Sunday, 29 October 2017

ਕਸ਼ਮੀਰ ਵਿੱਚ ਔਰਤਾਂ ਦੀਆਂ ਗੁੱਤਾਂ ਕੱਟਣ ਦਾ ਮਾਮਲਾ

ਕਸ਼ਮੀਰ ਵਿੱਚ ਔਰਤਾਂ ਦੀਆਂ ਗੁੱਤਾਂ ਕੱਟਣ ਦਾ ਮਾਮਲਾ
ਹਕੂਮਤੀ ਖੁਫੀਆ ਏਜੰਸੀਆਂ ਦੀ ਕਾਰਵਾਈ
-ਸਾਗਰ
ਪਿਛਲੇ ਦਿਨੀਂ ਕਸ਼ਮੀਰ ਘਾਟੀ ਵਿੱਚ ਔਰਤਾਂ ਦੇ ਜਬਰੀ ਵਾਲ ਕੱਟਣ ਦੀਆਂ ਘਟਨਾਵਾਂ ਦਾ ਵਰਤਾਰਾ ਸਾਹਮਣੇ ਆਇਆ ਹੈ। ਸਭਨਾਂ ਘਟਨਾਵਾਂ ਦੇ ਵਾਪਰਨ ਦਾ ਸਿਲਸਿਲਾ ਤਕਰੀਬਨ ਇੱਕੋ ਜਿਹਾ ਹੈ। ਕੋਈ ਨਕਾਬਪੋਸ਼ ਵਿਅਕਤੀ ਮੌਕਾ ਤਾੜ ਕੇ ਘਰ ਵਿੱਚ ਵੜਦਾ ਹੈ ਅਤੇ ਇਕੱਲੀ ਔਰਤ ਦੇਖ ਕੇ ਉਸਦੇ ਮੂੰਹ 'ਤੇ ਕੋਈ ਤਰਲ ਪਦਾਰਥ ਦਾ ਛਿੜਕਾਅ ਕਰਦਾ ਹੈ, ਜਿਸ ਨਾਲ ਔਰਤ ਬੇਹੋਸ਼ ਹੋ ਜਾਂਦੀ ਹੈ ਅਤੇ ਫਿਰ ਉਸ ਔਰਤ ਦੇ ਵਾਲ ਕੱਟ ਦਿੱਤੇ ਜਾਂਦੇ ਹਨ। ਇਹ ਘਟਨਾਵਾਂ ਸ੍ਰੀਨਗਰ, ਪਹਿਲਗਾਮ, ਅਨੰਤਨਾਗ ਅਤੇ ਬੜਗਾਮ ਵਰਗੇ ਉਹਨਾਂ ਸ਼ਹਿਰਾਂ ਤੋਂ ਲੈ ਕੇ ਅਜਿਹੇ ਪੇਂਡੂ ਇਲਾਕਿਆਂ ਵਿੱਚ ਵਾਪਰੀਆਂ ਹਨ, ਜਿੱਥੇ ਜੰਮੂ-ਕਸ਼ਮੀਰ ਵਿੱਚ ਕਾਬਜ਼ ਭਾਰਤੀ ਫੌਜਾਂ ਦੇ ਭਾਰੀ ਲਸ਼ਕਰ ਤਾਇਨਾਤ ਹਨ, ਜਿੱਥੇ ਚੱਪੇ ਚੱਪੇ 'ਤੇ ਫੌਜੀ ਧਾੜਾਂ ਆਪਣੀ ਆਜ਼ਾਦੀ ਲਈ ਜੂਝਦੇ ਕਸ਼ਮੀਰੀ ਖਾੜਕੂਆਂ ਦੀਆਂ ਪੈਂੜਾਂ ਸੁੰਘਦੀਆਂ ਹਰਲ ਹਰਲ ਕਰਦੀਆਂ ਫਿਰਦੀਆਂ ਹਨ। ਜੇ ਕਿਤੇ ਕਿਸੇ ਕਸ਼ਮੀਰੀ ਖਾੜਕੂ ਦੀ ਮੌਜੂਦਗੀ ਦੀ ਭਿਣਕ ਇਹਨਾਂ ਫੌਜੀ ਧਾੜਾਂ ਦੇ ਕੰਨੀ ਪੈਂਦੀ ਹੈ, ਤਾਂ ਝੱਟ ਹਜ਼ਾਰਾਂ ਦੀ ਗਿਣਤੀ ਵਿੱਚ ਹਥਿਆਰਬੰਦ ਫੌਜੀ, ਅਰਧ-ਫੌਜੀ ਅਤੇ ਪੁਲਸੀ ਧਾੜਾਂ ਵੱਲੋਂ ਇਲਾਕੇ ਨੂੰ ਘੇਰ ਲਿਆ ਜਾਂਦਾ ਹੈ। ਘਰਾਂ ਦੀਆਂ ਤਲਾਸ਼ੀਆਂ ਲਈਆਂ ਜਾਂਦੀਆਂ ਹਨ, ਲੋਕਾਂ 'ਤੇ ਕੁਟਾਪਾ ਚਾੜ੍ਹਿਆ ਜਾਂਦਾ ਹੈ। ਇਸ ਨਿਹੱਕੇ ਜਬਰ-ਜ਼ੁਲਮ ਖਿਲਾਫ ਰੋਸ ਜ਼ਾਹਰ ਕਰਦੇ ਨਿਹੱਥੇ ਕਸ਼ਮੀਰੀ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ 'ਤੇ ਲਾਠੀਚਾਰਜ ਕੀਤਾ ਜਾਂਦਾ ਹੈ। ਪੈਲੇਟ ਗੋਲੀਆਂ ਦੀ ਬੁਛਾੜ ਨਾਲ ਉਹਨਾਂ ਨੂੰ ਵਿੰਨਿਆ ਜਾਂਦਾ ਹੈ। ਕਈਆਂ ਨੂੰ ਅੱਖਾਂ ਵਿੱਚ ਪੈਲੇਟ ਗੋਲੀਆਂ ਮਾਰ ਕੇ ਅੰਨ੍ਹਾ ਤੱਕ ਕਰ ਦਿੱਤਾ ਜਾਂਦਾ ਹੈ। ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਉਂ, ਕਸ਼ਮੀਰੀ ਲੋਕਾਂ 'ਤੇ ਢਾਹੇ ਜਾ ਰਹੇ ਇਸ ਨਾਦਰਸ਼ਾਹੀ ਕਹਿਰ 'ਤੇ ਅਖੌਤੀ ਦੇਸ਼ਭਗਤ  ਕਾਰਨਾਮਿਆਂ ਦਾ ਠੱਪਾ ਲਾ ਕੇ ਪ੍ਰਚਾਰ ਰਾਹੀਂ  ਮੁਲਕ ਭਰ ਦੇ ਲੋਕਾਂ ਸਾਹਮਣੇ ਪਰੋਸਿਆ ਜਾਂਦਾ ਹੈ। ਕਸ਼ਮੀਰੀ ਖਾੜਕੂਆਂ ਅਤੇ ਸੰਘਰਸ਼ਸ਼ੀਲ ਕਸ਼ਮੀਰੀ ਜਨਤਾ 'ਤੇ ਭੁੱਖੇ ਬਘਿਆੜਾਂ ਵਾਂਗ ਝਪਟ ਰਹੀਆਂ ਭਾਰਤੀ ਹਥਿਆਰਬੰਦ ਬਲਾਂ ਦੀਆਂ ਇਹਨਾਂ ਧਾੜਾਂ ਕੋਲੋਂ ਔਰਤਾਂ ਦੇ ਜਬਰੀ ਵਾਲ ਕੱਟਣ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਨਕਾਬਪੋਸ਼ ਦੋਸ਼ੀ ਕਿਵੇਂ ਬਚ ਨਿਕਲਦੇ ਹਨ? ਕੀ ਕਾਰਨ ਹੈ- ਅੱਜ ਤੱਕ ਹਰ ਮੋੜ, ਹਰ ਗਲੀ, ਹਰ ਸੜਕ, ਗੱਲ ਕੀ ਕਸ਼ਮੀਰ ਦੇ ਚੱਪੇ ਚੱਪੇ 'ਤੇ ਬਾਜ਼ ਨਜ਼ਰ ਰੱਖਣ ਵਾਲੀਆਂ ਇਹਨਾਂ ਹਥਿਆਰਬੰਦ ਧਾੜਾਂ ਵੱਲੋਂ ਇੱਕ ਵੀ ਅਸਲੀ ਦੋਸ਼ੀ ਨੂੰ ਫੜਿਆ ਕਿਉਂ ਨਹੀਂ ਗਿਆ?
