Wednesday, 28 December 2016

ਕਾਮਰੇਡ ਫੀਡਲ ਕਾਸਟਰੋ ਤੁਰ ਗਏ

ਸਾਮਰਾਜ ਵਿਰੋਧ ਦੀ ਦਗ਼ਦੀ ਮਿਸਾਲ
ਕਾਮਰੇਡ ਫੀਡਲ ਕਾਸਟਰੋ ਤੁਰ ਗਏ
ਕਿਊਬਾ ਦੀ  ਕ੍ਰਾਂਤੀ ਦੇ ਰਹਿਬਰ ਅਤੇ ਅਮਰੀਕਨ ਸਾਮਰਾਜਵਾਦ ਵਿਰੁੱਧ ਅੰਤ ਤੱਕ ਜਹਾਦ ਕਰਨ ਵਾਲੇ ਪ੍ਰਸਿੱਧ ਆਗੂ ਫੀਡਲ ਕਾਸਟਰੋ ਨਹੀਂ ਰਹੇ। ਉਹਨਾਂ ਦੀ ਮੌਤ 'ਤੇ ਦੋ ਕਿਸਮ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਜਿੱਥੇ ਕਮਿਊਨਿਸਟ ਕ੍ਰਾਂਤੀਕਾਰੀ ਜਮਹੂਰੀ ਅਤੇ ਸਾਮਰਾਜਵਾਦ ਵਿਰੋਧੀ ਲੋਕਾਂ ਦੀਆਂ ਪਾਰਟੀਆਂ ਅਤੇ ਤਾਕਤਾਂ ਨੇ ਉਸ ਦੀ ਮੌਤ 'ਤੇ ਅਫਸੋਸ ਪ੍ਰਗਟ ਕਰਦਿਆਂ ਉਸਦੀ ਇਤਿਹਾਸਕ ਦੇਣ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਹਨ, ਉੱਥੇ ਅਮਰੀਕਣ ਸਾਮਰਾਜਵਾਦ ਨੇ ਇਸ ਮੌਕੇ ਖੁਸ਼ੀਆਂ ਤੇ ਜਸ਼ਨ ਮਨਾਏ ਹਨ ਅਤੇ ਉਸ ਨੂੰ ਅਤਿਅੰਤ ਜ਼ਾਲਮ, ਤਾਨਾਸ਼ਾਹ ਗਰਦਾਨਿਆ ਹੈ। ਇਹ ਵਰਤਾਰਾ ਹੀ ਉਸਦੀ ਪ੍ਰਸਿੱਧ ਹਸਤੀ ਅਤੇ ਇਤਿਹਾਸਕ ਰੋਲ 'ਤੇ ਮੋਹਰ ਲਾਉਂਦਾ ਹੈ।
ਪੂਰਬੀ ਕਿਊਬਾ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਪੈਦਾ ਹੋਏ ਫੀਡਲ ਕਾਸਟਰੋ ਦਾ ਮੁੱਢਲਾ ਸਫਰ ਕਿਸੇ ਵੀ ਲਾਤੀਨੀ ਅਮਰੀਕੀ ਨੌਜਵਾਨ ਵਰਗਾ ਹੀ ਸੀ। ਬੇਸਬਾਲ ਦੇ ਨਿਪੁੰਨ ਖਿਡਾਰੀ ਫੀਡਲ ਨੇ ਹਵਾਨਾ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਲਈ ਦਾਖਲ ਲਿਆ ਅਤੇ ਇੱਥੇ ਹੀ ਰਾਜਨੀਤੀ ਵਿੱਚ ਦਿਲਚਸਪੀ ਲੈਣ ਲੱਗਾ। ਆਦਰਸ਼ਵਾਦੀ ਫੀਡਲ ਭ੍ਰਿਸ਼ਟਾਚਾਰ ਵਿਰੋਧੀ ਆਰਥੋਡਸਕ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਰਾਫੇਲ ਟਰਾਂਜਿਲੇ ਦੇ ਖਿਲਾਫ ਅਸਫਲ ਵਿਦਰੋਹ ਵਿੱਚ ਹਿੱਸਾ ਲਆਿ। 