ਸੰਘ ਲਾਣੇ ਦੇ ''ਕੌਮਵਾਦ'' ਅਤੇ ''ਦੇਸ਼ਭਗਤੀ'' ਦਾ ਹਕੀਕੀ ਕੌਮਵਾਦ ਅਤੇ ਦੇਸ਼ਭਗਤੀ ਨਾਲ ਇੱਟ-ਕੁੱਤੇ ਦਾ ਵੈਰ
-ਨਵਜੋਤ
ਭਾਰਤੀ ਜਨਤਾ ਪਾਰਟੀ ਵੱਲੋਂ ਮਾਰਚ ਵਿੱਚ ਦਿੱਲੀ ਵਿਖੇ ਕੀਤੀ ਗਈ ਆਪਣੀ ਕੌਮੀ ਕਾਰਜਕਰਨੀ ਦੀ ਮੀਟਿੰਗ ਵਿੱਚ ਅਖੌਤੀ ''ਕੌਮਵਾਦ'' ਅਤੇ ਇਸਦੇ ਫੱਟਾ ''ਭਾਰਤ ਮਾਤਾ ਕੀ ਜੈ'' ਦੇ ਨਾਹਰੇ ਨੂੰ ਆਪਣੇ ਕੇਂਦਰੀ ਨਾਹਰੇ ਵਜੋਂ ਉਭਾਰਨ ਦਾ ਬੀੜਾ ਚੁੱਕ ਲਿਆ ਗਿਆ ਹੈ। ਭਾਜਪਾ ਪ੍ਰਧਾਨ ਅਮਿੱਤ ਸ਼ਾਹ ਦਾ ਕਹਿਣਾ ਹੈ ਕਿ ਇਹ ਨਾਹਰਾ ''ਦੇਸ਼ਭਗਤੀ'' ਅਤੇ ''ਕੌਮਵਾਦ/ਰਾਸ਼ਟਰਵਾਦ'' ਦਾ ਪੈਮਾਨਾ ਹੈ। ਜਿਹੜਾ ਵਿਅਕਤੀ/ਸਮਾਜ ਦਾ ਹਿੱਸਾ ਇਹ ਨਾਹਰਾ ਲਾਉਣ ਤੋਂ ਇਨਕਾਰ ਕਰਦਾ ਹੈ, ਉਹ ''ਦੇਸ਼ ਵਿਰੋਧੀ'' ਅਤੇ ''ਕੌਮ/ਰਾਸ਼ਟਰ ਵਿਰੋਧੀ'' ਹੈ। ਉਸ ਨੂੰ ਇਸ ਮੁਲਕ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਮੋਦੀ ਹਕੂਮਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਇਸ ਨਾਹਰੇ ਦੇ ਅਰਥਾਂ ਨੂੰ ਹੋਰ ਸਪਸ਼ਟਤਾ ਨਾਲ ਪੇਸ਼ ਕਰਦਿਆਂ ''ਸਾਵਰਕਾਰ ਦੇ ਕੌਮਵਾਦ/ਰਾਸ਼ਟਰਵਾਦ'' ਨੂੰ ਬੁਲੰਦ ਕੀਤਾ ਗਿਆ ਅਤੇ ਕਿਹਾ ਗਿਆ ਕਿ ''ਇਹ ਸਾਡੇ ਲਈ ਇੱਕ ਵੱਡੀ ਵਿਚਾਰਧਾਰਕ ਚੁਣੌਤੀ ਹੈ। ਸਾਨੂੰ ਇਸ ਨੂੰ ਇੱਕ ਵਿਚਾਰਧਾਰਕ ਲੜਾਈ ਸਮਝਣਾ ਚਾਹੀਦਾ ਹੈ।'' (ਹਿੰਦੁਸਤਾਨ ਟਾਈਮਜ਼, ਮਾਰਚ 27, 2016)ਸਰਸਰੀ ਤੌਰ 'ਤੇ ਸੋਚਿਆਂ, ਕਿਸੇ ਨੂੰ ਲੱਗ ਸਕਦਾ ਹੈ ਕਿ ''ਸਾਵਰਕਾਰ ਦਾ ਕੌਮਵਾਦ/ਰਾਸ਼ਟਰਵਾਦ'' ਯਾਨੀ ਹਿੰਦੂ ਧਰਮ ਦੇ ਲੋਕਾਂ ਨੂੰ ''ਹਿੰਦੂ ਕੌਮ/ਰਾਸ਼ਟਰ'' ਕਹਿਣਾ ਅਤੇ ਮੁਲਕ ਨੂੰ ''ਹਿੰਦੂ ਕੌਮ/ਰਾਸ਼ਟਰ'' ਦੀ ''ਮਾਤਰਭੂਮੀ, ਪੁੰਨਿਆ ਭੂਮੀ'' ਆਦਿ ਕਹਿਣਾ ਤਾਂ ਗਲਤ ਹੈ, ਪਰ ''ਭਾਰਤ ਮਾਤਾ ਕੀ ਜੈ'' ਦਾ ਨਾਹਰਾ ਲਾਉਣ ਤੋਂ ਇਨਕਾਰ ਕਰਨਾ ਵੀ ਗਲਤ ਹੈ। ਕਿਸੇ ਨੂੰ ਲੱਗ ਸਕਦਾ ਹੈ ਕਿ ਇਹ ਨਾਹਰਾ ਲਾਉਣ/ਨਾ ਲਾਉਣ ਨਾਲ ਕੀ ਫਰਕ ਪੈਂਦਾ ਹੈ? ਇਹ ਐਡੇ ਵਿਵਾਦ ਦਾ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ ਆਦਿ ਆਦਿ।
ਪਰ ਜੇ ਜ਼ਰਾ ਗਹੁ ਨਾਲ ਵੇਖਿਆ ਜਾਵੇ ਤਾਂ ਇਹ ਸੌਖਿਆਂ ਹੀ ਸਮਝਿਆ ਜਾ ਸਕਦਾ ਹੈ ਕਿ ਭਾਜਪਾ ਸਮੇਤ ਸਮੁੱਚੇ ਸੰਘ ਲਾਣੇ ਵੱਲੋਂ ''ਭਾਰਤ ਮਾਤਾ ਦੀ ਜੈ'' ਦੇ ਨਾਹਰੇ ਦਾ ਮਤਲਬ ਉਹ ਨਹੀਂ ਜੋ ਇਸ ਦੇਸ਼ ਦੇ ਸਾਧਾਰਨ ਵਾਸੀ ਸਮਝਦੇ ਆਏ ਹਨ ਅਤੇ ਬਹੁਤ ਸਾਰੇ ਅੱਜ ਵੀ ਸਮਝ ਰਹੇ ਹਨ। ਉਹਨਾਂ ਅਨੁਸਾਰ ਭਾਰਤ ਮਾਤਾ ਦਾ ਮਤਲਬ ਉਹ ਭਾਰਤ ਨਾਂ ਦਾ ਮੁਲਕ ਹੈ, ਜਿਸ ਵਿੱਚ ਦਰਜ਼ਨਾਂ ਕੌਮਾਂ ਵਸਦੀਆਂ ਹਨ, ਕਬੀਲੇ ਵਸਦੇ ਹਨ, ਵੱਖ ਵੱਖ ਧਰਮਾਂ ਨਾਲ ਸਬੰਧਤ ਲੋਕ ਵਸਦੇ ਹਨ, ਜਿੱਥੇ ਤਕਰੀਬਨ 200 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਉਹਨਾਂ ਨੂੰ ਇਸ ਭਾਰਤ ਨੂੰ ਨਾ ਭਾਰਤ ਮਾਤਾ/ਭਾਰਤ ਪਿਤਾ ਕਹਿਣ ਵਿੱਚ ਕੋਈ ਹਰਜ ਲੱਗਦਾ ਹੈ ਅਤੇ ਨਾ ਹੀ ਭਾਰਤ ਮਾਤਾ/ਭਾਰਤ ਪਿਤਾ ਦੀ ਜੈ ਕਹਿਣ ਵਿੱਚ ਕੋਈ ਹਰਜ ਲੱਗਦਾ ਹੈ। ਉਹਨਾਂ ਨੂੰ ਇਹ ਨਾਹਰਾ ''ਜੈ ਹਿੰਦ'' ਜਾਂ ''ਜੈ ਭਾਰਤ'' ਵਰਗਾ ਹੀ ਲੱਗਦਾ ਹੈ।
