Wednesday, 28 December 2016

ਮੋਗਾ ਵਿੱਚ ਹਕੂਮਤੀ ਜਬਰ ਵਿਰੁੱਧ ਸ਼ਾਨਦਾਰ ਕਾਨਫਰੰਸ ਅਤੇ ਮੁਜਾਹਰਾ

ਮੋਗਾ ਵਿੱਚ ਹਕੂਮਤੀ ਜਬਰ ਵਿਰੁੱਧ ਸ਼ਾਨਦਾਰ ਕਾਨਫਰੰਸ ਅਤੇ ਮੁਜਾਹਰਾ
ਮੋਗਾ ਦੀ ਧਰਤੀ 'ਤੇ 5 ਦਸੰਬਰ ਨੂੰ ਪੰਜਾਬ ਭਰ 'ਚੋਂ ਪੁੱਜੇ ਲੋਕਾਂ ਨੇ ਭਾਰਤੀ ਹਕੂਮਤ ਦੇ ਖੂਨੀ ਤੇ ਕਾਤਲ ਕਦਮਾਂ ਵਿਰੁੱਧ ਜ਼ੋਰਦਾਰ ਮੁਜਾਹਰਾ ਕੀਤਾ। ਮੁਜਾਹਰੇ ਤੋਂ ਪਹਿਲਾਂ ਨਹਿਰੂ ਪਾਰਕ ਵਿੱਚ ਹਜ਼ਾਰਾਂ ਲੋਕ ਇਕੱਤਰ ਹੋਏ ਅਤੇ ਰੋਹ ਭਰਪੁਰ ਕਾਨਫਰੰਸ ਕੀਤੀ। ਇਸ ਕਾਨਫਰੰਸ ਤੇ ਮੁਜਾਹਰੇ ਦਾ ਸੱਦਾ ਹਕੂਮਤੀ ਜਬਰ ਵਿਰੋਧੀ ਕਮੇਟੀ ਪੰਜਾਬ ਨੇ ਦਿੱਤਾ ਸੀ। ਪ੍ਰਮੁੱਖ ਇਨਕਲਾਬੀ ਜਮਹੂਰੀ ਕਾਰਕੁੰਨਾਂ 'ਤੇ ਆਧਾਰਤ ਇਸ ਦਸ ਮੈਂਬਰੀ ਕਮੇਟੀ ਨੇ ਮਲਕਾਨਗਿਰੀ ਵਿਚ ਮਾਓਵਾਦੀ ਆਗੂਆਂ, ਕਾਰਕੁੰਨਾਂ ਅਤੇ ਲੋਕਾਂ ਦੇ ਕਤਲੇਆਮ ਅਤੇ ਫਿਰ ਭੋਪਾਲ ਵਿੱਚ 8 ਸਿਮੀ ਕਾਰਕੁੰਨਾਂ ਨੂੰ ਜੇਲ੍ਹ 'ਚੋਂ ਕੱਢ ਕੇ ਦਿਨ-ਦਿਹਾੜੇ ਲੋਕਾਂ ਦੀ ਹਾਜ਼ਰੀ ਵਿੱਚ ਕਤਲ ਕਰਨ ਵਿਰੁੱਧ ਅਤੇ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਦੀ ਵਜਾਹਤ ਕਰਦਾ ਹੱਥ ਪਰਚਾ ਹਜ਼ਾਰਾਂ ਦੀ ਗਿਣਤੀ ਵਿੱਚ ਜਾਰੀ ਕਰਕੇ ਲੋਕਾਂ ਨੂੰ ਭਾਰਤੀ ਹਕੂਮਤ ਦੇ ਖੂਨੀ ਇਰਾਦਿਆਂ ਵਿਰੁੱਧ ਡਟਣ ਦਾ ਸੱਦਾ ਦਿੱਤਾ। ਇੱਥੇ ਜੁੜੇ ਇਕੱਠ ਨੂੰ ਕਾਮਰੇਡ ਦਰਸ਼ਨ ਖਟਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਸ ਅਤੇ ਹੋਰ ਸੁਰੱਖਿਆ ਦਸਤਿਆਂ, ਜਿਹਨਾਂ ਨੇ ਝੂਠੇ ਪੁਲਸ ਮੁਕਾਬਲਿਆਂ ਵਿੱਚ ਕਸ਼ਮੀਰ ਤੋਂ ਲੈ ਕੇ ਕੇਰਲਾ ਤੱਕ ਅਲੱਗ ਅਲੱਗ ਜਥੇਬੰਦੀਆਂ ਦੇ ਕਾਰਕੁੰਨਾਂ ਦੇ ਕਤਲ ਕੀਤੇ ਹਨ, ਉਹ ਇਤਿਹਾਸ ਦੇ ਕੂੜੇਦਾਨ ਦਾ ਸ਼ਿਕਾਰ ਬਣਨਗੇ ਅਤੇ ਲੜ ਰਹੇ ਤੇ ਮਰ ਰਹੇ ਲੋਕ ਇਤਿਹਾਸ ਵਿੱਚ ਸਨਮਾਨਯੋਗ ਥਾਵਾਂ ਮੱਲਣਗੇ। ਉਨ੍ਹਾਂ ਮਲਕਾਨਗਿਰੀ ਵਿੱਚ ਸ਼ਹੀਦ ਹੋਏ ਮਾਓਵਾਦੀ ਆਗੂਆਂ ਅਤੇ ਕਾਰਕੁੰਨਾਂ ਸਮੇਤ ਲੋਕਾਂ ਨੂੰ ਅੱਜ ਦੇ ਮੁਕਤੇ ਕਰਾਰ ਦਿੱਤਾ। ਉਹਨਾਂ ਭਾਰਤ ਦੀ ਜਾਬਰ ਹਕੂਮਤ ਦੇ ਮਨਸ਼ਿਆਂ ਖਿਲਾਫ ਲੋਕਾਂ ਨੂੰ ਉੱਠ ਖੜ੍ਹੇ ਹੋਣ ਦਾ ਸੱਦਾ ਦਿੱਤਾ। ਐਡਵੋਕੇਟ ਐਨ.ਕੇ. ਜੀਤ ਨੇ ਜੰਗਲੀ ਇਲਾਕਿਆਂ ਵਿੱਚ ਆਪਣੇ ਦੌਰਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮਾਓਵਾਦੀ ਗੁਰੀਲੇ ਲੋਕਾਂ ਦੀ ਜਾਨ-ਮਾਲ, ਸਿਹਤ ਸੁਰੱਖਿਆ ਦੀ ਗਾਰੰਟੀ ਬਣੇ ਹੋਏ ਹਨ, ਉਹ ਲੋਕਾਂ ਵਿੱਚ ਔਰਤਾਂ ਦੀ ਇੱਜਤ ਦੇ ਰਾਖਿਆਂ ਦੇ ਤੌਰ 'ਤੇ ਸਥਾਪਤ ਹਨ। ਉਹਨਾਂ ਨੇ ਲੋਕਾਂ ਨੂੰ ਖੇਤੀਬਾੜੀ ਕਰਨ, ਸਿੰਚਾਈ ਸਾਧਨ ਖੁਦ ਵਿਕਸਤ ਕਰਨ ਅਤੇ ਨਿੱਤ ਰੋਜ਼ ਦੀਆਂ ਮੁਸ਼ਕਲਾਂ  'ਤੇ ਲੋਕਾਂ ਨੂੰ ਜਥੇਬੰਦ ਕਰਕੇ ਹੱਲ ਕੱਢਣ ਵਿੱਚ ਅਗਵਾਈ ਪ੍ਰਦਾਨ ਕੀਤੀ ਹੈ। ਇਹੀ ਕਾਰਨ ਹੈ ਕਿ ਔਰਤਾਂ ਹਕੂਮਤ ਖਿਲਾਫ ਲੜਦਿਆਂ ਮਰਨ ਨੂੰ ਬੇਇੱਜਤ ਹੋ ਕੇ ਜਿਉਣ ਨਾਲੋਂ ਤਰਜੀਹ ਦੇ ਰਹੀਆਂ ਹਨ। ਉਹਨਾਂ ਪੰਜਾਬ ਦੇ ਅੱਖਾਂ ਦੇ ਡਾਕਟਰਾਂ ਨੂੰ ਕਸ਼ਮੀਰ ਹਕੂਮਤ ਵੱਲੋਂ ਪੈਲਟ ਗੰਨਾਂ ਨਾਲ ਅੰਨ੍ਹੇ ਕੀਤੇ ਲੋਕਾਂ ਦੇ ਇਲਾਜ ਲਈ ਲਾਮਬੰਦ ਕਰਨ ਦਾ ਸੱਦਾ ਦਿੱਤਾ। ਕਾਮਰੇਡ ਕੰਵਲਜੀਤ ਖੰਨਾ ਨੇ ਨੋਟਬੰਦੀ ਰਾਹੀਂ ਹਮਲੇ ਤੋਂ ਲੈ ਕੇ ਬੰਦੂਕ ਰਾਹੀਂ ਕੀਤੇ ਜਾ ਰਹੇ ਹਮਲਿਆਂ ਨੂੰ ਪਛਾੜਨ ਦਾ ਸੱਦਾ ਦਿੱਤਾ। ਮਾਸਟਰ ਲਾਲ ਸਿੰਘ ਗੋਲੇਵਾਲਾ ਨੇ ਵੀ ਲੋਕਾਂ ਨੂੰ ਹਕੂਮਤੀ ਹਮਲਿਆਂ ਵਿਰੱਧ ਡਟਣ ਦਾ ਸੱਦਾ ਦਿੱਤਾ। ਅੰਤ ਵਿੱਚ ਕਾਮਰੇਡ ਸੁਖਵਿੰਦਰ ਕੌਰ ਨੇ ਕਸ਼ਮੀਰ ਅਤੇ ਬਸਤਰ ਵਿੱਚ ਲੋਕਾਂ ਦੇ ਸੰਘਰਸ਼ ਬਾਰੇ ਬੋਲਦਿਆਂ ਕਿਹਾ ਕਿ ਦੋਹਾਂ ਥਾਵਾਂ ਦੀਆਂ ਔਰਤਾਂ ਲਾ-ਮਿਸਾਲ ਦਲੇਰੀ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਉਹਨਾਂ ਨੇ ਹਕੂਮਤ ਵੱਲੋਂ ਬਲਾਤਕਾਰਾਂ ਨੂੰ ਇੱਕ ਹਥਿਆਰ ਵਜੋਂ ਵਰਤ ਕੇ ਲੋਕਾਂ ਨੂੰ ਖਾਸ ਕਰਕੇ ਔਰਤਾਂ ਦੇ ਮਨੋਬਲ ਨੂੰ ਕੁਚਲਣ ਦੀ ਚਾਲ ਨੂੰ ਮਾਤ ਦੇ ਦਿੱਤੀ ਹੈ। ਹੁਣ ਹਕੂਮਤੀ ਧਾੜਾਂ ਵੱਲੋਂ ਬਲਾਤਕਾਰ ਦੀਆਂ  ਸ਼ਿਕਾਰ ਬਣਾਈਆਂ ਔਰਤਾਂ ਸ਼ਰਮ ਨਾਲ ਮੂੰਹ ਲੁਕੋਣ ਦੀ ਬਜਾਇ ਆਪਣੀ ਜਾਨ ਜੋਖਮ ਵਿੱਚ ਪਾ ਕੇ ਸੁਪਰੀਮ ਕੋਰਟ ਤੱਕ ਵੀ ਜਾ ਰਹੀਆਂ ਹਨ। ਉਹਨਾਂ ਮਲਕਾਨਗਿਰੀ ਤੇ ਭੋਪਾਲ ਤੋਂ ਅਗਾਂਹ ਕੇਰਲਾ ਵਿੱਚ ਦੋ ਸੀਨੀਅਰ ਮਾਓਵਾਦੀ ਆਗੂਆਂ ਕਾਮਰੇਡ ਰੱਪੂ ਦੇਵਰਾਜ ਪੋਲਿਟ ਬਿਓਰੋ ਮੈਂਬਰ ਸੀ.ਪੀ.ਆਈ.(ਮਾਓਵਾਦੀ) ਅਤੇ ਕਾਮ ਅਜੀਥਾ ਸੂਬਾ ਕਮੇਟੀ ਮੈਂਬਰ ਨੂੰ ਝੂਠੇ ਪੁਲਸ ਮੁਕਾਬਲੇ ਵਿੱਚ ਮਾਰ ਸੁੱਟਣ ਬਾਰੇ ਦੱਸਦਿਆਂ ਇਨਕਲਾਬ ਲੀ ਸ਼ਹਾਦਤਾਂ ਪਾ ਰਹੇ ਬਹੁਤ ਹੀ ਕਾਬਲ ਆਗੂਆਂ ਦੇ ਕਤਲਾਂ ਦੇ ਵਿਰੋਧ ਵਿੱਚ ਲੋਕਾਂ ਨੂੰ ਉੱਠਣ ਦਾ ਸੱਦਾ ਦਿੱਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਕਾਮਰੇਡ ਬਲਵੰਤ ਮੱਖੂ ਨੇ ਬਾ-ਖੂਬੀ ਨਿਭਾਈ। ਕਾਨਫਰੰਸ ਉਪਰੰਤ ਜਬਰ ਵਿਰੋਧੀ ਕਮੇਟੀ ਦੀ ਅਗਵਾਈ ਵਿੱਚ ਮੋਗੇ ਦੇ ਬਜ਼ਾਰਾਂ ਵਿੱਚ ਰੋਹ ਭਰਪੂਰ ਮੁਜਾਹਰਾ ਕੀਤਾ ਗਿਆ। ਪ੍ਰੋਗਰਾਮ ਵਿੱਚ ਲੱਗੀਆਂ ਸਟਾਲਾਂ ਤੋਂ ਲੋਕਾਂ ਨੇ ਵੱਡੀ ਗਿਣਤੀ ਵਿੱਚ  ਇਨਕਲਾਬੀ ਸਾਹਿਤ ਖਰੀਦਿਆ। ਇਹ ਸਰਗਰਮੀ ਅਗਾਂਹ ਲਗਾਤਾਰਤਾ ਦੀ ਮੰਗ ਕਰਦੀ ਹੈ।

No comments:

Post a Comment