Wednesday, 28 December 2016

ਇਤਿਹਾਸ ਮੇਰੇ ਨਾਲ ਇਨਸਾਫ ਕਰੇਗਾ -ਫੀਡਲ ਕਾਸਟਰੋ

ਇਤਿਹਾਸਕ ਦਸਤਾਵੇਜ਼:
ਇਤਿਹਾਸ ਮੇਰੇ ਨਾਲ ਇਨਸਾਫ ਕਰੇਗਾ
-ਫੀਡਲ ਕਾਸਟਰੋ

(ਸੰਨ 1953 ਵਿੱਚ ਤਾਨਾਸ਼ਾਹ ਬਟਿਸਟਾ ਨੇ ਫੀਡਲ ਕਾਸਟਰੋ 'ਤੇ ਰਾਜਪਲਟੇ ਦਾ ਮੁਕੱਦਮਾ ਦਰਜ਼ਾ ਕੀਤਾ ਹੈ। ਉਸ ਵੇਲੇ ਅਦਾਲਤ ਵਿੱਚ ਕਾਸਟਰੋ ਨੇ ਜੋ ਭਾਸ਼ਣ ਦਿੱਤਾ- ਉਸਦਾ ਸੰਖੇਪ)
ਅਸੀਂ ਉਸ ਰਾਜ ਸੱਤਾ, ਉਸ ਗੈਰ-ਕਾਨੂੰਨੀ ਸੱਤਾ ਦੇ ਖਿਲਾਫ ਵਿਦਰੋਹ ਕੀਤਾ ਹੈ, ਜਿਸ ਨੇ ਦੇਸ਼ ਦੀ ਵਿਧਾਨ ਪਾਲਿਕਾ ਅਤੇ ਕਾਰਜ ਪਾਲਿਕਾ ਉੱਤੇ ਕਬਜ਼ਾ ਕਰਕੇ ਸਮੁੱਚੇ ਪ੍ਰਬੰਧ ਨੂੰ ਢਹਿ ਢੇਰੀ ਕਰ ਦਿੱਤਾ ਹੈ। ਬਟਿਸਟਾ ਦੀ ਫੌਜੀ ਤਾਨਾਸ਼ਾਹੀ ਨੇ ਲੋਕਾਂ ਦਰਮਿਆਨ ਭਰਮ ਫੈਲਾਇਆ ਹੈ ਕਿ ਅਧੁਨਿਕ ਹਥਿਆਰ ਤਾਨਾਸ਼ਾਹੀ ਨੂੰ ਸੱਤਾ ਤੋਂ ਹਟਾਉਣ ਵਿੱਚ ਕਾਮਯਾਬ ਨਹੀਂ ਹੁੰਦੇ। ਫੌਜੀ ਮਾਰਚਾਂ ਅਤੇ ਯੁੱਧ ਦੇ ਹਥਿਆਰਾਂ ਦੇ ਨਿਰੰਤਰ ਪ੍ਰਦਰਸ਼ਨਾਂ ਨਾਲ ਉਸਨੇ ਨਾ ਸਿਰਫ ਉਸ ਝੂਠ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਬਲਕਿ ਉਸਦੇ ਜ਼ਰੀਏ ਜਨਤਾ ਨੂੰ ਬੌਣਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਪਰ ਕੋਈ ਹਥਿਆਰ, ਕੋਈ ਹਿੰਸਾ ਉਹਨਾਂ ਲੋਕਾਂ ਨੂੰ ਰਾਹ ਤੋਂ ਨਹੀਂ ਹਟਾ ਸਕਦੀ, ਜਿਹਨਾਂ ਨੇ ਆਪਣੇ ਅਧਿਕਾਰ ਵਾਪਸ ਹਾਸਲ ਕਰਨ ਦਾ ਪ੍ਰਣ ਕਰ ਲਿਆ ਹੈ। ਹੁਣੇ ਹੁਣੇ ਬੋਲੀਵੀਆ ਵਿੱਚ ਇਨਕਲਾਬ ਹੋਇਆ, ਜਿਸ ਵਿੱਚ ਖਾਣ-ਮਜ਼ਦੂਰਾਂ ਨੇ ਡਾਇਨਾਮਾਈਟ ਦੀਆਂ ਛੜਾਂ ਨਾਲ ਫੌਜੀਆਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਲੇਕਿਨ ਖੁਸ਼ਕਿਸਮਤੀ ਨਾਲ ਸਾਨੂੰ ਕਿਊਬਾ ਵਿੱਚ ਲੋਕਾਂ ਨੂੰ ਵਿਦੇਸ਼ੀ ਉਦਾਹਰਨਾਂ ਤੋਂ ਪ੍ਰੇਰਨਾ ਲੈਣ ਦੀ ਜ਼ਰੂਰਤ ਨਹੀਂ ਹੈ। ਅਤੇ ਆਪਣੇ ਦੇਸ਼ ਦੇ ਇਨਕਲਾਬ ਦੀਆਂ ਮਿਸਾਲਾਂ ਜਿੰਨੀਆਂ ਪ੍ਰੇਰਨਾਦਾਇਕ ਹੋਣਗੀਆਂ ਓਨੀਆਂ ਹੋਰ ਕਿਸੇ ਦੇਸ਼ ਦੀਆਂ ਨਹੀਂ।
ਜਦ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਵਿੱਚ ਉਹ ਲੋਕ ਸ਼ਾਮਲ ਨਹੀਂ ਹਨ, ਜੋ ਅਰਾਮ ਦੀ ਜ਼ਿੰਦਗੀ ਜਿਉਂਦੇ ਹਨ, ਜੋ ਰੂੜ੍ਹੀਵਾਦੀ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਲੁੱਟ ਅਤੇ ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਦੀ ਹਿਮਾਇਤ ਕਰਦੇ ਹਨ। ਜਦੋਂ ਅਸੀਂ ਸੰਘਰਸ਼ ਦੀ ਗੱਲ ਕਰਦੇ ਹਾਂ ਤਾਂ ਸਾਡੇ ਜਿਹਨ ਵਿੱਚ ਉਹ ਵਿਸ਼ਾਲ ਲੁੱਟੀ ਜਾ ਰਹੀ ਜਨਤਾ ਹੁੰਦੀ ਹੈ, ਜਿਸਦੀ ਬੇਹਤਰੀ ਦਾ ਸਭ ਨੇ ਵਾਅਦਾ ਕੀਤਾ ਪਰ ਜਿਸ ਨੂੰ ਸਭ ਨੇ ਧੋਖਾ ਦਿੱਤਾ ਹੈ।
ਅਸੀਂ ਉਸ ਜਨਤਾ ਦੀ ਗੱਲ ਕਰਦੇ ਹਾਂ, ਜੋ ਬੇਹਤਰ ਦੁਨੀਆਂ, ਜ਼ਿਆਦਾ ਸਨਮਾਨ ਅਤੇ ਇੱਕ ਇਨਸਾਫਪਸੰਦ ਦੇਸ਼ ਚਾਹੁੰਦੀ ਹੈ। ਅਸੀਂ ਜਿਹਨਾਂ ਲੋਕਾਂ ਨੂੰ ਆਪਣੇ ਸੰਘਰਸ਼ ਵਿੱਚ ਨਾਲ ਲਿਆ ਹੈ, ਉਹ ਇਹ ਲੋਕ ਹਨ—
1. ਸੱਤ ਲੱਖ ਕਿਊਬੀਆਈ ਨਾਗਰਿਕ ਜਿਹਨਾਂ ਕੋਲ ਰੋਜ਼ਗਾਰ ਨਹੀਂ ਹੈ, ਜੋ ਇਮਾਨਦਾਰੀ ਨਾਲ ਰੋਟੀ-ਰੋਜ਼ੀ ਕਮਾਉਣਾ ਚਾਹੁੰਦੇ ਹਨ ਅਤੇ ਰੋਟੀ-ਰੋਜ਼ੀ ਲਈ ਬਦੇਸ਼ ਨਹੀਂ ਜਾਣਾ ਚਾਹੁੰਦੇ।