ਕਸ਼ਮੀਰ ਦੀ ਖੁਦਮੁਖਤਿਆਰੀ ਅਤੇ ਆਜ਼ਾਦੀ ਲਈ ਜੂਝ ਰਹੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਫੜਨ ਵਿੱਚ ਨਾਕਾਮੀ ਸਬੱਬੀਂ ਨਹੀਂ ਹੈ, ਇਹ ਸੋਚੀ-ਸਮਝੀ ਹੈ ਅਤੇ ਸਾਜਸ਼ੀ ਹੈ। ਇਸ ਸੋਚੀ-ਸਮਝੀ ਨਾਕਾਮੀ ਵਿੱਚੋਂ ਮੋਦੀ ਦੀ ਫਿਰਕੂ ਫਾਸ਼ੀ ਹਕੂਮਤ ਦੇ ਸਾਜਸ਼ੀ ਮਨਸੂਬਿਆਂ ਦੀ ਬੋਅ ਮਾਰਦੀ ਹੈ। ਇਹਨਾਂ ਘਟਨਾਵਾਂ ਨੂੰ ਕਸ਼ਮੀਰ ਘਾਟੀ ਵਿੱਚ ਝੋਕੀਆਂ ਰਾਜ ਦੀਆਂ ਖੁਫੀਆ ਏਜੰਸੀਆਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਇਹਨਾਂ ਘਟਨਾਵਾਂ ਵਿੱਚੋਂ ਜਾਪਦਾ ਹੈ ਕਿ ਇਹਨਾਂ ਨੂੰ ਅੰਜ਼ਾਮ ਦੇਣ ਲਈ ਭੇਜੇ ਜਾਂਦੇ ਵਿਅਕਤੀ ਕੋਈ ਸਾਧਾਰਨ ਵਿਅਕਤੀ ਨਹੀਂ, ਸਗੋਂ ਬਾਕਾਇਦਾ ਸਿਖਲਾਈ ਯਾਫਤਾ ਬੰਦੇ ਹਨ। ਇਹ ਵਿਅਕਤੀ ਬੜੀ ਚੁਸਤੀ-ਫੁਰਤੀ ਨਾਲ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ ਅਤੇ ਬਹੁਤ ਹੀ ਤੇਜ਼ੀ ਨਾਲ ਲੋਕਾਂ ਦੀਆਂ ਨਜ਼ਰਾਂ ਵਿੱਚ ਆਉਣ ਤੋਂ ਪਹਿਲਾਂ ਜਾਂ ਫੜੇ ਜਾਣ ਤੋਂ ਬਚ ਨਿਕਲਦੇ ਹਨ। ਇਹਨਾਂ ਘਟਨਾਵਾਂ ਨੂੰ ਹਕੂਮਤੀ ਹਥਿਆਰਬੰਦ ਬਲਾਂ ਦੀ ਮਿਲੀਭੁਗਤ ਨਾਲ ਅਤੇ ਉਹਨਾਂ ਦੀ ਨਕਲੋ-ਹਰਕਤ ਨਾਲ ਤਾਲਮੇਲ ਬਿਠਾ ਕੇ ਅੰਜ਼ਾਮ ਦਿੱਤਾ ਜਾਂਦਾ ਹੈ। ਜਿਸ ਇਲਾਕੇ ਵਿੱਚ ਇਹ ਘਟਨਾ ਵਾਪਰਦੀ ਹੈ, ਉੱਥੇ ਉਸ ਵਕਤ ਹਥਿਆਰਬੰਦ ਬਲਾਂ ਨੂੰ ਪਾਸੇ ਖਿਸਕਾ ਦਿੱਤਾ ਜਾਂਦਾ ਹੈ। ਕਸ਼ਮੀਰੀ ਆਗੁਆਂ ਵੱਲੋਂ ਖੁਫੀਆ ਏਜੰਸੀਆਂ ਵੱਲ ਉਠਾਈ ਜਾ ਰਹੀ ਉਂਗਲ ਨਿਰ-ਆਧਾਰ ਨਹੀਂ ਹੈ।
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਭਾਰਤੀ ਖੁਫੀਆ ਏਜੰਸੀਆਂ, ਹਥਿਆਰਬੰਦ ਬਲਾਂ ਅਤੇ ''ਕਾਲੀਆਂ ਬਿੱਲੀਆਂ'' ਬਣੇ ਕੁੱਝ ਸਾਬਕਾ ਖਾੜਕੂਆਂ ਵੱਲੋਂ ਲੋਕਾਂ ਖਿਲਾਫ ਘਿਨਾਉਣੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪਿਛਲੇ ਸਮੇਂ 2015-16 ਦੀ ਹੀ ਗੱਲ ਹੈ, ਜਦੋਂ ਕਸ਼ਮੀਰ ਘਾਟੀ ਵਿੱਚ ਸਕੂਲੀ ਇਮਾਰਤਾਂ ਨੂੰ ਅੱਗਾਂ ਲਾਉਣ ਦਾ ਸਿਲਸਿਲਾ ਸਾਹਮਣੇ ਆਇਆ ਸੀ। ਆਏ ਦਿਨ ਸਕੂਲੀ ਇਮਾਰਤਾਂ ਨੂੰ ਅਗਨਭੇਟ ਕਰਨ ਦੀਆਂ ਖਬਰਾਂ ਨੂੰ ਭਾਰਤੀ ਹਕੂਮਤ ਦੇ ਇਸ਼ਾਰੇ 'ਤੇ ਨੱਚਦੇ ਪ੍ਰਚਾਰ ਮਾਧਿਅਮਾਂ ਵੱਲੋਂ ਖੂਬ ਮਸਾਲੇ ਲਾ ਕੇ ਲੋਕਾਂ ਨੂੰ ਵਰਤਾਇਆ ਜਾਂਦਾ ਸੀ ਅਤੇ ਇਹਨਾਂ ਵਾਰਦਾਤਾਂ ਦਾ ਭਾਂਡਾ ਕਸ਼ਮੀਰੀ ਖਾੜਕੂਆਂ ਸਿਰ ਭੰਨਿਆ ਜਾਂਦਾ ਸੀ। ਉਸ ਵਕਤ ਵੀ ਰਾਤਾਂ ਦੇ ਘੁੱਪ ਹਨੇਰਿਆਂ ਵਿੱਚ ਖਾੜਕੂਆਂ ਨੂੰ ਦਬੋਚਣ ਅਤੇ ਉਹਨਾਂ ਦਾ ਸਫਾਇਆ ਕਰਨ ਦੇ ਦਾਅਵੇ ਕਰ ਰਹੀਆਂ ਇਹਨਾਂ ਹਥਿਆਰਬੰਦ ਧਾੜਾਂ ਵੱਲੋਂ ਕਿਸੇ ਵੀ ਵਿਅਕਤੀ ਨੂੰ ਨਾ ਅੱਗ ਲਾਉਂਦਿਆਂ ਫੜਿਆ ਗਿਆ ਸੀ ਅਤੇ ਨਾ ਹੀ ਬਾਅਦ ਵਿੱਚ ਫੜ ਕੇ ਸਾਹਮਣੇ ਲਿਆਂਦਾ ਗਿਆ ਸੀ। ਐਨ ਉਸ ਮੌਕੇ ਜਦੋਂ ਇੱਕ ਪਾਸੇ ਸਕੂਲਾਂ ਨੂੰ ਅੱਗ ਦੀ ਭੇਟ ਕਰਨ ਦੀਆਂ ਵਾਰਦਾਤਾਂ ਵਰਤਾਈਆਂ ਜਾ ਰਹੀਆਂ ਸਨ ਤਾਂ ਕਸ਼ਮੀਰ ਦੀ ਧਰਤੀ ਨੂੰ ਲਹੂ-ਲੁਹਾਣ ਕਰ ਰਹੀ ਭਾਰਤੀ ਫੌਜ ਵੱਲੋਂ ਕਸ਼ਮੀਰੀ ਬੱਚਿਆਂ ਨੂੰ ਪੜ੍ਹਾਉਣ ਦਾ ਨਾਟਕ ਰਚਦਿਆਂ, ਆਪਣੇ ਆਪ ਨੂੰ ਵਿਦਿਆ ਦਾਨੀਆਂ ਵਜੋਂ ਪੇਸ਼ ਕਰਨ ਦਾ ਦੰਭ ਕੀਤਾ ਜਾ ਰਿਹਾ ਸੀ ਅਤੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਹ ਢਕੌਂਜੀ ਬਿਆਨਬਾਜ਼ੀ ਕੀਤੀ ਜਾ ਰਹੀ ਸੀ ਕਿ ਇਹ ''ਵੱਖਵਾਦੀ'' ਅਤੇ ''ਅੱਤਵਾਦੀ'' ਸਕੂਲਾਂ ਨੂੰ ਅੱਗਾਂ ਲਾ ਕੇ ਕਸ਼ਮੀਰੀ ਬੱਚਿਆਂ ਦੇ ਹੱਥ ਕਿਤਾਬਾਂ ਦੀ ਬਜਾਇ ਬੰਦੂਕਾਂ ਫੜਾਉਣਾ ਚਾਹੁੰਦੇ ਹਨ, ਜਦੋਂ ਕਿ ਭਾਰਤੀ ਹਕੂਮਤ ਇਹਨਾਂ ਬੱਚਿਆਂ ਹੱਥ ਕਿਤਾਬਾਂ ਫੜਾ ਕੇ ਇਹਨਾਂ ਦੇ ਭਵਿੱਖ ਨੂੰ ਰੌਸ਼ਨ ਕਰਨਾ ਚਾਹੁੰਦੀ ਹੈ। ਉਸ ਵਕਤ ਵੀ ਕਸ਼ਮੀਰੀ ਕੌਮ ਦੀ ਹੱਕੀ ਲੜਾਈ ਦੇ ਪੱਖ ਵਿੱਚ ਖੜ੍ਹਦੀਆਂ ਹੁਰੀਅਤ, ਜੇ.ਕੇ.ਐਲ.ਐਫ. ਅਤੇ ਖਾੜਕੂ ਜਥੇਬੰਦੀਆਂ ਵੱਲੋਂ ਸਕੂਲਾਂ ਨੂੰ ਸਾੜਨ ਫੂਕਣ ਦੀਆਂ ਵਾਰਦਾਤਾਂ ਦੇ ਵਰਤਾਰੇ ਨੂੰ ਅੰਜਾਮ ਦੇਣ ਦਾ ਭਾਂਡਾ ਭਾਰਤੀ ਹਕੂਮਤ ਸਿਰ ਭੰਨਦਿਆਂ, ਕਿਹਾ ਗਿਆ ਸੀ ਕਿ ਇਹ ਵਾਰਦਾਤਾਂ ਕਸ਼ਮੀਰੀ ਖਾੜਕੂਆਂ ਅਤੇ ਕੌਮੀ ਆਜ਼ਾਦੀ ਦੀ ਲਹਿਰ ਨੂੰ ਬਦਨਾਮ ਕਰਨ ਅਤੇ ਲੋਕਾਂ ਵਿੱਚੋਂ ਨਿਖੇੜਨ ਲਈ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਕੀਤੀਆਂ ਜਾ ਰਹੀਆਂ ਹਨ। ਇਹਨਾਂ ਘਟਨਾਵਾਂ ਖਿਲਾਫ ਹੁਰੀਅਤ ਕਾਨਫਰੰਸ, ਜੇ.ਕੇ.ਐਲ.ਐਫ. ਅਤੇ ਖਾੜਕੂਆਂ ਦੀ ਅਗਵਾਈ ਵਿੱਚ ਰੋਹ ਭਰੇ ਹੜਤਾਲਾਂ ਅਤੇ ਮੁਜਾਹਰੇ ਹੋਏ ਸਨ। ਪਰ ਭਾਰਤੀ ਪ੍ਰਚਾਰ ਮਾਧਿਅਮਾਂ ਵੱਲੋਂ ਕਸ਼ਮੀਰੀ ਆਗੂਆਂ ਦੇ ਬਿਆਨਾਂ ਅਤੇ ਲੋਕਾਂ ਦੇ ਪ੍ਰਤੀਕਰਮ ਨੂੰ ਭਾਰਤ ਦੇ ਲੋਕਾਂ ਸਾਹਮਣੇ ਲਿਆਉਣ ਤੋਂ ਸੋਚ-ਸਮਝ ਕੇ ਟਾਲਾ ਵੱਟਿਆ ਗਿਆ ਸੀ।
ਇਸੇ ਤਰ੍ਹਾਂ ਅਟੱਲ ਬਿਹਾਰੀ ਵਾਜਪਾਈ ਹਕੂਮਤ ਮੌਕੇ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਗ੍ਰਹਿ ਮੰਤਰੀ ਸੀ, ਉਸ ਵਕਤ ਚਿੱਟੀ ਸਿੰਘਪੁਰਾ ਵਿੱਚ 35 ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨ ਅਤੇ ਫਿਰ 6 ਪੰਜਾਬੀ ਟਰੱਕ ਡਰਾਇਵਰਾਂ ਨੂੰ ਮਾਰ ਮੁਕਾਉਣ ਦੀਆਂ ਵਾਰਦਾਤਾਂ ਵਰਤਾਈਆਂ ਗਈਆਂ ਸਨ। ਚਿੱਟੀ ਸਿੰਘ ਪੁਰਾ ਦੀ ਘਟਨਾ ਤੋਂ ਬਾਅਦ ਭਾਰਤੀ ਫੌਜ ਵੱਲੋਂ ਪੰਜ ਕਸ਼ਮੀਰੀ ਨੌਜਵਾਨਾਂ ਨੂੰ ਫੜ ਕੇ ਝੂਠੇ ਮੁਕਾਬਲੇ ਰਾਹੀਂ ਮਾਰ ਦਿੱਤਾ ਗਿਆ ਸੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਹਨਾਂ ਪੰਜਾਂ ਵਿੱਚੋਂ ਤਿੰਨ ਪਾਕਿਸਤਾਨੀ ਨਾਗਰਿਕ ਹਨ। ਇਸ ਝੂਠੇ ਮੁਕਾਬਲੇ ਖਿਲਾਫ ਕਸ਼ਮੀਰ ਅੰਦਰ ਰੋਹ ਦਾ ਜਵਾਰਭਾਟਾ ਉੱਠ ਖੜ੍ਹਾ ਹੋਇਆ ਸੀ। ਲੋਕਾਂ ਦੇ ਵਿਆਪਕ ਅਤੇ ਤਿੱਖੇ ਪਰਤੀਕਰਮ ਅਤੇ ਸੰਘਰਸ਼ ਦੇ ਦਬਾਓ ਹੇਠ ਫਾਰੂਕ ਅਬਦੁੱਲਾ ਹਕੂਮਤ ਨੂੰ ਅਦਾਲਤੀ ਜਾਂਚ ਦਾ  ਹੁਕਮ ਦੇਣਾ ਪਿਆ ਸੀ। ਇਸ ਜਾਂਚ ਦੌਰਾਨ ਇਹ ਸੱਚ ਸਾਹਮਣੇ ਆਇਆ ਸੀ ਕਿ ਇਹ ਮੁਕਾਬਲਾ ਝੂਠਾ ਸੀ। ਇਸ ਮੁਕਾਬਲੇ ਰਾਹੀਂ ਮਾਰੇ ਗਏ ਪੰਜੇ ਨੌਜਵਾਨ ਕਸ਼ਮੀਰੀ ਸਨ, ਨਿਹੱਥੇ ਅਤੇ ਨਿਰਦੋਸ਼ ਸਨ। ਉਹਨਾਂ ਨੂੰ ਘਰਾਂ ਵਿੱਚੋਂ ਜਬਰੀ ਚੁੱਕ ਕੇ ਮਾਰਿਆ ਗਿਆ ਸੀ। ਇਸ ਜਾਂਚ ਰਾਹੀਂ ਭਾਰਤੀ ਫੌਜ ਦੀ ਮੁਜਰਮਾਨਾ ਭੂਮਿਕਾ ਸਾਬਤ ਹੋ ਜਾਣ ਦੇ ਬਾਵਜੂਦ ਅੱਜ ਤੱਕ ਦੋਸ਼ੀ ਫੌਜੀ ਅਫਸਰਾਂ ਤੇ ਅਮਲੇ ਖਿਲਾਫ ਐਫ.ਆਈ.ਆਰ. ਤੱਕ ਦਰਜ ਨਹੀਂ ਕੀਤੀ ਗਈ। ਇਉਂ, ਇਸ ਜਾਂਚ ਵੱਲੋਂ ਭਾਰਤੀ ਹਾਕਮਾਂ ਦੇ ਇਸ਼ਾਰਿਆਂ 'ਤੇ ਫੌਜੀ ਅਫਸਰਾਂ ਵੱਲੋਂ ਕਸ਼ਮੀਰੀ ਖਾੜਕੂਆਂ ਨੂੰ ਬਦਨਾਮ ਕਰਨ, ਪੰਜਾਬ ਦੇ ਲੋਕਾਂ ਵਿਸ਼ੇਸ਼ ਕਰਕੇ ਪੰਜਾਬ ਅਤੇ ਜੰਮੂ-ਕਸ਼ਮੀਰੀ ਦੀ ਸਿੱਖ ਜਨਤਾ ਵਿੱਚੋਂ ਨਿਖੇੜਨ ਵਾਸਤੇ ਅੰਜਾਮ ਦਿੱਤੀਆਂ  ਦੋਵਾਂ ਵਾਰਦਾਤਾਂ ਨੂੰ ਕਸ਼ਮੀਰੀ ਖਾੜਕੂਆਂ ਸਿਰ ਮੜ੍ਹਨ ਦੇ ਮਨਸੂਬਿਆਂ ਨੂੰ ਹੀ ਮਿੱਟੀ ਵਿੱਚ ਨਹੀਂ ਮਿਲਾਇਆ ਗਿਆ, ਸਗੋਂ ਇੱਕ ਤਰ੍ਹਾਂ ਨਾਲ ਭਾਰਤੀ ਹਕੂਮਤ ਅਤੇ ਉਸਦੇ ਤਾਬੇਦਾਰ ਫੌਜੀ ਅਧਿਕਾਰੀਆਂ ਨੂੰ ਖੁਦ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਮੁਜਰਮਾਂ ਦੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਸੀ।
ਉਪਰੋਕਤ ਘਟਨਾਵਾਂ ਮੁਲਕ ਅਤੇ ਕੌਮਾਂਤਰੀ ਪ੍ਰਚਾਰ ਮਾਧਿਅਮਾਂ ਵਿੱਚ ਚਰਚਾ ਦਾ ਉੱਭਰਵਾਂ ਮੁੱਦਾ ਬਣੀਆਂ ਹਨ। ਹੋਰ ਵੀ ਕਿੰਨੇ ਕਿਸਮ ਦੀਆਂ ਵਾਰਦਾਤਾਂ ਹਨ, ਜਿਹਨਾਂ ਨੂੰ ਸਮੇਂ ਸਮੇਂ ਅੰਜ਼ਾਮ ਦੇਣ ਲਈ ਭਾਰਤੀ ਖੁਫੀਆਤੰਤਰ ਵੱਲੋਂ ਗੋਂਦਾਂ ਗੁੰਦੀਆਂ ਜਾਂਦੀਆਂ ਹਨ ਅਤੇ ਇਹ ਸਿਲਸਿਲਾ ਜਾਰੀ ਹੈ।
