Wednesday, 28 December 2016

ਮਲਕਾਨਗਿਰੀ ਕਤਲੇਆਮ ਖਿਲਾਫ ਜੰਤਰ-ਮੰਤਰ ਦਿੱਲੀ ਵਿੱਚ ਪ੍ਰਦਰਸ਼ਨ

ਮਲਕਾਨਗਿਰੀ ਕਤਲੇਆਮ ਖਿਲਾਫ ਜੰਤਰ-ਮੰਤਰ ਦਿੱਲੀ ਵਿੱਚ ਪ੍ਰਦਰਸ਼ਨ
ਮਲਕਾਨਗਿਰੀ (ਉੜੀਸਾ) ਵਿੱਚ ਝੂਠੇ ਪੁਲਸ ਮੁਕਾਬਲੇ ਵਿੱਚ ਮਾਰੇ ਗਏ 34 ਦੇ ਕਰੀਬ ਮਾਓਵਾਦੀ ਆਗੂ, ਆਦਿਵਾਸੀਆਂ ਦੇ ਗੈਰ-ਮਨੁੱਖੀ ਕਤਲੇਆਮ ਦੇ ਖਿਲਾਫ ਜੰਤਰ-ਮੰਤਰ ਨਵੀਂ ਦਿੱਲੀ ਵਿੱਖੇ ਵੱਡੀ ਗਿਣਤੀ ਵਿੱਚ ਬੁੱਧੀਜੀਵੀਆਂ, ਮਨੁੱਖੀ ਅਧਿਕਾਰ ਕਾਰਕੁੰਨਾਂ, ਸਭਿਆਚਾਰਕ ਕਾਮਿਆਂ ਅਤੇ ਵਿਅਕਤੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਮਨੁੱਖੀ ਅਧਿਕਾਰ ਜਥੇਬੰਦੀ ਨਵੀਂ ਦਿੱਲੀ ਵੱਲੋਂ ਸੰਚਾਲਤ ਇਸ ਪਰੋਗਰਾਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਹ ਕਿਸੇ ਇੱਕ ਸਿਆਸੀ ਪਾਰਟੀ 'ਤੇ ਨਹੀਂ ਸਗੋਂ ਆਪਣੇ ਹੱਕਾਂ, ਜ਼ਮੀਨ ਅਤੇ ਜ਼ਿੰਦਗੀ ਲਈ, ਲੜਨ ਵਾਲੇ ਸਾਰੇ ਲੋਕਾਂ 'ਤੇ ਹਮਲਾ ਹੈ ਜੋ ਫਾਸ਼ੀ ਜਾਬਰ ਰਾਜ ਖਿਲਾਫ ਹਿੱਕ ਡਾਹ ਕੇ ਖੜ੍ਹਦੇ ਹਨ। ਡਾ. ਜੀ.ਐਨ. ਸਾਈਬਾਬਾ (ਪ੍ਰੋ. ਦਿੱਲੀ ਯੂਨੀਵਰਸਿਟੀ) ਨੇ ਕਿਹਾ ਕਿ ਇਹ ਬਹੁਤ ਵਿਉਂਤਬੱਧ ਹਮਲਾ ਸੀ, ਜਿਸ ਦਾ ਮਤਲਬ ਆਦਿਵਾਸੀਆਂ ਦੇ ਹੱਕ ਜਤਲਾਈ ਨੂੰ ਕੁਚਲਣਾ ਸੀ। ਅਰਚਨ (ਸੀ.ਪੀ.ਆਈ.ਐਮ.