Wednesday, 28 December 2016

ਮਾਓਵਾਦੀ ਕਾਰਕੁੰਨਾਂ ਦੀਆਂ ਸ਼ਹਾਦਤਾਂ

ਮਾਓਵਾਦੀ ਕਾਰਕੁੰਨਾਂ ਦੀਆਂ ਸ਼ਹਾਦਤਾਂ ਨੂੰ ਲਾਲ ਸਲਾਮ
ਅਕਤੂਬਰ ਮਹੀਨੇ ਦੇ ਆਖਰੀ ਦਿਨਾਂ ਵਿੱਚ ਉੜੀਸਾ ਦੇ ਮਲਕਾਨਗਿਰੀ ਜ਼ਿਲ੍ਹੇ ਵਿੱਚ ਭਾਰਤੀ ਰਾਜ ਦੇ ਹਥਿਆਰਬੰਦ ਬਲਾਂ ਵੱਲੋਂ ਮਾਓਵਾਦੀ ਕਾਰਕੁੰਨਾਂ ਦੇ ਕੈਂਪ 'ਤੇ ਘੇਰਾ ਪਾ ਕੇ ਹਮਲਾ ਕੀਤਾ ਗਿਆ, ਜਿਸ ਦੌਰਾਨ 24 ਕਾਰਕੁੰਨ ਸ਼ਹੀਦ ਹੋ ਗਏ। ਕੁੱਝ ਨੂੰ ਜਿਉਂਦੇ ਫੜ ਲਿਆ ਗਿਆ, ਜਿਹਨਾਂ ਵਿੱਚੋਂ 8 ਨੂੰ ਤਸੀਹੇ ਦੇ ਕੇ ਅਤੇ ਝੂਠੇ ਪੁਲਸ ਮੁਕਾਬਲਿਆਂ ਰਾਹੀਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਉਂ ਇਸ ਹਮਲੇ ਨਾਲ 2-3 ਦਿਨਾਂ ਵਿੱਚ ਕੁੱਲ ਮਿਲਾ ਕੇ 32 ਕਾਰਕੁਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸੀ.ਆਰ.ਪੀ.ਐਫ., ਗਰੇਹਾਊਂਡਜ਼ ਅਤੇ ਸਪੈਸ਼ਲ ਪੁਲਸ ਫੋਰਸ ਦੇ ਅਧਿਕਾਰੀਆਂ ਵੱਲੋਂ ਆਪਣੀ ਇਸ ''ਪ੍ਰਾਪਤੀ'' 'ਤੇ ਬਾਘੀਆਂ ਪਾਈਆਂ ਗਈਆਂ ਅਤੇ ਅਖਬਾਰੀ ਬਿਆਨਾਂÎ ਰਾਹੀਂ ਆਪਣੀ ਇਸ ਪ੍ਰਾਪਤੀ ਨੂੰ ਇਸੇ ਇਲਾਕੇ ਵਿੱਚ ਕੁੱਝ ਵਰ੍ਹੇ ਪਹਿਲਾਂ ਮਾਓਵਾਦੀ ਗੁਰੀਲਿਆਂ ਵੱਲੋਂ 30 ਗਰੇਹਾਊਂਡਜ਼ ਜਵਾਨਾਂ ਨੂੰ ਮਾਰ ਮੁਕਾਉਣ ਦਾ ਬਦਲਾ ਲੈਣ ਦੀ ਸਫਲ ਕਾਰਵਾਈ ਵਜੋਂ ਉਭਾਰਿਆ ਗਿਆ।
