Sunday, 29 October 2017

ਕਸ਼ਮੀਰੀ ਕੌਮ ਨੂੰ ਬੱਦੂ ਕਰਨ ਦੀ ਸਾਜਿਸ਼

'ਅੱਤਵਾਦੀਆਂ' ਨੂੰ ਪੈਸਾ ਰੋਕਣ ਦੀ ਮੁਹਿੰਮ ਦੇ ਨਾਂ ਹੇਠ
ਕਸ਼ਮੀਰੀ ਕੌਮ ਨੂੰ ਬੱਦੂ ਕਰਨ ਦੀ ਸਾਜਿਸ਼

-ਮਿਹਰ ਸਿੰਘ
ਕਸ਼ਮੀਰੀ ਕੌਮ ਦੇ ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਆਪਣੀ ਆਜ਼ਾਦੀ ਦੀ ਖਾਤਰ ਉੱਥੇ ਕਾਬਜ਼ ਫੌਜੀ ਬਲਾਂ ਖਿਲਾਫ ਪੱਥਰਬਾਜ਼ੀ ਕੀਤੀ ਜਾ ਰਹੀ ਹੈ। ਭਾਰਤੀ ਹਾਕਮ ਇਸ ਨੂੰ ਵਿਦੇਸ਼ੀ ਪੈਸੇ ਦੇ ਜ਼ੋਰ ਚਲਾਈ ਜਾ ਰਹੀ ਕਾਰਵਾਈ ਗਰਦਾਨਦੇ ਹੋਏ ਇਸ ਨੂੰ ਬਦਨਾਮ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹਰਬੇ ਵਰਤ ਰਹੇ ਹਨ। ਇਸ ਤੋਂ ਪਹਿਲਾਂ ਨੋਟ-ਬੰਦੀ ਕਰਨ ਵੇਲੇ ਵੀ ਭਾਰਤੀ ਹਾਕਮਾਂ ਨੇ ਇਹ ਦਾਅਵੇ ਕੀਤੇ ਸਨ ਕਿ ਨੋਟ-ਬੰਦੀ ਕਰਨ ਦਾ ਇੱਕ ਮਕਸਦ ਕਸ਼ਮੀਰੀ ਅਤੇ ਮਾਓਵਾਦੀ ''ਅੱਤਵਾਦੀਆਂ'' ਨੂੰ ਮਿਲਣ ਵਾਲੇ ਵਿੱਤੀ ਸੋਮਿਆਂ ਨੂੰ ਖਤਮ ਕਰਨਾ ਹੈ। ਪਰ ਕਸ਼ਮੀਰ ਵਿੱਚ ਉੱਥੋਂ ਦੇ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਪੱਥਰਬਾਜ਼ੀ ਰੁਕਣ ਵਿੱਚ ਹੀ ਨਹੀਂ ਆ ਰਹੀ। ਨੋਟ-ਬੰਦੀ ਦੌਰਾਨ ਭਾਵੇਂ ਭਾਰਤੀ ਹਾਕਮ ਕਸ਼ਮੀਰ ਵਿੱਚ ਪੱਥਰਬਾਜ਼ੀ ਨੂੰ ਠੱਲ੍ਹ ਪਈ ਆਖਦੇ ਰਹੇ ਸਨ, ਪਰ ਜਦੋਂ ਇਹ ਬਾਅਦ ਵਿੱਚ ਵੀ ਚੱਲਦੀ ਰਹੀ ਤਾਂ ਮੋਦੀ ਹਕੂਮਤ ਵੱਲੋਂ ਇਸ ਨੂੰ ਵਿਦੇਸ਼ੀ ਪੈਸੇ ਦੇ ਜ਼ੋਰ ਕਰਵਾਈ ਜਾ ਰਹੀ ਕਾਰਵਾਈ ਦਾ ਨਾਂ ਦਿੰਦਿਆਂ ਅਖੌਤੀ ਵਿਦੇਸ਼ੀ ਸੋਮਿਆਂ ਤੋਂ ਆ ਰਹੇ ਪੈਸੇ ਨੂੰ ਰੋਕਣ ਦੇ ਬਹਾਨ ਹੇਠ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਵੱਲੋਂ ਪਿਛਲੇ 5 ਮਹੀਨਿਆਂ ਤੋਂ ਛਾਪੇਮਾਰੀ ਕਰਕੇ ਸੈਂਕੜੇ ਹੀ ਕਸ਼ਮੀਰੀ ਲੋਕਾਂ ਨੂੰ ਗ੍ਰਿਫਤਾਰ ਕਰਕੇ ਅੰਨ੍ਹੇ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
''ਅੱਤਵਾਦ ਲਈ ਆ ਰਹੀ ਸਹਾਇਤਾ'' ਨੂੰ ਰੋਕਣ ਦੇ ਨਾਂ ਹੇਠ ਭਾਰਤੀ ਹਾਕਮਾਂ ਨੇ ਇੱਕ ਤਰ੍ਹਾਂ ਨਾਲ ਪੂਰੇ ਕਸ਼ਮੀਰ ਦੀ ਘੇਰਾਬੰਦੀ ਕੀਤੀ ਹੋਈ ਹੈ। ਇਹਨਾਂ ਨੇ ਉੜੀ-ਮੁਜ਼ੱਫਰਾਬਾਦ ਅਤੇ ਪੁਣਛ-ਰਾਵਲਕੋਟ ਦਰਮਿਆਨ (ਦੋਵਾਂ ਕਸ਼ਮੀਰੀ ਹਿੱਸਿਆਂ) ਦਰਮਿਆਨ ਹਫਤੇ ਵਿੱਚ ਚਾਰ ਵਾਰ ਹੁੰਦੇ ਆਦਾਨ-ਪ੍ਰਦਾਨ 'ਤੇ ਬੰਦਿਸ਼ਾਂ ਆਇਦ ਕੀਤੀਆਂ ਹਨ। ਕਸ਼ਮੀਰ ਤੋਂ ਭਾਰਤ ਵਿੱਚ ਆਉਣ-ਜਾਣ ਵਾਲੇ ਵਾਹਨਾਂ 'ਤੇ ਸ਼ਿਕੰਜਾ ਕਸਿਆ ਹੈ। ਕਸ਼ਮੀਰੀ ਵਪਾਰੀਆਂ ਅਤੇ ਉਹਨਾਂ ਨਾਲ ਲੈਣ-ਦੇਣ ਕਰਨ ਵਾਲੀਆਂ ਹੋਰਨਾਂ ਸੰਸਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ ਭਾਰਤੀ  ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਵਕੀਲਾਂ, ਪ੍ਰੋਫੈਸਰਾਂ, ਡਾਕਟਰਾਂ ਅਤੇ ਪੀ.