Wednesday, 28 December 2016

ਅਖੌਤੀ ਪਾਰਲੀਮਾਨੀ ਅਦਾਰਿਆਂ ਦੀਆਂ ਚੋਣਾਂ

ਅਖੌਤੀ ਪਾਰਲੀਮਾਨੀ ਅਦਾਰਿਆਂ ਦੀਆਂ ਚੋਣਾਂ ਮੌਕੇ
ਦੁਰਸਤ ਕਮਿਊਨਿਸਟ ਇਨਕਲਾਬੀ ਪੈਂਤੜਾ

ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਭਾਰਤੀ ਜਮਹੂਰੀਅਤ ਦੀ ਨਕਲੀ ਅਤੇ ਦੰਭੀ ਖਸਲਤ ਬਾਰੇ ਕੋਈ ਰੱਟਾ ਨਹੀਂ ਹੈ। ਇਸ ਬੁਨਿਆਦੀ ਸਮਝ ਬਾਰੇ ਵੀ ਕੋਈ ਰੱਟਾ ਨਹੀਂ ਹੈ ਕਿ ਭਾਰਤ ਅੰਦਰ ਇਸ ਨਕਲੀ ਪਾਰਲੀਮਾਨੀ ਜਮਹੂਰੀਅਤ ਦੇ ਸਿਆਸੀ ਰਾਹ ਦਾ ਬਦਲ ਲਮਕਵਾਂ ਹਥਿਆਰਬੰਦ ਘੋਲ ਹੈ ਅਤੇ ਲਮਕਵੇਂ ਹਥਿਆਰਬੰਦ ਘੋਲ ਰਾਹੀਂ ਹੀ ਨਵ-ਜਮਹੂਰੀ ਇਨਕਲਾਬ ਨੂੰ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਪਰ ਨਵ-ਜਮਹੂਰੀ ਇਨਕਲਾਬ ਦੀ ਤਿਆਰੀ ਦੇ ਅਮਲ ਦੌਰਾਨ ਕੀ ਚੋਣਾਂ ਵਿੱਚ ਹਿੱਸਾ ਲਿਆ ਜਾ ਸਕਦਾ ਹੈ? ਅਤੇ ਕਦੋਂ ਲਿਆ ਜਾ ਸਕਦਾ ਹੈ? ਕੀ ਇਹਨਾਂ ਚੋਣਾਂ ਦਾ ਬਾਈਕਾਟ ਕੀਤਾ ਜਾਵੇ, ਕਿਉਂ ਕੀਤਾ ਜਾਵੇ? ਅਤੇ ਕਦੋਂ ਕੀਤਾ ਜਾਵੇ? ਜਾਂ ਨਾ ਹਿੱਸਾ ਲਿਆ ਜਾਵੇ ਅਤੇ ਨਾ ਹੀ ਬਾਈਕਾਟ ਕੀਤਾ ਜਾਵੇ। ਨਕਲੀ ਪਾਰਲੀਮਾਨੀ ਪ੍ਰਬੰਧ ਅਤੇ ਚੋਣਾਂ ਖਿਲਾਫ ਅਖੌਤੀ ''ਸਰਗਰਮ ਸਿਆਸੀ ਮੁਹਿੰਮ'' ਚਲਾਈ ਜਾਵੇ? ਇਹਨਾਂ ਸੁਆਲਾਂ/ਪੈਂਤੜਿਆਂ ਬਾਰੇ ਵਖਰੇਵੇਂ/ਮੱਤਭੇਦ ਮੌਜੂਦ ਹਨ।
ਬੁਰਜੂਆ ਪਾਰਲੀਮਾਨੀ ਜਮਹੂਰੀਅਤ ਬੁਰਜੂਆ ਜਮਹੂਰੀਅਤ ਦਾ ਇੱਕ ਰੂਪ ਹੈ, ਜਿਹੜਾ ਯੂਰਪੀ ਮੁਲਕਾਂ ਅੰਦਰ ਬੁਰਜੂਆ ਜਮਹੂਰੀ ਇਨਕਲਾਬਾਂ ਦੇ ਸਿੱਟੇ ਵਜੋਂ ਸਥਾਪਤ ਹੋਇਆ ਸੀ। ਰੂਸੀ ਇਨਕਲਾਬ ਦੇ ਅਮਲ ਦੌਰਾਨ ਜਦੋਂ ਰੂਸ ਦੀ ਜ਼ਾਰਸ਼ਾਹੀ ਹਕੂਮਤ ਵੱਲੋਂ ਰੂਸ ਅੰਦਰ ਪਾਰਲੀਮੈਂਟ (ਡੂਮਾਂ) ਦੀਆਂ ਚੋਣਾਂ ਦਾ ਕਦਮ ਲਿਆ ਗਿਆ ਸੀ ਤਾਂ ਰੂਸੀ ਇਨਕਲਾਬ ਦੇ ਰਹਿਬਰ ਵਲਾਦੀਮੀਰ ਇਲੀਅਚ ਲੈਨਿਨ ਵੱਲੋਂ ਇਨ੍ਹਾਂ ਚੋਣਾਂ ਪ੍ਰਤੀ ਕਮਿਊਨਿਸਟਾਂ ਦੀ ਬੁਨਿਆਦੀ ਪਹੁੰਚ, ਰਵੱਈਏ ਅਤੇ ਪੈਂਤੜੇਬਾਜ਼ੀ ਨੂੰ ਤਹਿ ਕੀਤਾ ਗਿਆ ਸੀ ਅਤੇ ਇਸ ਨੂੰ ਰੂਸੀ ਇਨਕਲਾਬ ਦੇ ਅਮਲ ਦੌਰਾਨ ਪੂਰੀ ਮੁਹਾਰਤ ਨਾਲ ਲਾਗੂ ਕੀਤਾ ਗਿਆ ਸੀ।
ਕਾਮਰੇਡ ਲੈਨਿਨ ਵੱਲੋਂ ਤਹਿ ਕੀਤੀ ਉਪਰੋਕਤ ਬੁਨਿਆਦੀ ਸਮਝ ਅਨੁਸਾਰ  ਪੂੰਜੀਵਾਦੀ ਮੁਲਕਾਂ ਵਿੱਚ ਕਮਿਊਨਿਸਟ ਪਾਰਟੀਆਂ ਵੱਲੋਂ ਪਾਰਲੀਮਾਨੀ ਸੰਸਥਾਵਾਂ ਵਿੱਚ ਹਿੱਸਾ ਲੈਣ ਜਾਂ ਇਹਨਾਂ ਦੇ ਬਾਈਕਾਟ ਦੇ ਪੈਂਤੜੇ ਦਾ ਆਧਾਰ ਦੋ ਪੱਖਾਂ ਦੇ ਠੋਸ ਜਾਇਜ਼ੇ ਨੂੰ ਬਣਾਇਆ ਗਿਆ ਸੀ: ਇੱਕ- ਬਾਹਰਮੁਖੀ ਸਿਆਸੀ ਹਾਲਤ; ਦੂਜਾ- ਕਮਿਊਨਿਸਟ ਪਾਰਟੀ ਅਤੇ ਉਸਦੀ ਅਗਵਾਈ ਹੇਠਲੀ ਇਨਕਲਾਬੀ ਲਹਿਰ ਦੀ ਹਾਲਤ। ਜੇ ਮੁਲਕ ਵਿੱਚ ਤਿੱਖਾ ਆਰਥਿਕ-ਸਿਆਸੀ ਸੰਕਟ ਨਹੀਂ ਹੈ, ਜਿਸਦੇ ਨਤੀਜੇ ਵਜੋਂ ਲੋਕਾਂ ਅੰਦਰ ਬੇਚੈਨੀ, ਬਦਜ਼ਨੀ ਅਤੇ ਰੋਹ ਦੇ ਫੁਟਾਰਿਆਂ ਦੀ ਸ਼ਕਲ ਵਿੱਚ ਉਥਲ-ਪੁਥਲ (ਟਰਬੂਲੈਂਟ ਸਿਚੂਟੇਸ਼ਨ) ਵਾਲੀ ਹਾਲਤ ਨਹੀਂ ਹੈ ਅਤੇ ਇਸ ਹਾਲਤ ਵਿੱਚ ਪੂੰਜੀਵਾਦੀ ਹਾਕਮ ਪੁਰਾਣੇ ਢੰਗ-ਤਰੀਕਿਆਂ ਨਾਲ ਰਾਜ-ਭਾਗ ਚਲਾਉਣ ਵਿੱਚ ਆਹਰੀ ਨਹੀਂ ਹੋ ਰਹੇ ਯਾਨੀ ਜੇ ਕੁੱਲ ਮਿਲਾ ਕੇ ਸਮਾਜਿਕ-ਸਿਆਸੀ ਅਮਨ ਚੈਨ ਦਾ ਦੌਰ ਜਾਰੀ ਹੈ ਤਾਂ ਫਿਰ ਇਸ ਹਾਲਤ ਵਿੱਚ ਪਾਰਲੀਮਾਨੀ ਸੰਸਥਾਵਾਂ 'ਚ ਹਿੱਸਾ ਲੈਣ ਅਤੇ ਇਹਨਾਂ ਦੀ ਵਰਤੋਂ ਕਰਨ ਦੀਆਂ ਬਾਹਰਮੁਖੀ ਗੁੰਜਾਇਸ਼ਾਂ ਮੌਜੂਦ ਹਨ।
ਇਸਦੇ ਉਲਟ ਜੇ ਸਮਾਜਿਕ-ਸਿਆਸੀ ਅਮਨ-ਚੈਨ ਦੀ ਬਜਾਇ, ਹਾਲਤ ਉਥਲ-ਪੁਥਲ ਦੇ ਦੌਰ ਵਿੱਚ ਦਾਖਲ ਹੋ ਗਈ ਹੈ। ਯਾਨੀ ਤਿੱਖੇ ਆਰਥਿਕ-ਸਿਆਸੀ ਸੰਕਟ ਦੇ ਭੂਚਾਲ-ਝਟਕਿਆਂ ਦੇ ਸਿੱਟੇ ਵਜੋਂ ਲੋਕਾਂ ਅੰਦਰਲੀ ਔਖ, ਬੇਚੈਨੀ ਅਤੇ ਗੁੱਸਾ ਸੰਘਰਸ਼ ਫੁਟਾਰਿਆਂ ਰਾਹੀਂ ਸਾਹਮਣੇ ਆ ਰਿਹਾ ਹੈ ਅਤੇ ਹੋਰ ਵੀ ਵੱਡੇ ਜਨਤਕ ਵਿਦਰੋਹ-ਫੁਟਾਰੇ ਲਈ ਮਸਾਲਾ ਮੁਹੱਈਆ ਕਰ ਰਿਹਾ ਹੈ, ਮਿਹਨਤਕਸ਼ ਲੋਕਾਂ ਦਾ ਹਾਕਮ ਸਿਆਸੀ ਪਾਰਟੀਆਂ ਅਤੇ ਰਾਜਭਾਗ ਦੀਆਂ ਸੰਸਥਾਵਾਂ ਤੋਂ ਭਰਮ-ਮੁਕਤੀ ਦਾ ਅਮਲ ਸਿਖਰ ਛੂਹ ਰਿਹਾ ਹੈ ਅਤੇ ਹਾਕਮਾਂ ਲਈ ਰਾਜਭਾਗ ਨੂੰ ਪੁਰਾਣੇ ''ਰਵਾਇਤੀ ਢੰਗ-ਤਰੀਕਿਆਂ ਲਈ ਚਲਾਉਣਾ ਮੁਸ਼ਕਲ ਅਤੇ ਨਾਮੁਮਕਿਨ ਬਣ ਰਿਹਾ ਹੈ ਤਾਂ ਅਜਿਹੀ ਹਾਲਤ ਵਿੱਚ ਮਜ਼ਦੂਰ ਜਮਾਤ ਅਤੇ ਮਿਹਨਤਕਸ਼ ਲੋਕਾਂ ਨੂੰ ਪਾਰਲੀਮਾਨੀ ਸੰਸਥਾਵਾਂ ਦੇ ਬਾਈਕਾਟ ਦਾ ਸੱਦਾ ਦਿੰਦਿਆਂ ਆਮ ਸਿਆਸੀ ਹੜਤਾਲ ਰਾਹੀਂ ਰਾਜਭਾਗ ਦੇ ਅਹਿਮ ਅੰਗਾਂ ਨੂੰ ਜਾਮ ਕਰਨ ਅਤੇ ਹੱਥਾਂ ਵਿੱਚ ਹਥਿਆਰ ਲੈ ਕੇ ਬਗਾਵਤ ਲਈ ਉੱਠਣ ਦਾ ਸੱਦਾ ਦੇਣਾ ਇੱਕ ਦਰੁਸਤ ਪੈਂਤੜਾ ਅਤੇ ਕਦਮ ਬਣਦਾ ਹੈ।
