Wednesday, 28 December 2016

12 ਏਕੜ ਗੰਨੇ ਦੀ ਫਸਲ, ਧੱਕੇ ਨਾਲ ਖੋਹਣ ਦੀ ਧੱਕੜ ਕਾਰਵਾਈ

ਪੁਲਸ ਅਧਿਕਾਰੀ ਅੰਮ੍ਰਿਤਾ ਬਰਾੜ ਅਬੁਲ-ਖੁਰਾਣੇ ਵਾਲੀ ਵੱਲੋਂ ਪਿੰਡ ਅਭੁੱਨ ਜ਼ਿਲਾ ਫਾਜ਼ਿਲਕਾ ਦੇ ਕਿਸਾਨ ਸ਼ੇਰਬਾਜ਼ ਦੀ ਠੇਕੇ ਉੱਪਰ ਲਈ
12 ਏਕੜ ਗੰਨੇ ਦੀ ਫਸਲ, ਧੱਕੇ ਨਾਲ ਖੋਹਣ ਦੀ
ਧੱਕੜ ਕਾਰਵਾਈ ਦਾ ਡਟ ਕੇ ਵਿਰੋਧ ਕਰੋ

ਇਨਸਾਫਪਸੰਦ ਲੋਕੋ: ਸ਼ੇਰਬਾਜ਼ ਇੱਕ ਇਮਾਨਦਾਰ ਮਿਹਨਤੀ ਅਤੇ ਛੋਟਾ ਕਿਸਾਨ ਹੈ ਅਤੇ ਠੇਕੇ ਉੱਪਰ ਜ਼ਮੀਨ ਲੈ ਕੇ ਗੰਨੇ ਦੀ ਕਾਸ਼ਤ ਕਰਦਾ ਹੈ ਅਤੇ ਪਿੰਡ ਅਭੁੱਨ ਦਾ ਪੰਚਾਇਤ ਮੈਂਬਰ ਹੈ। ਅੰਮ੍ਰਿਤਾ ਬਰਾੜ ਦੇ ਪਰਿਵਾਰ ਜਿਸ ਦੀ ਪਿੰਡ ਅਭੁੱਨ ਤੇ ਜੌੜਕੀਆਂ ਵਿੱਚ ਕਾਫੀ ਜ਼ਮੀਨ ਹੈ, ਦੀ ਜ਼ਮੀਨ ਵੀ 15 ਸਾਲਾਂ ਤੋਂ ਠੇਕੇ ਉਪਰ ਵਾਹੁੰਦਾ ਆ ਰਿਹਾ ਹੈ। ਪਿਛਲੇ ਸਾਲ ਨਵੰਬਰ ਵਿੱਚ, ਉਸਨੇ ਇਸ ਪਰਿਵਾਰ ਦੀ ਜ਼ਮੀਨ ਵਿੱਚ 6 ਏਕੜ ਨਵਾਂ ਗੰਨਾ ਲਾਇਆ ਸੀ, ਜਿਸ ਉੱਪਰ ਉਸਦਾ 35115 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 2,10,690 ਰੁਪਏ ਖਰਚ ਆ ਚੁੱਕਾ ਹੈ। ਇਸ ਤੋਂ ਇਲਾਵਾ 6 ਏਕੜ ਡੇਢ ਕਨਾਲ ਮੋਢੀ ਗੰਨਾ ਸੀ, ਜਿਸ ਉੱਪਰ 18770 ਰੁਪਏ ਪ੍ਰਤੀ ਏਕੜਾ ਦੇ ਹਿਸਾਬ 1.15,858 ਰੁਪਏ ਸਮੇਤ ਕੁੱਲ ਗੰਨੇ ਦੀ ਫਸਲ ਉੱਪਰ ਕੁੱਲ 3.26,548 ਰੁਪਏ ਖਰਚ ਆ ਚੁੱਕਾ ਹੈ। ਪਿੰਡ ਦੇ ਮਜ਼ਦੂਰਾਂ, ਜਿਹਨਾਂ ਨੇ ਗੰਨਾ ਖੇਤ ਵਿੱਚ ਲਗਵਾਇਆ ਹੈ ਅਤੇ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਭਲੀ ਭਾਂਤ ਪਤਾ ਹੈ।
