਤੇ ਦਰੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਖਿਲਾਫ਼ ਪੰਜਾਬ ਭਰ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੇ  ਤਿੱਖੇ ਸੰਘਰਸ਼ ਕੀਤੇ ਸਨ ਜਿਸ ਮਗਰੋਂ ਪ੍ਰਸ਼ਾਸਨ ਨੇ ਵਾਅਦਾ ਕੀਤਾ ਸੀ ਕਿ ਜਲੂਰ ਕਾਂਡ ਦੌਰਾਨ ਸ਼ਹੀਦ ਹੋਈ ਮਾਤਾ ਗੁਰਦੇਵ ਕੌਰ ਦੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਹੋਰ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ।
ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਸਾਲ ਲੰਘਣ ਦੇ ਬਾਵਜੂਦ ਮੰਨੀਆਂ ਮੰਗਾਂ ਲਾਗੂ ਕਰਨ ਦੀ ਬਜਾਏ ਲਾਰੇ ਲਾ ਕੇ ਸਮਾਂ ਲੰਘਾ ਰਿਹਾ ਹੈ। ਇਸ ਮੌਕੇ ਰਾਜਨੀਤਕ ਪਾਰਟੀਆਂ ਦੀ ਸਖ਼ਤ ਆਲੋਚਨਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਅੱਜ ਸਿਰਫ਼ ਸੰਕੇਤਕ ਧਰਨਾ ਦਿੱਤਾ ਗਿਆ ਹੈ ਪਰ ਜੇਕਰ ਪ੍ਰਸ਼ਾਸਨ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਅਗਲੇ ਸੰਘਰਸ਼ ਦੇ ਪੜ੍ਹਾਅ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ਬਲਵੀਰ ਜਲੂਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਭਗਵਾਨ ਮੂਨਕ, ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਲੀਲਾ ਸਿੰਘ ਚੋਟੀਆਂ, ਰਾਜ ਸਿੰਘ ਖੋਖਰ, ਕੁਲਦੀਪ ਕੌਰ, ਸੁੱਖਾ ਬਾਦਲਗੜ੍ਹ, ਕਾਕਾ ਸਿੰਘ ਉਭਿਆ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਡਾਕਟਰ ਦੀ ਅਣਗਹਿਲੀ ਵਿਰੁੱਧ ਰੋਸ
ਜ਼ੀਰਾ ਬਲਾਕ ਦੇ ਪਿੰਡ ਚਾਹਲ ਦੀ ਇੱਕ ਔਰਤ ਨੇ ਫਿਰੋਜ਼ਪੁਰ ਤੋਂ ਨਸਬੰਦੀ ਅਪਰੇਸ਼ਨ 2007 ਵਿੱਚ ਕਰਵਾਇਆ। ਅਪਰੇਸ਼ਨ ਦੌਰਾਨ ਡਾਕਟਰ ਨੇ ਪਿਸ਼ਾਬ ਵਾਲੀ ਨਾਲੀ ਕੱਟ ਦਿੱਤੀ। ਡਾਕਟਰ ਨੇ ਮੁੜ ਉਸਦਾ ਉੱਤਾ ਨਹੀਂ ਵਾਚਿਆ। ਗਰੀਬ ਪਰਿਵਾਰ ਉਸਨੂੰ ਲਗਾਤਾਰ ਦਵਾਈ ਬੂਟੀ ਲਈ ਹੋਰ ਮਹਾਰ ਡਾਕਟਰਾਂ ਕੋਲ ਲੈ ਕੇ ਗਿਆ। ਇਨਫੈਕਸ਼ਨ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਸੀ। ਡਾਕਟਰ ਸਲਾਹ ਦਿੰਦੇ ਸਨ ਕਿ ਇੱਕ ਅਪਰੇਸ਼ਨ ਹੋਰ ਕਰਨਾ ਪਵੇਗਾ। ਪਰ ਗਰੀਬ ਪਰਿਵਾਰ ਆਰਥਿਕ ਤੰਗੀ ਕਰਕੇ ਅਸਮਰੱਥ ਹੈ।
ਅਖੀਰ ਬਾਲਮੀਕ ਸਭਾ ਨੇ ਇਸ ਮਾਮਲੇ 'ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਖੇ ਧਰਨਾ ਦੇਣ ਦੀ ਯੋਜਨਾ ਬਣਾਈ। ਹੋਰਨਾਂ 9 ਮਜ਼ਦੂਰਾਂ ਨਾਲ ਸੰਬਧਤ ਜਥੇਬੰਦੀਆਂ ਤੋਂ ਸੰਘਰਸ਼ ਦੀ ਹਮਾਇਤ ਕਰਨ ਲਈ ਅਪੀਲ ਕੀਤੀ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਬਲਾਕ ਜ਼ੀਰਾ ਨੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ।
18 ਅਗਸਤ 2017 ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਖੇ ਧਰਨਾ ਲਾਇਆ ਗਿਆ। ਡੇਢ-ਦੋ ਸੌ ਦੀ ਗਿਣਤੀ ਵਿੱਚ ਲੋਕਾਂ ਰੋਸ ਧਰਨਾ ਦਿੱਤਾ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਦਿਲਬਾਗ ਸਿੰਘ ਨੇ ਕਿਹਾ ਕਿ ਇਹ ਔਰਤ ਗਲਤ ਅਪਰੇਸ਼ਨ ਕਰਨ ਕਰਕੇ 9 ਸਾਲਾਂ ਤੋਂ ਇਨਫੈਕਸ਼ਨ ਨਾਲ ਦੁੱਖ ਭੋਗ ਰਹੀ ਹੈ। ਗਲਤ ਅਪ੍ਰੇਸ਼ਨ ਕਰਨ ਵਾਲੇ ਡਾਕਟਰ 'ਤੇ ਪਰਚਾ ਦਰਜ ਕਰਵਾਇਆ ਜਾਵੇ ਅਤੇ ਡੀ.ਸੀ. ਸਾਹਿਬ ਰੈੱਡ ਕਰਾਸ ਵਿੱਚੋਂ ਅਪਰੇਸ਼ਨ ਦਾ ਖਰਚਾ ਅਦਾ ਕਰਵਾਏ। ਕਈ ਨਾਮ-ਨਿਹਾਦ ਜਥੇਬੰਦੀਆਂ ਦੀ ਸਿਰਫ ਹਮਾਇਤ ਰਹਿ ਗਈ, ਪਰ ਸ਼ਮੂਲੀਅਤ  ਨਾਂਹ ਦੇ ਬਰਾਬਰ ਸੀ।
ਇਸ ਸਬੰਧੀ ਮੰਗ ਪੱਤਰ ਦਿੱਤਾ ਗਿਆ ਅਤੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਇਨਸਾਫ ਦਿੱਤਾ ਜਾਵੇਗਾ। ਮਾਹਰ ਡਾਕਟਰ ਤੋਂ ਖਰਚੇ ਦਾ ਐਸਟੀਮੇਟ ਬਣਾ ਕੇ ਦੇ ਦਿੱਤਾ ਜਾਵੇ। ਰੈੱਡ ਕਰਾਸ ਉਹ ਰਕਮ ਅਦਾ ਕਰ ਦੇਵੇਗਾ। ਪਰ ਅਫਸੋਸ- ਬਾਲਮੀਕ ਸਭਾ ਦੇ ਆਗੂ ਦਾ ਬੀ.ਜੇ.ਪੀ. ਦੇ ਅਸਰ ਹੇਠ ਹੋਣਾ ਅਤੇ ਉਸਦਾ ਡੋਲਵਾਂ ਕਿਰਦਾਰ ਘੋਲ ਦੀ ਜਿੱਤ ਨੂੰ ਗ੍ਰਹਿਣ ਲਾਉਣ ਦਾ ਕਾਰਨ ਬਣ ਗੇ। ਉਸ ਵੱਲੋਂ ਦੋਸ਼ੀ ਡਾਕਟਰ ਦੇ ਦਬਾਓ ਹੇਠ ਆਉਂਦਿੱਾਂ, ਇਹ ਸਮਝੌਤਾ ਕਰ ਲਿਆ ਗਿਆ ਕਿ ਡਾਕਟਰ ਪਰਿਵਾਰ ਨੂੰ 25 ਹਜ਼ਾਰ ਰੁਪਏ ਅਦਾ ਕਰ ਦੇਵੇਗਾ ਅਤੇ ਸਰਕਾਰ ਕੋਲੋਂ ਵੀ ਮੱਦਦ ਲੈਣ ਵਿੱਚ ਮੱਦਦ ਕਰੇਗਾ।
ਆਂਗਣਵਾੜੀ ਮੁਲਾਜ਼ਮਾਂ ਨੇ ਘੇਰਿਆ ਮਨਪ੍ਰੀਤ ਬਾਦਲ ਦਾ ਦਫ਼ਤਰ
ਬਠਿੰਡਾ ਵਿਖੇ 2 ਅਕਤੂਬਰ ਨੂੰ ਅੱਜ ਆਂਗਣਵਾੜੀ ਮੁਲਾਜ਼ਮਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਨੇੜੇ ਜਾਣ ਤੋਂ ਰੋਕਣ ਲਈ ਤਾਇਨਾਤ ਭਾਰੀ ਪੁਲੀਸ ਬਲ ਨੂੰ ਉਦੋਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਪੁਲੀਸ ਦੀਆਂ ਰੋਕਾਂ ਅਤੇ ਖੁਫ਼ੀਆ ਤੰਤਰ ਨੂੰ ਝਕਾਨੀ ਦੇ ਕੇ ਆਂਗਣਵਾੜੀ ਮੁਲਾਜ਼ਮਾਂ ਅਚਾਨਕ ਵਿੱਤ ਮੰਤਰੀ ਦੇ ਦਫ਼ਤਰ ਤੱਕ ਪਹੁੰਚ ਗਈਆਂ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਫਿਰਕੂ ਫਾਸ਼ੀਵਾਦ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ
2  ਅਕਤੂਬਰ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸੰਗਰੂਰ ਵਿਖੇ 'ਜ਼ਮੀਨੀ ਸੰਘਰਸ਼ ਤੇ ਦਲਿਤ ਸਵਾਲ' ਵਿਸ਼ੇ 'ਤੇ ਸੂਬਾ ਪੱਧਰੀ ਕਨਵੈਨਸ਼ਨ ਕਰਵਾਈ ਗਈ। ਕਨਵੈਨਸ਼ਨ ਦੌਰਾਨ ਭਾਰਤ ਵਿੱਚ ਵਧ ਰਹੇ ਫ਼ਿਰਕੂ ਫਾਸ਼ੀਵਾਦ ਖ਼ਿਲਾਫ਼ ਕਮਿਊਨਿਸਟ, ਅੰਬੇਦਕਰਵਾਦੀ, ਘੱਟ ਗਿਣਤੀ ਆਗੂਆਂ ਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ।
ਕਨਵੈਨਸ਼ਨ ਵਿੱਚ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੌਲਿਨ ਗੌਂਜ਼ਾਲਵਿਸ ਨੇ ਕਿਹਾ ਕਿ ਦਲਿਤਾਂ ਤੇ ਘੱਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਲਈ ਭਾਜਪਾ ਅਤੇ ਆਰਐਸਐਸ ਜ਼ਿੰਮੇਵਾਰ ਹੈ। ਕਰਨਾਟਕ ਤੋਂ ਪੁੱਜੇ ਮਾਨੇ ਨਾਗਾਰਾਜਾ ਨੇ ਕਿਹਾ ਕਿ ਇਕੱਲੇ ਰਾਖਵੇਂਕਰਨ ਨਾਲ ਦਲਿਤਾਂ ਦੀ ਮੁਕਤੀ ਨਹੀਂ ਹੋਣੀ। ਉਨ੍ਹਾਂ ਕਿਹਾ ਕਿ sੁਹ ਰਾਖਵੇਂਕਰਨ ਦੇ ਹਮਾਇਤੀ ਹਨ, ਪਰ ਇਸ ਨਾਲ ਦਲਿਤਾਂ ਦੇ ਇੱਕ ਹਿੱਸੇ ਨੂੰ ਹੀ ਫਾਇਦਾ ਮਿਲਿਆ ਹੈ। ਜੇਕਰ ਅਸੀਂ ਦਲਿਤਾਂ ਦੇ ਤੌਰ 'ਤੇ ਬਰਾਬਰੀ ਚਾਹੁੰਦੇ ਹਾਂ ਤਾਂ ਇਸ ਲਈ  ਬੁਨਿਆਦੀ ਤਬਦੀਲੀ ਜ਼ਰੂਰੀ ਹੈ।
ਵਿਦਿਆਰਥੀਆਂ ਵੱਲੋਂ ਮੋਤੀ ਮਹਿਲ ਵੱਲ ਰੋਸ ਮਾਰਚ
14 ਸਤੰਬਰ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਨੇ ਵਿਦਿਆਰਥੀ ਮੰਗਾਂ ਸਬੰਧੀ ਪਟਿਆਲਾ ਸ਼ਹਿਰ ਵਿੱਚ ਰੋਹ ਭਰੀ ਰੈਲੀ ਕਰਨ ਪਿੱਛੋਂ ਮੁੱਖ ਮੰਤਰੀ ਦੀ ਰਿਹਾਇਸ਼ 'ਨਿਊ ਮੋਤੀ ਮਹਿਲ' ਵੱਲ ਰੋਸ ਮਾਰਚ ਕੀਤਾ? ਤ੍ਰਿਪੜੀ ਚੌਕ ਤੋਂ ਤੁਰੇ  ਇਸ ਮਾਰਚ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਅਖ਼ੀਰ ਜ਼ਿਲ੍ਹਾ ਪ੍ਰਸ਼ਾਸਨ ਨੇ ਯੂਨੀਅਨ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 3 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਬੈਠਕ ਤੈਅ ਕਰਵਾਈ, ਜਿਸ ਮਗਰੋਂ ਵਿਦਿਆਰਥੀ ਸ਼ਾਂਤ ਹੋਏ?
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੱਦੇ 'ਤੇ ਸੂਬੇ ਦੇ ਵੱਖ-ਵੱਖ ਕੋਨਿਆਂ ਤੋਂ ਸੈਂਕੜੇ ਵਿਦਿਆਰਥੀ ਲਾਲ ਝੰਡਿਆਂ ਸਮੇਤ ਅੱਜ ਪਟਿਆਲਾ ਪੁੱਜੇ? ਰੋਸ ਮੁਜ਼ਾਹਰੇ ਤੋਂ ਪਹਿਲਾਂ ਤ੍ਰਿਪੜੀ ਚੌਕ ਨੇੜੇ ਰੈਲੀ ਨੂੰ ਸੰਬੋਧਨ ਕਰਦਿਆਂ ਪੀ.ਐਸ.ਯੂ. ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਤੇ ਸੂਬਾ ਸਕੱਤਰ ਪ੍ਰਦੀਪ ਕਸਬਾ ਨੇ ਕਿਹਾ ਕਿ ਲੜਕੀਆਂ ਦੀ ਨਰਸਰੀ ਤੋਂ ਪੀ.ਐਚ.ਡੀ. ਤਕ ਦੀ ਪੜ੍ਹਾਈ ਮੁਫ਼ਤ ਹੋਣੀ ਚਾਹੀਦੀ ਹੈ? ਪੰਜਾਬ ਸਰਕਾਰ ਨੇ ਲੜਕੀਆਂ ਦੀ ਮੁਫ਼ਤ ਵਿੱਦਿਆ ਦਾ ਐਲਾਨ ਤਾਂ ਕੀਤਾ ਹੈ ਪਰ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ? ਸੂਬਾ ਵਿੱਤ ਸਕੱਤਰ ਕਰਮਜੀਤ ਕੋਟਕਪੁਰਾ ਅਤੇ ਪ੍ਰੈਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਦਲਿਤ ਵਿਦਿਆਰਥੀਆਂ ਦੀ ਫ਼ੀਸ ਮੁਆਫ਼ੀ ਲਈ ਆਮਦਨ ਸੀਮਾ ਖ਼ਤਮ ਹੋਣੀ ਚਾਹੀਦੀ ਹੈ? ਸੂਬਾ ਆਗੂ ਰਣਵੀਰ ਰੰਧਾਵਾ ਅਤੇ ਗਗਨ ਸੰਗਰਾਮੀ ਨੇ ਕਿਹਾ ਕਿ ਯੂਨੀਵਰਸਿਟੀਆਂ ਪੈਸੇ ਇਕੱਠੇ ਕਰਨ ਲਈ ਹਜ਼ਾਰਾਂ ਵਿਦਿਆਰਥੀਆਂ ਦੀ ਜਾਣਬੁੱਝ ਕੇ ਰੀ-ਅਪੀਅਰ ਕੱਢ ਰਹੀਆਂ ਹਨ। ਜਦੋਂ ਤੱਕ ਰੀ-ਅਪੀਅਰ ਦੀ ਫ਼ੀਸ ਮੁਆਫ਼ ਨਹੀਂ ਹੁੰਦੀ, ਵਿਦਿਆਰਥੀਆਂ ਦੇ ਨਤੀਜੇ ਮਾੜੇ ਆਉਂਦੇ ਰਹਿਣਗੇ? ਸੂਬਾ ਆਗੂ ਗੁਰਸੇਵਕ ਸਿੰਘ ਤੇ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਯੂਨੀਵਰਸਿਟੀ ਕਾਲਜਾਂ 'ਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਤੇ ਪਹਿਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ ?