ਪਰ ਸੰਘ ਲਾਣਾ ਉਪਰੋਕਤ ਸੋਚ ਨੂੰ ''ਇਲਾਕਾਈ ਕੌਮਵਾਦ'' ਦਾ ਨਾਂ ਦਿੰਦਿਆਂ ਇਸ ਨੂੰ ਪਿਛਾਖੜੀ ਵਿਚਾਰ ਸਮਝਦਾ ਹੈ। ਇਸ ਲਾਣੇ ਮੁਤਾਬਕ ''ਇਲਾਕਾਈ ਕੌਮਵਾਦ'' ਦੇ ਪਿਛਾਖੜੀ ਵਿਚਾਰ ਨੇ 1947 ਤੋਂ ਪਹਿਲਾਂ ਬਰਤਾਨਵੀ ਸਾਮਰਾਜੀਆਂ ਖਿਲਾਫ ਚੱਲੀ ਆਜ਼ਾਦੀ ਦੀ ਲੜਾਈ ਦੌਰਾਨ ਸਿਰ ਚੁੱਕਿਆ ਸੀ, ਜਦੋਂ ਕੁੱਝ ਲੋਕਾਂ/ਸਿਆਸੀ ਪਾਰਟੀਆਂ ਵੱਲੋਂ ਬਰਤਾਨਵੀ ਬਸਤੀਵਾਦ ਖਿਲਾਫ ਸਾਂਝੀ ਲੜਾਈ ਦੇ ਨਾਂ ਹੇਠ ਮੁਲਕ ਅੰਦਰ ਰਹਿੰਦੇ ਸਭਨਾਂ ਧਰਮਾਂ (ਹਿੰਦੂ, ਮੁਸਲਮਾਨ, ਇਸਾਈ, ਸਿੱਖ, ਜੈਨੀ, ਪਾਰਸੀ ਆਦਿ) ਦੇ ਲੋਕਾਂ ਨੂੰ ਭਾਰਤੀ ਰਾਸ਼ਟਰ/ਕੌਮ ਦੇ ਅੰਗ ਕਰਾਰ ਦਿੱਤਾ ਗਿਆ ਸੀ ਅਤੇ ਇਸ ਮੁਲਕ ਨੂੰ ਸਭਨਾਂ ਧਰਮਾਂ ਦੇ ਲੋਕਾਂ ਨੂੰ ਸਮੋਂਦੀ ਭਾਰਤੀ ਕੌਮ/ਰਾਸ਼ਟਰ ਦੀ ਜਨਮਭੂਮੀ/ਮਾਤਭੂਮੀ ਵਜੋਂ ਉਭਾਰਿਆ ਗਿਆ ਸੀ। ਸੰਘ ਲਾਣੇ ਮੁਤਾਬਕ ਬਸਤੀਵਾਦ ਖਿਲਾਫ ਮੁਲਕ ਦੇ ਲੋਕਾਂ ਦੀ ਸਾਂਝ ਉਸਾਰਨ ਦੇ ਨਾਂ ਹੇਠ ਇਹ ਇੱਕ ਗੰਭੀਰ ਅਤੇ ਪਿਛਾਖੜੀ ਭਟਕਣ ਸੀ ਅਤੇ ''ਹਿੰਦੂ ਰਾਸ਼ਟਰ/ਕੌਮ'' ਨਾਲ ਗ਼ਦਾਰੀ ਸੀ। ਹਿੰਦੂਤਵਾ ਅਤੇ ਦੋ ਕੌਮਾਂ ਦੇ ਸਿਧਾਂਤ ਦੇ ਝੰਡਾਬਰਦਾਰ ਵੀਰ ਦਾਮੋਦਰ ਸਾਵਰਕਾਰ ਵੱਲੋਂ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਵਜੋਂ 1937 ਵਿੱਚ ਅਹਿਮਦਾਬਾਦ ਵਿਖੇ ਇਸਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਸੀ ਕਿ ''ਬਹੁਤ ਸਾਰੇ ਬਚਗਾਨਾ ਸਿਆਸਤਦਾਨ ਇਹ ਮੰਨ ਕੇ ਗੰਭੀਰ ਗਲਤੀ ਕਰਦੇ ਹਨ ਕਿ ਭਾਰਤ ਪਹਿਲੋਂ ਹੀ ਇੱਕਸੁਰ ਕੌਮ ਵਿੱਚ ਗੁੰਦਿਆ ਹੋਇਆ ਹੈ ਜਾਂ ਇਸ ਨੂੰ ਅਜਿਹੀ ਇੱਛਾ ਤਹਿਤ ਇੱਕਸੁੱਰ ਕੌਮ ਵਿੱਚ ਗੁੰਦਿਆ ਜਾ ਸਕਦਾ ਹੈ। ਸਾਡੇ ਇਹ ਨੇਕ-ਦਿਲ ਪਰ ਬੇਅਕਲ ਦੋਸਤ ਆਪਣੇ ਸੁਪਨਿਆਂ ਨੂੰ ਹੀ ਸੱਚ ਸਮਝੀਂ ਬੈਠੇ ਹਨ— ਆਓ ਅਸੀਂ ਨਾਖੁਸ਼ਵਾਰ ਹਕੀਕਤਾਂ ਨੂੰ ਉਵੇਂ ਦੇਖੀਏ ਜਿਵੇਂ ਉਹ ਮੌਜੂਦ ਹਨ। ਭਾਰਤ ਨੂੰ ਅੱਜ ਇੱਕ ਇੱਕਜੁੱਟ ਅਤੇ ਇੱਕਸਾਰ ਕੌਮ ਨਹੀਂ ਮੰਨਿਆ ਜਾ ਸਕਦਾ। ਇਸ ਤੋਂ ਉਲਟ ਭਾਰਤ ਵਿੱਚ ਮੁੱਖ ਤੌਰ 'ਤੇ ਦੋ ਕੌਮਾਂ (ਹਿੰਦੂ ਕੌਮ ਅਤੇ ਮੁਸਲਮਾਨ ਕੌਮ) ਵਸਦੀਆਂ ਹਨ।'' (ਡਾ. ਅੰਬੇਦਕਰ, ਪਾਕਿਸਤਾਨ ਜਾਂ ਭਾਰਤ ਦੀ ਵੰਡ, ਸਫਾ-131)
ਇਸ ਲਈ, ਸਾਵਰਕਾਰ ਅੱਗੇ ਕਹਿੰਦਾ ਹੈ ਕਿ ''ਸਾਨੂੰ ਹਿੰਦੂ ਸੰਗਠਨਵਾਦੀਆਂ ਨੂੰ ਪਹਿਲਾਂ ਸਾਡੀ ਉਸ ਮੌਲਿਕ ਗਲਤੀ, ਮੌਲਿਕ ਸਿਆਸੀ ਗੁਨਾਹ ਨੂੰ ਦਰੁਸਤ ਕਰਨਾ ਚਾਹੀਦਾ ਹੈ, ਜਿਹੜਾ ਸਾਡੇ ਹਿੰਦੂ ਕਾਂਗਰਸੀਆਂ ਵੱਲੋਂ ਭਾਰਤੀ ਕੌਮੀ ਕਾਂਗਰਸ ਦੀ ਲਹਿਰ ਦੇ ਆਗਾਜ਼ ਮੌਕੇ ਬਹੁਤ ਹੀ ਅਣਮੰਨੇ ਮਨ ਨਾਲ ਕੀਤਾ ਗਿਆ ਸੀ ਅਤੇ ਅੱਜ ਤੱਕ ਵੀ ਉਹ ਇੱਕ ਇਲਾਕਾਈ ਭਾਰਤੀ ਕੌਮ ਦੀ ਮ੍ਰਿਗਤ੍ਰਿਸ਼ਨਾ ਪਿੱਛੇ ਦੌੜਦਿਆਂ ਇਹੀ ਗੁਨਾਹ ਕਰਨ ਦੇ ਅਮਲ ਨੂੰ ਜਾਰੀ ਰੱਖ ਰਹੇ ਹਨ ਅਤੇ ਇੱਕ ਇੱਕ-ਦੇਹ ਹਿੰਦੂ ਕੌਮ ਦੇ ਜੀਵਨ ਵਿਕਾਸ ਨੂੰ ਆਪਣੀ ਇਸ ਗੈਰ-ਉਪਜਾਊ ਤਲਾਸ਼ ਦੇ ਰਾਹ ਦਾ ਰੋੜਾ ਸਮਝਦਿਆਂ, ਇਸਦੀ ਸੰਘੀ ਘੁੱਟਣਾ ਚਾਹੁੰਦੇ ਹਨ।'' (ਐਨ.ਜੀ.ਖਰੇ (ਸੰਪਾਦਿਤ) ਹਿੰਦੂ ਰਾਸ਼ਟਰ ਦਰਸ਼ਨ, 1949, ਸਫਾ 63)
ਸੋ, ਉਪਰੋਕਤ ਹਵਾਲਿਆਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਆਰ.ਐਸ.ਐਸ. ਅਤੇ ਉਸਦੀ ਅਗਵਾਈ ਹੇਠਲਾ ਸਮੁੱਚਾ ਸੰਘ ਲਾਣਾ ਭਾਰਤ ਅੰਦਰ ਰਹਿੰਦੇ ਸਮੁੱਚੇ ਲੋਕਾਂ ਨੂੰ ਇੱਕ ਕੌਮ/ਰਾਸ਼ਟਰ— ਭਾਰਤੀ ਕੌਮ— ਵਜੋਂ ਪ੍ਰਵਾਨ ਨਹੀਂ ਕਰਦਾ, ਜਿਵੇਂ ਕਿ 1947 ਤੋਂ ਪਹਿਲੀ ਕੌਮੀ ਆਜ਼ਾਦੀ— ਦੀ ਲੜਾਈ ਦੌਰਾਨ ਅਤੇ ਬਾਅਦ ਵਿੱਚ ਹਿੰਦ ਕਮਿਊਨਿਸਟ ਪਾਰਟੀ ਸਮੇਤ ਸਭਨਾਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਵੱਲੋਂ ਭਾਰਤੀ ਕੌਮ ਦੇ ਸੰਕਲਪ ਨੂੰ ਉਭਾਰਿਆ ਗਿਆ ਸੀ ਅਤੇ ਸਮੁੱਚੇ ਭਾਰਤੀਆਂ ਨੂੰ ਇੱਕ ਕੌਮ— ਭਾਰਤੀ ਕੌਮ— ਦੇ ਅੰਗ ਮੰਨ ਕੇ ਚੱਲਿਆ ਗਿਆ ਸੀ। ਸੰਘ ਲਾਣੇ ਵੱਲੋਂ ਇਸ ਮੁੱਦੇ 'ਤੇ ਵਿਵਾਦ ਕੋਈ ਨਵਾਂ ਤੇ ਤਾਜ਼ਾ ਵਿਵਾਦ ਨਹੀਂ ਹੈ। ਅਸਲ ਵਿੱਚ— ਇਸ ਵਿਵਾਦ ਦੀਆਂ ਜੜ•ਾਂ ਬਹੁਤ ਡੂੰਘੀਆਂ ਅਤੇ ਪੁਰਾਣੀਆਂ ਹਨ।
