Wednesday, 28 December 2016

ਕਸ਼ਮੀਰ ਦੀ ਗੁੱਝੀ ਬਗਾਵਤ

ਕਸ਼ਮੀਰ ਦੀ ਗੁੱਝੀ ਬਗਾਵਤ
-ਜੀਨ ਡਰੇਜ਼ੇ
ਕਸ਼ਮੀਰ ਵਿੱਚ ਇੱਕ ਇਤਿਹਾਸਕ ਅਤੇ ਹਰਮਨਪਿਆਰਾ ਉਭਾਰ ਉੱਠ ਰਿਹਾ ਹੈ, ਜਿਸ ਬਾਰੇ ਭਾਰਤੀ ਲੋਕ ਘੱਟ ਹੀ ਜਾਣੂੰ ਹਨ। ਅਕਤੂਬਰ ਵਿੱਚ ਕਸ਼ਮੀਰ ਵਿੱਚ ਜਾਣ ਤੋਂ ਪਹਿਲਾਂ ਮੈਂ ਵੀ ਇਸ ਬਾਰੇ ਅਣਜਾਣ ਹੀ ਸੀ। ਭਾਵੇਂ ਜੁਲਾਈ ਤੋਂ ਕਸ਼ਮੀਰ ਵਿੱਚ ਚੱਲ ਰਹੀ ਹੜਤਾਲ ਬਾਰੇ ਮੈਂ ਪੜ੍ਹਿਆ ਸੀ ਅਤੇ ਪਥਰਾਓ ਅਤੇ ਪੈਲੇਟ ਗੰਨਾਂ ਬਾਰੇ ਵੀ ਸੁਣਿਆ ਸੀ, ਪਰ ਉਹ ਸਭ ਉੱਥੋਂ ਦੀ ਜ਼ਮੀਨੀ ਹਕੀਕਤ ਨਾਲ ਨਿਆਂ ਨਹੀਂ ਸੀ।
ਸਭ ਤੋਂ ਪਹਿਲੀ ਗੱਲ ਜੋ ਕਿਸੇ ਯਾਤਰੀ ਦਾ ਧਿਆਨ ਖਿੱਚਦੀ ਹੈ, ਉਹ ਹੈ ਕਸ਼ਮੀਰ ਵਿੱਚ ਭਾਰਤੀ ਫੌਜ ਦੀ ਭਾਰੀ ਦਖਲਅੰਦਾਜ਼ੀ। ਭਾਰੀ ਗਿਣਤੀ ਵਿੱਚ ਫੌਜੀ ਅਤੇ ਨੀਮ ਫੌਜੀ ਬਲ ਕਸ਼ਮੀਰ ਦੇ ਲੱਗਭੱਗ ਹਰੇਕ ਥਾਂ ਮੌਜੂਦ ਹਨ। 60 ਲੱਖ ਲੋਕਾਂ ਦੀ ਆਬਾਦੀ ਪਿੱਛੇ 6 ਲੱਖ ਫੌਜੀ। ਮਤਲਬ 10 ਕਸ਼ਮੀਰੀਆਂ ਪਿੱਛੇ ਇੱਕ ਫੌਜੀ। 'ਨਾਜੁਕ' ਥਾਵਾਂ ਜਿਵੇਂ ਸੋਪੋਰ, ਸ਼ੋਪੀਆਂ ਅਤੇ ਸ੍ਰੀਨਗਰ ਦੇ ਕੁੱਝ ਇਲਾਕਿਆਂ ਵਿੱਚ ਤਾਂ ਇਸ ਤੋਂ ਵੀ ਜ਼ਿਆਦਾ ਫੌਜੀ ਤਾਕਤਾਂ ਲੱਗਭੱਗ ਹਰ ਘਰ ਦੇ ਸਾਹਮਣੇ, ਖਾਸ ਕਰਕੇ ਮੁੱਖ ਸੜਕਾਂ 'ਤੇ ਤਾਇਨਾਤ ਹਨ।
