Monday, 9 May 2016

ਬੁੱਤ -ਸੁਖਦੇਵ

ਬੁੱਤ
-ਸੁਖਦੇਵ
ਕਿਸੇ ਨੇ ਕਿਹਾ
ਬੁੱਤ ਬੋਲ ਨਹੀਂ ਸਕਦਾ
ਪਰ ਮੈਨੂੰ ਯਕੀਨ ਨਹੀਂ ਸੀ।
ਮੈਂ ਸੋਚਦਾ ਸੀ, ਲੋੜ ਪਈ ਤਾਂ
ਬੁੱਤ ਜ਼ਰੂਰ ਬੋਲੇਗਾ।

ਦਿੱਲੀ ਤੋਂ ਖਬਰ ਸੀ
ਲੜਕੀ ਨੂੰ ਬੱਸ 'ਚ ਬਲਾਤਕਾਰ ਕਰਕੇ
ਗੁੰਡਿਆਂ ਨੇ ਮਾਰ ਦਿੱਤਾ
ਮੋਗਾ ਤੋਂ ਖਬਰ ਸੀ
ਲੜਕੀ ਨਾਲ ਛੇੜਖਾਨੀ ਤੋਂ ਬਾਅਦ
ਬੱਸ ਵਿੱਚੋਂ ਬਾਹਰ ਸੁੱਟ ਦਿੱਤਾ
ਮੁਕਤਸਰ ਤੋਂ ਖਬਰ ਸੀ
ਭੀਮ ਟਾਂਕ ਨੂੰ ਲੱਤਾਂ-ਬਾਹਾਂ ਵੱਢ ਕੇ
ਜਾਨੋਂ ਮਾਰ ਦਿੱਤਾ
ਯੂ.ਪੀ. ਤੋਂ ਖਬਰ ਸੀ
ਬਰਾਤ ਵਾਜੇ ਨਾਲ ਨਹੀਂ ਚੜ•ੇਗੀ
ਠਾਕਰਾਂ ਦਾ ਅਪਮਾਨ ਹੁੰਦਾ ਹੈ। 

ਇੱਕ ਹੋਰ ਖਬਰ
ਜਾਤੀ ਅਪਮਾਨ ਨਾ ਸਹਿੰਦਾ ਹੋਇਆ
ਰੋਹਿਤ ਖੁਦਕੁਸ਼ੀ ਕਰ ਗਿਆ
ਖਬਰ, ਖਬਰ, ਖਬਰ
ਖਬਰਾਂ ਲੱਗਣਾ ਜਾਰੀ...
ਲੋਕ ਹੈਰਾਨ ਸਨ 
ਬੁੱਤ ਕਿਉਂ ਨਹੀਂ ਬੋਲਦਾ
ਉਸ ਕੋਲ ਸਭ ਤੋਂ ਵੱਡੀ ਕਿਤਾਬ ਹੈ
ਜਿਸ ਵਿੱਚ ਸਾਡੇ ਦੁੱਖਾਂ ਦਾ ਦਾਰੂ ਹੈ
ਕਿਸੇ ਨੇ ਫਿਰ ਕਿਹਾ
ਬੁੱਤ ਬੋਲ ਨਹੀਂ ਸਕਦਾ
ਲੋਕ ਚੀਖ਼ ਉੱਠੇ, ਕਿਉਂ ਕਿਉਂ? 
ਬੁੱਤ ਨੇ ਜਿੱਧਰ ਉਂਗਲ ਕੀਤੀ ਹੈ
ਉੱਥੇ ਤੁਸੀਂ ਨਹੀਂ ਵਸਦੇ। 

No comments:

Post a Comment