ਬਿਨਾ ਸ਼ੱਕ— ਇਹ ਮੁਲਕ ਅੰਦਰ ਮਾਓ-ਜ਼ੇ-ਤੁੰਗ ਦੇ ਲਮਕਵੇਂ ਲੋਕ-ਯੁੱਧ ਦੇ ਰਾਹ ਨੂੰ ਪ੍ਰਣਾਈ ਅਤੇ ਇਸ ਨੂੰ ਅਭਿਆਸ ਵਿੱਚ ਲਾਗੂ ਕਰ ਰਹੀ ਸੀ.ਪੀ.ਆਈ.(ਮਾਓਵਾਦੀ) ਨੂੰ ਵੱਜੀ ਇੱਕ ਗੰਭੀਰ ਸੱਟ ਹੈ। ਭਾਰਤ ਦੇ ਪਿਛਾਖੜੀ ਰਾਜ ਵੱਲੋਂ ਮਾਓਵਾਦੀ ਪਾਰਟੀ ਦੀ ਅਗਵਾਈ ਵਿੱਚ ਚੱਲ ਰਹੇ ਲਮਕਵੇਂ ਲੋਕ-ਯੁੱਧ ਨੂੰ ਖ਼ੂਨ ਵਿੱਚ ਡੁਬੋਣ ਲਈ 2009 ਵਿੱਚ ''ਗਰੀਨ ਹੰਟ'' ਨਾਂ ਦੇ ਫੌਜੀ ਹੱਲੇ ਦੇ ਆਗਾਜ਼ ਤੋਂ ਲੈ ਕੇ ਅੱਜ ਤੱਕ ਦੇ ਅਰਸੇ ਦੌਰਾਨ ਇਹ ਭਾਰਤੀ ਰਾਜ ਦੀਆਂ ਖੂੰਖਾਰ ਹਥਿਆਰਬੰਦ ਤਾਕਤਾਂ ਦੀ ਗਿਣਤੀ ਪੱਖੋਂ ਇਨਕਲਾਬੀ ਗੁਰੀਲਾ ਤਾਕਤਾਂ ਨੂੰ ਸੱਟ ਮਾਰਨ ਵਾਲੀ ਸਭ ਤੋਂ ਵੱਡੀ 'ਪ੍ਰਾਪਤੀ' ਕਹੀ ਜਾ ਸਕਦੀ ਹੈ। ਪਿਛਲੇ ਸੱਤ ਸਾਲਾਂ ਤੋਂ ਮਾਓਵਾਦੀ ਗੁਰੀਲਾ ਤਾਕਤਾਂ ਨੂੰ ਕੁਚਲਣ ਲਈ ਜਾਰੀ ਫੌਜੀ ਹੱਲੇ, ''ਕੰਘਾ ਅਪ੍ਰੇਸ਼ਨਾਂ'' ਅਤੇ ''ਘੇਰੋ ਅਤੇ ਕੁਚਲੋ'' ਦੀਆਂ ਮੁਹਿੰਮਾਂ ਦੇ ਬਾਵਜੂਦ ਚਾਹੇ ਇਨਕਲਾਬੀ ਗੁਰੀਲਾ ਤਾਕਤਾਂ ਨੂੰ ਆਪਣੇ ਬਹੁਤ ਸਾਰੇ ਹੋਣਹਾਰ ਕਮਿਊਨਿਸਟ ਆਗੂਆਂ, ਗੁਰੀਲਾ ਕਮਾਂਡਰਾਂ ਅਤੇ ਲੜਾਕਿਆਂ ਦੀਆਂ ਸ਼ਹਾਦਤਾਂ ਦੇ ਰੂਪ ਵਿੱਚ ਗੰਭੀਰ, ਪਰ ਵਕਤੀ ਸੱਟਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਇੱਕੋ ਸੱਟੇ ਐਡੀ ਵੱਡੀ ਗਿਣਤੀ ਵਿੱਚ ਇਨਕਲਾਬੀ ਕਾਰਕੁਨਾਂ ਦੇ ਸ਼ਹੀਦ ਹੋਣ ਦੀ ਇਹ ਪਹਿਲੀ ਘਟਨਾ ਹੈ।