ਆਖਿਰ ਏਨੀ ਵੱਡੀ ਗਿਣਤੀ ਵਿੱਚ ਉੱਥੇ ਫੌਜੀ ਕੀ ਕਰ ਰਹੇ ਹਨ? ਸਾਫ ਜ਼ਾਹਰ ਹੈ ਕਿ ਉਹ ਪਾਕਿਸਤਾਨ ਦੇ ਕਿਸੇ ਸੰਭਾਵੀ ਹਮਲੇ ਕਾਰਨ ਤਾਂ ਨਹੀਂ ਉੱਥੇ ਗਏ। ਜੇ ਇਹੀ ਕਾਰਨ ਹੁੰਦਾ ਤਾਂ ਫੌਜੀਆਂ ਨੂੰ ਬਾਰਡਰ ਦੇ ਨੇੜੇ ਹੋਣਾ ਚਾਹੀਦਾ ਸੀ। ਨਾ ਹੀ ਉਹ ਅੱਤਵਾਦੀਆਂ ਨੂੰ ਲੱਭ ਰਹੇ ਹਨ। ਗਲੀਆਂ ਵਿੱਚ ਪੂਰੀ ਤਰ੍ਹਾਂ ਲੈਸ ਫੌਜ ''ਰੂਪੋਸ਼'' ਅੱਤਵਾਦੀਆਂ ਨੂੰ ਕਿਵੇਂ ਲੱਭੇਗੀ? ਸ਼ਾਇਦ ਉਹ ਪੱਥਰਬਾਜ਼ੀ ਕਰਨ ਵਾਲਿਆਂ ਵਾਸਤੇ ਉੱਥੇ ਮੌਜੂਦ ਹਨ? ਪਰ ਇਸਦੀ ਵੀ ਕੋਈ ਤੁਕ ਨਹੀਂ ਬਣਦੀ, ਕਿਉਂਕਿ ਪਥਰਾਓ ਨੂੰ ਰੋਕਣ ਵਾਸਤੇ ਫੌਜੀ ਤਾਕਤ ਨੂੰ ਘੱਟ ਕਰਨਾ ਪਵੇਗਾ, ਕਿਉਂਕਿ ਲੋਕ, ਆਮ ਲੋਕਾਂ 'ਤੇ ਪੱਥਰ ਨਹੀਂ ਚਲਾ ਰਹੇ, ਸਗੋਂ ਫੌਜੀਆਂ 'ਤੇ ਚਲਾ ਰਹੇ ਹਨ।
ਇਸਦਾ ਇਹੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਇੰਨੀ ਫੌਜੀ ਤਾਕਤ ਅਸਲ ਵਿੱਚ ਅਖੌਤੀ 'ਭਾਰਤ ਵਿਰੋਧੀ' ਮੁਜਾਹਰਿਆਂ ਨੂੰ ਰੋਕਣ ਵਾਸਤੇ ਝੋਕੀ ਹੋਈ ਹੈ। ਭਾਵੇਂ ਇਹ ਮੁਜਾਹਰੇ ਕਿੰਨੇ ਵੀ ਸ਼ਾਂਤਮਈ ਹੋਣ, ਜਿੱਥੋਂ ਤੱਕ ਮੇਰਾ ਵਿਚਾਰ ਹੈ, ਕਸ਼ਮੀਰ ਵਿੱਚ ਹਰੇਕ ਤਰ੍ਹਾਂ ਦੇ ਸ਼ਾਂਤਮਈ ਮੁਜਾਹਰਿਆਂ 'ਤੇ ਪਾਬੰਦੀ ਲੱਗੀ ਹੋਈ ਹੈ, ਖਾਸ ਕਰਕੇ ਉਹ ਮੁਜਾਹਰੇ ਜਿਹਨਾਂ ਵਿੱਚ 'ਆਜ਼ਾਦੀ' ਦੀ ਮੰਗ ਕੀਤੀ ਜਾ ਰਹੀ ਹੋਵੇ। ਫੌਜੀ ਅਧਿਕਾਰੀਆਂ ਕੋਲ ਅਥਾਹ ਤਾਕਤਾਂ ਹਨ, ਨਾ ਸਿਰਫ 'ਅਫਸਪਾ' ਸਗੋਂ ਕਸ਼ਮੀਰ ਦਾ ਖਤਰਨਾਕ 'ਪਬਲਿਕ ਸੇਫਟੀ ਐਕਟ' ਅਤੇ ਆਈ.ਪੀ.ਸੀ. ਦੀ ਧਾਰਾ 144। ਇਹ ਸਾਰੀਆਂ ਤਾਕਤਾਂ ਸਿਰਫ ਆਜ਼ਾਦੀ ਦੀ ਮੰਗ ਨੂੰ ਦਬਾਉਣ ਵਾਸਤੇ ਹਨ, ਇਹ ਮੰਗ ਚਾਹੇ ਸ਼ਾਂਤਮਈ ਮੁਜਾਹਰਿਆਂ ਦੇ ਰੂਪ ਵਿੱਚ ਹੋਵੇ, ਪੈਂਫਲਿਟ  ਦੇ ਰੂਪ ਵਿੱਚ ਹੋਵੇ, ਸੈਮੀਨਾਰ ਦੇ ਰੂਪ ਵਿੱਚ ਹੋਵੇ ਤੇ ਚਾਹੇ ਸੋਸ਼ਲ ਮੀਡੀਆ ਤੇ 'ਅਣਚਾਹੇ' ਬਿਆਨ ਦੇ ਰੂਪ ਵਿੱਚ ਹੋਵੇ।
ਇਹਨਾਂ ਸਾਰੀਆਂ ਰੋਕਾਂ ਦੇ ਬਾਵਜੂਦ ਕਸ਼ਮੀਰ ਵਿੱਚ ਹਰ ਥਾਂ ਵਿਰੋਧ ਜਾਰੀ ਹੈ, ਖਾਸ ਕਰਕੇ ਬੁਰਹਾਨ ਵਾਨੀ ਦੇ ਕਤਲ ਤੋਂ ਬਾਅਦ। ਪਥਰਾਓ ਕਰਨਾ ਚਾਹੇ ਵਿਰੋਧ ਦਾ ਇੱਕ ਹਿੱਸਾ ਹੈ, ਪਰ ਇਸ ਤੋਂ ਬਿਨਾ ਵੀ ਸ਼ਾਂਤਮਈ ਵਿਰੋਧ ਜਾਰੀ ਹੈ। ਅਸਲ ਵਿੱਚ ਇਹ ਮੁੱਖ ਤੌਰ 'ਤੇ 'ਆਮ ਹੜਤਾਲ' ਹੈ। ਪਿਛਲੇ ਚਾਰ ਮਹੀਨਿਆਂ ਵਿੱਚ ਕਸ਼ਮੀਰ ਵਿੱਚ ਦੁਕਾਨਾਂ ਬੰਦ ਹਨ। ਟਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਇੱਥੋਂ ਤੱਕ ਕਿ ਸਕੂਲ ਵੀ ਬੰਦ ਹਨ। ਭਾਰਤੀ ਮੀਡੀਆ ਇਸਨੂੰ ਧੱਕੇ ਨਾਲ ਕਰਵਾਈ ਜਾ ਰਹੀ ਹੜਤਾਲ ਆਖ ਰਿਹਾ ਹੈ। ਇਸ ਨਾਲ 'ਕਰਫਿਊ' ਦਾ ਵੀ ਭੁਲੇਖਾ ਪੈਂਦਾ ਹੈ, ਜੋ ਆਮ ਤੌਰ 'ਤੇ ਅਧਿਕਾਰੀ ਲਗਾ ਦਿੰਦੇ ਹਨ। ਪਰ ਇਹ 'ਆਮ ਹੜਤਾਲ' ਹੈ- ਭਾਰਤੀ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਲੰਬੀ ਹੜਤਾਲ ਹੈ।