2. ਪੰਜ ਲੱਖ ਖੇਤ ਮਜ਼ਦੂਰ, ਜੋ ਝੁੱਗੀਆਂ ਝੌਪੜੀਆਂ ਵਿੱਚ ਜ਼ਿੰਦਗੀ ਗੁਜਾਰ ਰਹੇ ਹਨ, ਜੋ ਸਾਲ ਵਿੱਚ ਚਾਰ ਮਹੀਨੇ ਕੰਮ ਕਰਦੇ ਹਨ ਤੇ ਬਾਕੀ ਸਮਾਂ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਭੁੱਖੇ ਰਹਿੰਦੇ ਹਨ। ਜਿਹਨਾਂ ਕੋਲ ਖੇਤੀ ਲਈ ਇੱਕ ਗਿੱਠ ਜ਼ਮੀਨ ਨਹੀਂ ਹੈ ਅਤੇ ਜਿਹਨਾਂ ਦੀ ਦਰਦਨਾਕ ਸਥਿਤੀ ਕਿਸੇ ਵੀ ਅਜਿਹੇ ਆਦਮੀ ਦਾ ਦਿਲ ਪਸੀਜ਼ ਸਕਦੀ ਹੈ, ਜਿਸ ਦਾ ਦਿਲ ਪੱਥਰ ਦਾ ਨਾ ਹੋਵੇ।
3. ਚਾਰ ਲੱਖ ਸਨਅੱਤੀ ਮਜ਼ਦੂਰ, ਜਿਹਨਾਂ ਦੇ ਰਿਟਾਇਰਮੈਂਟ ਫੰਡ ਦਾ ਗਬਨ ਕਰ ਲਿਆ ਗਿਆ ਅਤੇ ਜਿਹਨਾਂ ਦੇ ਆਰਥਿਕ ਅਧਿਕਾਰ ਉਹਨਾਂ ਨੂੰ ਨਹੀਂ ਮਿਲੇ, ਜਿਹਨਾਂ ਲਈ ਘਰ ਦਾ ਮਤਲਬ ਹੈ, ਢਹਿ-ਢੇਰੀ ਹੋ ਚੁੱਕੇ ਖੋਲ੍ਹੇ, ਜਿਹਨਾਂ ਦਾ ਜੀਵਨ ਨਿਰੰਤਰ ਕੰਮ ਵਿੱਚ ਲੰਘਦਾ ਹੈ ਤੇ ਜਿਹਨਾਂ ਨੂੰ ਆਰਾਮ ਸਿਰਫ ਕਬਰ ਵਿੱਚ ਮਿਲ ਸਕਦਾ ਹੈ।
4. ਇੱਕ ਲੱਖ ਛੋਟੇ ਕਿਸਾਨ ਜੋ ਉਹਨਾਂ ਖੇਤਾਂ ਵਿੱਚ ਕੰਮ ਕਰਦੇ ਹਨ ਤੇ ਆਖਿਰ ਮਰ ਜਾਂਦੇ ਹਨ, ਜੋ ਉਹਨਾਂ ਦੇ ਨਹੀਂ ਹਨ।
5. ਤੀਹ ਹਜ਼ਾਰ ਅਧਿਆਪਕ ਅਤੇ ਪ੍ਰੋਫੈਸਰ ਜਿਹੜੇ ਆਪਣੇ ਕਿੱਤੇ ਪ੍ਰਤੀ ਬੇਹੱਦ ਇਮਾਨਦਾਰ ਹਨ ਪਰ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਯੋਗ ਸੇਵਾ ਫਲ ਨਹੀਂ ਮਿਲਦਾ।
6. ਵੀਹ ਹਜ਼ਾਰ ਛੋਟੇ ਵਪਾਰੀ, ਜਿਹੜੇ ਕਰਜ਼ੇ, ਆਰਥਿਕ ਸੰਕਟ ਅਤੇ ਸਰਕਾਰੀ ਅਧਿਕਾਰੀਆਂ ਦੀ ਤਾਨਾਸ਼ਾਹੀ ਦੇ ਭਾਰ ਹੇਠ ਦੱਬੇ ਹੋਏ ਹਨ।