ਧੱਕੇਸ਼ਾਹੀ ਕਦੋਂ ਸ਼ੁਰੂ ਹੋਈ? ਅਪ੍ਰੈਲ 2016 ਵਿੱਚ ਸ਼ੇਰਬਾਜ਼ ਨੇ ਜਦ ਪਿਛਲਾ ਸਾਰਾ ਠੇਕਾ ਅਦਾ ਕਰ ਦਿੱਤਾ ਤਾਂ 2 ਮਹੀਨੇ ਬਾਅਦ 25 ਜੂਨ ਨੂੰ ਅੰਮ੍ਰਿਤਾ ਬਰਾੜ ਹੈਂਕੜੀ ਲਹਿਜ਼ੇ ਵਿੱਚ ਆਪਣਾ ਫੁਰਮਾਨ ਸ਼ੇਰਬਾਜ਼ ਨੂੰ ਇਹ ਕਹਿ ਕੇ ਸੁਣਾ ਦਿੱਤਾ ਕਿ ਤੂੰ ਅੱਜ ਤੋਂ ਬਾਅਦ ਸਾਡੇ ਖੇਤ ਵਿੱਚ ਨਾ ਜਾਵੀਂ। ਮੈਡਮ ਦੇ ਕਰਿੰਦੇ ਸੁਭਾਸ਼ ਮੁਤਾਬਕ 25 ਮਈ ਨੂੰ ਖੇਤ ਵਿੱਚ ਜਾਣ ਤੋਂ ਰੋਕਿਆ ਹੈ। ਸ਼ੇਰਬਾਜ਼ ਨੇ ਨਿਮਰਤਾ ਨਾਲ ਕਿਹਾ ਕਿ ਮੈਡਮ ਮੈਂ 7 ਮਹੀਨਿਆਂ ਤੋਂ ਗੰਨੇ ਦੀ ਫਸਲ ਉੱਪਰ ਖਰਚ ਕਰਦਾ ਆ ਰਿਹਾ ਹਾਂ, ਇਹ ਮੈਂ ਕਿਵੇਂ ਛੱਡ ਕੇ ਜਾ ਸਕਦਾ ਹਾਂ? ਮੈਂ ਆਪਣੇ ਗੰਨਾ ਕੱਟ ਕੇ ਖੇਤ ਖਾਲੀ ਕਰ ਦੇਵਾਂਗਾ। ਪਰ ਮੈਡਮ, ਉਸ ਵਿਚਾਰੇ ਕਿਸਾਨ ਦੀ ਕਦੋਂ ਸੁਣਦੀ ਸੀ? ਇਸ ਤੋਂ ਬਾਅਦ ਸ਼ੇਰਬਾਜ਼ ਨੇ ਫਾਜ਼ਿਲਕਾ ਦੇ ਡੀ.ਸੀ. ਅਤੇ ਐਸ.ਐਸ.ਪੀ. ਸਮੇਤ ਸਾਰੇ ਜ਼ਿਲ੍ਹਾ ਅਧਿਕਾਰੀਆਂ ਕੋਲ ਆਪਣੀਆਂ ਲਿਖਤੀ ਸ਼ਿਕਾਇਤਾਂ ਕੀਤੀਆਂ ਅਤੇ ਇਨਸਾਫ ਦੀ ਮੰਗ ਕੀਤੀ, ਪਰ ਇਸ ਆਈ.ਪੀ.ਐਸ. ਮੈਡਮ ਅੰਮ੍ਰਿਤਾ ਬਰਾੜ ਨੂੰ ਕੌਣ ਸਮਝਾਵੇ? ਇਸ ਕਰਕੇ, ਮਸਲਾ ਅਜੇ ਜਿਉਂ ਦੀ ਤਿਉਂ ਖੜ੍ਹਾ ਹੈ ਅਤੇ ਧੱਕੇਸ਼ਾਹੀ ਜਾਰੀ ਹੈ।
ਧੱਕੇਸ਼ਾਹੀ ਦੀ ਵਜਾਹ/ਰੰਜਿਸ਼ ਕੀ ਹੈ? ਭਰਾਵੋ, ਕਿਸੇ ਨੂੰ ਲੱਗ ਸਕਦਾ ਹੈ ਕਿ ਪੁਲਸ ਅਧਿਕਾਰੀ ਮੈਡਮ ਅੰਮ੍ਰਿਤਾ ਬਰਾੜ, ਇੱਕ ਆਮ ਕਿਸਾਨ ਨਾਲ ਧੱਕੇਸ਼ਾਹੀ ਕਿਉਂ ਕਰ ਰਹੀ ਹੇ, ਕੋਈ ਤਾਂ ਕਾਰਨ ਹੋਵੇਗਾ? ਕਾਰਨ ਵੀ ਸੁਣ ਲਵੋ। ਸਭ ਨੂੰ ਪਤਾ ਹੈ ਕਿ ਮੈਡਮ ਅੰਮ੍ਰਿਤਾ ਬਰਾੜ ਦੀ ਆਪਣੀ ਭਰਜਾਈ ਸੁਖਦੀਪ ਬਰਾੜ ਨਾਲ ਆਪਣੀ ਪਰਿਵਾਰਕ ਜ਼ਮੀਨ ਦੀ ਤਕਸੀਮ ਦਾ ਕੇਸ ਚੱਲ ਰਿਹਾ ਸੀ। ਤਕਸੀਮ ਵਿੱਚ ਸ਼ੇਰਬਾਜ਼ ਦੀ ਕਾਸ਼ਤ ਵਾਲੀ ਜ਼ਮੀਨ ਸੁਖਦੀਪ ਬਰਾੜ ਨੂੰ ਆ ਗਈ। ਸੁਖਦੀਪ ਬਰਾੜ ਨੇ ਤਕਸੀਮ ਦੇ ਇਸ ਆਖਰੀ ਫੈਸਲੇ ਬਾਰੇ ਕਿਸਾਨ ਸ਼ੇਰਬਾਜ਼ ਦੇ ਘਰ ਆ ਕੇ ਜਾਣਕਾਰੀ ਵੀ ਦੇ ਦਿੱਤੀ। ਇਸਦਾ ਪਤਾ ਅੰਮ੍ਰਿਤਾ ਬਰਾੜ ਨੂੰ ਵੀ ਲੱਗ ਗਿਆ। ਬੱਸ ਕਿਸਾਨ ਸ਼ੇਰਬਾਜ਼ ਦਾ ਇਹੀ ਕਸੂਰ ਹੈ ਕਿ ਉਸ ਨੇ ਅੰਮ੍ਰਿਤਾ ਬਰਾੜ ਦੀ ਵਿਰੋਧੀ ਉਸਦੀ ਭਰਜਾਈ ਨੂੰ ਆਪਣੇ ਘਰ ਆਉਣ ਦੀ ਇਜਾਜ਼ਤ ਕਿਉਂ ਦਿੱਤੀ? ਇਸੇ ਕਸੂਰ ਦੀ ਸਜ਼ਾ ਦੇਣ ਲਈ ਹੀ ਉਸ ਦੇ ਗੰਨੇ ਦੀ ਲੱਖਾਂ ਰੁਪਏ ਦੀ ਫਸਲ ਉਸ ਤੋਂ ਖੋਹੀ ਜਾ ਰਹੀ ਹੈ ਅਤੇ ਲੋਕਾਂ ਨੂੰ ਨਿਆਂ ਦੇਣ ਦੇ ਦਾਅਵੇ ਕਰਨ ਵਾਲਾ ਜ਼ਿਲ੍ਹਾ ਪ੍ਰਸਾਸ਼ਨ, ਪੁਲਸ ਅਤੇ ਸਰਕਾ ਗੂੰਗੀ ਹੋਈ ਬੈਠੀ ਹੈ। ਹੋਰ ਵੀ ਹੈਰਾਨੀਜਨਕ ਗੱਲ ਇਹ ਹੈ ਕਿ ਅੱਜ ਦੀ ਹਾਲਤ ਵਿੱਚ ਸਬੰਧਤ ਗੰਨੇ ਵਾਲੀ ਜ਼ਮੀਨ ਦੀ ਮੈਡਮ ਅੰਮ੍ਰਿਤਾ ਬਰਾੜ ਕੋਲ ਨਾ ਮਾਲਕੀ ਹੈ ਨਾ ਗਿਰਦਾਵਰੀ ਹੈ ਅਤੇ ਨਾ ਉਸਨੇ ਗੰਨੇ ਦੀ ਫਸਲ ਦੀ ਕਾਸ਼ਤ ਕੀਤੀ ਹੈ। ਬੱਸ ਉਸ ਕੋਲ ਸਿਰਫ ਧੱਕੇਸ਼ਾਹੀ ਹੈ। ਉਹ ਤਾਂ ਚੱਲ ਰਹੀ ਹੈ, ਕਿਉਂਕਿ ਉਹ ਇੱਕ ਪੁਲਸ ਅਧਿਕਾਰੀ ਹੈ। ਇਹ ਮੈਡਮ ਅਫਸਰੀ ਦੇ ਨਸ਼ੇ ਵਿੱਚ ਸਿਫਰ ਗਰੀਬ ਕਾਸ਼ਤਕਾਰ ਕਿਸਾਨ ਨਾਲ ਹੀ ਧੱਕੇਸ਼ਾਹੀ ਨਹੀਂ ਕਰ ਰਹੀ, ਸਗੋਂ ਆਪਣੇ ਭਤੀਜੇ, ਭਤੀਜੀ ਅਤੇ ਭਰਜਾਈ ਦੀ 60 ਏਕੜ ਜ਼ਮੀਨ ਵੀ 30 ਸਾਲਾਂ ਤੋਂ ਦੱਬੀਂ ਬੈਠੀ ਹੈ ਅਤੇ ਉਹਨਾਂ ਨੂੰ ਕਬਜ਼ਾ ਨਹੀਂ ਲੈਣ ਦੇ ਰਹੀ।
ਜਦ ਪੀੜਤ ਕਿਸਾਨ ਸ਼ੇਰਬਾਜ਼ ਦੀ ਕਿਤੇ ਸੁਣਵਾਈ ਨਾ ਹੋਈ ਤਾਂ ਉਸਨੇ 5 ਅਕਤੂਬਰ ਨੂੰ ਮੋਗੇ ਸਾਂਝੀ ਕਿਸਾਨ ਰੈਲੀ ਵਿੱਚ ਜਾ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਕੋਲ ਆਪਣਾ ਦੁੱਖ ਦੱਸਿਆ। ਫਾਜ਼ਿਲਕਾ ਜ਼ਿਲ੍ਹੇ ਵਿੱਚ ਕੰਮ ਕਰਦੀਆਂ ਦੋ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪੜਤਾਲ ਕਰਨ ਉਪਰੰਤ ਸਾਂਝੇ ਤੌਰ 'ਤੇ ਇਹ ਮਸਲਾ ਆਪਣੇ ਹੱਥ ਲੈ ਲਿਆ। ਦੋਹਾਂ ਜਥੇਬੰਦੀਆਂ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਸਮੇਤ ਜ਼ਿਲ੍ਹਾ ਪੁਲਸ ਅਧਿਕਾਰੀਆਂ ਨੂੰ ਲਿਖਤੀ ਮੈਮੋਰੈਂਡਮ ਦੇ ਕੇ, ਕਿਸਾਨ ਨਾਲ ਹੋ ਰਿਹਾ ਧੱਕਾ ਰੋਕਣ ਦੀ ਮੰਗ ਕੀਤੀ  ਅਤੇ ਇਸ ਧੱਕੇਸਾਹੀ ਖਿਲਾਫ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ। ਸੰਘਰਸ਼ ਅਜੇ ਜਾਰੀ ਹੈ। ਇਸੇ ਦੌਰਾਨ, ਮੈਡਮ ਅੰਮ੍ਰਿਤਾ ਬਰਾੜ ਨੇ ਆਪਣੀ ਸੱਤਾ ਦੇ ਨਸ਼ੇ ਦੇ ਹੰਕਾਰ ਵਿੱਚ 24 ਨਵੰਬਰ ਨੂੰ ਇੱਕ ਝੂਠੀ ਸ਼ਿਕਾਇਤ ਦੇ ਆਧਾਰ ਉੱਤੇ ਕਿਸਾਨ ਸ਼ੇਰਬਾਜ਼ ਦੇ ਲੜਕੇ ਉੱਪਰ ਝੂਠਾ ਪਰਚਾ ਦਰਜ ਕਰਵਾ ਕੇ ਉਸ ਦਾ ਟਰੈਕਟਰ ਵੀ ਥਾਣੇ ਬੰਦ ਕਰਵਾ ਦਿੱਤਾ ਤਾਂ ਕਿ ਉਸ ਉੱਤੇ ਹੋਰ ਦਬਾਅ ਪਾ ਕੇ ਉਸਨੂੰ ਈਨ ਮੰਨਣ ਲਈ ਮਜਬੂਰ ਕੀਤਾ ਜਾ ਸਕੇ।
ਗੱਲ ਸਹੇ ਦੀ ਨਹੀਂ ਪਹੇ ਦੀ ਹੈ— ਭਰਾਵੋ, ਗੱਲ ਸਿਰਫ ਇੱਕ ਕਿਸਾਨ ਸ਼ੇਰਬਾਜ਼ ਤੱਕ ਸੀਮਤ ਨਹੀਂ ਹੈ, ਜੇ ਆਪਾਂ ਇਕੱਠੇ ਹੋ ਕੇ ਇਸ ਧੱਕੇਸ਼ਾਹੀ ਨੂੰ ਠੱਲ੍ਹ ਨਾ ਪਾਈ ਅਤੇ ਕਿਸਾਨ ਦੀ ਫਸਲ ਖੋਹੇ ਜਾਣ ਤੋਂ ਰੋਕ ਕੇ ਉਸ ਨੂੰ ਇਨਸਾਫ ਨਾ ਦਿਵਾਇਆ ਤਾਂ ਕੱਲ੍ਹ ਨੂੰ ਇਸੇ ਕਿਸਮ ਦੀ ਧੱਕੇਸ਼ਾਹੀ ਹੋਰਨਾਂ ਲੋਕਾਂ ਨਾਲ ਵੀ ਹੋਣੀ ਹੈ, ਕਿਉਂਕਿ ਇਸ ਰਾਜ ਵਿੱਚ ਜਰਵਾਣਿਆਂ ਅਤੇ ਜ਼ੋਰਾਵਰਾਂ ਦੀ ਚੱਲਦੀ ਹੈ। ..ਸੋ ਹਨੇਰਗਰਦੀ ਵਾਲੇ ਅਜਿਹੇ ਰਾਜ ਵਿੱਚ ਆਮ ਆਦਮੀ ਦੀ ਕੋਈ ਸਣਵਾਈ ਨਹੀਂ. ਥਾਂ ਥਾਂ ਧੱਕੇ ਖਾਣੇ ਅਤੇ ਜ਼ਲੀਲ ਹੋਣਾ ਪੈਂਦਾ ਹੈ। ਆਮ ਲੋਕਾਂ ਵਾਂਗ ਕਿਸਾਨਾਂ, ਮਜ਼ਦੂਰ ਜਾਂ ਛੋਟੇ ਕਾਰੋਬਾਰੀ ਲੋਕਾਂ ਨੂੰ ਇਨਸਾਫ ਇਕੱਠੇ ਹੋ ਕੇ ਜਥੇਬੰਦੀ ਰਾਹੀਂ ਸੰਘਰਸ਼ ਕਰਨ ਨਾਲ ਹੀ ਮਿਲ ਸਕਦਾ ਹੈ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪੀੜਤ ਕਿਸਾਨ ਦੇ ਗੰਨੇ ਦੀ ਫਸਲ ਦੀ ਰਾਖੀ ਖਾਤਰ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। 29 ਨਵੰਬਰ ਨੂੰ ਜਬਰਦਸਤੀ ਗੰਨਾ ਕੱਟਣ ਆਏ ਬੰਦਿਆਂ ਨੂੰ ਜਥੇਬੰਦੀ ਦੇ ਆਗੂਆਂ ਨੇ ਮੂਹਰੇ ਲੱਗ ਕੇ ਰੋਕਿਆ ਹੈ, ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਦੁਬਾਰਾ ਮਾਮਲਾ ਧਿਆਨ ਵਿੱਚ ਲਿਆ ਕੇ ਪ੍ਰਸਾਸ਼ਨ ਨੂੰ ਦਖਲ ਦੇਣ ਲਈ ਕਿਹਾ ਹੈ। ਪ੍ਰਸਾਸ਼ਨ ਨੇ ਵੀ ਮਾਮਲੇ ਨੂੰ ਨਿਬੇੜਨ ਖਾਤਰ ਤਿੰਨ ਦਿਨ ਦਾ ਟਾਈਮ ਲਿਆ ਸੀ।
ਸੋ ਸਾਰੇ ਇਨਸਾਫਪਸੰਦ ਲੋਕਾਂ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਅਪੀਲ ਹੈ ਕਿ ਕਿਸਾਨ ਸ਼ੇਰਬਾਜ਼ ਦੇ ਗੰਨੇ ਦੀ ਰਾਖੀ ਖਾਤਰ ਅਤੇ ਉਸਦੇ ਲੜਕੇ ਉੱਪਰ ਬਣਾਇਆ ਝੂਠਾ ਕੇਸ ਰੱਦ ਕਰਵਾਉਣ ਖਾਤਰ ਅਤੇ ਥਾਣੇ ਵਿੱਚ ਫੜ ਕੇ ਰੱਖਿਆ ਟਰੈਕਟਰ ਛੁਡਵਾਉਣ ਖਾਤਰ ਚੱਲ ਰਹੇ ਘੋਲ ਵਿੱਚ, ਹਰ ਤਰ੍ਹਾਂ ਨਾਲ ਯੋਗਦਾਨ ਪਾ ਕੇ ਇਸ ਹੱਕੀ ਘੋਲ ਨੂੰ ਸਫਲ ਬਣਾਓ।   —ਭਰਪੂਰ ਹੁੰਗਾਰੇ ਦੀ ਆਸ ਨਾਲ-
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ)
ਜ਼ਿਲ੍ਹਾ ਫਾਜ਼ਿਲਕਾ

No comments:

Post a Comment