Wednesday, 28 December 2016

ਦਹਿਸ਼ਤਗਰਦੀ ਦੇ ਨਾਂ ਹੇਠ ਮੁਸਲਿਮ ਨੌਜਵਾਨਾਂ ਦਾ ਕਤਲੇਆਮ

ਦਹਿਸ਼ਤਗਰਦੀ ਦੇ ਨਾਂ ਹੇਠ ਮੁਸਲਿਮ ਨੌਜਵਾਨਾਂ ਦਾ ਕਤਲੇਆਮ
ਆਰ.ਐਸ.ਐਸ. ਦੀ ਅਗਵਾਈ ਵਾਲੀ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਆਰ.ਐਸ.ਐਸ. ਵੱਲੋਂ ਵਿਉਂਤਿਆ ਅਤੇ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਆਪਣੇ ਅਧੀਨ ਦਰਜ਼ਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਗੇ ਵਧਾਇਆ ਜਾ ਰਿਹਾ ਮਿਸ਼ਨ-2016 ਜਾਰੀ ਹੈ। ਆਰ.ਐਸ.ਐਸ. ਦੇ ਏਜੰਡੇ ਹਿੰਦੂ ਰਾਸ਼ਟਰ ਦੀ ਸਾਥਪਤੀ ਲਈ ਕਮਿਊਨਿਸਟ ਇਨਕਲਾਬੀਆਂ (ਖਾਸ ਕਰਕੇ ਸੀ.ਪੀ.ਆਈ. (ਮਾਓਵਾਦੀ) ਤੇ ਉਸਦੀ ਅਗਵਾਈ ਹੇਠਲੀ ਲਹਿਰ ਦਾ ਲੱਕ ਤੋੜਨਾ, ਧਾਰਮਿਖ ਘੱਟ ਗਿਣਤੀਆਂ ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਨੂੰ ਬਦਨਾਮ ਕਰਕੇ ਦੇਸ਼ ਧਰੋਹੀ ਦੇ ਲੇਬਲ ਲਾ ਕੇ ਤਸ਼ੱਦਦ ਦਾ ਨਿਸ਼ਾਨਾ ਬਣਾਉਣਾ ਅਤੇ ਹੋਰ ਘੱਟ ਗਿਣਤੀਆਂ ਨੂੰ ਡਰਾ ਕੇ ਰੱਖਣ ਸਮੇਤ ਆਪਣੇ ਹੱਕਾਂ ਲਈ ਜਾਗਰੂਕ ਹੋ ਰਹੀ ਦਲਿਤ ਜਨਤਾ ਅਤੇ ਹੋਰ ਸੰਘਰਸ਼ਸ਼ੀਲ ਅਤੇ ਜਮਹੂਰੀ ਲੋਕਾਂ ਨੂੰ ਹਿੰਦੂ ਰਾਸ਼ਟਰ ਦੇ ਰਾਹ ਦਾ ਰੋੜਾ ਸਮਝਦਿਆਂ ਉਹਨਾਂ 'ਤੇ ਹਮਲੇ ਕਰਕੇ ਹਰ ਤਰਕ, ਅਸਹਿਮਤੀ ਅਤੇ ਵਿਰੋਧ ਦੀ ਆਵਾਜ਼ ਨੂੰ ਕੁਚਲਣਾ ਹੈ।
ਸਿਮੀ ਕਾਰਕੁੰਨਾਂ ਦਾ ਕਤਲੇਆਮ
31 ਅਕਤੂਬਰ 2016 ਨੂੰ ਅੱਠ ਮੁਸਲਿਮ ਨੌਜਵਾਨਾਂ ਅਮਜ਼ਦ ਖਾਨ, ਮਹਿਬੂਬ ਉਰਫ ਗੁੱਡੂ, ਜ਼ਾਕਿਰ ਹੁਸੈਨ ਮੁਹੰਮ ਦ ਸਲੀਕ ਅਕੀਲ ਖਿਲਜੀ, ਮੁਹੰਮਦ ਖਾਲਿਦ, ਮੁਜ਼ੀਬ ਸ਼ੇਖ ਅਤੇ ਮਜ਼ੀਦ ਅਲੀ ਨੂੰ ਦਿਨ ਦਿਹਾੜੇ ਝੂਠੇ ਪੁਲਸ ਮੁਕਾਬਲੇ ਵਿੱਚ ਮਾਰ ਕੇ ਇਹ ਐਲਾਨ ਕੀਤਾ ਗਿਆ ਕਿ ਇਹ ਖੂੰਖਾਰ ਦਹਿਸ਼ਤਗਰਦ ਸਿਮੀ (ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ) ਦੇ ਸੁਣਵਾਈ ਅਧੀਨ ਕੈਦੀ ਸਨ ਜੋ ਅੰਤਰਰਾਸ਼ਟਰੀ ਮਾਪਦੰਡਾ 'ਤੇ ਪੁਰੀ ਉੱਤਰੀ (ਪ੍ਰਮਾਣਿਤ) ਭੋਪਾਲ ਦੀ ਅਤਿ ਅਧੁਨਿਕ ਅਤੇ ਸੁਰੱਖਿਅਤ ਜੇਲ੍ਹ ਵਿੱਚੋਂ ਇੱਕ ਸੁਰੱਖਿਆ ਕਰਮਚਾਰੀ ਨੂੰ ਮਾਰ ਕੇ ਭੱਜ ਨਿੱਕਲੇ ਸਨ। ਜੇਲ੍ਹ ਅਧਿਕਾਰੀਆਂ ਦੀ ਕਹਾਣੀ ਮੁਤਾਬਕ ਖਤਰਨਾਕ ਦਹਿਸ਼ਤਗਰਦਾਂ ਨੇ ਦੰਦਾਂ ਵਾਲੇ ਬੁਰਸ਼ ਅਤੇ ਥਾਲੀਆਂ ਤੋਂ ਚਾਬੀਆਂ ਤਿਆਰ ਕਰਕੇ ਆਪਣੇ ਸੈਲਾਂ ਦੇ ਤਾਲੇ ਖੋਲ੍ਹੇ— ਇੱਕ ਡਿਊਟੀ ਹਵਾਲਦਾਰ ਨੂੰ ਮਾਰ ਮੁਕਾਇਆ ਅਤੇ ਉਸਦੇ ਮਾਤਹਿਤ ਨੂੰ ਇੱਕ ਸੈਲ ਵਿੱਚ ਬੰਨ ਦਿੱਤਾ ਅਤੇ 28-30 ਫੁੱਟ ਉੱਚੀਆਂ ਦੀਵਾਰਾਂ ਨੂੰ ਬਿਸਤਰਿਆਂ ਵਾਲੀਆਂ ਚਾਦਰਾਂ ਦੀ ਵਰਤੋਂ ਕਰਦਿਆਂ ਟੱਪਿਆ ਅਤੇ ਖੁੱਲ੍ਹੇ ਗੇਟ ਰਾਹੀਂ ਸਵੇਰੇ 3 ਵਜੇ ਫਰਾਰ ਹੋ ਗਏ। 11 ਵਜੇ ਬਹਾਦਰ ਪੁਲਸ ਨੇ ਉੱਥੋਂ 10 ਕਿਲੋਮੀਟਰ ਦੂਰ ਦਿਹਾਤੀ ਇਲਾਕੇ ਵਿੱਚ ਇੱਕ ਪਥਰੀਲੀ ਪਹਾੜੀ 'ਤੇ ਲੋਕਾਂ ਦੀ ਮੱਦਦ ਨਾਲ ਉਹਨਾਂ ਨੂੰ ਮਾਰ ਮੁਕਾਇਆ। ਜੇਲ੍ਹ ਅਧਿਕਾਰੀ ਅਤੇ ਕੁੱੱਝ ਮੰਤਰੀ ਜੋ ਇਸ ਮਾਮਲੇ ਬਾਰੇ ਜਾਣਕਾਰੀ ਦੇ ਰਹੇ ਸਨ ਤੋਂ ਇਲਾਵਾ ਇੱਕ ਉੱਚ ਪੁਲਸ ਅਧਿਕਾਰੀ ਜੋ ਤੁਰੰਤ ਮੌਕੇ 'ਤੇ ਪਹੁੰਚਿਆ ਅਤੇ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਠਾਕੁਰ ਦੇ ਅੱਡ ਅੱਡ ਬਿਆਨ ਹਕੀਕਤ ਨੂੰ ਸਾਫ ਕਰ ਦਿੰਦੇ ਹਨ।
ਜੇਲ੍ਹ ਪ੍ਰਸਾਸ਼ਨ ਅਨੁਸਾਰ ਉਹ ਆਪੇ ਸੈਲਾਂ ਵਿਚੋਂ ਨਿਕਲੇ। ਦੰਦ ਸਾਫ ਕਰਨ ਵਾਲੇ ਬੁਰਸ਼ ਅਤੇ ਭਾਂਡਿਆਂ ਤੋਂ ਬਣੀਆਂ ਚਾਬੀਆਂ ਨਾਲ ਤਾਲੇ ਖੋਲ੍ਹੇ। ਚੰਦਨ ਆਹੀਰਵਾਰ ਪਕੜ ਕੇ ਬੰਨ੍ਹਿਆ, ਦੂਸਰੇ ਕਰਮੀ (ਹਵਾਲਦਾਰ ਰਾਮਾਸ਼ੰਕਰ ਯਾਦਵ) ਨੂੰ ਮਾਰਿਆ, ਇੱਕ ਕੰਧ ਟੱਪੀ, ਦੂਜੀ ਟੱਪੀ ਅਤੇ ਬਿਸਤਰਿਆਂ ਦੀਆਂ ਚਾਦਰਾਂ ਦੀਆਂ ਪੌੜੀਆਂ ਬਣਾ ਕੇ ਤੀਸਰੀ ਕੰਧ ਦੇ ਪਾਰ ਉੱਤਰੇ ਤੇ ਦੌੜ ਗਏ। ਜਦੋਂ ਉਹਨਾਂ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਬਾਰੇ ਪੁੱਛਿਆ ਤਾਂ ਜੁਆਬ ਸੀ ਕਿ ਸੈਲਾਂ ਦੇ ਬਾਹਰ ਤੇ ਜੋ ਕੰਧਾਂ ਇਹਨਾਂ ਟੱਪੀਆਂ, ਉੱਥੇ ਲੱਗੇ ਕੈਂਮਰੇ ਕੰਮ ਨਹੀਂ ਕਰ ਰਹੇ ਸਨ। ਦੋ ਕੰਧਾਂ 8-8 ਫੁੱਟ ਅਤੇ ਇੱਕ 20-32 ਫੁੱਟ ਦੀ ਸੀ ਪ੍ਰੰਤੂ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਕੋਈ ਕੈਮਰਾ (ਸੀ.