ਐਚਡੀ ਕਰਨ ਵਾਲੇ ਵਿਦਿਆਰਥੀਆਂ ਤੱਕ ਨੂੰ ਵੀ ਫੜ ਕੇ ਜੇਲ੍ਹਾਂ ਥਾਣਿਆਂ ਵਿੱਚ ਜਲੀਲ ਕੀਤਾ ਜਾ ਰਿਹਾ ਹੈ। ਇੱਕ ਵਪਾਰੀ ਤੋਂ ਹੁਣ ਤੱਕ 25 ਵਾਰੀ ਪੁੱਛ-ਪੜਤਾਲ ਕੀਤੀ ਗਈ ਹੈ। ਅਨੇਕਾਂ ਹੀ ਅਜਿਹੇ ਹਨ, ਜਿਹਨਾਂ ਨੂੰ ਸਰੀਰਕ ਅਤੇ ਮਾਨਸਿਕ ਤਸੀਹੇ ਦੇ ਕੇ ਅਰਧ ਪਾਗਲ ਤੱਕ ਕਰ ਦਿੱਤਾ ਗਿਆ ਹੈ। ਇੱਕ ਇੱਕ ਦਿਨ ਵਿੱਚ ਕਸ਼ਮੀਰ ਅਤੇ ਦਿਲੀ ਸਮੇਤ 25-30 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਕਸ਼ਮੀਰੀ ਨੌਜਵਾਨਾਂ ਵੱਲੋਂ ਫੌਜੀ ਬਲਾਂ 'ਤੇ ਕੀਤੀ ਜਾ ਰਹੀ ਪੱਥਰਬਾਜ਼ੀ ਬਾਰੇ ਭਾਰਤੀ ਹਾਕਮ ਜੋ ਮਰਜੀ ਕੂੜ-ਪ੍ਰਚਾਰ ਕਰੀ ਜਾਣ ਪਰ ਕਸ਼ਮੀਰੀ ਲੋਕਾਂ ਵੱਲੋਂ ਕੀਤੀ ਜਾ ਰਹੀ ਪੱਥਰਬਾਜ਼ੀ ਭਾਰਤੀ ਹਾਕਮਾਂ ਨੂੰ ਇੱਕ ਕੌਮ ਵੱਲੋਂ ਦਿੱਤੀ ਜਾ ਰਹੀ ਟੱਕਰ ਹੈ। ਜਿਸ ਤਰ੍ਹਾਂ ਨਾਲ ਕਸ਼ਮੀਰੀ ਮੁੰਡੇ-ਕੁੜੀਆਂ ਬਿੱਦੋ-ਬੱਦੀ ਪੱਥਰਬਾਜ਼ੀ ਕਰ ਰਹੇ ਹਨ, ਇਹ ਕੁੱਝ ਭਾੜੇ ਦੇ ਟੱਟੂ ਉੱਕਾ ਹੀ ਨਹੀਂ ਕਰ ਸਕਦੇ। ਇਹ ਕੁੱਝ ਉਹਨਾਂ ਦੇ ਗੁੱਸੇ, ਰੋਹ ਦਾ ਪ੍ਰਗਟਾਵਾ ਹੈ। ਇਹ ਕੁੱਝ ਜਬਰ ਦੇ ਖਿਲਾਫ ਟੱਕਰ ਦਾ ਇਜ਼ਹਾਰ ਹੈ। ਇਹ ਕੁੱਝ ਗੁਲਾਮੀ ਦੇ ਖਿਲਾਫ ਆਜ਼ਾਦੀ ਦੀ ਲੜਾਈ ਹੈ। ਜਿਸ ਵਿੱਚ ਲੋਕਾਂ ਲਈ ਆਪਣੀ ਕੌਮ ਦੀ ਰਾਖੀ ਲਈ ਮਰ-ਮਿਟਣਾ ਇੱਕ ਆਮ ਘਟਨਾ ਬਣ ਜਾਂਦੀ ਹੈ। ਆਜ਼ਾਦੀ ਲੋਕਾਂ ਲਈ ਸ਼ਮ੍ਹਾਂ ਬਣ ਜਾਂਦੀ ਹੈ ਤੇ ਲੋਕ ਪ੍ਰਵਾਨਿਆਂ ਦੀ ਤਰ੍ਹਾਂ ਇਸ ਤੋਂ ਕੁਰਬਾਨ ਹੁੰਦੇ ਜਾਂਦੇ ਹਨ।
