Sunday, 29 October 2017

ਗ਼ਦਰ ਲਹਿਰ : ਇਤਿਹਾਸਕ ਰੋਲ ਅਤੇ ਅਜੋਕੀ ਪ੍ਰਸੰਗਕਿਤਾ

ਗ਼ਦਰ ਲਹਿਰ ਦੇ ਇਤਿਹਾਸਕ ਰੋਲ ਅਤੇ ਅਜੋਕੀ ਪ੍ਰਸੰਗਕਿਤਾ ਨੂੰ ਉਚਿਆਉਂਦਿਆਂ ਇਸਦੀ
ਸ਼ਾਨਾਂਮੱਤੀ ਵਿਰਾਸਤ ਦੀ ਰਾਖੀ ਲਈ ਡਟੋ

-ਨਵਜੋਤ
ਗ਼ਦਰ ਲਹਿਰ ਬਰਤਾਨਵੀ ਬਸਤੀਵਾਦੀ ਸਾਮਰਾਜ ਤੋਂ ਭਾਰਤ ਦੀ ਮੁਕਤੀ ਲਈ ਚੱਲੇ ਮਹਾਨ ਸੰਗਰਾਮ ਦੇ ਇਤਿਹਾਸਕ ਮਾਰਗ 'ਤੇ ਅਜਿਹਾ ਮੀਲ-ਪੱਥਰ ਹੈ, ਜਿਹੜਾ ਅਮਿੱਟ ਹੈ ਅਤੇ ਜਿਸ ਨੂੰ ਨਜ਼ਰਅੰਦਾਜ਼ ਕਰਨਾ ਕਿਸੇ ਵੀ ਲੋਕ-ਦੁਸ਼ਮਣ ਤਾਕਤ ਦੇ ਵੱਸ ਦਾ ਰੋਗ ਨਹੀਂ ਹੈ। ਇਹ ਗ਼ਦਰ ਲਹਿਰ ਹੀ ਸੀ, ਜਿਸ ਵੱਲੋਂ ਭਾਰਤ ਦੀ ਲੋਕ ਮੁਕਤੀ ਲਹਿਰ ਦੀ ਭੂਮਿਕਾ ਉੱਕਰੀ ਗਈ ਸੀ। ਇਹ ਗਦਰ ਲਹਿਰ ਹੀ ਸੀ, ਜਿਸ ਵੱਲੋਂ ਹੱਸ ਹੱਸ ਕੇ ਫਾਂਸੀਆਂ 'ਤੇ ਚੜ੍ਹਨ ਵਾਲੇ ਅਤੇ ਕਾਲੇ ਪਾਣੀਆਂ ਦੀ ਜੇਲ੍ਹ ਵਿੱਚ ਕੈਦ ਮੌਤ ਨੂੰ ਮਾਸੀ ਕਹਿਣ ਵਾਲੇ ਸੈਂਕੜੇ ਸਿਰਲੱਥ ਘੁਲਾਟੀਆਂ ਨੂੰ ਪੈਦਾ ਕੀਤਾ ਗਿਆ ਸੀ ਅਤੇ ਜਿਸ ਵੱਲੋਂ ਗ਼ਦਰ ਲਹਿਰ ਨੂੰ ਵੱਜੀ ਪਛਾੜ ਤੋਂ ਬਾਅਦ, ਮੁਲਕ ਅੰਦਰ ਵਿਸ਼ੇਸ਼ ਕਰਕੇ ਪੰਜਾਬ ਵਿੱਚ ਕਮਿਊਨਿਸਟ ਲਹਿਰ ਦਾ ਪੈੜਾ ਬੰਨ੍ਹਣ ਵਾਲੇ ਦਰਜ਼ਨਾਂ ਸੂਰਬੀਰ, ਅਣਥੱਕ, ਅਣਲਿਫ ਅਤੇ ਸੂਝਵਾਨ ਆਗੂਆਂ ਦੀ ਪਨੀਰੀ ਮੁਹੱਈਆ ਕੀਤੀ ਗਈ ਸੀ। ਇਹ 1947 ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਸਾਮਰਾਜ ਅਤੇ ਉਸਦੀਆਂ ਝੋਲੀਚੁੱਕ ਹਾਕਮ ਜਮਾਤਾਂ ਤੋਂ ਮੁਕਤੀ ਲਈ ਜੂਝਦੀ ਕਮਿਊਨਿਸਟ ਇਨਕਲਾਬੀ ਲਹਿਰ ਅਤੇ ਸੰਗਰਾਮੀ ਲੋਕ ਕਾਫਲਿਆਂ ਲਈ ਪ੍ਰੇਰਨਾ ਲਿਸ਼ਕੋਰ ਵੰਡਦੀ ਚਾਨਣ-ਮੁਨਾਰਾ ਬਣੀ ਰਹੀ ਹੈ ਅਤੇ ਬਣ ਰਹੀ ਹੈ। ਇਸੇ ਕਰਕੇ, ਖਰੀਆਂ ਕਮਿਊਨਿਸਟ ਇਨਕਲਾਬੀ, ਇਨਕਲਾਬੀ ਜਮਹੂਰੀ ਅਤੇ ਲੋਕ-ਹਿਤੈਸ਼ੀ ਤਾਕਤਾਂ ਗ਼ਦਰ ਲਹਿਰ ਦੇ ਸ਼ਾਨਾਂਮੱਤੇ ਇਤਿਹਾਸਕ ਰੋਲ ਦੀ ਜੈ ਜੈਕਾਰ ਕਰਦੀਆਂ ਹਨ।