ਸੀ.ਟੀ.ਵੀ.) ਕੋਈ ਗਾਰਡ ਜਾਂ ਸੁਰੱਖਿਆ ਟਾਵਰ ਉਹਨਾਂ ਨੂੰ ਨਹੀਂ ਸੀ ਦੇਖ ਸਕਦਾ ਕਿਉਂਕਿ ਜੋ ਜਗਾਹ ਉਹਨਾਂ ਚੁਣੀ ਉੱਥੇ ਅਜਿਹਾ ਕੁੱਝ ਨਹੀਂ ਸੀ। ਇਹ ਬਾਹਰ ਗੇਟ ਕੋਲ ਸੀ ਜਦੋਂ ਕਿ ਹਕੀਕਤ ਇਹ ਹੈ ਕਿ ਇਹ ਜਗਾਹ ਗਾਰਡਾਂ ਦੀ ਨਜ਼ਰ ਤੇ ਪਹੁੰਚ ਤੋਂ ਦੂਰ ਨਹੀਂ ਸੀ। ਜੇਲ੍ਹ ਅਧਿਕਾਰੀਆਂ ਦੇ ਉਲਟ ਮੰਤਰੀ ਕੋਈ ਕੈਮਰਾ (ਬਾਹਰ ਵਾਰ) ਹੋਣ ਤੋਂ ਇਨਕਾਰ ਕਰਦਾ ਹੈ। ਮ੍ਰਿਤਕਾਂ ਦੇ ਵਕੀਲ ਪ੍ਰਵੇਜ ਆਲਮ ਦਾ ਕਹਿਣਾ ਹੈ ਕਿ 32 ਫੁੱਟ ਉੱਚੀ ਕੰਧ ਪਾਰ ਹੋ ਹੀ ਨਹੀਂ ਸਕਦੀ, ਜੇ ਉਹਨਾਂ ਕਰ ਹੀ ਲਈ ਤਾਂ ਫੇਰ ਉਹ ਛੋਟੀ ਕੰਧ ਦਾ ਗੇਟ ਕਿਉਂ ਤੋੜਨਗੇ? ਸਪੱਸ਼ਟ ਤੌਰ 'ਤੇ ਉਹਨਾਂ ਨੂੰ ਦਹਿਸ਼ਤਵਾਦ ਵਿਰੋਧੀ ਦਸਤੇ ਵੱਲੋਂ ਇੱਕ ਗੱਡੀ ਵਿੱਚ ਪੈਕ ਕਰਕੇ ਘਟਨਾ ਸਥਾਨ 'ਤੇ ਲਿਆਂਦਾ ਗਿਆ।
ਆਪਣਾ ਆਪਣਾ ਰਾਗ
ਘਟਨਾ ਸਥਾਨ ਦਾ ਸਿਰਜਿਆ ਮਾਹੌਲ ਕੋਈ ਸ਼ੱਕ ਨਹੀਂ ਰਹਿਣ ਦਿੰਦਾ ਕਿ ਅਸਲੀਅਤ ਕੀ ਹੈ? ਸਰਪੰਚ ਮੋਹਨ ਕੁਮਾਰ ਮੀਨਾ ਦਾ ਕਹਿਣਾ ਹੈ ਕਿ ਸਵੇਰੇ ਸੱਤ ਵਜੇ ਮੈਨੂੰ ਪੁਲਸ ਨੇ ਭੋਪਾਲ ਜੇਲ੍ਹ 'ਚੋਂ ਭੱਜੇ ਕੈਦੀਆਂ ਬਾਰੇ ਸਾਵਧਾਨ ਕੀਤਾ। ਸਾਡੇ ਪਿੰਡ ਵਿੱਚੋਂ ਲੰਘਦੇ ਦਰਿਆ ਵਿੱਚ ਪਹਿਲਾਂ ਇੱਕ ਫਿਰ ਅੱਠ ਬੰਦੇ ਵੇਖੇ ਅਤੇ ਸਵਾ ਨੌਂ  ਵਜੇ ਸਥਾਨਕ ਥਾਣਾ ਮੁਖੀ ਨੂੰ ਸੂਚਿਤ ਕੀਤਾ ਅਤੇ 10 ਵਜੇ ਮੁਕਬਲਾ ਸ਼ੁਰੂ ਹੋ ਕੇ ਅੱਧੇ ਘੰਟੇ ਵਿੱਚ ਉਹ ਮਾਰੇ ਗਏ। ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ। ਪੁਲਸ ਅਧਿਕਾਰੀਆਂ ਅਨੁਸਾਰ ਜੇਲ੍ਹ ਟੁੱਟਣ ਤੋਂ ਬਾਅਦ 4 ਕੰਪਨੀਆਂ ਲਾਈਆਂ ਗਈਆਂ ਤੇ ਲੋਕਾਂ ਨੂੰ ਚੌਕਸ ਕੀਤਾ ਅਤੇ 300 ਕਰਮੀਆਂ ਨੇ ਭਾਗ ਲਿਆ। ਸਾਨੂੰ ਸਾਢੇ ਦਸ ਵਜੇ ਪਹਿਲੀ ਸੂਚਨਾ ਮਿਲੀ ਅਤੇ ਦੂਸਰੀ 11 ਵਜੇ। ਦੂਸਰੇ ਪੇਂਡੂ ਲੋਕਾਂ, ਕਮਲੇਸ਼ ਮੀਨਾ ਅਤੇ ਸ਼ਿਆਮ ਸਿੰਘ ਜੋ ਨੇੜਲੇ ਪਿੰਡਾਂ ਅੱਛਰ ਪੁਰਾ ਤੋਂ ਸਨ, ਨੇ ਕਿਹਾ ਕਿ ਸਰਪੰਚ ਝੂਠ ਬੋਲ ਰਿਹਾ ਹੈ। ਫਾਇਰਿੰਗ ਸਿਰਫ ਪੁਲਸ ਵੱਲੋਂ ਹੀ ਹੋਈ। ਸਥਾਨਕ ਲੋਕਾਂ ਦੇ ਬਿਆਨਾਂ ਵਿੱਚ ਐਨਾ ਫਰਕ ਇਹ ਸਿੱਧ ਕਰਦਾ ਹੈ ਕਿ ਸਾਰੇ ਅਪ੍ਰੇਸ਼ਨ ਵਿੱਚ ਬਹੁਤ ਉੱਚ ਅਧਿਕਾਰੀਆਂ ਦੀ ਖੁਦ ਸ਼ਮੂਲੀਅਤ ਤੇ ਵਿਉਂਤਬੰਦੀ ਹੈ।