7. ਦਸ ਹਜ਼ਾਰ ਨੌਜਵਾਨ ਪੇਸ਼ੇਵਰ ਯਾਨੀ ਡਾਕਟਰ ਇੰਜਨੀਅਰ, ਵਕੀਲ, ਦਵਾਈ ਵਿਕਰੇਤਾ, ਅਖਬਾਰਾਂ ਨਾਲ ਜੁੜੇ ਲੋਕ, ਪੇਂਟਰ ਅਤੇ ਮੂਰਤੀ-ਘਾੜੇ, ਸਕੂਲਾਂ ਤੋਂ ਡਿਗਰੀ ਲੈ ਕੇ ਨਿਕਲੇ ਇਹ ਲੋਕ ਕੰਮ ਕਰਨਾ ਚਾਹੁੰਦੇ ਹਨ ਅਤੇ ਆਸਾਂ ਨਾਲ ਭਰਪੂਰ ਹਨ ਪਰ ਉਹਨਾਂ ਲਈ ਨਾ ਸਿਰਫ ਸਾਰੇ ਦਰਵਾਜ਼ੇ ਬੰਦ ਹਨ, ਸਗੋਂ ਕੋਈ ਉਹਨਾਂ ਦੀ ਗੱਲ ਵੀ ਨਹੀਂ ਸੁਣਨਾ ਚਾਹੁੰਦਾ।
ਕਿਊਬਾ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਜਿਸਦੀ ਵਿਸ਼ਾਲ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ। ਦੇਸ਼ ਦੇ ਸ਼ਹਿਰ ਇਹਨਾਂ ਪਿੰਡਾਂ 'ਤੇ ਨਿਰਭਰ ਹਨ। ਇਹਨਾਂ ਪੇਂਡੂ ਲੋਕਾਂ ਨੇ ਹੀ ਕਿਊਬਾ ਨੂੰ ਆਜ਼ਾਦੀ ਦਿਵਾਈ। ਸਾਡੇ ਦੇਸ਼ ਦੀ ਖੁਸ਼ਹਾਲੀ ਪਿੰਡਾਂ ਦੇ ਲੋਕਾਂ ਦੀ ਸਿਹਤ ਅਤੇ ਬੇਹਤਰੀ 'ਤੇ ਨਿਰਭਰ ਕਰਦੀ ਹੈ। ਕਿਊਬਾ ਸੌਖਿਆਂ ਹੀ ਆਪਣੀ ਆਬਾਦੀ ਤੋਂ ਤਿੰਨ ਗੁਣਾਂ ਵੱਧ ਲੋਕਾਂ ਲਈ ਭੋਜਨ ਮੁਹੱਈਆ ਕਰਵਾਉਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਉੱਥੇ ਦੀ ਮੌਜੂਦਾ ਗਰੀਬੀ ਲਈ ਕੋਈ ਬਹਾਨਾ ਨਹੀਂ ਚੱਲੇਗਾ। ਬਜ਼ਾਰ ਸਮਾਨ ਨਾਲ ਭਰੇ ਹੋਣੇ ਚਾਹੀਦੇ ਹਨ ਅਤੇ ਸਾਰੇ ਹੱਥਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ। ਪਰ ਕਿਸੇ ਦਾ ਭੁੱਖੇ ਸੌਣਾ ਅਤੇ ਬੱਚਿਆਂ ਦਾ ਇਲਾਜ ਬਾਝੋਂ ਮਰ ਜਾਣਾ ਹੈਰਾਨੀਜਨਕ ਹੈ। ਹੈਰਾਨੀਜਨਕ ਇਹ ਵੀ ਗੱਲ ਹੈ ਕਿ ਖੇਤੀ ਵਿੱਚ ਲੱਗੀ 30 ਫੀਸਦੀ ਆਬਾਦੀ ਆਪਣਾ ਨਾ ਲਿਖਣਾ ਨਹੀਂ ਜਾਣਦੀ ਅਤੇ ਉਹਨਾਂ ਦੇ 99 ਫੀਸਦੀ ਲੋਕ ਕਿਊਬਾ ਦੇ ਇਤਿਹਾਸ ਬਾਰੇ ਕੁੱਝ ਨਹੀਂ ਜਾਣਦੇ।
