Monday, 9 May 2016

ਬਸਤਰ ਵਿੱਚ ਭਾਰਤੀ ਰਾਜ ਦਾ ਰਾਖਸ਼ੀ ਚਿਹਰਾ ਬੇਨਕਾਬ

ਬਸਤਰ ਵਿੱਚ ਸਭ ਕਾਇਦੇ-ਕਾਨੂੰਨਾਂ ਨੂੰ ਪੈਰਾਂ ਹੇਠ ਦਰੜ ਰਹੇ ਭਾਰਤੀ ਰਾਜ ਦਾ ਰਾਖਸ਼ੀ ਚਿਹਰਾ ਬੇਨਕਾਬ
ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਨੂੰ ਕੁਚਲਣ ਲਈ ਭਾਰਤੀ ਪਿਛਾਖੜੀ ਰਾਜ ਨੇ ਪਹਿਲਾ ਹੀ ਸਭ ਹੱਦਾਂ ਬੰਨੇ ਪਾਰ ਕੀਤੇ ਹੋਏ ਸਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਇਸ ਨੇ ਆਪਣੇ ਖੂਨੀ ਹੱਲੇ ਨੂੰ ਹੋਰ ਵੀ ਵਧਾ ਕੇ ਲੋਕਾਂ ਦੀ ਜ਼ਿੰਦਗੀ ਦੇ ਹਰ ਖੇਤਰ 'ਚ ਭਿਆਨਕ ਖਲੱਲ ਪਾਉਣ, ਸਭ ਤਰ•ਾਂ ਦੇ ਨਾਗਰਿਕ ਅਧਿਕਾਰ ਖੋਹਣ, ਪ੍ਰੈਸ ਦਾ ਗਲਾ ਘੁੱਟਣ, ਕਾਰਪੋਰੇਟ ਜਗਤ ਦੇ ਮਨਸੂਬੇ ਪੂਰੇ ਕਰਨ, ਸਾਮਰਾਜੀ ਅਤੇ ਆਰ.ਐਸ.ਐਸ ਦੇ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਨ ਹਰ ਤਰ•ਾਂ ਦੇ ਵਿਰੋਧ ਅਤੇ ਅਸਿਹਮਤੀ ਦੀ ਆਵਾਜ਼ ਨੂੰ ਦਫ਼ਨ ਕਰਨ ਦੇ ਨਵੇਂ ਰਿਕਾਰਡ ਕਾਇਮ ਕਰਦਿਆਂ ਆਮ ਲੋਕਾਂ ਤੇ ਆਦਿਵਾਸੀ ਜਨਤਾ 'ਤੇ ਜਬਰ ਦਾ ਭਿਆਨਕ ਤੇ ਵਹਿਸ਼ੀ ਚੱਕਰ ਚਲਾਇਆ ਹੋਇਆ ਹੈ। ਇਸ ਵਲੋਂ ਗੈਰ-ਰਸਮੀ ਤੌਰ 'ਤੇ ਐਲਾਨਿਆ ਮਿਸ਼ਨ 2016 ਚਲਾਇਆ ਜਾ ਰਿਹਾ ਹੈ। ਭਾਰਤੀ ਰਾਜ ਵਲੋਂ ਦਹਾਕਿਆ ਤੋਂ ਨਾਗਲੈਂਡ ਤੋਂ ਲੈ ਕੇ ਕਸ਼ਮੀਰ ਤੱਕ ਲੋਕਾਂ ਨੂੰ ਦਬਾਉਣ ਲਈ ਬੇਕਿਰਕ ਜਬਰ ਦਾ ਰਾਹ ਅਪਣਾਇਆਂ ਹੋਇਆ ਹੈ ਪਰ ਛਤੀਸ਼ਗੜ• 'ਚ ਹਕੂਮਤ ਵੱਲੋਂ ਮਿਸ਼ਨ 2016 ਦੇ ਤਹਿਤ ਅਤਿਆਚਾਰ ਦੇ ਨਵੇਂ ਪੈਮਾਨੇ ਤੇ ਰਿਕਾਰਡ ਕਾਇਮ ਕੀਤੇ ਜਾ ਰਹੇ ਹਨ। ਇਨ•ਾਂ ਆਦੀਵਾਸੀ ਤੇ ਹਾਸ਼ੀਏ 'ਤੇ ਧੱਕੇ ਲੋਕਾਂ ਦੀ ਮਦਦ ਕਰਨਾ ਲੋਚਦੇ ਕਾਰਕੁੰਨਾਂ ਨੂੰ ਵਿਸ਼ੇਸ਼ ਨਿਸ਼ਾਨਾ ਬਣਾਇਆ ਗਿਆ ਹੈ।
ਸਿਆਸੀ ਤੇ ਵਿਚਾਰਧਾਰਕ ਲਕਬਾਂ ਵਿੱਚ ਮਿਸ਼ਨ 2016 ਆਰ.ਐਸ.ਐਸ, ਭਾਜਪਾ ਦੀ ਆਗਵਾਈ ਵਾਲੇ ਸੰਘ ਪਰਿਵਾਰ ਦੇ ਏਜੰਡੇ ਰਾਜ ਸੱਤਾ ਨੂੰ ਹਾਸਲ ਕਰਨ ਤੇ ਪੱਕਾ ਕਬਜਾ ਕਰ ਕੇ ਰੱਖਣ ਤੇ ਹਿੰਦੂਤਵ ਦੇ ਪ੍ਰੋਜੈਕਟ ਨੂੰ ਹੇਠਾਂ ਤੱਕ ਲਾਗੂ ਕਰਨ ਦੇ ਮਨਸ਼ੇ ਨੂੰ ਨਾਲ ਜੋੜ ਕੇ ਚੱਲਦਾ ਹੈ। ਇਨ•ਾਂ ਦੀ ਸਵੈਘੋਸ਼ਿਤ ''ਹਿੰਦੂਤਵ ਪ੍ਰਯੋਗਸ਼ਾਲਾ'' ਨੇ ਰਾਜਸੱਤਾ ਤੇ ਰਾਜ ਕਰਨ ਦੀ ਮੁਹਾਰਤ ਲਈ ਕਈ ਵਿਚਾਰਧਾਰਕ ਤੇ ਸਿਆਸੀ ਰੰਗ ਬਦਲੇ ਹਨ। 2002 ਵਿੱਚ  ਇਸਨੇ ਗੁਜਰਾਤ ਵਿੱਚ ਮੁਸਲਿਮ ਘੱਟ ਗਿਣਤੀ ਭਾਈਚਾਰੇ ਲਈ ਅੱਡ ਹਮਲਾਵਰ ਦਾਅ ਪੇਚ ਵਰਤਿਆ ਜਿਸ ਦਾ ਸਿੱਟਾ ਉਨ•ਾਂ ਦੇ ਵਹਿਸ਼ੀ ਕਤਲੇਆਮ ਵਿੱਚ ਨਿਕਲਿਆ। ਉੜੀਸਾ 'ਚ ਇਸਨੇ ਇਸਾਈਆਂ 'ਤੇ ਵਿਆਪਕ ਹਮਲਿਆ ਦਾ ਰੂਪ ਅਖਤਿਆਰ ਕੀਤਾ। 2002 'ਚ ਇਸਦੀ ਇਸ ਪ੍ਰਯੋਗਸ਼ਾਲਾ ਦੀ ਪੈਦਾਵਾਰ ਨਵਉਦਾਰ ਹਿੰਦੂਤਵ ਸੀ ਜਿਸ ਨੇ ਹਿੰਦੂਤਵੀ ਫਿਰਕੂਵਾਦ ਦੇ ਨਾਲ ਕਾਰਪੋਰੇਟ ਸੰਚਾਲਿਤ ਵਿਕਾਸ ਏਜੰਡਾ ਤਹਿ ਕੀਤਾ ਜਿਸਦਾ ਵਿਅਕਤੀਗਤ ਪ੍ਰਤੀਕ ਨਰੇਂਦਰ ਮੋਦੀ  ਦੇ ਰੂਪ 'ਚ ਸਾਹਮਣੇ ਆਇਆ। 2014-15 ਦੇ ਮੋਦੀ ਸਰਕਾਰ ਦੇ ਕਾਲੇ ਰਿਕਾਰਡ ਦੇ ਚਲਦਿਆਂ ਸੰਘ ਪਰਿਵਾਰ ਨੇ ਨਵਉਦਾਰ ਹਿੰਦੂਤਵ ਦੇ ਸਹਾਇਕ ਫੈਕਟਰ/ਧਾਰਾ ਵਜੋਂ ਰਾਸ਼ਟਰਵਾਦ ਬਨਾਮ ਦੇਸ਼ ਧ੍ਰੋਹੀ ਦੀ ਬਹਿਸ ਨੂੰ ਲੋਕਾਂ 'ਤੇ ਠੋਸਿਆ। ਛਤੀਸ਼ਗੜ• 'ਚ ਮਿਸ਼ਨ 2016 ਇਸੇ ਕੁਟਲ ਸਿਧਾਂਤ 'ਤੇ ਅਮਲ ਹੈ ਜਿਥੇ ਹਰ ਪ੍ਰਕਾਰ ਦੀ ਵਿਰੋਧ/ਅਸਹਿਮਤੀ ਦੀ ਹਰ ਉਸ ਆਵਾਜ਼ ਨੂੰ ਬੰਦ ਕਰਨ ਦੀ ਸਾਜਿਸ਼ ਰਚੀ ਜਾਂਦੀ ਹੈ ਜੋ ਇਸ ਸਾਮਰਾਜੀ ਕਾਰਪੋਰੇਟ ਵਿਕਾਸ ਤੇ ਹਿੰਦੂਤਵੀ ਏਜੰਡੇ ਦਾ ਵਿਰੋਧ ਕਰਦੀ ਹੈ।
