Sunday, 29 October 2017

ਅਸੀਂ ਕਿਓਂ ਖ਼ੁਦਕੁਸ਼ੀ ਕਰੀਏ! -ਮਿਸ ਕਾਰਤਿਕਾ

ਅਸੀਂ ਕਿਓਂ ਖ਼ੁਦਕੁਸ਼ੀ ਕਰੀਏ!-ਮਿਸ ਕਾਰਤਿਕਾ
ਅਸੀਂ ਸੰਗਰਾਮ ਕਰਨਾ ਹੈ, ਅਸੀਂ ਕਿਓਂ ਖ਼ੁਦਕੁਸ਼ੀ ਕਰੀਏ।
ਅਸੀਂ ਇੱਕ ਜੋਸ਼ ਭਰਨਾ ਹੈ, ਅਸੀਂ ਕਿਓਂ ਖ਼ੁਦਕੁਸ਼ੀ ਕਰੀਏ?

ਇਹ ਸਾਡੀ ਜ਼ਿੰਦਗੀ ਹੈ, ਲੋਕ ਸਾਡੇ, ਦੇਸ਼ ਵੀ ਸਾਡਾ!
ਅਸੀਂ ਦੁੱਖ ਸਭ ਦਾ ਹਰਨਾ ਹੈ, ਅਸੀਂ ਕਿਓਂ ਖ਼ੁਦਕੁਸ਼ੀ ਕਰੀਏ?

ਅਸਾਡੇ ਸਾਹਮਣੇ ਹੈ ਗਮ ਦਾ ਸਾਗਰ; ਫੇਰ ਕੀ ਹੋਇਆ?
ਅਸੀਂ ਸਾਗਰ ਨੂੰ ਤਰਨਾ ਹੈ, ਅਸੀਂ ਕਿਓਂ ਖ਼ੁਦਕੁਸ਼ੀ ਕਰੀਏ।

ਅਸੀਂ ਦੱਸਾਂਗੇ ਪਰਬਤ ਚੀਰ ਕੇ ਕਿੰਝ ਰਾਹ ਬਣਾਉਂਦੇ ਹਾਂ?
ਕਦਮ ਮੰਜ਼ਿਲ 'ਤੇ ਧਰਨਾ ਹੈ, ਅਸੀਂ ਕਿਓਂ ਖ਼ੁਦਕੁਸ਼ੀ ਕਰੀਏ?

ਅਸੀਂ ਸਭ ਕੁਝ ਬਦਲਣਾ ਹੈ, ਤੇ ਇੱਕ ਦਿਨ ਬਦਲ ਦੇਵਾਂਗੇ!
ਹਨੇਰੇ ਨੇ ਹੀ ਹਰਨਾ ਹੈ, ਅਸੀਂ ਕਿਓਂ ਖ਼ੁਦਕੁਸ਼ੀ ਕਰੀਏ?

ਨਵਾਂ ਸੂਹਾ ਸਵੇਰਾ ਆ ਰਿਹਾ ਹੈ ਰਾਤ ਨੂੰ ਚੀਰਨ,
ਹਨੇਰੇ ਨੇ ਤਾਂ ਮਰਨਾ ਹੈ, ਅਸੀਂ ਕਿਓਂ ਖ਼ੁਦਕੁਸ਼ੀ ਕਰੀਏ?

ਅਸੀਂ ਹਰ ਇੱਕ ਕਦਮ 'ਤੇ ਜੂਝਦੇ ਆਏ ਹਾਂ ਸਦੀਆਂ ਤੋਂ,
ਅਸਾਡੇ ਬਿਨ ਨਹੀਂ ਸਰਨਾ, ਅਸੀਂ ਕਿਓਂ ਖ਼ੁਦਕੁਸ਼ੀ ਕਰੀਏ?

ਨਿਰਾਸ਼ਾ ਹੈ ਤਾਂ ਛੱਡ ਦੇਵੋ, ਉਦਾਸੀ ਹੈ ਤਾਂ ਸੁੱਟ ਦੇਵੋ,
ਕਿ ਹੁਣ ਮਾਤਮ ਨਹੀਂ ਕਰਨਾ ਅਸੀਂ ਕਿਓਂ ਖ਼ੁਦਕੁਸ਼ੀ ਕਰੀਏ।

No comments:

Post a Comment