ਐਨੀ ਲੰਮੀ ਹੜਤਾਲ ਦੌਰਾਨ ਕਸ਼ਮੀਰੀ ਆਰਥਿਕਤਾ ਦੀ ਤਕੜਾਈ ਹੈਰਾਨ ਕਰਨ ਵਾਲੀ ਹੈ। ਇਸਦੇ ਵੀ ਕਈ ਕਾਰਨ ਹਨ। ਸਭ ਤੋਂ ਪਹਿਲਾ ਤਾਂ ਇਹ ਕਿ ਕਸ਼ਮੀਰ ਇੱਕ ਲਚਕੀਲੀ ਅਤੇ ਸਮਾਨਤਾਵਾਦੀ ਪੇਂਡੂ ਆਰਥਿਕਤਾ ਹੈ, ਇਹ ਤੱਥ 1950 ਵਿੱਚ ਹੋਏ ਖੇਤੀ ਸੁਧਾਰਾਂ ਨਾਲ ਜੁੜੇ ਹੋਏ ਹਨ। ਇਹ ਹੜਤਾਲ ਸਵੈ-ਰੁਜ਼ਗਾਰ ਲੋਕਾਂ, ਦਸਤਕਾਰਾਂ ਅਤੇ ਸੇਬ ਪੈਦਾ ਕਰਨ ਵਾਲੇ ਲੋਕਾਂ 'ਤੇ ਮਾਰੂ ਪ੍ਰਭਾਵ ਨਹੀਂ ਪਾ ਰਹੀ। ਦੂਸਰਾ ਕਾਰਨ ਬਾਹਰੋਂ ਆਏ ਖਾਸ ਕਰਕੇ ਬਿਹਾਰ ਤੋਂ ਆਏ ਮਜ਼ਦੂਰ ਹੜਤਾਲ ਦੇ ਸ਼ੁਰੂ ਵਿੱਚ ਹੀ ਵਾਪਸ ਚਲੇ ਗਏ। ਇਸ ਤਰ੍ਹਾਂ ਕਸ਼ਮੀਰੀ ਮਜ਼ਦੂਰਾਂ ਨੂੰ ਲਗਾਤਾਰ ਕੰਮ ਮਿਲਦਾ ਰਿਹਾ, ਉਹ ਵੀ ਭਾਰਤੀ 'ਦਿਹਾੜੀ' ਦੇ ਮੁਕਾਬਲੇ ਜ਼ਿਆਦਾ। ਤੀਜਾ ਕਸ਼ਮੀਰ ਵਿੱਚ ਇੱਕ ਦੂਜੇ ਦੀ ਮੱਦਦ ਕਰਨ ਦੀ ਤਕੜੀ ਭਾਵਨਾ ਹੈ। ਉਦਾਹਰਨ ਦੇ ਤੌਰ 'ਤੇ ਗੁਆਂਢੀ ਰਾਹਤ ਕਮੇਟੀਆਂ 2014 ਦੇ ਹੜ੍ਹਾਂ ਤੋਂ ਲੈ ਕੇ ਹੁਣ ਤੱਕ ਸਰਗਰਮ ਹਨ। ਅਸਲ ਵਿੱਚ ਹੁਰੀਅਤ ਦੇ 'ਵਿਰੋਧ ਕਲੈਂਡਰਾਂ' ਵਿੱਚ ਰਾਹਤ ਕੰਮ ਇੱਕ ਅਨਿੱਖੜ ਅੰਗ ਰਿਹਾ ਹੈ। ਅਖੀਰ 'ਤੇ ਕਸ਼ਮੀਰ ਵਿੱਚ ਜੀਵਨ-ਮਿਆਰ ਕਾਫੀ ਉੱਚਾ ਹੈ। ਬੇਰੁਜ਼ਗਾਰੀ ਭਾਵੇਂ ਮੁੱਖ ਮੁੱਦਾ ਹੈ, ਪਰ ਗਰੀਬੀ ਅਤੇ ਭੁੱਖਮਰੀ ਬਹੁਤ ਘੱਟ ਹੈ, ਸਿਰਫ ਬਾਹਰਲੇ ਮਜ਼ਦੂਰਾਂ ਨੂੰ ਛੱਡ ਕੇ। ਜਿਹੜਾ ਵੀ ਇਹ ਸੋਚਦਾ ਹੈ ਕਿ ਕਸ਼ਮੀਰੀ ਸਮੱਸਿਆ ਸਿਰਫ ਵਿਕਾਸ ਦੀ ਘਾਟ ਕਰਕੇ ਹੈ, ਇਹ ਪੂਰਾ ਸੱਚ ਨਹੀਂ।