ਪੀ.ਐਸ.ਯੂ. ਦੇ ਸੂਬਾ ਆਗੂ ਅਮਰ ਕ੍ਰਾਂਤੀ ਅਤੇ ਬਲਜੀਤ ਧਰਮਕੋਟ ਨੇ ਫ਼ਿਰੋਜ਼ਪੁਰ ਦੇ ਤੂੜੀ ਬਾਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਗੁਪਤ ਟਿਕਾਣੇ ਨੂੰ ਲਾਇਬ੍ਰੇਰੀ ਅਤੇ ਅਜਾਇਬਘਰ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਮੰਗ ਕੀਤੀ?
ਕਿਸਾਨ ਪਰਿਵਾਰ ਡੀ.ਸੀ. ਦਫਤਰ ਅੱਗੇ ਸੜ ਮਰਿਆ
ਤਾਮਿਲਨਾਡੂ ਦੇ ਕਸਬੇ ਤਿਰਨੁਲਵੇਲੀ 'ਚ ਸੁਦਖੋਰ ਕਰਜੇ ਦੀ ਮਾਰ ਹੇਠ ਆਏ ਪਰਿਵਾਰ ਨੇ ਅਤਿ ਦਾ ਕਦਮ ਚੁਕਦਿਆਂ ਜਿਲਾ ਅਧਿਕਾਰੀਆਂ ਦੇ ਦਫਤਰ 'ਚ ਜਾਕੇ ਅਗ ਲਾਕੇ ਖੁਦ ਨੂੰ ਜਲਾ ਲਿਆ। ...
ਰਾਜਸਥਾਨ ਦੇ ਕਿਸਾਨਾਂ ਦਾ ਮਿਸਾਲੀ ਪ੍ਰਦਰਸ਼ਨ
ਦੇਸ਼ ਦੇ ਹੋਰਨਾਂ ਖੇਤਰਾਂ ਵਾਂਗ ਰਾਜਸਥਾਨ ਵਿੱਚ ਭਾਜਪਾ ਦੀ ਅਗਵਾਈ ਵਾਲੀ ਹਕੂਮਤ ਨੇ ਨਵ-ਉਦਾਰਵਾਦੀ ਨੀਤੀਆਂ ਨੂੰ ਕਿਸਾਨਾਂ 'ਤੇ ਧੱਕੜ ਤਰੀਕੇ ਨਾਲ ਮੜ੍ਹਨਾ ਤੇਜ਼ ਕੀਤਾ ਹੋਇਆ ਹੈ, ਜਿਸ ਦੇ ਖਿਲਾਫ ਕਿਸਾਨਾਂ ਦੀ ਔਖ, ਗੁੱਸਾ ਅਤੇ ਰੋਸ ਵਧਦਾ ਜਾ ਰਿਹਾ ਹੈ। ਪਿਛਲੇ ਅਰਸੇ ਵਿੱਚ ਭਾਜਪਾ ਦੀ ਸੂਬਾਈ ਹਕੂਮਤ ਨੇ ਕਿਸਾਨਾਂ ਦੇ ਬਿਜਲੀ ਬਿਲਾਂ ਵਿੱਚ ਵਾਧਾ ਕਰ ਦਿੱਤਾ ਸੀ ਤਾਂ ਉਸਦੇ ਖਿਲਾਫ ਕਿਸਾਨਾਂ ਦੀ ਵਿਸ਼ਾਲ ਹੋਈ ਲਾਮਬੰਦੀ ਨੇ ਹਕੂਮਤ ਨੂੰ ਥੁੱਕ ਕੇ ਚੱਟਣ ਲਈ ਮਜਬੂਰ ਕੀਤਾ ਸੀ। ਪਰ ਜਦੋਂ ਤੱਕ ਕਿਸਾਨਾਂ ਪੱਖੀ ਨੀਤੀਆਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਕਿਸਾਨ ਸੰਕਟ ਦੇ ਹੱਲ ਹੋਣਦੀਆਂ ਗੁੰਜਾਇਸ਼ਾਂ ਨਹੀਂ ਹਨ। ਭਾਵੇਂ ਸੂਬਾਈ ਸਰਕਾਰ ਨੇ ਬਿਜਲੀ ਬਿਲਾਂ ਵਿੱਚ ਕੀਤਾ ਵਾਧਾ ਤਾਂ ਵਾਪਸ ਲੈ ਲਿਆ ਸੀ, ਪਰ ਵਧਦੇ ਲਾਗਤ ਖਰਚਿਆਂ ਸਨਮੁੱਖ ਕਿਸਾਨੀ ਹੋਰ ਵਧ ਨਪੀੜੀ ਜਾ ਰਹੀ ਹੈ, ਜਿਸਦੇ ਵਿਰੋਧ ਵਿੱਚ ਰਾਜਸਥਾਨ ਦੀ ਕਿਸਾਨ ਸਭਾ ਨੇ ਵਿਸ਼ਾਲ ਲਾਮਬੰਦੀ ਕਰਕੇ ਹਕੂਮਤ ਨੂੰ ਅਖੌਤੀ ਕਰਜ਼ਾ ਮੁਆਫੀ ਦਾ ਐਲਾਨ ਕਰਨ ਲਈ ਮਜਬੂਰ ਕੀਤਾ ਹੈ।
ਕਿਸਾਨਾਂ ਦੀ ਲਾਮਬੰਦੀ ਲਈ ਕਿਸਾਨ ਸਭਾ ਇਹ ਨਾਹਰਾ ਲੈ ਕੇ ਚੱਲੀ ਕਿ ''ਹਰ ਪਿੰਡ ਕਿਸਾਨ ਸਭਾ ਅਤੇ ਹਰ ਕਿਸਾਨ, ਕਿਸਾਨ ਸਭਾ 'ਚ''। ਕਿਸਾਨ ਸਭਾ ਨੇ 15 ਸਤੰਬਰ ਨੂੰ ਸੀਕਰ ਸ਼ਹਿਰ ਵਿੱਚ ਵੱਡੇ ਕਿਸਾਨ ਇਕੱਠ ਦਾ ਐਲਾਨ ਕਰ ਦਿੱਤਾ, ਜਿਸ ਵਿੱਚ ਦਹਿ-ਹਜ਼ਾਰਾਂ ਕਿਸਾਨ ਮਰਦ-ਔਰਤਾਂ ਨੇ ਜੋਸ਼ ਅਤੇ ਧੜੱਲੇ ਨਾਲ ਹਿੱਸਾ ਲਿਆ। ਲੋਕਾਂ ਦੀ ਵਧਦੀ ਲਾਮਬੰਦੀ ਨੂੰ ਰੋਕਣ ਲਈ ਹਕੂਮਤ ਨੇ ਦਫਾ ਚੁਤਾਲੀ ਦਾ ਐਲਾਨ ਕਰਕੇ ਲੋਕਾਂ ਦੇ ਇਕੱਠ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਤਾ ਦਾ ਹੜ੍ਹ ਨਿਰੰਤਰ ਵਧਦਾ ਜਾ ਰਿਹਾ ਸੀ। ਲੋਕਾਂ ਨੇ ਫੂਨਾਂ-ਇੰਟਰਨੈੱਟ 'ਤੇ ਪ੍ਰਚਾਰ ਦੀ ਹਨੇਰੀ ਲਿਆ ਦਿੱਤੀ ਤਾਂ ਹਕੂਮਤ ਨੇ ਬੁਖਲਾਹਟ ਵਿੱਚ ਆ ਕੇ ਇੰਟਰਨੈੱਟ ਸੇਵਾਵਾਂ ਹੀ ਮੁਅੱਤਲ ਕਰ ਦਿੱਤੀਆਂ।
ਹਕੂਮਤ ਦੇ ਜਾਬਰ ਹੱਥਕੰਡਿਆਂ ਵਿਰੁੱਧ ਲੋਕਾਂ ਦਾ ਗੁੱਸਾ ਵਧਦਾ ਗਿਆ। ਕਿਸਾਨ ਆਗੂਆਂ ਨੇ ਐਲਾਨ ਕਰ ਦਿੱਤਾ ਕਿ ਫਿਰਕੂ ਫਾਸ਼ੀ ਭਾਜਪਾ ਹਕੂਮਤ ਜਿੰਨੇ ਮਰਜੀ ਹੱਥਕੰਡੇ ਅਪਣਾ ਲਵੇ, ਇਹ ਲੋਕਤਾ ਦੇ ਰੋਹ ਨੂੰ ਡੱਕ ਨਹੀਂ ਸਕਦੀ। ਇਸ ਪਾਰਟੀ ਦੇ ਆਗੂਆਂ ਦੇ ਹੱਥ ਗੌਰੀ ਲੰਕੇਸ਼ ਵਰਗੀ ਪੱਤਰਕਾਰ, ਕੁਲਬਰਗੀ ਅਤੇ ਪੰਸਾਰੇ ਵਰਗੇ ਬੁੱਧੀਜੀਵੀਆਂ ਦੇ ਖੂਨ ਵਿੱਚ ਰੰਗੇ ਹੋਏ ਹਨ। ਇਹਨਾਂ ਨੇ ਪਹਿਲੂ ਖਾਨ ਵਰਗੇ ਕਿਸਾਨਾਂ ਅਤੇ ਬੁਬਨ ਮੁਸ਼ਹਰ ਵਰਗੇ ਮਜ਼ਦੂਰਾਂ ਨੂੰ ਧਰਮ ਅਤੇ ਜਾਤ ਦੇ ਨਾਂ 'ਤੇ ਲਾਂਬੂ ਲਾਏ ਹਨ, ਪਰ ਕਿਸਾਨ ਜਨਤਾ ਝੁਕਣ ਵਾਲੀ ਨਹੀਂ ਕਿਸਾਨਾਂ ਦਾ ਰੋਹ ਅੱਗੇ ਵਧਦਾ ਜਾਵੇਗਾ। ਕਿਸਾਨਾਂ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ, 50 ਫੀਸਦੀ ਮੁਨਾਫੇ ਸਹਿਤ, ਜਿਣਸਾਂ ਦੇ ਭਾਅ ਤਹਿ ਕਰਨ, ਗਰੀਬ ਅਤੇ ਮੱਧਵਰਗੀ ਕਿਸਾਨਾਂ ਸਮੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ, 60 ਸਾਲ ਤੋਂ ਉੱਪਰ ਦੇ ਮਜ਼ਦੂਰਾਂ-ਕਿਸਾਨਾਂ ਨੂੰ 5 ਹਜ਼ਾਰ ਮਹੀਨੇ ਦੀ ਪੈਨਸ਼ਨ, ਬੇਰੁਜ਼ਗਾਰਾਂ ਲਈ ਰੁਜ਼ਗਾਰ, ਫਸਲੀ ਬੀਮਾ, ਜੰਗਲੀ ਅਤੇ ਅਵਾਰਾ ਜਾਨਵਰਾਂ ਤੋਂ ਫਸਲਾਂ ਦੀ ਰਾਖੀ ਅਤੇ ਪਸ਼ੂਆਂ ਦੇ ਵਪਾਰ ਦੀ ਖੁੱਲ੍ਹ ਆਦਿ ਦੀਆਂ ਮੰਗਾਂ ਨੂੰ ਬੁਲੰਦ ਕੀਤਾ। ਰਾਜਸਥਾਨ ਦੀ ਹਕੂਮਤ ਨੇ ਲੋਕਾਂ ਦੇ ਦਬਾਅ ਸਦਕਾ, ਮਹਾਂਰਾਸ਼ਟਰ, ਯੂ.ਪੀ., ਕਰਨਾਟਕ, ਆਂਧਰਾ, ਤਿਲੰਗਾਨਾ ਅਤੇ ਪੰਜਾਬ ਦੇ ਕਿਸਾਨਾਂ ਦੀ ਅੰਸ਼ਿਕ ਕਰਜ਼ਾ ਮੁਆਫੀ ਵਾਂਗ ਹੀ ਰਾਜਸਥਾਨ ਦੇ ਕਿਸਾਨਾਂ ਦੇ ਕਰਜ਼ੇ ਦੇ ਇੱਕ ਹਿੱਸੇ ਨੂੰ ਮੁਆਫ ਕਰਨ ਦਾ ਐਲਾਨ ਕਰਨਾ ਪਿਆ।
ਰਾਜਸਥਾਨ ਦੇ ਕਿਸਾਨਾਂ ਨੇ 'ਜ਼ਮੀਨ ਸਮਾਧੀ' ਲਗਾਈ
ਰਾਜਸਥਾਨ ਵਿੱਚ ਭਾਜਪਾ ਦੀ ਅਗਵਾਈ ਵਾਲੇ ਭੈਰੋਂ ਸਿੰਘ ਸ਼ੇਖਾਵਤ ਹਕੂਮਤ ਵੱਲੋਂ ਜੈਪੁਰ ਦੇ ਬਾਹਰਵਾਰ ਨੀਂਦਰ ਪਿੰਡ ਦੇ ਕਿਸਾਨਾਂ ਦੀ 130 ਵਿੱਘੇ ਜ਼ਮੀਨ ਹੜੱਪਣ ਦੀਆਂ ਤਿਆਰੀਆਂ ਖਿੱਚੀਆਂ ਜਾ ਰਹੀਆਂ ਹਨ। ''ਜੈਪੁਰ ਵਿਕਾਸ ਅਥਾਰਟੀ'' ਦੇ ਅਧਿਕਾਰੀ ਪਿਛਲੇ ਦੋ ਸਾਲਾਂ ਤੋਂ ਨਿਸ਼ਾਨਦੇਹੀਆਂ ਕਰਕੇ ਇਸ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੀਆਂ ਚਾਲਾਂ ਚੱਲਦੇ ਹੋਏ ਤਿਕੜਮਬਾਜ਼ੀਆਂ ਅਤੇ ਧੌਂਸ ਧਮਕੀਆਂ 'ਤੇ ਉੱਤਰੇ ਹੋਏ ਹਨ। ਪਰ ਉਹਨਾਂ ਨੂੰ ਪਤਾ ਹੈ ਕਿ ਕਿਸਾਨ 2017 ਵਿੱਚ ਆਪਣੀ ਜ਼ਮੀਨ 2010 ਦੇ ਭਾਵਾਂ ਅਨੁਸਾਰ ਦੇਣ ਨੂੰ ਉੱਕਾ ਹੀ ਤਿਆਰ ਨਹੀਂ ਹੋਣਗੇ— ਇਸ ਤੋਂ ਇਲਾਵਾ ਇਸ ਥਾਂ 'ਤੇ ਪਿਛਲੇ ਸਾਲਾਂ ਤੋਂ ਜਿਹੜੀਆਂ ਬਸਤੀਆਂ ਵਸੀਆਂ ਹੋਈਆਂ ਹਨ, ਉਹਨਾਂ ਵਿੱਚ 15000 ਕਰੀਬ ਪਰਿਵਾਰ ਰਹਿੰਦੇ ਆ ਰਹੇ ਹਨ, ਜੋ ਕਿਸੇ ਵੀ ਹਾਲਤ ਵਿੱਚ ਉਜਾੜਾ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹਨ।
ਸੂਬਾਈ ਹਕੂਮਤ ਭਾਵੇਂ ਅਨੇਕਾਂ ਤਰ੍ਹਾਂ ਦੇ ਲਾਰੇ ਲਾ ਕੇ ਝੂਠੇ ਵਾਅਦਿਆਂ ਰਾਹੀਂ ਕਿਸਾਨਾਂ ਨੂੰ ਵਰਚਾਉਣ ਦੇ ਐਲਾਨ ਕਰਦੀ ਆ ਰਹੀ ਹੈ ਪਰ ਕਿਸਾਨਾਂ ਨੇ ''ਨੀਂਦਰ ਬਚਾਓ ਕਿਸਾਨ ਯੁਵਾ ਸੰਮਤੀ'' ਬਣਾ ਕੇ 15 ਸਤੰਬਰ ਤੋਂ ਮੀਟਿੰਗਾਂ-ਰੈਲੀਆਂ ਅਤੇ ਪ੍ਰਚਾਰ ਸਾਧਨਾਂ ਰਾਹੀਂ ਆਪਣਾ ਸੰਘਰਸ਼ ਤਿੱਖਾ ਕਰਨ ਦਾ ਰਸਤਾ ਅਖਤਿਆਰ ਕੀਤਾ ਹੈ। ਇਸ ਸੰਘਰਸ਼ ਦੇ ਅਗਲੇ ਪੜਾਅ ਵਜੋਂ ਕਿਸਾਨਾਂ ਨੇ 2 ਅਕਤੂਬਰ ਤੋਂ ''ਜ਼ਮੀਨੀ ਸਮਾਧੀ'' ਲਾਉਣ ਦਾ ਰੋਸ ਪ੍ਰੋਗਰਾਮ ਉਲੀਕਿਆ ਹੈ, ਜਿਸ ਤਹਿਤ 20-25 ਕਿਸਾਨ ਮਰਦ-ਔਰਤਾਂ ਵੱਲੋਂ ਜ਼ਮੀਨ ਵਿੱਚ ਕਬਰਾਂ ਪੁੱਟ ਕੇ ਉਹਨਾਂ ਵਿੱਚ ਸਮਾਧੀ ਲਾ ਕੇ ਰੋਸ ਪ੍ਰਗਟਾਵੇ ਦਾ ਢੰਗ ਅਖਤਿਆਰ ਕੀਤਾ। ਹਕੂਮਤ ਨੂੰ ਇਹ ਲੱਗਦਾ ਸੀ ਕਿ 20-50 ਕਿਸਾਨ ਹਤਾਸ਼ ਹੋ ਕੇ ਥੋੜ੍ਹੇ ਦਿਨਾਂ ਵਿੱਚ ਠੁੱਸ ਹੋ ਕੇ ਬੈਠ ਜਾਣਗੇ ਪਰ ਦੋ ਹਫਤੇ ਬਾਅਦ ਤੱਕ ਲੋਕਾਂ ਨੇ 150 ਦੇ ਕਰੀਬ ਕਬਰਾਂ ਖੋਦ ਲਈਆਂ ਅਤੇ ਧਰਨੇ ਨੂੰ ਦਿਨ-ਰਾਤ ਦੇ ਧਰਨੇ ਵਿੱਚ ਬਦਲ ਦਿੱਤਾ। ਇਹਨਾਂ ਤੋਂ ਇਲਾਵਾ ਹੋਰਨਾਂ ਬਸਤੀਆਂ ਦੇ ਉਜਾੜੇ-ਮੂੰਹ ਆਏ ਲੋਕ ਅਤੇ ਇਨਸਾਫਪਸੰਦ ਜਮਹੂਰੀ ਸ਼ਕਤੀਆਂ ਇਹਨਾਂ ਦਾ ਸਾਥ ਦੇਣ ਲੱਗੀਆਂ ਹਨ। ਰਾਜਸਥਾਨ ਦੇ ਕਿਸਾਨਾਂ ਦੀ ''ਜ਼ਮੀਨ ਸਮਾਧੀ'' ਦਾ ਰੋਸ ਪ੍ਰਗਟਾਵਾ ਕੁਡੂਕੁਲਮ ਦੇ ਕਿਸਾਨਾਂ ਦੇ ਘੋਲ ਨਾਲ ਮਿਲਦਾ-ਜੁਲਦਾ ਹੈ, ਜਿੱਥੇ ਪ੍ਰਮਾਣੂੰ ਪਲਾਂਟ ਦੇ ਵਿਰੋਧ ਵਿੱਚ ''ਜਲ-ਸਮਾਧੀ'' ਲਾ ਕੇ ਸਮੁੰਦਰ ਦੇ ਪਾਣੀਆਂ ਵਿੱਚ ਧਰਨੇ ਲਾਏ ਸਨ। ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੇ ਕਿਸਾਨ ਘੋਲਾਂ ਤੋਂ ਬਾਅਦ ਹੁਣ ਰਾਜਸਥਾਨ ਦੇ ਕਿਸਾਨਾਂ ਦਾ ਘੋਲ ਤਿੱਖੇ ਸੰਘਰਸ਼ਾਂ ਵਿੱਚ ਵਟਦਾ ਦਾ ਰਿਹਾ ਹੈ।
ਨੌਜਵਾਨ ਭਾਰਤ ਸਭਾ (ਪੰਜਾਬ) ਦੀ ਸਿਆਸੀ ਕਾਨਫਰੰਸ ਪੂਰੀ ਤਰ੍ਹਾਂ ਸਫਲ
ਸੰਗਰੂਰ ਵਿਖੇ 29 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦੇ 110ਵੇਂ ਜਨਮ ਦਿਨ ਨੂੰ ਸਮਰਪਿਤ “ਅੱਜ ਦੇ ਸਿਆਸੀ ਹਾਲਾਤ, ਇਨਕਲਾਬ ਅਤੇ ਨੌਜਵਾਨਾਂ ਦੀ ਭੂਮਿਕਾ'' ਵਿਸ਼ੇ ਤੇ ਆਯੋਜਿਤ ਸਿਆਸੀ ਕਾਨਫਰੰਸ- ਪਹਿਲੀ ਸਥਾਪਨਾ ਕਾਨਫਰੰਸ, ਨੌਜਵਾਨਾਂ- ਵਿਦਿਆਰਥੀਆਂ ਨੂੰ ਸਮਾਜਿਕ ਤਬਦੀਲੀ ਲਈ ਕੁੱਦ ਜਾਣ ਦੇ ਸੱਦੇ ਨਾਲ ਸੰਪੰਨ ਹੋ ਗਈ।
ਪੂਰੀ ਤਰ੍ਹਾਂ ਭਰੇ ਕਾਨਫਰੰਸ ਹਾਲ ਨੂੰ ਸਭ ਤੋਂ ਪਹਿਲਾਂ ਪ੍ਰੋਫੈਸਰ ਜਗਮੋਹਨ ਸਿੰਘ ਜੀ ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਅੱਜ ਦੇਸ਼ ਨੂੰ ਇਨਕਲਾਬ ਦੀ ਸਖ਼ਤ ਜ਼ਰੂਰਤ ਹੈ। ਮਹਿੰਗਾਈ, ਗਰੀਬੀ, ਵੇਸ਼ਵਾਵ੍ਰਿਤੀ ਛਾਲਾਂ ਮਾਰ ਕੇ ਵੱਧ ਰਹੀਆਂ ਹਨ। ਦਲਿਤਾਂ, ਆਦਿਵਾਸੀਆਂ, ਘੱਟ-ਗਿਣਤੀ, ਔਰਤਾਂ, ਕਿਸਾਨਾਂ, ਮਜ਼ਦੂਰਾਂ, ਪੱਤਰਕਾਰਾਂ, ਜਮਹੂਰੀ ਕਾਰਕੁਨਾਂ ਆਦਿ ਸਭ ਨੂੰ ਕੁੱਟਿਆ/ਮਾਰਿਆ ਜਾ ਰਿਹਾ ਹੈ। ਮੋਦੀ, ਜੋਗੀ, ਆਰ.ਐੱਸ.ਐੱਸ. ਦੇ ਫਾਸ਼ੀਵਾਦ ਏਜੰਡੇ ਨੂੰ ਅੱਗੇ ਵਧਾ ਰਹੇ ਹਨ। ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਗ੍ਰਹਿਣ ਕਰਕੇ ਅੱਗੇ ਵਧਣਾ ਚਾਹੀਦਾ ਹੈ।
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਰਸ਼ਪਿੰਦਰ ਜਿੰਮੀ ਨੇ ਕਿਹਾ ਕੇ ਵਿਦਿਆਰਥੀ ਚੋਣਾਂ ਤੇ ਲਗਾਈ ਪਾਬੰਦੀ ਖਤਮ ਕੀਤੀ ਜਾਵੇ, ਸਿੱਖਿਆ ਦਾ ਨਿੱਜੀਕਰਨ ਤੇ ਵਪਾਰੀਕਰਨ ਬੰਦ ਕੀਤਾ ਜਾਵੇ। ਸੰਘੀ ਵਿਚਾਰਧਾਰਾ ਵਿਦਿਆਰਥੀ ਵਿਰੋਧੀ ਹੈ। ਉਹਨਾਂ ਕਿਹਾ ਕਿ ਭਗਤ ਸਿੰਘ ਦੇ ਵਿਦਿਆਰਥੀ ਅਤੇ ਰਾਜਨੀਤੀ ਲੇਖ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ।