1950 ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਪ੍ਰੈਕਟਿਸ (ਵਕਾਲਤ) ਕਰਨੀ ਸ਼ੁਰੂ ਕਰ ਦਿੱਤੀ। ਪਰ ਮਨ ਰਾਜਨੀਤੀ ਵਿੱਚ ਹੀ ਲੱਗਾ ਰਿਹਾ ਅਤੇ 2 ਸਾਲ ਬਾਅਦ ਉਹਨਾਂ ਸੰਸਦੀ ਚੋਣਾਂ ਲਈ ਨਾਮ ਦਾਖਲ ਕੀਤਾ। ਇਸੇ ਦੌਰਾਨ ਕਿਊਬਾ ਦੀ ਰਾਜਨੀਤੀ ਵਿੱਚ ਭੁਚਾਲ ਆ ਗਿਆ, ਜਦੋਂ ਅਮਰੀਕਾ ਦੀ ਮੱਦਦ ਨਾਲ ਬਟਿਸਟਾ ਨੇ ਚੋਣਾਂ ਤੋਂ ਪਹਿਲਾਂ ਹੀ ਸੱਤਾ 'ਤੇ ਕਬਜ਼ਾ ਕਰ ਲਿਆ। ਇਹਨਾਂ ਹਾਲਤਾਂ ਵਿੱਚ ਫੀਡਲ ਸਾਹਮਣੇ ਇੱਕੋ ਕਾਰਜ ਸੀ— ਬਟਿਸਟਾ ਦੀ ਜੁੰਡਲੀ ਨੂੰ ਸੱਤਾ ਤੋਂ ਵਗਾਹ ਮਾਰਨਾ।
ਉਹਨਾਂ ਨੇ 1953 ਵਿੱਚ ਜੁਲਾਈ ਮਹੀਨੇ ਕੋਈ ਸਵਾ ਸੌ ਸਾਥੀਆਂ ਨਾਲ ਬਗਾਵਤ ਦੀ ਯੋਜਨਾ ਬਣਾਈ ਅਤੇ ਸੈਂਤੀਆਗੋ ਤੇ ਕਿਊਬਾ ਵਿੱਚ ਫੌਜ ਦੀਆਂ ਬੈਰਕਾਂ 'ਤੇ ਹਮਲਾ ਬੋਲ ਦਿੱਤਾ। ਇਹ ਹਮਲਾ ਅਸਫਲ ਰਿਹਾ। ਅਨੇਕਾਂ ਸਾਥੀ ਮਾਰੇ ਗਏ ਅਤੇ ਖੁਦ ਗ੍ਰਿਫਤਾਰ ਹੋ ਗਏ। ਉਹਨਾਂ ਨੂੰ 15 ਸਾਲ ਦੀ ਸਜ਼ਾ ਹੋਈ ਪਰ 2 ਸਾਲ ਬਾਅਦ ਆਮ ਮੁਆਫੀ ਤਹਿਤ ਰਿਹਾਈ ਹੋ ਗਈ। ਕਾਸਟਰੋ ਮੈਕਸੀਕੋ ਚਲੇ ਗਏ, ਜਿੱਥੇ ਉਹਨਾਂ ਦੀ ਮੁਲਾਕਾਤ ਚੀ-ਗੁਵੇਰਾ ਨਾਲ ਹੋਈ। ਪੇਸ਼ੇ ਤੋਂ ਡਾਕਟਰ ਚੀ ਆਪਣੇ ਸਾਥੀ ਗ੍ਰੈਵੋਸ ਨਾਲ ਮੋਟਰ ਸਾਈਕਲ 'ਤੇ ਪੂਰੇ ਲਾਤੀਨੀ ਅਮਰੀਕਾ ਦਾ ਚੱਕਰ ਲਾ ਚੁੱਕਾ ਸੀ ਅਤੇ ਆਪਣੇ ਲੋਕਾਂ ਦੇ ਦੁੱਖ ਦਰਦ ਅਤੇ ਲੁੱਟ-ਖਸੁੱਟ ਤੋਂ ਵਿਸਥਾਰ ਵਿੱਚ ਜਾਣੂੰ ਹੋ ਕੇ ਉਸ ਖਿਲਾਫ ਜ਼ਿੰਦਗੀ-ਮੌਤ ਦੇ ਸੰਘਰਸ਼ ਦਾ ਅਹਿਦ ਲੈ ਚੁੱਕੇ ਸਨ। ਰਾਊਲ ਕਾਸਟਰੋ, ਜੂਲੀਓ ਗਬਰਦੋ ਸਮੇਤ ਫੀਡਲ ਨੇ ਆਪਣੇ ਸੌ ਤੋਂ ਵੀ ਘੱਟ ਸਾਥੀਆਂ ਨੂੰ ਨਾਲ ਲੈ ਕੇ ਮੈਕਸੀਕੋ ਤੋਂ ਕਿਊਬਾ ਦੇ ਉੱਤਰ ਪੂਰਬੀ ਤੱਟ ਵੱਲ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਐਲਾਨ ਕੀਤਾ, ''1956 ਵਿੱਚ ਜਾਂ ਤਾਂ ਅਸੀਂ ਸ਼ਹੀਦ ਹੋਵਾਂਗੇ ਜਾਂ ਆਜ਼ਾਦ।''
ਸਮਾਜਿਕ ਆਰਥਿਕ ਬਰਾਬਰੀ ਤੇ ਲੁੱਟ ਤੋਂ ਮੁਕਤੀ ਦੇ ਵਿਚਾਰ ਵਿੱਚ ਨਿਹਚਾ ਦੇ ਬਾਵਜੂਦ ਫੀਡਲ ਅਜੇ ਮਾਰਕਸਵਾਦੀ  ਨਹੀਂ ਬਣੇ ਸਨ। ਪੂਰੀ ਟੋਲੀ ਵਿੱਚ ਉਸ ਸਮੇਂ ਤੱਕ ਅਜੇ ਰਾਉਲ ਕਾਸਟਰੋ ਅਤੇ ਚੀ ਹੀ ਮਾਰਕਸਵਾਦੀ ਵਿਚਾਰਾਂ ਤੋਂ ਪ੍ਰਭਾਵਿਤ ਸਨ।
ਕਾਸਟਰੋ ਆਪਣੇ ਸਾਥੀਆਂ ਨਾਲ ਪਾਲ ਵਾਲੀ ਇੱਕ ਬੇੜੀ 'ਤੇ ਛਾਪਾਮਾਰ ਯੁੱਧ ਨੂੰ ਅੰਜ਼ਾਮ ਦੇਣ ਲਈ ਕਿਊਬੇ ਦੇ ਪੱਛਮੀ ਤੱਟ 'ਤੇ ਪਹੁੰਚੇ ਜਿੱਥੇ ਸਰਕਾਰੀ ਫੌਜਾਂ ਨੇ ਉਸ ਨੂੰ ਘੇਰ ਲਿਆ। ਕਾਸਤਰੋ, ਰਾਉਲ ਅਤੇ ਚੀ ਸਮੇਤ ਕਈ ਸਾਥੀਆਂ ਨੇ ਭੱਜ ਕੇ ਦੱਖਣੀ ਪਰਬਤ ਮਾਲਾ ਵਿੱਚ ਸ਼ਰਨ ਲਈ ਤੇ ਨਵੇਂ ਸਿਰਿਉਂ ਹਥਿਆਰਬੰਦ ਦਸਤੇ ਬਣਾਉਣਾ ਸ਼ੁਰੂ ਕੀਤਾ। ਕਾਸਟਰੋ ਅਨੁਸਾਰ ਸਿਰਫ 2 ਬੰਦੂਕਾਂ ਨਾਲ ਸ਼ੁਰੂਆਤ ਹੋਈ। ਲੇਕਿਨ 1957 ਤੱਕ ਕਾਫੀ ਨੌਜਵਾਨ ਦਸਤਿਆਂ ਵਿੱਚ ਭਰਤੀ ਹੋਣ ਲੱਗੇ ਅਤੇ ਪੇਂਡੂ ਸੁਰੱਖਿਆ ਕਰਮਚਾਰੀਆਂ ਖਿਲਾਫ ਛੋਟੇ ਮੋਟੇ ਮੋਰਚੇ ਫਤਿਹ ਕਰਨ ਲੱਗੇ। ਜੁਬਾਨੀ ਆਤਮ ਕਥਾ ਵਿੱਚ ਕਾਸਟਰੋ ਯਾਦ ਕਰਦੇ ਹਨ, ''ਅਸੀਂ ਆਪਣੇ ਚੁਣੇ ਹੋਏ ਇਲਾਕਿਆਂ ਵਿੱਚ ਉਹਨਾਂ ਨੂੰ ਸਾਹਮਣੇ ਤੋਂ ਲਲਕਾਰ ਕੇ ਵਿਚਕਾਰੋਂ ਹਮਲਾ ਕਰਦੇ ਸੀ ਅਤੇ ਜਦ ਉਹ ਪਿੱਛੇ ਹਟਣ ਲੱਗਦੇ ਤਾਂ ਘਾਤ ਲਾ ਕੇ ਪਿਛਲੇ ਹਿੱਸੇ 'ਤੇ ਹਮਲਾ ਬੋਲ ਦਿੰਦੇ ਸੀ।'' 1958 ਵਿੱਚ ਬਾਟਿਸਟਾ ਨੇ ਇਨਕਲਾਬੀਆਂ ਦੇ ਖਾਤਮੇ ਲਈ ਚੌਤਰਫਾ ਹਮਲਾ ਬੋਲ ਦਿੱਤਾ। ਇਕੱਠੇ ਹਵਾਈ ਬੰਬਾਰੀ, ਥਲ ਸੈਨਾ ਅਤੇ ਜਲ ਸੈਨਾ ਨੇ ਹਮਲਾ ਕੀਤਾ। ਗੁਰੀਲਾ ਦਸਤੇ ਸਿਰਫ ਅੜੇ ਹੀ ਨਹੀਂ ਸਗੋਂ ਜੁਆਬੀ ਹਮਲਾ ਬੋਲਦੇ ਰਹੇ। ਇਨਕਲਾਬੀਆਂ ਦੀ ਸਫਲਤਾਂ ਦੀਆਂ ਖਬਰਾਂ ਨੇ ਬਟਿਸਟਾ ਦੀ ਫੌਜ ਵਿੱਚ ਫੁੱਟ ਪਾ ਦਿੱਤੀ ਅਤੇ ਬਹੁਤ ਸਾਰੇ ਫੌਜੀ ਇਨਕਲਾਬੀਆਂ ਨਾਲ ਆ ਮਿਲੇ। ਇੱਕ ਜਨਵਰੀ 1959 ਨੂੰ ਬਟਿਸਟਾ ਦੇ ਫੌਜੀਆਂ ਨੇ ਹਥਿਆਰ ਸੁੱਟੇ ਦਿੱਤੇ ਅਤੇ ਬਟਿਸਟਾ ਦੇਸ਼ ਛੱਡ ਕੇ ਭੱਜ ਗਿਆ।
ਮੁੱਢਲੇ ਕੌਮੀ ਜਮਹੂਰੀ ਘੋਲ ਦੇ ਪੜਾਅ ਦੌਰਾਨ ਬਾਟਿਸਟਾ ਦਾ ਬੋਰੀਆ ਬਿਸਤਰਾ ਗੋਲ ਕਰਨ ਤੋਂ ਬਾਅਦ ਇਨਕਲਾਬੀ ਸਰਕਾਰ ਨੇ ਆਪਣੀਆਂ ਪਹਿਲੀਆਂ ਮੁਹਿੰਮਾਂ ਵਿੱਚ ਬਦੇਸ਼ੀ ਮਾਲਕੀ ਵਾਲੀਆਂ ਕੰਪਨੀਆਂ ਦਾ ਸਰਮਾਇਆ ਜਬਤ ਕਰਕੇ ਰਾਸ਼ਟਰੀਕਰਨ ਕਰ ਦਿੱਤਾ ਅਤੇ ਵਿਆਪਕ ਜ਼ਮੀਨੀ ਸੁਧਾਰ ਸ਼ੁਰੂ ਕੀਤੇ। ਵੁਲਕੈਮੀਓ ਬਟਿਸਟਾ ਦੀ ਤਾਨਾਸ਼ਾਹੀ ਅਧੀਨ ਕਾਮਿਆਂ ਕੋਲ ਕੋਈ ਅਧਿਕਾਰ ਨਹੀਂ ਸਨ ਅਤੇ ਵਿਆਪਕ ਬੇਰੁਜ਼ਗਾਰੀ ਸੀ। 1959 ਦੇ ਇਨਕਲਾਬ ਤੋਂ ਤੁਰੰਤ ਬਾਅਦ ਕਾਮਿਆਂ ਦੀਆਂ ਤੁਰੰਤ ਉਜਰਤਾਂ ਵਿੱਚ ਚੋਖਾ ਵਾਧਾ ਹੋਇਆ ਅਤੇ ਬੇਰੁਜ਼ਗਾਰੀ ਖਤਮ ਹੋ ਗਈ। ਤਿੰਨ ਸਾਲਾਂ ਵਿੱਚ ਸਾਖਰਤਾ ਦਰ 98ਫੀਸਦੀ ਪਹੁੰਚ ਗਈ। ਸਿਹਤ ਅਤੇ ਸਿੱਖਿਆ ਮੁਫਤ ਕਰ ਦਿੱਤੀਆਂ ਗਈਆਂ। ਇਨਕਲਾਬ ਤੋਂ ਪਹਿਲਾਂ ਮੌਜੂਦ ਰੰਗ-ਭੇਦ ਵਾਲੀ ਨੀਤੀ ਖਤਮ ਕਰ ਦਿੱਤੀ ਗਈ।