ਅੱਜ ਛੱਤੀਸ਼ਗੜ• 'ਚ ਢਾਏ ਜਾ ਰਹੇ ਕਹਿਰ ਨੇ ਛੱਤਸ਼ੀਗੜ• ਦੇ ਬਸਤਰ ਦੇ ਖੇਤਰ 'ਚ ਘੋਰ ਲਾ-ਕਾਨੂੰਨੀਅਤ ਅਤੇ ਘੱਲੂਘਾਰੇ ਵਾਲੀ ਹਾਲਤ ਪੈਦਾ ਕਰ ਦਿੱਤੀ ਹੈ। ਮਾਉਵਾਦੀਆਂ ਦੇ ਪ੍ਰਭਾਵ ਖੇਤਰ ਤੇ ਕੰਮ ਖੇਤਰ ਜਿਸ ਨੂੰ ਲਾਲ ਲਾਘਾ (ਰੈੱਡ ਕੋਰੀਡੋਰ) ਕਿਹਾ ਜਾਂਦਾ ਹੈ ਜਿਸ 'ਚ ਆਧਰਾ ਪ੍ਰਦੇਸ਼, ਤੇਲੰਗਾਨਾ, ਉੱਤਰ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ, ਮਹਾਰਾਸ਼ਟਰ, ਉੜੀਸਾ, ਮੱਧ ਪ੍ਰਦੇਸ਼, ਬਿਹਾਰ, ਤੇ ਛੱਤੀਸ਼ਗੜ• ਆਉਦੇ ਹਨ ਦਾ ਇਹ ਇਲਾਕਾ ਕੇਂਦਰੀ ਕੁੰਜੀਵਤ ਇਲਾਕਾ ਹੈ। ਪਹਿਲਾਂ ਸਲਮਾ-ਜਾਦੂਮ (ਸ਼ਾਤੀ ਲਈ ਮਾਰਚ) ਨਾਂ ਦੀ ਬਦਨਾਮ ਮੁਹਿੰਮ/ ਘੱਲੂਘਾਰਾ ਨੂੰ ਵੀ ਇਥੇ ਹੀ ਅੰਜਾਮ ਦਿੱਤਾ ਗਿਆ ਸੀ ਜਿਸ 'ਚ ਵੱਡੀ ਗਿਣਤੀ 'ਚ ਆਦਿਵਾਸੀਆਂ ਤੇ ਉਨ•ਾਂ ਦੇ ਹਕੂਕ ਲਈ ਕੰਮ ਕਰਨ ਵਾਲੇ ਕਾਰਕੁੰਨਾ ਨੂੰ ਮਾਉਵਾਦੀ ਗਰਦਾਨ ਕੇ ਜੇਲ•ਾਂ 'ਚ ਸੁੱਟ ਦਿੱਤਾ ਗਿਆ। ਵੱਡੇ ਪੱਧਰ 'ਤੇ ਪਿੰਡਾਂ ਦੇ ਪਿੰਡ ਸਾੜ ਦਿੱਤੇ ਗਏ, ਔਰਤਾਂ ਨਾਲ ਸਮੂਹਿਕ ਜਬਰ ਜਿਨਾਹ ਕੀਤਾ ਗਿਆ ਸਿੱਟੇ ਵਜੋਂ 1ਲੱਖ ਤੋਂ ਵੱਧ ਆਦਿਵਾਸੀ ਦੂਸਰੇ ਸੂਬਿਆ ਨੂੰ ਹਿਜਰਤ ਕਰ ਗਏ ਤੇ ਸੈਂਕੜੇ ਆਦਿਵਾਸੀਆਂ ਨੂੰ ਨਰਕ 'ਚ ਝੋਕ ਦਿੱਤਾ ਗਿਆ।
ਬਦਨਾਮ ਆਈ.ਜੀ ਐਸ.ਆਰ.ਸੀ ਕਾਲੂਰੀ ਦੀ ਛਤਰ ਛਾਇਆ ਹੇਠ ਪੁਰਾਣੇ ਸਲਵਾ ਜਾਦੂਮ (ਸਲਵਾ ਜੁੱਡਮ) ਦੇ ਆਗੂਆਂ ਸੋਇਮ ਮੂਕਾ, ਪੀ.ਵਿਜੇ, ਫਾਰੂਕ ਅਲੀ ਅਤੇ ਮਧੂਕਰ  ਰਾਓ ਆਦਿ ਰਾਹੀ ਬਸਤਰ ਵਿਕਾਸ ਸੰਘਰਸ਼ ਸਮਿਤੀ, ਮਹਿਲਾ ਏਕਤਾ ਮੰਚ, ਸਮਾਜਿਕ ਏਕਤਾ ਮੰਚ, ਨਾਗਰਿਕ ਏਕਤਾ ਮੰਚ, ਸਰਵ ਧਰਮ ਸਮੂਦਾਏ ਮੰਚ ਆਦਿ ਜਥੰਬੰਦ ਕਰਕੇ, ਛਤੀਸ਼ਗੜ• ਤੋ ਬਾਹਰਲੇ ਕਾਰਕੁੰਨਾਂ, ਵਕੀਲਾ, ਪੱਤਰਕਾਰਾ ਨੂੰ ਤੰਗ ਪਰੇਸ਼ਾਨ ਕਰਵਾਇਆ ਜਾਂਦਾ ਹੈ ਤੇ ਇਨ•ਾਂ ਦੇ ਗਲਤ ਕੰਮਾਂ ਨੂੰ ਕਾਨੂੰਨੀ ਛੋਟ ਦਿੱਤੀ ਗਈ ਹੈ। ਜਿਨ•ਾਂ ਇਲਾਕਿਆਂ 'ਚ ਸਲਵਾ ਜੁਡਮ ਚਲਾਇਆ ਗਿਆ ਸੀ ਉਥੋਂ  ਕਿਉਂਕਿ ਮਾਉਵਾਦੀਆਂ ਨੂੰ ਬਹੁਤ ਹਮਾਇਤ ਮਿਲੀ ਤੇ ਉਹ ਮਜਬੂਤ ਹੋਏ ਹਨ। ਮਾਉਵਾਦੀਆਂ ਦੇ ਸ਼ਹਿਰੀ ਤੇ ਜਨਤਕ ਨੈੱਟਵਰਕ ਨੂੰ ਤੋੜਨ ਲਈ ਪਾਰਟੀ ਦੀ ਸਾਹਰਗ ਨੂੰ ਕੱਟਣ ਲਈ ਆਈ. ਜੀ ਕਲੂਰੀ ਸਾਰੇ ਹੱਥ ਕੰਡਿਆਂ ਨੂੰ ਵਾਜਿਬ ਦੱਸ ਰਿਹਾ ਹੈ ਤੋਂ ਜੜੋਂ ਪੁੱਟਣ ਦੀ ਗੱਲ ਬੜੇ ਮਾਣ ਨਾਲ ਕਹਿੰਦਾ ਹੈ।
ਆਦਿਵਾਸੀ ਆਗੂਆਂ 'ਤੇ ਜਬਰ
