Sunday, 29 October 2017

ਕਸ਼ਮੀਰੀ ਕੌਮ ਦੇ ਅੰਦੋਲਨ ਦੀ ਰਿਪੋਰਟ-2

ਕਸ਼ਮੀਰੀ ਕੌਮ ਦੇ ਅੰਦੋਲਨ ਦੀ ਰਿਪੋਰਟ-2
(ਲੜੀ ਜੋੜਨ ਲਈ ਪੜ੍ਹੋ ਸੁਰਖ਼ ਰੇਖਾ ਸਤੰਬਰ-ਅਕਤੂਬਰ 2017)
ਪੰਡਿਤਾਂ ਨੂੰ ਕਸ਼ਮੀਰ 'ਚੋਂ ਭਜਾਉਣ ਦੀ ਸੱਚਾਈ
ਇਸ ਸਬੰਧੀ ਸੱਚ ਜਾਣਨ ਲਈ ਅਸੀਂ ਉਕਤ ਬੰਦਿਆਂ ਤੋਂ ਇਲਾਵਾ ਕੁਝ ਪੰਡਿਤ ਪਰਿਵਾਰਾਂ ਨੂੰ ਤੇ ਇੱਕ ਮੰਦਰ ਦੇ ਮੁਖੀ ਪੰਡਿਤ ਨੂੰ ਮਿਲੇ। ਉਂਝ ਤਾਂ ਹਰ ਇੱਕ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਪੰਡਿਤਾਂ ਨੂੰ ਕਸਮੀਰੀਆਂ ਨੇ ਭਜਾਇਆ ਹੈ, ਉਹਨਾਂ ਨੇ ਪੰਡਿਤਾਂ ਨਾਲ ਅਪਣੱਤ ਤੇ ਪ੍ਰੇਮ-ਭਾਵ ਦੀ ਭਾਵਨਾ ਹੀ ਬਿਆਨ ਕੀਤੀ। ਇਸ ਬਾਰੇ ਬੋਲਦਿਆਂ ਉਹਨਾਂ ਦੱਸਿਆ ਕਿ 1989 ਵਿੱਚ ਜਦ ਚੋਣਾਂ 'ਚ ਧੱਕਾ ਕੀਤੇ ਜਾਣ 'ਤੇ ਹੁਰੀਅਤ ਆਗੂਆਂ ਨੇ ਹਥਿਆਰ ਚੁੱਕੇ ਤਾਂ ਉਹਨਾਂ ਨੇ ਹਰ ਇੱਕ ਉਸ ਬੰਦੇ ਨੂੰ ਵੀ ਮਾਰਿਆ ਜੋ ਸਰਕਾਰ ਦਾ ਮੁਖ਼ਬਰ, ਭਾਰਤੀ ਏਜੰਸੀਆਂ ਦਾ ਏਜੰਟ ਸੀ, ਮਾਰਨ ਲੱਗਿਆਂ ਕਿਸੇ ਦਾ ਧਰਮ ਨਹੀਂ ਦੇਖਿਆ। ਜਿਥੇ ਹੋਰ ਧਰਮਾਂ ਦੇ ਮਾਰੇ ਉਥੇ ਕਈ ਪੰਡਿਤ ਵੀ ਮਾਰੇ ਗਏ ਜਿਹੜੇ ਮੁਖ਼ਬਰ ਸੀ। ਪਰ ਭਾਰਤੀ ਏਜੰਸੀਆਂ ਨੇ ਇਸ ਨੂੰ ਹੋਰ ਦਿੱਖ ਦਿੱਤੀ। ਜੇ. ਐਂਡ ਕੇ. ਦੇ ਗਵਰਨਰ ਜਗਮੋਹਨ ਦੀਆਂ ਫ਼ਿਰਕੂ ਗਤੀਵਿਧੀਆਂ ਹੋਣ ਕਰਕੇ ਉਸ ਨੂੰ ਵਾਪਿਸ ਬੁਲਾਉਣਾ ਪੈ ਗਿਆ ਸੀ। ਪਰ ਮਿਲੀਟੈਂਸੀ ਦੇ ਵਕਤ ਸਰਕਾਰ ਨੇ ਫ਼ਿਰਕੂ ਅੱਗਾਂ ਲਾਉਣ ਲਈ ਉਸ ਨੂੰ ਦੁਬਾਰਾ ਜੇ.ਐਂਡ ਕੇ. ਲਿਆਂਦਾ। ਇਹੀ ਬੰਦਾ ਸੀ ਜਿਸ ਨੇ 1985-86 'ਚ ਬੀਫ 'ਤੇ ਬੈਨ ਲਾਇਆ ਸੀ। ਉਸ ਨੇ ਦੁਬਾਰਾ ਆ ਕੇ ਪੰਡਿਤਾਂ ਨੂੰ ਇੱਕ ਥਾਂ ਇਕੱਠੇ ਕਰਕੇ ਕਿਹਾ ਕਿ ਤੁਸੀਂ ਸਾਰੇ ਦਿੱਲੀ ਚਲੇ ਜਾਓ ਅਸੀਂ ਖਾੜਕੂਆਂ ਨੂੰ ਖਤਮ ਕਰਨਾ ਹੈ। ਅਜਿਹਾ ਕਰਕੇ ਹਿੰਦੂਆਂ ਦੇ ਮਨ 'ਚ ਮੁਸਲਮਾਨਾਂ ਪ੍ਰਤੀ ਫ਼ਿਰਕੂ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਗਈ। ਸਰਕਾਰ ਨੇ ਲਾਲਚ ਵੀ ਦਿੱਤਾ ਕਿ ਜਿਹੜਾ ਕਸ਼ਮੀਰ ਛੱਡ ਕੇ ਜਾਵੇਗਾ ਉਸ ਦੇ ਪਰਿਵਾਰ ਨੂੰ ਪ੍ਰਤੀ ਮੈਂਬਰ 9000 ਰੁਪਏ ਦਿੱਤੇ ਜਾਣਗੇ। ਪਰ ਤੁਸੀਂ ਦੇਖੋ ਕਿ ਹੁਣ ਬਹੁਤ ਸਾਰੇ ਹਿੰਦੂ ਵਾਪਿਸ ਕਸ਼ਮੀਰ ਆ ਰਹੇ ਹਨ, ਪਰ ਉਹਨਾਂ ਨੂੰ ਪੁਰਾਣੇ ਘਰਾਂ 'ਚ ਨਹੀਂ ਜਾਣ ਦਿੱਤਾ ਬਲਕਿ ਉਹਨਾਂ ਦੀਆਂ ਅਲੱਗ ਕਲੋਨੀਆਂ ਬਣਾ ਦਿੱਤੀਆਂ ਗਈਆਂ ਤਾਂ ਕਿ ਹਿੰਦੂ ਕਸ਼ਮੀਰੀ ਮੁਸਲਿਮ ਕਸ਼ਮੀਰੀਆਂ ਤੋਂ ਅਲੱਗ ਮਹਿਸੂਸ ਕਰਨ। ਪਰ ਅਸਲ ਵਿੱਚ ਆਮ ਪੰਡਿਤਾਂ ਨੂੰ ਇੱਥੇ ਕੋਈ ਖਤਰਾ ਨਹੀਂ ਸੀ। ਜਿਹੜੇ ਕਸ਼ਮੀਰ ਛੱਡ ਕੇ ਨਹੀਂ ਗਏ, ਉਹ ਇੱਥੇ ਬਿਲਕੁਲ ਸੁਰੱਖਿਅਤ ਰਹੇ। 1994 ਵਿੱਚ ਮੁਰਲੀ ਮਨੋਹਰ ਜੋਸ਼ੀ ਕਸ਼ਮੀਰ ਗਿਆ, ਉਸ ਨੇ ਜਲੂਸ ਕੱਢ ਕੇ ਲਾਲ ਚੌਕ ਵਿੱਚ ਤਿਰੰਗਾ ਲਹਿਰਾ ਦਿੱਤਾ। ਕੁਝ ਹੀ ਦਿਨਾਂ ਬਾਅਦ ਖਾੜਕੂਆਂ ਨੇ ਲਾਲ ਚੌਕ ਨੂੰ ਤਿਰੰਗੇ ਸਮੇਤ ਉਡਾ ਦਿੱਤਾ। ਉਸ ਸਮੇਂ ਮੋਦੀ ਸਧਾਰਨ ਵਰਕਰ ਦੇ ਤੌਰ 'ਤੇ ਜਲੂਸ ਵਿੱਚ ਸ਼ਾਮਿਲ ਹੋਇਆ ਸੀ। ਮੁਸਲਮਾਨਾਂ ਦਾ ਕਸ਼ਮੀਰੀ ਦੇ ਤੌਰ 'ਤੇ ਕਸ਼ਮੀਰੀ ਪੰਡਿਤਾਂ ਨਾਲ ਬਹੁਤ ਕੁਝ ਸਾਂਝਾ ਹੈ, ਜੰਮਣ, ਮਰਨ ਤੇ ਰਸਮਾਂ-ਰਿਵਾਜ ਮੁਸਲਮਾਨ ਕਰਦੇ ਹਨ। ਦੁੱਖ-ਸੁੱਖ ਵਿੱਚ ਮੁਸਲਮਾਨ ਪੰਡਿਤਾਂ ਦਾ ਪੂਰਾ ਸਾਥ ਦਿੰਦੇ ਹਨ। ਅਸੀਂ ਯਾਸਿਨ ਮਲਿਕ ਦੇ ਦਫ਼ਤਰ ਗਏ, ਮਿਲਣ ਸਾਰ ਆਪਣੀ ਜਾਣ-ਪਛਾਣ ਦੇਣ ਲੱਗਿਆਂ ਅਸੀਂ ਦੱਸਿਆ ਕਿ ਘੱਟ-ਗਿਣਤੀਆਂ ਦੀ ਇੱਥੇ ਹਾਲਤ ਜਾਣਨ ਆਏ ਹਾਂ ਤਾਂ ਉਸ ਨੇ ਉਸੇ ਵਕਤ ਆਖਿਆ ਕਿ ਤੁਹਾਨੂੰ ਪਹਿਲਾਂ ਪੰਡਿਤ ਪਰਿਵਾਰਾਂ ਨੂੰ ਹੀ ਮਿਲਣਾ ਚਾਹੀਦਾ ਹੈ। ਉਸ ਨੇ ਦੱਸਿਆ ਕਿ ਸਾਡੇ ਦਫ਼ਤਰ ਦੇ ਹੇਠਾਂ ਇੱਕ ਹਿੰਦੂ 35-40 ਸਾਲਾਂ ਤੋਂ ਕੱਪੜੇ ਦੀ ਦੁਕਾਨ ਚਲਾ ਰਿਹਾ ਹੈ, ਇਸ ਨੂੰ ਤਾਂ ਕਿਸੇ ਨੇ ਨਹੀਂ ਭਜਾਇਆ। ਅਗਲੇ ਦਿਨ ਅਸੀਂ ਲਾਲ ਚੌਕ 'ਚ ਯਾਤਰੀ ਸਥਾਨ ਜੋ ਇੱਕ ਮੰਦਰ ਵੀ ਹੈ, ਉਸ ਦੇ ਪੰਡਿਤ ਨੂੰ ਜਾ ਕੇ ਮਿਲੇ। ਪੰਡਿਤ ਅਯੁੱਧਿਆ ਤੋਂ ਸੀ। ਜਦ ਉਸ ਨੂੰ ਪੁੱਛਿਆ ਕਿ ਇੱਥੇ ਸੁਰੱਖਿਅਤ ਹੋ ਤਾਂ ਉਸ ਨੇ ਜਵਾਬ ਦਿੱਤਾ ਕਿ ਅੱਜ ਦੇ ਸਮੇਂ ਦੇਸ਼ ਵਿੱਚ ਤਿੰਨ ਬੰਦੇ ਖੁਸ਼ ਨੇ, ਮੋਦੀ-ਯੋਗੀ ਅਦਿੱਤਿਆ ਨਾਥ ਤੇ ਤੀਜਾ ਇਸ ਮੰਦਰ ਦਾ ਪੰਡਿਤ ਯਾਨਿ ਕਿ ਮੈਂ। ਉਸ ਨੇ ਕਿਹਾ ਕਿ ਜੋ ਟੀ.ਵੀ. ਚੈਨਲ, ਭਾਰਤੀ ਸਰਕਾਰ, ਅਖ਼ਬਾਰ ਕਸ਼ਮੀਰੀ ਪੰਡਿਤਾਂ ਬਾਰੇ ਬੋਲ ਰਹੇ ਹਨ ਉਹ ਬਿਲਕੁਲ ਝੂਠ ਹੈ। ਔਖੇ ਵਕਤ ਯਾਸਿਨ ਮਲਿਕ ਹੀ ਹਮੇਸ਼ਾ ਉਹਨਾਂ ਦੇ ਕੰਮ ਆਇਆ ਹੈ। ਉਸ ਨੇ ਕਿਹਾ ਕਿ ਜੋ ਗਲਤ ਪ੍ਰਚਾਰ ਸੁਣ ਰਹੇ ਹਨ ਉਹਨਾਂ ਨੂੰ ਚੱਲ ਕੇ ਕਸ਼ਮੀਰ ਆ ਕੇ ਸੱਚ ਆਪਣੇ ਅੱਖੀਂ ਦੇਖਣਾ ਚਾਹੀਦਾ ਹੈ। 'ਯਾਤਰੀ ਸਥਾਨ' ਬਣਾਉਣ ਵਿੱਚ ਵੀ ਮੁਸਲਮਾਨਾਂ ਨੇ ਹੀ ਮੱਦਦ ਕੀਤੀ ਸੀ।
ਸਰਕਾਰੀ ਡਿਗਰੀ ਕਾਲਜ ਪੁਲਵਾਮਾ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਇੱਕ ਵਾਰ ਕਸ਼ਮੀਰ 'ਚ ਅਫਸਪਾ ਵਾਲੇ ਮੁੱਦੇ 'ਤੇ ਬਿੱਲ ਕਲਿੰਟਨ ਨੇ ਆਉਣਾ ਸੀ, ਉਹ ਅਜੇ ਦਿੱਲੀ ਸੀ ਕਿ ਭਾਰਤੀ ਫੌਜ ਨੇ ਜਾਣ-ਬੁੱਝ ਕੇ ਕਈ ਸਿੱਖ ਮਰਵਾ ਦਿੱਤੇ, ਹਾਲਤ ਨਾਜ਼ੁਕ ਬਣ ਗਏ, ਜਿਸ ਨੂੰ ਦੇਖਦਿਆਂ ਕਲਿੰਟਨ ਇਹ ਆਖ ਕੇ ਕਿ ਅਫਸਪਾ ਜ਼ਰੂਰੀ ਹੈ, ਵਾਪਿਸ ਚਲਾ ਗਿਆ। ਤਾਜ਼ ਹੋਟਲ 'ਤੇ ਹਮਲਿਆਂ 'ਚ ਇਕੱਲਾ ਕਸਾਬ ਫੜਿਆ ਗਿਆ, ਉਹ ਭਾਰਤੀ ਏਜੰਟ ਵੀ ਤਾਂ ਹੋ ਸਕਦਾ ਹੈ, ਪਰ ਇਹ ਸਭ ਭਾਰਤੀ ਹਕੂਮਤ ਮੁਸਲਿਮ ਆਬਾਦੀ ਨੂੰ ਬਦਨਾਮ ਕਰਨ ਲਈ ਹੀ ਕਰ ਰਹੀ ਹੈ। ਪਰ ਤੁਸੀਂ ਦੇਖੋ ਕਿ ਹਾਈਵੇਅ 'ਤੇ ਅਮਰਨਾਥ ਯਾਤਰੀਆਂ ਦਾ ਐਕਸੀਡੈਂਟ ਹੋਇਆ, ਹਾਲਾਂਕਿ ਉਸ ਵਕਤ ਚਾਰ ਮੁਸਲਿਮ ਨੌਜਵਾਨਾਂ ਨੂੰ ਮਾਰਿਆ ਗਿਆ ਸੀ। ਪਰ ਫਿਰ ਵੀ 13 ਕਸ਼ਮੀਰੀ ਨੌਜਵਾਨਾਂ ਨੇ ਜਖ਼ਮੀਆਂ ਨੂੰ ਆਪਣਾ ਖ਼ੂਨ ਦਿੱਤਾ ਸੀ। ਅਸੀਂ ਅੱਜ ਵੀ ਚਾਹੁੰਦੇ ਹਾਂ ਕਿ ਕਸ਼ਮੀਰੀ ਪੰਡਿਤ ਸਾਡੇ ਨਾਲ ਸਾਡੇ ਗਲੀ-ਮੁਹੱਲਿਆਂ ਵਿੱਚ ਹੀ ਰਹਿਣ।
ਇਸਲਾਮ ਤੇ ISIS ਦੀ ਸੱਚਾਈ
ਕਸ਼ਮੀਰੀਆਂ ਦਾ ਧਰਮ ਇਸਲਾਮ ਹੈ। ਇਸਲਾਮ ਧਰਮ ਵਿੱਚ Renal Code? ਤੇ ਕਈ ਹੋਰ ਚੰਗੀਆਂ ਗੱਲਾਂ ਦਾ ਦਾਅਵਾ ਕਰਦਿਆਂ ਕਸ਼ਮੀਰੀਆਂ ਦੀ ਇਹ ਸਮਝ ਹੈ ਕਿ ਅਸੀਂ ਇਸ ਨੂੰ Islamic state ਬਣਾ ਕੇ ਵਧੀਆ ਚਲਾ ਸਕਦੇ ਹਾਂ। ਪਰ ISIS ਬਾਰੇ ਸਵਾਲ ਕਰਨ 'ਤੇ ਪੁਲਵਾਮਾ ਦੇ ਵਿਦਿਆਰਥੀ ਬੋਲੇ ਕਿ ISIS ਅਸਲ ਵਿੱਚ ਭਾਰਤ, ਅਮਰੀਕਾ ਤੇ ਇਜ਼ਰਾਈਲ ਨੇ ਰਲ ਕੇ ਬਣਾਈ ਹੈ, ਪੂਰੀ ਦੁਨੀਆਂ ਵਿੱਚ ਮੁਸਲਿਮ ਆਬਾਦੀ ਨੂੰ ਨਿਸ਼ਾਨਾ ਬਣਾਉਣ ਲਈ। ਸਾਡੇ ਉਥੇ ਹੁੰਦੇ ਸਮੇਂ ਹੀ ਹਿਜਬੁਲ ਮੁਜਾਹਦੀਨ ਦੇ ਇੱਕ ਕਮਾਂਡਰ ਜਾਕਿਰ ਮੂਸਾ ਦਾ ਬਿਆਨ ਆਇਆ ਕਿ ਜਿਹੜੇ ਹੁਰੀਅਤ ਨੇਤਾ ਕਸ਼ਮੀਰ ਸਮੱਸਿਆ ਨੂੰ ਰਾਜਨੀਤਿਕ ਸਮੱਸਿਆ ਦੱਸ ਰਹੇ ਹਨ ਮੈਂ ਉਹਨਾਂ ਦੇ ਸਿਰ ਵੱਢ ਕੇ ਲਾਲ ਚੌਕ 'ਚ ਟੰਗ ਦੇਵਾਂਗਾ। ਉਸਦਾ ਆਖਣਾ ਸੀ ਕਿ ਕਸ਼ਮੀਰ ਸਮੱਸਿਆ ਅਸਲ 'ਚ ਇਸਲਾਮਿਕ ਸਟੇਟ ਬਣਾਉਣ ਦੀ ਲੜਾਈ ਹੈ ਤੇ ਇਹ ਇਸਲਾਮਿਕ ਸਟੇਟ ਬਣੇਗੀ। ਅਸੀਂ ਇਸ ਨੂੰ ਵੀ ਗੌਰ ਨਾਲ ਦੇਖਿਆ ਤੇ ਇਹ ਪਾਇਆ ਕਿ ਉਸ ਦੇ ਇਸ ਬਿਆਨ ਦੀ ਥੱਲੇ ਤੋਂ ਲੈ ਕੇ ਉੱਪਰ ਤੱਕ ਕੀ ਆਮ ਵਿਦਿਆਰਥੀ, ਨੌਜਵਾਨ, ਪੱਤਰਕਾਰ, ਹੁਰੀਅਤ ਨੇਤਾ ਸਭ ਨੇ ਰੱਜ ਕੇ ਨਿਖੇਧੀ ਹੀ ਕੀਤੀ। ਅਵੰਤੀਪੁਰਾ ਯੂਨੀਵਰਸਿਟੀ ਦੇ ਇੱਕ ਅਧਿਆਪਕ ਨੇ ਕਿਹਾ ਕਿ ਅਸੀਂ ISIS ਦੀ Support ਨਹੀਂ ਲੈਣਾ ਚਾਹੁੰਦੇ ਪਰ ਜੇਕਰ ਕੋਈ ਇਹ ਸ਼ਰਤ ਰੱਖੇ ਕਿ ਜੇਕਰ ISISਦੀ ਸਪੋਰਟ ਨਹੀਂ ਲਵੋਗੇ ਫੇਰ ਹੀ ਤੁਹਾਡੀ ਹਮਾਇਤ ਕਰਾਂਗੇ, ਇਹ ਵੀ ਗਲਤ ਹੈ। ਇੱਕ ਅਖ਼ਬਾਰ ਦੇ ਪੱਤਰਕਾਰ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ISIS ਧਾਰਮਿਕ ਕੱਟੜਤਾ ਨੂੰ ਫੈਲਾਉਣਾ ਚਾਹੁੰਦੀ ਹੈ, ਤੁਸੀਂ ਦੇਖੋ ਇਸਲਾਮਿਕ ਕੱਟੜਤਾ ਦਾ ਜਿੱਥੇ ਜਨਮ ਹੋਇਆ ਮਤਲਬ ਮਿਸਰ, ਅੱਜ ਉਥੇ ਮੁੜਕੇ ਪੈਰ ਜਮਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਨਹੀਂ ਕਰ ਸਕੀ। ਇਸੇ ਤਰ੍ਹਾਂ RSS ਇਸ ਏਜੰਡੇ 'ਤੇ ਲੱਗੀ ਹੋਈ ਹੈ ਪਰ ਇਹ ਵੀ ਕਾਮਯਾਬ ਨਹੀਂ ਹੋ ਸਕੇਗੀ। ਪੁਲਵਾਮਾ ਦੇ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਪਾਕਿ ਦਾ ਵੀ ISIS ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
UNO 'ਤੇ ਵਿਸ਼ਵਾਸ਼
ਹਰ ਕਸ਼ਮੀਰੀ ਦੀ ਇਹ ਗੱਲ ਸਮਝ ਦਾ ਹਿੱਸਾ ਹੈ ਕਿ ਸਾਡਾ ਕੇਸ ਯੂ.ਐਨ.ਓ. ਵਿੱਚ ਪਿਆ ਹੈ, ਇਸਦਾ ਨਿਬੇੜਾ ਉਥੇ ਹੀ ਹੋਵੇਗਾ। ਉਹਨਾਂ ਨੂੰ ਇਤਰਾਜ਼ ਵੀ ਹੈ ਕਿ ਯੂ.ਐਨ.ਓ. ਨੇ ਪਾਕਿ ਤੇ ਹਿੰਦ ਨੂੰ ਆਪਣੀਆਂ ਫੌਜਾਂ ਘਟਾਉਣ ਲਈ ਕਿਹਾ ਸੀ, ਭਾਰਤ ਨੂੰ 7 ਲੱਖ ਤੋਂ ਘਟਾ ਕੇ ਗਿਣਤੀ ਇੱਕ ਲੱਖ ਕਰਨ ਲਈ ਕਿਹਾ ਸੀ ਪਰ ਭਾਰਤ ਨੇ ਨਹੀਂ ਕੀਤਾ। ਯੂ.ਐਨ.ਓ. 'ਤੇ ਵਿਸ਼ਵਾਸ਼ ਹੋਣ ਦੀ ਇੱਕ ਵਜ੍ਹਾ ਇਹ ਹੈ ਕਿ ਉਹਨਾਂ ਨੂੰ ਹੋਰ ਕੋਈ ਸਹਾਰਾ ਨਜ਼ਰ ਨਹੀਂ ਆਉਂਦਾ। ਉਹਨਾਂ ਨੂੰ ਲੱਗਦਾ ਹੈ ਕਿ ਰਾਇਸ਼ੁਮਾਰੀ ਤੋਂ ਬਾਅਦ ਯੂ.ਐਨ.ਓ. ਕਸ਼ਮੀਰ ਆਵੇਗੀ, ਉਹੀ ਸਾਰਾ ਨਿਬੇੜਾ ਕਰਵਾਏਗੀ।