ਦਹਿਸ਼ਤਗਰਦੀ ਵਿਰੋਧੀ ਸਕੁਐਡ ਦੇ ਮੁਖੀ ਸੰਜੀਵ ਸੰਮੀ ਨੇ ਐਨ.ਡੀ.ਟੀ.ਵੀ. (ਚੈਨਲ) ਨੂੰ ਦੱਸਿਆ ਕਿ ਸੁਰੱਖਿਆ ਫੋਰਸਾਂ 'ਤੇ ਕੋਈ ਫਾਇਰਿੰਗ ਨਹੀਂ ਹੋਈ, ਕਿਉਂਕਿ ਸਿਮੀ ਕਾਰਕੁਨਾਂ ਕੋਲ ਕੋਈ ਹਥਿਆਰ ਨਹੀਂ ਸਨ, ਪਰ ਫਿਰ ਵੀ ਸੁਰੱਖਿਆ ਫੋਰਸ ਦੀ ਵਰਤੋਂ ਕਾਨੂੰਨ ਅਨੁਸਾਰ ਸੀ। ਇਹ ਬਿਆਨ ਉਸਦੇ ਬਿਲਕੁੱਲ ਉਲਟ ਸੀ ਜੋ ਆਈ.ਜੀ. ਭੋਪਾਲ ਯੋਗੇਸ਼ ਚੌਧਰੀ ਨੇ ਦਿੱਤਾ ਸੀ ਕਿ ਸਿਮੀ ਦੇ ਅੱਤਵਾਦੀ ਜੁਆਬੀ ਫਾਇਰਿੰਗ ਵਿੱਚ ਮਾਰੇ ਗਏ ਅਤੇ ਕਿ ਉਹਨਾਂ ਦੇ ਕੋਲੋਂ ਦੇਸੀ ਪਿਸਤੌਲ ਤੇ ਚਾਕੂ ਬਰਾਮਦ ਹੋਏ। ਇਹ ਉਸਨੇ ਅਧਿਕਾਰਤ ਪ੍ਰੈਸ ਕਾਨਫਰੰਸ ਜੋ ਘਟਨਾ ਤੋਂ ਬਾਅਦ ਪਹਿਲਾ ਸਰਕਾਰੀ ਐਲਾਨ ਸੀ, ਵਿੱਚ ਦਿੱਤਾ।
ਇਹਨਾਂ ਦੋ-ਦੋ ਬਿਆਨਾਂ ਬਾਰੇ ਭੁਪਿੰਦਰ ਸਿੰਘ ਠਾਕੁਰ ਕਹਿੰਦਾ ਹੈ ''ਦੇਖੀਏ ਕਿਆ ਹੋਤਾ ਹੈ, ਮੌਕੇ ਪਰ ਤੋ ਕੋਈ ਹੋਤਾ ਨਹੀਂ, ਤੋ ਜਿਸ ਕੋ ਜਿਤਨੀ ਜਾਨਕਾਰੀ ਹੈ ਵੋਹ ਬਤਾਤੇ ਹੈ। ਮੌਕੇ ਪੇ ਤੋ ਕੋਈ ਥਾ ਨਹੀਂ.. ਜਿਤਨੀ ਜਾਨਕਾਰੀ ਅਧਿਕਾਰੀਉਂ ਸੇ ਮਿਲਤੀ ਹੈ, ਉਤਨਾ ਫਿਰ ਪੁਲੀਟੀਕਲ ਲੋਗ ਸਰਕਾਰ ਕੇ ਲੋਗ ਬ੍ਰੀਫ ਕਰ ਪਾਤੇ ਹੈਂ। ਤੋ ਉਨਮੇਂ ਅਗਰ ਨੀਚੇ ਸੇ ਕੋਈ ਚੀਜ਼ ਆਤੀ ਹੈ ਤੋ ਵੋਹ ਬ੍ਰੀਫ ਹੋਤੀ ਹੈ।'' ਠਾਕੁਰ ਦਾ ਕਹਿਣਾ ਹੈ ਕਿ ਜੇਲ੍ਹ ਟੁੱਟਣ ਤੇ ਪੁਲਸ ਮੁਕਾਬਲੇ ਦੀਆਂ ਵੱਖ ਵੱਖ ਜਾਂਚਾਂ ਕਰਵਾਈਆਂ ਜਾਣਗੀਆਂ, ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰ ਦੇਣਗੀਆਂ। ਮੁੱਖ ਮੰਤਰੀ ਸ਼ਿਵਰਾਜ ਚੌਹਾਨ ਹਾਈਕੋਰਟ ਦੇ ਸਾਬਕਾ ਜੱਜ ਤੋਂ ਜਾਂਚ ਦੇ ਬਿਆਨ ਦੇ ਰਿਹਾ ਹੈ। ਕਦੇ ਰਾਸ਼ਟਰੀ ਜਾਂਚ ਏਜੰਸੀ ਤੋਂ (ਐਨ.ਆਈ.ਏ.) ਜਾਂਚ ਦੀ ਗੱਲ ਕਰਦਾ ਹੈ ਤੇ ਅਖੀਰ ਵਿੱਚ (ਐਸ.ਆਈ.ਟੀ.) ਸਪੈਸ਼ਲ ਜਾਂਚ ਟੀਮ ਜੋ ਮੁੱਖ ਤੌਰ 'ਤੇ ਰਾਜ ਦੇ ਪੁਲਸ ਅਫਸਰਾਂ 'ਤੇ ਆਧਾਰਤ ਹੋਵੇਗੀ ਜਾਂਚ ਕਰੇਗੀ ਅਤੇ ਬਾਅਦ ਵਿੱਚ ਡੀ.ਜੀ.ਪੀ. ਪੁਲਸ ਨੰਦਨ ਦੂਬੇ ਤੋਂ ਜਾਂਚ ਕਰਵਾਉਣ ਦੀ ਗੱਲ ਕਰਦਾ ਹੈ।
ਪ੍ਰਬੀਨ ਆਲਮ ਦਾ ਕਹਿਣਾ ਹੈ ਕਿ ਜੇਲ੍ਹ 'ਚੋਂ ਭੱਜਣ ਤੋਂ ਬਾਅਦ ਸਾਰੇ ਦੋਸ਼ੀ ਇੱਕੋ ਹੀ ਦਿਸ਼ਾ ਵਿੱਚ ਕਿਉਂ ਦੌੜੇ? ਜਦ ਕਿ ਆਮ ਜੇਲ੍ਹ ਤੋਂ ਫਰਾਰੀ ਦਾ ਵਰਤਾਰਾ ਇਹ ਹੁੰਦਾ ਹੈ ਕਿ ਸਭ ਲੋਕ ਵੱਖ ਵੱਖ ਦਿਸ਼ਾਵਾਂ ਵਿੱਚ ਭੱਜਦੇ ਹਨ ਅਤੇ ਫਿਰ ਮਸਲਾ ਠੰਡਾ ਹੋਣ 'ਤੇ ਕਿਸੇ ਇੱਕ ਥਾਂ ਇਕੱਠੇ ਹੁੰਦੇ ਹਨ। ਇਸ ਕੇਸ ਵਿੱਚ ਉਹ ਇੱਕੋ ਦਿਸ਼ਾ ਵਿੱਚ ਹੀ ਕਿਉਂ ਭੱਜੇ? ਸਾਰੇ ਦੋਸ਼ੀ ਜੇ ਇੱਕੋ ਜਿਹੀਆਂ ਵਰਦੀਆਂ, ਜ਼ੀਨ ਬੈਲਟਾਂ ਨਵੇਂ ਬੂਟ, ਟੀ-ਸ਼ਰਟਾਂ, ਬਿਸਕੁੱਟ, ਬਦਾਮ, ਕਿਸ਼ਮਿਸ਼ ਤੇ ਹਥਿਆਰ ਹਾਸਲ ਕਰ ਸਕਦੇ ਸਨ ਤਾਂ ਉਹ ਚੁੱਕਣ ਵਾਸਤੇ ਇੱਕ ਗੱਡੀ ਦਾ ਪ੍ਰਬੰਧ ਕਿਉਂ ਨਹੀਂ ਕਰ ਸਕੇ? ਤੇ ਪੈਦਲ ਇੱਕੋ ਦਿਸ਼ਾ ਵਿੱਚ ਭੱਜਦੇ ਰਹੇ ਤੇ ਅੱਠ ਘੰਟੇ ਵਿੱਚ 10 ਕਿਲੋਮੀਟਰ ਭੱਜ ਕੇ ਪੁਲਸ ਦਾ ਇੰਤਜ਼ਾਰ ਕਰਦੇ ਰਹੇ।
ਘਟਨਾ ਤੋਂ ਤਿੰਨ ਦਿਨ ਬਾਅਦ ਸਾਹਮਣੇ ਆਈਆਂ ਵੀਡੀਓ ਅਤੇ ਆਡੀਓ ਰਿਕਾਰਡਿੰਗ ਹੋਰ ਸਪੱਸ਼ਟ ਕਰ ਦਿੰਦੀਆਂ ਹਨ। ਇੱਕ ਵੀਡੀਓ ਵਿੱਚ ਸਪੱਸ਼ਟ ਹੈ ਕਿ ਸਾਰੇ ਕਾਰਕੁੰਨ ਨਿਹੱਥੇ ਪਹਾੜੀ 'ਤੇ ਹੱਥ ਖੜ੍ਹੇ ਕਰਕੇ ਆਤਮ ਸਮਰਪਨ ਕਰਨ ਦੀ ਮੁਦਰਾ (ਅੰਦਾਜ਼) ਵਿੱਚ ਹਨ, ਉਹ ਪਿੱਛੇ ਨਹੀਂ ਜਾ ਸਕਦੇ ਕਿਉਂਕਿ ਪਿੱਛੇ ਡੂੰਘੀ ਖਾਈ ਹੈ। ਇੱਕ ਪੁਲਸ ਵਾਲਾ ਇੱਕ ਪ੍ਰਤੱਖ ਤੌਰ 'ਤੇ ਜਖਮੀ ਕਾਰਕੁਨ ਨੂੰ ਪੱਧਰੀ ਚਟਾਨ 'ਤੇ ਡਿਗੇ ਹੋਏ ਨੂੰ ਗੋਲੀਆਂ ਮਾਰ ਰਿਹਾ ਹੈ। ਵੀਡੀਓ ਸਪੱਸ਼ਟ ਕਰਦੀ ਹੈ ਕਿ ਸਿਮੀ ਕਾਰਕੁੰਨ ਆਸਾਨੀ ਨਾਲ ਗ੍ਰਿਫਤਾਰ ਕੀਤੇ ਜਾ ਸਕਦੇ ਸਨ, ਪਰ ਗ੍ਰਿਫਤਾਰ ਹੋਣ 'ਤੇ ਉਹ ਸਾਰਾ ਮਾਜਰਾ ਸਾਹਮਣੇ ਆ ਸਕਦਾ ਸੀ ਕਿ ਉਹਨਾਂ ਨੂੰ ਕਿਸ ਦਾ ਚਾਰਾ ਬਣਾਇਆ ਜਾ ਰਿਹਾ ਸੀ। ਇੱਕ ਹੋਰ ਕਲਿੱਪ ਵਿੱਚ ਕੋਈ ਦੂਸਰਿਆਂ ਨੂੰ ਹਿਦਾਇਤਾਂ ਦੇ ਰਿਹਾ ਸੀ, ''ਸਭ ਕੋ ਨਿਪਟਾ ਦੋ'' ਹਰੇਕ ਨੂੰ ਖਤਮ ਕਰ ਦਿਓ। ''ਬਿਲਕੁੱਲ ਪੀਛੇ ਨਹੀਂ ਹਟਨਾ ਹੈ, ਘੇਰ ਕੇ ਪੂਰਾ ਕਰ ਦੋ ਕਾਮ ਤਮਾਮ।'' ਬਿੱਲਕੁੱਲ ਪਿੱਛੇ ਨਾ ਹਟੋ, ਘੇਰੋ ਤੇ ਸਾਰਿਆਂ ਨੂੰ ਖਤਮ ਕਰ ਦੋ।) ਇੱਕ ਹੋਰ ਕਲਿੱਪ ਵਿੱਚ ਲੋਕ ਇੱਕ ਵਿਅਕਤੀ ਦੇ ਪਿੱਛੇ ਵਾਹ ਵਾਹ ਕਰਦੇ ਹਨ ਜੋ ਐਲਾਨ ਕਰਦਾ ਹੈ ਕਿ ਸਾਰੇ ਅੱਠੇ ਮਾਰੇ ਗਏ ਹਨ। ''ਸਰ ਬਧਾਈ ਹੋ, ਆਠੋਂ ਮਾਰੇ ਗਏ'' (ਵਧਾਈਆਂ ਹੋਣ ਸਾਰੇ ਅਠੇ ਮਰ ਗਏ।) ''ਵੈਰੀ ਗੁੱਡ, ਵੈਰੀ ਗੁੱਡ, ਅਸੀਂ ਉੱਥੇ ਪਹੁੰਚ ਰਹੇ ਹਾਂ, ਕਮਾਂਡਿੰਗ ਅਫਸਰ ਬੋਲਦਾ ਹੈ, ਸੁਣਿਆ ਜਾਂਦਾ ਹੈ। ਇਸ ਤੋਂ ਇਲਾਵਾ ਸਾਰੇ ਕਾਰਕੁੰਨਾਂ ਨੂੰ ਕਮਰ ਤੋਂ ਉਪਰ ਤੇ ਛਾਤੀ ਤੋਂ ਥੱਲੇ ਗੋਲੀਆਂ ਮਾਰੀਆਂ ਗਈਆਂ ਹਨ। ਇੱਕ ਹੋਰ ਵੀਡੀਓ ਵਿੱਚ ਇੱਕ ਪੁਲਸ ਵਾਲਾ ਮਰੇ ਹੋਏ ਵਿਅਕਤੀ ਦੇ ਗੋਲੀਆਂ ਮਾਰ ਰਿਹਾ ਅਤੇ ਦੂਸਰਾ ਇਹ ਕਹਿੰਦਾ ਸੁਣਿਆ ਜਾਂਦਾ ਹੈ ਕਿ ''ਇਹ ਅਜੇ ਪੂਰੀ ਤਰ੍ਹਾਂ  ਨਹੀਂ ਮਰਿਆ।''
ਸਰਕਾਰ ਜੋ ਮਰਜੀ ਇਨਕੁਆਰੀਆਂ ਦਾ ਖੇਖਣ ਕਰਦੀ ਫਿਰੇ ਪਰ ਜੋ ਮਾਹੌਲ ਅੱਜ ਪੂਰੇ ਦੇਸ਼ ਵਿੱਚ ਬਣਾਇਆ ਜਾ ਰਿਹਾ ਹੈ, ਲੋਕਾਂ ਨੂੰ ਕਿਸੇ ਵੀ ਜਾਂਚ ਤੋਂ ਇਨਸਾਫ ਹਾਸਲ ਨਹੀਂ ਹੋ ਸਕਦਾ। ਮੱਧ ਪ੍ਰਦੇਸ਼ ਤਾਂ ਪੂਰੀ ਤਰ੍ਹਾਂ ਆਰ.ਐਸ.ਐਸ. ਦੇ ਹਿੰਦੂ ਰਾਸ਼ਟਰ ਦੀ ਪ੍ਰਯੋਗਸ਼ਾਲਾ ਬਣਾ ਰੱਖਿਆ ਹੈ। ਉਸਦੇ ਏਜੰਡੇ ਮੁਤਾਬਕ ਪਹਿਲਾਂ ਵਿਅਕਤੀਆਂ, ਸੰਸਥਾਵਾਂ ਦੀ ਸ਼ਨਾਖਤ ਕੀਤੀ ਜਾਂਦੀ ਹੈ ਫਿਰ ਸਰਕਾਰ ਰਾਹੀਂ ਉਹਨਾਂ ਨੂੰ ਕਿਸੇ ਪਾਬੰਦੀ ਸ਼ੁਦਾ ਜਥੇਬੰਦੀ ਨਾਲ ਨੱਥੀ ਕਰਕੇ ਦੇਸ਼ਧਰੋਹੀ ਸਾਬਤ ਕੀਤਾ ਜਾਂਦਾ ਹੈ।
ਸਿਮੀ ਕਾਰਕੁਨਾਂ ਦੇ ਕਤਲਾਂ ਤੋਂ ਬਾਅਦ ਸਭ ਤੋਂ ਪਹਿਲਾਂ ਪੁਲਿਸ ਅਤੇ ਸਰਕਾਰ ਨੇ ਐਲਾਨ ਕੀਤਾ ਕਿ ਇਹ ਹਾਰਾਕਿਰੀ ਕਰਨ ਕਰਨ ਜਾ ਰਹੇ ਸਨ, ਇਸੇ ਕਰਕੇ ਇਹ ਇੱਕੋ ਸਹਿਜ਼ ਤਰੀਕੇ ਨਾਲ ਵਿਚਰਦੇ ਰਹੇ। ਹਾਰਾਕਿਰੀ- ਇੱਕ ਆਤਮ ਹੱਤਿਆ ਦਾ ਤਰੀਕਾ ਹੈ, ਜਿਸ ਵਿੱਚ ਕੋਈ ਵਿਅਕਤੀ ਜਾਂ ਵਿਅਕਤੀ ਸਮੂਹ ਫਾਂਸੀ 'ਤੇ ਚੜ੍ਹ ਕੇ ਮਰਨ ਜਾਂ ਜਲੀਲ ਹੋਣ ਨਾਲੋਂ ਆਪਣਾ ਪੇਟ ਟੇਢੇ ਰੁੱਖ ਚੀਰ ਕੇ ਆਤਮ ਹੱਤਿਆ ਕਰ ਲੈਂਦਾ ਹੈ। ਦੂਸਰਾ ਬੇਸ਼ਰਮੀ ਭਰਿਆ ਬਿਆਨ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਿੰਦਾ ਹੈ ਕਿ ''ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਅੱਤਵਾਦੀਆਂ ਲਈ ਅੱਥਰੂ ਵਹਾ ਰਹੇ ਹਨ, ਇਹ ਝੂਠੇ ਲੋਕ ਹਨ।'' ਮੱਧ ਪ੍ਰਦੇਸ਼ ਵਿੱਚ ਹਾਲ ਇਹ ਹੈ ਕਿ ਲੋਕਾਂ ਨੂੰ ਧੱਕੇ ਨਾਲ ਮਨਾਇਆ ਜਾ ਰਿਹਾ ਹੈ ਕਿ ਸੰਘ ਤੇ ਮੋਦੀ ਦੇਸ਼ ਭਗਤੀ ਦੇ ਸੂਚਿਕ ਹਨ ਅਤੇ ਉਹਨਾਂ 'ਤੇ ਸੁਆਲ ਕਰਨ ਵਾਲਾ ਦੇਸ਼ ਧਰੋਹੀ ਅਤੇ ਅੱਤਵਾਦ ਦਾ ਹਮਾਇਤੀ ਹੈ। ਅਮਿਤ ਸ਼ਾਹ ਸੁਭਾਵਿਕ ਹੀ ਉਸ ਸੱਚ ਨੂੰ ਬਿਆਨ ਕਰ ਬੈਠਦਾ ਹੈ ਜੋ ਆਰ.ਐਸ.ਐਸ. ਨੇ ਇਹਨਾਂ ਦੇ ਮਨਾਂ ਵਿੱਚ ਬੀਜਿਆ ਹੋਇਆ ਹੈ। ਸਹਾਰਨਪੁਰ ਵਿੱਚ ਇੱਕ ਰੈਲੀ ਵਿੱਚ ਉਹ ਇਹ ਭੇਦ ਨਸ਼ਰ ਕਰਦਾ ਹੈ ਕਿ ਭਾਜਪਾ ਨੇ ਮੁਸਲਮਾਨਾਂ ਨੂੰ ਜਲੀਲ ਕਰਨ ਅਤੇ ਡਰਾਉਣ ਲਈ ''ਮੁਸਲਮਾਨਾਂ 'ਤੇ ਹਮਲੇ ਕਰੋ'' ਦਾ ਏਜੰਡਾ ਉਲੀਕਿਆ ਹੋਇਆ ਹੈ। ਕਿਉਂਕਿ ਭਾਜਪਾ ਦੀ ਸ਼ਬਦਾਵਲੀ ਵਿੱਚ ਨਕਲੀ ਧਰਮ ਨਿਰਪੱਖ ਲੋਕਾਂ ਤੋਂ ਬਾਅਦ ਮੁਸਲਿਮ ਹੀ ਹਨ, ਜੋ ਉਹਨਾਂ ਦੇ ਹਿੰਦੂ ਰਾਸ਼ਟਰ ਦੇ ਰਾਹ ਦੀ ਰੁਕਾਵਟ ਬਣਦੇ ਹਨ। ਅਮਿਤ ਸ਼ਾਹ ਹੋਰ ਕਹਿੰਦਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ, ਹਿੰਦੂਆਂ ਦੀ ਹਿਜ਼ਰਤ ਕਰਵਾਉਣ ਵਾਲੇ (ਅਖੌਤੀ ਕਾਇਰਾਨਾ ਵਾਲੀ ਹਿਜ਼ਰਤ) ਅਨਸਰਾਂ ਅਰਥਾਤ ਮੁਸਲਿਮਾਂ ਦੀ ਹਿਜ਼ਰਤ ਕਰਵਾ ਦਿੱਤੀ ਜਾਵੇਗੀ।
ਫਿਰਕੂ ਘਟਨਾਵਾਂ ਦੀ ਇੱਕ ਲੜੀ ਪਿਛਲੇ ਸਮੇਂ ਵਿੱਚ ਮੱਧ ਪ੍ਰਦੇਸ਼ ਵਿੱਚ ਵਾਪਰੀ ਹੈ। ਆਲ ਇੰਡੀਆ ਸੈਕੂਲਰ ਫੋਰਮ ਦੀ ਇੱਕ ਤੱਥ-ਖੋਜ ਟੀਮ ਨੇ ਖੁਲਾਸਾ ਕੀਤਾ ਹੈ ਕਿ 40 ਤੋਂ ਵੱਧ ਘਰ ਅਤੇ ਐਨੀਆਂ ਹੀ ਦੁਕਾਨਾਂ ਮੁਸਲਿਮ ਭਾਈਚਾਰੇ ਨਾਲ ਸਬੰਧਤ ਇਹਨਾਂ ਘਟਨਾਵਾਂ ਵਿੱਚ ਸਾੜ ਦਿੱਤੀਆਂ ਗਈਆਂ। ਡੀ.ਜੀ. ਪੁਲਸ ਨੂੰ ਸੌਂਪੀਆਂ ਇਨ੍ਹਾਂ ਘਟਨਾਵਾਂ ਦੀਆਂ ਤਸਵੀਰਾਂ ਤੋਂ ਇੰਜ ਲੱਗਦਾ ਹੈ ਕਿ ਜਿਵੇਂ ਇਹ ਕਿਸੇ ਦੁਸ਼ਮਣ ਦੇਸ਼ ਦੀ ਫੌਜ ਦਾ ਕਾਰਨਾਮਾ ਹੋਵੇ। ਅਕਤੂਬਰ 12 ਵਿੱਚ ਧਰ ਜ਼ਿਲ੍ਹੇ ਦੇ ਸੰਧਵਾਨੀ ਅਤੇ ਪਿਪਾਲਿਆ ਵਿੱਚ ਸਾੜ-ਫੂਕ ਤੇ ਲੁੱਟਮਾਰ ਵਾਪਰੀ। ਇਸੇ ਤਰ੍ਹਾਂ ਪੇਤਲਾਵਾੜ ਪੁਲਸ ਨੇ ''ਅਕਤੂਬਰ ਮਜ਼ਹਬੀ ਤਣਾਅ'' ਵਿੱਚ ਆਰ.ਐਸ.