ਖਾਸੀ ਹਮਾਇਤ ਵਾਲੇ ਆਦਿਵਾਸੀ ਆਗੂਆਂ ਨੂੰ ਪੁੱਜ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਆਦਿਵਾਸੀ ਹਿੱਤਾਂ ਲਈ ਲੜਨ ਵਾਲੀ ਨਿਧੜਕ ਆਗੂ ਸੋਨੀ ਸੋਰੀ ਜਿਸਨੂੰ ਮਾਉਵਾਦੀਆਂ ਦੀ ਕੋਰੀਅਰ ਕਹਿ ਕੇ ਪਹਿਲਾ ਬਹੁਤ ਤਸੀਹੇ ਦਿੱਤੇ ਗਏ ਸਨ, ਉੱਤੇ ਆਈ. ਜੀ ਕਲੂਰੀ ਦੇ ਗੁੰਡਿਆਂ ਵੱਲੋਂ ਤੇਜਾਬੀ ਹਮਲਾ ਕਰਕੇ ਉਸ ਦਾ ਚਿਹਰਾ ਸਾੜ ਦਿੱਤਾ ਗਿਆ ਸੀ ਤੇ ਉਸਨੂੰ ਦਿੱਲੀ ਇਲਾਜ ਲਈ ਲਿਜਾਣਾ ਪਿਆ ਸੀ ਉਸਦੇ ਘਰ ਹੱਥ ਪਰਚੇ ਸੁੱਟੇ ਗਏ ਤੇ ਪਰਿਵਾਰਕ ਮੈਬਰਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਉਹ ਮਾਰਦੂਮ ਝੂਠੇ ਪੁਲਿਸ ਮੁਕਾਬਲੇ ਦਾ ਮੁੱਦਾ ਨਾ ਚੁੱਕੇ ਤੇ ਕਲੂਰੀ ਖਿਲਾਫ਼ ਸ਼ਿਕਾਇਤ ਨਾ ਕਰੇ ਨਹੀ ਤਾਂ ਉਸ ਦੀਆਂ ਧੀਆਂ ਦਾ ਭਲਾ ਨਹੀ ਤੇ ਉਸਦਾ ਘਰ ਢਾਹ ਦਿੱਤਾ ਜਾਵੇਗਾ।
ਮਾਰਦੂਮ 'ਚ ਹਾਦਮਾ ਨਾਮੀ ਵਿਅਕਤੀ ਨੂੰ 1ਲੱਖ ਇਨਾਮ ਵਾਲਾ ਨਕਸਲੀ ਕਹਿ ਕੇ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਗਿਆ ਸੀ। ਪਰਿਵਾਰ ਦੇ ਲੋਕਾਂ ਵਲੋਂ ਦਸਤਾਵੇਜੀ ਸਬੂਤਾਂ ਦੇ ਆਧਾਰ 'ਤੇ ਸੋਨੀ ਸੋਰੀ ਨੇ ਇਲਾਕੇ ਦਾ ਦੌਰਾ ਕਰਨ ਤੋਂ ਬਾਅਦ ਮਾਰਦੂਮ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ। ਕਲੂਰੀ ਸੋਨੀ ਸੋਰੀ ਖਿਲਾਫ਼ ਅਖ਼ਬਾਰਾਂ ਵਿੱਚ ਅਵਾ ਤਵਾ ਬੋਲਦਾ ਰਿਹਾ ਤੇ ਉਸ ਨੂੰ ਦੇਸ਼ ਨਿਕਾਲਾ ਦੇਣ ਦੀ ਧਮਕੀ ਦਿੱਤੀ। ਰਾਸ਼ਟਰੀ ਪ੍ਰੈਸ ਅਤੇ ਨਾਗਰਿਕ/ਸਮਾਜਿਕ ਸੰਸਥਾ ਦੇ ਦਬਾਅ ਕਰਕੇ ਉਸਤੇ ਹੋਏ (ਸੋਰੀ ਤੇ) ਹਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾਉਣੀ  ਪਈ ਪਰ ਉਸ ਨੂੰ ਵਿਹਾਰਕ ਤਰੀਕਿਆਂ ਨਾਲ ਆਖਰੀ ਮਿੰਟਾਂ 'ਚ ਟਾਇਮ 'ਤੇ ਜਗ•ਾ ਬਦਲ ਦੇਣੀ ਤੇ ਘੰਟਿਆਂ ਬੱਧੀ ਇੰਤਜਾਰ ਕਰਵਾ ਕੇ ਖੁਆਰ ਕੀਤਾ ਗਿਆ। ਉਸ ਦੀ ਭੈਣ ਧਨੇਸਰੀ ਦੇਵੀ ਤੇ ਭਰਾ ਅਜੇ ਮਡਕਮ ਨੂੰ ਚੁੱਕ ਲਿਆ ਉਸਦਾ ਭਤੀਜਾ ਲਿੰਗਾ ਰਾਮ ਨੂੰ ਉਸ ਤੋਂ ਵੀ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਉਹ ਪੱਤਰਕਾਰ ਹੈ ਪਰ ਕੰਮ ਕਰਨ ਦੀ ਆਗਿਆ ਨਹੀ। ਪਰਿਵਾਰਕ ਮੈਬਰਾਂ ਨੂੰ ਹੀ ਉਸ 'ਤੇ ਹਮਲੇ ਵਿਚ ਫੜਨ ਦਾ ਯਤਨ ਕੀਤਾ। ਉਸ ਦੁਆਲੇ ਜੁੜਦੀ ਲੋਕ ਹਮਾਇਤ ਤੇ ਲਹਿਰ ਨੂੰ ਤੋੜਨ ਲਈ ਅਜਿਹੇ ਅਨੇਕਾਂ ਯਤਨ ਕੀਤੇ। ਸੋਨੀ ਸੋਰੀ ਕਹਿੰਦੀ ਹੈ ''ਉਹ ਮੈਨੂੰ ਬਸਤਰ 'ਚੋਂ ਬਾਹਰ ਕੱਢਣਾ ਚਾਹੁੰਦੇ ਹਨ ਪਰ ਮੈਂ ਨਹੀਂ ਜਾਵਾਂਗੀ। ਆਖਿਰਕਾਰ ਮੇਰੇ ਨਾਲ ਕਿੰਨਾ ਕੁਝ ਵਾਪਰ ਗਿਆ ਹੈ ਮੈਂ ਦਰਦ ਮਹਿਸੂਸ ਕਰਨਾ ਬੰਦ ਕਰ ਦਿੱਤਾ ਹੈ, ਜੇਕਰ ਕਲੂਰੀ ਨੂੰ ਮੇਰੇ ਨਾਲ ਕੋਈ ਸਮੱਸਿਆ ਹੈ ਉਹ ਸਿੱਧੇ ਮੱਥੇ ਮੇਰਾ ਸਾਹਮਣਾ ਕਰੇ ਤੇ ਹੋਰ ਲੋਕਾਂ ਮਗਰ ਨਾ ਭੱਜੇ।'' ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਦੇਸ਼ ਧਰੋਹੀ ਸਾਬਿਤ ਕਰਨ ਦੇ ਜਦੋਂ ਜੋਰ ਲੱਗਾ ਹੋਇਆ ਸੀ ਤਾਂ ਕਲੂਰੀ ਨੇ ਵਿਦਿਆਰਥੀ ਨੇਤਾ ਉਮਰ ਖਾਲਿਦ ਤੇ ਦੋਸ਼ ਲਾ ਦਿੱਤਾ ਕਿ ਉਹ ਸੋਰੀ 'ਤੇ ਹਮਲੇ ਦੀ ਸਾਜ਼ਿਸ਼ 'ਚ ਸ਼ਾਮਿਲ ਹੈ ਕਿਉਂਕਿ ਖਾਲਿਦ ਨੇ ਕੈਂਪਸ 'ਚ ਆਪਣੇ ਭਾਸ਼ਣ 'ਚ ਸੋਰੀ ਤੇ ਜਗਦਲਪੁਰ ਲੀਗਲ ਏਡ ਗਰੁੱਪ (ਜਗ ਲੱਕ) ਦਾ ਜ਼ਿਕਰ ਕੀਤਾ ਸੀ।