ਇਸਦੇ ਐਨ ਉਲਟ ਇਸੇ ਸ਼ਾਨਾਂਮੱਤੇ ਇਤਿਹਾਸਕ ਰੋਲ ਕਰਕੇ ਹੀ ਹੈ ਕਿ ਗ਼ਦਰ ਲਹਿਰ ਸਾਮਰਾਜੀਆਂ, ਸਾਮਰਾਜ ਭਗਤ ਹਾਕਮ ਜਮਾਤਾਂ, ਹਾਕਮ ਜਮਾਤੀ ਮੌਕਾਪ੍ਰਸਤ ਸਿਆਸੀ ਪਾਰਟੀਆਂ, ਸੋਧਵਾਦੀਆਂ ਅਤੇ ਵੱਡੀ ਅਫਸਰਸ਼ਾਹੀ ਦੇ ਲੋਕ-ਦੁਸ਼ਮਣ ਲਾਣੇ ਦੀ ਅੱਖ ਦਾ ਰੋੜ ਬਣਦੀ ਹੈ। ਹੋਰਨਾਂ ਇਨਕਲਾਬੀ ਲੋਕ ਲਹਿਰਾਂ ਵਾਂਗ ਗ਼ਦਰ ਲਹਿਰ ਲੋਕਾਂ ਅੰਦਰ ਜਿਹੋ ਜਿਹਾ ਸਥਾਨ ਹਾਸਲ ਕਰ ਚੁੱਕੀ ਹੈ, ਇਸਦੇ ਰੋਲ ਅਤੇ ਅਹਿਮੀਅਤ ਤੋਂ ਸਿੱਧ-ਮ-ਸਿੱਧੇ ਮੁਨਕਰ ਹੋਣਾ ਅਤੇ ਇਸ ਨੂੰ ਚੁਣੌਤੀ ਦੇਣਾ ਚੰਨ 'ਤੇ ਥੁੱਕਣ ਵਰਗੀ ਗੱਲ ਹੈ। ਇਸ ਲਈ, ਇਹ ਲਾਣਾ ਗ਼ਦਰ ਲਹਿਰ ਦੀ ਰਸਮੀ ਜੈ ਜੈਕਾਰ ਕਰਨ ਦੇ ਢੌਂਗੀ ਢੋਲ-ਢਮੱਕੇ ਦੀ ਆੜ ਵਿੱਚ ਵੱਖ ਵੱਖ ਢੰਗਾਂ ਰਾਹੀਂ ਗ਼ਦਰ ਲਹਿਰ ਦੇ ਹਕੀਕੀ ਰੋਲ ਅਤੇ ਅਹਿਮੀਅਤ ਨੂੰ ਲੋਕ ਚੇਤਨਾ ਵਿੱਚੋਂ ਧੁੰਧਲਾ ਪਾਉਣ, ਖੋਰਨ ਅਤੇ ਅਖੀਰ ਖਾਰਜ ਕਰਨ ਦੀਆਂ ਚਾਲਾਂ ਅਖਤਿਆਰ ਕਰਕੇ ਚੱਲ ਰਿਹਾ ਹੈ। ਇਸ ਕਰਕੇ, ਅਜਿਹੇ ਢੌਂਗੀ ਢੋਲ ਢਮੱਕੇ ਦੀ ਅਸਲੀਅਤ ਤੇ ਇਸ ਪਿੱਛੇ ਲੁਕੇ ਕੋਝੇ ਮਨਸੂਬਿਆਂ ਨੂੰ ਬੁੱਝਣਾ ਅਤੇ ਇਸ ਨਾਲੋਂ ਨਿਖੇੜੇ ਦੀ ਸਪੱਸ਼ਟ ਲਕੀਰ ਖਿੱਚਣਾ ਸਭਨਾਂ ਕਮਿਊਨਿਸਟ ਇਨਕਲਾਬੀ, ਇਨਕਲਾਬੀ ਜਮਹੂਰੀ ਅਤੇ ਲੋਕ-ਹਿਤੈਸ਼ੀ ਤਾਕਤਾਂ ਲਈ ਇੱਕ ਬੇਹੱਦ ਅਹਿਮ ਅਤੇ ਲਾਜ਼ਮੀ ਕਾਰਜ ਬਣ ਜਾਂਦਾ ਹੈ। ਇਹ ਸਪੱਸ਼ਟ ਨਿਖੇੜਾ ਲਕੀਰ ਖਿੱਚਣ ਲਈ ਪਹਿਲਪ੍ਰਿਥਮੇ ਇਹ ਗੱਲ ਘੁੱਟ ਕੇ ਪੱਲੇ ਬੰਨ੍ਹਣੀ ਜ਼ਰੂਰੀ ਹੈ ਕਿ ਕਿਸੇ ਵੀ ਦੇਸ਼/ਕੌਮ ਦਾ ਇਤਿਹਾਸ ਸਰਬ-ਸਾਂਝਾ ਨਹੀਂ ਹੁੰਦਾ। ਮਹਾਨ ਪ੍ਰੋਲੇਤਾਰੀ ਰਹਿਬਰ ਕਾਰਲ ਮਾਰਕਸ ਮੁਤਾਬਿਕ ਇਤਿਹਾਸ ਜਮਾਤੀ ਘੋਲਾਂ ਦਾ ਚਿੱਠਾ (ਰਿਕਾਰਡ) ਹੁੰਦਾ ਹੈ। ਘਮਸਾਣੀ ਜਮਾਤੀ ਘੋਲ ਅੰਦਰ ਇੱਕ ਦੂਜੇ ਨੂੰ ਚਿੱਪ ਸੁੱਟਣ ਲਈ ਭਿੜ ਰਹੀਆਂ ਜਮਾਤਾਂ ਦਾ ਇਤਿਹਾਸ ਕਦੇ ਵੀ ਸਾਂਝਾ ਨਹੀਂ ਹੋ ਸਕਦਾ। ਹਾਕਮ ਅਤੇ ਮਹਿਕੂਮ ਜਮਾਤਾਂ, ਲੁਟੇਰੀਆਂ ਅਤੇ ਲੁੱਟੇ ਜਾਣ ਵਾਲੀਆਂ, ਦਬਾਉਣ ਵਾਲੀਆਂ ਅਤੇ ਦੱਬੀਆਂ ਕੁਚਲੀਆਂ ਜਮਾਤਾਂ ਦਾ ਇਤਿਹਾਸ ਨਾ ਸਿਰਫ ਸਾਂਝਾ ਨਹੀਂ ਹੁੰਦਾ ਹੈ, ਸਗੋਂ ਇੱਕ ਦੂਜੇ ਨਾਲ ਟਕਰਾਉਂਦਾ ਹੁੰਦਾ ਹੈ। ਕਿਉਂਕਿ ਇਹਨਾਂ ਜਮਾਤਾਂ ਦਰਮਿਆਨ ਬੁਨਿਆਦੀ ਵਿਰੋਧ ਅਤੇ ਭੇੜ ਮੌਜੂਦ ਹੁੰਦਾ ਹੈ। ਇਹ ਭੇੜ ਸਮਾਜ ਦੇ ਹਰ ਖੇਤਰ— ਸਿਆਸੀ, ਫੌਜੀ, ਆਰਥਿਕ ਅਤੇ ਸਭਿਆਚਾਰਕ ਖੇਤਰ ਵਿੱਚ ਚੱਲਦਾ ਹੈ। ਇਸ ਕਰਕੇ ਇਹਨਾਂ ਸਾਰੇ ਖੇਤਰਾਂ ਅੰਦਰ ਇਹਨਾਂ ਜਮਾਤਾਂ ਵੱਲੋਂ ਅਖਤਿਆਰ ਕੀਤਾ ਜਾਣ ਵਾਲਾ ਰੋਲ ਵੱਖੋ ਵੱਖਰਾ ਅਤੇ ਬੁਨਿਆਦੀ ਤੌਰ 'ਤੇ ਟਕਰਾਵਾਂ ਹੁੰਦਾ ਹੈ। ਇਹੀ ਹਕੀਕਤ ਇਤਿਹਾਸ ਨੂੰ ਸਰਬ-ਸਾਂਝੇ ਅਰਥ ਅਤੇ ਵਿਆਖਿਆ ਮੁਹੱਈਆ ਕਰਨ ਯਾਨੀ ਇਸਦੀ ਸਰਬ-ਪ੍ਰਵਾਨਤ ਪੇਸ਼ਕਾਰੀ ਕਰਨ ਨੂੰ ਨਾ-ਮੁਮਕਿਨ ਬਣਾ ਦਿੰਦੀ ਹੈ।
ਦੂਜੀ ਗੱਲ ਇਹ ਹੈ ਕਿ ਕਿਸੇ ਵੀ ਦੇਸ਼/ਕੌਮ ਦਾ ਇਤਿਹਾਸ ਨਾ ਖੜੋਤ ਵਿੱਚ ਰਹਿੰਦਾ ਹੈ ਅਤੇ ਨਾ ਹੀ ਇਸ ਇਤਿਹਾਸ ਦੇ ਵੱਖ ਵੱਖ ਪੜਾਅ/ਦੌਰ ਇੱਕ ਦੂਜੇ ਨਾਲੋਂ ਟੁੱਟੇ ਅਤੇ ਨਿੱਖੜੇ ਹੁੰਦੇ ਹਨ। ਇਸਦੇ ਉਲਟ, ਇਹ ਇਤਿਹਾਸ ਗਤੀਸ਼ੀਲ ਹੁੰਦਾ ਹੈ। ਇਸਦਾ ਬੀਤਿਆ, ਵਰਤਮਾਨ ਅਤੇ ਭਵਿੱਖ ਪ੍ਰਸਪਰ ਜੁੜੇ ਹੁੰਦੇ ਹਨ। ਨਿਰੰਤਰ ਗਤੀਸ਼ੀਲਤਾ ਅਤੇ ਤਬਦੀਲੀ ਇਤਿਹਾਸ ਦਾ ਇੱਕ ਅਟੱਲ ਨੇਮ ਹੁੰਦਾ ਹੈ। ਇਹ ਗਤੀਸ਼ੀਲਤਾ ਅਤੇ ਤਬਦੀਲੀ ਦਾ ਅਮਲ ਮਿਕਦਾਰੀ ਅਤੇ ਸਿਫਤੀ ਤਬਦੀਲੀਆਂ ਦੀ ਸ਼ਕਲ ਵਿੱਚ ਜਾਰੀ ਰਹਿੰਦਾ ਹੈ। ਹੋਰ ਲਫਜ਼ਾਂ ਵਿੱਚ ਕਹਿਣਾ ਹੋਵੇ— ਬੀਤਿਆ, ਵਰਤਮਾਨ ਅਤੇ ਭਵਿੱਖ ਪ੍ਰਸਪਰ ਜੁੜੇ ਹੋਏ ਅਤੇ ਅਨਿੱਖੜ ਹੀ ਨਹੀਂ ਹੁੰਦੇ, ਵਰਤਮਾਨ ਬੀਤੇ 'ਤੇ ਉੱਸਰਦਾ ਹੈ ਅਤੇ ਅੱਗੇ ਭਵਿੱਖ ਵਰਤਮਾਨ 'ਤੇ ਉੱਸਰਦਾ ਹੈ। ਇਸ ਲਈ, ਇਤਿਹਾਸ ਦੇ ਵੱਖ ਵੱਖ ਪੜਾਵਾਂ ਵਿੱਚ ਵਖਰੇਵਾਂ ਹੋਣ ਦੇ ਬਾਵਜੂਦ ਬੀਤਿਆ ਵਰਤਮਾਨ ਅੰਦਰ ਅਤੇ ਵਰਤਮਾਨ ਭਵਿੱਖ ਅੰਦਰ ਪ੍ਰਸੰਗਿਕ (ਰੈਲੇਵੈਂਟ) ਰਹਿੰਦਾ ਹੈ। ਇਹ ਪ੍ਰਸੰਗਿਕਤਾ (ਰੈਲੇਵੈਂਸੀ) ਹੀ ਹੈ, ਜਿਹੜੀ ਬੀਤੇ ਇਤਿਹਾਸ ਨੂੰ ਲੋਕਾਂ ਲਈ ਪ੍ਰੇਰਨਾ ਸਰੋਤ ਹੋਣ ਦੇ ਅਰਥ ਮੁਹੱਈਆ ਕਰਦੀ ਹੈ। ਜਿਵੇਂ ਬੀਤਿਆ ਇਤਿਹਾਸ ਸਰਬ-ਸਾਂਝਾ ਨਹੀਂ ਹੋ ਸਕਦਾ, ਇਸਦੀ ਸਰਬ-ਸਾਂਝੀ ਵਿਆਖਿਆ ਅਤੇ ਪੇਸ਼ਕਾਰੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਬੀਤੇ ਇਤਿਹਾਸ ਦੀ ਅਜੋਕੀ/ਵਰਤਮਾਨ ਪ੍ਰਸੰਗਿਕਤਾ ਵੀ ਸਰਬ ਸਾਂਝੀ ਨਹੀਂ ਹੋ ਸਕਦੀ। ਦੁਸ਼ਮਣ ਹਾਕਮ ਲਾਣੇ ਲਈ ਇਸਦੀ ਪ੍ਰਸੰਗਿਕਤਾ ਹੋਰ ਹੁੰਦੀ ਹੈ ਅਤੇ ਇਸ ਲਾਣੇ ਖਿਲਾਫ ਭਿੜ ਰਹੀਆਂ ਦੱਬੀਆਂ-ਕੁਚਲੀਆਂ ਜਮਾਤਾਂ ਲਈ ਇਸਦੀ ਪ੍ਰਸੰਗਿਕਤਾ ਐਨ ਉਲਟ ਹੁੰਦੀ ਹੈ।
ਉਪਰੋਕਤ ਦੋਵੇਂ ਗੱਲਾਂ ਗ਼ਦਰ ਲਹਿਰ ਦੇ ਇਤਿਹਾਸਕ ਰੋਲ ਅਤੇ ਅਹਿਮੀਅਤ ਦੀ ਵਿਆਖਿਆ ਅਤੇ ਪੇਸ਼ਕਾਰੀ ਦੇ ਮਾਮਲੇ ਵਿੱਚ ਵੀ ਢੁਕਦੀਆਂ ਹਨ। ਇਹਨਾਂ ਦੋਵੇਂ ਗੱਲਾਂ ਦੀ ਰੌਸ਼ਨੀ ਵਿੱਚ ਦੇਖਦਿਆਂ, ਲੋਕ-ਦੁਸ਼ਮਣ ਹਾਕਮ ਲਾਣੇ ਅਤੇ ਕਮਿਊਨਿਸਟ ਇਨਕਲਾਬੀ ਅਤੇ ਲੋਕਪੱਖੀ ਤਾਕਤਾਂ ਵੱਲੋਂ ਇਸ ਲਹਿਰ ਦੇ ਸ਼ਾਨਾਂਮੱਤੇ ਇਤਿਹਾਸਕ ਰੋਲ ਅਤੇ ਅਹਿਮੀਅਤ ਦੀ ਕੀਤੀ ਜਾਂਦੀ ਵਿਆਖਿਆ ਅਤੇ ਪੇਸ਼ਕਾਰੀ ਵੱਖੋ ਵੱਖਰੀ ਅਤੇ ਬੁਨਿਆਦੀ ਤੌਰ 'ਤੇ ਟਕਰਾਵੀਂ ਬਣਦੀ ਹੈ। ਪਹਿਲੇ ਨੁਕਤੇ ਪੱਖੋਂ ਗੱਲ ਕਰਨੀ ਹੋਵੇ ਤਾਂ ਉਸ ਇਤਿਹਾਸਕ ਦੌਰ ਅੰਦਰ ਗ਼ਦਰ ਲਹਿਰ ਦੀ ਉਠਾਣ ਵੱਲੋਂ ਨਿਭਾਏ ਰੋਲ ਦੀ ਅਹਿਮੀਅਤ ਇਹ ਤਿੰਨ ਬੁਨਿਆਦੀ ਗੱਲਾਂ ਤਹਿ ਕਰਦੀਆਂ ਹਨ: ਇੱਕ— ਸਾਮਰਾਜੀ ਜੂਲੇ ਨੂੰ ਵਗਾਹ ਮਾਰਨ ਲਈ ਹਥਿਆਰਬੰਦ ਘੋਲ ਦੇ ਰੋਲ ਦੀ ਪਛਾਣ ਕਰਨਾ; ਦੋ— ਸਾਮਰਾਜੀਆਂ ਅਤੇ ਮੁਲਕ ਦੀਆਂ ਦਲਾਲ ਹਾਕਮ ਜਮਾਤਾਂ ਦੇ ਹਿੱਤਾਂ ਲਈ ਖੁਦ ਸਾਮਰਾਜੀਆਂ ਵੱਲੋਂ ਪਾਲੀ ਪੋਸ਼ੀ ਜਾ ਰਹੀ ਕਾਂਗਰਸ ਪਾਰਟੀ ਦੇ ਕਿਰਦਾਰ ਨੂੰ ਪਛਾਣਦਿਆਂ, ਇਸ ਨਾਲੋਂ ਨਿਖੇੜਾ ਕਰਨਾ; ਤੀਜੀ— ਖਰੀ ਧਰਮ-ਨਿਰਲੇਪਤਾ ਨੂੰ ਉਭਾਰਨਾ। ਲੋਕ-ਦੁਸ਼ਮਣ ਹਾਕਮ ਲਾਣੇ ਵੱਲੋਂ ਗ਼ਦਰ ਲਹਿਰ ਦੇ ਰੋਲ ਦੀ ਆਮ ਅਤੇ ਬੇਨਕਸ਼ ਪੇਸ਼ਕਾਰੀ ਕਰਦਿਆਂ, ਇਹਨਾਂ ਤਿੰਨਾਂ ਪੱਖਾਂ ਦੀ ਸ਼ਕਲ-ਵਿਗਾੜ ਹੀ ਨਹੀਂ ਕੀਤੀ ਜਾਂਦੀ ਸਗੋਂ ਇਹਨਾਂ ਨੂੰ ਆਇਆ-ਗਿਆ ਕੀਤਾ ਜਾਂਦਾ ਹੈ। ਉਹਨਾਂ ਵੱਲੋਂ ਗ਼ਦਰ ਲਹਿਰ ਦੇ ਰੋਲ ਅਤੇ ਕਾਂਗਰਸ ਦੀ ਗਾਂਧੀਵਾਦੀ ਆਗੂ ਜੁੰਡਲੀ ਵੱਲੋਂ ਨਿਭਾਏ ਰੋਲ ਨੂੰ ਰਲਗੱਡ ਕਰਦਿਆਂ, ਗ਼ਦਰ ਲਹਿਰ ਦੇ ਸ਼ਾਨਾਂਮੱਤੇ ਰੋਲ ਦੀ ਐਸੀ ਤੈਸੀ ਕੀਤੀ ਜਾਂਦੀ ਹੈ। ਉਹਨਾਂ ਵੱਲੋਂ ਗਦਰੀ ਬਾਬਿਆਂ ਦੀਆਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦਾ ਦੰਭੀ ਗੁਣਗਾਨ ਕਰਦਿਆਂ, ਇਹ ਪੇਸ਼ ਕੀਤਾ ਜਾਂਦਾ ਹੈ ਕਿ ਜਿਵੇਂ ਗ਼ਦਰ ਲਹਿਰ ਦੇਸ਼ ਦੀ ਆਜ਼ਾਦੀ ਲਈ ਜੂਝੀ ਹੈ, ਉਵੇਂ ਗਾਂਧੀਵਾਦੀ ਆਗੂ ਜੁੰਡਲੀ ਵੀ ਦੇਸ਼ ਦੀ ਆਜ਼ਾਦੀ ਲਈ ਲੜੀ ਹੈ। ਇਸ ਲੜਾਈ ਦੀ ਬਦੌਲਤ ਦੇਸ਼ ਆਜ਼ਾਦ ਹੋ ਗਿਆ ਹੈ। ਇਹ ਅਖੌਤੀ ਆਜ਼ਾਦੀ ਪ੍ਰਾਪਤ ਕਰਨ ਦੀ ਜੱਦੋਜਹਿਦ ਵਿੱਚ ਕਾਂਗਰਸ ਸਮੇਤ ਗ਼ਦਰ ਲਹਿਰ ਦਾ ਰੋਲ ਹੋਣ ਕਰਕੇ ਸਾਨੂੰ ਉਹਨਾਂ ਦਾ ਰਿਣੀ ਹੋਣਾ ਚਾਹੀਦਾ ਹੈ।
ਦੂਸਰੀ ਗੱਲ— ਗ਼ਦਰ ਲਹਿਰ ਦੀ ਅਜੋਕੀ ਪ੍ਰਸੰਗਿਕਤਾ ਨੂੰ ਜਾਂ ਤਾਂ ਪਿਚਕਾ ਕੇ ਪੇਸ਼ ਕੀਤਾ ਜਾਂਦਾ ਹੈ ਜਾਂ ਉੱਕਾ ਹੀ ਵਿਸਾਰ ਦਿੱਤਾ ਜਾਂਦਾ ਹੈ। ਹਾਕਮ ਲਾਣੇ ਦੇ ਇੱਕ ਹਿੱਸੇ ਲਈ ਗ਼ਦਰ ਲਹਿਰ ਦੀ ਅਜੋਕੀ ਪ੍ਰਸੰਗਿਕਤਾ ਦਾ ਮਤਲਬ ਸਿਰਫ ਗਦਰੀ ਘੁਲਾਟੀਆਂ ਦੇ ਨਿਆਂ ਅਤੇ ਬਰਾਬਰਤਾ 'ਤੇ ਆਧਾਰਤ ਸਮਾਜ ਸਿਰਜਣ ਅਤੇ ਧਰਮ-ਨਿਰਪੱਖ ਸਿਆਸੀ ਰਾਜ-ਪ੍ਰਬੰਧ ਸਿਰਜਣ ਤੱਕ ਸੀਮਤ ਹੈ। ਉਹਨਾਂ ਵੱਲੋਂ ਅੱਜ ਵੀ ਮੁਲਕ ਨੂੰ ਸਾਮਰਾਜੀ ਜਾਗੀਰੂ ਜਕੜਜੱਫੇ ਨੂੰ ਤੋੜਨ ਲਈ ਹਥਿਆਰਬੰਦ ਘੋਲ (ਅਰਥਾਤ ਲਮਕਵੇਂ ਲੋਕ-ਯੁੱਧ) ਦੇ ਰੋਲ ਦੀ ਅਣਸਰਦੀ ਕੇਂਦਰੀ ਅਹਿਮੀਅਤ, ਕਾਂਗਰਸ ਅਤੇ ਸਭਨਾਂ ਮੌਕਾਪ੍ਰਸਤ ਤੇ ਸੋਧਵਾਦੀ ਸਿਆਸੀ ਪਾਰਟੀਆਂ ਨਾਲੋਂ ਬੁਨਿਆਦੀ ਤੌਰ 'ਤੇ ਨਿਖੇੜੇ ਦੀ ਲਕੀਰ ਖਿੱਚਣ ਦੀ ਅਹਿਮੀਅਤ ਅਤੇ ਅਖੌਤੀ ਧਰਮ-ਨਿਰਪੱਖਤਾ ਦੀ ਬਜਾਇ ਖਰੀ ਧਰਮ-ਨਿਰਲੇਪ ਸਿਆਸੀ ਪਹੁੰਚ ਅਖਤਿਆਰ ਕਰਨ ਦੀ ਅਹਿਮੀਅਤ ਨੂੰ ਘੱਟੇ ਰੋਲਿਆ ਜਾਂਦਾ ਹੈ। ਅਸਲ ਵਿੱਚ— ਇਹ ਲੋਕ-ਦੁਸ਼ਮਣ ਲਾਣੇ ਵੱਲੋਂ ਗ਼ਦਰ ਲਹਿਰ ਦੀ ਅਜੋਕੀ ਪ੍ਰਸੰਗਿਕਤਾ ਵਿੱਚੋਂ ਆਪਦੀ ਮੌਤ ਝਾਕਦੀ ਦਿਖਾਈ ਦਿੰਦੀ ਹੈ। ਜਿਸ ਕਰਕੇ, ਉਸਦਾ ਤਾਣ ਇਸਦੀ ਅਜੋਕੀ ਪ੍ਰਸੰਗਿਕਤਾ 'ਤੇ ਮਿੱਟੀ ਪਾਉਣ 'ਤੇ ਲੱਗਦਾ ਹੈ।
ਉੱਪਰ ਜ਼ਿਕਰ ਅਧੀਨ ਦੋਵੇਂ ਗੱਲਾਂ ਦਰਸਾਉਂਦੀਆਂ ਹਨ ਕਿ ਚਾਹੇ ਗ਼ਦਰ ਲਹਿਰ ਵੱਲੋਂ ਉਸ ਦੌਰ ਅੰਦਰ ਨਿਭਾਏ ਗਏ ਸ਼ਾਨਾਂਮੱਤੇ ਇਤਿਹਾਸਕ ਰੋਲ ਦੀ ਪੇਸ਼ਕਾਰੀ ਦਾ ਸੁਆਲ ਹੈ ਅਤੇ ਚਾਹੇ ਇਸਦੀ ਅਜੋਕੀ ਪ੍ਰਸੰਗਿਕਤਾ ਨੂੰ ਉਭਾਰਨ ਤੇ ਪੇਸ਼ ਕਰਨ ਦਾ ਸੁਆਲ ਹੈ— ਇਹਨਾਂ ਦੋਵਾਂ ਪੱਖਾਂ ਤੋਂ ਲੋਕ-ਦੁਸ਼ਮਣ ਹਾਕਮ ਲਾਣੇ ਦੀਆਂ ਤਾਕਤਾਂ ਅਤੇ ਲੋਕ-ਲਾਣੇ ਦੀਆਂ ਤਾਕਤਾਂ (ਖਰੀ ਕਮਿਊਨਿਸਟ ਇਨਕਲਾਬੀ ਲਹਿਰ, ਇਨਕਲਾਬੀ ਜਮਹੂਰੀ ਲਹਿਰ ਅਤੇ ਲੋਕ-ਹਿਤੈਸ਼ੀ ਲਹਿਰ) ਦਰਮਿਆਨ ਕੋਈ ਵੀ ਸਾਂਝਾ ਆਧਾਰ ਮੌਜੂਦ ਨਹੀਂ ਹੈ। ਬੁਨਿਆਦੀ ਤੌਰ 'ਤੇ ਐਨ ਟਕਰਾਵੇਂ ਜਮਾਤੀ-ਸਿਆਸੀ ਹਿੱਤਾਂ ਦੀ ਪਹਿਰੇਦਾਰੀ ਅਤੇ ਪੈਰਵਾਈ ਕਰਦੀਆਂ ਇਹਨਾਂ ਦੋ ਕਿਸਮ ਦੀਆਂ ਤਾਕਤਾਂ ਦਰਮਿਆਨ ਜਾਣੇ/ਅਣਜਾਣੇ ਅਜਿਹੀ ਸਾਂਝ ਦੇ ਆਧਾਰ ਦੀ ਤਲਾਸ਼ ਕਰਨਾ ਜਾਂ ਅਜਿਹੀ ਬੇਨਕਸ਼, ਅਸਪੱਸ਼ਟ ਅਤੇ ਤੁੱਥ-ਮੁੱਥ ਸਾਂਝ ਸਿਰਜਣ ਦੀ ਕੋਸ਼ਿਸ਼ ਨਾ ਸਿਰਫ ਨਿਹਫਲ ਹੋਣੀ ਹੈ, ਸਗੋਂ ਗ਼ਦਰ ਲਹਿਰ ਦੇ ਸ਼ਾਨਾਂਮੱਤੇ ਇਤਿਹਾਸਕ ਰੋਲ ਅਤੇ ਉਸਦੀ ਵਰਤਮਾਨ ਅੰਦਰ ਪ੍ਰੇਰਨਾਮਈ ਪ੍ਰਸੰਗਿਕਤਾ ਨੂੰ ਮੇਸਣ ਅਤੇ ਘੱਟੇ ਰੋਲਣ ਦੀ ਭੂਮਿਕਾ ਨਿਭਾਉਣ ਦਾ ਭਾਗੀ ਬਣਨਾ ਹੈ।
ਇਹ ਸੁਆਲ ਖੜ੍ਹਾ ਹੁੰਦਾ ਹੈ ਕਿ ਅੱਜ ਜਦੋਂ ਪੰਜਾਬ ਵਿੱਚ ਗਦਰੀ ਬਾਬਿਆਂ ਦੀ ਯਾਦ ਵਿੱਚ ਮੇਲੇ ਲਾਏ ਜਾਂਦੇ ਹਨ ਜਾਂ ਗਦਰੀ ਬਾਬਿਆਂ ਦੇ ਸ਼ਹੀਦੀ ਦਿਹਾੜਿਆਂ 'ਤੇ ਸਮਾਗਮ ਕੀਤੇ ਜਾਂਦੇ ਹਨ, ਤਾਂ ਇਹਨਾਂ ਮੇਲਿਆਂ ਅਤੇ ਸਮਾਗਮਾਂ ਨੂੰ ਜੱਥੇਬੰਦ ਕਰਨ ਵਾਲੀਆਂ ਸਥਾਈ/ਅਸਥਾਈ ਕਮੇਟੀਆਂ ਵਿੱਚ ਉਪਰੋਕਤ ਦੋ ਕਿਸਮ ਦੀਆਂ ਤਾਕਤਾਂ ਨੂੰ ਸਿਰ ਨਰੜ ਕੀਤਾ ਜਾਣਾ ਦਰੁਸਤ ਹੈ ਜਾਂ ਨਹੀਂ? ਯਾਨੀ ਅਜਿਹੀਆਂ ਕਮੇਟੀਆਂ ਜਾਂ ਸੰਸਥਾਵਾਂ ਵਿੱਚ ਆਪਣੇ ਆਪ ਨੂੰ ਕਮਿਊਨਿਸਟ ਇਨਕਲਾਬੀ ਅਤੇ ਇਨਕਲਾਬੀ ਜਮਹੂਰੀ ਤਾਕਤਾਂ ਸਮਝਦੀਆਂ ਜਥੇਬੰਦੀਆਂ ਨੂੰ ਹਾਕਮ ਜਮਾਤਾਂ ਦੀ ਸੇਵਾ ਵਿੱਚ ਹਾਜ਼ਰ ਹੋਈਆਂ ਸਾਬਕਾ ਸੋਧਵਾਦੀ, ਸੋਧਵਾਦੀ ਅਤੇ ਪਾਰਲੀਮਾਨੀ ਸਿਆਸੀ ਤਾਕਤਾਂ ਨਾਲ ਗਲਜੋਟੀ ਪਾਉਣੀ ਦਰੁਸਤ ਹੈ ਜਾਂ ਨਹੀਂ। ਅਜਿਹਾ ਕਰਨਾ ਕਦਾਚਿੱਤ ਵੀ ਦਰੁਸਤ ਨਹੀਂ ਹੈ। ਮਿਸਾਲ ਵਜੋਂ ਕੀ ਸੀ.ਪੀ.ਆਈ., ਸੀ.ਪੀ.ਆਈ.(ਐਮ.), ਐਮ.ਸੀ.ਪੀ.