ਐਲ. ਨਿਊਡੈਮੋਕਰੇਸੀ) ਨੇ ਦੱਸਿਆ ਕਿ ਸ਼ਹੀਦਾਂ ਦੇ ਸਰੀਰਾਂ ਦੀ ਬੁਰਤੀ ਤਰ੍ਹਾਂ ਕੱਟ ਵੱਢ ਕੀਤੀ ਹੋਈ ਸੀ। ਮ੍ਰਿਤਾਂਗ (ਭਾਰਤੀ ਕਮਿਊਨਿਸਟ ਪਾਰਟੀ ਲਿਬਰੇਸ਼ਨ) ਨੇ ਵਿਸ਼ਾਲ ਏਕਤਾ ਉਸਾਰ ਕੇ ਫਾਸ਼ੀ ਜਬਰ ਵਿਰੁੱਧ ਡਟਣ ਲਈ ਕਿਹਾ। ਪੰਕਜ ਵਿਆਗੀ ਐਡਵੋਕੇਟ (ਲੁਧਿਆਣਾ) ਨੇ ਕਿਹਾ ਕਿ ਇਹ ਹੱਕਾਂ (ਜਲ, ਜੰਗਲ, ਜ਼ਮੀਨ) ਦੀ ਰਾਖੀ ਦੀ ਵਿਚਾਰਧਾਰਾ 'ਤੇ ਹਮਲਾ ਹੈ। ਪ੍ਰੋ ਸਰੋਜ ਗਿਰੀ (ਦਿੱਲੀ ਯੁਨੀਵਰਸਿਟੀ) ਨੇ ਕਿਹਾ ਕਿ ਲੜਾਈ ਨੂੰ ਹੋਰ ਤੇਜ ਤੇ ਵਿਸ਼ਾਲ ਕਰਕੇ ਹੀ ਨਵੀਂ ਤਰ੍ਹਾਂ ਦੀ ਹਿੰਸਾ ਨਾਲ ਟੱਕਰਿਆ ਜਾ ਸਕਦਾ ਹੈ। ਡੈਮੋਕਰੇਟਿਕ ਸਟੂਡੈਂਟ ਯੂਨੀਅਨ, ਬਸਤਰ, ਸੌਲੀਡੈਰਿਟੀ ਨੈੱਟਵਰਗ ਆਇਸਾ, ਸੀ.ਪੀ.ਆਈ. ਦੇ ਆਗੂ ਡੀ. ਰਾਜਾ ਨੇ ਵੀ ਸੰਬੋਧਨ ਕੀਤਾ।
ਛੱਤੀਸ਼ਗੜ੍ਹ ਵਿੱਚ ਗ੍ਰਿਫਤਾਰ ਕੀਤੇ 7 ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ
26 ਦਸੰਬਰ ਨੂੰ ਸਵੇਰੇ ਸਾਢੇ 9 ਵਜੇ ਤਿਲੰਗਾਨਾ ਪੁਲਸ ਨੇ ਵਕੀਲਾਂ, ਪੱਤਰਕਾਰਾਂ ਅਤੇ ਵਿਦਿਆਰਥੀਆਂ ਦੀ ਟੀਮ ਨੂੰ ਦਿਮਾਗਡੇਮ ਤੋਂ ਗ੍ਰਿਫਤਾਰ ਕਰ ਲਿਆ ਅਤੇ ਛੱਤੀਸ਼ਗੜ੍ਹ ਪੁਲਸ ਹਵਾਲੇ ਕਰ ਦਿੱਤਾ। ਇਹ ਟੀਮ ਮਾਓਵਾਦੀ ਖੇਤਰ ਬਸਤਰ ਅੰਦਰ ਸਥਾਨਕ ਲੋਕਾਂ ਉੱਪਰ ਰਾਜ ਵੱਲੋਂ ਢਾਹੇ ਜਾ ਰਹੇ ਜ਼ੁਲਮਾਂ ਦੇ ਤੱਥ ਜਾਨਣ ਦੇ ਮਿਸ਼ਨ ਤਹਿਤ ਉੱਥੇ ਗਈ ਸੀ। ਐਡਵੋਕੇਟ ਸੀ. ਪ੍ਰਭਾਕਰ, ਐਡਵੋਕੇਟ ਬਾਲਾ ਰਾਵਿੰਦਰ ਨਾਥ, ਪੱਤਰਕਾਰ ਬੀ. ਦੁਰਗਾਪ੍ਰਸਾਦ, ਕਬਾਇਲੀ ਹੱਕਾਂ ਦੇ ਘੁਲਾਟੀਏ ਆਰ. ਲਕਸ਼ਮਣੱਈਆ ਅਤੇ ਦੋ ਵਿਦਿਆਰਥੀਆਂ ਉੱਪਰ ਛੱਤੀਸ਼ਗੜ੍ਹ ਪੁਲਸ ਵੱਲੋਂ ਬੇਮਿਸਾਲ ਜ਼ਾਲਮ ਕਾਨੂੰਨ ''ਛੱਤੀਸ਼ਗੜ੍ਹ ਪਬਲਿਕ ਸਕਿਊਰਿਟੀ ਐਕਟ'' ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। ਐਡਵੋਕੇਟ ਰਾਜਿੰਦਰ ਨਾਥ ਸਿਆਸੀ ਕੈਦੀਆਂ ਦੀ ਰਿਹਾਈ ਲਈ ਕਮੇਟੀ ਦੇ ਜਨਰਲ ਸਕੱਤਰ ਹਨ। ਐਡਵੋਕੇਟ ਚਿਕੁੜੂ ਪ੍ਰਭਾਕਰ ਤਿਲੰਗਾਨਾ ਡੈਮੋਕਰੇਟਿਕ ਫਰੰਟ ਦੇ ਕਨਵੀਨਰ ਹਨ, ਜੋ 307 ਜਮਹੂਰੀ ਗਰੁੱਪਾਂ ਦਾ ਸਾਂਝਾ ਮੰਚ ਹੈ। ਦੁਰਗਾਪ੍ਰਸਾਦ ਆਜ਼ਾਦ ਪੱਤਰਕਾਰ ਹਨ। ਬੀ. ਪ੍ਰਭਾਕਰ ਜਾਤਪਾਤ ਦੇ ਖਾਤਮੇ ਲਈ ਕਮੇਟੀ ਦੇ ਆਗੂ ਹਨ। ਰਾਮੰਨੱਲਾ ਲਕਸ਼ਮਣੱਈਆ ਆਦਿਵਾਸੀ ਜਥੇਬੰਦੀ ਟੁਡਮ ਡੇਬਾ ਦੇ ਆਗੂ ਹਨ। ਰਾਜਿੰਦਰ ਪ੍ਰਸਾਦ ਅਤੇ ਨਾਜ਼ੀਰ ਵਿਦਿਆਰਥੀ ਜਥੇਬੰਦੀ ਤਿਲੰਗਾਨਾ ਵੇਦੀਕੇ ਦੇ ਆਗੂ ਹਨ। ਪੁਲਸ ਨੇ ਹਾਸੋਹੀਣਾ ਇਲਜ਼ਾਮ ਲਾਇਆ ਹੈ ਕਿ ਉਹਨਾਂ ਕੋਲੋਂ ਪੁਰਾਣੇ ਨੋਟ ਅਤੇ ਅਹਿਮ ਨਕਸਲੀ ਦਸਤਾਵੇਜ਼ ਬਰਾਮਦ ਹੋਏ। ਅਦਾਰਾ ਸੁਰਖ਼ ਰੇਖਾ ਇਹਨਾਂ ਗ੍ਰਿਫਤਾਰੀਆਂ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ। ਇਹ ਜਮਹੂਰੀ ਕਾਰਕੁੰਨਾਂ ਦੀ ਆਵਾਜ਼ ਨੂੰ ਕੁਚਲ ਕੇ ਰਾਜਕੀ ਦਹਿਸ਼ਤਗਰਦੀ ਦੀ ਘਿਨਾਉਣੀ ਹਕੀਕਤ ਨੂੰ ਦਬਾਈਂ ਰੱਖਣ ਦੀ ਸਾਜਿਸ਼ ਹੈ, ਜਿਸ ਵਿਰੁੱਧ ਜ਼ੋਰਦਾਰ ਆਵਾਜ਼ ਉਠਾਏ ਜਾਣ ਦੀ ਲੋੜ ਹੈ। ਅਦਾਰਾ ਇਹਨਾਂ ਕਾਰਕੁੰਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਦਾ ਹੈ।

No comments:

Post a Comment