ਸਭ ਤੋਂ ਪਹਿਲਾਂ ਆਰੀਆ ਸਮਾਜ ਵੱਲੋਂ ਹਿੰਦੂਆਂ ਦੀ ਸ਼ੁਧੀਕਰਨ ਦੀ ਮੁਹਿੰਮ ਚਲਾਈ ਗਈ ਅਤੇ ਆਰੀਆ ਨਸਲ ਦੇ ਉੱਤਮ ਹੋਣ ਦੀ ਫਾਸ਼ੀਵਾਦੀ ਨਸਲਵਾਦੀ-ਫਿਰਕੂ ਸਮਝ ਦਾ ਛੱਟਾ ਦਿੱਤਾ ਗਿਆ। ਆਰੀਆ ਸਮਾਜ ਦੇ ਥੰਮ•, ਲਾਲਾ ਲਾਜਪਤ ਰਾਇ ਵੱਲੋਂ 1899 ਵਿੱਚ ''ਹਿੰਦੁਸਤਾਨ ਰੀਵਿਊ'' ਵਿੱਚ ਛਪੇ ਲੇਖ ਵਿੱਚ ਕਿਹਾ ਗਿਆ ਕਿ ''ਹਿੰਦੂ ਆਪਣੇ ਆਪ ਵਿੱਚ ਇੱਕ ਕੌਮ ਹਨ, ਕਿਉਂਕਿ ਉਹ ਆਪਣੀ ਇੱਕ ਪੂਰੀ ਸੁਰੀ ਸਭਿਅਤਾ ਦੀ ਤਰਜਮਾਨੀ ਕਰਦੇ ਹਨ'' 1923 ਵਿੱਚ ਲਾਲਾ ਲਾਜਪਤ ਰਾਇ ਵੱਲੋਂ ਆਖਿਆ ਗਿਆ ਕਿ ''ਇਹ ਵਿਸ਼ੇਸ਼ ਤੌਰ 'ਤੇ ਸਮਝ ਲੈਣਾ ਚਾਹੀਦਾ ਹੈ ਕਿ ਇਹ ਕੋਈ ਇੱਕਜੁੱਟ ਭਾਰਤ ਨਹੀਂ ਹੈ। ਇਸਦਾ ਮਤਲਬ ਭਾਰਤ ਦੀ ਇੱਕ ਮੁਸਲਿਮ ਭਾਰਤ ਅਤੇ ਗੈਰ-ਮੁਸਲਿਮ ਭਾਰਤ ਦਰਮਿਆਨ ਸਪਸ਼ਟ ਵੰਡ ਬਣਦਾ ਹੈ।''
ਆਰੀਆ ਸਮਾਜ ਅਤੇ ਲਾਲਾ ਲਾਜਪਤ ਰਾਇ ਦੀ ਸਮਝ ਅੱਗੇ ਲਿਜਾਂਦਿਆਂ ਅਤੇ ਇਸ ਨੂੰ ਹਿੰਦੂਤਵ ਦੇ ਸਿਧਾਂਤ ਵਜੋਂ ਪੇਸ਼ ਕਰਦਿਆਂ, ਸਾਵਰਕਾਰ ਵੱਲੋਂ ਇਸ ਨੂੰ ਇੱਕ ਪੂਰੀ ਸੂਰੀ ਹਿੰਦੂ ਫਿਰਕੂ ਫਾਸ਼ੀ ਵਿਚਾਰਧਾਰਾ ਦਾ ਰੂਪ ਦਿੱਤਾ ਗਿਆ। ਅੱਗੇ ਆਰ.ਐਸ.ਐਸ. ਦੇ ਬਾਨੀ ਮੁਖੀ ਡਾਕਟਰ ਹੈਡਗੇਵਾਰ ਤੋਂ ਬਾਅਦ 1939 ਵਿੱਚ ਇਸਦੇ ਮੁਖੀ ਬਣੇ ਗੋਲਵਾਲਕਰ ਵੱਲੋਂ ਇਸ ਫਿਰਕੂ ਫਾਸ਼ੀ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਨ ਅਤੇ ਫਿਰਕੂ-ਜਨੂੰਨੀ ਜ਼ਹਿਰ ਵਿੱਚ ਗੜੁੱਚ ਤਰਜਮਾਨੀ ਕਰਨ ਦਾ ਬੀੜਾ ਚੁੱਕਿਆ ਗਿਆ।
1939 ਵਿੱਚ ਆਪਣੇ ਲੇਖ ''ਅਸੀਂ ਜਾਂ ਸਾਡੀ ਕੌਮੀਅਤ ਦੀ ਪ੍ਰੀਭਾਸ਼ਾ'' ਵਿੱਚ ਉਹ ਲਿਖਦਾ ਹੈ ਕਿ ''ਇਸ ਧਰਮ ਦੁਆਰਾ ਜੀਵਨ ਦੇ ਸਭਨਾਂ ਖੇਤਰਾਂ— ਵਿਅਕਤੀਗਤ, ਸਮਾਜਿਕ, ਸਿਆਸੀ, ਰਹਿਨੁਮਾਈ ਹਾਸਲ ਕਰਦਿਆਂ, (ਹਿੰਦੂ -ਸੰਪਾਦਕ) ਨਸਲ ਵੱਲੋਂ ਇੱਕ ਸਭਿਆਚਾਰ ਘੜਿਆ-ਤਰਾਸ਼ਿਆ ਗਿਆ ਹੈ, ਜਿਹੜਾ ਮੁਸਲਮਾਨਾਂ ਅਤੇ ਯੂਰਪੀਨਾਂ ਦੀਆਂ ਭ੍ਰਿਸ਼ਟ ਸਭਿਆਤਾਵਾਂ ਨਾਲ ਨਾਪਾਕ ਸੰਪਰਕ ਦੇ ਬਾਵਜੂਦ ਸੰਸਾਰ ਭਰ ਅੰਦਰ ਸਭ ਤੋਂ ਉੱਤਮ ਹੈ।'' (ਸਫਾ-41) ਉਹ ਅੱਗੇ ਕਹਿੰਦਾ ਹੈ ਕਿ ''ਹਿੰਦੁਸਤਾਨ- ਹਿੰਦੂ ਧਰਮ, ਹਿੰਦੂ ਸਭਿਆਚਾਰ ਅਤੇ ਹਿੰਦੂ ਭਾਸ਼ਾ (ਸੰਸਕ੍ਰਿਤ ਅਤੇ ਉਸ 'ਚੋਂ ਫੁੱਟਦੀਆਂ ਭਾਸ਼ਾਵਾਂ ਦਾ ਪਰਿਵਾਰ) ਕੌਮ ਦੇ ਸੰਕਲਪ ਦਾ ਸਾਕਾਰ ਰੂਪ ਹੈ। ਮੁੱਕਦੀ ਗੱਲ— ਹਿੰਦੂਸਥਾਨ ਵਿੱਚ ਪ੍ਰਾਚੀਨ ਹਿੰਦੂ ਕੌਮ ਦੀ ਹੋਂਦ ਹੈ। ਇਹ ਹੋਂਦ ਕਾਇਮ ਰਹਿਣੀ ਅਤੇ ਰੱਖਣੀ ਚਾਹੀਦੀ ਹੈ। ਹਿੰਦੂ ਕੌਮ ਤੋਂ ਇਲਾਵਾ ਇੱਥੇ ਹੋਰ ਕਿਸੇ ਵੀ ਕੌਮ ਦੀ ਹੋਂਦ ਨਹੀਂ ਰਹਿਣੀ ਚਾਹੀਦੀ। ਉਹਨਾਂ ਸਭਨਾਂ ਲਈ ਜਿਹੜੇ ਕੌਮੀ ਅਰਥਾਤ ਹਿੰਦੂ ਨਸਲ, ਧਰਮ, ਸਭਿਆਚਾਰ ਅਤੇ ਭਾਸ਼ਾ ਨਾਲ ਸਬੰਧ ਨਹੀਂ ਰੱਖਦੇ- ਹਕੀਕੀ ਕੌਮੀ ਜੀਵਨ ਦੀ ਲਛਮਣ ਰੇਖਾ ਅੰਦਰ ਕੋਈ ਥਾਂ ਨਹੀਂ ਹੈ।''
''ਅਸੀਂ ਫਿਰ ਦੁਹਰਾਉਂਦੇ ਹਾਂ ਕਿ ਹਿੰਦੂਆਂ ਦੀ ਧਰਤੀ-ਹਿੰਦੁਸਤਾਨ ਅੰਦਰ ਹਿੰਦੂ ਕੌਮ ਰਹਿੰਦੀ ਹੈ ਅਤੇ ਇਸ ਨੂੰ ਰਹਿਣਾ ਚਾਹੀਦਾ ਹੈ। ਹਿੰਦੂ ਕੌਮ ਅਧੁਨਿਕ ਸੰਸਾਰ ਵਿੱਚ ਕੌਮ ਦੇ ਵਿਗਿਆਨਕ ਸੰਕਲਪ ਦੀਆਂ ਸਾਰੀਆਂ ਪੰਜੇ ਜ਼ਰੂਰਤਾਂ 'ਤੇ ਪੂਰੀ ਉੱਤਰਦੀ ਹੈ। ਨਤੀਜੇ ਵਜੋਂ ਉਹੀ ਲਹਿਰਾਂ ਖਰੀਆਂ ''ਕੌਮੀ'' ਲਹਿਰਾਂ ਹਨ, ਜਿਹੜੀਆਂ ਹਿੰਦੂ ਕੌਮ ਨੂੰ ਮੁੜ-ਉਸਾਰਨ, ਮੁੜ-ਤਾਕਤਵਰ ਬਣਾਉਣ ਅਤੇ ਇਉਂ, ਇਸ ਨੂੰ ਮੌਜੂਦਾ ਸਥਿਲ ਅਵਸਥਾ ਤੋਂ ਮੁਕਤ ਕਰਨ ਵੱਲ ਸੇਧਤ ਹਨ। ਸਿਰਫ ਤੇ ਸਿਰਫ ਉਹੀ ਕੌਮਵਾਦੀ ਦੇਸ਼ਭਗਤ ਹਨ, ਜਿਹੜੇ ਆਪਣੇ ਦਿਲਾਂ ਵਿੱਚ ਸਮੋਈ ਹਿੰਦੂ ਨਸਲ ਅਤੇ ਹਿੰਦੂ ਦੀ ਕੌਮੀ ਸ਼ਾਨੋ-ਸ਼ੌਕਤ ਨੂੰ ਚਾਰ ਚੰਨ ਲਾਉਣ ਦੀ ਤਾਂਘ ਨੂੰ ਲੈ ਕੇ ਸਰਗਰਮੀ ਵਿੱਚ ਕੁੱਦਦੇ ਹਨ ਅਤੇ ਇਸ ਨਿਸ਼ਾਨੇ ਦੀ ਪੂਰਤੀ ਲਈ ਖਪਦੇ ਹਨ। ਬਾਕੀ ਕੌਮੀ ਕਾਜ ਦੇ ਗ਼ਦਾਰ ਅਤੇ ਦੁਸ਼ਮਣਾਂ ਵਿੱਚ ਸ਼ੁਮਾਰ ਹਨ ਜਾਂ ਮਿਹਰ ਦੀ ਨਜ਼ਰੀਂ ਦੇਖਿਆਂ, ਉਹ ਮੂਰਖ ਹਨ।'' (ਉਹੀ, ਸਫਾ 43-44)