ਨੌਜਵਾਨ ਆਗੂ ਜਗਸੀਰ ਨਮੋਲ ਨੇ ਰੁਜ਼ਗਾਰ ਦੇ ਹਾਲਾਤਾਂ ਤੇ ਵਿਸਥਾਰ 'ਚ ਚਾਨਣਾ ਪਾਇਆ। ਲੱਚਰ ਸੱਭਿਆਚਾਰ ਅਤੇ ਨਸ਼ੇ 'ਚ ਨੌਜਵਾਨਾਂ ਨੂੰ ਲਾ ਕੇ ਸਰਕਾਰਾਂ ਗਾਲ ਰਹੀਆਂ ਹਨ। ਦੇਸ਼ ਅੰਦਰ ਵੱਧ ਰਿਹਾ ਹਿੰਦੂ ਬ੍ਰਾਹਮਣਵਾਦੀ ਫਾਸ਼ੀਵਾਦ ਅੱਜ ਵੱਡਾ ਖ਼ਤਰਾ ਬਣ ਗਿਆ ਹੈ। ਉਹਨਾਂ ਨੌਜਵਾਨਾਂ ਨੂੰ ਦੋ- ਪੱਖੀ ਸੰਘਰਸ਼, ਰੁਜ਼ਗਾਰ ਅਤੇ ਇਨਕਲਾਬ ਸ਼ੁਰੂ ਕਰਨ ਦਾ ਸੱਦਾ ਦਿੱਤਾ।
ਸਟੇਜ ਸੈਕਟਰੀ ਦੀ ਜਿੰਮੇਵਾਰੀ ਨੌਜਵਾਨ ਆਗੂ ਪਰਗਟ ਸਿੰਘ ਕਾਲਝਾੜ ਨੇ ਬਾਖੂਬੀ ਨਿਭਾਈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵਲੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਪ੍ਰਦਰਸ਼ਨ
ਅੱਜ ਮਿਤੀ 25 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਐਸ.ਐਫ.ਐਸ. ਅਤੇ ਏ.ਆਈ.ਐਸ.ਆਈ. ਵਲੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ 'ਤੇ ਹੋਏ ਬਰਬਰ ਲਾਠੀਚਾਰਜ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਵਿੱਚ ਕਈ ਵਿਦਿਆਰਥੀ ਸ਼ਾਮਲ ਹੋਏ ਅਤੇ ਓਹਨਾਂ ਨੇ ਸ਼ਾਂਤਮਈ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ 'ਤੇ ਕੀਤੇ ਪੁਲਿਸ ਲਾਠੀਚਾਰਜ ਦੀ ਨਿਖੇਧੀ ਕੀਤੀ।)
ਬੁਲਾਰਿਆਂ ਨੇ ਕਿਹਾ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਹੋਇਆ ਲਾਠੀਚਾਰਜ ਬੁਨਿਆਦੀ ਜਮਹੂਰੀ ਅਧਿਕਾਰਾਂ 'ਤੇ ਹੋਇਆ ਹਮਲਾ ਹੈ ਅਤੇ ਭਾਰਤ 'ਚ ਪਿਛਲੇ ਸਮੇਂ ਦੌਰਾਨ ਖਾਸ ਤੌਰ 'ਤੇ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਜਮਹੂਰੀ ਹੱਕਾਂ 'ਤੇ ਅਜਿਹੇ ਹਮਲੇ ਬਹੁਤ ਵਧ ਗਏ ਹਨ। ਪਿਛਲੇ ਸਮੇਂ ਵਿੱਚ ਹੈਦਰਾਬਾਦ ਯੂਨੀਵਰਸਿਟੀ, ਜੇ.ਐੱਨ.ਯੂ, ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਨੇ ਮਿਲ ਕੇ ਜਬਰੀ ਸੰਘਰਸ਼ਾਂ ਨੂੰ ਦਬਾਇਆ ਹੈ। ਸਿਰਫ਼ ਯੂਨੀਵਰਸਿਟੀਆਂ ਅੰਦਰ ਹੀ ਨਹੀਂ ਪੂਰੇ ਦੇਸ਼ ਵਿੱਚ ਆਪਣੇ ਸੰਘਰਸ਼ਾਂ ਲਈ ਲੜਦੇ ਲੋਕਾਂ ਨੂੰ ਇਸ ਜਬਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੰਜਾਬੀ ਭਾਸ਼ਾ ਲਿਖਣ ਦੇ ਮਸਲੇ ਉੱਪਰ ਸਰਗਰਮੀ
ਭਾਵੇਂ ਪੰਜਾਬੀ ਭਾਸ਼ਾ ਲਾਗੂ ਕਰਨ ਸਬੰਧੀ 2008 ਵਾਲੇ ਸੋਧੇ ਹੋਏ ਕਾਨੂੰਨ ਵਿੱਚ ਸਪੱਸ਼ਟ ਹਦਾਇਤ ਦਰਜ ਹੈ ਕਿ ਪੰਜਾਬ ਦੇ ਸਾਰੇ ਵਿਭਾਗਾਂ ਵਿੱਚ ਲਿਖਤੀ ਕੰਮ  ਪੰਜਾਬੀ ਭਾਸ਼ਾ ਵਿੱਚ ਕੀਤਾ ਜਾਵੇਗਾ ਅਤੇ ਇਸ ਕਾਨੂੰਨ ਨੂੰ ਲਾਗੂ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਪਰ ਅੱਜ ਇਹ ਹਦਾਇਤਾਂ ਸਿਰਫ ਕਾਗਜ਼ਾਂ ਵਿੱਚ ਹੀ ਸੀਮਤ ਹੋ ਕੇ ਰਹਿ ਗਈਆਂ ਹਨ।
ਅੱਜ ਕੱਲ੍ਹ ਪੰਜਾਬ ਵਿੱਚ ਪੰਜਾਬੀ ਭਾਸ਼ਾ ਨਾਲ ਵਿਤਕਰੇ ਦਾ ਮਸਲਾ ਉਸ ਮੌਕੇ ਖੜ੍ਹਾ ਹੋਇਆ, ਜਦ ਨਵੀਆਂ ਬਣੀਆਂ ਚੌਹ-ਮਾਰਗੀ ਸੜਕਾਂ ਉੱਪਰ ਲੱਗੇ ਵੱਡੇ ਸਾਈਨ ਬੋਰਡਾਂ ਉੱਪਰ ਕਈਆਂ ਵਿੱਚ ਤਾਂ ਪੰਜਾਬ ਵਿੱਚ ਜਾਣਕਾਰੀ ਲਿਖੀ ਹੀ ਨਹੀਂ ਅਤੇ ਕਈਆਂ ਵਿੱਚ ਸਭ ਤੋਂ ਹੇਠਾਂ ਕਰਕੇ ਤੀਜੇ ਦਰਜ਼ੇ ਦੀ ਭਾਸ਼ਾ ਬਣਾ ਕੇ ਲਿਖਿਆ ਹੈ। ਇਸ ਵਿਤਕਰੇ ਖਿਲਾਫ ਪੰਜਾਬ ਦੇ ਸਾਰੇ ਖਿੱਤਿਆਂ ਵਿੱਚ ਸੋਸ਼ਲ ਮੀਡੀਏ ਅਤੇ ਪ੍ਰੈਸ ਮੀਡੀਏ ਵਿੱਚ ਚਰਚਾ ਚੱਲਣੀ ਸ਼ੁਰੂ ਹੋਈ। ਮਾਲਵੇ ਦੇ ਬਠਿੰਡਾ ਜ਼ਿਲ੍ਹੇ ਵਿੱਚ ਤਾਂ ਇਸ ਤੋਂ ਵੀ ਅੱਗੇ ਵਧ ਕੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਸਮੇਤ ਕੁੱਝ ਜਥੇਬੰਦੀਆਂ ਵੱਲੋਂ, ਇਸ ਮਸਲੇ ਉੱਪਰ ਤਿਆਰੀ ਮੁਹਿੰਮ ਚਲਾ ਕੇ ਐਕਸ਼ਨ ਪ੍ਰੋਗਰਾਮ ਦੇਣ ਦਾ ਫੈਸਲਾ ਵੀ ਕੀਤਾ ਗਿਆ।