ਅਸਲ ਵਿੱਚ ਉਪਰੋਕਤ ਵਾਰਦਾਤਾਂ ਮਨੋਵਿਗਿਆਨਕ ਜੰਗਬਾਜ਼ੀ (ਸਾਈਕਾਲੋਜੀਕਲ ਵਾਰ-ਫੇਅਰ) ਦੇ ਜੁਮਰੇ ਵਿੱਚ ਆਉਂਦੀਆਂ ਹਨ। ਮਨੋ-ਵਿਗਿਆਨਕ ਜੰਗ ਯੁੱਧ ਲੜ ਰਹੀਆਂ ਦੋਵਾਂ ਧਿਰਾਂ ਦੀ ਯੁੱਧਨੀਤੀ ਦਾ ਇੱਕ ਲਾਜ਼ਮੀ, ਬੇਹੱਦ ਅਹਿਮ ਅਤੇ ਅਨਿੱਖੜਵਾਂ ਅੰਗ ਹੁੰਦੀ ਹੈ। ਇਸਦਾ ਮਕਸਦ ਹਰੇਕ ਲੜ ਰਹੀ ਧਿਰ ਵੱਲੋਂ ਆਪਣੇ ਉਦੇਸ਼ਾਂ ਨੂੰ ਲੋਕ-ਹਿਤੈਸ਼ੀ ਬਣਾ ਕੇ ਅਤੇ ਵਿਰੋਧੀ ਧਿਰ ਦੇ ਉਦੇਸ਼ਾਂ ਨੂੰ ਲੋਕ-ਦੋਖੀ ਬਣਾ ਕੇ ਪੇਸ਼ ਕਰਨਾ ਹੁੰਦਾ ਹੈ। ਇਉਂ, ਆਪਣੇ ਆਪ ਨੂੰ ਲੋਕ ਹਿੱਤਾਂ ਲਈ ਮਰ-ਮਿਟਣ ਵਾਲੀ ਅਤੇ ਲੋਕਾਂ ਦੀ ਪਹਿਰੇਦਾਰ ਤਾਕਤ ਵਜੋਂ ਅਤੇ ਵਿਰੋਧੀ ਧਿਰ ਨੂੰ ਲੋਕਾਂ ਦਾ ਘਾਣ ਕਰਨ ਵਾਲੀ ਸ਼ੈਤਾਨੀ ਤਾਕਤ ਵਜੋਂ ਪੇਸ਼ ਕਰਨਾ ਹੁੰਦਾ ਹੈ। ਇੱਕ ਦੂਜੇ ਬਾਰੇ ਲੋਕਾਂ ਵਿੱਚ ਸੰਸਿਆਂ-ਸ਼ੰਕਿਆਂ, ਭਰਮ-ਭੁਲੇਖਿਆ ਨੂੰ ਉਭਾਰਨਾ, ਭੰਬਲਭੂਸਾ ਅਤੇ ਬੇਵਿਸ਼ਵਾਸ਼ੀ ਨੂੰ ਉਗਾਸਾ ਦੇਣਾ ਅਤੇ ਪਾਟਕ ਪੈਦਾ ਕਰਨਾ ਅਤੇ ਵਧਾਉਣਾ ਹੁੰਦਾ ਹੈ।
ਇਹ ਕੁੱਝ ਕਸ਼ਮੀਰ ਦੇ ਲੱਗਭੱਗ ਅੱਧੇ ਹਿੱਸੇ 'ਤੇ ਜਬਰੀ ਕਬਜ਼ਾ ਕਰੀਂ ਬੈਠੇ ਭਾਰਤੀ ਹਾਕਮਾਂ ਵੱਲੋਂ ਜੰਮੂ ਕਸ਼ਮੀਰ ਵਿੱਚ ਕੀਤਾ ਜਾ ਰਿਹਾ ਹੈ। ਭਾਰਤੀ ਹਾਕਮਾਂ ਵੱਲੋਂ ਕਸ਼ਮੀਰ ਦੀ ਕੌਮੀ ਆਜ਼ਾਦੀ ਦੀ ਤਾਂਘ ਅਤੇ ਲਹਿਰ ਨੂੰ ਖੂਨ ਵਿੱਚ ਡਬੋਣ ਲਈ ਚੌਤਰਫਾ ਹੱਲਾ ਵਿੱਢਿਆ ਹੋਇਆ ਹੈ। ਇੱਕ ਹੱਥ- ਲੋਕਾਂ ਦੀ ਹੱਕੀ ਆਵਾਜ਼ ਵਿਸ਼ੇਸ਼ ਕਰਕੇ ਕਸ਼ਮੀਰੀ ਹਥਿਆਰਬੰਦ ਟਾਕਰਾ ਲਹਿਰ ਨੂੰ ਬੇਕਿਰਕੀ ਨਾਲ ਦਰੜ ਸੁੱਟਣ ਲਈ ਫੌਜੀ ਧਾੜਾਂ ਨੂੰ ਬੇਲਗਾਮ ਕੀਤਾ ਹੋਇਆ ਹੈ, ਦੂਜੇ ਹੱਥ- ਕੌਮੀ ਆਜ਼ਾਦੀ ਦੀ ਹੱਕੀ ਲਹਿਰ ਨੂੰ ਪਾਕਿਸਤਾਨੀ ਹਾਕਮਾਂ ਵੱਲੋਂ ਭਾਰਤ ਦੇ ਟੋਟੇ ਕਰਨ ਲਈ ਸ਼ਿੰਗਾਰੇ ''ਅੱਤਵਾਦੀ'' ''ਵੱਖਵਾਦੀ'' ਲੁਟੇਰੇ ਕਾਤਲੀ ਗਰੋਹਾਂ ਵਜੋਂ ਬੱਦੂ ਕਰਨ ਲਈ ਜਿੱਥੇ ਖੁਫੀਆ ਏਜੰਸੀਆਂ ਅਤੇ ਆਪਣੇ ਜ਼ਰ-ਖਰੀਦ ਗਰੋਹਾਂ ਨੂੰ ਲੋਕ-ਵਿਰੋਧੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਲਈ ਝੋਕਿਆ ਹੋਇਆ ਹੈ, ਉੱਥੇ ਇਹਨਾਂ ਵਾਰਦਾਤਾਂ ਦੀ ਜੁੰਮੇਵਾਰੀ ਕਸ਼ਮੀਰੀ ਖਾੜਕੂਆਂ ਸਿਰ ਮੜ੍ਹਨ ਅਤੇ ਫੌਜੀ ਧਾੜਾਂ ਦੀਆਂ ਜਾਬਰ ਕਾਰਵਾਈਆਂ ਨੂੰ ਲੋਕ-ਹਿਤੈਸ਼ੀ ਕਾਰਵਾਈਆਂ ਵੱਜੋਂ ਸ਼ਿੰਗਾਰ ਕੇ ਪੇਸ਼ ਕਰਨ ਲਈ ਆਪਣੇ ਪ੍ਰਚਾਰ ਸਾਧਨਾਂ ਨੂੰ ਝੋਕਿਆ ਹੋਇਆ ਹੈ।