ਆਈ. ਅਤੇ ਆਪਣੇ ਆਪ ਨੂੰ ਨਕਸਲੀ ਅਖਵਾਉਂਦੀਆਂ ਧਿਰਾਂ ਦਰਮਿਆਨ ਗ਼ਦਰ ਲਹਿਰ ਦੇ ਇਤਿਹਾਸਕ ਰੋਲ ਦੀ ਪੇਸ਼ਕਾਰੀ ਬਾਰੇ ਬੁਨਿਆਦੀ ਰਜ਼ਾਮੰਦੀ ਦੀ ਕੋਈ ਗੁੰਜਾਇਸ਼ ਮੌਜੂਦ ਹੈ? ਬਿਲਕੁੱਲ ਨਹੀਂ, ਅਜਿਹੀ ਕੋਈ ਗੁੰਜਾਇਸ਼ ਨਹੀਂ ਹੈ। ਕੀ ਇਹਨਾਂ ਦਰਮਿਆਨ ਗ਼ਦਰ ਲਹਿਰ ਦੀ ਅਜੋਕੀ ਪ੍ਰਸੰਗਿਕਤਾ ਦੀ ਠੋਸ ਪਛਾਣ ਬਾਰੇ ਕੋਈ ਸਹਿਮਤੀ ਦਾ ਆਧਾਰ ਮੌਜੂਦ ਹੈ। ਯਾਨੀ ਕੀ ਅੱਜ ਸਾਮਰਾਜ ਤੋਂ ਮੁਕਤੀ ਲਈ ਹਥਿਆਰਬੰਦ ਘੋਲ ਦੀ ਕੇਂਦਰੀ ਭੂਮਿਕਾ, ਹਕੀਕੀ ਮੁਕਤੀ ਲਈ ਜਾਨ ਹੂਲਵੀਂ ਲੜਾਈ ਲੜ ਰਹੀਆਂ ਤਾਕਤਾਂ ਅਰਥਾਤ ਗ਼ਦਰ ਲਹਿਰ ਦੀਆਂ ਅਸਲੀ ਵਾਰਸ ਤਾਕਤਾਂ ਅਤੇ ਇਸ ਲਹਿਰ ਦੀਆਂ ਦੁਸ਼ਮਣ ਤਾਕਤਾਂ (ਅਜੋਕਾ ਆਪਾਸ਼ਾਹ ਰਾਜ, ਮੌਕਾਪ੍ਰਸਤ ਸਿਆਸੀ ਪਾਰਟੀਆਂ, ਸੋਧਵਾਦੀ ਪਾਰਟੀਆਂ ਦੀ ਨਿਸ਼ਾਨਦੇਹੀ ਸਬੰਧੀ ਇੱਕਮੱਤਤਾ ਦੀ ਕੋਈ ਸੰਭਾਵਨਾ ਹੈ? ਨਹੀਂ, ਅਜਿਹੀ ਕੋਈ ਸੰਭਾਵਨਾ ਮੌਜੂਦ ਨਹੀਂ ਹੈ।
ਉਪਰੋਕਤ ਵਿਆਖਿਆ ਸਾਫ ਕਰ ਦਿੰਦੀ ਹੈ ਕਿ ਲੋਕ ਲਾਣੇ ਦੀਆਂ ਖਰੀਆਂ ਸਿਆਸੀ ਤਾਕਤਾਂ ਵੱਲੋਂ ਲੋਕ-ਦੁਸ਼ਮਣ ਲਾਣੇ ਦੀਆਂ ਤਾਕਤਾਂ ਵਿਸ਼ੇਸ਼ ਕਰਕੇ ਸਾਬਕਾ ਅਤੇ ਮੌਜੂਦਾ ਸੋਧਵਾਦੀ ਤਾਕਤਾਂ ਨਾਲ ਰਲ ਕੇ ਗ਼ਦਰ ਲਹਿਰ ਦੇ ਮੇਲੇ ਲਾਉਣ ਅਤੇ ਬਰਸੀ ਸਮਾਗਮ ਜਥੇਬੰਦ ਕਰਨ ਦਾ ਕੋਈ ਆਧਾਰ ਨਹੀਂ ਹੈ। ਅਜਿਹਾ ਕਰਨ ਦਾ ਮਤਲਬ ਗ਼ਦਰ ਲਹਿਰ ਦੇ ਸ਼ਾਨਦਾਰ ਇਤਿਹਾਸਕ ਰੋਲ ਅਤੇ ਉਸਦੀ ਅੱਜ ਦੇ ਸਮੇਂ ਅੰਦਰ ਬਣਦੀ ਸਿਆਸੀ ਪ੍ਰਸੰਗਿਕਤਾ ਨੂੰ ਮੇਸਣਾ-ਮੇਟਣਾ ਹੀ ਨਹੀਂ ਹੈ, ਸਗੋਂ ਲੋਕ-ਦੁਸ਼ਮਣ ਤਾਕਤਾਂ ਨੂੰ ਗ਼ਦਰ ਲਹਿਰ ਵਰਗੀਆਂ ਲਹਿਰਾਂ ਦੇ ਵਾਰਸਾਂ ਵਜੋਂ ਪੇਸ਼ ਕਰਨ ਦਾ ਮੌਕਾ ਮੁਹੱਈਆ ਕਰਦਿਆਂ, ਉਹਨਾਂ ਦੇ ਲੋਕ-ਦੋਖੀ ਚਿਹਰਿਆਂ 'ਤੇ ਪਰਦਾਪੋਸ਼ੀ ਕਰਨ ਦਾ ਰੋਲ ਨਿਭਾਉਣਾ ਹੈ। ਉਹਨਾਂ ਦੇ ਲੋਕ ਦੋਖੀ ਕਿਰਦਾਰ ਅਤੇ ਰੋਲ ਨੂੰ ਲੋਕਾਂ ਅੰਦਰ ਬੇਕਿਰਕੀ ਨਾਲ ਨੰਗਾ ਕਰਨ ਦੇ ਕਾਰਜ ਤੋਂ ਮੁੱਖ ਭੁਆਉਂਦਿਆਂ, ਲੋਕਾਂ ਅੰਦਰ ਉਹਨਾਂ ਦੇ ਕਿਰਦਾਰ ਅਤੇ ਰੋਲ ਬਾਰੇ ਭੰਬਲਭੂਸਾ ਅਤੇ ਗੰਧਲਚੌਦੇਂ ਪੈਦਾ ਕਰਨਾ ਹੈ ਅਤੇ ਉਹਨਾਂ ਨੂੰ ਲੋਕਾਂ ਅੰਦਰ ਖੁਰ ਰਹੀ ਆਪਣੀs sਸਿਆਸੀ ਪੈਂਠ ਨੂੰ ਮੁੜ ਬਹਾਲ ਕਰਨ ਦੇ ਮੌਕੇ ਮੁਹੱਈਆ ਕਰਨਾ ਹੈ।