ਸੋਨੀ ਸੋਰੀ 'ਤੇ ਹਮਲਾ ਉਸ ਵਕਤ ਹੋਇਆ ਜਦੋਂ ਉਹ ਜਗਦਲਪੁਰ ਤੋਂ ਮਹਿਲਾ ਵਕੀਲਾਂ ਨੂੰ ਵਿਦਾ ਕਰਕੇ ਆ ਰਹੀ ਸੀ। ਇਹ ਮਹਿਲਾ ਵਕੀਲਾਂ ਦੀ ਟੀਮ ਜਗਲੱਕ (ਜਗਦਲਪੁਰ-ਲੀਗਲ ਏਡ ਗਰੁੱਪ) 2013 ਤੋਂ ਬਸਤਰ 'ਚ ਕੰਮ ਕਰ ਰਿਹਾ ਸੀ ਤੇ ਉਨ•ਾਂ ਨੂੰ ਨਕਸਲੀਆਂ ਦਾ ਫਰੰਟ ਕਹਿ ਕੇ ਖੁਆਰ ਕੀਤਾ ਜਾ ਰਿਹਾ ਸੀ। ਸਮਾਜਿਕ ਏਕਤਾ ਮੰਚ ਤੇ ਪੁਲੀਸ ਵਲੋਂ ਛੱਤੀਸ਼ਗੜ• ਬਾਰ ਕਾਉਂਸਿਲ ਤੋਂ ਇਨ•ਾਂ ਖਿਲਾਫ਼ ਮਤਾ ਪਾਸ ਕਰਵਾਇਆ ਗਿਆ ਕਿ ਉਹ ਪ੍ਰੈਕਟਿਸ ਨਹੀ ਕਰ ਸਕਦੇ ਕਿਉਂਕਿ ਉਹ ਕਿਸੇ ਹੋਰ ਥਾਂ ਰਜਿਸਟਰਡ ਹਨ, ਉਹਨਾਂ ਨੂੰ ਅੰਤਰਿਮ ਹੁਕਮ ਮਿਲ ਗਿਆ ਪ੍ਰੈਕਟਿਸ ਲਈ ਪਰ ਪੁਲਿਸ ਨੇ ਮਕਾਨ ਮਾਲਿਕ ਜੋ ਕਿ ਡਰਾਇਵਰ ਸੀ ਦੀ ਗੱਡੀ ਜ਼ਬਤ ਕਰ ਲਈ ਤੇ ਇਨ•ਾਂ ਨੂੰ ਜਾਣ ਲਈ ਮਜ਼ਬੂਰ ਕਰ ਦਿੱਤਾ। ਕੁਝ ਦਿਨ ਬਾਅਦ ਸ਼ਾਲਿਨੀ ਗੇਰਾ (ਜਗਲੱਕ ਦੀ ਵਕੀਲ) ਜਦੋਂ ਜਗਦਲਪੁਰ ਅਦਾਲਤ 'ਚ ਕਿਸੇ ਵਕੀਲ ਨੂੰ ਮਿਲਣ ਗਈ ਤਾਂ 100 ਤੋਂ ਵੱਧ ਵਕੀਲਾਂ ਵਲੋਂ ਉਸ ਦਾ ਘਿਰਾਓ ਕੀਤਾ ਤੇ ਧਮਕਾਇਆ ਗਿਆ। ਇੱਕ ਹੋਰ ਜਗਲੱਕ ਵਕੀਲ ਈਸ਼ਾ ਖੰਡੇਲਵਾਲ ਨੇ ਦੱਸਿਆ ਕਿ ''ਉਨ•ਾਂ ਨੇ ਉਸ ਨੂੰ ਉਥੋਂ ਤੁਰੰਤ ਜਾਣ ਲਈ ਕਿਹਾ ਜੇ ਉਹ ਇੱਕ ਮਿੰਟ ਵੀ ਰੁੱਕੀ ਹੁੰਦੀ ਤਾਂ ਲਾਜ਼ਮੀ ਉਸ ਤੇ ਹਮਲਾ ਹੋ ਗਿਆ ਹੁੰਦਾ।''
ਅਜਿਹਾ ਹੀ ਖੋਜੀ ਤੇ ਔਰਤਾਂ ਦੇ ਜਿਨਸੀ ਸੋਸ਼ਣ ਖਿਲਾਫ਼ ਮੰਚ ਦੀ ਕਾਰਕੁੰਨ ਬੇਲਾ ਭਾਟੀਆ ਨਾਲ ਹੋਇਆ ਜੋ 2006 ਤੋਂ ਬਸਤਰ ਆਉਦੀ ਰਹੀ ਹੈ ਤੇ 2015 ਤੋਂ ਪੂਰਾ ਸਮਾਂ ਜਗਦਲਪੁਰ 'ਚ ਸੀ ਉਦੋਂ ਦੇ ਮਕਾਨ ਮਾਲਕ ਜੋ ਸੀ.ਆਰ.ਪੀ ਦੇ ਕੱਪੜੇ ਬਣਾਉਦੀ ਸੀ ਨੇ ਮਕਾਨ ਖਾਲੀ ਕਰਨ ਲਈ ਕਿਹਾ, ਉਹ ਵੀ ਇਸ ਲਈ ਉਨ•ਾਂ ਨੂੰ ਉਸੇ ਦੇ ਕੁੱਤੇ ਸੌਮਾਰੀ ਨਾਲ ਸਮੱਸਿਆ ਸੀ ਜਦੋਂ ਕਿ ਉਹ ਬਹੁਤ ਸਮਾ ਉਥੇ ਰਹਿ ਚੁੱਕੇ ਸੀ। ਉਸ ਨੇ ਜਗਦਲਪੁਰ ਨੇੜੇ ਪਿੰਡ ਵਿੱਚ ਘਰ ਤਬਦੀਲ ਕਰ ਲਿਆ ਜਿਥੇ ਪੁਲਿਸ ਨੇ ਘਰ ਦੀ ਵੀਡੀਓਗ੍ਰਾਫੀ ਕੀਤੀ ਤੇ ਉਸ ਦੇ ਮਕਾਨ ਮਾਲਕ ਇਕ ਗੌਂਡੀ ਆਦਿਵਾਸੀ ਅਤੇ  ਸਰਕਾਰੀ ਦਫ਼ਤਰ 'ਚ ਚਪੜਾਸੀ ਸੀ। ਉਸ ਨੂੰ ਪੁਲਸ ਨੇ ਸੱਦ ਕੇ ਪਰੇਸ਼ਾਨ ਕੀਤਾ, ਜਦੋਂ ਉਸਨੇ ਮਕਾਨ ਖਾਲੀ ਕਰਨ ਬਾਰੇ ਨਾ ਕਿਹਾ ਤਾਂ ਮਹਿਲਾ ਏਕਤਾ ਮੰਚ ਤੋਂ ਘਰ ਅੱਗੇ ਨਾਹਰੇਬਾਜ਼ੀ (ਬੇਲਾ ਭਾਟੀਆ ਬਸਤਰ ਛੱਡੋ, ਤੂੰ ਤੇ ਤੇਰਾ ਵਿਦੇਸ਼ੀ ਪਤੀ ਨਕਸਲੀਆਂ ਦੀ ਦਲਾਲੀ ਬੰਦ ਕਰੋ) ਅਤੇ ਪ੍ਰਦਰਸ਼ਨ ਕਰਵਾਇਆ ਗਿਆ। 
ਬੇਲਾ ਭਾਟੀਆ ਦਾ ਪਤੀ ਪ੍ਰਸਿੱਧ ਅਰਥ ਸ਼ਾਸ਼ਤਰੀ ਜੀਨ ਡਰੇਜ ਕਹਿੰਦਾ ਹੈ ''ਮੈਂ ਰਾਂਚੀ ਯੂਨੀਵਰਸਿਟੀ ਵਿੱਚ ਵਿਕਾਸ ਆਰਥਿਕਤਾ ਅਤੇ ਦਿੱਲੀ ਸਕੂਲ ਆਫ ਇਕਨਾਮਿਕਸ ਨਾਲ ਐਸੋਸੀਏਟਿਡ ਹਾਂ ਅਤੇ ਅਮਰਤਿਆ ਸੈਨ ਐਂਗਸ ਡੀਟਨ, ਨਿਕੋਲਸ ਸਟਰਨ ਦਾ ਨੇੜਲਾ ਸਮਵਰਤੀ ਹਾਂ। ਜੇ ਮੈਂ ਨਕਸਲਵਾਦੀ ਹਾਂ ਤਾਂ ਇਹਨਾਂ ਸਾਰਿਆਂ ਨੂੰ ਛਤੀਸ਼ਗੜ• ਸਪੈਸ਼ਲ ਪਾਵਰ ਪਬਲਕਿ ਸਕਿਊਰਿਟੀ ਐਕਟ ਦੇ ਤਹਿਤ ਜੇਲ•ਾਂ ਵਿੱਚ ਭੇਜ ਦੇਣਾ ਚਾਹੀਦਾ ਹੈ।''
ਅਸਲ ਵਿੱਚ, ਬੇਲਾ ਭਾਟੀਆ ਉਸ ਟੀਮ ਦੀ ਆਗੂ ਹੈ, ਜਿਸਨੇ ''ਪੇਡਾਪੱਲੀ ਫਾਇਲਜ਼' ਨਾਂ ਹੇਠ ਰਿਪੋਰਟ ਵਿੱਚ ਸੁਰੱਖਿਆ ਫੋਰਸਾਂ ਵੱਲੋਂ ਆਦਿਵਾਸੀ ਔਰਤਾਂ ਦੇ ਬਲਾਤਕਾਰ ਦੀ ਬਾਕਾਇਦਾ ਚਲਾਈ ਮੁਹਿੰਮ ਦਾ ਪਰਦਾਫਾਸ਼ ਕੀਤਾ ਸੀ ਅਤੇ ਇਹਨਾਂ ਔਰਤਾਂ ਵੱਲੋਂ ਉਸ ਦੀ ਅਗਵਾਈ ਵਿੱਚ ਐਫ.ਆਈ.ਆਰ. ਦਰਜ਼ ਕਰਵਾਈਆਂ ਗਈਆਂ ਸਨ। 
ਦਰਅਸਲ ਉਹ ਇਲਾਕੇ ਜੋ ਮਾਓਵਾਦੀਆਂ ਦੇ ਇੱਥੇ ਆਉਣ ਤੋਂ ਪਹਿਲਾਂ ਗੁੰਮਨਾਮ ਸਨ ਅਤੇ ਲੋਕ ਅਣਗੌਲੇ ਸਨ। ਮਾਓਵਾਦੀਆਂ ਨੇ ਇਹਨਾਂ ਲੋਕਾਂ ਨੂੰ ਜਿਉਣਾ ਸਿਖਾਇਆ। ਪਟੇਲ-ਪਟਵਾਰੀ ਠੇਕੇਦਾਰ ਅਤੇ ਦਲਾਲਾਂ ਦੀ ਜਕੜ ਤੋਂ ਮੁਕਤ ਕਰਵਾਇਆ ਅਤੇ ਲੋਕ ਵੱਡੀ ਪੱਧਰ 'ਤੇ ਜਥੇਬੰਦ ਹੋ ਗਏ। ਮਾਓਵਾਦੀ ਇਹਨਾਂ ਲੋਕਾਂ ਵਿੱਚ ਬੇਹੱਦ ਹਰਮਨ ਪਿਆਰੇ ਹੋ ਗਏ। ਅਨੇਕ ਜਥੇਬੰਦੀਆਂ ਜੋ ਇੱਥੇ ਸਾਲਾਂ ਤੋਂ ਕੰਮ ਕਰ ਰਹੀਆਂ ਸਨ, ਅੱਜ ਬਾਹਰ ਧੱਕੀਆਂ ਜਾ ਰਹੀਆਂ ਹਨ, ਕਿਉਂਕਿ ਸਰਕਾਰ ਇਹਨਾਂ ਇਲਾਕਿਆਂ ਅੰਦਰਲੇ ਬੇਸ਼ ਕੀਮਤੀ ਕੁਦਰਤੀ ਭੰਡਾਰ ਹਰ ਹਾਲਤ ਵਿੱਚ ਸਾਮਰਾਜੀ ਅਤੇ ਦੇਸੀ ਕੰਪਨੀਆਂ ਦੇ ਹਵਾਲੇ ਕਰਨ ਲਈ ਤਿਆਰ-ਬਰ-ਤਿਆਰ ਹੈ ਅਤੇ ਉਹਨਾਂ ਦੇ ਅਣਮਨੁੱਖੀ ਕਾਰਿਆਂ ਦੀ ਗਵਾਹ ਬਣ ਸਕਣ ਵਾਲੀ ਕੋਈ ਵੀ ਜਥੇਬੰਦੀ/ਵਿਅਕਤੀ ਉਸ ਨੂੰ ਗਵਾਰਾ ਨਹੀਂ। ਜਦੋਂ ਵੀ ਕੋਈ ਨਵੀਂ ਖਾਣ/ਅਦਾਰਾ ਸਥਾਪਿਤ ਹੁੰਦਾ ਹੈ ਉਸਦੇ ਆਲੇ-ਦੁਆਲੇ ਦਾ ਫੌਜੀਕਰਨ ਕੀਤਾ ਜਾਂਦਾ ਹੈ ਅਤੇ ਸੁਰੱਖਿਆ ਦੇ ਨਾਂ 'ਤੇ ਆਦਿਵਾਸੀਆਂ ਤੋਂ ਇਲਾਕਾ ਖਾਲੀ ਕਰਵਾਉਣਾ ਹੁੰਦਾ ਹੈ। ਇਸ ਕਰਕੇ ਕੋਈ ਵੀ ਜਥੇਬੰਦੀ ਜੋ ਸੁਹਿਰਦ ਹੋਵੇ, ਉਸ ਨੂੰ ਬਾਹਰ ਕੱਢਣਾ ਇਹਨਾਂ ਦੇ ਏਜੰਡੇ 'ਤੇ ਆ ਜਾਂਦਾ ਹੈ, ਜਿਵੇਂ ਰਾਮਾਕ੍ਰਿਸ਼ਨਾ ਜਥੇਬੰਦੀ ਜੋ ਜਨਤਕ ਵੰਡ ਪ੍ਰਣਾਲੀ ਅਤੇ ਸਹਿਤ ਦੇ ਮੁੱਦਿਆਂ 'ਤੇ ਸਰਗਰਮ ਰਹੀ ਸੀ। ਮਿਸ਼ਨ 2016 ਮੁਤਾਬਕ ਸੰਘ ਪਰਿਵਾਰ/ਅਮਿਤਸ਼ਾਹ, ਜੇਤਲੀ, ਰਾਜਨਾਥ ਸਿੰਘ ਨੇ ਵਾਰ ਵਾਰ ਐਲਾਨ ਕੀਤਾ ਕਿ ਮਾਓਵਾਦੀਆਂ ਅਤੇ ਜਿਹਾਦੀ ਰੁਚੀਆਂ ਖਿਲਾਫ ਲੜਨਾ ਹੀ ਰਾਸ਼ਟਰਵਾਦ ਅਤੇ ਦੇਸ਼ ਧਰੋਹੀਆਂ ਖਿਲਾਫ ਲੜਾਈ ਦਾ ਮੌਜੂਦਾ ਰੂਪ ਹੈ। ਲੋਕਾਂ ਨੂੰ ਜਿਹਾਦੀ/ਮਾਓਵਾਦੀ ਗਰਦਾਨ ਕੇ ਨੁੱਕਰੇ ਲਾਉਣਾ/ਜੇਲ•ਾਂ ਵਿੱਚ ਸੁੱਟਣਾ ਹਿੰਦੂਤਵ ਦੇ ਏਜੰਡੇ ਦਾ ਹੀ ਲਾਗੂ ਰੂਪ ਹੈ। 
ਬਸਤਰ ਬਦਲਿਆ ਪੁਲਸ ਰਾਜ ਵਿੱਚ
2005 ਵਿੱਚ ਆਰੰਭੇ ਪਿਛਲੇ ਸਲਵਾ ਜੁਡਮ ਨੂੰ ਕੌਣ ਭੁੱਲ ਸਕਦਾ ਹੈ, ਜਦੋਂ ਪੂਰੇ ਇਲਾਕੇ ਨੂੰ ਕਤਲੋਗਾਰਦ ਅਤੇ ਜਬਰ ਤਸ਼ੱਦਦ ਦੇ ਕੜਾਹੇ ਵਿੱਚ ਸੁੱਟਿਆ ਗਿਆ ਸੀ। ਪੀੜਤ ਪਿੰਡਾਂ ਵਿੱਚ ਰਾਸ਼ਣ ਪਾਣੀ ਲੈ ਕੇ ਜਾਣ ਵਾਲੇ ਸਵਾਮੀ ਅਗਨੀਵੇਸ਼ ਵਰਗਿਆਂ ਨਾਲ ਜੋ ਕੁੱਝ ਕੀਤਾ ਗਿਆ, ਆਉਣ ਵਾਲਾ ਸਮਾਂ ਉਸੇ ਦੀ ਮੁੜ ਤਸਦੀਕ ਕਰ ਰਿਹਾ ਹੈ। ਆਈ.ਜੀ. ਐਸ.ਆਰ. ਕਲੂਰੀ ਦੀ ਨੰਗੀ ਚਿੱਟੀ ਪੁਸ਼ਤਪਨਾਹੀ ਹੇਠ ਵੱਖ ਵੱਖ ਮੰਚ ਤਿਆਰ ਕੀਤੇ ਗਏ ਹਨ, ਜਿਵੇਂ ਸਮਾਜਿਕ ਏਕਤਾ ਮੰਚ, ਵਿਕਾਸ ਸੰਘਰਸ਼ ਸੰਮਤੀ, ਯਾਨੀ ਕਿ ਸਲਵਾ ਜੁਡਮ-2 ਜਥੇਬੰਦ ਕਰ ਲਿਆ ਹੈ। ਸਲਵਾ ਜੁਡਮ-1 ਦੇ ਮੁਖੀ ਬਦਨਾਮ ਮਹਿੰਦਰ ਕਰਮਾ ਦੇ ਪੁੱਤਰ ਸ਼ਵਿੰਦਰ ਕਰਮਾ ਦੇ ਸਿਰ 'ਤੇ ਮੁੜ ਇਸ ਮੁਹਿੰਮ ਦਾ ਤਾਜ ਖੁਦ ਆਈ.ਜੀ. ਕਲੂਰੀ ਵੱਲੋਂ ਇੱਕ ਪ੍ਰੋਗਰਾਮ ਕਰਕੇ ਸਜਾਇਆ ਗਿਆ ਹੈ। ਸਾਬਕਾ ਸਲਵਾ ਜੁਡਮ ਦੇ ਸਭ ਆਗੂ ਕਲੂਰੀ ਦੀ ਸਿੱਧੀ ਕਮਾਂਡ ਹੇਠ ਜੋੜੇ ਗਏ ਹਨ। 