ਸ਼ਾਂਤਮਈ ਵਿਰੋਧ ਲਈ ਜਦੋਂ ਕੋਈ ਥਾਂ ਨਹੀਂ ਤਾਂ ਪੱਥਰ ਮਾਰਨਾ ਹੀ ਇਸ ਉਭਾਰ ਦੀ ਮੁੱਖ ਸ਼ਕਲ ਬਣੀ ਹੋਈ ਹੈ। ਸੁਰੱਖਿਆ ਦਸਤੇ ਇਸਦਾ ਵਧਵੀਂ ਤਾਕਤ ਨਾਲ ਜੁਆਬ ਦੇ ਰਹੇ ਹਨ। 100 ਤੋਂ ਵੱਧ ਆਮ ਲੋਕ (ਬੱਚਿਆਂ ਸਮੇਤ) ਮਾਰੇ ਜਾ ਚੁੱਕੇ ਹਨ। ਘੱਟ ਤੋਂ ਘੱਟ 1000 ਲੋਕ ਪੈਲਟ ਗੰਨਾਂ ਨਾਲ ਜਾਂ ਤਾਂ ਅੰਨ੍ਹੇ ਹੋ ਚੁੱਕੇ ਹਨ ਜਾਂ ਅੱਖਾਂ ਦੀਆਂ ਹੋਰ ਸੱਟਾਂ ਨਾਲ ਪ੍ਰਭਾਵਿਤ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾ ਚੁੱਕਾ ਹੈ। ਇਸ ਤੋਂ ਕਿਤੇ ਜ਼ਿਆਦਾ ਲੋਕ ਸੁਰੱਖਿਆ ਦਸਤਿਆਂ ਵੱਲੋਂ ਪ੍ਰੇਸ਼ਾਨ ਕੀਤੇ ਜਾ ਰਹੇ ਹਨ।
18 ਅਕਤੂਬਰ ਨੂੰ ਮੈਂ ਪੀ.ਯੂ.ਸੀ.ਐਲ. ਦੀ ਇੱਕ ਤੱਥ-ਖੋਜ ਕਮੇਟੀ ਦਾ ਮੈਂਬਰ ਬਣਿਆ। ਅਸੀਂ ਫੈਸਲ ਅਕਬਰ (ਬਦਲਿਆ ਨਾਂ) ਦੇ ਪਰਿਵਾਰ ਨੂੰ ਮਿਲੇ ਜੋ ਕਿ ਇੱਕ ਨੌਜਵਾਨ ਲੈਕਚਰਾਰ ਸੀ ਅਤੇ ਜਿਸ ਨੂੰ ਅਗਸਤ ਵਿੱਚ ਰਾਸ਼ਟਰੀ ਰਾਈਫਲਜ਼ ਨੇ ਕੁੱਟ ਕੁੱਟ ਕੇ ਮਾਰ ਦਿੱਤਾ। ਇੱਕ ਗਵਾਹ ਅਨੁਸਾਰ ਉਸ ਸ਼ਾਮ ਪਿੰਡ ਵਿੱਚ ਧਾਵਾ ਬੋਲਿਆ ਗਿਆ। ਫੌਜੀਆਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਕੁੱਟਿਆ। ਉਹਨਾਂ ਦੀਆਂ ਚੀਜ਼ਾਂ ਦੀ ਭੰਨਤੋੜ ਕੀਤੀ ਅਤੇ ਦਹਿਸ਼ਤ ਪਾਈ, ਪੱਥਰਬਾਜ਼ੀ ਰੋਕਣ ਦੇ ਨਾਂ ਥੱਲੇ। ਇੱਕ ਅਫਸਰ ਨੇ ਦਹਿਸ਼ਤਜ਼ਦਾ ਲੋਕਾਂ ਨੂੰ ਕਿਹਾ, ''ਅਸੀਂ ਜਾਣਦੇ ਹਾਂ ਕਿ ਤੁਸੀਂ ਨਿਰਦੋਸ਼ ਹੋ ਪਰ ਜੇ ਅਸੀਂ ਤੁਹਾਨੂੰ ਨਾ ਕੁੱਟੀਏ ਤਾਂ ਤੁਸੀਂ ਸਬਕ ਨਹੀਂ ਸਿੱਖਣਾ।'' ਹੈਰਾਨੀ ਦੀ ਗੱਲ ਇਹ ਹੋਈ ਕਿ ਇੱਕ ਸਥਾਨਕ ਐਸ.