ਅੱਜ ਜਦੋਂ ਮੋਦੀ ਹਕੂਮਤ ਅਤੇ ਉਸਦੇ ਸਰਪ੍ਰਸਤ ਫਿਰਕੂ-ਫਾਸ਼ੀ ਸੰਘ ਲਾਣੇ ਵੱਲੋਂ ਭਾਰਤੀ ਇਤਿਹਾਸ ਅਤੇ ਵੱਖ ਵੱਖ ਲਹਿਰਾਂ ਦੇ ਸ਼ਾਨਾਂਮੱਤੇ ਇਤਿਹਾਸ ਨੂੰ ਮੁੜ ਲਿਖਣ ਅਤੇ ਮੁੜ ਬਿਆਨਣ ਦੀਆਂ ਕੋਸ਼ਿਸ਼ਾਂ ਰਾਹੀਂ ਇਸ ਨੂੰ ਹਿੰਦੂਤਵਾ ਫਾਸ਼ੀ ਰੰਗਤ ਵਿੱਚ ਰੰਗਣ ਦੇ ਮਨਸੂਬਿਆਂ ਨੂੰ ਅੰਜ਼ਾਮ ਦੇਣ ਲਈ ਯਤਨ ਜਾਰੀ ਹਨ ਤਾਂ ਹੋਰਨਾਂ ਲੋਕ ਲਹਿਰਾਂ ਸਮੇਤ ਗ਼ਦਰ ਲਹਿਰ ਦੇ ਇਤਿਹਾਸਕ ਰੋਲ ਅਤੇ ਇਸਦੀ ਵਰਤਮਾਨ ਪ੍ਰਸੰਗਿਕਤਾ ਦੀ ਠੋਸ ਨਿਸ਼ਾਨਦੇਹੀ ਦੀ ਦਰੁਸਤ ਤੇ ਸਪੱਸ਼ਟ ਵਿਆਖਿਆ ਅਤੇ ਪੇਸ਼ਕਾਰੀ ਦੇ ਕਾਰਜ ਪ੍ਰਤੀ ਥਿੜਕਵਾਂ, ਢਿੱਲਮੱਠਾ ਅਤੇ ਬੇਅਸੂਲਾ ਸਮਝੌਤਾਕਰੂ ਰਵੱਈਆ ਅਖਤਿਆਰ ਕਰਨ ਦੀਆਂ ਦੂਰ-ਮਾਰ ਘਾਤਕ ਅਰਥ-ਸੰਭਾਵਨਾਵਾਂ ਤੋਂ ਖਬਰਦਾਰ ਹੋਣਾ ਚਾਹੀਦਾ ਹੈ।
ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸ਼ਾਨਾਂਮੱਤੇ ਇਤਿਹਾਸ (ਅਤੇ ਆਪਣੀ ਇਤਿਹਾਸਕ ਵਿਰਾਸਤ) ਦੀ ਰਾਖੀ ਦਾ ਸੁਆਲ ਅਜੋਕੇ ਸਮੇਂ ਵਿੱਚ ਇਤਿਹਾਸ ਦੀ ਇਨਕਲਾਬੀ ਪੇਸ਼ਕਦਮੀ ਦੇ ਕਾਰਜ ਨਾਲ ਅਟੁੱਟ ਰੂਪ ਵਿੱਚ ਜੁੜਿਆ ਹੋਇਆ ਹੈ। ਇਹ ਇਤਿਹਾਸਕ ਵਿਰਾਸਤ ਉਹ ਮੀਲ-ਪੱਥਰ ਅਤੇ ਚਾਨਣ-ਮਿਨਾਰ ਹਨ, ਜਿਹੜੇ ਅਗਲੇਰੀ ਇਤਿਹਾਸਕ ਪੇਸ਼ਕਦਮੀ ਦਾ ਰਾਹ ਰੁਸ਼ਨਾਉਂਦੇ ਹਨ। ਇਸ ਲਈ, ਆਪਣੀ ਪੇਸ਼ਕਦਮੀ ਦੇ ਮਾਰਗ ਨੂੰ ਰੁਸ਼ਨਾਉਂਦੇ ਤੇ ਸੇਧਤ ਕਰਦੇ ਇਹਨਾਂ ਮੀਲ ਪੱਥਰਾਂ ਅਤੇ ਚਾਨਣ ਮੁਨਾਰਿਆਂ ਦੀ ਰਾਖੀ ਕਰਨ ਅਤੇ ਇਹਨਾਂ ਚਾਨਣ-ਮੁਨਾਰਿਆਂ ਨੂੰ ਮੇਸਣ-ਮੇਟਣ ਅਤੇ ਤਹਿਸ਼-ਨਹਿਸ਼ ਕਰਨ ਦਾ ਸੁਆਲ ਲੋਕ-ਤਾਕਤਾਂ ਅਤੇ ਲੋਕ-ਦੁਸ਼ਮਣ ਤਾਕਤਾਂ ਦਰਮਿਆਨ ਤਿੱਖੇ ਅਤੇ ਬੁਨਿਆਦੀ ਟਕਰਾਅ ਤੇ ਭੇੜ ਦਾ ਮੁੱਦਾ ਬਣਦਾ ਆਇਆ ਹੈ ਅਤੇ ਬਣਦਾ ਰਹੇਗਾ।
ਇਸ ਲਈ, ਖਰੀਆਂ ਕਮਿਊਨਿਸਟ ਇਨਕਲਾਬੀ ਜਮਹੂਰੀ ਅਤੇ ਲੋਕ-ਹਿਤੈਸ਼ੀ ਗ਼ਦਰ ਲਹਿਰ ਦੇ ਸ਼ਾਨਾਂਮੱਤੀ ਵਿਰਾਸਤ 'ਤੇ ਦਾਅਵਾ ਜਤਲਾਈ ਦੇ ਹੱਕ ਨੂੰ ਉਭਾਰਨਾ ਚਾਹੀਦਾ ਹੈ, ਸਗੋਂ ਇਸ ਲਹਿਰ ਦੇ ਦੰਭੀ ਵਾਰਸਾਂ ਵਜੋਂ ਪੇਸ਼ ਹੋ ਰਹੀਆਂ ਸਭਨਾਂ ਹਾਕਮਪ੍ਰਸਤ ਤਾਕਤਾਂ ਨਾਲੋਂ ਨਿਖੇੜਾ ਕਰਦਿਆਂ, ਇਸਦੀ ਅਜੋਕੀ ਪ੍ਰਸੰਗਿਕਤਾ ਨੂੰ ਉਭਾਰਨਾ ਅਤੇ ਇਸਦੀ ਰਾਖੀ ਲਈ ਡਟਣਾਂ ਚਾਹੀਦਾ ਹੈ।

No comments:

Post a Comment