ਸੋ, ਗੋਲਵਾਲਕਰ ਦੇ ਹਿੰਦੂਤਵ ਦੇ ਸਿਧਾਂਤ ਅਨੁਸਾਰ ਹਿੰਦੂ ਧਰਮ ਦੇ ਲੋਕ ਹੀ ਹਿੰਦੂ ਕੌਮ ਹਨ। ਸਿੱਖ, ਹਿੰਦੂ ਕੌਮ ਅਤੇ ਹਿੰਦੂ ਧਰਮ ਦਾ ਅੰਗ ਹਨ। ਬਾਕੀ ਸਭ ਧਰਮਾਂ— ਮੁਸਲਮਾਨਾਂ, ਇਸਾਈਆਂ, ਪਾਰਸੀ, ਜੈਨ, ਬੋਧੀ, ਯਹੂਦੀ ਦੇ ਲੋਕ ਹਿੰਦੂ ਕੌਮ ਤੋਂ ਪਰਾਏ ਹਨ ਅਤੇ ਵਿਦੇਸ਼ੀ ਹਨ। ਇਹਨਾਂ ਘੱਟਗਿਣਤੀ ਧਾਰਮਿਕ ਭਾਈਚਾਰਿਆਂ ਦੀ ਹੋਣੀ ਬਾਰੇ ਗੱਲ ਕਰਦਿਆਂ, ਗੋਲਵਾਲਕਰ ਫੁਰਮਾਉਂਦਾ ਹੈ ਕਿ ''ਇਹਨਾਂ ਵਿਦੇਸ਼ੀ ਅਨਸਰਾਂ ਲਈ ਸਿਰਫ ਦੋ ਰਾਹ ਹੀ ਖੁੱਲ•ੇ ਹਨ; ਜਾਂ ਤਾਂ ਉਹਨਾਂ ਨੂੰ ਹਿੰਦੂ ਨਸਲ ਨਾਲ ਆਤਮਸਾਤ ਕਰਨਾ ਅਤੇ ਇਸਦੇ ਸਭਿਆਚਾਰ ਨੂੰ ਅਪਣਾਉਣਾ ਹੋਵੇਗਾ ਜਾਂ ਫਿਰ ਜਦੋਂ ਤੱਕ ਕੌਮੀ ਨਸਲ ਆਗਿਆ ਦਿੰਦੀ ਹੈ, ਓਨਾ ਚਿਰ ਉਸਦੇ ਰਹਿਮੋਕਰਮ 'ਤੇ ਰਹਿਣਾ ਪਵੇਗਾ ਅਤੇ ਕੌਮੀ ਨਸਲ ਦੀ ਇੱਛਾ 'ਤੇ ਮੁਲਕ ਛੱਡਣਾ ਹੋਵੇਗਾ। ਘੱਟ-ਗਿਣਤੀ ਸਮੱਸਿਆ ਬਾਰੇ ਇਹੀ ਇੱਕ ਸਹੀ ਵਿਚਾਰ ਹੈ। ਇਹੀ ਇੱਕ ਤਰਕਸ਼ੀਲ ਅਤੇ ਦਰੁਸਤ ਹੱਲ ਹੈ। ਇਹੀ ਕੌਮੀ ਜੀਵਨ ਨੂੰ ਸਿਹਤਮੰਦ ਅਤੇ ਗੜਬੜ-ਰਹਿਤ ਰੱਖਦਾ ਹੈ। ਸਿਰਫ ਇਹੀ ਕੌਮ ਨੂੰ ਇਸਦੀ ਸਿਆਸੀ ਦੇਹ ਵਿੱਚ ਰਾਜ ਅੰਦਰ ਰਾਜ ਸਿਰਜਣ ਦੇ ਵਿਕਸਤ ਹੋ ਰਹੇ ਕੈਂਸਰ ਦੇ ਖਤਰੇ ਤੋਂ ਬਚਾਅ ਕਰਦਾ ਹੈ। ਪੁਰਾਣੀਆਂ ਹੁਸ਼ਿਆਰ ਕੌਮਾਂ ਦੇ ਤਜਰਬੇ ਦੁਆਰਾ ਦਰੁਸਤ ਸਾਬਤ ਕੀਤੇ ਹੋਏ ਇਸ ਨੁਕਤਾਨਜ਼ਰ ਮੁਤਾਬਕ ਹਿੰਦੂਸਥਾਨ ਵਿਚਲੀਆਂ ਵਿਦੇਸ਼ੀ ਨਸਲਾਂ ਨੂੰ ਜਾਂ ਤਾਂ ਹਿੰਦੂ ਸਭਿਆਚਾਰ ਅਤੇ ਭਾਸ਼ਾ ਅਪਣਾਉਣੀ ਚਾਹੀਦੀ ਹੈ, ਹਿੰਦੂ ਧਰਮ ਦਾ ਸਤਿਕਾਰ ਕਰਨ ਅਤੇ ਇਸ ਪ੍ਰਤੀ ਸ਼ਰਧਾ-ਭਾਵ ਰੱਖਣਾ ਚਾਹੀਦਾ ਹੈ, ਹਿੰਦੂ ਨਸਲ ਅਤੇ ਸਭਿਆਚਾਰ ਯਾਨੀ ਹਿੰਦੂ ਕੌਮ ਦੀ ਜੈ ਜੈਕਾਰ ਕਰਨ ਤੋਂ ਸਿਵਾਏ ਹੋਰ ਵਿਚਾਰਾਂ ਨੂੰ ਦਿਲ 'ਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਹਿੰਦੂ ਨਸਲ ਨਾਲ ਆਤਮਸਾਤ ਹੋਣ ਲਈ ਆਪਣੇ ਵੱਖਰੇ ਵਜੂਦ ਨੂੰ ਤਿਆਗ ਦੇਣਾ ਚਾਹੀਦਾ ਹੈ ਜਾਂ ਹਿੰਦੂ ਕੌਮ ਦੀ ਮੁਕੰਮਲ ਅਧੀਨਗੀ ਤਹਿਤ ਮੁਲਕ ਅੰਦਰ ਰਿਹਾ ਜਾ ਸਕਦਾ ਹੈ, ਪਰ ਉਹਨਾਂ ਵੱਲੋਂ ਤਰਜੀਹੀ ਸਲੂਕ ਦੀ ਤਾਂ ਗੱਲ ਦੂਰ ਰਹੀ, ਹੋਰ ਵੀ ਕਿਸੇ ਤਰ•ਾਂ ਦੀਆਂ ਸਹੂਲਤਾਂ ਅਤੇ ਹੱਕਾਂ ਸਮੇਤ ਨਾਗਰਿਕਤਾ ਦੇ ਹੱਕਾਂ ਦਾ ਦਾਅਵਾ ਨਹੀਂ ਜਤਲਾਇਆ ਜਾਵੇਗਾ। ਘੱਟੋ ਘੱਟ ਉਹਨਾਂ ਵਾਸਤੇ ਅਪਣਾਉਣ ਲਈ ਇਸ ਤੋਂ ਸਿਵਾਏ ਹੋਰ ਕੋਈ ਰਸਤਾ ਨਹੀਂ ਹੈ। ਅਸੀਂ ਇੱਕ ਪ੍ਰਾਚੀਨ ਕੌਮ ਹਾਂ। ਆਓ, ਆਪਾਂ ਉਹੋ ਜਿਹਾ ਸਲੂਕ ਕਰੀਏ, ਜਿਹੋ ਜਿਹਾ ਪ੍ਰਾਚੀਨ ਕੌਮਾਂ ਨੂੰ ਸਾਡੇ ਮੁਲਕ ਵਿੱਚ ਰਹਿਣ ਦੀ ਚੋਣ ਕਰਨ ਵਾਲੀਆਂ ਵਿਦੇਸ਼ੀ ਨਸਲਾਂ ਨਾਲ ਕਰਨਾ ਚਾਹੀਦਾ ਹੈ। (ਸਫਾ 47-48)