ਐੱਚ.ਓ. ਇਸ ਘਟਨਾ ਵਾਪਰਨ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਸੀ। ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਦੀਆਂ ਲਗਾਤਾਰ ਘਟਨਾਵਾਂ ਸ਼ਾਇਦ ਹੀ ਕਿਸੇ ਨੇ ਸੁਣੀਆਂ ਹੋਣ। ਐਸ.ਐਚ.ਓ. ਨੇ ਪੁੱਛ-ਪੜਤਾਲ ਦਾ ਵਾਅਦਾ ਕੀਤਾ ਪਰ ਇਹ ਵੀ ਕਿਹਾ ਕਿ ਫੌਜੀ ਦਸਤਿਆਂ ਵਿਰੁੱਧ ਦਿੱਲੀ ਦੀ ਹੋਮ-ਮਨਿਸਟਰੀ ਕੁੱਝ ਨਹੀਂ ਕਰੇਗੀ।
ਇਸ ਤਰ੍ਹਾਂ ਦੀ ਹਰੇਕ ਘਟਨਾ ਕਸ਼ਮੀਰੀ ਲੋਕਾਂ ਵਿੱਚ ਭਾਰਤੀ ਫੌਜ ਪ੍ਰਤੀ ਹੀ ਨਹੀਂ ਸਗੋਂ ਭਾਰਤ ਪ੍ਰਤੀ ਵੀ ਨਫਰਤ ਵਧਾ ਰਹੀ ਹੈ। ਇਹ ਗੁੱਸਾ ਅਤੇ ਆਜ਼ਾਦੀ ਦੀ ਤਾਂਘ 16 ਸਾਲ ਪਹਿਲਾਂ ਵੀ ਮੈਂ ਵੇਖੀ ਸੀ, ਜਦੋਂ ਮੈਂ ਪਹਿਲੀ ਵਾਰ ਕਸ਼ਮੀਰ ਗਿਆ ਸੀ। ਅੱਜ ਕੱਲ੍ਹ ਇਹ ਤਾਂਘ ਅਤੇ ਗੁੱਸਾ ਹੋਰ ਵੀ ਬਹੁਤ ਜ਼ਿਆਦਾ ਹੈ। ਅਸਲ ਵਿੱਚ, ਮੌਜੂਦਾ ਉਭਾਰ 'ਚ ਫੌਜ ਦੀ ਦਹਿਸ਼ਤ ਲੱਗਭੱਗ ਹਰੇਕ ਕਸ਼ਮੀਰੀ ਨੂੰ ਆਜ਼ਾਦੀ ਦੀ ਲੜਾਈ ਵਿੱਚ ਝੋਕ ਰਹੀ ਹੈ।