ਮਾਲਿਨੀ ਸੁਬਰਾਮਨੀਅਮ ਇੱਕ ਆਜ਼ਾਦ ਪੱਤਰਕਾਰ ਅਤੇ ਕੌਮਾਂਤਰੀ ਰੈੱਡ ਕਰਾਸ ਛਤੀਸ਼ਗੜ• ਕਮੇਟੀ ਦੀ ਸਾਬਕਾ ਮੁਖੀ ਨੂੰ ਪੁਲਸ ਅਧਿਕਾਰੀਆਂ ਵੱਲੋਂ ਜੰਗਲ ਵਿੱਚ ਜਾਣ ਅਤੇ ਆਦਿਵਾਸੀ ਮੁੱਦਿਆਂ 'ਤੇ ਲਿਖਣ ਤੋਂ ਵਰਜਿਆ ਜਾਂਦਾ ਹੈ। 7 ਫਰਵਰੀ ਨੂੰ ਜਗਦਲਪੁਰ ਉਸ ਦੇ ਘਰ, ਜਿੱਥੇ ਉਹ ਆਪਣੀ 14 ਸਾਲਾ ਬੇਟੀ ਨਾਲ ਰਹਿੰਦੀ ਹੈ। ਅੱਗੇ 20 ਤੋਂ ਵੱਧ ਲੋਕਾਂ ਦਾ ਗਰੁੱਪ ਇਕੱਠਾ ਹੋ ਕੇ ਨਾਹਰੇਬਾਜ਼ੀ ਅਤੇ ਮੁਰਦਾਬਾਦ ਕਰਦਾ ਹੈ ਕਿ ਉਹ ਝੂਠੇ ਪੁਲਸ ਮੁਕਬਲਿਆਂ, ਆਦਿਵਾਸੀ ਔਰਤਾਂ ਨਾਲ ਸੁਰੱਖਿਆ ਕਰਮੀਆਂ ਵੱਲੋਂ ਕੀਤੀਆਂ ਵਧੀਕੀਆਂ ਅਤੇ ਨਕਲੀ ਮਾਓਵਾਦੀ ਆਤਮ ਸਮਰਪਣ ਬਾਰੇ ਕਿਉਂ ਲਿਖਦੀ ਹੈ। ਅਗਲੇ ਦਿਨ ਫਿਰ ਘਰ 'ਤੇ ਪਥਰਾਓ ਕਰਕੇ ਕਾਰ ਭੰਨ ਦਿੱਤੀ ਜਾਂਦੀ ਹੈ। ਮਾਲਿਨੀ ਹਮਲਾਵਰਾਂ ਦੀ ਸ਼ਨਾਖਤ ਦੱਸਦੀ ਹੈ, ਜਿਹਨਾਂ ਵਿੱਚ ਸਥਾਨਕ ਭਾਜਪਾ ਵਿਧਾਇਕ ਦਾ ਭਤੀਜਾ ਅਤੇ ਸਮਾਜਿਕ ਵਿਕਾਸ ਮੰਚ ਦੇ ਵਰਕਰ ਹਨ ਅਤੇ ਰਿਪੋਰਟ 2 ਦਿਨ ਬਾਅਦ ਅਣਛਾਤਿਆਂ ਵੱਲੋਂ ਲਿਖੀ ਜਾਂਦੀ ਹੈ। ਛੇਤੀ ਹੀ ਉਹਨਾਂ ਨੂੰ ਮਕਾਨ ਮਾਲਕਾਂ ਵੱਲੋਂ ਮਕਾਨ ਖਾਲੀ ਕਰਨ ਲਈ ਕਹਾਇਆ ਜਾਂਦਾ ਹੈ ਅਤੇ ਉਹਨਾਂ ਨੂੰ 'ਜਗਲੱਕ— ਵਕੀਲਾਂ ਦੀ ਟੀਮ ਨੂੰ ਬਸਤਰ 'ਚੋਂ ਬਾਹਰ ਕੱਢ ਕੇ ਜੇਲ•ਾਂ ਵਿੱਚ ਸੜ ਰਹੇ ਹਜ਼ਾਰਾਂ ਲੋਕਾਂ ਨੂੰ ਕਾਨੂੰਨੀ ਸਹਾਇਤਾ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ। ਖੁਦ ਸਜੇ ਅਖੌਤੀ ਪੱਤਰਕਾਰਾਂ ਅਤੇ ਲੀਡਰਾਂ ਵੱਲੋਂ ਇਹਨਾਂ ਵਧੀਕੀਆਂ ਦਾ ਵਿਰੋਧ ਕਰਨ ਵਾਲੇ ਹਰੇਕ ਨੂੰ ਜਬਰੀ ''ਵੱਟਸਅੱਪ'' ਵਿੱਚ ਸ਼ਾਮਲ ਕਰਕੇ ਗਾਲੀ-ਗਲੋਚ ਕੀਤਾ ਜਾਂਦਾ ਹੈ। 
ਪ੍ਰਭਾਤ ਸਿੰਘ ਦਾਂਤੇਵਾੜਾ ਤੋਂ ਨਿੱਡਰ ਪੱਤਰਕਾਰ, ਕਲੂਰੀ ਦਾ ਆਲੋਚਕ ਅਤੇ ਸੁਆਲ ਕਰਨ ਵਾਲੇ ਰਿਪੋਰਟਰ ਨੂੰ ਇਹ ਅਖੌਤੀ ਚੌਕਸੀ ਗਰੁੱਪ ਧੋਖੇ ਨਾਲ ਫਾਹ ਲੈਂਦੇ ਹਨ। ਵੱਟਸਅੱਪ 'ਤੇ ਕੀਤੀ ਇੱਕ ਟਿੱਪਣੀ ਦੇ ਆਧਾਰ 'ਤੇ ਸਾਰੀ ਰਾਤ ਪੁਲਸ ਹਿਰਾਸਤ ਵਿੱਚ ਤਸ਼ੱਦਦ ਕਰਕੇ 4 ਸਾਲ ਪਹਿਲਾਂ ਦੇ ਕਈ ਕੇਸ ਪਾ ਕੇ ਜੇਲ• ਬੰਦ ਕਰ ਦਿੱਤਾ ਜਾਂਦਾ ਹੈ। ਪ੍ਰਭਾਤ ਸਿੰਘ ਦਾ ਨੇੜਲਾ ਸਹਿਯੋਗੀ ਸਥਾਨਕ ਦਿਵਯ ਸ਼ਕਤੀ ਦਾ ਪੱਤਰਕਾਰ ਕੇਸ ਦੀ ਪੈਰਵਾਈ ਲਈ ਦਾਂਤੇਵਾੜਾ ਅਦਾਲਤ ਵਿੱਚ ਜਾਂਦਾ ਹੈ ਤਾਂ ਪੁਲਸ ਝਟਪੱਟ 2015 ਦਾ ਕੋਈ ਕੇਸ ਪਾ ਕੇ ਜੇਲ• ਵਿੱਚ ਸੁੱਟ ਦਿੰਦੀ ਹੈ। ਕਾਰਨ ਇਹ ਕਿ ਦੇਵੋਂ ਪੱਤਰਕਾਰ ਆਜ਼ਾਦ ਕੰਮ ਕਰਦੇ ਸਨ ਅਤੇ ਪੁਲਸੀ ਦਬਾਅ ਅੱਗੇ ਝੁਕਣ ਲਈ ਤਿਆਰ ਨਹੀਂ ਸਨ। ਬਸਤਰ ਵਿੱਚ ਇਹ ਅਫਵਾਹ ਫੈਲਾਈ ਹੋਈ ਹੈ ਕਿ ਪੱਤਰਕਾਰਾਂ ਦੇ ਕਰਾਸ ਗੋਲੀਬਾਰੀ ਵਿੱਚ ਘਿਰ ਕੇ ਮਾਰੇ ਜਾਣ ਦੀ ਸੰਭਾਵਨਾ ਹੈ ਤਾਂ ਕਿ ਕੌਮੀ ਪੱਧਰ ਦਾ ਪੱਤਰਕਾਰ ਕਵਰੇਜ ਕਰਨ ਨਾ ਆਏ ਅਤੇ ਜ਼ਮੀਨੀ ਪੱਧਰ ਤੋਂ ਰਿਪੋਰਟਿੰਗ ਨਾ ਕਰ ਸਕੇ। ਹਰ ਪੱਤਰਕਾਰ, ਕਾਰਕੁੰਨ, ਵਕੀਲ, ਮਨੱਖੀ ਅਧਿਕਾਰ ਗਰੁੱਪ ਜੋ ਪੁਲਸ ਦੇ ਬਿਆਨਾਂ 'ਤੇ ਸੁਆਲ ਕਰਦਾ ਹੋਵੇ, ਅੱਜ ਜਾਂ ਤਾਂ ਬਸਤਰ ਤੋਂ ਬਾਹਰ ਜਾਂ ਜੇਲ ਵਿੱਚ ਸੁੱਟ ਦਿੱਤਾ ਗਿਆ ਹੈ। 