ਕੋਈ ਵੀ ਘਟਨਾਕਰਮ ਹੋਵੇ ਉਸਦੇ ਲਈ ਅੰਦਰੂਨੀ ਅਤੇ ਬਾਹਰੀ ਪੱਖ ਅਸਰਅੰਦਾਜ਼ ਹੁੰਦੇ ਹਨ। ਪਰ ਫੇਰ ਵੀ ਅੰਦਰੂਨੀ ਘਟਨਾਕਰਮ ਪ੍ਰਮੁੱਖ ਸਥਾਨ ਰੱਖਦਾ ਹੈ। ਬਾਹਰੀ ਦਾ ਸਹਾਇਕ ਅਤੇ ਦੋਮ ਦਰਜ਼ੇ ਦਾ ਰੋਲ ਹੀ ਹੁੰਦਾ ਹੈ। ਕਸ਼ਮੀਰ ਵਿੱਚ ਲੋਕਾਂ ਵੱਲੋਂ ਕੀਤਾ ਜਾ ਰਿਹਾ ਟਾਕਰਾ ਉੱਥੋਂ ਦਾ ਅੰਦਰੁਨੀ ਪੱਖ ਹੈ। ਇਹ ਪੱਖ ਐਨਾ ਜ਼ੋਰਦਾਰ ਹੈ ਕਿ ਨੋਟ-ਬੰਦੀ ਦੌਰਾਨ ਵੀ ਲੋਕਾਂ ਦੀ ਟਾਕਰਾ ਲਹਿਰ ਰੁਕੀ ਨਹੀਂ ਸੀ। ਅਤੇ ਉਸ ਤੋਂ ਬਾਅਦ ਵੀ ਇਹ ਅੰਨ੍ਹੇ ਜਬਰ ਦੇ ਬਾਵਜੂਦ ਜਾਰੀ ਹੈ। ਜਿੱਥੋਂ ਤੱਕ ਬਾਹਰੀ ਸੋਮਿਆਂ ਅਤੇ ਹਮਾਇਤ ਦਾ ਮਾਮਲਾ ਹੈ। ਇਹ ਵੀ ਕਸ਼ਮੀਰੀ ਲੋਕਾਂ ਨੂੰ ਮਿਲ ਹੀ ਰਹੀ ਹੈ। ਇਹ ਕੁੱਝ ਜੋ ਵੀ ਹਾਸਲ ਹੋ ਰਿਹਾ ਹੈ, ਇਹ ਕਿਸੇ ਸਾਮਰਾਜੀ ਸ਼ਕਤੀ ਜਾਂ ਉਸਦੀਆਂ ਹੱਥਠੋਕਾ ਏਜੰਸੀਆਂ ਵੱਲੋਂ ਨਹੀਂ ਭੇਜਿਆ ਜਾ ਰਿਹਾ ਬਲਕਿ ਇਹ ਕਸ਼ਮੀਰੀ ਕੌਮ ਦੇ ਆਪਣੇ ਲੋਕਾਂ ਵੱਲੋਂ ਆਪਣੇ ਸਾਂਝੇ ਕਾਜ ਦੀ ਕੀਤੀ ਜਾ ਰਹੀ ਮੱਦਦ ਹੈ। ਜਿਵੇਂ ਪ੍ਰਵਾਸ ਵਿੱਚ ਗਏ ਵਿਅਕਤੀਆਂ ਵੱਲੋਂ ਆਪਣੇ ਪਰਿਵਾਰ ਮੈਂਬਰਾਂ ਨੂੰ ਭੇਜੀ ਗਈ ਰਾਸ਼ੀ ਕੋਈ  ''ਵਿਦੇਸ਼ੀ ਮੱਦਦ'' ਨਹੀਂ ਹੁੰਦੀ ਇਸੇ ਹੀ ਤਰ੍ਹਾਂ ਕਸ਼ਮੀਰੀ ਕੌਮ ਦੀ ਅਜ਼ਾਦੀ ਦੀ ਲੜਾਈ ਵਿੱਚ ਨਾ ਸਿਰਫ ਕਸ਼ਮੀਰੀ ਭਾਈਚਾਰੇ ਵੱਲੋਂ ਹੀ ਬਲਕਿ ਦੁਨੀਆਂ ਦੇ ਹੋਰਨਾਂ ਇਨਕਲਾਬੀ-ਜਮਹੂਰੀ ਅਤੇ ਇਨਸਾਫਪਸੰਦ ਲੋਕਾਂ ਵੱਲੋਂ ਇਸ ਦੀ ਨਾ ਸਿਰਫ ਆਰਥਿਕ ਮੱਦਦ ਹੀ ਕੀਤੀ ਜਾ ਰਹੀ ਹੈ ਬਲਕਿ ਸਿਆਸੀ ਅਤੇ ਇਖਲਾਕੀ ਮੱਦਦ ਵੀ ਕੀਤੀ ਜਾ ਰਹੀ ਹੈ। ਉਹ ਜਿੱਥੇ ਕਿਤੇ ਵੀ ਹਨ, ਸਾਮਰਾਜੀ ਧਾੜਵੀਆਂ ਅਤੇ ਉਹਨਾਂ ਦੇ ਪਿੱਠੂ ਭਾਰਤੀ ਪਸਾਰਵਾਦੀਆਂ ਵੱਲੋਂ ਕੀਤੀਆਂ ਜਾ ਰਹੀਆਂ ਜਾਬਰ ਕਾਰਵਾਈਆਂ ਖਿਲਾਫ ਕਸ਼ਮੀਰੀ ਲੋਕਾਂ ਦੀ ਹਮਾਇਤ ਕਰ ਰਹੇ ਹਨ। ਕੋਈ ਵੀ ਲਹਿਰ ਭਾਵੇਂ ਉਹ ਕੌਂਮੀ ਮਸਲਿਆਂ ਉੱਤੇ ਉੱਸਰੀ ਹੋਵੇ ਤੇ ਭਾਵੇਂ ਜਮਾਤੀ ਜਾਂ ਹੋਰ ਬੁਨਿਆਦੀ ਮਸਲਿਆਂ 'ਤੇ ਉੱਸਰੀ ਹੋਵੇ ਜਦੋਂ ਤੱਕ ਉਹ ਸਹੀ ਢੰਗ ਨਾਲ ਕੰਮ ਕਰਦੀ ਹੋਵੇ ਤਾਂ ਉਸ ਲਈ ਮਨੁੱਖੀ ਸ਼ਕਤੀ ਸਹਿਤ ਸਭ ਤਰ੍ਹਾਂ ਦੀਆਂ ਸਹੂਲਤਾਂ ਹਾਸਲ ਹੋ ਹੀ ਜਾਂਦੀਆਂ ਹਨ। ਜਿਹੜੇ ਲੋਕ ਆਪਣੇ ਕਾਜ ਦੀ ਖਾਤਰ ਜ਼ਿੰਦਗੀ-ਮੌਤ ਦੀ ਲੜਾਈ ਦੇ ਰਾਹ ਤੁਰੇ ਹੋਣ ਉਹਨਾਂ ਲਈ ਆਰਥਿਕ ਸਮੱਸਿਆ ਕੋਈ ਵੱਡੀ ਸਮੱਸਿਆ ਨਹੀਂ ਹੁੰਦੀ ਬਲਕਿ ਜਿਵੇਂ ਕਿਸੇ ਵੀ ਲੋਕ ਲਹਿਰ ਲਈ ਲੋਕ ਆਪਣਾ ਖੂਨ-ਪਸੀਨਾ ਅਰਪਤ ਕਰਦੇ ਰਹਿੰਦੇ ਹਨ, ਉਸੇ ਹੀ ਤਰ੍ਹਾਂ ਆਰਥਿਕ ਪੱਖੋਂ ਕੋਈ ਘਾਟ ਨਹੀਂ ਰਹਿਣ ਦਿੰਦੇ। ਭਾਰਤੀ ਹਾਕਮ ਜਮਾਤੀ ਪਾਰਟੀਆਂ ਦੇ ਭਿਆਲਾਂ ਵੱਲੋਂ ਵਿਦੇਸ਼ਾਂ ਵਿੱਚੋਂ ਕੋਈ ਰਾਸ਼ੀਆਂ ਭੇਜੀਆਂ ਜਾਣ ਤਾਂ ਉਹ ਜਾਇਜ ਹੈ, ਕਸ਼ਮੀਰੀ ਕੌਮ ਦੀ ਆਜ਼ਾਦੀ ਲਈ ਕਿਸੇ ਵੱਲੋਂ ਮੱਦਦ ਕੀਤੀ ਜਾਵੇ, ਇਹ ਇਹਨਾਂ ਨੂੰ ਗ਼ਦਾਰੀ ਕਰਨ ਦੇ ਤੁਲ ਜਾਪਦੀ ਹੈ।
ਭਾਰਤੀ ਹਾਕਮਾਂ ਵੱਲੋਂ ਕਸ਼ਮੀਰੀ ਲੋਕਾਂ ਦੀ ਕੀਤੀ ਜਾ ਰਹੀ ਨਾਕਾਬੰਦੀ, ਉਹਨਾਂ ਦੀ ਟਾਕਰਾ ਲਹਿਰ ਨੂੰ ਕੁਚਲਣ ਲਈ ਵਰਤਿਆ ਜਾ ਰਿਹਾ ਹਰਬਾ ਹੈ। ਅਜਿਹਾ ਕੁੱਝ ਭਾਰਤੀ ਹਾਕਮਾਂ ਵੱਲੋਂ ਪਹਿਲੀ ਵਾਰੀ ਨਹੀਂ ਕੀਤਾ ਗਿਆ ਬਲਕਿ ਪਹਿਲਾਂ ਵੀ ਇੱਕ ਵਾਰੀ ਭਾਰਤੀ ਹਾਕਮਾਂ ਨੇ ਕਸ਼ਮੀਰੀ ਲੋਕਾਂ ਦੀ ਆਰਥਿਕ ਨਾਕਾਬੰਦੀ ਕੀਤੀ ਸੀ, ਪਰ ਜਦੋਂ ਉਹਨਾਂ ਨੇ ਮੁਜ਼ੱਫਰਾਬਾਦ ਚੱਲੋ ਦਾ ਨਾਹਰਾ ਦੇ ਕੇ ਵਿਆਪਕ ਲਾਮਬੰਦੀ ਕੀਤੀ ਸੀ ਤਾਂ ਭਾਰਤੀ ਹਾਕਮਾਂ ਨੂੰ ਆਪਣੇ ਹੱਥ ਪਿੱਛੇ ਖਿੱਚਣੇ ਪਏ ਸਨ। ਹੁਣ ਵੀ ਕਸ਼ਮੀਰੀ ਲੋਕ ਭਾਰਤੀ ਹਾਕਮਾਂ ਦੇ ਹਰਬਿਆਂ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦੇਣਗੇ। ਅਜਿਹੇ ਸਮੇਂ ਭਾਰਤ ਸਮੇਤ ਦੁਨੀਆਂ ਦੇ ਸਭਨਾਂ ਇਨਕਲਾਬੀ-ਜਮਹੂਰੀ ਇਨਸਾਫਪਸੰਦ ਲੋਕਾਂ ਨੂੰ ਕਸ਼ਮੀਰੀ ਲੋਕਾਂ ਦੇ ਹੱਕੀ ਕਾਜ ਦੇ ਪੱਖ ਵਿੱਚ ਡਟਦੇ ਹੋਏ, ਭਾਰਤੀ ਹਾਕਮਾਂ ਦੇ ਕੋਝੇ ਮਨਸੁਬਿਆਂ ਦਾ ਪਰਦਾਚਾਕ ਕਰਨਾ ਚਾਹੀਦਾ ਹੈ।

No comments:

Post a Comment