ਦੂਜਾ ਪੱਖ— ਪਾਰਲੀਮਾਨੀ ਸੰਸਥਾਵਾਂ ਵਿੱਚ ਹਿੱਸਾ ਲੈ ਕੇ ਇਹਨਾਂ ਦੀ ਇਨਕਲਾਬੀ ਲਹਿਰ ਦੇ ਹਿੱਤ ਵਿੱਚ ਵਰਤੋਂ ਕਰਨੀ ਹੋਵੇ ਜਾਂ ਇਹਨਾਂ ਦੇ ਬਾਈਕਾਟ ਕਰਨ ਦਾ ਪੈਂਤੜਾ ਲੈਣਾ ਹੋਵੇ— ਦੋਵਾਂ ਹਾਲਤਾਂ ਵਿੱਚ ਕਮਿਊਨਿਸਟ ਇਨਕਲਾਬੀ ਪਾਰਟੀ ਅਤੇ ਉਸਦੀ ਅਗਵਾਈ ਹੇਠਲੀ ਇਨਕਲਾਬੀ ਲਹਿਰ ਦਾ (ਵਿਸ਼ੇਸ਼ ਕਰਕੇ ਹਥਿਆਰਬੰਦ ਕਾਰਵਾਈ ਦੀ ਤਿਆਰੀ ਪੱਖੋਂ) ਇੱਕ ਨਿਸ਼ਚਿਤ ਹੱਦ ਤੱਕ ਸਿਆਸੀ-ਜਥੇਬੰਦਕ ਮਜਬੂਤੀ ਪੱਖੋਂ ਅਤੇ ਜਨਤਾ ਵਿੱਚ ਸਿਆਸੀ ਆਧਾਰ-ਪੱਖੋਂ ਅਜਿਹੀ ਹਾਲਤ ਵਿੱਚ ਹੋਣਾ ਚਾਹੀਦਾ ਹੈ, ਜਿਸ ਵਿੱਚ ਉਹ ਦੋਵਾਂ ਪੈਂਤੜਿਆਂ ਦੀ ਸੁਚੱਜੀ, ਅਸਰਦਾਰ ਅਤੇ ਸਾਰਥਿਕ ਵਰਤੋਂ ਦੀ ਜਾਮਨੀ ਕਰ ਸਕੇ। ਬਾਹਰਮੁਖੀ ਹਾਲਤ ਦਾ ਦਰੁਸਤ ਜਾਇਜ਼ਾ ਅਤੇ ਦੋਵਾਂ ਹਾਲਤਾਂ ਵਿੱਚ ਕਾਮਯਾਬੀ ਨਾਲ ਪੁੱਗ ਸਕਣ ਦਾ ਜਾਇਜ਼ਾ-ਇਹ ਦੋ ਪੱਖਾਂ 'ਤੇ ਪਕੜ ਦੀ ਘਾਟ, ਇਨ੍ਹਾਂ ਦੀ ਕਦਰ-ਘਟਾਈ, ਇਹਨਾਂ ਤੋਂ ਆਸੇ-ਪਾਸੇ ਜਾਣ ਜਾਂ ਥਿੜ੍ਹਕਣ ਦਾ ਨਤੀਜਾ ਤਿਲ੍ਹਕਣਬਾਜ਼ੀ ਦੇ ਰਾਹ ਪੈਣ ਅਤੇ ਗੰਭੀਰ ਸਿਆਸੀ ਥਿੜਕਣ ਜਾਂ ਭਟਕਣ ਵਿੱਚ ਨਿਕਲ ਸਕਦਾ ਹੈ। ਪੂੰਜੀਵਾਦੀ ਮੁਲਕਾਂ ਅੰਦਰ ਸਮਾਜਿਕ-ਸਿਆਸੀ ਅਮਨ-ਚੈਨ ਦੇ ਦੌਰ ਵਿੱਚ ਜਿੱਥੇ ਪਾਰਲੀਮਾਨੀ ਸੰਸਥਾਵਾਂ ਦੀ ਵਰਤੋਂ ਕਰਨ ਤੋਂ ਇਨਕਾਰ ਕਰਨਾ ਹੀ ''ਖੱਬੇਪੱਖੀ ਬਚਪਨੇ ਦੇ ਰੋਗ'' ਦਾ ਇਜ਼ਹਾਰ ਬਣਦਾ ਹੈ, ਉੱਥੇ ਕਮਿਊਨਿਸਟ ਇਨਕਲਾਬੀ ਜਥੇਬੰਦੀ ਅਤੇ ਉਸਦੀ ਅਗਵਾਈ ਹੇਠਲੀ ਇਨਕਲਾਬੀ ਲਹਿਰ ਵੱਲੋਂ ਇਸ ਪੈਂਤੜੇ ਦੀ ਸਾਰਥਿਕ ਵਰਤੋਂ ਕਰਨਯੋਗ ਹਾਲਤ ਵਿੱਚ ਨਾ ਹੋਣ ਦੀ ਹਾਲਤ ਵਿੱਚ ਇਹ ਪੈਂਤੜਾ ਲੈਣ ਦਾ ਮਤਲਬ ਖੁਦ ਇਹਨਾਂ ਸੰਸਥਾਵਾਂ ਮਗਰ ਧੂਹੇ ਜਾਣ ਅਤੇ ਇਹਨਾਂ ਦੀ ਭੇਟ ਚੜ੍ਹਨ ਵਿੱਚ ਨਿਕਲੇਗਾ। ਇਸਦੇ ਉਲਟ— ਤਿੱਖੇ ਆਰਥਿਕ-ਸਿਆਸੀ ਸੰਕਟ ਅਤੇ ਮੰਦਵਾੜੇ ਦੇ ਸਿੱਟੇ ਵਜੋਂ ਵਿਆਪਕ ਸਮਾਜਿਕ ਬੇਚੈਨੀ, ਰੋਹ-ਫੁਟਾਰੇ ਅਤੇ ਘੋਲਾਂ ਦੀ ਉਠਾਣ ਨਾਲ ਪੈਦਾ ਹੋ ਰਹੀ ਸਿਆਸੀ ਉਥਲ ਦੇ ਮੌਕਾ ਮੇਲ ਦੀ ਹਾਲਤ ਵਿੱਚ ਮਜ਼ਦੂਰ ਜਮਾਤ ਅਤੇ ਮਿਹਨਤਕਸ਼ ਜਨਤਾ ਨੂੰ ਹੱਥਾਂ ਵਿੱਚ ਹਥਿਆਰ ਲੈ ਕੇ ਉੱਠਣ ਅਤੇ ਬਗਾਵਤ ਲਈ ਉੱਠਣ ਦਾ ਸੱਦਾ ਦੇਣ ਤੋਂ ਇਨਕਾਰ ਕਰਨਾ ਪੂਛਲਵਾਦ ਅਤੇ ਸੱਜੀ ਮੌਕਾਪ੍ਰਸਤ ਭਟਕਣ ਹੋਵੇਗਾ, ਬਸ਼ਰਤੇ ਕਮਿਊਨਿਸਟ ਪਾਰਟੀ ਇਸ ਬਗਾਵਤ ਨੂੰ ਜਥੇਬੰਦ ਕਰਨ ਅਤੇ ਇਸਦੀ ਅਗਵਾਈ ਕਰਨ ਲਈ ਵਿਚਾਰਧਾਰਕ-ਸਿਆਸੀ ਅਤੇ ਫੌਜੀ ਪੱਖਾਂ ਤੋਂ ਤਿਆਰ-ਬਰ-ਤਿਆਰ ਹੋਵੇ।
ਇੱਥੇ ਨੋਟ ਕਰਨਯੋਗ ਗੱਲ ਇਹ ਹੈ ਕਿ ਕਾਮਰੇਡ ਲੈਨਿਨ ਵੱਲੋਂ ਬੁਰਜੂਆ ਪਾਰਲੀਮਾਨੀ ਸੰਸਥਾਵਾਂ ਵਿੱਚ ਹਿੱਸਾ ਲੈ ਕੇ ਇਹਨਾਂ ਦੀ ਇਨਕਲਾਬ ਦੇ ਹਿੱਤ ਵਿੱਚ ਵਰਤੋਂ ਕਰਨ ਅਤੇ ਇਹਨਾਂ ਦਾ ਬਾਈਕਾਟ ਕਰਨ ਦੇ ਇਹ ਦੋ ਪੈਂਤੜੇ ਪੂੰਜੀਵਾਦੀ ਮੁਲਕਾਂ ਅੰਦਰ ਲਾਗੂ ਹੋਣਯੋਗ ਇਨਕਲਾਬ ਦੇ ਰਾਹ (ਯੁੱਧਨੀਤੀ) ਯਾਨੀ ਬਗਾਵਤ ਦੀ ਯੁੱਧਨੀਤੀ ਨੂੰ ਲਾਗੂ ਕਰਨ ਦੇ ਅਮਲ ਦੌਰਾਨ ਦੋ ਵੱਖੋ ਵੱਖ ਹਾਲਤਾਂ ਨੂੰ ਹੁੰਗਾਰਾ ਦੇਣ ਲਈ ਘੜੇ ਗਏ ਸਨ। ਇਸ ਲਈ, ਇਹ ਦੋਵੇਂ ਪੈਂਤੜੇ ਆਮ ਅਰਥ ਰੱਖਦਿਆਂ ਹੋਇਆ ਵੀ, ਇੱਕ ਪੂੰਜੀਵਾਦੀ ਮੁਲਕ ਅੰਦਰ ਬਣਦੀਆਂ ਦੋ ਵੱਖੋ ਵੱਖਰੀਆਂ ਵਿਸ਼ੇਸ਼ ਹਾਲਤਾਂ ਅੰਦਰ ਲਾਗੂ ਹੋਣ ਮੌਕੇ ਵਿਸ਼ੇਸ਼ ਅਰਥ ਗ੍ਰਹਿਣ ਕਰ ਜਾਂਦੇ ਹਨ। ਪੂੰਜੀਵਾਦੀ ਮੁਲਕ ਅੰਦਰ ਪਾਰਲੀਮਾਨੀ ਸੰਸਥਾਵਾਂ ਵਿੱਚ ਹਿੱਸਾ ਲੈਣ ਅਤੇ ਇਹਨਾਂ ਦੀ ਵਰਤੋਂ ਦੇ ਪੈਂਤੜੇ ਦਾ ਠੋਸ ਮਤਲਬ ਇਹ ਹੈ ਕਿ ਇਹ ਪੈਂਤੜਾ ਪਰੋਲੇਤਾਰੀ ਦੀ ਪਾਰਟੀ ਦੇ ਉਸ ਅਭਿਆਸ ਦਾ ਅੰਗ ਹੈ, ਜਿਹੜਾ ਮੁੱਖ ਤੌਰ 'ਤੇ ਕਾਨੂੰਨੀ, ਖੁੱਲ੍ਹੀਆਂ ਅਤੇ ਪੁਰਅਮਨ ਘੋਲ ਸ਼ਕਲਾਂ 'ਤੇ ਟਿਕਿਆ ਹੋਇਆ ਹੈ। ਪੂੰਜੀਵਾਦੀ ਮੁਲਕਾਂ ਅੰਦਰ ਅਜਿਹੇ ਅਭਿਆਸ ਦੀ ਗੱਲ ਕਰਦਿਆਂ, ਕਾਮਰੇਡ ਮਾਓ ਵੱਲੋਂ ਕਿਹਾ ਗਿਆ ਹੈ, ''ਉੱਥੇ ਜਥੇਬੰਦੀ ਦੀ ਸ਼ਕਲ ਕਾਨੂੰਨੀ ਬਣਦੀ ਹੈ ਅਤੇ ਘੋਲ ਦੀ ਸ਼ਕਲ ਗੈਰ-ਹਿੰਸਕ (ਗੈਰ-ਫੌਜੀ) ਬਣਦੀ ਹੈ।''