ਆਜ਼ਾਦੀ ਤੋਂ ਭਾਵ, ਸਾਰੇ ਕਸ਼ਮੀਰ ਦੀ
ਘੱਟ-ਗਿਣਤੀਆਂ ਦੀ ਸੁਰੱਖਿਆ

ਇਹ ਪੁੱਛੇ ਜਾਣ 'ਤੇ ਕਿ ਕਸ਼ਮੀਰ ਦੀ ਆਜ਼ਾਦੀ ਤੋਂ ਭਾਵ ਕੀ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਾਰੇ ਕਸ਼ਮੀਰ ਜੰਮੂ-ਕਸ਼ਮੀਰ, ਮਕਬੂਜਾ ਕਸ਼ਮੀਰ, ਗਿਲਗਿਤ, ਲੱਦਾਖ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ। 1932 ਤੋਂ ਆਜ਼ਾਦੀ ਦੀ ਲੜਾਈ ਚੱਲ ਰਹੀ ਹੈ। ਪੁੰਛ ਵਿੱਚ ਬਗ਼ਾਵਤ ਹੋਣ ਤੋਂ ਪਹਿਲਾਂ ਜੰਮੂ ਵਿੱਚ 5 ਲੱਖ ਮੁਸਲਮਾਨਾਂ ਨੂੰ ਮਾਰਿਆ ਗਿਆ ਸੀ, ਜਿਸਦੇ ਜਵਾਬ ਵਿੱਚ ਪੁੰਛ ਵਿੱਚ ਬਗ਼ਾਵਤ ਹੋ ਗਈ। ਹਰੀ ਸਿੰਘ ਨੇ ਭਾਰਤੀ ਹਕੂਮਤ ਤੋਂ ਮੱਦਦ ਮੰਗੀ। ਪਰ ਇਸ ਬਗ਼ਾਵਤ ਨੂੰ ਪਾਕਿਸਤਾਨ ਨਾਲ ਜੋੜ ਦਿੱਤਾ ਗਿਆ।
ਜਿਵੇਂ ਅੱਜ ਵੀ ਪੱਥਰਬਾਜਾਂ ਨੂੰ ਪਾਕਿਸਤਾਨ ਨਾਲ ਤੇ ਹੁਰੀਅਤ ਲੀਡਰਾਂ ਨਾਲ ਜੋੜਿਆ ਜਾ ਰਿਹਾ ਹੈ। ਅਸੀਂ ਜਦ ਕਿਹਾ ਕਿ ਭਾਰਤ ਕਹਿੰਦਾ ਹੈ ਕਿ ਜੇਕਰ ਤੁਹਾਨੂੰ ਆਜ਼ਾਦ ਕਰ ਦਿੱਤਾ ਤਾਂ ਪਾਕਿਸਤਾਨ ਹਮਲਾ ਕਰ ਦੇਵੇਗਾ ਤਾਂ ਇੱਕ ਅਖ਼ਬਾਰ ਦੇ ਪੱਤਰਕਾਰ ਦਾ ਕਹਿਣਾ ਸੀ ਕਿ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਕਸ਼ਮੀਰ ਨੂੰ ਭਾਰਤ ਦੀ ਢਾਲ ਵਜੋਂ ਵਰਤ ਰਿਹਾ ਹੈ। ਤੁਸੀਂ ਸੋਚੋ ਕਿ ਜੇ ਭਾਰਤ ਆਜ਼ਾਦ ਨਾ ਵੀ ਕਰੇ ਤੇ ਪਾਕਿਸਤਾਨ ਹਮਲਾ ਕਰ ਦੇਵੇ, ਕੀ ਯੂ.ਪੀ., ਬਿਹਾਰ ਰੱਖਿਆ ਕਰਨ ਲਈ ਆਉਣਗੇ? ਉਸ ਨੇ ਕਿਹਾ ਕਿ ਦੱਖਣੀ ਏਸ਼ੀਆ ਨਾਲੋਂ ਕਸ਼ਮੀਰ ਕੇਂਦਰੀ ਏਸ਼ੀਆ ਦੇ ਵੱਧ ਨੇੜੇ ਹੈ। ਇਹ ਕਦੇ ਭਾਰਤ ਦਾ ਹਿੱਸਾ ਨਹੀਂ ਰਿਹਾ। ਮਹਾਰਾਜਾ ਰਣਜੀਤ ਸਿੰਘ ਤੋਂ ਡੋਗਰੇ ਗੁਲਾਬ ਸਿੰਘ ਨੇ ਕਸ਼ਮੀਰ 7500000 ਨਾਨਕਸ਼ਾਹੀਆਂ ਵਿੱਚ ਖਰੀਦਿਆ ਸੀ, ਇਹ ਪੈਸਾ ਗੁਲਾਬ ਸਿੰਘ ਨੇ ਕਸ਼ਮੀਰੀਆਂ ਤੋਂ ਬੇਗਾਰ 'ਤੇ ਕੰਮ ਕਰਵਾ ਕੇ ਪੂਰਾ ਕੀਤਾ। ਕਸ਼ਮੀਰੀ ਤਾਂ ਉਸ ਸਮੇਂ ਤੋਂ ਗੁਲਾਮੀ ਖ਼ਿਲਾਫ਼ ਲੜ ਰਹੇ ਹਨ। ਕੋਈ ਵੀ ਮੁਲਕ ਕਸ਼ਮੀਰ ਨੂੰ ਭਾਰਤ ਜਾਂ ਪਾਕਿ ਦਾ ਹਿੱਸਾ ਨਹੀਂ ਮੰਨਦੇ। AAC, AFP, Reuters ਤੇ ਰਸ਼ੀਅਨ ਪ੍ਰੈਸ ਭਾਰਤ ਵਾਲੇ ਕਸ਼ਮੀਰ ਨੂੰ Indian administrate Kashmir ਤੇ ਪਾਕਿ ਵਾਲੇ ਕਸ਼ਮੀਰ ਨੂੰ Pakistan administrate Kashmir ਆਖਦੇ ਹਨ। ਇਸ ਵਿੱਚੋਂ ਏ.ਐਫ.ਪੀ. ਅਮਰੀਕਾ ਦੀ ਏਜੰਸੀ ਹੈ। ਹੁਣ ਭਾਰਤ ਅਮਰੀਕਾ ਦੇ ਅਧੀਨ ਹੈ, ਉਹ ਦੇਖ ਲਵੇ ਕਿ ਉਸ ਦਾ ਆਕਾ ਕਸ਼ਮੀਰ ਬਾਰੇ ਕੀ ਸਟੈਂਡ ਰੱਖਦਾ ਹੈ। ਕਈ ਬੰਦਿਆਂ ਨੇ ਕਿਹਾ ਕਿ ਭਾਰਤ ਹਰ ਗੱਲ ਤੋਂ ਥਿੜਕਦਾ ਆਇਆ ਹੈ, ਹਰੀ ਸਿੰਘ ਨਾਲ ਸਮਝੌਤੇ ਸਮੇਂ ਤਿੰਨ ਮਹਿਕਮੇ ਭਾਰਤ ਕੋਲ ਤੇ ਕਸ਼ਮੀਰ ਦਾ ਪ੍ਰਧਾਨ ਮੰਤਰੀ ਬਣਾਉਣਾ ਤੈਅ ਹੋਇਆ ਸੀ, ਰਾਇਸ਼ੁਮਾਰੀ ਕਰਾਉਣਾ ਤੈਅ ਹੋਇਆ ਸੀ ਪਰ ਹੌਲੀ-ਹੌਲੀ ਭਾਰਤ ਸਭ ਗੱਲਾਂ ਤੋਂ ਮੁੱਕਰਦਾ ਆ ਰਿਹਾ ਹੈ। ਜਦ ਅਸੀਂ ਪੁੱਛਿਆ ਕਿ ਕੀ ਲੋਕ ਵੀ ਆਜ਼ਾਦ ਹੋਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ 90% ਕਸ਼ਮੀਰੀ ਭਾਰਤ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਇਹਨਾਂ 'ਚੋਂ 50% ਬਿਲਕੁਲ ਆਜ਼ਾਦ ਹੋਣਾ ਚਾਹੁੰਦੇ ਹਨ। AJKSU ਦੇ ਆਗੂ ਦਾ ਕਹਿਣਾ ਸੀ ਕਿ 2017 'ਚ ਸ਼੍ਰੀਨਗਰ ਵਿੱਚ 7% ਪੋਲਿੰਗ ਹੋਈ ਸੀ, ਇਸ ਦੌਰਾਨ ਧੱਕੇ ਨਾਲ ਪੋਲਿੰਗ ਵਧਾਉਣ ਦੀ ਕੋਸ਼ਿਸ਼ ਹੋਈ ਤੇ ਹਿੰਸਾ ਵਿੱਚ 8 ਕਸ਼ਮੀਰੀ ਮਾਰੇ ਗਏ। ਦੁਆਰਾ By poll ਹੋਈ ਤਾਂ ਪੋਲਿੰਗ ਘਟ ਕੇ 2% ਰਹਿ ਗਈ। ਇਸ ਤੋਂ ਸਮਝ ਆ ਜਾਣਾ ਚਾਹੀਦਾ ਹੈ ਕਿ ਕਸ਼ਮੀਰੀ ਕੀ ਚਾਹੁੰਦੇ ਹਨ। ਜਿਹੜੇ ਵੋਟ ਪਾਉਣ ਵੀ ਜਾਂਦੇ ਨੇ ਉਹ ਵੀ ਸਵੈ-ਨਿਰਣੇ ਦਾ ਅਧਿਕਾਰ ਚਾਹੁੰਦੇ ਨੇ। ਭਾਵੇਂ ਉਹ ਸੜਕਾਂ, ਵਿਕਾਸ, ਰੁਜ਼ਗਾਰ ਲਈ ਵੀ ਵੋਟ ਪਾਉਂਦੇ ਹਨ ਪਰ ਉਹ ਵੀ ਭਾਰਤ ਤੋਂ ਆਜ਼ਾਦੀ ਚਾਹੁੰਦੇ ਹਨ। ਬਾਕੀ ਵੋਟਾਂ ਪਾਉਣ ਵਾਲਿਆਂ 'ਚ ਪਾਰਟੀ ਵਰਕਰ ਵੀ ਹੁੰਦੇ ਨੇ ਤੇ ਧਾਂਦਲੀਆਂ ਵੀ ਕੀਤੀਆਂ ਜਾਂਦੀਆਂ ਹਨ। ਸੱਚ ਤਾਂ ਇਹ ਹੈ ਕਿ ਭਾਰਤੀ ਚੋਣਾਂ ਦਾ ਬਾਈਕਾਟ ਦਾ ਮਤਲਬ ਲੋਕ ਭਾਰਤ ਤੋਂ ਆਜ਼ਾਦੀ ਚਾਹੁੰਦੇ ਹਨ।