ਪਰ ਜਿੱਥੇ ਮੁਲਕ ਦੇ ਕਮਿਊਨਿਸਟ ਇਨਕਲਾਬੀਆਂ ਅਤੇ ਮਿਹਨਤਕਸ਼ ਲੋਕਾਂ ਨੂੰ ਮੁਲਕ ਦੀ ਵਿਸ਼ਾਲ ਲੋਕਾਈ ਨੂੰ ਸਾਮਰਾਜੀ-ਜਾਗੀਰੂ ਲੁੱਟ-ਖੋਹ ਅਤੇ ਦਾਬੇ ਦੇ ਜਕੜਜੂਲੇ ਤੋਂ ਮੁਕਤੀ ਲਈ ਜੂਝ ਰਹੇ ਗੁਰੀਲਾ ਕਾਰਕੁੰਨਾਂ ਦੇ ਦੁਸ਼ਮਣ ਫੌਜੀ ਤਾਕਤਾਂ ਦੀ ਮਾਰ ਹੇਠ ਆ ਕੇ ਇਨਕਲਾਬੀ ਕਾਫਲੇ ਵਿੱਚੋਂ ਵਿੱਛੜ ਜਾਣ ਦਾ ਦੁੱਖ ਹੈ, ਉੱਥੇ ਇਹਨਾਂ ਹੋਣਹਾਰ ਇਨਕਲਾਬੀ ਘੁਲਾਟੀਆਂ ਦੀਆਂ ਇਹਨਾਂ ਸ਼ਾਨਾਂਮੱਤੀਆਂ ਸ਼ਹਾਦਤਾਂ 'ਤੇ ਮਾਣ ਵੀ ਹੈ। ਇਹ ਸ਼ਹਾਦਤਾਂ ਭਾਰਤੀ ਇਨਕਲਾਬ ਦੀ ਬੇਦੀ 'ਤੇ ਮਿਹਨਤਕਸ਼ ਲੋਕਾਂ ਦੇ ਇਹਨਾਂ ਮਾਣਮੱਤੇ ਅਤੇ ਸੂਰਬੀਰ ਧੀਆਂ-ਪੁੱਤਾਂ ਵੱਲੋਂ ਆਪਣੀਆਂ ਜਾਨਾਂ ਕੁਰਬਾਨ ਕਰਕੇ ਤਾਰਿਆ ਉਹ ਸਿਲਾ ਹੈ, ਜਿਸ ਤੋਂ ਬਗੈਰ ਭਾਰਤੀ ਇਨਕਲਾਬ ਦੀ ਲਾਟ ਨੂੰ ਨਾ ਬਲਦਾ ਰੱਖਿਆ ਜਾ ਸਕਦਾ ਹੈ ਅਤੇ ਨਾ ਹੀ ਲਟ ਲਟ ਬਾਲਦਿਆਂ, ਹੋਰ ਪ੍ਰਚੰਡ ਕੀਤਾ ਜਾ ਸਕਦਾ ਹੈ। ਇਹ ਸ਼ਹਾਦਤਾਂ ਮੁਲਕ ਦੀ ਕਮਿਊਨਿਸਟ ਲਹਿਰ ਦੇ ਸਮੁੱਚੇ ਇਤਿਹਾਸ ਵਿਸ਼ੇਸ਼ ਕਰਕੇ ਨਕਸਲਬਾੜੀ ਦੀ ਉਠਾਣ ਮੌਕੇ ਅਤੇ ਇਸ ਤੋਂ ਬਾਅਦ ਅੱਜ ਤੱਕ ਨਕਸਲਬਾੜੀ ਦੀ ਹਕੀਕੀ ਸੋਚ ਅਤੇ ਪਿਰਤਾਂ ਨੂੰ ਸੀਸ ਦੇ ਕੇ ਨਿਭਾਉਣ ਦੇ ਫਖਰਯੋਗ ਇਤਿਹਾਸ ਦਾ ਇੱਕ ਸੁਨਹਿਰੀ ਕਾਂਡ ਹੈ।
ਸ਼ਹਾਦਤਾਂ ਤੋਂ ਬਗੈਰ ਇਨਕਲਾਬਾਂ ਦਾ ਇਤਿਹਾਸ ਨਹੀਂ ਸਿਰਜਿਆ ਜਾ ਸਕਦਾ। ਸ਼ਹਾਦਤਾਂ ਤੋਂ ਬਗੈਰ ਇਨਕਲਾਬ ਨੂੰ ਸਿਰੇ ਲਾਉਣ ਦੀ ਗੱਲ ਤਾਂ ਦੂਰ ਰਹੀ, ਇਨਕਲਾਬ ਦਾ ਪੈੜਾ ਵੀ ਨਹੀਂ ਬੰਨ੍ਹਿਆ ਜਾ ਸਕਦਾ।  ਇਨਕਲਾਬ ਬਾਰੇ ਗੱਲ ਕਰਦਿਆਂ, ਮਾਓ-ਜ਼ੇ-ਤੁੰਗ ਵੱਲੋਂ ਕਿਹਾ ਗਿਆ ਹੈ ਕਿ ''ਇਨਕਲਾਬ ਕੋਈ ਪ੍ਰੀਤੀ ਭੋਜਨ ਨਹੀਂ, ਨਾ ਹੀ ਇਹ ਲੇਖ ਲਿਖਣਾ, ਜਾਂ ਚਿੱਤਰ ਬਣਾਉਣਾ ਜਾਂ ਕਸ਼ੀਦਾਕਾਰੀ ਕਰਨਾ ਹੈ। ਇਹ ਐਨਾ ਕੋਮਲ, ਅਰਾਮਪ੍ਰਸਤ ਅਤੇ ਨਰਮ, ਐਨਾ ਸ਼ਾਂਤ, ਮਿਹਰਬਾਨ, ਮੁਲਾਹਜੇਦਾਰ, ਬੰਦਸ਼ ਵਿੱਚ ਰਹਿਣ ਵਾਲਾ ਅਤੇ ਉਦਾਰਚਿੱਤ ਨਹੀਂ ਹੋ ਸਕਦਾ। ਇਨਕਲਾਬ ਇੱਕ ਵਿਦਰੋਹ ਹੁੰਦਾ ਹੈ, ਇੱਕ ਹਿੰਸਕ ਵਾਕਿਆ ਹੁੰਦਾ ਹੈ, ਜਿਸ ਰਾਹੀਂ ਇੱਕ ਜਮਾਤ ਦੂਜੀ ਨੂੰ ਉਲਟਾਉਂਦੀ ਹੈ।'' (ਹੂਨਾਨ ਕਿਸਾਨ ਘੋਲ ਦੀ ਰਿਪੋਰਟ, ਜਿਲਦ ਪਹਿਲੀ, ਸਫਾ 20) ਸੋ, ਇਨਕਲਾਬ ਇੱਕ ਹਿੰਸਕ ਜਮਾਤੀ ਜੰਗ ਹੁੰਦੀ ਹੈ ਅਤੇ ਇਹ ਇਨਕਲਾਬੀ ਜੰਗ ਅੱਜ ਸੀ.ਪੀ.ਆਈ.(ਮਾਓਵਾਦੀ) ਦੀ ਅਗਵਾਈ ਹੇਠ ਮੁਲਕ ਦੀ ਮਿਹਨਤਕਸ਼ ਜਨਤਾ, ਵਿਸ਼ੇਸ਼ ਕਰਕੇ ਆਦਿਵਾਸੀ ਕਿਸਾਨ ਜਨਤਾ ਵੱਲੋਂ ਲੜੀ ਜਾ ਰਹੀ ਹੈ, ਜਿਸ ਨੂੰ ਕੁਚਲ ਸੁੱਟਣ ਲਈ ਹਾਕਮ ਜਮਾਤਾਂ ਦੇ ਪਿਛਾਖੜੀ ਰਾਜ ਵੱਲੋਂ ''ਅਪੇਸ਼ਨ ਗਰੀਨ ਹੰਟ'' ਨਾਂ ਦਾ ਉਲਟ-ਇਨਕਲਾਬੀ ਹੱਲਾ ਬੋਲਿਆ ਹੋਇਆ ਹੈ। ਇਉਂ, ਇਹ ਜੰਗ ਇਨਕਲਾਬ ਅਤੇ ਉਲਟ-ਇਨਕਲਾਬ ਦਰਮਿਆਨ ਜ਼ਿੰਦਗੀ-ਮੌਤ ਦਾ ਹਥਿਆਰਬੰਦ ਭੇੜ ਹੈ, ਹਿੰਸਕ ਭੇੜ ਹੈ। ਇਸ ਭੇੜ ਅੰਦਰ ਚਾਹੇ ਬੁਨਿਆਦੀ ਅਸੂਲ ''ਆਪਣੇ ਆਪ ਨੂੰ ਬਚਾਉਣਾ ਅਤੇ ਦੁਸ਼ਮਣ ਦਾ ਸਫਾਇਆ ਕਰਨਾ'' ਰਹਿੰਦਾ ਹੈ। ਪਰ ਆਪਣੇ ਜਾਨੀ ਨੁਕਸਾਨ ਦਾ ਵੱਧ ਤੋਂ ਵੱਧ ਬਚਾਅ ਕਰਦਿਆਂ ਵੀ, ਸ਼ਹਾਦਤਾਂ ਤੋਂ ਨਾ ਸਿਰਫ ਉੱਕਾ ਹੀ ਬਚਾਅ ਨਹੀਂ ਕੀਤਾ ਜਾ ਸਕਦਾ, ਸਗੋਂ ਸ਼ਹਾਦਤਾਂ ਇਸ ਭੇੜ ਅੰਦਰ ਇੱਕ ਵਰਤਾਰਾ ਬਣ ਜਾਂਦੀਆਂ ਹਨ। ਇੱਕ ਅਜਿਹੀ ਕੀਮਤ ਬਣ ਜਾਂਦੀਆਂ ਹਨ, ਜਿਸ ਨੂੰ ਤਾਰੇ ਬਿਨਾ ਉਹ ਬਹੁਮੁੱਲਾ ਤਜਰਬਾ ਹਾਸਲ ਨਹੀਂ ਕੀਤਾ ਜਾ ਸਕਦਾ, ਜਿਸ ਤੋਂ ਬਗੈਰ ਸਿਆਸੀ ਲੀਹ ਅਤੇ ਫੌਜੀ ਲੀਹ ਦੇ ਦਰੁਸਤ/ਗਲਤ ਹੋਣ ਨੂੰ ਨਾ ਪਰਖਿਆ ਜਾ ਸਕਦਾ ਹੈ ਅਤੇ ਨਾ ਹੀ ਇਹਨਾਂ ਨੂੰ ਸੰਵਾਰਦਿਆਂ-ਸੁਧਾਰਦਿਆਂ, ਵਿਕਸਤ ਕੀਤਾ ਜਾ ਸਕਦਾ ਹੈ। ਨਾ ਹੀ ਜੁਝਾਰ ਅਤੇ ਸਿਦਕਵਾਨ ਇਨਕਲਾਬੀ ਘੁਲਾਟੀਆਂ ਦੇ ਪੂਰਾਂ ਨੂੰ ਸਿੱਖਿਆ-ਸਿਖਲਾਈ ਅਤੇ ਫੌਲਾਦੀ ਢਲਾਈ ਦੇ ਅਮਲ ਵਿੱਚ ਪਾਇਆ ਜਾ ਸਕਦਾ ਹੈ ਅਤੇ ਨਾ ਹੀ ਇਨਕਲਾਬ ਦੇ ਬਿਖੜੇ ਪੈਂਡੇ 'ਤੇ ਉਲਟ ਇਨਕਲਾਬੀ ਨਾਕਿਆਂ ਨੂੰ ਭੰਨਦਿਆਂ, ਅਗਲੇਰੀ ਪੇਸ਼ਕਦਮੀ ਲਈ ਰਾਹ ਪੱਧਰਾ ਕੀਤਾ ਜਾ ਸਕਦਾ ਹੈ।
ਇਸ ਲਈ, ਮਲਕਾਨਗਿਰੀ ਵਿੱਚ ਮਾਓਵਾਦੀ ਕਾਰਕੁੰਨਾਂ ਦੀਆਂ ਸ਼ਹਾਦਤਾਂ ਚੱਲ ਰਹੇ ਸ਼ਹਾਦਤਾਂ ਦੇ ਉਸ ਅਮੁੱਕ ਵਰਤਾਰੇ ਦਾ ਇੱਕ ਹਿੱਸਾ ਹਨ, ਜਿਹਨਾਂ ਰਾਹੀਂ ਮੁਲਕ ਦੀ ਲੁੱਟੀ-ਲਤਾੜੀ ਜਾਂਦੀ ਮਿਹਨਤਕਸ਼ ਜਨਤਾ ਦੀ ਮੁਕਤੀ ਲਈ ਅਤੇ ਸਾਮਰਾਜ ਅਤੇ ਦਲਾਲ ਹਾਕਮ ਜਮਾਤਾਂ ਦੇ ਲੋਕ-ਦੁਸ਼ਮਣ ਰਾਜਭਾਗ ਦੀ ਕਬਰ ਖੋਦਣ ਲਈ ਲੜੀ ਜਾ ਰਹੀ ਇਨਕਲਾਬੀ ਜੰਗ ਦਾ ਇਤਿਹਾਸ ਸਿਰਜਿਆ ਤੇ ਲਿਖਿਆ ਜਾ ਰਿਹਾ ਹੈ। ਇਹ ਇਨਕਲਾਬੀ ਜੰਗ ਲੋਕਾਂ ਦੇ ਖੂਨ 'ਤੇ ਪਲ਼ਦੇ ਲੋਕ ਦੁਸ਼ਮਣ ਹਾਕਮ ਲਾਣੇ ਲਈ ਮੌਤ ਧੁੜਕੂ ਬਣ ਰਹੀ ਹੈ। ਇਸ ਲਈ, ਉਸ ਵੱਲ ਦੰਦ-ਕਰੀਚਦਿਆਂ ਤੇ ਇਸ ਇਨਕਲਾਬੀ ਜੰਗ ਨੂੰ ''ਖੱਬੇਪੱਖੀ ਅੱਤਵਾਦ'' ਕਹਿੰਦਿਆਂ ਇਸ ਨੂੰ ਮੁਲਕ ਦੀ ''ਅੰਦਰੂਨੀ ਸੁਰੱਖਿਆ ਲਈ ਮੁੱਖ ਖਤਰਾ ਹੋਣ'' ਦਾ ਚੀਕ ਚਿਹਾੜਾ ਪਾਇਆ ਜਾ ਰਿਹਾ ਹੈ ਅਤੇ ਇਸ ਨੂੰ ਬੱਦੂ ਕਰਨ ਲਈ ਚੱਤੋ-ਪਹਿਰ ਆਪਣੇ ਪ੍ਰਚਾਰ ਸਾਧਨਾਂ ਰਾਹੀਂ ਕੂੜ-ਪ੍ਰਚਾਰ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਨੂੰ ਲੋਕਾਂ ਵਿੱਚੋਂ ਨਿਖੇੜਨ ਲਈ ਛੱਤੀਸ਼ਗੜ੍ਹ, ਝਾਰਖੰਡ, ਉੜੀਸਾ, ਮਹਾਂਰਾਸ਼ਟਰ ਵਗੈਰਾ ਪੇਂਡੂ ਖੇਤਰ ਵਿੱਚ ਪਿਛਾਖ਼ੜੀ ਦਹਿਸ਼ਤ ਪਾਉਣ ਲਈ ਹਥਿਆਰਬੰਦ ਬਲਾਂ ਨੂੰ ਲੋਕਾਂ 'ਤੇ ਝਪਟਣ ਲਈ ਬੇਲਗਾਮ ਕੀਤਾ ਹੋਇਆ ਹੈ। ਅਫਸਪਾ ਵਰਗੇ ਕਾਲੇ ਕਾਨੂੰਨਾਂ ਤਹਿਤ ਇਹਨਾਂ ਪਿਛਾਖੜੀ ਹਥਿਆਰਬੰਦ ਬਲਾਂ ਨੂੰ ਪਿੰਡਾਂ ਨੂੰ ਫੂਕਣ, ਲੋਕਾਂ 'ਤੇ ਕੁਟਾਪਾ ਚਾੜ੍ਹਨ, ਲੁੱਟਮਾਰ ਕਰਨ, ਔਰਤਾਂ ਨਾਲ ਬਲਾਤਕਾਰ ਕਰਨ, ਲੋਕਾਂ ਨੂੰ ਗੋਲੀਆਂ ਨਾਲ ਉਡਾਉਣ ਵਰਗੀਆਂ ਜਾਬਰ ਕਾਰਵਾਈਆਂ ਦੇ ਰੂਪ ਵਿੱਚ ਨਾਦਰਸ਼ਾਹੀ ਧਾਵਾ ਬੋਲਿਆ ਹੋਇਆ ਹੈ। ਇਸ ਨਿਹੱਕੇ ਨਾਦਰਸ਼ਾਹੀ ਜਬਰ-ਜ਼ੁਲਮ ਖਿਲਾਫ ਮੂੰਹ ਖੋਲ੍ਹਣ ਅਤੇ ਇਸ ਨੂੰ ਜਨਤਾ ਵਿੱਚ ਨਸ਼ਰ ਕਰਨ ਵਾਲੇ ਬੁੱਧੀਜੀਵੀਆਂ ਅਤੇ ਪੱਤਰਕਾਰਾਂ 'ਤੇ ਸੰਗੀਨ ਜੁਰਮਾਂ ਤਹਿਤ ਮੁਕੱਦਮੇ ਦਰਜ਼ ਕੀਤੇ ਜਾ ਰਹੇ ਹਨ। ਇਨਸਾਫਪਸੰਦ ਪੱਤਰਕਾਰਾਂ ਨੂੰ ਇਨ੍ਹਾਂ ਇਲਾਕਿਆਂ ਵਿੱਚੋਂ ਜਬਰੀ ਬਾਹਰ ਕੱਢਿਆ ਜਾ ਰਿਹਾ ਹੈ, ਕਈਆਂ ਨੂੰ ਜੇਲ੍ਹੀਂ ਡੱਕਿਆ ਗਿਆ ਹੈ।
ਗੱਲ ਕੀ— ਲੋਕ-ਦੁਸ਼ਮਣ ਹਾਕਮ ਲਾਣੇ ਵੱਲੋਂ ਇਸ ਇਨਕਲਾਬੀ ਜੰਗ ਤੋਂ ਲੱਗੇ ਮੌਤ ਦੇ ਧੁੜਕੂ ਤੋਂ ਛੁਟਕਾਰਾ ਪਾਉਣ ਲਈ ਹੀ ਇਨਕਲਾਬੀ ਜੰਗ ਅਤੇ ਲੋਕਾਂ ਖਿਲਾਫ ''ਘੇਰੋ ਅਤੇ ਕੁਚਲੋ'' ਦਾ ਪਿਛਾਖੜੀ ਜਹਾਦ ਵਿੱਢਿਆ ਹੋਇਆ ਹੈ। ਕਾਮਰੇਡ ਮਾਓ ਨੇ ਠੀਕ ਹੀ ਕਿਹਾ ਹੈ ਕਿ ''ਜੇਕਰ ਦੁਸ਼ਮਣ ਸਾਡੇ 'ਤੇ ਹਮਲਾ ਕਰਦਾ ਹੈ ਤਾਂ ਇਹ ਬੜੀ ਚੰਗੀ ਗੱਲ ਹੈ। ਕਿਉਂਕਿ ਇਹ ਸਿੱਧ ਕਰਦਾ ਹੈ, ਕਿ ਅਸੀਂ ਆਪਣੇ ਅਤੇ ਦੁਸ਼ਮਣ ਦਰਮਿਆਨ ਨਿਖੇੜੇ ਦੀ ਸਪੱਸ਼ਟ ਲਕੀਰ ਖਿੱਚ ਲਈ ਹੈ। ਜੇਕਰ ਦੁਸ਼ਮਣ ਸਾਡੇ 'ਤੇ ਵਹਿਸ਼ੀ ਹਮਲਾ ਕਰੇ ਅਤੇ ਸਾਡੇ ਖਿਲਾਫ ਪੂਰਾ ਭੰਡੀ-ਪ੍ਰਚਾਰ ਕਰੇ ਅਤੇ ਅਤਿ ਦਾ ਭੈੜਾ ਬਣਾ ਕੇ ਪੇਸ਼ ਕਰੇ ਤਾਂ ਇਹ ਹੋਰ ਵੀ ਚੰਗੀ ਗੱਲ ਹੈ। ਇਹ ਦਰਸਾਉਂਦਾ ਹੈ ਕਿ ਅਸੀਂ ਨਾ ਸਿਰਫ ਨਿਖੇੜੇ ਦੀ ਸਪੱਸ਼ਟ ਲਕੀਰ ਖਿੱਚ ਲਈ ਹੈ, ਸਗੋਂ ਆਪਣੇ ਕੰਮ ਵਿੱਚ ਕਾਫੀ ਕਾਮਯਾਬੀ ਹਾਸਲ ਕਰ ਲਈ ਹੈ।''
(ਦੁਸ਼ਮਣ ਵੱਲੋਂ ਹਮਲਾ ਹੋਣਾ ਕੋਈ ਭੈੜੀ ਗੱਲ ਨਹੀਂ,
ਪਹਿਲੀ ਛੋਟੀ ਐਡੀਸ਼ਨ, ਸਫਾ-2)
ਕਿਉਂਕਿ ਹਾਕਮ ਜਮਾਤਾਂ ਲਈ ਇਹ ਇਨਕਲਾਬੀ ਜੰਗ ਖਤਰੇ ਦੀ ਘੰਟੀ ਹੈ, ਜੀਹਦੇ 'ਚੋਂ ਉਹਨਾਂ ਨੂੰ ਆਪਣੀ ਮੌਤ ਦੇ ਝਾਊਲੇ ਪੈਂਦੇ ਹਨ। ਇਸ ਖਤਰੇ ਤੋਂ ਮੁਕਤ ਹੋਣ ਲਈ ਹੀ ਹਾਕਮਾਂ ਵੱਲੋਂ ਇਨਕਲਾਬੀ ਲਹਿਰ ਖਿਲਾਫ ਪਿਛਾਖੜੀ ਹੱਲਾ ਵਿੱਢਿਆ ਹੋਇਆ ਹੈ। ਜਬਰ-ਜ਼ੁਲਮ ਦਾ ਝੱਖੜ ਝੁਲਾਇਆ ਜਾ ਰਿਹਾ ਹੈ। ਸੋ, ਇੱਕ ਘਮਸਾਣੀ ਇਨਕਲਾਬੀ ਜੰਗ ਲੜੀ ਜਾ ਰਹੀ ਹੈ। ਜਿਸ ਵਿੱਚੋਂ ਇੱਕ ਪਾਸੇ ਮੁਲਕ ਦੇ ਪਿਛਾਖੜੀ ਹਾਕਮਾਂ ਦੀ ਲੋਕਾਂ ਖਿਲਾਫ ਨਫਰਤ ਅਤੇ ਜਬਰ-ਜ਼ੁਲਮ ਦੀਆਂ ਸਿਖਰਾਂ ਨੂੰ ਛੂੰਹਦੀ ਦੈਂਤ ਬਿਰਤੀ ਦਾ ਇਜ਼ਹਾਰ ਹੋ ਰਿਹਾ ਹੈ ਅਤੇ ਦੂਜੇ ਪਾਸੇ ਦੱਬੀ ਕੁਚਲੀ ਜਨਤਾ ਦੀ ਇਨਕਲਾਬੀ ਮੁਕਤੀ ਲਈ ਜੂਝ ਮਰਨ ਅਤੇ ਸ਼ਹੀਦੀ ਜਾਮ ਪੀਣ ਦੀ ਸ਼ਾਨਾਂਮੱਤੀ ਰਵਾਇਤ ਨੂੰ ਬੁਲੰਦ ਕਰਨ ਰਾਹੀਂ ਅਜਿੱਤ ਪ੍ਰੋਲੇਤਾਰੀ ਵਿਚਾਰਧਾਰਾ, ਸੋਚ, ਲਟ ਲਟ ਬਲਦੀ ਇਨਕਲਾਬੀ ਨਿਹਚਾ, ਜੁਝਾਰੂ ਭਾਵਨਾ ਅਤੇ ਅਡੋਲ ਸਿਦਕ ਦੇ ਦੀਦਾਰ ਹੋ ਰਹੇ ਹਨ।
ਆਓ— ਅਜਿੱਤ ਪ੍ਰੋਲੇਤਾਰੀ ਵਿਚਾਰਧਾਰਾ, ਸੋਚ, ਲਟ ਲਟ ਬਲਦੀ ਇਨਕਲਾਬੀ ਨਿਹਚਾ, ਜੂਝਾਰ ਭਾਵਨਾ ਅਤੇ ਅਡੋਲ ਸਿਦਕ ਦੇ ਮੁਜੱਸਮੇਂ ਘੁਲਾਟੀਆਂ ਦੀਆਂ ਸ਼ਾਨਾਂਮੱਤੀਆਂ ਸ਼ਹਾਦਤਾਂ ਨੂੰ ਸਿਜਦਾ ਕਰੀਏ।

No comments:

Post a Comment