ਉਪਰੋਕਤ ਸਤਰਾਂ ਆਰ.ਐਸ.ਐਸ. ਦੀ ਉਸ ਫਿਰਕੂ ਜਨੂੰਨੀ ਅਤੇ ਨਸਲਵਾਦੀ ਫਾਸ਼ੀ ਵਿਚਾਰਧਾਰਾ ਦੇ ਦੀਦਾਰ ਕਰਵਾਉਂਦੀਆਂ ਹਨ, ਜਿਹੜੀ ਇਸ ਮੁਲਕ ਨੂੰ ਸਿਰਫ ਤੇ ਸਿਰਫ ਹਿੰਦੂ ਧਰਮ, ਹਿੰਦੂ ਨਸਲ, ਹਿੰਦੂ ਸਭਿਆਚਾਰ ਅਤੇ ਹਿੰਦੂ ਭਾਸ਼ਾ (ਸੰਸਕ੍ਰਿਤ ਹਿੰਦੀ) ਦੀ ਤਰਜਮਾਨੀ ਕਰਦੀ ਹਿੰਦੂ ਕੌਮ/ਰਾਸ਼ਟਰ ਦਾ ਆਦਿਕਾਲੀਨੀ ਜੱਦੀਪੁਸ਼ਤੀ ਘਰ ਸਮਝਦੀ ਹੈ। ਜਿਸ ਮੁਤਾਬਕ ਬਾਕੀ ਸਭ ਧਰਮਾਂ ਦੇ ਲੋਕ ਵਿਦੇਸ਼ੀ ਹਨ। ਉਹਨਾਂ ਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਹ ਫਾਸ਼ੀ ਵਿਚਾਰਧਾਰਾ ਮੁਲਕ ਅੰਦਰ ਕਿੰਨੀਆਂ ਹੀ ਵੱਖ ਵੱਖ ਕੌਮਾਂ ਤੇ ਆਦਿਵਾਸੀ ਭਾਈਚਾਰਿਆਂ ਦੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਹੈ। ਇਹ ਮੁਲਕ ਨੂੰ ਬਹੁਕੌਮੀ ਮੁਲਕ ਮੰਨਣ ਤੋਂ ਇਨਕਾਰੀ ਹੈ। ਇੱਥੇ ਹੀ ਬੱਸ ਨਹੀਂ। ਇਹ ਫਾਸ਼ੀ ਵਿਚਾਰਧਾਰਾ ਮੁਲਕ ਨੂੰ ਸਿਰਫ ਹਿੰਦੂ ਕੌਮ ਦਾ ਘਰ— ਮੁਲਕ ਮੰਨਣ ਦੀ ਹੀ ਗੱਲ ਨਹੀਂ ਕਰਦੀ, ਇਹ ਮੁਲਕ ਨੂੰ ਉਵੇਂ ਮਾਤਰਭੂਮੀ/ਪਿਤਾਭੂਮੀ ਮੰਨਣ ਤੱਕ ਸੀਮਤ ਨਹੀਂ ਰਹਿੰਦੀ, ਜਿਵੇਂ ਸੰਸਾਰ ਭਰ ਅੰਦਰ ਹੋਰਨਾਂ ਮੁਲਕਾਂ ਦੇ ਲੋਕ ਅਕਸਰ ਆਪੋ ਆਪਣੇ ਮੁਲਕਾਂ ਨੂੰ ਮਾਤਭੂਮੀ/ਪਿਤਾਭੂਮੀ ਕਹਿੰਦੇ ਹਨ। ਇਹ ਇਸ ਮੁਲਕ ਨੂੰ ਮਾਤਰਭੂਮੀ ਤੋਂ ਅੱਗੇ ਪੁੰਨਿਆਭੂਮੀ ਅਤੇ ਪੁੰਨਿਆਭੂਮੀ ਤੋਂ ਅੱਗੇ ਦੇਵੀ ਮਾਂ (ਦੁਰਗਾ/ਕਾਲੀ ਮਾਤਾ) ਬਣਾ ਕੇ ਪੇਸ਼ ਕਰਦੀ ਹੈ। ਇਉਂ, ਭਾਰਤ ਨੂੰ ਹਿੰਦੂ ਮਿਥਿਹਾਸਕ ਚਿੰਨ• ਮੁਹੱਈਆ ਕਰਦਿਆਂ, ਹਿੰਦੂ ਧਰਮ, ਹਿੰਦੂ ਕੌਮ, ਹਿੰਦੂ ਸਭਿਆਚਾਰ ਅਤੇ ਸੰਸਕ੍ਰਿਤ-ਹਿੰਦੀ ਭਾਸ਼ਾ ਦੀ ਗੁੰਦਵੀਂ ਪਛਾਣ ਦੇ ਪਵਿੱਤਰ ਤੇ ਦੈਵੀ ਪ੍ਰਤੀਕ ਵਜੋਂ ਉਭਾਰਦੀ ਹੈ।
ਇਸ ਫਿਰਕੂ-ਫਾਸ਼ੀ ਵਿਚਾਰਧਾਰਾ ਮੁਤਾਬਕ ਭਾਰਤ ਸਿਰਫ ਇੱਕ ਭੁਗੋਲਿਕ ਇਕਾਈ ਹੀ ਨਹੀਂ, ਸਿਰਫ ਇੱਕ ਕੌਮੀ/ਰਾਸ਼ਟਰੀ ਰਾਜ ਹੀ ਨਹੀਂ ਹੈ, ਇਸ ਤੋਂ ਵੀ ਅੱਗੇ ਇਹ ਇੱਕ ਦੈਵੀ-ਇਕਾਈ ਹੈ, ਇੱਕ ਦੇਵੀ ਰੂਪੀ ਮਾਤਾ ਹੈ, ਦੁਰਗਾ ਮਾਤਾ ਹੈ, ਕਾਲੀ ਮਾਤਾ ਹੈ। ਇਸੇ ਕਰਕੇ ਸੰਘ ਲਾਣਾ ਬੈਕਿਮਚੰਦਰ ਚੈਟਰਜੀ ਵੱਲੋਂ ਇਸ ਭਾਰਤ ਮਾਤਾ ਰੂਪੀ ਦੇਵੀ ਮਾਂ, ਦੁਰਗਾ/ਕਾਲੀ ਮਾਂ ਦੀ ਉਸਤੁਤੀ ਵਿੱਚ ਲਿਖੇ ਗਏ ਗੀਤ— ''ਬੰਦੇ ਮਾਤਰਮ'' ਨੂੰ ਭਾਰਤ ਦਾ ਅਸਲੀ ਕੌਮੀ/ਰਾਸ਼ਟਰੀ ਗੀਤ ਮੰਨਦੀ ਹੈ। ''ਬੰਦੇ ਮਾਤਰਮ'' ਦੀਆਂ ਕੁੱਝ ਸਤਰਾਂ ਗਹੁ ਕਰਨ ਯੋਗ ਹਨ:
''ਅਸੀਂ ਥੋਡੀ ਮੂਰਤੀ ਹਰ ਮੰਦਰ ਵਿੱਚ ਸਜਾਉਂਦੇ ਹਾਂ।
ਤੁਸੀਂ ਦਸ ਜੰਗੀ ਹਥਿਆਰਾਂ ਨਾਲ ਲੈਸ ਦੁਰਗਾ ਹੋ,
ਓ ਮਿਹਰਾਂ ਲੱਦੀ ਮਾਂ, ਮਾਇਆਧਾਰੀ, ਹਾਰ-ਸ਼ਿੰਗਾਰ
ਅਤੇ ਗਹਿਣਿਆਂ ਸਜੀ, ਮਿੱਠੀ ਮਿੱਠੀ ਮੁਸਕਰਾਹਟ ਬਿਖੇਰਦੀ ਕਾਲੀ ਮਾਂ''
ਇਉਂ ਬੈਕਿਮਚੰਦਰ ਚੈਟਰਜੀ ਦੇ ''ਬੰਦੇ ਮਾਤਰਮ'' ਵਿੱਚ ਕੌਮਵਾਦੀ ਰਾਸ਼ਟਰਵਾਦ ਹਿੰਦੂ ਧਰਮ ਹੈ, ਦੁਰਗਾ ਮਾਤਾ ਹੈ, ਦੈਵੀ ਮਾਤਾ ਹੈ ਅਤੇ ਪਵਿੱਤਰ ਭਾਰਤ ਮਾਤਾ ਹੈ।
ਅੱਜ ਭਾਜਪਾ ਸਮੇਤ ਸਮੁੱਚੇ ਸੰਘ ਲਾਣੇ ਵੱਲੋਂ ਅਖੌਤੀ ''ਰਾਸ਼ਟਰਵਾਦ'' ਦਾ ਮਤਲਬ ਹੈ— ''ਹਿੰਦੂ ਰਾਸ਼ਟਰਵਾਦ'' ਅਤੇ ''ਭਾਰਤ ਮਾਤਾ ਕੀ ਜੈ'' ਦਾ ਮਤਲਬ ਹੈ, ਇਸ ਅਖੌਤੀ ਹਿੰਦੂ ਰਾਸ਼ਟਰਵਾਦ ਦੀ ''ਮਾਤਰਭੂਮੀ'' ''ਪੁੰਨਿਆਭੂਮੀ'' ''ਦੁਰਗਾ ਮਾਤਾ'', ''ਕਾਲੀ ਮਾਤਾ'' ਯਾਨੀ ਦੈਵੀ ਮਾਂ (ਡੀਵਾਈਨ ਮਦਰ) ਦੀ ਜੈ ਕਹਿਣਾ, ਉਸਤੁਤੀ ਕਰਨਾ।
ਕੌਮ ਦੀ ਸਹੀ ਅਤੇ ਵਿਗਿਆਨਕ ਪ੍ਰੀਭਾਸ਼ਾ
ਲੋਕਾਂ ਦੇ ਉਸ ਸਮੂਹ ਨੂੰ ਕੌਮ ਕਿਹਾ ਜਾਂਦਾ ਹੈ, ਜਿਸਦੀ ਇੱਕ ਸਾਂਝੀ ਬੋਲੀ ਹੋਵੇ, ਇੱਕ ਸਾਂਝਾ ਸਭਿਆਚਾਰ ਹੋਵੇ, ਇੱਕ ਸਾਂਝੀ ਆਰਥਿਕਤਾ ਹੋਵੇ ਅਤੇ ਇੱਕ ਭੂਗੋਲਿਕ ਖਿੱਤਾ ਹੋਵੇ। ਇਹ ਚਾਰ ਸ਼ਰਤਾਂ ਕਿਸੇ ਕੌਮ ਦੇ ਬੁਨਿਆਦੀ ਲੱਛਣ ਬਣਦੇ ਹਨ।
ਸੰਘ ਲਾਣੇ ਦੇ ''ਹਿੰਦੂ ਕੌਮ'' ਦੇ ਨਸਲਵਾਦੀ ਫਿਰਕੂ ਫਾਸ਼ੀ ਸੰਕਲਪ ਨੇ ਕੌਮ ਦੇ ਸੰਕਲਪ ਦਾ ਉਪਰੋਕਤ ਵਿਗਿਆਨਕ ਪੈਮਾਨੇ 'ਤੇ ਪੂਰਾ ਤਾਂ ਕੀ ਉੱਤਰਨਾ ਸੀ, ਸਗੋਂ ਇਸਦੇ ਐਨ ਉਲਟ ਇਹ ਇੱਕ ਪਿਛਾਖੜੀ ਸੰਕਲਪ ਬਣਦਾ ਹੈ।
ਪਹਿਲੀ ਗੱਲ— ਭਾਰਤ ਦੇ ਲੋਕਾਂ ਦੀ ਕੋਈ ਵੀ ਸਾਂਝੀ ਭਾਸ਼ਾ ਨਹੀਂ ਹੈ। ਇੱਥੇ ਵੱਖ ਵੱਖ ਕੌਮਾਂ/ਕੌਮੀਅਤਾਂ, ਕਬੀਲਿਆਂ ਅਤੇ ਭਾਈਚਾਰਿਆਂ ਵੱਲੋਂ ਲੱਗਭੱਗ 200 ਬੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਸੰਘ ਲਾਣਾ ਮਨਮਰਜੀ ਨਾਲ ਜਿਸ ਸੰਸਕ੍ਰਿਤ ਨੂੰ ''ਹਿੰਦੂ ਕੌਮ'' ਦੀ ਮਾਤਭਾਸ਼ਾ ਐਲਾਨ ਕਰ ਰਿਹਾ ਹੈ, ਇਹ ਭਾਸ਼ਾ ਭਾਰਤ ਦੇ ਕਿਸੇ ਇਲਾਕੇ ਦੀ ਤਾਂ ਗੱਲ ਛੱਡੋ, ਕਿਸੇ ਇੱਕ ਪਿੰਡ ਦੀ ਵੀ ਮਾਂ-ਬੋਲੀ ਨਹੀਂ ਹੈ। ਮੁਲਕ ਦੇ ਸਨਅੱਤੀ ਮਜ਼ਦੂਰਾਂ, ਖੇਤ ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ ਅਤੇ ਕਰੋੜਾਂ-ਕਰੋੜ ਕਮਾਊ ਲੋਕਾਂ ਦੀ ਰੋਜ਼ਮਰ•ਾ ਦੀ ਜ਼ਿੰਦਗੀ ਅੰਦਰ ਪ੍ਰਸਪਰ ਆਦਾਨ-ਪ੍ਰਦਾਨ ਦੇ ਸਾਧਨ ਵਜੋਂ ਸੰਸਕ੍ਰਿਤ ਦਾ ਭੋਰਾ ਭਰ ਵੀ ਰੋਲ ਨਹੀਂ ਹੈ, ਜਿਸ ਕਰਕੇ ਇਹ ਕਮਾਊ ਲੋਕਾਂ ਲਈ ਓਪਰੀ ਅਤੇ ਪਰਾਈ ਭਾਸ਼ਾ ਹੈ। ਜਿੱਥੋਂ ਤੱਕ ਹਿੰਦੀ ਦਾ ਸਬੰਧ ਹੈ, ਇਹ ਵੀ ਯੂ.ਪੀ., ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਲੋਕਾਂ ਦੇ ਇੱਕ ਹਿੱਸੇ ਦੀ ਭਾਸ਼ਾ ਹੈ। ਇਸ ਨੂੰ ਭਾਰਤੀ ਹਾਕਮਾਂ ਵੱਲੋਂ ਧੱਕੇ ਨਾਲ ਲੋਕਾਂ 'ਤੇ ਠੋਸਿਆ ਜਾ ਰਿਹਾ ਹੈ। ਸੰਘ ਲਾਣੇ ਵੱਲੋਂ ਸੰਸਕ੍ਰਿਤ ਅਤੇ ਹਿੰਦੀ ਨੂੰ ਅਖੌਤੀ ''ਹਿੰਦੂ ਕੌਮ'' (ਯਾਨੀ ਹਿੰਦੂ ਧਰਮ ਦੇ ਪੈਰੋਕਾਰਾਂ) ਦੀ ਭਾਸ਼ਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਉਂ, ਇਹਨਾਂ ਭਾਸ਼ਾਵਾਂ ਦਾ ਫਿਰਕੂਕਰਨ ਕਰਦਿਆਂ ਅਤੇ ਇਹਨਾਂ ਨੂੰ ਅਧਿਆਤਮਿਕ ਉੱਤਮਤਾ ਦੇ ਰੰਗ ਵਿੱਚ ਪੇਸ਼ ਕਰਦਿਆਂ, ਮੁਲਕ ਅੰਦਰ ਹੋਰਨਾਂ ਭਾਸ਼ਾਵਾਂ ਪ੍ਰਤੀ ਨਫਰਤ ਤੇ ਦੁਰਕਾਰ ਦੀ ਮੰਦਭਾਵਨਾ ਦਾ ਸੰਚਾਰ ਕੀਤਾ ਜਾ ਰਿਹਾ ਹੈ।
ਦੂਜੀ ਗੱਲ— ਸੰਘ ਲਾਣੇ ਵੱਲੋਂ ਖਿੱਚ ਧੂਹ ਕੇ ਅਖੌਤੀ ''ਹਿੰਦੂ ਸਭਿਅਤਾ/ਸਭਿਆਚਾਰ'' ਦਾ ਅਡੰਬਰ ਰਚਿਆ ਜਾ ਰਿਹਾ ਹੈ ਅਤੇ ਇਸ ਮੱਧਯੁੱਗੀ, ਰੂੜ•ੀਵਾਦੀ, ਪਿਛਾਂਹਖਿੱਚੂ, ਨਸਲਵਾਦੀ ਅਤੇ ਫਿਰਕੂ ਕੂੜ-ਕਬਾੜ ਨੂੰ ਮੁਲਕ ਦੇ ਲੋਕਾਂ ਦੀ ਸਾਂਝੀ ਸਭਿਆਚਾਰਕ ਵਿਰਾਸਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਜਦੋਂ ਕਿ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਮੁਲਕ ਭਰ ਅੰਦਰ ਦਰਜਨਾਂ ਕੌਮਾਂ/ਕੌਮੀਅਤਾਂ, ਕਬੀਲਾਈ ਭਾਈਚਾਰਿਆਂ ਦੇ ਵਿਸ਼ੇਸ਼ ਵਜੂਦ (ਡਿਸਟਿੰਕਟ ਐਂਟਟੀਜ਼) ਦੀ ਹੋਂਦ ਹੀ ਇਹ ਤਹਿ ਕਰ ਦਿੰਦੀ ਹੈ ਕਿ ਇਹਨਾਂ ਵਿਸ਼ੇਸ਼ ਵਜੂਦਾਂ ਦੀ ਹੋਂਦ ਦਾ ਆਧਾਰ ਉਹਨਾਂ ਦੀ ਵੱਖੋ ਵੱਖਰੀ ਵਿਸ਼ੇਸ਼ ਪਛਾਣ ਬਣਦੀ ਹੈ। ਸਾਂਝੀ ਬੋਲੀ ਅਤੇ ਸਾਂਝੇ ਸਭਿਆਚਾਰ ਦੇ ਲੱਛਣ ਹੀ ਇਸ ਪਛਾਣ ਨੂੰ ਤਹਿ ਕਰਦੇ ਹਨ, ਇਸ ਪਛਾਣ ਦਾ ਮੂੰਹ-ਮੁਹਾਂਦਰਾ ਬਣਦੇ ਹਨ। ਪੰਜਾਬੀ ਕੌਮ, ਬੰਗਾਲੀ ਕੌਮ, ਤਾਮਿਲ, ਮਲਿਆਲੀ, ਮਰਾਠਾ, ਗੁਜਰਾਤੀ, ਉੜੀਆ, ਨਾਗਾ, ਕਸ਼ਮੀਰੀ ਆਦਿ ਕੌਮਾਂ/ਕੌਮੀਅਤਾਂ ਵਿੱਚ ਨਾ ਬੋਲੀ ਦੀ ਸਾਂਝ ਹੈ ਅਤੇ ਨਾ ਹੀ ਸਭਿਆਚਾਰ ਦੀ। ਮਿਸਾਲ ਵਜੋਂ ਇੱਕ ਪੰਜਾਬੀ ਲਈ ਲਾਹੌਰ ਦੀ ਯਾਤਰਾ ਅਤੇ ਮਦਰਾਸ/ਹੈਦਰਾਬਾਦ/ਅਹਿਮਦਾਬਾਦ ਦੀ ਯਾਦਰਾ ਵਿੱਚ ਵੱਡਾ ਫਰਕ ਹੈ। ਉਸ ਨੂੰ ਲਾਹੌਰ ਵਿੱਚ ਪ੍ਰਸਪਰ ਸੰਚਾਰ ਦੀ ਕੋਈ ਦਿੱਕਤ ਨਹੀਂ ਆਵੇਗੀ, ਓਪਰਾਪਣ ਅਤੇ ਬੇਗਾਨਗੀ ਦਾ ਅਹਿਸਾਸ ਨਹੀਂ ਸਤਾਵੇਗਾ। ਕਿਉਂਕਿ ਲਾਹੌਰ ਪੰਜਾਬੀ ਕੌਮ ਦਾ ਸ਼ਹਿਰ ਹੈ, ਜਿਸਦੀ ਮਾਂ-ਬੋਲੀ ਪੰਜਾਬੀ ਹੈ, ਸਭਿਆਚਾਰ ਪੰਜਾਬੀ ਹੈ। ਪਰ ਕਲਕੱਤਾ/ਹੈਦਰਾਬਾਦ/ਮਦਰਾਸ/ਅਹਿਮਦਾਬਾਦ ਜਾ ਕੇ ਓਪਰੇਪਣ ਅਤੇ ਬੇਗਾਨਗੀ ਦਾ ਅਹਿਸਾਸ ਸਤਾਵੇਗਾ। ਕਿਉਂਕਿ ਉੱਥੇ ਬੇਗਾਨੀਆਂ ਬੋਲੀਆਂ ਅਤੇ ਸਭਿਆਚਾਰਾਂ ਨਾਲ ਵਾਹ ਪਵੇਗਾ।