ਐਸ. ਆਗੂਆਂ ਨੂੰ ਹਿੰਦੂ ਵੋਟਾਂ ਦੀ ਪਾਲਾਬੰਦੀ ਕਰਨ ਲਈ ਦੋਸ਼ੀ ਠਹਿਰਾਇਆ ਜਿਹਨਾਂ ਨੇ ਪੇਤਲਾਵਾੜ ਨਗਰ ਪੰਚਾਇਤ ਚੋਣਾਂ ਜਿੱਤਣ ਲਈ ਮੁਹੱਰਮ ਦੇ ਤਾਜੀਏ ਜਲੂਸ ਨੂੰ ਦੋ ਵਾਰ ਰਸਤਾ ਬਦਲਨ ਲਈ ਮਜਬੂਰ ਕਰ ਦਿੱਤਾ। ਉਲਟ ਕੰਟਰੋਲ ਕਰਨ ਵਾਲੇ ਪੁਲਸ ਅਧਿਕਾਰੀ ਨੂੰ ਸਜ਼ਾ ਦਿੱਤੀ ਗਈ। ''ਮੁਸਲਮਾਨਾਂ ਨੂੰ ਨਫਰਤ ਕਰੋ'' ਨਰਿੰਦਰ ਮੋਦੀ ਤੇ ਮੋਹਨ ਭਾਗਵਤ ਦੀ ਸਾਂਝੀ ਰਣਨੀਤੀ ਤਹਿਤ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਸੰਘ ਦੀ ਨੀਤੀ ਲਾਗੂ ਕਰਨ ਵਾਲਿਆਂ ਨੂੰ ਕੁੰਜੀਵਤ ਅਹੁਦਿਆਂ 'ਤੇ ਬੈਠਾਇਆ ਜਾ ਰਿਹਾ ਹੈ।
ਇਹਨਾਂ ਜ਼ਹਿਰੀਲੇ ਹੱਥਕੰਡਿਆਂ ਦਾ ਹੀ ਸਿੱਟਾ ਹੈ ਕਿ ਜਦੋਂ ਸਿਮੀ ਕਾਰਕੁੰਨ ਮੁਕਾਬਲੇ ਵਿੱਚ ਮਾਰੇ ਗਏ ਤਾਂ ਕੁੱਝ ਕਾਰਕੁਨਾਂ 'ਤੇ ਲੋਕਾਂ ਨੇ ਪੱਥਰਬਾਜ਼ੀ ਕੀਤੀ ਜਦੋਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਸਲਿਮ ਅੱਤਵਾਦੀ ਹਨ। ਉਪਰੋਕਤ ਵਿਆਖਿਆ ਉਹਨਾਂ ਖਤਰਨਾਕ ਹਾਲਤਾਂ ਵੱਲ ਇਸ਼ਾਰਾ ਕਰਦੀ ਹੈ ਕਿ ਜੋ ਆਰ.ਐਸ.ਐਸ. ਆਪਣੇ ਏਜੰਡੇ ਲਾਗੂ ਕਰਕੇ ਦੇਸ਼ ਵਿੱਚ ਪੈਦਾ ਕਰਨਾ ਚਾਹੁੰਦੀ ਰਹੀ ਹੈ। ਸਮੁੱਚੇ ਹਿੰਦੂ ਸਮਾਜ ਦੇ ਮਨ ਵਿੱਚ ਇਹ ਬੈਠਾਇਆ ਜਾ ਰਿਹਾ ਹੈ ਕਿ ਕਿਵੇਂ ਮੁਸਲਮਾਨ ਉਹਨਾਂ ਦੇ ਦੁਸ਼ਮਣ ਹਨ ਅਤੇ ਜੇਕਰ ਹਿੰਦੂ ਰਾਸ਼ਟਰ ਦਾ ਨਿਰਮਾਣ ਨਾ ਕੀਤਾ ਗਿਆ ਤਾਂ ਸਿਮੀ ਵਰਗੀਆਂ ਜਥੇਬੰਦੀਆਂ ਦੇਸ਼ ਦਾ ਇਸਲਾਮੀਕਰਨ ਕਰ ਦੇਣਗੀਆਂ।
ਭਾਰਤੀ ਰਾਜ ਦਾ ਇਹ ਦੂਹਰਾ ਮਾਪ-ਦੰਡ ਹੈ ਕਿ ਜਿੱਥੇ ਨਿਗੂਣੇ ਝਗੜਿਆਂ ਕਾਰਨ ਕੇਸਾਂ ਵਿੱਚ ਫਸਾਏ ਨੌਜਵਾਨਾਂ ਨੂੰ ਖੂੰਖਾਰ ਦਹਿਸ਼ਤਗਰਦ ਕਰਾਰ ਦੇ ਕੇ ਮਾਰਿਆ ਜਾਂਦਾ ਹੈ ਅਤੇ ਦੂਜੇ ਪਾਸੇ ਸੰਗੀਨ ਕੇਸਾਂ ਜਿਵੇਂ ਅਕਸ਼ਰਧਾਮ ਬੰਬ ਧਮਾਕੇ, ਮੱਕਾ ਮਸਜ਼ਿਦ ਬੰਬ ਧਮਾਕੇ, ਮਾਲੇਗਾਉਂ ਅਤੇ ਮੋਦਾਸਾ ਬੰਬ ਧਮਾਕਿਆਂ ਦੇ ਦੋਸ਼ੀਆਂ ਸਾਧਵੀ ਪੱ੍ਰਗਿਆ ਠਾਕੁਰ ਅਤੇ ਹੋਰਨਾਂ ਨੂੰ ਕਲੀਨ ਚਿਟਾਂ ਦਿੱਤੀਆਂ ਜਾਂਦੀਆਂ ਹਨ ਅਤੇ ਅਸੀਮਾਨੰਦ ਵਰਗਿਆਂ ਦੇ ਕੇਸ ਕਮਜ਼ੋਰ ਕਰਕੇ, ਰਿਹਾਈ ਲਈ ਰਾਹ ਪੱਧਰਾ ਕੀਤਾ ਜਾਂਦਾ ਹੈ, ਇਸ ਖਿਲਾਫ ਪੂਰੀ ਸ਼ਿੱਦਤ ਨਾਲ ਲੜਨ ਦੀ ਲੋੜ ਹੈ।

No comments:

Post a Comment