ਇੱਕ ਸਥਾਨਕ ਆਗੂ ਬਿਆਨ ਕਰਦਾ ਹੈ ਕਿ ਤੁਸੀਂ ਇਸ ਨੂੰ ਸਲਵਾ ਜੁਡਮ ਦੀ ਲਗਾਤਰਤਾ ਜਾਂ ਸਲਵਾ ਜੁਡਮ-2 ਕਹਿ ਸਕਦੇ ਹੋ ਪਰ ਇਸ ਵਾਰ ਸਭ ਕੁੱਝ ਅਣ-ਲਿਖਤ ਹੈ। ਕੋਈ ਰਜਿਸਟਰਡ ਗਰੁੱਪ ਨਹੀਂ, ਢਿੱਲੀ ਬਣਤਰ ਵਾਲੇ ਚੌਕਸੀ ਸਮੂਹ ਹਨ ਤਾਂ ਕਿ ਉਚੇਰੀ ਨਿਆਇਕ ਸੁਣਵਾਈ ਅਗਰ ਕਦੇ ਹੁੰਦੀ ਹੈ ਤਾਂ ਬਚਾਓ ਦਾ ਰਾਹ ਲੱਭਿਆ ਜਾ ਸਕੇ। ਬਦਨਾਮ ਆਈ.ਜੀ. ਕਲੂਰੀ ਜੋ ਸਵਾਮੀ ਅਗਨੀਵੇਸ਼ 'ਤੇ ਹਮਲੇ ਸਮੇਂ ਜਦ ਤਿੰਨ ਪਿੰਡ ਤਬਾਹ ਕਰ ਦਿੱਤੇ ਗਏ ਸਨ, ਐਸ.ਐਸ.ਪੀ. ਸੀ ਅਤੇ ਹੁਣ ਆਈ.ਜੀ. ਹੈ। ਉਹ ਆਪਣੇ ਆਪ ਨੂੰ ਮਾਓਵਾਦੀਆਂ ਦਾ ਸਭ ਤੋਂ ਵੱਡਾ ਦੁਸ਼ਮਣ ਐਲਾਨਦਾ ਹੋਇਆ ਦਾਅਵਾ ਕਰਦਾ ਹੈ ਕਿ ਸਲਵਾ ਜੁਡਮ ਉਦੋਂ ਵੀ ਠੀਕ ਸੀ ਅਤੇ ਹੁਣ ਵੀ ਠੀਕ ਹੈ।  ਜੰਗਲੀ ਖੇਤਰ ਵਿੱਚ ਉਹਨਾਂ ਦੀ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਹੈ ਅਤੇ ਸ਼ਹਿਰਾਂ ਵਿੱਚ ਖੁੱਲ•ਾ ਫਰੰਟ ਸੰਸਥਾਵਾਂ। ਮੈਂ ਜੰਗਲ ਵਿੱਚ ਗੁਰੀਲਾ ਆਰਮੀ ਨੂੰ ਹਰਾ ਰਿਹਾ ਹਾਂ, ਇਸ ਲਈ ਮੈਂ ਖੁੱਲ•ੇ ਵਿਅਕਤੀਆਂ ਅਤੇ ਵਕੀਲਾਂ ਦੀ ਪਰਵਾਹ ਕਿਉਂ ਕਰਾਂ? ਮੈਨੂੰ ਨਰਿੰਦਰ ਮੋਦੀ ਨੇ ਨਿਯੁਕਤ ਕੀਤਾ ਹੈ ਤੇ ਰਾਸ਼ਟਰੀ ਸੁਰੱਖਿਆ ਅਡਵਾਇਜ਼ਰ ਅਜੀਤ ਡੋਵਾਲ ਦੀ ਪੂਰੀ ਹਮਾਇਤ ਹੈ। ਸਾਬਕਾ ਸਲਵਾ ਜੁਡਮ ਆਗੂਆਂ ਤੋਂ ਬਿਨਾ ਸਮਾਜਿਕ ਏਕਤਾ ਮੰਚ ਕਲੂਰੀ ਦਾ ਵੱਡਾ ਪ੍ਰੋਜੈਕਟ ਹੈ। ਅੰਮ੍ਰਿਤ ਕਟਾਰੀਆ ਡੀ.ਸੀ. ਜਗਦਲਪੁਰ ਕਹਿੰਦਾ ਹੈ ਕਿ ਇਸ ਵਿੱਚ ਧਾਰਮਿਕ ਜਥੇਬੰਦੀਆਂ ਵੀ ਸ਼ਾਮਲ ਹਨ (ਸਪੱਸ਼ਟ ਹੈ ਕਿ ਸੰਘ ਪਰਿਵਾਰ ਦੀਆਂ ਫਾਂਕਾਂ) ਤੇ ਸਭ ਮਾਓਵਾਦੀਆਂ ਦੇ ਖਿਲਾਫ ਹਨ। ਪਰ ਪੱਤਰਕਾਰ ਕਹਿੰਦੇ ਹਨ ਕਿ ਇਹ ਸਲਵਾ ਜੁਡਮ ਦਾ ਸ਼ਹਿਰੀ ਸੰਸਕਰਣ/ਰੁਪ ਹੈ ਅਤੇ ਸਭ ਦਾ ਮੰਤਵ ਆਦਿਵਾਸੀਆਂ ਤੋਂ ਉਹਨਾਂ ਦੀਆਂ ਜ਼ਮੀਨਾਂ ਖਾਲੀ ਕਰਵਾ ਕੇ ਪ੍ਰੋਜੈਕਟ ਲਵਾਏ ਜਾਣਾ ਹੈ। ਅੱਜ ਕੱਲ• ਲੋਕਾਂ ਨੂੰ ਪੁਲਸ ਸਟੇਸ਼ਨ ਅਤੇ ਕਿਸੇ ਪ੍ਰੋਗਰਾਮ ਲਈ ਬੁਲਾਇਆ ਜਾਂਦਾ ਹੈ ਅਤੇ ਫਿਰ ਵੱਡੇ ਪੱਧਰ 'ਤੇ ਮਾਓਵਾਦੀਆਂ ਦੇ ਆਤਮ ਸਮਰਪਣ ਦਾ ਪ੍ਰਚਾਰ ਕੀਤਾ ਜਾਂਦਾ ਹੈ। 
ਸਥਾਨਕ ਪੱਤਰਕਾਰਾਂ ਨੂੰ ਵੀ ਪੁਲਸ ਮਾਓਵਾਦੀਆਂ ਖਿਲਾਫ ਵਰਤਣ ਲਈ ਯਤਨਸ਼ੀਲ ਰਹਿੰਦੀ ਹੈ। ਕਿਸੇ ਪਿੰਡ ਜਾਣ ਤੋਂ ਪਹਿਲਾਂ ਕਿਸੇ ਪੱਤਰਕਾਰ ਨੂੰ ਭੇਜਿਆ ਜਾਂਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਉੱਥੇ ਕੋਈ ਮਾਓਵਾਦੀ ਤਾਂ ਨਹੀਂ? ਅਗਰ ਕੋਈ ਸੁਰੱਖਿਆ ਕਰਮੀ ਮਾਰਿਆ ਜਾਂਦਾ ਹੈ, ਪੱਤਰਕਾਰ ਨੂੰ ਲਾਸ਼ ਆਪਣੀ ਕਾਰ ਵਿੱਚ ਰੱਖ ਕੇ ਲਿਆਉਣ ਲਈ ਕਿਹਾ ਜਾਂਦਾ ਹੈ। ਸੰਤੋਸ਼ ਯਾਦਵ ਨੇ ਇਸ ਤਰ•ਾਂ ਦੇ ਅਮਲ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਤਾਂ ਉਸ ਨੂੰ 2 ਸਾਲ ਪ੍ਰੇਸ਼ਾਨ ਕੀਤਾ ਗਿਆ। ਕਈ ਦਿਨ ਹਿਰਾਸਤ ਵਿੱਚ ਰੱਖ ਕੇ ਨੰਗਾ ਕਰਕੇ ਤਸ਼ੱਦਦ ਕੀਤਾ ਗਿਆ। ਯਾਨੀ ਉਸ ਨੇ ਇੱਕ ਪੁਲਸ ਅਧਿਕਾਰੀ ਵੱਲੋਂ ਨੇੜਲੇ ਪਿੰਡ ਝੂਠੇ ਆਤਮ-ਸਮਰਪਣ ਕਰਵਾਉਣ ਬਾਰੇ ਪਰਦਾਫਾਸ਼ ਕਰਨ ਦੀ ਗੱਲ ਕੀਤੀ ਤਾਂ ਮਿੰਟਾਂ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਲੂਰੀ ਨੇ ਬਿਆਨ ਦਿੱਤਾ ਕਿ ਉਹ ਹਾਰਡ-ਕੋਰ ਮਾਓਵਾਦੀ ਹੈ ਅਤੇ ਕਿਸੇ ਪੁਰਾਣੇ ਕੇਸ ਵਿੱਚ 18 ਅਣ-ਪਛਾਤਿਆਂ ਵਿੱਚ ਉਸਦਾ ਨਾਂ ਫਿੱਟ ਕਰ ਦਿੱਤਾ। ਸੋਮਾਰੂ ਨਾਗ, ਰਾਜਸਥਾਨ ਪੱਤ੍ਰਿਕਾ ਦਾ ਪੱਤਰਕਾਰ ਜੋ ਅਖਬਾਰਾਂ ਦੀ ਦੁਕਾਨ ਵੀ ਕਰਦਾ ਸੀ, ਲੋਕ ਅਕਸਰ ਉਸ ਕੋਲ ਮੱਦਦ ਲਈ ਆਉਂਦੇ ਸਨ। ਉਸ 'ਤੇ ਸੂਹੀਆ ਹੋਣ ਦਾ ਦੋਸ਼ ਲਾਇਆ ਗਿਆ। ਰਾਜੇਸ਼ ਸ਼ਾਹੂ ਜੋ ਰਿਸ਼ਵਤ ਬਾਰੇ ਰਿਪੋਰਟਿੰਗ ਕਰਦਾ ਸੀ 'ਤੇ 4 ਪਰਚੇ ਦਰਜ਼ ਕਰ ਦਿੱਤੇ ਗਏ। ਹਰ ਤਰ•ਾਂ ਨਾਲ ਲੋਕਾਂ ਦਾ ਤੇ ਲੋਕਾਂ ਦੀ ਗੱਲ ਕਰਨ ਵਾਲਿਆਂ ਦਾ ਗਲ ਘੁੱਟਿਆ ਜਾ ਰਿਹਾ ਹੈ। 