ਸੋ ਪੂੰਜੀਵਾਦੀ ਮੁਲਕਾਂ ਦੇ ਪ੍ਰਸੰਗ ਵਿੱਚ ਇਹ ਪੈਂਤੜਾ ਇੱਕ ਲਾਜ਼ਮੀ ਅਤੇ ਜ਼ਰੂਰੀ ਕਿਸਮ ਦੀ ਅਹਿਮੀਅਤ ਅਖਤਿਆਰ ਕਰ ਜਾਂਦਾ ਹੈ। ਇਸਦੇ ਉਲਟ ਜਦੋਂ ਸਿਖਰ ਛੂਹ ਰਹੀ ਸਮਾਜਿਕ-ਸਿਆਸੀ ਉਥਲ-ਪੁਥਲ ਵਾਲੀ ਹਾਲਤ ਵਿੱਚ ਪਾਰਲੀਮਾਨੀ ਸੰਸਥਾਵਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਜਾਂਦਾ ਹੈ, ਤਾਂ ਇਸਦਾ ਠੋਸ ਮਤਲਬ ਪੂੰਜੀਵਾਦੀ ਰਾਜ ਖਿਲਾਫ ਹਥਿਆਰ ਚੁੱਕਦਿਆਂ ਅਤੇ ਬਗਾਵਤ ਕਰਦਿਆਂ, ਇਸਦੀਆਂ ਸੰਸਥਾਵਾਂ ਨੂੰ ਫੌਰੀ ਤੌਰ 'ਤੇ ਫੁਰਤੀ ਨਾਲ ਤਹਿਸ਼-ਨਹਿਸ਼ ਕਰਨ ਅਤੇ ਮੁਤਬਾਦਲ ਇਨਕਲਾਬੀ ਸੰਸਥਾਵਾਂ ਦੀ ਉਸਾਰੀ ਕਰਨ ਦਾ ਸੱਦਾ ਦੇਣਾ ਹੈ। ਬਗਾਵਤ ਰਾਹੀਂ ਸਿਆਸੀ ਸੱਤਾ 'ਤੇ ਕਬਜ਼ਾ ਕਰਨ ਅਤੇ ਮੁਤਬਾਦਲ ਸਿਆਸੀ ਸੱਤਾ ਦੀਆਂ ਸੰਸਥਾਵਾਂ ਉਸਾਰਨ ਦਾ ਅਮਲ ਤੂਫਾਨੀ ਤੇਜੀ ਨਾਲ ਅੱਗੇ ਵਧਦਾ ਹੈ। ਇਹ ਅਮਲ ਲਮਕਵਾਂ ਨਹੀਂ ਹੁੰਦਾ। ਇਹ ਮੁੱਖ ਤੌਰ 'ਤੇ ਇੱਕੋ ਸੱਟੇ ਲਾਗੂ ਕੀਤਾ ਜਾਂਦਾ ਹੈ ਅਤੇ ਥੋੜ੍ਹੇ ਅਰਸੇ ਵਿੱਚ ਸਿਰੇ ਲਾਇਆ ਜਾਂਦਾ ਹੈ।
ਬੁਰਜੂਆ ਪਾਰਲੀਮਾਨੀ ਸੰਸਥਾਵਾਂ ਵਿੱਚ ਹਿੱਸਾ ਲੈਣ ਅਤੇ ਇਹਨਾਂ ਦਾ ਬਾਈਕਾਟ ਕਰਨ ਦੇ ਇਹਨਾਂ ਦੋ ਪੈਂਤੜਿਆਂ ਨੂੰ ਜਦੋਂ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕਾਂ ਅੰਦਰ ਸਾਮਰਾਜ ਅਤੇ ਦਲਾਲ ਹਾਕਮ ਜਮਾਤਾਂ ਵੱਲੋਂ ਆਪਣੇ ਆਪਾਸ਼ਾਹ ਰਾਜ ਦੇ ਖੂੰਖਾਰ ਚਿਹਰੇ ਨੂੰ ਢੱਕਣ ਲਈ ਸ਼ਿੰਗਾਰੀਆਂ ਨਕਲੀ ਪਾਰਲੀਮਾਨੀ ਸੰਸਥਾਵਾਂ 'ਤੇ ਢੁਕਾਉਣ ਦਾ ਸੁਆਲ ਆਉਂਦਾ ਹੈ ਤਾਂ ਇਹ ਪੈਂਤੜੇ ਆਮ ਅਰਥ ਰੱਖਦਿਆਂ ਵੀ ਇਹਨਾਂ ਮੁਲਕਾਂ ਅੰਦਰਲੀਆਂ ਵਿਸ਼ੇਸ਼ ਹਾਲਤਾਂ ਅਨੁਸਾਰੀ ਵਿਸ਼ੇਸ਼ ਅਰਥ ਵੀ ਗ੍ਰਹਿਣ ਕਰ ਜਾਂਦੇ ਹਨ। ਇਹਨਾਂ ਮੁਲਕਾਂ ਅੰਦਰ ਇਨਕਲਾਬ ਦਾ ਰਾਹ ਜਾਂ ਫੌਜੀ ਯੁੱਧਨੀਤੀ ਬਗਾਵਤ ਨਾ ਹੋ ਕੇ ਲਮਕਵੇਂ ਲੋਕ-ਯੁੱਧ ਦਾ ਰਾਹ ਜਾਂ ਯੁੱਧਨੀਤੀ ਬਣਦੀ ਹੈ। ਇਸ ਲਈ, ਇਹਨਾਂ ਮੁਲਕਾਂ ਵਿੱਚ ਇਹ ਪੈਂਤੜੇ ਲਮਕਵੇਂ ਲੋਕ-ਯੁੱਧ ਦੀ ਤਿਆਰੀ ਜਾਂ ਲਮਕਵੇਂ ਲੋਕ-ਯੁੱੱਧ ਦੇ ਅਭਿਆਸ ਦੇ ਅੰਗ ਵਜੋਂ ਲਾਗੂ ਹੁੰਦੇ ਹਨ ਅਤੇ ਵਿਸ਼ੇਸ਼ ਅਰਥ ਗ੍ਰਹਿਣ ਕਰ ਜਾਂਦ ਹਨ। ਇਹਨਾਂ ਮੁਲਕਾਂ ਵਿੱਚ ਚਾਹੇ ਲਮਕਵੇਂ ਲੋਕ-ਯੁੱਧ ਦੀ ਤਿਆਰੀ ਦਾ ਦੌਰ ਹੋਵੇ ਅਤੇ ਚਾਹੇ ਲਮਕਵਾਂ ਲੋਕ-ਯੁੱਧ ਸ਼ੁਰੂ ਹੋ ਗਿਆ ਹੋਵੇ ਅਤੇ ਜਾਰੀ ਹੋਵੇ— ਇਹਨਾਂ ਦੋਵਾਂ ਹਾਲਤਾਂ ਅਤੇ ਪੂੰਜੀਵਾਦੀ ਮੁਲਕਾਂ ਵਿੱਚ ਅਮਨ-ਚੈਨ (ਬਗਾਵਤ ਤੋਂ ਤਿਆਰੀ ਦਾ ਲੰਮੇ) ਦੌਰ ਅਤੇ ਬਗਾਵਤ ਦਾ ਸੱਦਾ ਦੇਣ ਦੇ ਢੁਕੇ ਦੌਰ ਦੀਆਂ ਦੋਵਾਂ ਹਾਲਤਾਂ ਵਿੱਚ ਵੱਡਾ ਵਖਰੇਵਾਂ ਹੁੰਦਾ ਹੈ। ਪਛੜੇ/ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕਾਂ ਅੰਦਰ ਲਮਕਵੇਂ ਹਥਿਆਰਬੰਦ ਘੋਲ ਦੀ ਸ਼ੁਰੂਆਤ ਤੋਂ ਪਹਿਲੀ ਤਿਆਰੀ ਦੇ ਦੌਰ ਦੀ ਹਾਲਤ ਅਤੇ ਪੂੰਜੀਵਾਦੀ ਮੁਲਕਾਂ ਅੰਦਰ ਬਗਾਵਤ ਦੀ ਤਿਆਰੀ ਦੇ ਦੌਰ ਦੀ ਹਾਲਤ ਵਿੱਚ ਬੁਨਿਆਦੀ ਵਖਰੇਵਾਂ ਹੁੰਦਾ ਹੈ। ਪੂੰਜੀਵਾਦੀ ਮੁਲਕਾਂ ਅਤੇ ਇੱਕ ਅਰਧ-ਬਸਤੀਵਾਦੀ ਮੁਲਕ ਚੀਨ ਦਰਮਿਆਨ ਇਹ ਵਖਰੇਵਾਂ ਕਰਦਿਆਂ, ਕਾਮਰੇਡ ਮਾਓ ਵੱਲੋਂ ਕਿਹਾ ਗਿਆ ਹੈ ਕਿ ''ਸਰਮਾਏਦਾਰ ਮੁਲਕ ਫਾਸ਼ਿਸ਼ਟ ਫਾਸ਼ੀ ਹਕੂਮਤ ਹੇਠ ਨਾ ਹੋਣ ਅਤੇ ਜੰਗ ਵਿੱਚ ਉਲਝੇ ਨਾ ਹੋਣ ਦੀ ਹਾਲਤ ਵਿੱਚ ਅੰਦਰੂਨੀ ਤੌਰ 'ਤੇ ਬੁਰਜੂਆ ਜਮਹੂਰੀਅਤ (ਨਾ ਕਿ ਜਾਗੀਰਦਾਰੀ) ਅਨੁਸਾਰ ਚੱਲਦੇ ਹਨ। ਆਪਣੇ ਬਾਹਰੀ ਸਬੰਧਾਂ ਵਿੱਚ ਉਹ ਦੂਜੀਆਂ ਕੌਮਾਂ ਦੇ ਦਾਬੇ ਹੇਠ ਹੋਣ ਦੀ ਬਜਾਇ, ਖੁਦ ਹੋਰਨਾਂ ਕੌਮਾਂ ਨੂੰ ਦਬਾਉਂਦੇ ਹਨ। ਇਹਨਾਂ ਲੱਛਣਾਂ ਕਰਕੇ ਇਹਨਾਂ ਮੁਲਕਾਂ ਅੰਦਰ ਪ੍ਰੋਲੇਤਾਰੀ ਦੀ ਪਾਰਟੀ ਦਾ ਕਾਰਜ ਬਣਦਾ ਹੈ ਕਿ ਉਹ ਕਾਨੂੰਨੀ ਘੋਲ ਦੇ ਲੰਮੇਰੇ ਅਰਸੇ ਰਾਹੀਂ ਕਾਮਿਆਂ ਨੂੰ ਸਿੱਖਿਅਤ ਕਰੇ ਅਤੇ ਤਾਕਤ ਦੀ ਉਸਾਰੀ ਕਰੇ ਅਤੇ ਇਉਂ, ਸਰਮਾਏਦਾਰੀ ਨੂੰ ਵਗਾਹ ਮਾਰਨ ਦੀ ਤਿਆਰੀ ਕਸੇ। ਇਹਨਾਂ ਮੁਲਕਾਂ ਵਿੱਚ ਸੁਆਲ ਆਰਥਿਕ ਅਤੇ ਸਿਆਸੀ ਹੜਤਾਲਾਂ ਨੂੰ ਥੜ੍ਹੇ ਵਜੋਂ ਵਰਤਦਿਆਂ ਟਰੇਡ ਯੂਨੀਅਨ ਜਥੇਬੰਦੀਆਂ ਦੀ ਉਸਾਰੀ ਕਰਦਿਆਂ ਅਤੇ ਕਾਮਿਆਂ ਨੂੰ ਸਿੱਖਿਅਤ ਕਰਦਿਆਂ ਇੱਕ ਲੰਬੇ ਕਾਨੂੰਨੀ ਘੋਲਾਂ ਦੇ ਅਮਲ 'ਚੋਂ ਗੁਜ਼ਰਨਾ ਹੈ। ਉੱਥੇ ਜਥੇਬੰਦੀ ਦੀ ਸ਼ਕਲ ਕਾਨੂੰਨੀ ਬਣਦੀ ਹੈ ਅਤੇ ਘੋਲ ਦੀ ਸ਼ਕਲ ਗੈਰ-ਹਿੰਸਕ (ਗੈਰ-ਫੌਜੀ) ਬਣਦੀ ਹੈ। ਸਰਮਾਏਦਾਰ ਮੁਲਕਾਂ ਵਿਚਲੀਆਂ ਕਮਿਊਨਿਸਟ ਪਾਰਟੀਆਂ ਜੰਗ ਦੇ ਮੁੱਦੇ 'ਤੇ ਆਪਣੇ ਮੁਲਕਾਂ ਵੱਲੋਂ ਵਿੱਢੀਆਂ ਸਾਮਰਾਜੀ ਜੰਗਾਂ ਦਾ ਵਿਰੋਧ ਕਰਦੀਆਂ ਹਨ। ਜੇ ਅਜਿਹੀਆਂ ਜੰਗਾਂ ਲੱਗਦੀਆਂ ਹਨ, ਤਾਂ ਇਹਨਾਂ ਪਾਰਟੀਆਂ ਦੀ ਨੀਤੀ ਆਪਣੇ ਮੁਲਕ ਦੀ ਪਿਛਾਖੜੀ ਹਕੂਮਤ ਨੂੰ ਹਰਾਉਣ ਦੀ ਹੋਵੇਗੀ। ਇੱਕੋ ਇੱਕ ਜੰਗ ਜਿਹੜੀ ਉਹ ਲੜਨਾ ਚਾਹੁੰਦੀਆਂ ਹਨ, ਉਹ ਘਰੋਗੀ ਜੰਗ ਹੈ, ਜਿਸਦੀ ਤਿਆਰੀ ਵਿੱਚ ਉਹ ਲੱਗੀਆਂ ਹੋਈਆਂ ਹਨ। ਪਰ ਇਹ ਬਗਾਵਤ ਅਤੇ ਜੰਗ ਉਦੋਂ ਤੱਕ ਨਹੀਂ ਆਰੰਭਣੀ ਚਾਹੀਦੀ, ਜਦੋਂ ਤੱਕ ਬੁਰਜੂਆਜੀ ਨਿਤਾਣੀ ਨਾ ਬਣ ਜਾਵੇ, ਜਦੋਂ ਤੱਕ ਪ੍ਰੋਲੇਤਾਰੀ ਜਨਤਾ ਦੀ ਬਹੁਗਿਣਤੀ ਹਥਿਆਰ ਚੁੱਕਣ ਅਤੇ ਲੜਨ ਲਈ ਇਰਾਦਾ ਨਾ ਧਾਰੇ ਅਤੇ ਜਦੋਂ ਤੱਕ ਪੇਂਡੂ ਜਨਤਾ ਪ੍ਰੋਲੇਤਾਰੀ ਨੂੰ ਸਵੈ-ਇੱਛਤ ਮੱਦਦ ਮੁਹੱਈਆ ਨਾ ਕਰੇ। ਜਦੋਂ ਅਜਿਹੀ ਬਗਾਵਤ ਅਤੇ ਜੰਗ ਆਰੰਭਣ ਦਾ ਮੌਕਾ ਆ ਗਿਆ, ਤਾਂ ਪਹਿਲਾ ਕਦਮ ਸ਼ਹਿਰਾਂ 'ਤੇ ਕਬਜ਼ਾ ਕਰਨਾ ਹੋਵੇਗਾ ਅਤੇ ਫਿਰ ਪੇਂਡੂ ਖੇਤਰ ਵਿੱਚ ਪੇਸ਼ਕਦਮੀ ਕੀਤੀ ਜਾਵੇਗੀ, ਨਾ ਕਿ ਇਸ ਤੋਂ ਉਲਟ। ਸਰਮਾਏਦਾਰ ਮੁਲਕਾਂ ਵਿਚਲੀਆਂ ਕਮਿਊਨਿਸਟ ਪਾਰਟੀਆਂ ਵੱਲੋਂ ਇਹ ਸਾਰਾ ਕੁੱਝ ਕੀਤਾ ਜਾ ਚੁੱਕਿਆ ਹੈ ਅਤੇ ਰੂਸ ਦੇ ਅਕਤੂਬਰ ਇਨਕਲਾਬ ਵੱਲੋਂ ਇਸਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।
ਪਰ ਚੀਨ ਸਰਮਾਏਦਾਰ ਮੁਲਕਾਂ ਤੋਂ ਵੱਖਰਾ ਹੈ। ਚੀਨ ਦੇ ਲੱਛਣ ਹਨ ਕਿ ਉਹ ਆਜ਼ਾਦ ਅਤੇ ਜਮਹੂਰੀ ਮੁਲਕ ਨਾ ਹੋ ਕੇ ਇੱਕ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕ ਹੈ। ਅੰਦਰੂਨੀ ਤੌਰ 'ਤੇ ਇੱਥੇ ਕੋਈ ਜਮਹੂਰੀਅਤ ਹੋਣ ਦੀ ਬਜਾਇ ਇਹ ਜਾਗੀਰੂ ਦਾਬੇ ਅਧੀਨ ਹੈ। ਆਪਣੇ ਬਾਹਰੀ ਸਬੰਧਾਂ ਵਿੱਚ ਉਹ ਕੌਮੀ ਆਜ਼ਾਦੀ ਤੋਂ ਵਿਰਵਾ ਹੈ ਅਤੇ ਸਾਮਰਾਜੀ ਦਾਬੇ ਅਧੀਨ ਹੈ। ਇਸਦਾ ਮਤਲਬ ਹੈ ਕਿ ਸਾਡੇ ਕੋਲ ਵਰਤਣ ਲਈ ਨਾ ਕੋਈ ਪਾਰਲੀਮੈਂਟ ਹੈ ਅਤੇ ਨਾ ਮਜ਼ਦੂਰਾਂ ਨੂੰ ਹੜਤਾਲ ਵਾਸਤੇ ਜਥੇਬੰਦ ਕਰਨ ਲਈ ਕੋਈ ਕਾਨੂੰਨੀ ਅਧਿਕਾਰ ਹੈ। ਬੁਨਿਆਦੀ ਤੌਰ 'ਤੇ ਦੇਖਿਆਂ, ਇੱਥੇ ਕਮਿਊਨਿਸਟ ਪਾਰਟੀ ਦਾ ਕਾਰਜ ਬਗਾਵਤ ਅਤੇ ਜੰਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਾਨੂੰਨੀ ਘੋਲ ਦੇ ਇੱਕ ਲੰਮੇਰੇ ਅਰਸੇ ਰਾਹੀਂ ਗੁਜ਼ਰਦਿਆਂ, ਪਹਿਲਾਂ ਸ਼ਹਿਰਾਂ 'ਤੇ ਕਬਜ਼ਾ ਕਰਨ ਅਤੇ ਫਿਰ ਪੇਂਡੂ ਖੇਤਰ 'ਤੇ ਕਾਬਜ਼ ਹੋਣਾ ਨਹੀਂ ਬਣਦਾ, ਸਗੋਂ ਇਸ ਤੋਂ ਉਲਟ ਬਣਦਾ ਹੈ।
.. .. ਇਹ ਸਾਰਾ ਕੁੱਝ ਚੀਨ ਅਤੇ ਸਰਮਾਏਦਾਰ ਮੁਲਕਾਂ ਦਰਮਿਆਨ ਵਖਰੇਵੇਂ ਨੂੰ ਦਰਸਾਉਂਦਾ ਹੈ। ਚੀਨ ਅੰਦਰ ਜੰਗ ਘੋਲ ਦੀ ਮੁੱਖ ਸ਼ਕਲ ਹੈ ਅਤੇ ਫੌਜ ਜਥੇਬੰਦੀ ਦੀ ਮੁੱਖ ਸ਼ਕਲ ਹੈ। ਦੂਜੀਆਂ ਸ਼ਕਲਾਂ ਜਿਵੇਂ ਜਨਤਕ ਜਥੇਬੰਦੀ ਅਤੇ ਜਨਤਕ ਘੋਲ ਬੇਹੱਦ ਅਹਿਮ ਅਤੇ ਅਸਲੋਂ ਅਣਸਰਦੀ ਬਣਦੀਆਂ ਹਨ ਅਤੇ ਕਿਸੇ ਵੀ ਹਾਲਤ ਵਿੱਚ ਨਜ਼ਰਅੰਦਾਜ਼ ਨਹੀਂ ਕਰਨੀਆਂ ਚਾਹੀਦੀਆਂ। ਪਰ ਇਹਨਾਂ ਦਾ ਮਨੋਰਥ ਜੰਗ ਦੀ ਸੇਵਾ ਵਿੱਚ ਭੁਗਤਣਾ ਹੈ। ਜੰਗ ਲੱਗਣ ਤੋਂ ਪਹਿਲਾਂ ਸਾਰੀਆਂ ਜਥੇਬੰਦੀਆਂ ਅਤੇ ਘੋਲ ਜੰਗ ਦੀ ਤਿਆਰੀ ਲਈ ਹੁੰਦੇ ਹਨ, ਜਿਵੇਂ ਕਿ 4 ਮਈ 1919 ਅਤੇ 30 ਮਈ 1925 ਦਰਮਿਆਨ ਦੇ ਅਰਸੇ ਵਿੱਚ ਹੋਇਆ ਹੈ। ਜਦੋਂ ਜੰਗ ਲੱਗ ਜਾਂਦੀ ਹੈ ਤਾਂ ਸਾਰੀਆਂ ਜਥੇਬੰਦੀਆਂ ਅਤੇ ਘੋਲਾਂ ਦਾ ਸਿੱਧੇ ਜਾਂ ਅਸਿੱਧੇ ਜੰਗ ਨਾਲ ਤਾਲਮੇਲ ਬਿਠਾਇਆ ਜਾਂਦਾ ਹੈ.. ..'' (ਮਾਓ-ਜ਼ੇ-ਤੁੰਗ, ਜੰਗ ਅਤੇ ਯੁੱਧਨੀਤੀ ਦੀਆਂ ਸਮੱਸਿਆਵਾਂ, ਗ੍ਰੰਥ-2, ਸਫਾ 219, 220, 221 ਜ਼ੋਰ ਸਾਡਾ)
ਉਪਰੋਕਤ ਦੀ ਰੌਸ਼ਨੀ ਵਿੱਚ ਦੇਖਿਆਂ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪੂੰਜੀਵਾਦੀ ਮੁਲਕਾਂ ਵਾਂਗ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕਾਂ ਵਿੱਚ ਬੁਰਜੂਆ ਜਮਹੂਰੀਅਤ ਹਕੀਕਤ ਵਿੱਚ ਮੌਜੂਦ ਨਹੀਂ ਹੈ। ਜੇ ਭਾਰਤ ਵਰਗੇ ਕਿਸੇ ਮੁਲਕ ਵਿੱਚ ਅਖੌਤੀ ਪਾਰਲੀਮਾਨੀ ਜਮਹੂਰੀਅਤ ਹੈ, ਤਾਂ ਇਹ ਨਕਲੀ ਅਤੇ ਦੰਭੀ ਹੈ। ਇਸ ਕਰਕੇ ਜਿੱਥੇ ਸਰਮਾਏਦਾਰ ਮੁਲਕਾਂ ਵਿੱਚ ਬਗਾਵਤ ਲਈ ਹਾਲਤ ਪਰਪੱਕ ਹੋਣ ਤੋਂ ਪਹਿਲਾਂ ਦੇ ਲੰਮੇ ਦੌਰ ਵਿੱਚ ''ਜਥੇਬੰਦੀ ਦੀ ਸ਼ਕਲ ਕਾਨੂੰਨੀ ਬਣਦੀ ਹੈ ਅਤੇ ਘੋਲ ਦੀ ਸ਼ਕਲ ਗੈਰ-ਹਿੰਸਕ (ਗੈਰ-ਫੌਜੀ) ਬਣਦੀ ਹੈ'' ਉੱਥੇ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕਾਂ ਵਿੱਚ ''ਜੰਗ ਘੋਲ ਦੀ ਮੁੱਖ ਸ਼ਕਲ ਅਤੇ ਫੌਜ ਜਥੇਬੰਦੀ ਦੀ ਮੁੱਖ ਸ਼ਕਲ'' ਬਣਦੀ ਹੈ। ਪਛੜੇ ਮੁਲਕਾਂ ਵਿੱਚ ਨਾ ਪੂੰਜੀਵਾਦੀ ਮੁਲਕਾਂ ਵਾਂਗ ਸਮਾਜਿਕ-ਸ਼ਾਂਤੀ ਦਾ ਲੰਮਾ ਦੌਰ ਰਹਿੰਦਾ ਹੈ ਅਤੇ ਨਾ ਹੀ ਹਥਿਆਰਬੰਦ ਜਨਤਕ ਉਭਾਰ ਦਾ ਦੌਰ ਸਰਮਾਏਦਾਰ ਮੁਲਕਾਂ ਵਾਂਗ ਆਉਂਦਾ ਹੈ ਅਤੇ ਨਾ ਹੀ ਉਵੇਂ ਇੱਕਦਮ ਅਤੇ ਤੇਜ਼ੀ ਨਾਲ ਮੁਤਬਾਦਲ ਇਨਕਲਾਬੀ ਲੋਕ ਸੱਤਾ ਦੇ ਅਦਾਰੇ ਹੋਂਦ ਵਿੱਚ ਆਉਣ ਦਾ ਅਮਲ ਚੱਲਦਾ ਹੈ। ਇਸਦੇ ਉਲਟ ਪਛੜੇ ਮੁਲਕ- ਅਰਧ-ਬਸਤੀਵਾਦੀ ਅਰਧ ਜਾਗੀਰੂ ਮੁਲਕ ਸਦੀਵੀ ਅਤੇ ਆਮ ਆਰਥਿਕ-ਸਿਆਸੀ (ਅਤੇ ਜ਼ਰੱਈ ਸੰਕਟ) ਦਾ ਸ਼ਿਕਾਰ ਹੋਣ ਕਰਕੇ ਨਾ ਸਿਰਫ ਆਮ ਤੌਰ 'ਤੇ ਘੱਟ-ਵੱਧ ਸਮਾਜਿਕ-ਸਿਆਸੀ ਉਥਲ-ਪੁਥਲ ਵਾਲੀ ਹਾਲਤ ਵਿੱਚ ਰਹਿੰਦੇ ਹਨ, ਸਗੋਂ ਹਥਿਆਰਬੰਦ ਘੋਲ/ਵਿਦਰੋਹ ਇਹਨਾਂ ਮੁਲਕਾਂ ਵਿਚਲੀ ਸਿਆਸੀ ਹਾਲਤ ਦਾ ਇੱਕ ਅਹਿਮ ਲੱਛਣ ਬਣਦੇ ਹਨ। ਹਥਿਆਰਬੰਦ ਘੋਲ ਸਮਾਜਿਕ-ਸਿਆਸੀ ਅਮਲ ਦਾ ਇੱਕ ਅਹਿਮ ਅੰਸ਼ ਹੋਣ ਦੇ ਬਾਵਜੂਦ, ਇਹਨਾਂ ਮੁਲਕਾਂ ਵਿੱਚ ਮੁਲਕ ਵਿਆਪੀ, ਵੱਡੇ, ਹੂੰਝਾਫੇਰੂ ਜਨਤਕ ਹਥਿਆਰਬੰਦ ਉਭਾਰ/ਬਗਾਵਤ ਦਾ ਦੌਰ ਨਹੀਂ ਆਉਂਦਾ। ਹਥਿਆਰਬੰਦ ਘੋਲ ਕਿਸੇ ਇੱਕ ਜਾਂ ਇੱਕ ਤੋਂ ਵੱਧ ਇਲਾਕਿਆਂ ਵਿੱਚ ਗੁਪਤ ਰੂਪ ਵਿੱਚ ਜਥੇਬੰਦ ਕੀਤੇ ਗੁਰੀਲਾ ਹਥਿਆਰਬੰਦ ਘੋਲ ਦੀ ਸ਼ਕਲ ਵਿੱਚ ਸ਼ੁਰੂ ਹੁੰਦਾ ਹੈ, ਅੱਗੇ ਵਧਦਾ ਅਤੇ ਫੈਲਦਾ-ਪਸਰਦਾ ਹੈ। ਇੱਥੇ ਇਨਕਲਾਬੀ ਲੋਕ ਸੱਤਾ ਦੇ ਅਦਾਰਿਆਂ ਦੀ ਉਸਾਰੀ ਦਾ ਅਮਲ ਵੀ ਲਮਕਵਾਂ ਹੁੰਦਾ ਹੈ। ਅਜਿਹੇ ਅਦਾਰੇ ਇੱਕਦਮ ਅਤੇ ਤੇਜੀ ਨਾਲ ਹੋਂਦ ਵਿੱਚ ਨਹੀਂ ਆ ਸਕਦੇ। ਪਿਛਾਖੜੀ ਅਦਾਰਿਆਂ ਦੇ ਢਹਿ-ਢੇਰੀ ਹੋਣ ਦਾ ਅਮਲ ਅਤੇ ਇਨਕਲਾਬੀ ਲੋਕ-ਸੱਤਾ ਦੇ ਅਦਾਰਿਆਂ ਦਾ ਹੋਂਦ ਵਿੱਚ ਆਉਣ ਦਾ ਅਮਲ ਅਸਲ ਵਿੱਚ ਪਿਛਾਖੜੀ ਰਾਜ ਦੀਆਂ ਹਥਿਆਰਬੰਦ ਤਾਕਤਾਂ ਅਤੇ ਪ੍ਰੋਲੇਤਾਰੀ ਦੀ ਅਗਵਾਈ ਹੇਠਲੀਆਂ ਹਥਿਆਰਬੰਦ ਗੁਰੀਲਾ ਤਾਕਤਾਂ ਦਰਮਿਆਨ ਮੋੜਾਂ-ਘੋੜਾਂ, ਉਤਰਾਵਾਂ-ਚੜ੍ਹਾਵਾਂ ਅਤੇ ਹਾਰਾਂ-ਜਿੱਤਾਂ ਨੂੰ ਸਮੋਂਦੇ ਭੇੜ ਦਾ ਲੰਮੇਰਾ ਅਮਲ ਹੁੰਦਾ ਹੈ, ਜਿਸ ਦੇ ਅੰਤ ਵਿੱਚ ਕਿਸੇ ਇੱਕ ਜਾਂ ਵੱਧ ਇਲਾਕਿਆਂ ਵਿੱਚ ਇਨਕਲਾਬੀ ਗੁਰੀਲਾ ਤਾਕਤਾਂ ਵੱਲੋਂ ਪਿਛਾਖੜੀ ਰਾਜ ਦੀਆਂ ਹਥਿਆਰਬੰਦ ਤਾਕਤਾਂ ਨੂੰ ਪਛਾੜਦਿਆਂ ਅਤੇ ਉਹਨਾਂ ਦਾ ਸਫਾਇਆ ਕਰਦਿਆਂ, ਇਨਕਲਾਬੀ ਆਧਾਰ ਇਲਾਕੇ/ਇਲਾਕਿਆਂ ਦੀ ਸਥਾਪਨਾ ਕੀਤੀ ਜਾਂਦੀ ਹੈ।
ਉਪਰੋਕਤ ਜ਼ਿਕਰ ਇਹ ਦਰਸਾਉਂਦਾ ਹੈ ਕਿ ਬੁਰਜੂਆ ਪਾਰਲੀਮਾਨੀ ਅਦਾਰਿਆਂ ਵਿੱਚ ਹਿੱਸਾ ਲੈਣ ਅਤੇ ਇਹਨਾਂ ਦਾ ਬਾਈਕਾਟ ਕਰਨ ਦੇ ਦੋਵੇਂ ਪੈਂਤੜਿਆਂ ਨੂੰ ਭਾਰਤ ਵਰਗੇ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕ ਦੀ ਹਾਲਤ ਵਿੱਚ ਆਮ ਪ੍ਰਸੰਗਿਕਤਾ ਹੋਣ ਦੇ ਬਾਵਜੂਦ, ਇਹਨਾਂ 'ਤੇ ਅਮਲਦਾਰੀ ਨੂੰ ਮਸ਼ੀਨੀ ਰੂਪ ਵਿੱਚ ਚਿਤਵਣਾ ਗਲਤ ਹੈ। ਕਿਉਂਕਿ, ਇਹਨਾਂ ਦੋਵਾਂ ਪੈਂਤੜਿਆਂ ਦੀ ਅਮਲਯੋਗਤਾ ਲਈ ਅਧਾਰ ਬਣਦੀ ਠੋਸ ਬਾਹਰਮੁਖੀ ਹਾਲਤ ਅਤੇ ਅੰਤਰਮੁਖੀ ਹਾਲਤ ਪੱਖੋਂ ਦੋਵਾਂ ਕਿਸਮਾਂ ਦੇ ਮੁਲਕਾਂ ਵਿੱਚ ਵੱਡਾ ਵਖਰੇਵਾਂ ਹੁੰਦਾ ਹੈ। ਪੂੰਜੀਵਾਦੀ ਮੁਲਕਾਂ ਵਿੱਚ ਬੁਰਜੂਆ ਪਾਰਲੀਮਾਨੀ ਜਮਹੂਰੀ ਅਦਾਰਿਆਂ ਵਿੱਚ ਹਿੱਸਾ ਪੁਰਅਮਨ ਅਤੇ ਕਾਨੂੰਨੀ ਘੋਲ ਸਰਗਰਮੀ ਦੇ ਉਸ ਦੌਰ ਵਿੱਚ ਲਿਆ ਜਾ ਸਕਦਾ ਹੈ ਜਾਂ ਲਿਆ ਜਾਂਦਾ ਹੈ, ਜਿਹੜਾ ਹਾਲਤਾਂ ਦੇ ਪਰਪੱਕ ਹੋਣ ਤੱਕ ਬਗਾਵਤ ਲਈ ਤਾਕਤਾਂ ਇਕੱਠੀਆਂ ਕਰਨ ਦਾ ਦੌਰ ਹੁੰਦਾ ਹੈ। ਇੱਕ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕਾਂ ਅੰਦਰ ਜੇ ਕਦੇ ਨਕਲੀ ਪਾਰਲੀਮਾਨੀ ਸੰਸਥਾਵਾਂ ਅੰਦਰ ਹਿੱਸਾ ਲੈਣ (ਜਿਸਦੀਆਂ ਗੁੰਜਾਇਸ਼ਾਂ ਬਹੁਤ ਹੀ ਸੀਮਤ ਹਨ) ਤੇ ਇਹਨਾਂ ਦੀ ਵਰਤੋਂ ਦਾ ਪੈਂਤੜਾ ਲੈਣ ਦੀ ਲੋੜ ਖੜ੍ਹੀ ਹੋ ਜਾਵੇ ਤਾਂ ਕਮਿਊਨਿਸਟ ਪਾਰਟੀ ਕੋਲ ਲੋੜੀਂਦੀ ਹਥਿਆਰਬੰਦ ਤਾਕਤ (ਹਥਿਆਰਬੰਦ ਜ਼ਰੱਈ ਇਨਕਲਾਬੀ ਘੋਲ ਤੇ ਤਾਕਤ) ਦਾ ਹੋਣਾ ਇੱਕ ਲਾਜ਼ਮੀ ਸ਼ਰਤ ਬਣਦੀ ਹੈ। ਅਜਿਹੇ ਮੁਲਕ ਵਿੱਚ ਹਥਿਆਰਬੰਦ ਜ਼ਰੱਈ ਇਨਕਲਾਬੀ ਲਹਿਰ ਅਤੇ ਹਥਿਆਰਬੰਦ ਤਾਕਤ ਤੋਂ ਬਗੈਰ ਕਮਿਊਨਿਸਟ ਜਥੇਬੰਦੀ ਦੀ ਮੁਲਕ ਦੇ ਸਿਆਸੀ ਅਖਾੜੇ ਵਿੱਚ ਭੋਰਾ ਭਰ ਵੀ ਵੁੱਕਤ ਨਹੀਂ ਹੋ ਸਕਦੀ। ਹਥਿਆਰਬੰਦ ਜ਼ਰੱਈ ਇਨਕਲਾਬੀ ਲਹਿਰ ਅਤੇ ਹਥਿਆਰਬੰਦ ਤਾਕਤ ਦੇ ਬਲਬੂਤੇ ਹੀ ਪ੍ਰੋਲੇਤਾਰੀ ਦੀ ਪਾਰਟੀ ਮੁਲਕ ਦੀ ਮਿਹਨਤਕਸ਼ ਲੋਕਾਈ ਵਿੱਚ ਸਪਸ਼ਟ ਅਤੇ ਨਿੱਤਰਵੇਂ ਮੂੰਹ-ਮੁਹਾਂਦਰੇ ਵਾਲੇ ਇਨਕਲਾਬੀ ਸਿਆਸੀ ਬਦਲ (ਟੈਂਜੀਬਲ ਰੈਵੋਲੂਸ਼ਨਰੀ ਪੁਲੀਟੀਕਲ ਅਲਟਰਨੇਟਿਵ) ਉਸਾਰੀ ਦੇ ਅਮਲ ਦੀ ਆਗੂ ਤਾਕਤ ਵਜੋਂ ਆਪਣੀ ਸਿਆਸੀ ਪੜਤ ਉਭਾਰਨ ਅਤੇ ਸਥਾਪਤ ਕਰਨ ਦੀ ਹਾਲਤ ਵਿੱਚ ਹੋ ਸਕਦੀ ਹੈ। ਅਜਿਹੀ ਸਪਸ਼ਟ ਇਨਕਲਾਬੀ ਸਿਆਸੀ ਪੜਤ ਦੇ ਉਭਾਰ ਅਤੇ ਸਥਾਪਤੀ ਤੋਂ ਬਗੈਰ ਨਕਲੀ ਪਾਰਲੀਮਾਨੀ ਸੰਸਥਾਵਾਂ ਵਿੱਚ ਹਿੱਸਾ ਲੈਣ ਅਤੇ ਇਹਨਾਂ ਦੀ ਸੀਮਤ ਵਰਤੋਂ ਦਾ ਲਾਹਾ ਲੈਣ ਦਾ ਕਦਮ ਲੋਕਾਂ ਅੰਦਰ ਗੰਧਲਚੌਦੇਂ ਪਾਉਣ ਅਤੇ ਸਫਾਂ ਨੂੰ ਹਥਿਆਰਬੰਦ ਘੋਲ ਦੀ ਤਿਆਰੀ ਦੇ ਅਮਲ ਤੋਂ ਥਿੜਕਾਉਣ ਅਤੇ ਪਾਸੇ ਲਿਜਾਣ ਵਾਲਾ ਕਦਮ ਸਾਬਤ ਹੋਵੇਗਾ। ਇਸ ਤੋਂ ਅੱਗੇ— ਜੇ ਕੁੱਝ ਸੀਟਾਂ (ਵਿਧਾਨ ਸਭਾ, ਲੋਕ ਸਭਾ, ਪੰਚਾਇਤੀ ਸੰਸਥਾਵਾਂ ਵਗੈਰਾ) 'ਤੇ ਚੋਣ ਜਿੱਤ ਵੀ ਲਈ ਜਾਵੇ ਤਾਂ ਭ੍ਰਿਸ਼ਟ ਮੌਕਾਪ੍ਰਸਤ ਸਿਆਸੀ ਟੋਲਿਆਂ, ਜਾਬਰ ਰਾਜਕੀ ਹਥਿਆਰਬੰਦ ਤਾਕਤਾਂ, ਗੁੰਡਾ ਗਰੋਹਾਂ ਅਤੇ ਭ੍ਰਿਸ਼ਟ ਅਫਸਰਸ਼ਾਹੀ ਦੇ ਪਿਛਾਖੜੀ ਗੱਠਜੋੜ ਦੇ ਘਿਨਾਉਣੇ ਮਨਸੂਬਿਆਂ ਦਾ ਸਾਹਮਣਾ ਕਰਦਿਆਂ, ਇਹਨਾਂ ਦੀ ਮਾੜੀ-ਮੋਟੀ ਸਾਰਥਿਕ ਵਰਤੋਂ ਵੀ ਆਪਣੀ ਹਥਿਆਰਬੰਦ ਤਾਕਤ ਦੇ ਜ਼ੋਰ ਹੀ ਕੀਤੀ ਜਾ ਸਕਦੀ ਹੈ। ਅਜਿਹੀ ਤਾਕਤ ਤੋਂ ਹੀਣੇ ਇਨਕਲਾਬੀ ਨੁਮਾਇੰਦੇ ਪਿਛਾਖੜੀ ਗੱਠਜੋੜ ਸਨਮੁੱਖ ਸਿਆਸੀ ਨਿਤਾਣੇਪਣ ਦੇ ਪਾਤਰ ਬਣ ਕੇ ਰਹਿ ਜਾਣਗੇ।
ਇਹੀ ਪਹੁੰਚ ਇਹਨਾਂ ਸੰਸਥਾਵਾਂ ਦੇ ਬਾਈਕਾਟ ਦੇ ਪੈਂਤੜੇ ਸਬੰਧੀ ਅਪਣਾਈ ਜਾਣੀ ਚਾਹੀਦੀ ਹੈ। ਇੱਕ ਪੂੰਜੀਵਾਦੀ ਮੁਲਕ ਵਿੱਚ ਬਾਈਕਾਟ ਦਾ ਸੱਦਾ ਦੇਣ ਲਈ ਜਿਹੋ ਜਿਹੀ ਠੋਸ ਹਾਲਤ ਚਾਹੀਦੀ ਹੈ, ਉਹੋ ਜਿਹੀ (ਹੂ-ਬ-ਹੂ) ਠੋਸ ਹਾਲਤ ਇੱਕ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕ ਅੰਦਰ ਕਦੇ ਵੀ ਨਹੀਂ ਬਣਦੀ। ਇੱਥੇ ਨਕਲੀ ਪਾਰਲੀਮਾਨੀ ਸੰਸਥਾਵਾਂ ਦੇ ਬਾਈਕਾਟ ਦਾ ਪੈਂਤੜਾ ਲਮਕਵੇਂ ਹਥਿਆਰਬੰਦ ਲੋਕ-ਯੁੱਧ ਦੀ ਯੁੱਧਨੀਤੀ ਨੂੰ ਲਾਗੂ ਕਰਨ ਦੇ ਅਮਲ ਦਾ ਹੀ ਇੱਕ ਅੰਗ ਹੈ। ਇਸ ਲਈ ਇਹ ਲਮਕਵੇਂ ਹਥਿਆਰਬੰਦ ਘੋਲ ਦੀ ਤਿਆਰੀ ਅਤੇ ਇਸਦੀ ਸ਼ੁਰੂਆਤ ਤੋਂ ਬਾਅਦ ਇਸ ਘੋਲ ਦਾ ਹੀ ਇੱਕ ਅਨੱਖੜਵਾਂ ਅੰਗ ਬਣਦਾ ਹੈ। ਇੱਥੇ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਇੱਕ ਅਰਧ-ਬਸਤੀਵਾਦੀ ਅਰਧ-ਜਾਗੀਰੂ ਮੁਲਕ ਵਿੱਚ ਪਿਛਾਖੜੀ ਰਾਜ-ਸੱਤਾ ਨੂੰ ਤਹਿਸ਼-ਨਹਿਸ਼ ਕਰਨ ਅਤੇ ਇਨਕਲਾਬੀ ਰਾਜ ਸੱਤਾ ਦੇ ਅਦਾਰੇ ਖੜ੍ਹੇ ਕਰਨ ਦਾ ਕਾਰਜ ਹਥਿਆਰਬੰਦ ਘੋਲ ਦਾ ਫੌਰੀ ਅਤੇ ਤੁਰੰਤਪੈਰਾ ਨਿਸ਼ਾਨਾ ਨਹੀਂ ਹੁੰਦਾ, ਸਗੋਂ ਦੂਰਗਾਮੀ ਨਿਸ਼ਾਨਾ ਹੁੰਦਾ ਹੈ। ਹਥਿਆਰਬੰਦ ਘੋਲ ਦੇ ਲੰਮੇ ਤੇ ਲਮਕਵੇਂ ਅਮਲ ਦਾ ਮੰਤਵ ਕਦਮ-ਬ-ਕਦਮ ਲੋਕਾਂ, ਵਿਸ਼ੇਸ਼ ਕਰਕੇ ਕਿਸਾਨਾਂ ਨੂੰ ਲਮਕਵੇਂ ਹਥਿਆਰਬੰਦ ਘੋਲ ਲਈ ਅਤੇ ਇਸ ਦੀ ਹਮਾਇਤ ਲਈ ਉਭਾਰਨਾ ਅਤੇ ਜਥੇਬੰਦ ਕਰਨਾ, ਹਥਿਆਰਬੰਦ ਘੋਲ ਨੂੰ ਮਜਬੂਤ ਕਰਨਾ ਅਤੇ ਵਧਾਉਣਾ-ਫੈਲਾਉਣਾ ਅਤੇ ਪਿਛਾਖੜੀ ਰਾਜ-ਸੱਤਾ ਦੀ ਹਥਿਆਰਬੰਦ ਤਾਕਤ ਨੂੰ ਮਾਰ ਹੇਠ ਲਿਆਉਂਦਿਆਂ, ਇਸ ਨੂੰ ਕਮਜ਼ੋਰ ਕਰਨਾ ਅਤੇ ਅੰਤ ਪਛਾੜਨਾ ਹੁੰਦਾ ਹੈ। ਇਸ ਲਈ ਲਮਕਵੇਂ ਹਥਿਆਰਬੰਦ ਘੋਲ ਦੀ ਤਿਆਰੀ ਅਤੇ ਇਸ ਘੋਲ ਦੇ ਸਮੁੱਚੇ ਅਮਲ ਦੌਰਾਨ ਨਕਲੀ ਪਾਰਲੀਮਾਨੀ ਸੰਸਥਾਵਾਂ ਬਾਰੇ ਪ੍ਰੋਲੇਤਾਰੀ ਦੀ ਪਾਰਟੀ ਵੱਲੋਂ (ਛੋਟ ਦੇ ਮੌਕੇ ਨੂੰ ਛੱਡਦਿਆਂ) ਬਾਈਕਾਟ ਦਾ ਪੈਂਤੜਾ ਅਖਤਿਆਰ ਕੀਤਾ ਜਾਂਦਾ ਹੈ। ਜਿਵੇਂ ਸਾਮਰਾਜ ਦਲਾਲ ਹਾਕਮ ਜਮਾਤਾਂ ਦੀਆਂ ਪਾਰਲੀਮਾਨੀ ਸਿਆਸੀ ਪਾਰਟੀਆਂ ਦਾ ਇਨਕਲਾਬੀ ਬਦਲ ਮਜ਼ਦੂਰ ਜਮਾਤ ਦਾ ਮੂਹਰੈਲ ਦਸਤਾ- ਕਮਿਊਨਿਸਟ ਪਾਰਟੀ ਹੀ ਬਣਦੀ ਹੈ, ਉਵੇਂ ਇਸ ਪਿਛਾਖੜੀ ਤੇ ਦੰਭੀ ਪਾਰਲੀਮਾਨੀ ਸਿਆਸੀ ਰਾਹ ਦਾ ਇਨਕਲਾਬੀ ਬਦਲ ਲਮਕਵਾਂ ਹਥਿਆਰਬੰਦ ਘੋਲ ਹੀ ਬਣਦਾ ਹੈ। ਇਸ ਨਕਲੀ ਪਾਰਲੀਮਾਨੀ ਸਿਆਸੀ ਰਾਹ ਦੇ ਬਾਈਕਾਟ ਦਾ ਪੈਂਤੜਾ ਅਖਤਿਆਰ ਕਰਨ ਅਤੇ ਮਿਹਨਤਕਸ਼ ਲੋਕਾਂ ਨੂੰ ਇਹਨਾਂ ਦੰਭੀ ਜਮਹੂਰੀ ਸੰਸਥਾਵਾਂ ਨੂੰ ਲੱਤ ਮਾਰਨ ਦਾ ਸੱਦਾ ਦੇਣ ਤੋਂ ਬਗੈਰ ਲੋਕਾਂ ਨੂੰ ਲਮਕਵੇਂ ਹਥਿਆਰਬੰਦ ਘੋਲ ਦੀ ਤਿਆਰੀ ਦੇ ਅਮਲ ਵਿੱਚ ਪਾਇਆ ਹੀ ਨਹੀਂ ਜਾ ਸਕਦਾ। ਅਖੌਤੀ ਪਾਰਲੀਮਾਨੀ ਜਮਹੂਰੀ ਸੰਸਥਾਵਾਂ ਦੇ ਬਾਈਕਾਟ ਦਾ ਸੱਦਾ ਦੇਣ ਅਤੇ ਲਮਕਵੇਂ ਹਥਿਆਰਬੰਦ ਘੋਲ ਦਾ ਸੱਦਾ ਦੇਣ ਤੋਂ ਕਿਨਾਰਾ ਕਰਦਿਆਂ, ਮੌਜੂਦਾ ਪਿਛਾਖੜੀ ਸਿਆਸੀ ਆਰਥਿਕ ਪ੍ਰਬੰਧ ਦੇ ਬਦਲ ਵਜੋਂ ਨਵ-ਜਮਹੂਰੀ ਇਨਕਲਾਬ ਦਾ ਸਿਆਸੀ ਬਦਲ ਉਭਾਰਨ ਦੀ ਕੋਸ਼ਿਸ਼ ਇੱਕ ਥੋਥੀ ਮੁਹਾਵਰੇਬਾਜ਼ ਕਸਰਤ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ।
ਇੱਕ ਦਲੀਲ ਇਹ ਹੈ ਕਿ ਨਕਲੀ ਪਾਰਲੀਮਾਨੀ ਅਦਾਰਿਆਂ ਦੇ ਬਾਈਕਾਟ ਦਾ ਸੱਦਾ ਇੱਕ ਕਾਰਵਾਈ ਨਾਹਰਾ ਹੈ। ਲੋਕਾਂ ਦੀ ਚੇਤਨਾ ਦਾ ਪੱਧਰ ਨੀਵਾਂ ਹੋਣ ਕਰਕੇ ਉਹ ਇਸ ਕਾਰਵਾਈ ਨਾਹਰੇ ਨੂੰ ਹੁੰਗਾਰਾ ਨਹੀਂ ਦਿੰਦੇ, ਜਿਸ ਕਰਕੇ ਇਹ ਨਾਕਾਮ ਅਤੇ ਗੈਰ-ਉਪਜਾਊ ਸਾਬਤ ਹੁੰਦਾ ਹੈ ਅਤੇ ਲੋਕਾਂ 'ਚ ਨਿਰਾਸ਼ਾ ਪੈਦਾ ਕਰਨ ਦਾ ਕਾਰਨ ਬਣਦਾ ਹੈ। ਇਸ ਦਲੀਲ ਦੇ ਦਾਅਵੇਦਾਰ ਕਹਿੰਦੇ ਹਨ ਕਿ ਇਹ ਕਾਰਵਾਈ ਸੱਦਾ ਦੇਣ ਦੀ ਬਜਾਇ, ਮੌਜੂਦਾ ਪਿਛਾਖੜੀ ਅਰਧ-ਬਸਤੀਵਾਦੀ ਅਰਧ-ਜਾਗੀਰੂ ਪ੍ਰਬੰਧ ਦੇ ਸਿਆਸੀ ਬਦਲ ਬਣਦੇ ਨਵ-ਜਮਹੂਰੀ ਰਾਜ-ਪ੍ਰਬੰਧ ਦੇ ਬਦਲ ਨੂੰ ਉਭਾਰਨ-ਪ੍ਰਚਾਰਨ ਲਈ ''ਸਰਗਰਮ ਸਿਆਸੀ ਮੁਹਿੰਮ'' ਚਲਾਉਣੀ ਚਾਹੀਦੀ ਹੈ। ਇਸ ਦਲੀਲ ਮੁਤਾਬਕ ਮੌਜੂਦਾ ਬੇਹੱਦ ਸਾਜਗਾਰ ਬਾਹਰਮੁਖੀ ਹਾਲਤਾਂ ਵਿੱਚ ਮਿਹਨਤਕਸ਼ ਲੋਕਾਂ ਦੀ ਇਨਕਲਾਬੀ ਸਿਆਸੀ ਬਦਲ ਲਈ ਗ੍ਰਹਿਣਸ਼ੀਲਤਾ ਬਹੁਤ ਹੀ ਤਿੱਖੀ ਹੋ ਗਈ ਹੈ। ਇਸ ਲਈ, ਨਵ-ਜਮਹੂਰੀ ਇਨਕਲਾਬ ਦੀ ਸਿਆਸੀ ਯੁੱਧਨੀਤੀ ਅਤੇ ਇਸ ਰਾਹੀਂ ਉਸਾਰੇ ਜਾਣ ਵਾਲੇ ਨਵ-ਜਮਹੂਰੀ ਰਾਜਭਾਗ ਦਾ ਪੂਰੀ ਵਿਆਖਿਆ ਸਹਿਤ ਲੋਕਾਂ ਵਿੱਚ ਨਕਸ਼ਾ ਬੰਨ੍ਹਿਆ ਜਾਣਾ ਚਾਹੀਦਾ ਹੈ। ਪਰ ਜਿੱਥੋਂ ਤੱਕ ਕਾਰਵਾਈ ਨਾਹਰੇ ਦਾ ਸਬੰਧ ਹੈ— ਇਹ ਸਿਰਫ ''ਜਨਤਕ ਘੋਲਾਂ ਅਤੇ ਜਨਤਕ ਜਥੇਬੰਦੀਆਂ 'ਤੇ ਟੇਕ ਰੱਖੋ'' ਹੋਣਾ ਚਾਹੀਦਾ ਹੈ। ਉਹਨਾਂ ਮੁਤਾਬਕ ਲੋਕਾਂ ਨੂੰ ਲਮਕਵੇਂ ਹਥਿਆਰਬੰਦ ਘੋਲ ਦੀ ਤਿਆਰੀ ਦਾ ਸੱਦਾ ਦੇਣਾ ਅਤੇ ਚੋਣਾਂ ਦੇ ਬਾਈਕਾਟ ਦਾ ਸੱਦਾ ਦੇਣਾ ਖੱਬੀ ਮਾਅਰਕੇਬਾਜ਼ੀ ਹੈ।
ਇਸ ਦਲੀਲ ਦੇ ਦਾਅਵੇਦਾਰਾਂ ਦਾ ਇਹ ਤਰਕ ਨਾ ਸਿਰਫ ਬੇਤੁਕਾ ਹੈ, ਸਗੋਂ ਆਪਾ-ਵਿਰੋਧੀ ਵੀ ਹੈ। ਪਹਿਲੀ ਗੱਲ- ਜੇਕਰ ਮਿਹਨਤਕਸ਼ ਲੋਕ ਨਵ-ਜਮਹੂਰੀਅਤ ਦੀ ਉਸਾਰੀ ਲਈ ਨਵ-ਜਮਹੂਰੀ ਇਨਕਲਾਬ ਕਰਨ ਦੀ ਲੋੜ ਨੂੰ ਗ੍ਰਹਿਣ ਕਰਨ ਲਈ ਤਿਆਰ ਹਨ, ਤਾਂ ਉਹ ਮੌਜੂਦਾ ਪਿਛਾਖੜੀ ਪਾਰਲੀਮਾਨੀ ਸੰਸਥਾਵਾਂ ਨੂੰ ਲੱਤ ਮਾਰਨ ਅਤੇ ਨਵ-ਜਮਹੂਰੀ ਇਨਕਲਾਬ ਕਰਨ ਲਈ ਲਮਕਵੇਂ ਲੋਕ-ਯੁੱਧ ਦੀ ਠੋਸ ਤਿਆਰੀ ਦੇ ਅਮਲ ਵਿੱਚ ਜੁਟ ਜਾਣ ਦੀ ਲੋੜ ਨੂੰ ਗ੍ਰਹਿਣ ਕਰਨ ਲਈ ਕਿਉਂ ਤਿਆਰ ਨਹੀਂ ਹੋਣਗੇ? ਦੂਜੀ ਗੱਲ— ਲੋਕਾਂ ਨੂੰ ਨਵ-ਜਮਹੂਰੀ ਇਨਕਲਾਬੀ ਚੇਤਨਾ ਨਾਲ ਲੈਸ ਕਰਨ ਲਈ ਪ੍ਰਚਾਰ ਮੁਹਿੰਮ ਚਲਾਉਣਾ, ਪਰ ਨਵ-ਜਮਹੂਰੀ ਇਨਕਲਾਬ ਕਰਨ ਲਈ ਕਾਨੂੰਨੀ, ਖੁੱਲ੍ਹੀਆਂ ਜਨਤਕ ਜਥੇਬੰਦੀਆਂ ਦੇ ਥੜ੍ਹਿਆਂ ਅਤੇ ਪੁਰਅਮਨ ਘੋਲਾਂ 'ਤੇ ਟੇਕ ਰੱਖ ਕੇ ਚੱਲਣ ਦੇ ਰਾਹ ਪਾਉਣਾ ਕੀ ਆਪਾ-ਵਿਰੋਧੀ ਗੱਲਾਂ ਨਹੀਂ? ਕੀ ਇਹ ਫੰਡਰ ਇਨਕਲਾਬੀ ਲਫਾਜ਼ੀ ਦੀ ਲਫਾਫੇਬਾਜ਼ੀ ਨਾਲ ਢੱਕਿਆ ਜਾਣ ਵਾਲਾ ਪੂਛਲਵਾਦ ਅਤੇ ਸੱਜਾ ਮੌਕਾਪ੍ਰਸਤ ਪੈਂਤੜਾ ਨਹੀਂ? ਕੀ ਇਸ ਸਮਝ ਮੁਤਾਬਿਕ ਜਿਹੜੀ ਜਨਤਾ ''ਬਚਾਓਮੁਖੀ ਘੋਲ ਸਰਗਰਮੀਆਂ'' ਦੀਆਂ ਲਛਮਣ ਰੇਖਾਵਾਂ ਤੋਂ ਬਾਹਰ ਜਾਣ ਲਈ ਅਜੇ ਤਿਆਰ ਨਹੀਂ, ਉਸ ਜਨਤਾ ਅੰਦਰ ''ਸਰਗਰਮ ਸਿਆਸੀ ਮੁਹਿੰਮ'' ਦਾ ਅਡੰਬਰ ਰਚਦਿਆਂ, ਇਨਕਲਾਬੀ ਲਫਾਜ਼ੀ ਦਾ ਧੂਮ-ਧੜੱਕਾ ਨਿਹਫਲ ਪ੍ਰਚਾਰ ਕਸਰਤ ਨਹੀਂ? ਤੀਜੀ ਗੱਲ— ਕੀ ਮਿਹਨਤਕਸ਼ ਜਨਤਾ ਨੂੰ ਮੁਕਤੀ ਅਤੇ ਇਨਕਲਾਬ ਦੇ ਸਬਜ਼ਬਾਗ ਦਿਖਾਉਣਾ ਅਤੇ ਦਹਾਕਿਆਂ ਭਰ ਇਨਕਲਾਬ ਦੇ ਸਬਜ਼ਬਾਗ ਦਿਖਾਉਣ ਦੀਆਂ ਮੁਹਿੰਮਾਂ ਚਲਾਉਣਾ, ਪਰ ਜਨਤਾ ਨੂੰ ਅੰਸ਼ਿਕ ਮੰਗਾਂ/ਮਸਲਿਆਂ 'ਤੇ ਚੱਲਦੇ ਪੁਰਅਮਨ ਘੋਲਾਂ 'ਤੇ ਟੇਕ ਰੱਖਣ 'ਤੇ ਜ਼ੋਰ ਦੇਣਾ ਅਤੇ ਇਹਨਾਂ ਵਿੱਚ ਉਲਝਾs sਕੇ ਰੱਖਣਾ, ਲੋਕਾਂ ਵਿੱਚ ਨਿਰਾਸ਼ਾ ਦਾ ਛੱਟਾ ਦੇਣਾ ਨਹੀਂ ਹੈ? ਕੀ ਇੱਕ ਹੱਥ ਨਵ-ਜਮਹੂਰੀ ਇਨਕਲਾਬੀ ਚੇਤਨਾ ਨਾਲ ਲੈਸ ਕਰਨ ਦੀਆਂ ਮੁਹਿੰਮਾਂ ਚਲਾਉਣਾ ਅਤੇ ਦੂਜੇ ਹੱਥ- ਲੋਕਾਂ ਨੂੰ ਅੰਸ਼ਿਕ ਵਕਤੀ ਮੰਗਾਂ/ਮਸਲਿਆਂ ਲਈ ਘੋਲਾਂ ਦੀਆਂ ਪੁਰਅਮਨ ਵਲੱਗਣਾਂ ਵਿੱਚ ਘੇਰ ਕੇ ਰੱਖਣਾ ਇਸ ਚੇਤਨਾ ਨੂੰ ਬਰਬਾਦ ਕਰਨਾ, ਖੁੰਡਾ ਕਰਨਾ ਅਤੇ ਲੋਕਾਂ ਦੇ ਸੰਗਰਾਮੀ ਰੌਂਅ ਤੇ ਤੱਤਪਰਤਾ ਨੂੰ ਖਾਰਜ ਕਰਨਾ ਨਹੀਂ ਹੈ?
ਅਸਲ ਵਿੱਚ— ਭਾਰਤ ਵਰਗੇ ਅਰਧ-ਬਸਤੀਵਾਦੀ, ਅਰਧ-ਜਾਗੀਰੂ ਮੁਲਕ ਵਿੱਚ ਹਥਿਆਰਬੰਦ ਘੋਲ ਦੀ ਤਿਆਰੀ ਅਤੇ ਗੁਰੀਲਾ ਜੰਗ ਦੀ ਸ਼ੁਰੂਆਤ ਤੋਂ ਬਾਅਦ ਦੇ ਦੌਰ 'ਚ, (ਛੋਟ ਦੇ ਮੌਕੇ ਨੂੰ ਛੱਡਦਿਆਂ) ਅਖੌਤੀ ਪਾਰਲੀਮਾਨੀ ਜਮਹੂਰੀ ਸੰਸਥਾਵਾਂ ਬਾਰੇ ਪ੍ਰੋਲੇਤਾਰੀ ਦੀ ਪਾਰਟੀ ਦਾ ਇੱਕੋ ਪੈਂਤੜਾ ਹੋ ਸਕਦਾ ਹੈ— ਉਹ ਹੈ ਬਾਈਕਾਟ ਦਾ ਪੈਂਤੜਾ। ਪਰ ਕਮਿਊਨਿਸਟ ਇਨਕਲਾਬੀਆਂ ਨੂੰ ਪਾਰਟੀ ਥੜ੍ਹੇ ਅਤੇ ਪਾਰਟੀ/ਪ੍ਰਭਾਵ/ਅਗਵਾਈ ਹੇਠਲੀਆਂ ਗੈਰ-ਪਾਰਟੀ/ਜਨਤਕ ਥੜ੍ਹਿਆਂ ਤੇ ਜਥੇਬੰਦੀਆਂ ਵੱਲੋਂ ਅਖਤਿਆਰ ਕੀਤੇ ਜਾਂਦੇ ਪੈਂਤੜਿਆਂ 'ਚ ਸਪਸ਼ਟ ਵਖਰੇਵਾਂ ਕਰਨਾ ਚਾਹੀਦਾ ਹੈ। ਦੋਵਾਂ ਕਿਸਮ ਦੇ ਥੜ੍ਹਿਆਂ ਤੋਂ ਅਪਣਾਏ ਜਾਣ ਵਾਲੇ ਪੈਂਤੜਿਆਂ ਵਿੱਚ ਵਖਰੇਵਾਂ ਹਾਸਲ ਠੋਸ ਹਾਲਤਾਂ ਅਨੁਸਾਰ ਤਹਿ ਹੋਣਾ ਚਾਹੀਦਾ ਹੈ। ਜਦੋਂ ਕਮਿਊਨਿਸਟ ਇਨਕਲਾਬੀ ਜਥੇਬੰਦੀ ਵੱਲੋਂ ਹਥਿਆਰਬੰਦ ਘੋਲ ਦੀ ਤਿਆਰੀ ਦੇ ਦੌਰ 'ਚ ਅਖੌਤੀ ਪਾਰਲੀਮਾਨੀ ਸੰਸਥਾਵਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਜਾਂਦਾ ਹੈ, ਤਾਂ ਗੈਰ-ਪਾਰਟੀ ਅਤੇ ਜਨਤਕ ਜਥੇਬੰਦੀਆਂ ਵੱਲੋਂ ਅਜਿਹਾ ਸੱਦਾ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਹਨਾਂ ਨੂੰ ਮਿਹਨਤਕਸ਼ ਲੋਕਾਂ ਵੱਲੋਂ ਲੜੇ ਗਏ ਅਤੇ ਲੜੇ ਜਾ ਰਹੇ ਘੋਲਾਂ ਦੇ ਤਜਰਬੇ ਨਾਲ ਜੋੜਦਿਆਂ, ਮੌਕਾਪ੍ਰਸਤ ਪਾਰਲੀਮਾਨੀ ਸਿਆਸੀ ਪਾਰਟੀਆਂ ਅਤੇ ਨਕਲੀ ਪਾਰਲੀਮਾਨੀ ਸੰਸਥਾਵਾਂ ਵੱਲੋਂ ਨਿਭਾਏ ਲੋਕ ਵਿਰੋਧੀ ਰੋਲ ਨੂੰ ਨੰਗਾ ਕਰਦਿਆਂ, ਅਤੇ ਅਸਿੱਧੇ ਤੌਰ 'ਤੇ ਪਾਰਟੀ ਵੱਲੋਂ ਦਿੱਤੇ ਗਏ ਸੱਦੇ ਨਾਲ ਕੜੀ-ਜੋੜ ਕਰਦਿਆਂ, ਮੌਕਾਪ੍ਰਸਤ ਵੋਟ-ਸਿਆਸਤ ਦੇ ਵਿਹੁ-ਚੱਕਰ 'ਚੋਂ ਨਿਕਲਣ, ਆਪਣੀ ਘੋਲ ਤਾਕਤ 'ਤੇ ਟੇਕ ਰੱਖਣ ਅਤੇ ਉਸਾਰਨ ਦਾ ਸੱਦਾ ਦੇਣਾ ਚਾਹੀਦਾ ਹੈ। ਜਦੋਂ ਕਮਿਊਨਿਸਟ ਇਨਕਲਾਬੀ ਜਥੇਬੰਦੀ ਦੀ ਅਗਵਾਈ ਹੇਠ ਹਥਿਆਰਬੰਦ ਘੋਲ (ਗੁਰੀਲਾ ਹਥਿਆਰਬੰਦ ਘੋਲ) ਦੀ ਸ਼ੁਰੂਆਤ ਹੋ ਗਈ ਹੋਵੇ ਤਾਂ ਗੈਰ-ਪਾਰਟੀ ਅਤੇ ਜਨਤਕ ਜਥੇਬੰਦੀਆਂ ਨੂੰ ਸਿੱਧੇ/ਅਸਿੱਧੇ ਪਾਰਟੀ ਦੇ ਪਾਰਲੀਮਾਨੀ ਸੰਸਥਾਵਾਂ ਦੇ ਚੋਣ ਬਾਈਕਾਟ ਦੇ ਨਾਹਰੇ ਦੀ ਹਮਾਇਤ ਕਰਨੀ ਚਾਹੀਦੀ ਹੈ। ਇਨਕਲਾਬੀ ਸਿਆਸੀ-ਜਨਤਕ ਪਲੇਟਫਾਰਮਾਂ ਅਤੇ ਪੇਂਡੂ ਖੇਤਰ ਵਿੱਚ ਕੰਮ ਕਰਦੀ ਕਿਸਾਨ ਜਥੇਬੰਦੀ/ਲਹਿਰ ਨੂੰ ਇਸ ਸੱਦੇ ਦੀ ਸਿੱਧੀ ਹਮਾਇਤ ਕਰਨੀ ਚਾਹੀਦੀ ਹੈ, ਪਰ ਸ਼ਹਿਰੀ ਖੇਤਰ ਵਿੱਚ ਕੰਮ ਕਰਦੀਆਂ ਜਨਤਕ ਜਥੇਬੰਦੀਆਂ ਨੂੰ ਸਿੱਧੀ ਹਮਾਇਤ ਤੋਂ ਗੁਰੇਜ਼ ਕਰਦਿਆਂ, ਅਸਿੱਧੀ ਹਮਾਇਤ ਦੀ ਸ਼ਕਲ ਅਪਣਾਉਣੀ ਚਾਹੀਦੀ ਹੈ।

No comments:

Post a Comment