ਜੋ ਮੈਨੂੰ ਸੁਪਨਸਾਜ ਕਹਿੰਦੇ ਹਨ, ਉਹਨਾਂ ਵਾਸਤੇ ਮੈਂ ਕਿਊਬਾ ਦੀ ਆਜ਼ਾਦੀ ਦੇ ਨਾਇਕ ਜੋਸ ਮਾਰਤੀ ਦੀ ਇੱਕ ਟਿਪਣੀ ਦਾ ਜ਼ਿਕਰ ਕਰਦਾ ਹੈ ''ਸੱਚਾ ਆਦਮੀ ਉਹ ਰਾਸਤਾ ਨਹੀਂ ਚੁਣਦਾ, ਜਿੱਥੇ ਫਾਇਦੇ ਹੁੰਦੇ ਹਨ, ਸਗੋਂ ਉਹ ਰਸਤਾ ਚੁਣਦਾ ਹੈ, ਜਿਸ 'ਤੇ ਤੁਰਨਾ ਉਸਦਾ ਫਰਜ਼ ਹੈ। ਤੇ ਉਹ ਆਦਮੀ ਅਮਲੀ (ਵਿਹਾਰਕ) ਹੁੰਦਾ ਹੈ, ਜਿਸ ਦੇ ਅੱਜ ਦੇ ਸੁਪਨੇ ਦਾ ਕੱਲ੍ਹ ਕਾਨੂੰਨ ਬਣੇਗਾ, ਕਿਉਂਕਿ ਉਸਨੇ ਸਭਿਅਤਾਵਾਂ ਨੂੰ ਢਹਿ ਢੇਰੀ ਹੁੰਦੇ ਦੇਖਿਆ ਹੈ, ਜੋ ਸਦੀਆਂ ਤੱਕ ਖੂਨੀ ਸੰਘਰਸ਼ ਵਿੱਚ ਕੁਰਲਾਉਂਦਾ ਰਿਹਾ ਹੈ, ਉਹ ਜਾਣਦਾ ਹੈ ਕਿ ਲੋਕਾਂ ਦੀ ਬੇਹਤਰੀ ਦਾ ਭਵਿੱਖ ਹੀ ਉਸਦਾ ਕਰਤੱਵ ਹੈ।
ਹਿਰਾਸਤ ਮੇਰੇ ਲਈ ਵੀ ਓਨੀ ਹੀ ਤਕਲੀਫਦੇਹ ਹੈ, ਜਿੰਨੀ ਕਿਸੇ ਦੂਸਰੇ ਆਦਮੀ ਲਈ। ਜੇਲ੍ਹ ਆਖਿਰਕਾਰ ਡਰਪੋਕ ਲੋਕਾਂ ਦੁਆਰਾ ਦਿੱਤੀ ਜਾਣ ਵਾਲੀ ਧਮਕੀ ਅਤੇ ਸ਼ੈਤਾਨੀ ਜ਼ੁਲਮ ਦਾ ਦੂਸਰਾ ਨਾਮ ਹੈ। ਪਰ ਮੈਂ ਜੇਲ੍ਹ ਤੋਂ ਨਹੀਂ ਡਰਦਾ, ਉਸੇ ਤਰ੍ਹਾਂ ਜਿਵੇਂ ਉਸ ਤਾਨਾਸ਼ਾਹ ਦੇ ਗੁੱਸੇ ਤੋਂ ਜਿਸ ਨੇ ਮੇਰੇ ਸੱਤਰ ਭਰਾਵਾਂ ਨੂੰ ਮਾਰ ਮੁਕਾਇਆ। ਮੇਰੀ ਨਿੰਦਿਆ ਕਰੋ। ਉਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਇਤਿਹਾਸ ਮੇਰੇ ਨਾਲ ਇਨਸਾਫ ਕਰੇਗਾ।

No comments:

Post a Comment