ਕਾਬਲੇ-ਗੌਰ ਗੱਲ ਇਹ ਹੈ ਕਿ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਉਸ ਮੌਕੇ ਸਾਹਮਣੇ ਆਈਆਂ ਹਨ, ਜਦੋਂ ਕਸ਼ਮੀਰ ਦੀਆਂ ਔਰਤਾਂ ਵੱਲੋਂ ''ਦੁਖਤਾਰਨ-ਏ-ਮਿੱਲਤ'' ਵਰਗੀਆਂ ਔਰਤ ਜਥੇਬੰਦੀਆਂ ਦੀ ਅਗਵਾਈ ਵਿੱਚ ਹਥਿਆਰਬੰਦ ਲੜਾਈ ਦੇ ਹੱਕ ਵਿੱਚ ਨਿੱਤਰਨ ਦਾ ਅਮਲ ਸਿਖਰਾਂ ਛੋਹ ਰਿਹਾ ਹੈ। ਜਦੋਂ ਸਕੂਲਾਂ-ਕਾਲਜਾਂ ਵਿੱਚ ਪੜ੍ਹਦੀਆਂ ਲੜਕੀਆਂ ਵੱਲੋਂ ਫੌਜੀ ਧਾੜਾਂ ਦੇ ਜਬਰੋ-ਜ਼ੁਲਮ ਖਿਲਾਫ ਸੜਕਾਂ 'ਤੇ ਨਿੱਤਰਨ ਅਤੇ ਪੱਥਰਬਾਜ਼ੀ ਰਾਹੀਂ ਹਥਿਆਰਬੰਦ ਫੌਜੀ ਬਲਾਂ ਦਾ ਟਾਕਰਾ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਹਨ। ਕਸ਼ਮੀਰੀ ਕੌਮ ਅਤੇ ਕਸ਼ਮੀਰੀ ਔਰਤਾਂ ਵਿੱਚ ਆਪਣੀ ਖੁਦਦਾਰੀ, ਸਵੈਮਾਣ ਅਤੇ ਆਨ-ਸ਼ਾਨ ਬਾਰੇ ਬੇਹੱਦ ਨਾਜ਼ੁਕ ਅਤੇ ਤਿੱਖੀ ਸੰਵੇਦਨਸ਼ੀਲਤਾ ਮੌਜੂਦ ਹੈ। ਲੱਗਦਾ ਹੈ ਕਿ ਔਰਤਾਂ ਦੇ ਵਾਲ ਕੱਟਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦਾ ਮਕਸਦ ਕਸ਼ਮੀਰੀ ਜਨਤਾ ਅਤੇ ਔਰਤਾਂ ਦੀ ਇਸ ਸੰਵੇਦਨਸ਼ੀਲਤਾ ਨੂੰ ਝਰੀਟਣਾ ਅਤੇ ਦੋਸ਼ੀਆਂ ਖਿਲਾਫ ਗੁਸੈਲੇ ਪ੍ਰਤੀਕਰਮ ਦਾ ਪਲੀਤਾ ਲਾਉਣਾ ਹੈ। ਕਸ਼ਮੀਰੀ ਹਥਿਆਰਬੰਦ ਖਾੜਕੂਆਂ ਬਾਰੇ ਦੋਸ਼ੀ ਹੋਣ ਦਾ ਪ੍ਰਭਾਵ ਸਿਰਜਦਿਆਂ ਅਤੇ ਉਭਾਰਦਿਆਂ ਕਸ਼ਮੀਰੀ ਕੌਮ ਅਤੇ ਔਰਤਾਂ ਵਿੱਚ ਉਹਨਾਂ ਬਾਰੇ ਸ਼ੰਕਿਆਂ, ਬੇਵਿਸ਼ਵਾਸ਼ੀ ਅਤੇ ਬੇਪ੍ਰਤੀਤੀ ਦਾ ਸੰਚਾਰ ਕਰਨਾ ਹੈ। ਇਉਂ, ਉਹਨਾਂ ਦੀ ਹਮਾਇਤ ਵਿੱਚ ਡਟੀ ਕਸ਼ਮੀਰੀ ਜਨਤਾ ਅਤੇ ਔਰਤਾਂ ਦੀ ਹਮਾਇਤ ਨੂੰ ਕਮਜ਼ੋਰ ਕਰਦਿਆਂ, ਫੌਜੀ ਹਮਲੇ ਦੀ ਸੌਖੀ ਮਾਰ ਹੇਠ ਲਿਆਉਣ ਲਈ ਰਾਹ ਸਾਫ ਕਰਨਾ ਹੈ। ੦

No comments:

Post a Comment