ਇਨਕਲਾਬ ਦੇ 2 ਸਾਲ ਬਾਅਦ ਫੀਡਲ ਨੇ ਆਪਣੇ ਆਪ ਨੂੰ ਮਾਰਕਸਵਾਦੀ-ਲੈਨਿਨਵਾਦੀ ਐਲਾਨਿਆ ਅਤੇ ਘੋਸ਼ਣਾ ਕੀਤੀ ਕਿ ਸਰਕਾਰ ਕਮਿਊਨਿਸਟ ਸਿਧਾਂਤਾਂ ਦੀ ਪਾਲਣਾ ਕਰੇਗੀ।
ਆਪਣੀਆਂ ਕੰਪਨੀਆਂ ਅਤੇ ਪੂੰਜੀਪਤੀਆਂ ਦੇ ਨੁਕਸਾਨ ਤੋਂ ਬਾਅਦ ਅਮਰੀਕਾ ਨੇ ਕਿਊਬਾ ਨਾਲੋਂ ਸਭ ਕਿਸਮ ਦੇ ਸਬੰਧ ਤੋੜ ਲਏ ਅਤੇ ਸਖਤ ਆਰਥਿਕ ਬੰਦਿਸ਼ਾਂ ਨਾ ਸਿਰਫ ਆਪ ਠੋਸੀਆਂ ਸਗੋਂ ਆਪਣੇ ਪ੍ਰਭਾਵ ਵਾਲੇ ਦੂਸਰੇ ਮੁਲਕਾਂ ਤੋਂ ਵੀ ਲਗਵਾਈਆਂ ਗਈਆਂ। 1961 ਵਿੱਚ ਅਮਰੀਕੀ ਸਾਸ਼ਨ ਨੇ ਸੀ.ਆਈ.ਏ. ਵੱਲੋਂ ਸਿੱਖਿਅਤ ਕੀਤੇ 1400 ਉਲਟ-ਇਨਕਲਾਬੀ ਕਿਊਬਾਈਆਂ ਨੂੰ ਫੀਡਲ ਦਾ ਤਖਤਾ ਪਲਟਾਉਣ ਦੇ ਮੰਤਵ ਨਾਲ ਕਿਊਬਾ ਦੇ ਦੱਖਣੀ ਤੱਟ 'ਤੇ ਲੈ-ਆਫ-ਪਿੱਗ ਜੀ ਵਿਸ਼ੇਸ਼ ਜਹਾਜ਼ਾਂ ਰਾਹੀਂ ਉਤਾਰਿਆ, ਜਿਹਨਾਂ ਨੂੰ ਫੀਡਲ ਦੀ ਅਗਵਾਈ ਹੇਠ ਕਿਊਬਾ ਦੀਆਂ ਸੁਰੱਖਿਆ ਫੋਰਸਾਂ ਵੱਲੋਂ 2 ਦਿਨਾਂ ਵਿੱਚ ਕੁਚਲ ਦਿੱਤਾ ਗਿਆ। ਇਹਨਾਂ ਵਿੱਚੋਂ 100 ਤੋਂ ਵੱਧ ਮਾਰੇ ਗਏ ਤੇ ਬਾਕੀ ਗ੍ਰਿਫਤਾਰ ਕਰ ਲਏ ਗਏ। 1962 ਵਿੱਚ ਕਿਊਬਾ ਸਰਕਾਰ ਨੇ 5.2 ਕਰੋੜ ਡਾਲਰ ਦੀਆਂ ਦਵਾਈਆਂ ਅਤੇ ਖਾਧ ਪਦਾਰਥ ਸਮੱਗਰੀ ਦੇ ਬਦਲੇ ਵਿੱਚ ਇਹਨਾਂ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਪੂੰਜੀਵਾਦੀ ਨੈਤਿਕਤਾ ਤੇ ਸਮਾਜਵਾਦੀ ਨੈਤਿਕਤਾ ਦੇ ਫਰਕ ਨੂੰ ਸਮਝਣ ਦੀ ਇੱਕ ਉਦਾਹਰਨ ਹੈ ਕਿ ਜਿਸ ਸੀ.ਆਈ.ਏ. ਦੇ ਅਫਸਰ ਦੇ ਜ਼ਰੀਏ ਅਮਰੀਕੀ ਸਾਸ਼ਨ ਨੇ ਚੀ-ਗੁਵੇਰਾ ਦੀ ਧੋਖੇ ਨਾਲ ਹੱਤਿਆ ਕਰਵਾਈ, ਉਸਦਾ ਕਿਊਬਾਈ ਡਾਕਟਰਾਂ ਨੇ ਮੁਫਤ ਇਲਾਜ ਕੀਤਾ।
ਕਿਊਬਾ ਨੇ ਜਿੱਥੇ ਫੀਡਲ ਦੀ ਅਗਵਾਈ ਹੇਠ ਅਥਾਹ ਪ੍ਰਾਪਤੀਆਂ ਕੀਤੀਆਂ। ਉੱਥੇ ਲਾਤੀਨੀ ਅਮਰੀਕੀ ਦੇਸ਼ਾਂ 'ਚ ਹਰ ਥਾਂ ਉੱਠਣ ਵਾਲੀ ਕੌਮੀ ਆਜ਼ਾਦੀ ਲਹਿਰਾਂ ਦੀ ਹਰ ਸੰਭਵ ਸਹਾਇਤਾ ਕੀਤੀ। ਫੀਡਲ ਦੀ ਅਗਵਾਈ ਵਿੱਚ ਕਿਊਬਾ ਵਿੱਚ ਉਸਰੇ ਸਿਹਤ ਅਤੇ ਵਿੱਦਿਆ ਪ੍ਰਬੰਧ ਦੀ ਮਿਸਾਲ ਦੁਨੀਆਂ ਭਰ ਵਿੱਚ ਕਿਤੇ ਨਹੀਂ ਮਿਲਦੀ। ਯੂਨੀਵਰਸਿਟੀਆਂ ਸਕੂਲਾਂ ਵਿੱਚ ਵਿਦਿਆ ਬਿਲਕੁੱਲ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ। ਸਮਾਜਵਾਦੀ ਦੌਰ ਦੇ ਅਸਰਾਂ ਦੇ ਕਾਰਨ ਅੱਜ ਵੀ ਕਿਊਬਾ ਦਾ ਸਿਹਤ ਪ੍ਰਬੰਧ ਪੂਰੀ ਦੁਨੀਆਂ ਵਿੱਚ ਲਾ ਮਿਸਾਲ ਹੈ। ਬੱਚਿਆਂ ਦੀ ਮੌਤ ਦਰ 4.2 ਪ੍ਰਤੀ 1000 ਹੈ, ਜੋ ਅਮਰੀਕਾ ਤੋਂ ਬੇਹਤਰ ਹੈ ਅਤੇ ਭਾਰਤ ਵਿੱਚ 40/1000 ਹੈ। ਸਾਧਾਰਨ ਔਸਤ ਉਮਰ ਦਰ 77 ਸਾਲ ਹੈ, ਜੋ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਹੈ। ਭਾਰਤ ਵਿੱਚ ਔਸਤ ਉਮਰ ਦਰ 60 ਸਾਲ ਹੈ। ਕਿਊਬਾ ਵਿੱਚ 170 ਵਿਅਕਤੀਆਂ ਪਿੱਛੇ ਇੱਕ ਡਾਕਟਰ ਹੈ ਜਦੋਂ ਕਿ ਭਾਰਤ ਵਿੱਚ 1700 ਪਿੱਛੇ ਇੱਕ ਡਾਕਟਰ ਹੈ। ਕਿਊਬਾ ਦੀ ਆਬਾਦੀ ਇੱਕ ਕਰੋੜ 10 ਲੱਖ ਹੈ, ਇਹ ਨਾ ਸਿਰਫ ਆਪਣੇ ਵਤਨ ਦੇ ਡਾਕਟਰ ਪੈਦਾ ਕਰਦਾ ਹੈ, ਸਗੋਂ ਹੋਰ ਗਰੀਬ ਲਾਤੀਨੀ ਅਮਰੀਕੀ ਦੇਸ਼ਾਂ ਦੇ ਡਾਕਟਰਾਂ ਨੂੰ ਸਿੱਖਿਆ-ਸਿਖਲਾਈ ਪ੍ਰਦਾਨ ਕਰਦਾ ਰਿਹਾ ਹੈ। ਆਪਣੇ ਡਾਕਟਰਾਂ ਰਾਹੀਂ 1960 ਤੋਂ ਅੱਜ ਤੱਕ ਕਿਊਬਾ ਦੇ ਡਾਕਟਰਾਂ ਨੇ 158 ਦੇਸ਼ਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਤੇ 80 ਲੱਖ ਅਪ੍ਰੇਸ਼ਨ ਕੀਤੇ ਹਨ। 2014 ਵਿੱਚ ਕਿਊਬਾ ਵਿੱਚ ਡਾਕਟਰਾਂ ਦੀ ਸੰਖਿਆ 50131 ਸੀ ਤੇ 25000 ਡਾਕਟਰ ਦੁਨੀਆਂ ਦੇ 66 ਦੇਸ਼ਾਂ ਵਿੱਚ ਸੇਵਾ ਕਰ ਰਹੇ ਸਨ। 7 ਕਰੋੜ ਲੋਕਾਂ ਨੂੰ ਕਿਊਬਾ ਦਾ ਮੈਡੀਕਲ ਸਟਾਫ ਸੇਵਾਵਾਂ ਦੇ ਰਿਹਾ ਹੈ ਤੇ ਡਾਕਟਰਾਂ ਨੇ 15 ਲੱਖ ਲੋਕਾਂ ਨੂੰ ਮੌਤ ਦੇ ਮੂੰਹ 'ਚੋਂ ਬਚਾਇਆ ਹੈ, ਸਾਲ 2004 ਤੋਂ ਅੱਜ ਤੱਕ 34 ਦੇਸ਼ਾਂ ਦੇ 30 ਲੱਖ ਰੋਗੀਆਂ ਨੂੰ ਮੁੜ ਰੌਸ਼ਨੀ ਪ੍ਰਦਾਨ ਕੀਤੀ ਹੈ। ਕਾਸਟਰੋ ਨੇ ਇੱਕ ਇੰਟਰਵਿਊ ਵਿੱਚ 1975 ਵਿੱਚ ਦੱਸਿਆ ਸੀ ਕਿ ਕ੍ਰਾਂਤੀ ਤੋਂ ਬਾਅਦ ਸਾਡੇ ਇੱਥੋਂ ਦੇ ਡਾਕਟਰ ਆਪਣੇ ਧਨੀ ਮਰੀਜਾਂ ਦੇ ਨਾਲ ਦੇਸ਼ ਨੂੰ ਛੱਡ ਕੇ ਚਲੇ ਗਏ ਸਨ। ਦੱਖਣੀ ਅਮਰੀਕਾ ਦੇ ਵੈਨਜ਼ੂਏਲਾ ਵਿੱਚ 100 ਕਰੋੜ ਮਾਮਲਿਆਂ ਵਿੱਚ ਕਿਊਬਾ ਦੇ ਡਾਕਟਰ ਨੇ ਸਹਾਇਤਾ ਪਹੁੰਚਾਈ ਅਤੇ ਇਸੇ ਤਰ੍ਹਾਂ ਬਰਾਜ਼ੀਲ ਵਿੱਚ 400 ਡਾਕਟਰਾਂ ਦੀ ਟੀਮ ਭੇਜੀ ਗਈ। ਪਾਕਿਸਤਾਨ ਵਿੱਚ 2005 ਵਿੱਚ ਆਏ ਭੂਚਾਲ ਵਿੱਚ 2500 ਮੈਂਬਰਾਂ ਦੀ ਟੀਮ ਰਵਾਨਾ ਕੀਤੀ ਅਤੇ 32 ਹਸਪਤਾਲ ਖੋਲ੍ਹੇ ਗਏ ਅਤੇ ਨਾਲ ਹੀ 1000 ਮੈਡੀਕਲ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਿੱਚ ਪੜ੍ਹਨ ਦੀ ਸਹੂਲਤ ਮੁਹੱਈਆ ਕੀਤੀ। ਕਿਊਬਾ ਦੇ ਡਾਕਟਰ ਉੱਥੇ 7 ਮਹੀਨੇ ਰਹੇ ਅਤੇ 28 ਲੱਖ ਰੋਗੀਆਂ ਦਾ ਇਲਾਜ ਕੀਤਾ। ਇਸਦੇ ਉਲਟ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਡਾਕਟਰ ਸਿਰਫ 1 ਮਹੀਨਾ ਹੀ ਰਹੇ। ਕਿਊਬਾ ਵਿੱਚ ਮੈਡੀਕਲ ਸਿੱਖਿਆ ਬਿਲਕੁੱਲ ਮੁਫਤ ਹੈ ਅਤੇ ਹੋਰ ਸਾਰੇ ਖਰਚੇ ਵੀ ਸਰਕਾਰ ਹੀ ਕਰਦੀ ਹੇ। ਲੇਟਿਨ ਅਮਰੀਕਨ ਮੈਡੀਕਲ ਸਕੂਲ ਨਾਂ ਦੀ ਇੱਕ ਸੰਸਥਾ ਵਿੱਚ ਕਿਊਬਾ ਵਿੱਚ 8000 ਤੋਂ ਜ਼ਿਆਦਾ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਅਤੇ ਆਮ ਤੌਰ 'ਤੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਹੀ ਦਾਖਲਾ ਦਿੱਤਾ ਜਾਂਦਾ ਹੈ। ਇਹ ਸਭ ਸਹੂਲਤਾਂ ਸਮਾਜਵਾਦੀ ਦੌਰ ਵਿੱਚ ਲਾਏ ਕਦਮਾਂ ਕਰਕੇ ਹੀ ਸੰਭਵ ਹੋ ਸਕੀਆਂ।
ਭਾਵੇ ਫੀਡਲ ਕਾਸਟਰੋ ਦੇ ਜੀਵਨ ਵਿੱਚ ਵੱਖ ਵੱਖ ਪੜਾਅ ਆਏ। ਜਦੋਂ ਉਹ ਅਜੇ ਕਮਿਊਨਿਸਟ (ਮਾਰਕਸਵਾਦੀ-ਲੈਨਿਨਵਾਦੀ ਨਹੀਂ ਸਨ ਬਣੇ) ਤੋਂ ਬਾਅਦ 1961 ਵਿੱਚ ਆਪਣੇ ਆਪ ਨੂੰ ਮਾਰਕਸਵਾਦੀ-ਲੈਨਿਨਵਾਦੀ ਐਲਾਨ ਕਰਨ ਤੋਂ ਬਾਅਦ ਦਾ ਪੜਾਅ ਤੇ ਅਖੀਰ ਉਹ ਪੜਾਅ ਜਦੋਂ ਉਹ ਮਹਾਨ ਬਹਿਸ ਵੇਲੇ ਦੌਰਾਨ ਕਾਮਰੇਡ ਮਾਓ ਦੇ ਪੱਖ ਵਿੱਚ ਸਟੈਂਡ ਨਹੀਂ ਲੈ ਸਕੇ (ਆਪਣੀਆਂ ਵਿਚਾਰਧਾਰਕ ਜਾਂ ਭੁਗੋਲਿਕ ਹਾਲਤਾਂ ਦੀਆਂ ਲੋੜਾਂ ਕਰਕੇ) ਪਰ ਸਾਮਰਾਜ ਵਿਰੋਧ ਦੀ ਅੰਤ ਤੱਕ ਉਹ ਦਗ਼ਦੀ ਮਿਸਾਲ ਬਣੇ ਰਹੇ। ਉਹਨਾਂ ਦੇ ਇਸ ਅਮਿੱਟ ਤੇ ਇਤਿਹਾਸਕ ਰੋਲ ਨੂੰ ਕੋਈ ਤਾਕਤ ਨਹੀਂ ਮਿਟਾ ਸਕਦੀ। -0

No comments:

Post a Comment