ਭਾਰਤੀ ਸਰਕਾਰ ਦਾ ਗੈਰ-ਮਨੁੱਖੀ ਵਰਤਾਓ ਕਸ਼ਮੀਰੀ ਸਮੱਸਿਆ ਨੂੰ ਕਦੇ ਵੀ ਹੱਲ ਨਹੀਂ ਕਰ ਸਕਦਾ। ਜੇ ਕਸ਼ਮੀਰੀ ਸਮੱਸਿਆ ਦੀ ਜੜ੍ਹ ਭਾਰਤ ਤੋਂ ਵੱਖ ਹੋਣਾ ਹੈ ਤਾਂ ਰਾਜਕੀ ਦਹਿਸ਼ਤ ਇਸ ਸਮੱਸਿਆ ਨੂੰ ਹੋਰ ਵਧਾ ਰਹੀ ਹੈ। ਰਾਜ ਕਸ਼ਮੀਰੀ ਲੋਕਾਂ ਦੀ ਸ਼ਾਂਤਮਈ ਵਿਰਾਸਤ ਘਟਾ ਕੇ ਦੇਖ ਰਿਹਾ ਹੈ ਅਤੇ ਕਸ਼ਮੀਰੀ ਨੌਜਵਾਨਾਂ ਨੂੰ ਹਥਿਆਰਬੰਦ ਦਸਤੇ ਬਣਨ ਲਈ ਮਜਬੂਰ ਕਰ ਰਿਹਾ ਹੈ। ਤੇ ਖਾੜਕੂ ਇਸਲਾਮਿਕ ਗਰੁੱਪਾਂ ਦੇ ਮੈਂਬਰ ਬਣਨ ਲਈ ਮਜਬੂਰ ਕਰ ਰਿਹਾ ਹੈ। ਇਸਦੇ ਸੰਭਾਵਿਤ ਨਤੀਜੇ ਨਾ ਸਿਰਫ ਕਸ਼ਮੀਰ ਲਈ ਬਲਕਿ ਭਾਰਤ ਲਈ ਵੀ ਬਹੁਤ ਖਤਰਨਾਕ ਹਨ, ਜਿਸਦੀ ਭਰਪਾਈ ਅਸੰਭਵ ਹੋ ਜਾਵੇਗੀ।
ਇਹ ਸਭ ਲਿਖਣ ਦਾ ਮਤਲਬ ਇਹ ਨਹੀਂ ਹੈ ਕਿ ਕਸ਼ਮੀਰੀ ਸਮੱਸਿਆ ਦਾ ਕੋਈ ਸਿੱਧਾ ਜਿਹਾ ਹੱਲ ਹੈ। ਕਿਸੇ ਵੀ ਹੱਲ ਵਿੱਚ ਬਹੁਤ ਸਾਰੀਆਂ ਗੁੰਝਲਾਂ ਹੋਣਗੀਆਂ, ਜਿਵੇਂ ਕਿ ਲੱਦਾਖ ਦਾ ਰੁਤਬਾ, ਕਸ਼ਮੀਰ ਵਿੱਚ ਘੱਟ ਗਿਣਤੀਆਂ ਦੇ ਹੱਕ, ਕਸ਼ਮੀਰੀ ਪੰਡਿਤਾਂ ਨਾਲ ਹੋ ਰਿਹਾ ਅਨਿਆਂ, ਪਾਕਿਸਤਾਨ ਨੂੰ ਬਾਰਡਰ 'ਤੇ ਕਿਵੇਂ ਨਜਿੱਠਿਆ ਜਾਵੇ, ਅਤੇ ਹੋਰ ਵੀ ਬਹੁਤ ਕੁੱਝ। ਸ਼ਾਇਦ ਮਹੱਤਵਪੂਰਨ ਗੱਲ ਇਹ ਹੈ ਕਿ ਹੁਣ ਕਿਸੇ ਸਿੱਧੜ ਜਿਹੇ ਹੱਲ ਬਾਰੇ ਨਾ ਸੋਚਿਆ ਜਾਵੇ ਬਲਕਿ ਇੱਕ ਸਿਲਸਿਲਾ ਚਲਾਇਆ ਜਾਵੇ ਜੋ ਕਿਸੇ ਹੱਲ ਤੱਕ ਪਹੁੰਚਾ ਦੇਵੇ। ਮੌਜੂਦਾ ਹਾਲਤ ਸੱਚਮੁੱਚ ਬਹੁਤ ਅਸਹਿਣਸ਼ੀਲ ਹੈ। (ਇੰਡੀਅਨ ਐਕਸਪ੍ਰੈਸ 'ਚੋਂ ਧੰਨਵਾਦ ਸਹਿਤ)
ਅਨੁਵਾਦ: ਰਾਜਿੰਦਰ ਸਿਵੀਆਂ

No comments:

Post a Comment