4 ਅਕਤੂਬਰ ਨੂੰ ਭਾਰਤੀ ਕਿਸਾਨ ਯੁਨੀਅਨ (ਕ੍ਰਾਂਤੀਕਾਰੀ) ਔਰਤ ਮੁਕਤੀ ਮੰਚ ਪੰਜਾਬ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਮਾਲਵਾ ਯੂਥ ਫੈਡਰੇਸ਼ਨ, ਦਲ ਖਾਲਸਾ ਪੰਜਾਬ, ਕੁੱਝ ਸਾਹਿਤਕ ਜਥੇਬੰਦੀਆਂ ਅਤੇ ਪੰਜਾਬੀ ਪ੍ਰੇਮੀ ਸਖਸ਼ੀਅਤਾਂ ਵੱਲੋਂ ਸਾਂਝੇ ਤੌਰ 'ਤੇ ਡੀ.ਸੀ. ਬਠਿੰਡਾ ਨੂੰ ਪੰਜਾਬੀ ਭਾਸ਼ਾ ਐਕਟ ਲਾਗੂ ਕਰਵਾ ਕੇ ਸੜਕੀ ਸਾਈਨ ਬੋਰਡਾਂ ਉੱਪਰ ਪੰਜਾਬੀ ਪਹਿਲੇ ਨੰਬਰ ਉਤੇ ਲਿਖਵਾਣ ਸਬੰਧੀ ਮੰਗ ਪੱਤਰ ਅਲਟੀਮੇਟਮ ਦਿੱਤਾ ਕਿ ਜੇ 15 ਦਿਨਾਂ ਵਿੱਚ ਇਹ ਮੰਗਾਂ ਉੱਪਰ ਅਮਲ ਨਾ ਹੋਇਆ ਤਾਂ ਸਬੰਧਤ ਜਥੇਬੰਦੀਆਂ ਸਿੱਧੀ ਐਕਸ਼ਨ ਕਾਰਵਾਈ ਕਰਕੇ ਸੜਕੀ ਸਾਈਨ ਬੋਰਡਾਂ ਉੱਪਰ ਕਾਲਾ ਪੇਂਟ ਫੇਰਨਗੀਆਂ। ਇਸ ਡੈਪੂਟੇਸ਼ਨ ਵਿੱਚ, ਲੱਖਾ ਸਿਧਾਣਾ ਆਗੁ ਮਾਲਵਾ ਯੂਥ ਫੈਡਰੇਸ਼ਨ, ਮੁਖਤਿਆਰ ਕੌਰ ਆਗੂ ਔਰਤ ਮੁਕਤੀ ਮੰਚ, ਸੁਖਪਾਲ ਖਿਆਲੀਵਾਲਾ ਆਗੂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਗੁਰਮੇਲ ਸਿੰਘ ਜੰਡਾਵਾਲਾ, ਆਗੂ ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) ਜਥੇਦਾਰ ਹਰਦੀਪ ਸਿੰਘ ਗੁਰੂਸਰ ਆਗੂ ਦਲ ਖਾਲਸਾ ਪੰਜਾਬ ਅਤੇ ਬਲਜਿੰਦਰ ਸਿੰਘ ਕੋਟਭਾਰਾ ਪੰਜਾਬੀ ਪੱਤਰਕਾਰ ਆਦਿ ਸ਼ਾਮਲ ਹੋਏ।
ਡੀ.ਸੀ. ਬਠਿੰਡਾ ਨੇ ਆਪ ਮੰਗ ਪੱਤਰ ਪ੍ਰਾਪਤ ਕਰਕੇ ਮੰਗ ਉੱਪਰ ਅਮਲ ਕਰਵਾਉਣ ਦਾ ਵਿਸ਼ਵਾਸ਼ ਦੁਆਇਆ, ਪਰ ਕੁੱਝ ਦਿਨਾਂ ਬਾਅਦ ਹੀ ਜ਼ਿਲ੍ਹਾ ਪ੍ਰਸਾਸ਼ਨ ਦਾ ਲਿਖਤੀ ਬਿਆਨ ਆ ਗਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ, ਨੇ ਸਾਈਨ ਬੋਰਡ ਉੱਤੇ ਕਿਸੇ ਕਿਸਮ ਦੀ ਤਬਦੀਲੀ ਕਰਨ ਤੋਂ ਜੁਆਬ ਦੇ ਦਿੱਤਾ ਹੈ ਕਿਉਂਕਿ ਇਸ ਅਥਾਰਟੀ ਦੇ ਹੁਕਮ ਤਹਿਤ ਹੀ ਸਾਈਨ ਬੋਰਡ ਲਿਖਵਾਏ ਗਏ। ਵਰਨਣਯੋਗ ਹੈ ਕਿ ਕੁੱਝ ਸਾਲ ਪਹਿਲਾਂ ਬਣੀ ਰਾਜਪੁਰਾ, ਲੁਧਿਆਣਾ ਫਗਵਾੜਾ, ਜਲੰਧਰ, ਅੰਮ੍ਰਿਤਸਰ ਚੌਂਹ ਮਾਰਗੀ ਸੜਕ ਉੱਪਰ ਸਾਰੇ ਸਾਈਨ ਬੋਰਡ ਪੰਜਾਬੀ ਵਿੱਚ ਲਿੱਖੇ ਗਏ ਸਨ, ਪਰ 2014 ਵਿੱਚ ਕੇਂਦਰ ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਬਣੀਆਂ ਵੱਡੀਆਂ ਸੜਕਾਂ ਉੱਪਰਲੇ ਸਾਈਨ ਬੋਰਡਾਂ ਦੀ ਭਾਸ਼ਾ ਵਿੱਚੋਂ ਹਿੰਦੀ ਅਤੇ ਅੰਗਰੇਜ਼ੀ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ, ਜਿਸ ਤੋਂ ਸਾਫ ਜ਼ਾਹਰ ਹੈ ਕਿ ਹੋਰਨਾਂ ਖੇਤਰਾਂ ਵਾਂਗ ਇਸ ਖੇਤਰ ਵਿੱਚ ਭਗਵੇਂ ਹਿੰਦੂਤਵ ਦੀ ਨੀਤੀ ਲੋਕਾਂ ਦੇ ਸਿਰ ਥੋਪਣੇ ਦਾ ਬਾਕਾਇਦਾ ਇੱਕ ਏਜੰਡਾ ਹੈ ਅਤੇ ਹਿੰਦੂ ਹਿੰਦੀ ਹਿੰਸਦੋਸਤਾਨ ਦੇ ਨਾਹਰੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਸੋਚੀ ਸਮਝੀ ਸਕੀਮ ਹੈ।
ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੋਰਾ ਜੁਆਬ ਮਿਲਣ ਤੋਂ ਬਾਅਦ ਉਕਤ ਸਬੰਧਤ ਜਥੇਬੰਦੀਆਂ ਦੇ ਸੀਨੀਅਨ ਆਗੂਆਂ ਨੇ 13 ਅਕਤੂਬਰ ਨੂੰ ਦੁਬਾਰਾ ਮੀਟਿੰਗ ਕਰਕੇ, ਅਲਟੀਮੇਟਮ ਦੇ ਦੋ ਹਫਤਿਆਂ ਦਾ ਸਮਾਂ ਲੰਘਣ ਬਾਅਦ 21 ਅਕਤੂਬਰ ਨੂੰ ਬਠਿੰਡਾ ਅੰਮ੍ਰਿਤਸਰ ਰੋਡ ਉੱਪਰ, ਸਾਰੇ ਸਾਈਨ ਬੋਰਡਾਂ ਉਪਰਲੇ ਹਿੰਦੀ ਅਤੇ ਅੰਗਰੇਜ਼ੀ ਅੱਖਰਾਂ ਉੱਪਰ ਕਾਲਾ ਪੋਚਾ ਫੇਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਅਤੇ ਇਸ ਲਈ ਲੋੜੀਂਦੀਆਂ ਤਿਆਰੀਆਂ ਕੀਤੀਆਂ ਗਈਆਂ।
21 ਅਕਤੂਬਰ ਨੂੰ ਪਹਿਲਾਂ ਗੁਰਦੁਆਰਾ ਹਾਜੀਰਤਨ ਬਠਿੰਡਾ ਵਿਖੇ ਜਥੇਬੰਦੀਆਂ ਦੇ ਆਗੂ ਤੇ ਵਰਕਰ ਇਕੱਠੇ ਹੋਏ। ਮਾਲਵਾ ਯੂਥ ਫੈਡਰੇਸ਼ਨ ਦੇ ਨੌਜਵਾਨਾਂ ਦੀ ਗਿਣਤੀ ਵੱਧ ਸੀ ਅਤੇ ਉਹਨਾਂ ਅੰਦਰਲਾ ਉਤਸ਼ਾਹ ਵੀ ਕੁੱਝ ਕਰਨ ਲਈ ਠਾਠਾਂ ਮਾਰ ਰਿਹਾ ਸੀ। ਮਿਥੇ ਸਮੇਂ ਹੱਥ ਵਿੱਚ ਬੁਰਸ਼, ਪੇਂਟ ਕਾਲੇ ਪੇਂਟ ਵਾਲੇ ਡੱਬੇ ਮਾਟੋ, ਬੈਨਰ ਅਤੇ ਪੌੜੀਆਂ ਲੈ ਕੇ ਬਠਿੰਡਾ-ਅੰਮ੍ਰਿਤਸਰ ਕਾਲਾ ਪੋਚਾ ਫੇਰਨ ਵਾਲਾ ਕਾਫਲਾ ਆਪਣੀ ਕਾਰਵਾਈ ਕਰਦਾ ਹੋਇਆ, ਅਜੇ 15 ਕਿਲੋਮੀਟਰ ਦੂਰ ਗੋਨੇਆਣਾ ਪਿੰਡ ਤੱਕ ਹੀ ਪਹੁੰਚਿਆ ਸੀ ਕਿ ਜ਼ਿਲ੍ਹਾ ਪੁਲਸ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਐਸ.ਪੀ. ਜ਼ਿਲ੍ਹਾ ਬਠਿੰਡਾ ਦੀ ਅਗਵਾਈ ਵਿੱਚ ਪਹੁੰਚੀ ਪੁਲਸ ਧਾੜ ਨੇ ਕਾਫਲੇ ਨੂੰ ਅੱਗੇ ਵਧਣ ਤੋਂ ਰੋਕਣਾ ਚਾਹਿਆ। ਲੱਖਾ ਸਿੰਘ ਸਿਧਾਣਾ ਅਤੇ ਮੌਕੇ ਤੇ ਮੌਜੂਦ ਹੋਰ ਆਗੂਆਂ ਨੇ ਰੋਸ ਵਜੋਂ ਸੜਕ ਉੱਪਰ ਧਰਨਾ ਮਾਰ ਕੇ ਜਦ ਜਾਮ ਲਾ ਦਿੱਤਾ ਤਾਂ ਪੁਲਸ ਅਧਿਕਾਰੀਆਂ ਲਈ ਕਸੂਤੀ ਹਾਲਤ ਬਣ ਗਈ ਅਤੇ ਆਗੂਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਗੱਲਬਾਤ ਵਿੱਚ ਪੁਲਸ ਅਧਿਕਾਰੀਆਂ ਨੇ ਵਾਅਦਾ ਕੀਤਾ ਕਿ ਛੇਤੀ ਇੱਕ ਦੋ ਦਿਨਾਂ ਤੱਕ ਸਰਕਾਰ ਨਾਲ ਗੱਲਬਾਤ ਕਰਵਾ ਕੇ, ਸਾਈਨ ਬੋਰਡਾਂ ਉੱਪਰ ਪੰਜਾਬੀ ਭਾਸ਼ਾ ਨੂੰ ਪ੍ਰਮੁੱਖਤਾ ਦੇਣ ਦਾ ਮਸਲਾ ਹੱਲ ਕੀਤਾ ਜਾਵੇਗਾ।
ਅਗਲੇ ਦਿਨ ਪਤਾ ਲੱਗਿਆ ਕਿ ਪੁਲਸ ਨੇ ਚੁੱਪ ਚੁਪੀਤੇ, ਥਾਣਾ ਨਹੀਆਂਵਾਲਾ ਅਤੇ ਥਾਣਾ ਥਰਮਲ ਬਠਿੰਡਾ ਵਿੱਚ 142 ਵਿਅਕਤੀਆਂ ਉੱਪਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਤਹਿਤ ਪਰਚਾ ਦਰਜ ਕਰ ਦਿੱਤਾ, ਪਰ ਗ੍ਰਿਫਤਾਰੀ ਕਿਸੇ ਦੀ ਨਹੀਂ ਕੀਤੀ। ਆਗੂਆਂ ਨੇ ਮੁੜ ਮੀਟਿੰਗ ਕਰਕੇ ਪ੍ਰੈਸ ਕਾਨਫਰੰਸ ਰਾਹੀਂ ਐਲਾਨ ਕੀਤਾ ਹੈ ਕਿ ਉਹ ਅਜਿਹੇ ਪਰਚਿਆਂ ਦੇ ਡਰਾਵੇ ਤਹਿਤ ਮਾਂ ਬੋਲੀ ਦੇ ਪੱਖ ਵਿੱਚ ਆਪਣਾ ਸੰਘਰਸ਼ ਬੰਦ ਨਹੀਂ ਕਰਨਗੇ, ਸਗੋਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਵਿਸ਼ਾਲ ਅਤੇ ਤਿੱਖਾ ਕਰਨਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਕੋਈ ਵੀ ਆਗੂ/ਵਰਕਰ ਦਰਜ ਹੋਏ ਪੁਲਸ ਕੇਸਾਂ ਵਿੱਚ ਜਮਾਨਤ ਨਹੀਂ ਕਰਵਾਉਣਗੇ ਅਤੇ ਜੇਲ੍ਹ ਜਾਣ ਨੂੰ ਤਰਜੀਹ ਦੇਣਗੇ।

No comments:

Post a Comment