ਸਾਡਾ ਅਗਲਾ ਸਵਾਲ ਸੀ ਕਿ ਰਾਇਸ਼ੁਮਾਰੀ ਹੋ ਜਾਣ 'ਤੇ, ਕਸ਼ਮੀਰ ਆਜ਼ਾਦ ਹੋ ਜਾਣ 'ਤੇ, ਘੱਟ-ਗਿਣਤੀਆਂ ਹਿੰਦੂ, ਸਿੱਖਾਂ, ਬੋਧੀਆਂ ਨਾਲ ਕੀ ਵਿਤਕਰਾ ਨਹੀਂ ਹੋਵੇਗਾ। ਹਰ ਇੱਕ ਨੇ ਆਪਣਾ ਜ਼ੋਰ ਲਾ ਕੇ ਸਾਨੂੰ ਸਮਝਾਉਣਾ ਚਾਹਿਆ ਕਿ ਘੱਟ-ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਇੱਕ ਅਖ਼ਬਾਰ ਦੇ ਪੱਤਰਕਾਰ ਦਾ ਕਹਿਣਾ ਸੀ ਕਿ 1930 ਤੋਂ ਹੀ ਮੂਵਮੈਂਟ 'ਚ ਮੁਸਲਮਾਨਾਂ ਦੀ ਗਿਣਤੀ ਜਿਆਦਾ ਰਹੀ ਹੈ, ਇਸ ਦਾ ਧਾਰਮਿਕ ਹੋਣਾ ਸੁਭਾਵਿਕ ਹੈ, ਪਰ ਇਹ ਧਾਰਮਿਕ ਕੱਟੜ ਲਹਿਰ ਨਹੀਂ ਹੈ। ਹਰ ਇੱਕ ਨੇ ਇਸ ਮਾਮਲੇ ਵਿੱਚ ਗਿਲਾਨੀ ਦੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ। ਉਹ ਸਮਝਦਾ ਹੈ ਕਿ ਆਜ਼ਾਦੀ ਤੋਂ ਬਾਅਦ ਸਭ ਧਰਮਾਂ ਤੇ ਨਾਲ ਹੀ ਨਾਸਤਿਕਾਂ ਨੂੰ ਵੀ ਪੂਰੀ ਆਜ਼ਾਦੀ ਦਿੱਤੀ ਜਾਵੇਗੀ। ਉਹ ਕਹਿੰਦਾ ਹੈ ਕਿ ਆਜ਼ਾਦ ਕਸ਼ਮੀਰ ਵਿੱਚ ਜੇਕਰ ਕਿਸੇ ਦਾ ਧਰਮ ਸ਼ਰਾਬ ਪੀਣ ਦੀ ਆਗਿਆ ਦਿੰਦਾ ਹੈ ਤੇ ਮੁਸਲਮਾਨ ਕਰਕੇ ਉਸਦੀ ਸ਼ਰਾਬ ਦੀ ਬੋਤਲ ਟੁੱਟ ਜਾਂਦੀ ਹੈ ਤਾਂ ਉਸਦੀ ਭਰਪਾਈ ਉਸ ਮੁਸਲਮਾਨ ਤੋਂ ਕਰਵਾਈ ਜਾਵੇਗੀ। ਅਵੰਤੀਪੁਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਅਸੀਂ ਪੂਰੇ ਕਸ਼ਮੀਰ ਨੂੰ ਆਜ਼ਾਦ ਕਰਾਉਣ ਦੀ ਗੱਲ ਕਰਦੇ ਹਾਂ। ਆਜ਼ਾਦ ਹੋਣ ਤੋਂ ਬਾਅਦ ਸਭ ਕੁੱਝ ਠੀਕ ਕਰ ਦੇਵਾਂਗੇ। ਪਾਕਿਸਤਾਨ ਤੇ ਭਾਰਤ ਦੇ ਸੰਵਿਧਾਨ ਵਿੱਚ ਘੱਟ-ਗਿਣਤੀਆਂ ਲਈ ਕਾਨੂੰਨ ਹੈ, ਕਸ਼ਮੀਰ ਦੇ ਸੰਵਿਧਾਨ ਵਿੱਚ ਵੀ ਇਸੇ ਤਰ੍ਹਾਂ ਕਰਾਂਗੇ। ਬਾਕੀ ਉਹਨਾਂ ਦਾ ਕਹਿਣਾ ਸੀ ਕਿ ਇਹ ਸਵਾਲ ਤੁਹਾਨੂੰ ਗਿਲਾਨੀ ਸਾਹਿਬ ਨੂੰ ਕਰਨੇ ਚਾਹੀਦੇ ਹਨ, ਆਮ ਲੋਕਾਂ ਨੂੰ ਸਮੱਸਿਆਵਾਂ ਨਹੀਂ ਆਉਣ ਦੇਵਾਂਗੇ। ਇਹ ਸਾਡੀਆਂ ਵਿਅਕਤੀਗਤ ਰਾਵਾਂ ਹਨ। ਉਹਨਾਂ ਨੇ ਕਿਹਾ ਕਿ ਜਦ 200 ਪੰਡਿਤਾਂ ਦੀਆਂ ਹੱਤਿਆਵਾਂ ਹੋਈਆਂ ਤਾਂ ਸਾਰੀਆਂ ਐਫ.ਆਈ.ਆਰਜ  JKLF ਦੇ ਆਗੂਆਂ 'ਤੇ ਕੀਤੀਆਂ ਗਈਆਂ। ਪਰ ਮੁਸਲਮਾਨਾਂ ਦੀਆਂ ਹੱਤਿਆਵਾਂ ਕਿਸੇ ਨੂੰ ਦਿਖਾਈ ਨਹੀਂ ਦਿੱਤੀਆਂ। ਅਨੰਤਨਾਗ ਦੇ ਨੌਜਵਾਨਾਂ ਦਾ ਇਸ ਬਾਰੇ ਆਖਣਾ ਸੀ ਕਿ ਜੇਕਰ ਜੰਗ ਚੱਲਦੀ ਹੋਵੇ ਤਾਂ ਗੋਲੀ ਨਾਲ ਤਾਂ ਘੱਟ-ਗਿਣਤੀਆਂ ਵੀ ਮਾਰੀਆਂ ਤਾਂ ਜਾਣਗੀਆਂ ਹੀ। ਪਰ ਜੇਕਰ ਭਾਰਤ ਸ਼ਾਂਤੀਪੂਰਨ ਰਾਇਸ਼ੁਮਾਰੀ ਕਰਵਾ ਦਿੰਦਾ ਹੈ ਤਾਂ ਅਸੀਂ ਘੱਟ-ਗਿਣਤੀ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਾਂਗੇ, ਅਸੀਂ ਇਸ ਗੱਲ 'ਤੇ ਹੀ ਨਹੀਂ ਖੜੇ ਕਿ ਅਸੀਂ ਪਾਕਿਸਤਾਨ ਨਾਲ ਹੀ ਜਾਣਾ ਹੈ, ਜੇਕਰ ਅਸੀਂ ਆਜ਼ਾਦ ਹੋਏ ਤਾਂ ਘੱਟ-ਗਿਣਤੀਆਂ ਦਾ ਪੂਰਾ ਖਿਆਲ ਖੁਦ ਰੱਖਾਂਗੇ। ਸ਼ਰਾਬ ਪੀਣ ਦੀ ਇਜਾਜ਼ਤ ਦਿੱਤੇ ਜਾਣ ਬਾਰੇ ਪੁੱਛਣ 'ਤੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਕਿਸੇ ਦਾ ਧਰਮ ਆਗਿਆ ਦਿੰਦਾ ਹੈ ਤਾਂ ਸ਼ਰਾਬ ਪੀਣ ਦੇਵਾਂਗੇ। ਜੇਕਰ ਧਰਮ ਮਨ੍ਹਾ ਕਰਦਾ ਹੈ ਤਾਂ ਰੋਕਾਂਗੇ। ਬਾਕੀ ਕਿਸੇ ਦਾ ਧਰਮ ਨਹੀਂ ਕਹਿੰਦਾ ਕਿ ਦੂਜੇ ਦਾ ਨੁਕਸਾਨ ਕਰੋ। ਗੁਜਰਾਤ ਵਿੱਚ ਸ਼ਰਾਬ ਬੰਦੀ ਕੀਤੀ ਗਈ ਹੈ ਅਸੀਂ ਵੀ ਉਸੇ ਦੀ ਤਰਜ 'ਤੇ ਕਰਾਂਗੇ। ਅਸੀਂ ਆਪਣਾ ਖ਼ੁਦ ਦਾ ਕਾਨੂੰਨ, ਪੁਲੀਸ ਬਣਾਵਾਂਗੇ। ਸ਼ਰਾਬ 'ਤੇ ਪਾਬੰਦੀ ਲਾਉਣੀ ਹੈ ਜਾਂ ਨਹੀਂ, ਇਹ ਜੋ ਕਾਨੂੰਨ ਬਣੇਗਾ, ਉਹੀ ਦੇਖੇਗਾ। ਤੁਸੀਂ ਦੇਖੇ ਕੋਈ ਭਾਰਤ ਦੀ ਟਰੇਨ ਵਿੱਚ ਸਿਗਰਟ ਨਹੀਂ ਪੀ ਸਕਦਾ ਪਰ ਸ਼ਰਾਬ ਪੀ ਸਕਦਾ ਹੈ, ਗੱਲ ਤਾਂ ਇੱਕੋ ਹੀ ਹੈ। ਜੇ ਕੋਈ ਘਰ ਵਿੱਚ ਬੈਠ ਕੇ ਪੀਂਦਾ ਹੈ ਤਾਂ ਪੀਣ ਦੇਵਾਂਗੇ, ਪਰ ਜੇ ਉਹ ਪੀ ਕੇ ਕਿਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਅਜਿਹਾ ਨਹੀਂ ਹੋਣ ਦੇਵਾਂਗੇ। ਜੇ ਕੋਈ ਸ਼ਿਕਾਇਤ ਕਰ ਦਿੰਦਾ ਹੈ ਕਿ ਕੋਈ ਘਰ 'ਚ ਬੈਠ ਕੇ ਪੀ ਰਿਹਾ ਹੈ ਤਾਂ ਇਹ ਧਰਮ 'ਤੇ ਨਿਰਭਰ ਹੈ ਕਿ ਕੀ ਕਰਨਾ ਹੈ। ਕਸ਼ਮੀਰੀ ਸਭ ਤੋਂ ਰਹਿਮਦਿਲ ਇਨਸਾਨ ਹਨ। 1997 'ਚ 12 ਹਜ਼ਾਰ ਅਤੇ ਇਸ ਸਾਲ 2017 'ਚ ਲਗਭਗ 7 ਲੱਖ ਧਾਰਮਿਕ ਯਾਤਰੀਆਂ ਦੇ ਅਮਰਨਾਥ ਯਾਤਰਾ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਉਹ ਤਾਂਹੀ ਆ ਸਕੇ ਜੇਕਰ ਕਸ਼ਮੀਰੀ ਉਨ੍ਹਾਂ ਨਾਲ ਸਹਿਯੋਗ ਕਰਦੇ ਹਨ। ਪ੍ਰੰਤੂ ਯਾਤਰਾ 'ਚ ਸ਼ਾਮਲ ਸਾਧੂ-ਸੰਤ 'ਜੈ ਭੋਲੇ ਨਾਥ' ਦੇ ਨਾਅਰੇ ਲਾਉਂਦੇ-ਲਾਉਂਦੇ 'ਕਸ਼ਮੀਰ ਹੈ ਭੋਲੇ ਨਾਥ ਦਾ' ਦੇ ਨਾਅਰੇ ਲਾਉਣ ਲੱਗ ਪਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੌਣ ਫ਼ਿਰਕੂ ਜਹਿਰ ਘੋਲ ਰਿਹਾ ਹੈ? ਜਿੱਥੋਂ ਤੱਕ ਧਾਰਮਿਕ ਯਾਤਰੀਆਂ ਦੀਆਂ ਮੁਸ਼ਕਿਲਾਂ ਦਾ ਸਬੰਧ ਹੈ, ਕਸ਼ਮੀਰੀ ਹਮੇਸ਼ਾ ਉਨ੍ਹਾਂ ਦੇ ਮੱਦਦਗਾਰ ਰਹੇ ਹਨ। ਇਹ ਭਾਰਤ ਸਰਕਾਰ ਦੀ ਨੀਤੀ ਹੈ ਕਿ ਉਹ ਉੱਤਰਾਖੰਡ 'ਚ ਧਾਰਮਿਕ ਯਾਤਰੀਆਂ ਨੂੰ ਤਾਂ ਕੁਦਰਤੀ ਆਫਤਾਂ ਵੇਲੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ ਪਰ ਜਦੋਂ ਕਸ਼ਮੀਰ ਦਾ ਸਵਾਲ ਆਉਂਦਾ ਹੈ ਤਾਂ ਧਾਰਮਿਕ ਯਾਤਰੀਆਂ ਨੂੰ ਕੁਦਰਤ ਦੇ ਰਹਿਮੋ-ਕਰਮ 'ਤੇ ਛੱਡ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਦੀਆਂ ਕਠਿਨਾਈਆਂ ਦਾ ਸਾਰਾ ਦੋਸ਼ ਕਸ਼ਮੀਰੀਆਂ 'ਤੇ ਮੜ੍ਹ ਦਿੱਤਾ ਜਾਂਦਾ ਹੈ। ਅਸੀਂ ਪੁੱਛਿਆ ਕਿ ਕੀ ਕਾਨੂੰਨ ਬਣਾਉਣ ਲੱਗੇ ਧਰਮ ਨੂੰ ਅਧਾਰ ਬਣਾਓਗੇ। ਉਹਨਾਂ ਕਿਹਾ ਕਿ ਹਾਂ ਧਰਮ ਨੂੰ ਅਧਾਰ ਬਣਾਵਾਂਗੇ। ਪਰ ਇਹ ਸਿਰਫ ਮੁਸਲਮਾਨਾਂ ਲਈ ਲਾਜ਼ਮੀ ਹੋਵੇਗਾ, ਕਿਸੇ ਦੂਜੇ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਪਰ ਅਲੱਗ-ਅਲੱਗ ਕਾਨੂੰਨ ਨਹੀਂ ਬਣਨਗੇ। ਬੀਤੇ 7 ਸਾਲਾਂ ਦਾ ਤਜ਼ਰਬਾ ਹੀ ਦੇਖ ਲਉ। ਇਹ ਖਾੜਕੂ ਨੇ ਜੋ ਇੱਕ ਜਾਂ ਦੂਸਰੇ ਢੰਗ ਨਾਲ ਪ੍ਰਸਾਸ਼ਨ ਚਲਾ ਰਹੇ ਹਨ। ਅੱਜ ਤੱਕ 15 ਹਜ਼ਾਰ ਪੰਡਿਤਾਂ ਦੇ ਪਰਿਵਾਰਾਂ ਦੀ ਸੁਰੱਖਿਆ ਵਿੱਚ ਖਾੜਕੂਆਂ ਨੇ ਖ਼ੁਦ ਕਦੀ ਕੋਈ ਢਿੱਲ-ਮੱਠ ਜਾਂ ਕਮੀ ਨਹੀਂ ਆਉਣ ਦਿੱਤੀ। ਉਨ੍ਹਾਂ ਨੂੰ ਪੂਰੇ ਅਧਿਕਾਰ ਮਿਲੇ ਹੋਏ ਹਨ।
ਕਸ਼ਮੀਰ ਯੂਨੀਵਰਸਿਟੀ ਦੇ KUSU ਦੇ ਲੀਡਰ ਦਾ ਕਹਿਣਾ ਸੀ ਕਿ ਕਸ਼ਮੀਰੀ ਪੰਡਿਤ ਸਾਡੇ ਨਾਲ ਨੇ। ਭਾਰਤੀ ਏਜੰਸੀਆਂ ਨੇ ਸਾਡੇ 'ਚ ਫੁੱਟ ਪਾਉਣ ਲਈ ਪਹਿਲਾਂ ਹਿੰਦੂਆਂ ਨੂੰ ਮਰਵਾਇਆ ਤੇ ਫੇਰ ਬਹਾਨਾ ਬਣਾ ਕੇ ਕਿ ਹਿੰਦੂ ਸੁਰੱਖਿਆ ਨੂੰ ਖਤਰਾ ਹੈ ਉਹਨਾਂ ਨੂੰ ਇੱਥੋਂ ਲੈ ਗਏ। ਅਸੀਂ ਕਸ਼ਮੀਰੀ ਪੰਡਿਤਾਂ ਨੂੰ ਕਹਿ ਰਹੇ ਹਾਂ ਕਿ ਸਾਡੇ ਨਾਲ ਆ ਕੇ ਰਹੋ ਪਰ ਭਾਜਪਾ ਉਹਨਾਂ ਨੂੰ ਕਸ਼ਮੀਰ ਵਾਪਿਸ ਨਹੀਂ ਆਉਣ ਦਿੰਦੀ। ਬਹੁਤ ਸਾਰੇ ਹਿੰਦੂ ਵੀ ਸਾਡੀ ਲੜਾਈ ਦੀ ਸਪੋਰਟ ਕਰਦੇ ਹਨ, ਬਹੁਤ JNU ਦੇ ਨੇ। ਜੰਮੂ ਅਸਲ 'ਚ ਹਿੰਦੂਆਂ ਦਾ ਕੋਈ ਹਮਦਰਦ ਨਹੀਂ ਹੈ। ਇੱਥੇ ਸੂਫ਼ੀ ਕਵੀਆਂ ਨੇ ਨਵੇਂ ਨਾਅਰੇ ਦਿੱਤੇ ਸੀ। ਭਾਰਤ, ਸੂਫ਼ੀ ਤੇ ਵਹਾਬੀ ਦੋਵਾਂ 'ਚ ਫੁੱਟ ਪਾਉਣਾ ਚਾਹੁੰਦਾ ਹੈ। ਦੇਖੋ ਸੋਨੂੰ ਨਿਗਮ ਦੇ ਮਾਮਲੇ 'ਤੇ ਵਿਚਾਰ-ਵਟਾਂਦਰਾ ਸੀ ਤੇ ਅਫ਼ਜ਼ਲ ਗੁਰੂ ਦੀ ਫਾਂਸੀ ਨੂੰ ਵਿੱਚ ਲਿਆ ਕੇ ਵਾੜ ਦਿੱਤਾ ਗਿਆ। ਸਾਡੀ ਖਾਲਿਸਤਾਨੀਆਂ ਨਾਲ ਵੀ ਹਮਦਰਦੀ ਹੈ। ਪੰਜਾਬ ਦੀ ਤਰ੍ਹਾਂ ਭਾਰਤ ਨੇ ਕਸ਼ਮੀਰ ਵਿੱਚ ਵੀ ਨਸ਼ੇ ਲਿਆਂਦੇ ਨੇ। ਜੋ ਨਸ਼ਾ ਕਰ ਲੈਂਦਾ ਹੈ, ਫੇਰ ਨਸ਼ੇ 'ਚ ਡੁੱਬਿਆ ਪੱਥਰ ਨਹੀਂ ਮਾਰਦਾ। ਉਹਨਾਂ ਕਿਹਾ ਕਿ ਭਾਰਤ ਦੇ ਨਿੱਕਲ ਜਾਣ ਤੋਂ ਬਾਅਦ ਇੱਥੇ ਯੂ.ਐਨ.ਓ. ਆਵੇਗਾ, ਉਹੀ ਸਾਡੇ ਲਈ ਇੱਕੋ-ਇੱਕ ਪਲੇਟਫਾਰਮ ਹੈ। ਓ.ਓ.ਆਈ.ਸੀ. (Organisation of Islamic Country) ਸਾਡੀ ਸਪੋਰਟ ਕਰ ਰਹੀ ਹੈ, ਉਹਨਾਂ ਤੋਂ ਵੀ ਸਾਨੂੰ ਉਮੀਦ ਹੈ। ਉਹਨਾਂ ਨੂੰ ਪੁੱਛਿਆ ਕਿ ਪਾਕਿਸਤਾਨ ਵਿੱਚ ਹਿੰਦੂ, ਮੁਸਲਮਾਨਾਂ ਨਾਲ ਵਿਤਕਰਾ ਹੁੰਦਾ ਹੈ। ਉਹਨਾਂ ਕਿਹਾ ਕਿ ਵਿਤਕਰਾ ਹੋ ਰਿਹਾ ਹੈ, ਪੂਰੇ ਅਧਿਕਾਰ ਨਹੀਂ ਦਿੱਤੇ ਜਾਂਦੇ। ਅਮਰੀਕਾ 'ਚ ਵੀ ਕਾਲਿਆਂ ਨੂੰ ਮਾਰਦੇ ਹਨ। ਫੇਰ ਪਾਕਿਸਤਾਨ ਦਾ ਹੀ ਇਕੱਲਾ ਪ੍ਰਚਾਰ ਕਿਉਂ ਕੀਤਾ ਜਾਂਦਾ ਹੈ। ਬੋਧੀਆਂ ਨੇ ਬਰਮਾ 'ਚ ਮੁਸਲਮਾਨਾਂ ਦਾ ਕਤਲੇਆਮ ਕੀਤਾ। ਉਹ ਜੰਮੂ ਆ ਗਏ ਫੇਰ ਇੱਥੇ ਸੰਘੀਆਂ ਨੇ ਕਤਲੇਆਮ ਕੀਤਾ, ਇਹ ਵੀ ਤਾਂ ਦੇਖਣਾ ਚਾਹੀਦਾ ਹੈ। ਪਾਕਿਸਤਾਨ ਵਾਲੇ ਕਸ਼ਮੀਰ ਬਾਰੇ ਉਹਨਾਂ ਦਾ ਕਹਿਣਾ ਸੀ ਕਿ ਇਹ ਉਹ ਖ਼ੁਦ ਦੇਖੇਗਾ। ਜਦ ਰਾਇਸ਼ੁਮਾਰੀ ਹੋਵੇਗੀ, ਉਸ ਵਿੱਚ ਤਾਂ ਸਾਰਿਆਂ ਨੂੰ ਵੋਟਿੰਗ ਦਾ ਅਧਿਕਾਰ ਦਿੱਤਾ ਜਾਵੇਗਾ। ਮਤਲਬ ਕਸ਼ਮੀਰ, ਜੰਮੂ, ਗਿਲਗਿਤ, ਆਜ਼ਾਦ ਕਸ਼ਮੀਰ, ਲੱਦਾਖ, ਬਲੋਚਿਸਤਾਨ। ਜਦ ਅਸੀਂ ਪੁੱਛਿਆ ਕਿ ਜੇਕਰ ਆਜ਼ਾਦ ਹੋਣ ਤੋਂ ਬਾਅਦ ਘੱਟ-ਗਿਣਤੀਆਂ ਤੁਹਾਡੇ ਨਾਲ ਨਾ ਰਹਿਣਾ ਚਾਹੁਣ ਤਾਂ? ਉਹਨਾਂ ਜਵਾਬ ਦਿੱਤਾ ਕਿ ਅਨੰਤਨਾਗ ਦੇ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਦੀ ਵੀ ਰਾਇਸ਼ੁਮਾਰੀ ਕਰਵਾਈ ਜਾਵੇਗੀ। KUSU ਦੇ ਨੇਤਾ ਦਾ ਮੰਨਣਾ ਸੀ ਕਿ ਜੰਮੂ ਦੇ ਸਿਰਫ ਢਾਈ ਜ਼ਿਲ੍ਹੇ ਨੇ ਜੋ ਭਾਰਤ ਨਾਲ ਜਾਣਾ ਚਾਹੁੰਦੇ ਨੇ, ਬਾਕੀ ਸਾਰਾ ਕਸ਼ਮੀਰ ਆਜ਼ਾਦੀ ਚਾਹੁੰਦਾ ਹੈ।
ਸਥਾਨਕ ਮੀਡੀਆ
ਸਾਰਿਆਂ ਦਾ ਇਹ ਮੰਨਣਾ ਸੀ ਕਿ ਕੌਮਾਂਤਰੀ ਮੀਡੀਆ ਦੀ ਕਵਰੇਜ਼ ਹੋਣ ਤੋਂ ਬਾਅਦ ਹੀ ਸਾਡਾ ਮਸਲਾ ਦੁਨੀਆਂ ਸਾਹਮਣੇ ਗਿਆ ਹੈ। ਸਥਾਨਕ ਮੀਡੀਆ ਬਾਰੇ ਇੱਕ ਅਖ਼ਬਾਰ ਦੇ ਸੰਪਾਦਕ ਦਾ ਕਹਿਣਾ ਸੀ ਕਿ ਇੱਥੇ ਸਥਾਨਕ ਅਖ਼ਬਾਰ ਸਭ ਦਾ ਪੱਖ ਛਾਪਦਾ ਹੈ, ਭਾਰਤ ਦਾ ਵੀ। ਪਰ ਇੱਕ ਕਸ਼ਮੀਰੀ ਹੋਣ ਦੇ ਨਾਤੇ ਹਰ ਪੱਤਰਕਾਰ ਦਾ ਹਿੱਤ ਹੈ ਕਿ ਉਹ ਆਜ਼ਾਦੀ ਦੀ ਲੜਾਈ ਦੀ ਵੀ ਕਵਰੇਜ਼ ਕਰੇ। ਸਥਾਨਕ ਪੱਤਰਕਾਰ ਆਪਣੀ ਪੂਰੀ ਵਾਹ ਲਾਉਂਦੇ ਨੇ ਲੋਕਾਂ ਦੀ ਆਵਾਜ਼ ਉਠਾਉਣ ਦੀ। ਪਰ ਹੁੰਦਾ ਕੀ ਹੈ ਕਿ ਬਹੁਤੀ ਵਾਰੀ ਸਥਾਨਕ ਪੱਤਰਕਾਰਾਂ ਨੂੰ ਬਹੁਤੀਆਂ ਸਟੋਰੀਆਂ ਕਰਨ ਨਹੀਂ ਦਿੱਤੀਆਂ ਜਾਂਦੀਆਂ। ਵੱਡੇ ਅਖ਼ਬਾਰਾਂ ਦੇ ਦਿੱਲੀ ਤੋਂ ਪ੍ਰੈਸ ਰਿਪੋਰਟਰ ਆਉਂਦੇ ਨੇ, ਉਹ ਸਟੋਰੀਆਂ ਕਰਦੇ ਨੇ, ਸਥਾਨਕ ਪੱਤਰਕਾਰਾਂ ਨੂੰ ਬਹੁਤੀ ਵਾਰ ਕੰਮ ਨਹੀਂ ਕਰਨ ਦਿੱਤਾ ਜਾਂਦਾ।
ਜਮਹੂਰੀ ਮਾਹੌਲ ਤੇ ਪੱਥਰਬਾਜੀ
ਅਸੀਂ ਐਮ.ਏ. ਰੋਡ ਸਥਿਤ ਹਾਇਰ ਸੈਕੰਡਰੀ ਸਕੂਲ ਕੋਲੋਂ ਗੁਜਰ ਰਹੇ ਸੀ ਤਾਂ ਦੋ ਵਿਦਿਆਰਥੀਆਂ ਨੂੰ ਬੱਸ ਅੱਡੇ 'ਤੇ ਬੈਠੇ ਦੇਖਿਆ। ਅਸੀਂ ਕੋਲ ਜਾ ਕੇ ਬੈਠ ਗਏ, ਪੁੱਛਣ 'ਤੇ ਪਤਾ ਲੱਗਾ ਕਿ ਉਹ ਸਕੂਲ ਆਏ ਸੀ, ਪਰ ਪੱਥਰਬਾਜੀ ਕਰਕੇ ਪੁਲਵਾਮਾ ਦੀ ਘਟਨਾ ਕਰਕੇ ਸਕੂਲ ਬੰਦ ਹੈ। ਜਦ ਅਸੀਂ ਕੁਝ ਪੁੱਛਣਾ ਚਾਹਿਆ ਤਾਂ ਉਹਨਾਂ 'ਚੋਂ ਇੱਕ ਵਿਦਿਆਰਥੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ? ਅਸੀਂ ਆਪਣੇ ਬਾਰੇ ਦੱਸ ਕੇ ਸ਼ਨਾਖਤੀ ਕਾਰਡ ਦਿਖਾ ਦਿੱਤਾ, ਫੇਰ ਉਸ ਨੇ ਅਜਿਹਾ ਕਰਨ ਦੀ ਮਜ਼ਬੂਰੀ ਦੱਸਦਿਆਂ ਗੱਲ ਸ਼ੁਰੂ ਕੀਤੀ। ਉਸ ਨੇ ਕਿਹਾ ਕਿ ਤੁਹਾਡੇ ਪੰਜਾਬ ਜਾਂ ਕਸ਼ਮੀਰ ਤੋਂ ਬਿਨਾਂ ਹੋਰ ਕਿਸੇ ਸੂਬੇ 'ਚ ਪ੍ਰਦਰਸ਼ਨਕਾਰੀਆਂ 'ਤੇ ਪਾਣੀ ਦੀਆਂ ਬੁਛਾੜਾਂ ਹੁੰਦੀਆਂ ਹਨ, ਪਰ ਇੱਥੇ ਸਿੱਧੀ ਗੋਲੀ ਚਲਦੀ ਹੈ। ਸਾਨੂੰ ਕਿਸੇ ਘਟਨਾ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਵੀ ਨਹੀਂ ਕਰਨ ਦਿੱਤਾ ਜਾਂਦਾ। ਜੇ ਕਰਦੇ ਹਾਂ ਤਾਂ ਫੌਜ ਮਾਰਦੀ ਹੈ ਤੇ ਫੇਰ ਅਸੀਂ ਪੱਥਰਬਾਜੀ ਕਰਦੇ ਹਾਂ। ਲਗਭਗ ਸਾਰਿਆਂ ਨੇ ਕਿਹਾ ਕਿ 2008 'ਚ ਗਿਲਾਨੀ ਨੇ ਇੱਕ ਕਾਨਫਰੰਸ ਕੀਤੀ, ਲੱਖਾਂ ਦੀ ਗਿਣਤੀ 'ਚ ਲੋਕ ਆਏ, ਫੌਜ ਤੇ ਪੁਲੀਸ ਨੇ ਨਹੀਂ ਰੋਕਿਆ। ਆਜ਼ਾਦੀ ਦੇ ਨਾਅਰੇ ਵੀ ਲੱਗੇ, ਪ੍ਰਦਰਸ਼ਨ ਵੀ ਹੋਇਆ ਪਰ ਕਿਸੇ ਨੇ ਪੱਥਰ ਨਹੀਂ ਮਾਰੇ ਤੇ ਸਾਰੇ ਪ੍ਰਦਰਸ਼ਨ ਤੋਂ ਬਾਅਦ ਆਪਣੇ-ਆਪਣੇ ਘਰ ਵਾਪਿਸ ਚਲੇ ਗਏ। ਇਸਤੋਂ ਅੰਦਾਜਾ ਲਗਾਓ ਕਿ ਕਸ਼ਮੀਰੀ ਕੀ ਚਾਹੁੰਦੇ ਹਨ? JKCCS ਦੇ ਆਗੂ ਖੁਰਮ ਪ੍ਰਵੇਜ਼ ਦਾ ਕਹਿਣਾ ਸੀ ਕਿ ਜਮਹੂਰੀਅਤ ਦਾ ਤਕਾਜ਼ਾ ਕੇਵਲ ਵੋਟਾਂ ਪਵਾਉਣੀਆਂ ਤਾਂ ਨਹੀਂ ਹੁੰਦਾ। ਇੱਥੇ ਕਸ਼ਮੀਰੀ ਚੋਣਾਂ ਦੌਰਾਨ ਬਾਈਕਾਟ ਦੀ ਮੁਹਿੰਮ ਚਲਾਉਂਦੇ ਨੇ ਤਾਂ ਫੌਜ ਨਜ਼ਰਬੰਦ ਕਰ ਦਿੰਦੀ ਹੈ, ਇਹ ਕਿਸ ਤਰ੍ਹਾਂ ਦੀ ਜਮਹੂਰੀਅਤ ਹੈ। ਉਸ ਨੇ ਕਿਹਾ ਕਿ ਅੱਜ ਤੱਕ ਇੱਕ ਵੀ ਪੁਲੀਸ ਜਾਂ ਫੌਜ ਵਾਲਾ ਪੱਥਰ ਨਾਲ ਨਹੀਂ ਮਰਿਆ। ਅਖ਼ਬਾਰ ਦੇ ਸੰਪਾਦਕ ਨੇ ਕਿਹਾ ਕਿ ਪੱਥਰ ਮਾਰਨਾ ਕਸ਼ਮੀਰੀਆਂ ਦਾ ਪ੍ਰਤੀਰੋਧ ਹੈ ਜ਼ੁਲਮ ਦੇ ਖ਼ਿਲਾਫ਼। KUSU ਦੇ ਲੀਡਰ ਦਾ ਕਹਿਣਾ ਸੀ ਕਿ ਕਸ਼ਮੀਰ ਵਿੱਚ ਜੱਥੇਬੰਦੀ ਬਣਾਉਣ 'ਤੇ ਪਾਬੰਦੀ ਹੈ। ਇੱਥੇ ਸਾਡੀ ਪੁਜੀਸ਼ਨ ਤੋਂ ਤੈਅ ਹੁੰਦਾ ਹੈ ਕਿ ਤੁਹਾਨੂੰ ਜਮਹੂਰੀਅਤ ਦਿੱਤੀ ਜਾਂਦੀ ਹੈ ਜਾਂ ਨਹੀਂ। ਜੇ ਤਾਂ ਤੁਸੀਂ ਭਾਰਤ ਦਾ ਹਿੱਸਾ ਬਣਨ ਦੀ ਸਮਝ ਰੱਖਦੇ ਹੋ ਜਿਵੇਂ NSUI, ਕਾਂਗਰਸ ਦਾ ਵਿਦਿਆਰਥੀ ਵਿੰਗ, P.D.P. ਦਾ ਵਿਦਿਆਰਥੀ ਵਿੰਗ ਆਦਿ ਫੇਰ ਤਾਂ ਆਜ਼ਾਦ ਹੋ ਕੁਝ ਵੀ ਕਰਨ ਲਈ। ਪਰ ਜੇਕਰ ਆਜ਼ਾਦੀ ਦੀ ਗੱਲ ਕਰਦੇ ਹੋ ਜਿਵੇਂ ਕਿ KUSU ਤਾਂ ਪਾਬੰਦੀ ਹੈ। ਯੂਨੀਵਰਸਿਟੀ ਵਿੱਚ ਚੋਣਾਂ 'ਤੇ ਪਾਬੰਦੀ ਹੈ। KUSU ਦਾ ਯੂਨੀਵਰਸਿਟੀ ਸਥਿਤ ਦਫ਼ਤਰ ਪ੍ਰਸਾਸ਼ਨ ਨੇ ਬੁਲਡੋਜ਼ਰ ਚਾੜ ਕੇ ਢਾਹ ਦਿੱਤਾ ਸੀ। ਸਰਕਾਰੀ ਡਿਗਰੀ ਕਾਲਜ ਪੁਲਵਾਮਾ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਇੱਥੇ ਫੇਸਬੁੱਕ, ਵਟਸਐਪ 'ਤੇ ਗਰੁੱਪ ਬਣਾ ਕੇ ਸੋਸ਼ਲ ਵਰਕ ਵੀ ਨਹੀਂ ਕਰਨ ਦਿੱਤਾ ਜਾਂਦਾ। ਪੁਲੀਸ ਉਦੋਂ ਹੀ ਟਰੇਸ ਕਰਕੇ ਚੁੱਕ ਲੈਂਦੀ ਹੈ। ਮੋਬਾਈਲ ਵਿੱਚ ਪ੍ਰਦਰਸ਼ਨਾਂ ਦੀਆਂ ਵੀਡੀਓਜ਼ ਵੀ ਰੱਖਣ ਦੀ ਮਨਾਹੀ ਹੈ। ਉਹਨਾਂ ਦਾ ਕਹਿਣਾ ਸੀ ਕਿ ਕਿਸ ਦਿਨ ਕੀ ਹੋ ਜਾਣਾ ਹੈ, ਕੁਝ ਨਹੀਂ ਪਤਾ ਲੱਗਦਾ। K”S” ਦੇ ਲੀਡਰ ਦਾ ਕਹਿਣਾ ਸੀ ਕਿ ਇੱਥੇ ਮੌਤ ਦਾ ਡਰ ਨਿਕਲ ਚੁੱਕਾ ਹੈ। ਅਸੀਂ ਆਪਣੇ ਸਾਹਮਣੇ ਖ਼ੂਨ-ਖਰਾਬਾ ਹੁੰਦਾ ਦੇਖਿਆ, ਰੋਜ਼ ਜਨਾਜ਼ੇ ਦੇਖੇ, ਆਪਣੇ ਰਿਸ਼ਤੇਦਾਰਾਂ, ਗੁਆਂਢੀਆਂ, ਬਜ਼ੁਰਗਾਂ ਨੂੰ ਕਤਲ ਹੁੰਦਿਆਂ ਦੇਖਿਆ, ਫੇਰ ਸਾਡੀ ਮਾਨਸਿਕਤਾ ਬਣੀ ਕਿ ਜ਼ੁਲਮ ਸਹਿ ਕੇ ਮਰਨ ਨਾਲੋਂ ਚੰਗਾ ਹੈ ਕਿ ਆਜ਼ਾਦੀ ਲਈ ਲੜ ਕੇ ਮਰੀਏ। ਅਸੀਂ ਪੁੱਛਿਆ ਕਿ ਕੀ ਸ਼ਾਂਤੀਪੂਰਨ ਤਰੀਕੇ ਨਾਲ ਜਿੱਤ ਨਹੀਂ ਸਕਦੇ। ਉਹਨਾਂ ਕਿਹਾ ਨਹੀਂ, ਇਸ ਤਰ੍ਹਾਂ ਆਜ਼ਾਦੀ ਨਹੀਂ ਮਿਲ ਸਕਦੀ। ਅਸੀਂ 40 ਸਾਲ ਸ਼ਾਂਤੀਪੂਰਨ ਰਹਿ ਕੇ ਹੀ ਚੱਲਦੇ ਰਹੇ ਪਰ ਸਫ਼ਲ ਨਹੀਂ ਹੋ ਸਕੇ। ਸਾਡੀ ਲੜਾਈ ਸੱਤਾ ਤਬਦੀਲੀ ਦੀ ਲੜਾਈ ਨਹੀਂ ਹੈ। ਅਸੀਂ ਸਿਰਫ ਭਾਰਤ ਤੋਂ ਆਜ਼ਾਦ ਹੋਣ ਦੀ ਹੀ ਲੜਾਈ ਲੜ ਰਹੇ ਹਾਂ। ਭਾਰਤ ਦੀ ਇਹ ਬਸਤੀਵਾਦੀ ਨੀਤੀ ਹੈ। ਜਿਵੇਂ ਤੁਸੀਂ ਸਵਾਲ ਕਰ ਰਹੇ ਹੋ, ਇਹ ਭਾਰਤ ਦਾ ਫਾਲਤੂ ਦਾ ਪ੍ਰਚਾਰ ਹੈ ਕਿ ਆਜ਼ਾਦੀ ਤੋਂ ਬਾਅਦ ਕੀ ਕਰੋਗੇ, ਕਿੱਥੇ ਜਾਓਗੇ, ਕੀ ਪ੍ਰਬੰਧ ਦੇਵੋਗੇ? ਜਦ ਅਸੀਂ ਪੁੱਛਿਆ ਕਿ ਪੱਥਰਬਾਜੀ ਨਾਲ ਜਿੱਤ ਜਾਵੋਗੇ, ਤਾਂ ਉਸ ਨੇ ਕਿਹਾ ਕਿ ਇਹ ਸਾਡਾ ਪ੍ਰਤੀਰੋਧ ਹੈ, ਹੌਲੀ-ਹੌਲੀ ਲੋਕਾਂ ਦੀ ਮਾਨਸਿਕਤਾ ਦਾ ਪੱਧਰ ਉੱਪਰ ਚਲਾ ਜਾਵੇਗਾ। ਲੋਕ ਮਾਨਸਿਕ ਤੌਰ 'ਤੇ ਹਰ ਚੁਣੌਤੀ ਨੂੰ ਟੱਕਰਣ ਲਈ ਤਿਆਰ ਹੋ ਜਾਣਗੇ। ਜਦ ਕਿਹਾ ਕਿ 22,00,000 ਫੌਜ ਤੋਂ ਜਿੱਤ ਜਾਵੋਗੇ ਤਾਂ ਕਈਆਂ ਦਾ ਕਹਿਣਾ ਸੀ ਕਿ ਭਾਵੇਂ ਇੱਕ ਕਰੋੜ ਹੋਣ, ਅਸੀਂ ਲੜਦੇ ਰਹਾਂਗੇ। ਬ੍ਰਿਟਿਸ਼ ਰਾਜ 'ਚ ਸੂਰਜ ਨਹੀਂ ਡੁੱਬਦਾ ਸੀ, ਅੱਜ ਉਹ ਕਿੱਥੇ ਹੈ, ਅਸੀਂ ਵੀ ਇਸੇ ਭਰੋਸੇ ਲੜ ਰਹੇ ਹਾਂ। ਅਖ਼ਬਾਰ ਦੇ ਸੰਪਾਦਕ ਦਾ ਕਹਿਣਾ ਸੀ ਕਿ 2008 'ਚ ਹੋਏ ਮੁਜ਼ਾਹਰੇ 'ਚ ਅਰੁੰਧਤੀ ਰਾਏ ਤੇ ਗੌਤਮ ਨਵਲੱਖਾ ਨੂੰ ਦੇਖ ਕੇ ਮੈਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ ਸੀ ਪਰ ਇਹ ਨਾਅਰੇ ਕਸ਼ਮੀਰੀਆਂ ਨੇ ਅਪਣਾਏ ਨਹੀਂ। ਰਾਏ ਤੇ ਨਵਲੱਖਾ ਦੀ ਬਦੌਲਤ ਇੱਥੇ ਆਰਥਿਕ, ਸਮਾਜਿਕ, ਸਿਆਸੀ ਪ੍ਰਬੰਧ ਬਾਰੇ ਵੀ ਸਮਝਣਾ ਸ਼ੁਰੂ ਕੀਤਾ ਹੈ ਮੇਰੇ ਵਰਗਿਆਂ ਨੇ ਪਰ ਇਹਨਾਂ ਦੀ ਗਿਣਤੀ ਬਹੁਤ ਥੋੜੀ ਹੈ। ਖੁਰਮ ਪ੍ਰਵੇਜ ਨੇ ਦੱਸਿਆ ਕਿ ਇੱਥੇ ਭਗਤ ਸਿੰਘ ਦੇ ਦਿਵਸ 'ਤੇ ਸੋਸ਼ਲ ਮੀਡੀਆ ਤੇ ਲੋਕ ਇੱਕ-ਦੂਜੇ ਨੂੰ ਵਿਸ਼ ਕਰਕੇ ਉਸ ਨੂੰ ਯਾਦ ਕਰਦੇ ਹਨ।
ਨਕਸਲ, ਮਾਓਵਾਦ ਪ੍ਰਤੀ ਸਮਝ
ਜੰਮੂ ਤੋਂ ਕਸ਼ਮੀਰ ਜਾਂਦਿਆਂ ਗੱਡੀ ਵਿੱਚ ਇੱਕ ਬਜ਼ੁਰਗ ਨਾਲ ਗੱਲਬਾਤ ਚੱਲੀ। ਉਸ ਨੇ ਕਿਹਾ ਕਿ ਸੰਘਰਸ਼ਸ਼ੀਲ ਕਸ਼ਮੀਰੀ ਭਾਰਤ ਲਈ ਅੱਤਵਾਦੀ ਹਨ ਪਰ ਭਾਰਤ ਦੇ ਜੰਗਲੀ ਇਲਾਕਿਆਂ 'ਚ ਲੜ ਰਹੇ ਨਕਸਲੀ/ਮਾਓਵਾਦੀ ਨੇ। ਸੁਕਮਾ 'ਚ ਨਕਸਲੀ ਹਮਲੇ 'ਚ 26 ਫੌਜੀ ਮਾਰੇ ਗਏ ਪਰ ਕੋਈ ਆਮ ਅਦਿਵਾਸੀ ਨਹੀਂ ਮਾਰਿਆ ਫੌਜ ਨੇ, ਫੇਰ ਕਸ਼ਮੀਰ ਵਿੱਚ ਆਮ ਕਸ਼ਮੀਰੀ ਕਿਸੇ ਵੀ ਝੜਪ ਦੌਰਾਨ ਕਿਉਂ ਮਾਰੇ ਜਾਂਦੇ ਨੇ? ਉਂਝ ਉਹਨਾਂ ਦਾ ਹਥਿਆਰਬੰਦ ਘੋਲ ਠੀਕ ਹੈ। KUSUਦੇ ਨੇਤਾ ਦਾ ਕਹਿਣਾ ਸੀ ਕਿ ਨਕਸਲੀ ਭਾਰਤ ਦੇ ਜ਼ੁਲਮ ਖ਼ਿਲਾਫ਼, ਕਾਰਪੋਰੇਟ ਤੋਂ ਆਪਣੀ ਜ਼ਮੀਨ ਦੀ ਰਾਖੀ, ਆਪਣੇ ਘਰ ਬਚਾਉਣ ਲਈ ਲੜ ਰਹੇ ਹਨ। ਭਾਰਤੀ ਸੁਰੱਖਿਆ ਬਲ ਉਹਨਾਂ ਦੀਆਂ ਔਰਤਾਂ ਨਾਲ ਬਲਾਤਕਾਰ ਕਰਦੇ ਹਨ। ਭਾਵੇਂ ਉਹ ਹਿੰਦੂ ਨੇ ਪਰ ਅਸੀਂ ਉਹਨਾਂ ਦੀ ਲਹਿਰ ਦੀ ਸਪੋਰਟ ਕਰਦੇ ਹਾਂ। ਪਰ ਜੇਕਰ ਅਸੀਂ ਨਕਸਲ ਦੀ ਖੁੱਲੇਆਮ ਸਪੋਰਟ ਕਰਾਂਗੇ ਤਾਂ ਸਾਡੇ 'ਤੇ ਇੱਕ ਹੋਰ ਟੈਗ ਲਗਾ ਦਿੱਤਾ ਜਾਵੇਗਾ। ਇਸ ਕਰਕੇ ਅਸੀਂ ਪਹਿਲਾਂ ਆਪਣੀ ਲੜਾਈ 'ਤੇ ਧਿਆਨ ਦਿੰਦੇ ਹਾਂ ਪਰ ਉਹਨਾਂ ਦੀ ਸਪੋਰਟ ਕਰਦੇ ਹਾਂ। ਸਮਾਨਤਾ ਵਾਲੇ ਮਾਮਲੇ 'ਚ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਅਸੀਂ ਅਤੇ ਉਥੇ ਉਹ ਲੋਕ ਕਤਲ, ਬਲਾਤਕਾਰ, ਗੋਲੀ ਦੇ ਖ਼ਿਲਾਫ਼ ਲੜ ਰਹੇ ਹਨ ਤੇ ਟੈਗ ਦੋਹਾਂ 'ਤੇ ਅੱਤਵਾਦੀਆਂ ਦਾ ਲਗਾਇਆ ਜਾਂਦਾ ਹੈ। ਅਸੀਂ ਪੁੱਛਿਆ ਕਿ ਜੇ ਉਹ ਵਧਦੇ ਨੇ ਤਾਂ ਕੀ ਠੀਕ ਸਮਝਦੇ ਹੋ। ਉਹਨਾਂ ਦਾ ਕਹਿਣਾ ਸੀ ਕਿ ਵੇਖੋ ਲੋਕ ਮਰ ਰਹੇ ਹਨ। ਜੇ ਇਹ ਵਧੇਗਾ ਤਾਂ ਲੋਕ ਹੋਰ ਮਰਨਗੇ, ਇਹ ਤਾਂ ਚੰਗਾ ਨਹੀਂ ਹੋਵੇਗਾ। ਭਾਰਤ ਵਿੱਚ ਦਲਿਤਾਂ ਨਾਲ ਜੋ ਧੱਕਾ ਹੋ ਰਿਹਾ ਹੈ, ਉਹ ਗਲਤ ਹੈ। ਅਸੀਂ ਪੱਥਰਬਾਜੀ ਨਾਲ ਆਪਣੀ ਕੌਮ ਨੂੰ ਜਗਾਉਣਾ ਚਾਹੁੰਦੇ ਹਾਂ। KUSU ਦੇ ਲੀਡਰ ਦਾ ਕਹਿਣਾ ਸੀ ਕਿ ਤੁਸੀਂ ਸਾਡੇ 'ਤੇ ਸ਼ਰਤਾਂ ਲਗਾ ਕੇ ਮੱਦਦ ਦੇਣ ਜਾਂ ਨਾ ਦੇਣਾ ਨਿਸ਼ਚਿਤ ਨਹੀਂ ਕਰ ਸਕਦੇ।
ਫੌਜ ਦਾ ਰਵੱਈਆ