ਘੱਟ-ਗਿਣਤੀਆਂ 'ਤੇ ਹਮਲੇ
ਸੰਘ ਪਰਿਵਾਰ ਦੇ ਹਿੰਦੂਤਵ ਦੇ ਏਜੰਡੇ ਦੇ ਤਹਿਤ  ਘੱਟ ਗਿਣਤੀਆਂ ਖਾਸ ਕਰਕੇ ਇਸਾਈਆਂ 'ਤੇ ਹਮਲੇ ਜਾਰੀ ਹਨ। ਪਿਛਲੇ ਸਾਲ 40 ਤੋਂ ਵੱਧ ਇਸਾਈ ਪੂਜਾ ਸਥਾਨਾਂ 'ਤੇ ਹਮਲੇ ਕੀਤੇ ਗਏ ਹਨ, ਪਰ ਕੋਈ ਪੁਲਸ ਕਾਰਵਾਈ ਨਹੀਂ ਹੋਈ। ਕੋਰਬਾ ਵਿੱਚ ਮੈਥੋਡਿਸਟ ਚਰਚ 'ਤੇ ਹਮਲਾ ਕੀਤਾ ਗਿਆ। ਸੈਂਕੜੇ ਪਾਦਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਧਮਤਰੀ ਵਿੱਚ ਪ੍ਰਾਰਥਨਾ ਕਲਾਸ ਤੋਂ ਵਾਪਸ ਆਉਂਦਿਆਂ ਦੋ ਪਾਸਟਰਾਂ ਦੀ ਗੁੰਡਿਆਂ ਨੇ ਮਾਰ-ਕੁਟਾਈ ਕੀਤੀ ਤੇ ਫਿਰ ਧਾਰਾ 129 (ਜੀ) ਤਹਿਤ ਗ੍ਰਿਫਤਾਰ ਕਰ ਲਿਆ ਗਿਆ। 
ਪਿਛਲੇ ਸਾਲ 50 ਦੇ ਕਰੀਬ ਪੰਚਾਇਤਾਂ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦਬਾਅ ਹੇਠ ਮਤੇ ਪਾਸ ਕੀਤੇ ਕਿ ਬਸਤਰ ਇਲਾਕੇ ਵਿੱਚ ਹਿੰਦੂ ਧਰਮ ਤੋਂ ਬਿਨਾ ਹੋਰ ਕੋਈ ਧਰਮ ਖਾਸ ਕਰਕੇ ਇਸਾਈ ਧਰਮ ਮੁਤਾਬਕ ਧਾਰਮਿਕ ਆਚਰਣ ਨਹੀਂ ਕੀਤਾ ਜਾ ਸਕਦਾ। ਕਈ ਥਾਈਂ ਇਸਾਈਆਂ ਦਾ ਸਮਾਜਿਕ ਅਤੇ ਆਰਥਿਕ ਬਾਈਕਾਟ ਕਰਨ ਦੀਆਂ ਖਬਰਾਂ ਹਨ। ਆਪਣੇ ਰਿਸ਼ਤੇਦਾਰਾਂ ਨੂੰ ਭਾਈਚਾਰੇ 'ਚੋਂ ਛੇਕਣ ਜਾਂ ਮਾੜੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਪੀ.ਯੂ.ਸੀ.ਐਲ. ਮੁਤਾਬਕ ਸੋਨਾਈ ਤੋਗਰੀ ਪਿੰਡ ਵਿੱਚ ਜਿੱਥੇ ਘਰਾਂ 'ਤੇ ਹਮਲੇ ਕੀਤੇ ਗਏ ਸਨ ਅਤੇ ਇਸਾਈ ਪ੍ਰਤੀਕਾ ਦੀ ਭੰਨ•-ਤੋੜ ਕੀਤੀ ਗਈ ਤਾਂ ਲੋਕਾਂ ਨੇ ਇੱਕ ਜਨਤਕ ਸੁਣਵਾਈ ਵਿੱਚ ਸ਼ਿਕਾਇਤ ਕੀਤੀ ਤਾਂ ਪਹਿਲਾਂ ਕਮਿਸ਼ਨ ਦੀ ਮੁਖੀ ਵਿਭਾ ਰਾਓ ਦਾ ਫੁਰਮਾਨ ਸੀ, ''ਇਹ ਤਾਂ ਹੋਣਾ ਹੀ ਸੀ ਤੁਸੀਂ ਆਪਣਾ ਧਰਮ ਤੇ ਸਮਾਜ ਬਦਲ ਲਿਆ ਹੈ ਤੇ ਫਿਰ ਵੀ ਇਹਨਾਂ ਲੋਕਾਂ ਵਿੱਚ ਰਹਿ ਰਹੇ ਹੋ'' ਇਹ ਫੁਰਮਾਨ ਕੀ ਸਾਬਤ ਕਰਦਾ ਹੈ? 
6 ਮਾਰਚ ਨੂੰ ਰਾਏਸਰ ਵਿੱਚ 30-35 ਭਗਵਾਧਾਰੀਆਂ ਨੇ ਇੱਕ ਚਰਚ ਵਿੱਚ ਦਾਖਲ ਹੋ ਕੇ ਕੁੱਟਮਾਰ ਕੀਤੀ ਅਤੇ ਸਟੇਜ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ। ਚੀਕ-ਚਿਹਾੜਾ ਪੈਣ 'ਤੇ ਬਾਹਰੋਂ ਕੁੱਝ ਵਿਅਕਤੀ ਆ ਗਏ ਅਤੇ ਪੁਲਸ ਵੀ ਆ ਗਈ ਤਾਂ ਭੀੜ ਭੱਜ ਗਈ ਪਰ ਤਿੰਨ ਮੋਟਰ ਸਾਈਕਲ ਛੱਡ ਗਈ। ਭੰਨਤੋੜ ਕਰਦੇ ਵਿਅਕਤੀਆਂ ਨੂੰ ਕੌਮੀ ਪ੍ਰੈਸ ਨੇ ਕਵਰ ਕਰ ਲਿਆ, ਜਿਸ ਦੇ ਦਬਾਅ ਹੇਠ 17 ਵਿਅਕਤੀਆਂ ਨੂੰ ਗ੍ਰਿਫਤਾਰ ਕਰਨਾ ਪਿਆ। ਪਰ ਕਹਾਣੀ ਨਜਾਇਜ਼ ਸਰਕਾਰੀ ਥਾਂ 'ਤੇ ਚਰਚ ਹੋਣ ਦੀ ਘੜ ਲਈ ਜਦੋਂ ਕਿ ਸਾਰੇ ਇਲਾਕੇ ਦੀ ਉਸਾਰੀ ਹੀ ਸਰਕਾਰੀ ਥਾਂ 'ਤੇ ਸੀ। ਜੇ ਨਜਾਇਜ਼ ਉਸਾਰੀ ਸੀ ਤਾਂ ਵਿਧੀ-ਵਿਧਾਨ ਮੁਤਾਬਕ ਕਾਨੂੰਨੀ ਕਾਰਵਾਈ ਦੇ ਤਹਿਤ ਕਾਰਵਾਈ ਕਰ ਸਕਦੀ ਸੀ। ਘੱਟ ਗਿਣਤੀ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕਹਾਣੀ ਅਮੁੱਕ ਹੈ।  ੦-੦

No comments:

Post a Comment