Wednesday, 28 December 2016

ਬਾਦਲਾਂ ਦੇ ਲਫਾਫੇ 'ਚੋਂ ਨਿਕਲਦੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ

ਬਾਦਲਾਂ ਦੇ ਲਫਾਫੇ 'ਚੋਂ ਨਿਕਲਦੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ
-ਬਲਵਿੰਦਰ ਸਿੰਘ ਮੰਗੂਵਾਲ
ਸਿੱਖਾਂ ਦੀ ਮਿੰਨੀ ਸੰਸਦ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਪਲੇਠੀ ਮੀਟਿੰਗ ਜਾਣੀ ਅਜਲਾਸ ਵਿੱਚ ਮੁੱਖ ਅਹੁਦੇਦਾਰੀਆਂ ਅਤੇ 11 ਮੈਂਬਰੀ ਅੰਤ੍ਰਿੰਗ ਕਮੇਟੀ ਦੀ ਚੋਣ 5 ਨਵੰਬਰ ਨੂੰ ਹੋਈ ਹੈ। ਇਹ ਚੋਣ 18 ਸਤੰਬਰ 2011 ਵਿੱਚ ਵਿਵਾਦ ਹੋਣ ਕਰਕੇ ਰੁਕੀ ਹੋਈ ਸੀ। ਵਿਵਾਦ ਇਹ ਸੀ ਕਿ ਸਹਿਜਧਾਰੀ ਸਿੱਖਾਂ (ਯਾਨੀ ਕੇਸ ਕਟਵਾ ਚੁੱਕੇ) ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ। ਪਰ ਜਿਵੇਂ ਕਿ ਆਮ ਹੀ ਚੋਣਾਂ ਵਿੱਚ (ਪੰਚਾਇਤੀ, ਵਿਧਾਨ ਸਭਾਈ, ਲੋਕ ਸਭਾ) ਵਿੱਚ ਹੁੰਦਾ ਹੈ ਕਿ ਜਾਅਲੀ ਵੋਟਾਂ, ਮਰ ਚੁੱਕੇ ਵਿਅਕਤੀਆਂ ਦੀਆਂ ਅਤੇ ਨਕਲੀ ਵੋਟਾਂ ਭੁਗਤਾਈਆਂ ਜਾਂਦੀਆਂ ਸਨ, ਇੱਥੇ ਸਹਿਜਧਾਰੀ ਸਿੱਖਾਂ ਦੀਆਂ ਵੋਟਾਂ ਭੁਗਤਾਈਆਂ ਜਾਂਦੀਆਂ ਹਨ। 18 ਸਤੰਬਰ 2011 ਨੂੰ ਹੋਈਆਂ ਚੋਣਾਂ ਵਿੱਚ 62.74 ਫੀਸਦੀ ਵੋਟਾਂ ਪਈਆਂ ਸਨ। ਪਰ ਸਹਿਜਧਾਰੀ ਸਿੱਖਾਂ ਵੱਲੋਂ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਵਿੱਚ ਆਪਣਾ ਯੋਗਦਾਨ ਪਾਇਆ ਜਾ ਚੁੱਕਾ ਸੀ।
ਇਸ ਯੋਗਦਾਨ ਸਦਕਾ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਸਮਾਜ ਨੇ 170 ਸੀਟਾਂ ਵਿੱਚੋਂ 157 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਸੀ। ਦਸੰਬਰ 2011 ਵਿੱਚ 15 ਮੈਂਬਰ ਨਾਮਜਦ ਕੀਤੇ ਜਾ ਚੁੱਕੇ ਸਨ। ਅਹੁਦੇਦਾਰਾਂ ਦੀ ਚੋਣ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੀਤੀ ਕਾਰਵਾਈ ਕਾਰਨ ਇਸ ਸਦਨ ਦੀ ਅਗਲੀ ਕਾਰਵਾਈ 'ਤੇ ਰੋਕ ਲੱਗ ਗਈ। ਮਗਰੋਂ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਚਲਾ ਗਿਆ ਅਤੇ ਇਸ 'ਤੇ 15 ਸਤੰਬਰ 2016 ਨੂੰ ਸੁਪਰੀਮ ਕੋਰਟ ਨੇ 18 ਸਤੰਬਰ 2011 ਵਿੱਚ ਹੋਈਆਂ ਚੋਣਾਂ ਨੂੰ ਠੀਕ ਹੋਣ ਦਾ ਸਰਟੀਫਿਕੇਟ ਦੇ ਕੇ ਅਗਲੀ ਕਾਰਵਾਈ ਕਰਨ ਦਾ ਰਾਹ ਮੋਕਲਾ ਕਰ ਦਿੱਤਾ।
4 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਭਨਾਂ ਮੈਂਬਰਾਂ ਨੂੰ ਸੱਦ ਲਿਆ ਤੇ ਹਾਕਮ ਧਿਰ ਦਾ ਲਿਫਾਫਾ ਲਿਆ ਕੇ ਚੋਣਵੇਂ ਬੰਦਿਆਂ ਦੇ ਹੱਥਾਂ ਵਿੱਚ ਦੇ ਦਿੱਤਾ ਕਿ ਇਸ ਨੂੰ ਕੱਲ੍ਹ ਵਾਲੇ ਇਜਲਾਸ ਵਿੱਚ ਹੀ ਖੋਲ੍ਹਣਾ ਹੈ। ਇਹ ਇਸ ਤਰ੍ਹਾਂ ਪਹਿਲੀ ਵਾਰ ਨਹੀਂ ਹੋਇਆ। ਇਹ ਇਸ ਸੰਸਥਾ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਵੀ ਹੁੰਦਾ ਰਿਹਾ ਹੈ। ਪਹਿਲਾਂ ਪਹਿਲ ਇਸ ਰਿਵਾਜ ਨੂੰ ਅੰਗਰੇਜ਼ੀ ਰਾਜ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮੁੱਖ ਪ੍ਰਬੰਧਕ ਸਰਬਰਾਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਰਾਹੀਂ ਨਿਯੁਕਤ ਕਰਵਾ ਕੇ ਆਰੰਭ ਕੀਤਾ ਸੀ। ਗੁਰਦੁਆਰਾ ਪ੍ਰਬੰਧ ਦੀ ਸਿੱਖੀ ਅਸੂਲਾਂ ਵਿਰੁੱਧ ਵਰਤੋਂ ਕਰਕੇ ਸ਼ਰਧਾਲੂ ਸਿੱਖ, ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਤੇ ਕਮੇਟੀ ਨਾਲੋਂ ਟੁੱਟਣੇ ਸ਼ੁਰੂ ਹੋ ਗਏ। ਅੰਗਰੇਜ਼ਾਂ ਵੱਲੋਂ ਹੀ ਗੁਰਦੁਆਰਿਆਂ ਦੇ ਧਾਰਮਿਕ ਮੁਖੀ ਮਹੰਤ, ਪੁਜਾਰੀ ਥਾਪਣ ਦੀ ਪਿਰਤ ਪਾਈ ਗਈ। ਜਿਸ ਨਾਲ ਗੁਰਦੁਆਰੇ ਇਹਨਾਂ ਮੁਖੀਆਂ ਦੇ ਐਸ਼ੋਆਰਾਮ ਦੇ ਅੱਡੇ ਬਣ ਗਏ।
ਸੱਚੇ ਸਿੱਖ ਸ਼ਰਧਾਲੂਆਂ ਨੇ ਗੈਰ-ਇਖਲਾਕੀ ਕੁਕਰਮਾਂ ਦੇ ਵਿਰੁੱਧ ਆਪਣੀ ਤਾਕਤ ਨੂੰ ਜਥੇਬੰਦ ਸ਼ਕਤੀ ਦੇ ਰੂਪ ਵਿੱਚ ਇਕੱਤਰ ਕਰਨ ਲਈ ਹੰਭਲੇ ਜੁਟਾਏ, ਜਿਸ ਦੇ ਸਿੱਟੇ ਵਜੋਂ ਸਿੱਖ ਜਨਤਾ ਦੀਆਂ ਜਥੇਬੰਦੀਆਂ ਹੋਂਦ ਵਿੱਚ ਆਈਆਂ, ਜਿਹਨਾਂ ਨੇ ਕੁਕਰਮਾਂ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਗਿਆ। ਮਹੰਤਾਂ ਪੁਜਾਰੀਆਂ ਦੇ ਸਮੇਂ ਦਲਿਤਾਂ— ਅਖੌਤੀ ਨੀਵੀ ਜਾਤ ਦੇ ਲੋਕਾਂ ਨੂੰ ਗੁਰਦੁਆਰਿਆਂ ਵਿੱਚ ਆਉਣs sਦੀ ਮਨਾਹੀ ਸੀ। ਇਸ ਤਰ੍ਹਾਂ ਦੀ ਮਨਾਹੀ ਅਤੇ ਕੁਪ੍ਰਬੰਧ ਖਤਮ ਕਰਵਾਉਣ ਦੀ ਜੱਦੋਜਹਿਦ ਉਪਰੰਤ 14 ਸਤੰਬਰ 1920 ਨੂੰ ਸਿੱਖਾਂ ਦਾ ਪ੍ਰਤੀਨਿੱਧ ਇਕੱਠ ਬੁਲਾਇਆ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਥਾਪਤ ਹੋਈ।
ਇਸ ਸੰਸਥਾ ਦੀ ਸਥਾਪਨਾ ਹੋਣ ਨਾਲ ਹੀ ਵਿਤਕਰੇ ਖਤਮ ਨਹੀਂ ਹੋਏ। ਇਹ ਸੰਘਰਸ਼ ਅੱਗੇ ਵੀ ਕਈ ਕੁਰਬਾਨੀਆਂ ਲੈਂਦਾ ਹੋਇਆ ਅੱਗੇ ਵਧਦਾ ਰਿਹਾ। ਕਿਉਂਕਿ ਮਹੰਤਾਂ ਪੁਜਾਰੀਆਂ ਦਾ ਦਾਲ-ਮੰਡਾ ਖੁੱਸ ਰਿਹਾ ਸੀ। 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਗਿਆ, ਜਿਸ ਵਿੱਚ ਮਹੰਤ ਨਰੈਣ ਦਾਸ ਦੇ ਗੁੰਡਿਆਂ ਦੀਆਂ ਗੋਲੀਆਂ, ਗੰਡਾਸਿਆਂ, ਛਵੀਆਂ ਅਤੇ ਡਾਂਗਾਂ ਦੇ ਸ਼ਿਕਾਰ ਹੋਏ ਸ਼ਰਧਾਲੂਆਂ 'ਚੋਂ ਦਰਜ਼ਨਾਂ ਸਿੱਖਾਂ ਦੀ ਮੌਤ ਹੋ ਗਈ। ਕੁੱਝ ਸਿੱਖਾਂ ਨੂੰ ਦਰਖਤਾਂ ਨਾਲ ਬੰਨ੍ਹ ਕੇ ਜਿਉਂਦਿਆਂ ਸਾੜ ਦਿੱਤਾ ਗਿਆ। ਸਿੱਖ ਸ਼ਰਧਾਲੂਆਂ ਨੇ ਗੁਰਦੁਆਰਾ ਪ੍ਰਬੰਧਕ ਸੁਧਾਰ ਲਹਿਰ ਸਮੇਂ ਅੰਗਰੇਜ਼ ਸਾਮਰਾਜ ਤੇ ਭ੍ਰਿਸ਼ਟ ਗਰੋਹਾਂ ਪੁਜਾਰੀਆਂ ਵਿਰੁੱਧ ਲੰਮੀ ਲੜਾਈ ਵਿੱਚ ਅਨੇਕਾਂ ਕੁਰਬਾਨੀਆਂ ਅਤੇ ਤਸੀਹੇ ਝੱਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦੀ ਮੰਗ ਮੰਨਵਾਈ। ਅੰਗਰੇਜ਼ ਹਕੂਮਤ ਵੱਲੋਂ 1925 ਵਿੱਚ ਆ ਕੇ ਗੋਡੇ ਟੇਕਦਿਆਂ ਸਿੱਖ ਗੁਰਦੁਆਰਾ ਐਕਟ ਬਣਾਇਆ, ਜਿਸ ਤਹਿਤ ਪਹਿਲੀ ਕਮੇਟੀ ਜਮਹੂਰੀ ਢੰਗ ਨਾਲ ਚੁਣੀ ਜਾਣ ਦਾ ਰਾਹ ਪੱਧਰਾ ਹੋਇਆ ਤੇ ਲੋਕਤੰਤਰੀ ਢੰਗ ਨਾਲ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਕਰਨ ਵਾਲੀ ਸ਼੍ਰੋਮਣੀ ਸੰਸਥਾ ਹੋਂਦ 'ਚ ਆਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਬਣ ਗਈ, ਪਰ ਇਸ ਵਿੱਚ ਸਿਆਸੀ ਦਖਲਅੰਦਾਜ਼ੀ ਦਾ ਅਮਲ ਵੀ ਨਾਲ ਹੀ ਸ਼ੁਰੂ ਹੋ ਗਿਆ। 1947 ਤੋਂ ਬਾਅਦ ਤਾਂ ਇਸ ਕਮੇਟੀ ਦੀ ਸਿਆਸੀ ਦੁਰਵਰਤੋਂ ਸਿਖਰਾਂ ਛੂਹ ਗਈ। ਸਿੱਟੇ ਵਜੋਂ ਇਹ ਕਮੇਟੀ ਲੋਕ-ਵਿਰੋਧੀ ਸਿਆਸਤਦਾਨਾਂ ਦੀ ਖੇਡ ਦਾ ਮੁਹਰਾ ਬਣ ਕੇ ਰਹਿ ਗਈ।
ਇਸ ਗੱਲ ਦੀ ਝਲਕ ਇਸ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਮੌਕੇ ਸਾਫ ਦੇਖੀ ਜਾ ਸਕਦੀ ਹੈ। ਅਹੁਦੇਦਾਰੀਆਂ ਕੀਹਨੂੰ ਬਖਸ਼ੀਆਂ ਜਾਣੀਆਂ ਹਨ, ਇਸਦਾ ਫੈਸਲਾ ਕਮੇਟੀ ਮੈਂਬਰਾਂ ਦਾ ਇਜਲਾਸ ਨਹੀਂ ਕਰਦਾ, ਸਗੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਰਦਾ ਹੈ ਅਤੇ ਉਹ ਇਹਨਾਂ ਅਹੁਦੇਦਾਰਾਂ ਦੇ ਨਾਂ ਇੱਕ ਬੰਦ ਲਫਾਫੇ ਰਾਹੀਂ ਭੇਜਦਾ ਹੈ, ਜਿਹੜਾ ਇਸ ਇਜਲਾਸ ਵਿੱਚ ਖੋਲ੍ਹਿਆ ਜਾਂਦਾ ਹੈ। ਇਸ ਵਾਰ ਵੀ ਅਜਿਹਾ ਹੀ ਹੋਇਆ।
ਜਿਸ ਸੰਸਥਾ ਅਤੇ ਉਸਦੀਆਂ ਜਮਹੂਰੀ ਰਵਾਇਤਾਂ ਨੂੰ ਸਿੱਖ ਜਨਤਾ ਵੱਲੋਂ ਭਾਰੀ ਕੁਰਬਾਨੀਆਂ ਦੇ ਕੇ ਸਥਾਪਤ ਕੀਤਾ ਗਿਆ ਸੀ, ਹੁਣ ਅਕਾਲੀ ਦਲ ਵੱਲੋਂ ਇਸ ਸੰਸਥਾ ਅਤੇ ਇਸਦੀਆਂ ਜਮਹੂਰੀ ਸੰਸਥਾਵਾਂ ਨੂੰ ਪੈਰਾਂ ਹੇਠ ਰੋਲਦਿਆਂ, ਲਫਾਫਿਆਂ ਰਾਹੀਂ ਆਪਹੁਦਰੇ ਢੰਗ ਨਾਲ ਅਹੁਦੇਦਾਰੀਆਂ ਬਖਸ਼ੀਆਂ ਜਾ ਰਹੀਆਂ ਹਨ।

No comments:

Post a Comment