ਫੌਜ ਨੌਜਵਾਨਾਂ ਨੂੰ ਰਸਤੇ 'ਚ ਰੋਕ ਕੇ ਤੰਗ ਪ੍ਰੇਸ਼ਾਨ ਕਰਦੀ ਹੈ। ਫੌਜ ਦੇ ਸਤਾਏ ਕਸ਼ਮੀਰੀ ਇਸ ਨੂੰ ਮੂੰਹ ਲਾ ਕੇ ਰਾਜੀ ਨਹੀਂ। ਉਹ ਫੌਜ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰਦੇ। ਫੌਜ ਦੁਆਰਾ ਸਤਾਏ ਜਾਣ 'ਤੇ ਕਸ਼ਮੀਰੀ ਲਿਖਦੇ ਹਨ ਕਿ Indian Dog Go Back. ਫੇਰ ਲੋਕ ਪੱਥਰ ਮਾਰਦੇ ਨੇ। ਇਸੇ ਚਿੜ ਵਿੱਚੋਂ ਫੇਰ ਲੋਕ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਉਂਦੇ ਨੇ।
ਕਸ਼ਮੀਰ ਦੀ ਆਰਥਿਕਤਾ
ਇਸ ਦੀ ਆਰਥਿਕਤਾ ਦੇ ਤਿੰਨ ਸੋਮੇ ਹਨ। Horticulture (ਫੁੱਲਾਂ ਦੀ ਖੇਤੀ), Tourism (ਸੈਰ-ਸਪਾਟਾ), Water Resources (ਪਣ-ਸੋਮੇ) ਤੋਂ ਪੈਦਾ ਕੀਤੀ ਬਿਜਲੀ। ਭਾਰਤ ਦੀ N8P3 (National Hydroelectric Power Corporation) ਕਸ਼ਮੀਰ 'ਚ ਬਿਜਲੀ ਦੀ ਲੁੱਟ ਕਰਦੀ ਹੈ, ਜਿਸ ਕਰਕੇ ਬਿਜਲੀ ਲੋਕਾਂ ਨੂੰ ਮਹਿੰਗੀ ਪੈਂਦੀ ਹੈ। ਜਦ ਅਸੀਂ ਕਿਹਾ ਕਿ ਭਾਰਤ ਕਹਿ ਰਿਹਾ ਹੈ ਕਿ ਉਹ ਕਸ਼ਮੀਰ ਦਾ ਪੇਟ ਭਰਦਾ ਹੈ ਤਾਂ ਉਹਨਾਂ ਨੇ ਹੱਸ ਕੇ ਕਿਹਾ ਕਿ ਭਾਰਤ ਖ਼ੁਦ ਤਾਂ ਭੁੱਖਾ ਮਰਦਾ ਹੈ, ਅਸੀਂ ਕਸ਼ਮੀਰੀ ਅੱਧੇ ਭਾਰਤ ਨੂੰ ਰਜ਼ਾ ਸਕਦੇ ਹਾਂ। KUSU ਦੇ ਲੀਡਰ ਦਾ ਕਹਿਣਾ ਸੀ ਕਿ ਅਸੀਂ ਆਜ਼ਾਦ ਹੋਣ ਤੋਂ ਬਾਅਦ ਭਾਰਤ 'ਤੇ ਮੁਕੱਦਮਾ ਠੋਕਾਂਗੇ, ਜਿੰਨੀ ਲੁੱਟ ਭਾਰਤ ਨੇ ਕੀਤੀ, ਉਸਦੀ ਪੂਰੀ ਵਸੂਲੀ ਕੀਤੀ ਜਾਵੇਗੀ। ਉਹਨਾਂ ਦਾ ਮੰਨਣਾ ਹੈ ਕਿ ਸਾਡੇ ਉੱਪਰ ਠੋਸੀਆਂ ਬੰਦਿਸ਼ਾਂ ਦੇ ਕਾਰਨ ਅਸੀਂ ਕਿਸੇ ਗਵਾਂਢੀ ਮੁਲਕ ਨਾਲ ਖੁੱਲ ਕੇ ਵਪਾਰ ਨਹੀਂ ਕਰ ਪਾਉਂਦੇ। ਗਿਲਗਿਤ ਰਾਹੀਂ ਪਾਕਿਸਤਾਨ ਤੇ ਚੀਨ ਦਾ ਕਾਰੀਡੌਰ ਬਣ ਰਿਹਾ ਹੈ, ਆਜ਼ਾਦ ਕਸ਼ਮੀਰ ਖੁੱਲ ਕੇ ਵਪਾਰ ਕਰਦਾ ਹੈ। ਪਰ ਅਸੀਂ ਬੰਦਿਸ਼ਾਂ ਕਾਰਨ ਭੁੱਖੇ ਮਰ ਰਹੇ ਹਾਂ। ਭਾਰਤੀ ਧੱਕੇ ਖ਼ਿਲਾਫ਼ ਇੱਥੇ ਹਿੰਸਾ ਹੁੰਦੀ ਹੈ ਜਿਸ ਕਰਕੇ ਟੂਰਿਜ਼ਮ ਨੂੰ ਨੁਕਸਾਨ ਹੁੰਦਾ ਹੈ। KUSU ਦੇ ਲੀਡਰਾਂ ਦਾ ਮੰਨਣਾ ਹੈ ਕਿ ਕਸ਼ਮੀਰ ਵਿੱਚ ਭੁੱਖਮਰੀ ਜਿਆਦਾ ਨਹੀਂ ਹੈ, ਲੋਕ ਫੁੱਟਪਾਥ 'ਤੇ ਨਹੀਂ ਸੌਂਦੇ, ਦੇਰ ਰਾਤ ਤੱਕ ਕੰਮ ਨਹੀਂ ਕਰਨਾ ਪੈਂਦਾ।
ਭਾਜਪਾ ਤੇ ਕਾਂਗਰਸ ਵਿੱਚ ਫ਼ਰਕ
ਲੋਕ ਇਹ ਤਾਂ ਮੰਨਦੇ ਨੇ ਕਿ ਕਸ਼ਮੀਰ ਦੇ ਹਾਲਤ ਜਿਆਦਾ ਤਾਂ ਭਾਜਪਾ ਦੇ ਆਉਣ ਨਾਲ ਵਿਗੜੇ ਪਰ ਉਹ ਭਾਜਪਾ, ਕਾਂਗਰਸ ਵਿੱਚ ਕੋਈ ਫ਼ਰਕ ਨਹੀਂ ਦੇਖਦੇ।
ਪ੍ਰਬੰਧ ਕਿਸ ਤਰ੍ਹਾਂ ਦੇਵੋਗੇ

ਲੋਕਾਂ ਨੂੰ ਲੱਗਦਾ ਹੈ ਕਿ ਇਸਲਾਮਿਕ ਰਾਜ ਬਣਾ ਕੇ ਵਧੀਆ ਪ੍ਰਬੰਧ ਦਿੱਤਾ ਜਾ ਸਕਦਾ ਹੈ। ਬਾਕੀ ਉਹਨਾਂ ਨੂੰ ਲੱਗਦਾ ਹੈ ਕਿ ਇਹ ਬਾਅਦ ਦੀਆਂ ਗੱਲਾਂ ਹਨ। ਹੁਣ ਇਹ ਸਵਾਲ ਉਠਾਉਣੇ ਭਾਰਤੀ ਸਟੇਟ ਦੀ ਚਾਲ ਹੈ, ਸਾਡੀ ਲਹਿਰ ਨੂੰ ਢਾਹ ਲਾਉਣ ਲਈ।
ਅੰਤ ਵਿੱਚ ਸਾਨੂੰ JKCCS ਤੇ ਰਾਈਜਿੰਗ ਕਸ਼ਮੀਰ ਅਖ਼ਬਾਰ ਦੇ ਸੰਪਾਦਕ ਦਾ ਕਹਿਣਾ ਸੀ ਕਿ ਤੁਸੀਂ ਦੁਬਾਰਾ ਫਿਰ ਆਓ। ਆਪਣੇ 5-7 ਸਾਥੀਆਂ ਨੂੰ ਨਾਲ ਲੈ ਕੇ। ਸਾਨੂੰ ਪੰਜਾਬ ਆਉਣ ਦਾ ਮੌਕਾ ਦਿਓ। ਤੁਸੀਂ ਕੁਝ ਵੀ ਰਿਪੋਰਟ ਵਗੈਰਾ ਤਿਆਰ ਕਰੋ, ਸਾਨੂੰ ਜ਼ਰੂਰ ਭੇਜਣਾ। ਜੇਕਰ ਤੁਸੀਂ ਰਿਪੋਰਟ ਕਸ਼ਮੀਰ ਆ ਕੇ ਜਾਰੀ ਕਰਨਾ ਚਾਹੋ ਤਾਂ ਖੁਰਮ ਪ੍ਰਵੇਜ਼ ਦਾ ਕਹਿਣਾ ਸੀ ਕਿ ਅਸੀਂ ਪ੍ਰੋਗਰਾਮ ਰੱਖ ਕੇ ਜਾਰੀ ਕਰਵਾਵਾਂਗੇ।
ਕੁਝ ਸੁਝਾਅ ਜੋ ਅਸੀਂ ਦਿੱਤੇ ਤੇ ਉਹਨਾਂ ਨੇ ਮੰਨੇ —
1. ਵਿਦਿਆਰਥੀ ਲੀਡਰਾਂ ਨੂੰ ਅਸੀਂ ਰੋਸ ਪ੍ਰਦਰਸ਼ਨਾਂ ਤੇ ਸਾਂਝੀ ਸਰਗਰਮੀ ਕਰਨ ਬਾਰੇ ਆਖਿਆ ਤਾਂ ਉਹਨਾਂ ਨੇ ਹਾਮੀ ਭਰੀ।
2. ਸੰਘਰਸ਼ ਦੀ Update ਬਾਰੇ ਦੱਸਣ ਲਈ ਕਿਹਾ।
3. KUSU ਦੇ ਇੱਕ ਲੀਡਰ ਨੂੰ ਸਟਾਲਿਨ ਦਾ ਕੌਮੀਅਤਾਂ ਬਾਰੇ ਲਿਖਿਆ ਪੜਨ ਲਈ ਕਿਹਾ।
ਉਹਨਾਂ ਦੇ ਕੁਝ ਸੁਝਾਅ
1. ਉਹਨਾਂ ਦਾ ਕਹਿਣਾ ਸੀ ਕਿ ਅਸੀਂ ਉਹਨਾਂ ਦੀ ਹਾਲਤ ਨੂੰ ਰਿਪੋਰਟਾਂ ਦੇ ਨਾਲ-ਨਾਲ ਡਾਕੂਮੈਂਟਰੀ ਫ਼ਿਲਮਾਂ ਜਰੀਏ ਦਿਖਾਈਏ।
2. ਰਾਈਜਿੰਗ ਕਸ਼ਮੀਰ ਦੇ ਸੰਪਾਦਕ ਦਾ ਆਖਣਾ ਸੀ ਕਿ ਭਗਤ ਸਿੰਘ ਤੇ ਚੀ-ਗੁਵੇਰਾ ਨੂੰ ਬਹੁ-ਕੌਮੀ ਕੰਪਨੀਆਂ ਤੇ ਸੰਘੀਆਂ ਨੇ ਆਪਣਾ ਬਰਾਂਡ ਬਣਾਇਆ ਹੈ, ਇਸ ਨੂੰ ਬਚਾਉਣ ਦੀ ਲੋੜ ਹੈ।
ਸਾਡੇ ਇਸ ਦੌਰੇ 'ਤੇ ਉਹ ਸਾਰੇ ਲੋਕ ਬਹੁਤ ਖੁਸ਼ ਹੋਏ। ਇਸ ਨੂੰ ਉਹਨਾਂ ਨੇ ਵਧੀਆ ਕਦਮ ਕਿਹਾ। ਕਈਆਂ ਨੂੰ ਤਾਂ ਇਹ ਵੀ ਲੱਗਦਾ ਕਿ ਅਸੀਂ ਚੱਲ ਕੇ ਗਏ, ਕੋਈ ਤਾਂ ਹੈ ਜੋ ਉਹਨਾਂ ਦੀ ਗੱਲ ਕਰਦਾ ਹੈ। ਅਸੀਂ ਵੀ ਦੱਸਿਆ ਕਿ ਭਾਰਤ 'ਚ ਬਹੁਤ ਲੋਕ ਨੇ ਜੋ ਕਸ਼ਮੀਰੀਆਂ ਦੀ ਸਪੋਰਟ ਕਰਦੇ ਹਨ। ਉਹਨਾਂ ਨੇ ਸਾਨੂੰ ਕੁੱਝ ਕਿਤਾਬਾਂ ਲਿਖ ਕੇ ਦਿੱਤੀਆਂ, ਕੁਝ ਰਿਪੋਰਟਾਂ ਸਾਨੂੰ ਦਿੱਤੀਆਂ।

No comments:

Post a Comment