ਨੋਟ ਕਰਨਯੋਗ ਗੱਲ ਇਹ ਹੈ ਕਿ ਬੋਲੀ ਅਤੇ ਸਭਿਆਚਾਰ ਦਾ ਅਟੁੱਟ ਸਬੰਧ ਹੁੰਦਾ ਹੈ। ਕੌਮੀ ਸਭਿਆਚਾਰ ਦਾ ਅਰਥ— ਖਾਣ-ਪੀਣ, ਪਹਿਨਣ-ਪਚਰਨ, ਗੀਤ-ਸੰਗੀਤ, ਸਾਹਿਤ, ਲੋਕਯਾਨ, ਸਮਾਜਿਕ ਰਸਮਾਂ-ਰਿਵਾਜ, ਸਮਾਜਿਕ-ਇਤਿਹਾਸਕ ਪਿਰਤਾਂ ਨੂੰ ਰੂਪਮਾਨ ਕਰਦੀ ਮਾਨਸਿਕ ਬਣਤਰ ਆਦਿ ਬਣਦਾ ਹੈ। ਇਹ ਕੌਮੀ ਸਭਿਆਚਾਰ ਮੱਧਯੁੱਗੀ ਜਾਗੀਰੂ ਰੂੜ•ੀਵਾਦੀ ਸਭਿਆਚਾਰ ਨਾਲ ਖਹਿ-ਭਿੜ ਕੇ ਅਤੇ ਇਸਨੂੰ ਪਛਾੜ ਕੇ ਉੱਸਰਦਾ ਹੈ। ਯੂਰਪ ਅੰਦਰ ਕੌਮੀ ਸਭਿਆਚਾਰਾਂ ਦੀ ਉਸਾਰੀ ਦਾ ਅਮਲ ਬੁਰਜੂਆ ਜਮਹੂਰੀ ਇਨਕਲਾਬਾਂ ਦੇ ਅਮਲ ਦੇ ਅੰਗ ਵਜੋਂ ਸਿਰੇ ਲੱਗਿਆ ਸੀ। ਸਾਮਰਾਜੀ ਗਲਬੇ ਦੇ ਜੂਲੇ ਹੇਠਲੇ ਭਾਰਤ ਵਰਗੇ ਮੁਲਕਾਂ ਵਿੱਚ ਇਸ ਅਮਲ ਨੇ ਨਵ-ਜਮਹੂਰੀ ਇਨਕਲਾਬਾਂ ਦੇ ਅਮਲ ਦੇ ਅੰਗ ਵਜੋਂ ਸਿਰੇ ਲੱਗਣਾ ਹੈ। ਜਿਸ ਕਰਕੇ ਇਹ ਕੌਮੀ ਸਭਿਆਚਾਰ ਨੇ ਬੁਰਜੂਆਜੀ ਦੀ ਬੁਰਜੂਆ ਵਿਚਾਰਧਾਰਾ ਦੀ ਅਗਵਾਈ ਦੀ ਬਜਾਇ ਮਜ਼ਦੂਰ ਜਮਾਤ ਦੀ ਵਿਗਿਆਨਕ ਵਿਚਾਰਧਾਰਾ ਦੀ ਅਗਵਾਈ ਹੇਠ ਕੌਮੀ ਜਮਹੂਰੀ ਅਤੇ ਵਿਗਿਆਨਕ ਸਭਿਆਚਾਰ ਵਜੋਂ ਵਿਕਸਤ ਹੋਣਾ ਹੈ।
ਉਪਰੋਕਤ ਵਿਆਖਿਆ ਦਿਖਾਉਂਦੀ ਹੈ ਕਿ ਭਾਰਤ ਭਰ ਦੇ ਲੋਕਾਂ ਵਿੱਚ ਨਾ ਬੋਲੀ ਦੀ ਸਾਂਝ ਹੈ, ਨਾ ਹੀ ਸਭਿਆਚਾਰ ਦੀ ਸਾਂਝ ਹੈ। ਵੱਖ ਵੱਖ ਕੌਮਾਂ/ਕੌਮੀਅਤਾਂ, ਕਬੀਲਿਆਂ ਦੇ ਭਾਈਚਾਰਿਆਂ ਦੇ ਲੋਕਾਂ ਦੀਆਂ ਬੋਲੀਆਂ ਅਤੇ ਸਭਿਆਚਾਰਾਂ ਵਿੱਚ ਬਹੁਤ ਵੱਡੇ ਵਖਰੇਵੇਂ ਅਤੇ ਪਾੜੇ ਹੀ ਨਹੀਂ ਹਨ, ਉਹ ਇਹਨਾਂ ਨੂੰ ਸਮਝਣ ਤੋਂ ਵੀ ਅਸਮਰੱਥ ਹਨ।
ਪਰ ਇਹ ਫਿਰਕੂ-ਫਾਸ਼ੀ ਸੰਘ ਲਾਣਾ ਹੈ, ਜਿਹੜਾ ਬੋਲੀ ਅਤੇ ਸਭਿਆਚਾਰ ਦੇ ਐਡੇ ਪਾੜਿਆਂ ਦੇ ਬਾਵਜੂਦ, ਧੱਕੇ ਨਾਲ ਮੁਲਕ ਦੇ ਸਭਨਾਂ ਲੋਕਾਂ ਨੂੰ ਅਖੌਤੀ ''ਹਿੰਦੂ ਕੌਮ'' ਦੇ 'ਵਿਹੁ-ਚੱਕਰ' ਵਿੱਚ ਤਾੜਨਾ ਚਾਹੁੰਦਾ ਹੈ। ਸੰਘ ਲਾਣੇ ਦੇ ਇਹ ਸਿਧਾਂਤਕਾਰ ''ਕੌਮਾਂ ਦੀ ਉਤਪਤੀ ਅਤੇ ਵਿਕਾਸ'' ਸਬੰਧੀ ਸਭੇ ਵਿਗਿਆਨਕ ਅਤੇ ਤਰਕਸ਼ੀਲ ਇਤਿਹਾਸਕ ਖੋਜਾਂ, ਪ੍ਰਮਾਣਾਂ ਅਤੇ ਤੱਥਾਂ-ਸਬੂਤਾਂ ਤੋਂ ਅੱਖਾਂ ਮੀਚਦਿਆਂ, ਉਸ ਪ੍ਰਾਚੀਨ ਦੌਰ ਵਿੱਚ ਤਰਕਹੀਣ ਅਤੇ ਅੰਧ-ਵਿਸ਼ਵਾਸ਼ ਦੀ ਪੈਦਾਇਸ਼ ਮਿਥਿਹਾਸ, ਮਨਘੜਤ ਕਥਾ-ਕਹਾਣੀਆਂ ਅਤੇ ਇਤਿਹਾਸ ਦੀ ਤਰੋੜ-ਮਰੋੜ ਰਾਹੀਂ ਅਖੌਤੀ ''ਹਿੰਦੂ ਕੌਮ'' ਦੀ ਕਲਪਤ ਹੋਂਦ ਦਰਸਾਉਣ ਲਈ ਤਿੰਘ ਰਹੇ ਹਨ, ਜਦੋਂ ਕੌਮਾਂ ਦੀ ਉਤਪਤੀ ਦੇ ਵਰਤਾਰੇ ਦੀ ਹੋਂਦ ਨੂੰ ਚਿਤਵਿਆ ਹੀ ਨਹੀਂ ਜਾ ਸਕਦਾ ਸੀ।
ਅਖੌਤੀ ''ਕੌਮਵਾਦ'' ਅਤੇ ''ਭਾਰਤ ਮਾਤਾ ਦੀ ਜੈ'' ਓਹਲੇ ਛੁਪੀ ਸਾਮਰਾਜ-ਭਗਤੀ
ਇਹ ਅਖੌਤੀ ''ਹਿੰਦੂ ਕੌਮਵਾਦ'' ਅਤੇ ''ਭਾਰਤ ਮਾਤਾ ਕੀ ਜੈ'' ਦਾ ਦੰਭੀ ਨਾਹਰਾ ਸੰਘ ਲਾਣੇ ਅਤੇ ਬਰਤਾਨਵੀਂ ਸਾਮਰਾਜੀ ਹਾਕਮਾਂ ਦੇ ਨਜਾਇਜ਼ ਸਬੰਧਾਂ ਦੀ ਪੈਦਾਇਸ਼ ਹੈ। ਅੰਗਰੇਜ਼ ਹਾਕਮਾਂ ਤੋਂ ਮੁਆਫੀ ਮੰਗ ਕੇ ਜੇਲ• ਤੋਂ ਬਾਹਰ ਆਏ ਅਤੇ ਫਿਰਕੂ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਸਜੇ ਵੀਰ ਸਾਵਰਕਾਰ ਦਾ ਕਹਿਣਾ ਹੈ ਕਿ ''ਅਸੀਂ ਕੌਮੀ ਮੁੜ-ਉਥਾਨ ਲਈ ਖੜ•ਦੇ ਹਾਂ, ਨਾ ਕਿ ਸਿਆਸੀ ਅਧਿਕਾਰਾਂ— ਰਾਜ— ਦੀ ਊਲ-ਜਲੂਲ ਪੰਡ ਲਈ। ਅਸੀਂ ਸਵਰਾਜ ਚਾਹੁੰਦੇ ਹਾਂ। ਪਰ ਸਾਨੂੰ ਚੰਗੀ ਤਰ•ਾਂ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਵੈ ਦਾ ਮਤਲਬ ਕੀ ਹੈ? ਇਸ ਦਾ ਮਤਲਬ ਹੈ— 'ਸਾਡੀ ਬਾਦਸ਼ਾਹਤ''। ਅਸੀਂ ਕੌਣ ਹਾਂ? ਇਹੀ ਸੁਆਲ ਹੈ, ਜਿਹੜਾ ਇਸ ਸਮੇਂ ਸਭ ਤੋਂ ਵੱਧ ਅਹਿਮ ਹੈ। ਇਸ ਮੰਤਵ ਲਈ, ਸਾਨੂੰ ਸੰਸਾਰ ਅੰਦਰ ਪ੍ਰਵਾਨਤ ਕੌਮ ਦੇ ਸੰਕਲਪ ਬਾਰੇ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਸਮਝਣਾ ਚਾਹੀਦਾ ਹੈ ਅਤੇ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਹਕੀਕਤ ਵਿੱਚ ਇਸ 'ਤੇ ਕਿੰਨਾ ਕੁ ਸਹੀ ਉੱਤਰਦੇ ਹਾਂ? ਜੇਕਰ ਅਸੀਂ ਇਹ ਵਿਸ਼ਲੇਸ਼ਣ ਨਹੀਂ ਕਰਦੇ ਅਤੇ ਇਹ ਨਹੀਂ ਸੋਚਦੇ ਕਿ ਇਹ ਪਥਭ੍ਰਿਸ਼ਟ ਭਟਕਣ ਕਿਵੇਂ ਤੇ ਕਿਉਂ ਉਚਿਤ ਹੈ? ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡੇ ਲਈ ਕੌਮੀ ਮੁੜ-ਉਥਾਨ ਲਈ ਜੱਦੋਜਹਿਦ ਵਿੱਚ ਸੰਸਾਰਵਿਆਪੀ ਸੰਕਲਪ ਨੂੰ ਸਾਡੇ ਮਾਮਲੇ ਵਿੱਚ ਲਾਗੂ ਕਰਦਿਆਂ ਕੌਮ ਦਾ ਵਿਚਾਰ ਕੀ ਅਰਥ ਰੱਖਦਾ ਹੈ। ਅਸੀਂ ਸਾਡੇ ਕਿਸੇ ਇੱਕ ਨੁਕਤਾਨਜ਼ਰ ਦੀ ਥਾਂ ਵਧੇਰੇ ਦ੍ਰਿਸ਼ਟੀਕੋਨਾਂ ਤੋਂ ਦੇਖਾਂਗੇ। (ਧਨੰਜੇ ਕੀਰ, ਵੀਰ ਸਾਵਰਕਾਰ, ਸਫਾ 527)
ਸੋ, ਸਾਵਰਕਾਰ ਵੱਲੋਂ ਬਸਤੀਵਾਦ ਅੰਗਰੇਜ਼ ਹਾਕਮਾਂ ਤੋਂ ਮੁਲਕ ਨੂੰ ਮੁਕਤ ਕਰਵਾਉਣ ਲਈ ਚੱਲਦੀਆਂ ਸਭਨਾਂ ਖਰੀਆਂ ਸਾਮਰਾਜ-ਵਿਰੋਧੀ ਜੱਦੋਜਹਿਦਾਂ ਨੂੰ ਗਲਤ ਅਤੇ ਪਥਭ੍ਰਿਸ਼ਟ ਭਟਕਣ ਕਰਾਰ ਦਿੰਦਿਆਂ, ''ਹਿੰਦੂਤਵ'' ਦੀ ਫਿਰਕੂ-ਫਾਸ਼ੀ ਸੋਚ ਦੇ ਲੜ ਲੱਗਣ ਨੂੰ ਅਤੇ ''ਹਿੰਦੂ ਕੌਮ'' ਦੇ ਮੁੜ-ਉਥਾਨ ਨੂੰ ਸਭ ਤੋਂ ਪਵਿੱਤਰ ਅਤੇ ਅਹਿਮ ਕਾਰਜ ਵਜੋਂ ਉਭਾਰਿਆ ਹੈ ਤਾਂ ਕਿ ''ਹਿੰਦੂ ਕੌਮ'' ''ਹਿੰਦੂ ਨਸਲ'' ਦੀ ਇੱਕ ਧਰਮ, ਇੱਕ ਨਸਲ, ਇੱਕ ਬੋਲੀ ਅਤੇ ਇੱਕ ਸਭਿਆਚਾਰ 'ਤੇ ਆਧਾਰਤ ''ਬਾਦਸ਼ਾਹਤ'' ਕਾਇਮ ਕੀਤੀ ਜਾ ਸਕੇ।
ਡਾ. ਹੈਡਗੇਵਾਰ ਵੱਲੋਂ ਸਾਵਰਕਾਰ ਅਤੇ ਡਾ. ਮੂੰਜੇ (ਇੱਕ ਫਿਰਕੂ-ਜਨੂੰਨੀ ਕਾਂਗਰਸੀ ਆਗੂ) ਨਾਲ ਡੂੰਘੀ ਸੋਚ-ਵਿਚਾਰ ਤੋਂ ਬਾਅਦ ਆਰ.ਐਸ.ਐਸ. ਦੀ ਸਥਾਪਨਾ ਕੀਤੀ ਗਈ ਅਤੇ ਆਰ.ਐਸ.ਐਸ. ਵੱਲੋਂ ਹਿੰਦੂਤਵ ਦੇ ਏਜੰਡੇ ਨੂੰ ਅੱਗੇ ਲਿਜਾਣ ਦਾ ਅਮਲ ਵਿੱਢਿਆ ਗਿਆ। ਡਾ. ਹੈਡਗੇਵਾਰ ਤੋਂ ਬਾਅਦ ਆਰ.ਐਸ.ਐਸ. ਮੁਖੀ ਗੁਰੂ ਗੋਲਵਾਲਕਰ ਵੱਲੋਂ ਵੀ ਭਾਰਤ ਅੰਦਰ ਸਾਮਰਾਜ ਵਿਰੁੱਧ ਚੱਲਦੀਆਂ ਸਭ ਖਰੀਆਂ/ਖੋਟੀਆਂ ਜੱਦੋਜਹਿਦਾਂ ਨੂੰ ਪਿਛਾਖੜੀ ਕਰਾਰ ਦਿੰਦਿਆਂ, ਸਿਰਫ ਤੇ ਸਿਰਫ ''ਹਿੰਦੂ ਕੌਮ'' ਦੇ ਮੁੜ-ਉਥਾਨ ਲਈ ਕੰਮ ਕਰਨ ਦਾ ਸੱਦਾ ਦਿੱਤਾ ਗਿਆ। ਉਹ ਕਹਿੰਦਾ ਹੈ, ''ਕਾਂਗਰਸ ਦੀ ਅਗਵਾਈ ਹੇਠਲੀ ਦੂਸਰੀ ਲਹਿਰ ਵੱਲੋਂ ਮੁਲਕ 'ਤੇ ਤਬਾਹਕੁੰਨ ਅਤੇ ਨਿਘਾਰਮਈ ਅਸਰ ਪਾਏ ਗਏ। ਪਿਛਲੇ ਦਹਾਕਿਆਂ ਵਿੱਚ ਸਾਡਾ ਮੁਲਕ ਜਿਹਨਾਂ ਦੁਖਾਂਤਾਂ ਅਤੇ ਬੁਰਾਈਆਂ ਦਾ ਸ਼ਿਕਾਰ ਹੋਇਆ ਹੈ ਅਤੇ ਜਿਹੜੀਆਂ ਸਾਡੇ ਕੌਮੀ ਜੀਵਨ ਨੂੰ ਘੁਣ ਵਾਂਗ ਲੱਗੀਆਂ ਹੋਈਆਂ ਹਨ, ਇਹ ਸਿੱਧੀਆਂ ਕਾਂਗਰਸ ਦੀ ਪੈਦਾਇਸ਼ ਹਨ।'' (ਬੰਚ ਆਫ ਥੌਟ, ਸਫਾ 45-46)
ਕਾਂਗਰਸ ਨੂੰ ਦੋਸ਼ੀ ਠਹਿਰਾਉਣ ਦਾ ਆਧਾਰ ਗੋਲਵਾਲਕਰ ਇਹ ਬਣਾਉਂਦਾ ਹੈ ਕਿ ਕਾਂਗਰਸ ਮੁਲਕ ਵਿੱਚ ਵਸਦੇ ਸਭਨਾਂ ਧਰਮਾਂ ਦੇ ਲੋਕਾਂ ਦਾ ''ਸਾਂਝਾ ਮੋਰਚਾ'' ਬਣਾਉਣ ਲਈ ਸਭਨਾਂ ਧਰਮਾਂ ਦੇ ਲੋਕਾਂ ਨੂੰ ''ਭਾਰਤੀ ਕੌਮ'' ਦਾ ਨਾਂ ਦੇਣ ਦਾ ਗੁਨਾਹ ਕਰ ਰਹੀ ਹੈ। ਉਹ ''ਭਾਰਤੀ ਕੌਮ'' ਦੇ ਸੰਕਲਪ ਨੂੰ ਪਿਛਾਖੜੀ ਗਰਦਾਨਦਿਆਂ, ਇਸਦੇ ਮੁਕਾਬਲੇ ''ਹਿੰਦੂ ਕੌਮ'' ਦੇ ਸੰਕਲਪ ਦੇ ਆਧਾਰ 'ਤੇ ''ਹਿੰਦੂ ਕੌਮ'' ਦੇ ਮੁੜ-ਉਥਾਨ ਨੂੰ ਸਭਨਾਂ ਹਿੰਦੂਆਂ ਦੀ ਜ਼ਿੰਦਗੀ ਦਾ ਇੱਕ ਸਿਰਮੌਰ ਮਿਸ਼ਨ ਬਣਾ ਦਿੰਦਾ ਹੈ।
ਇਸ ਤੋਂ ਅੱਗੇ ਉਹ ਭਾਰਤ ਦੇ ਕਮਿਊਨਿਸਟਾਂ ਖਿਲਾਫ ਜ਼ਹਿਰ ਉਗਲਦਿਆਂ ਬੋਲਦਾ ਹੈ ਕਿ ''ਸਾਡੇ ਬਹੁਤ ਸਾਰੇ ਇਨਕਲਾਬੀ ਇਸ (ਰੂਸੀ ਇਨਕਲਾਬ -ਲੇਖਕ) ਤੋਂ ਇੰਨੇ ਪ੍ਰਭਾਵਿਤ ਹੋ ਗਏ ਕਿ ਉਹਨਾਂ ਵੱਲੋਂ ਸਿਰਫ ਕਮਿਊਨਿਸਟ ਵਿਚਾਰਧਾਰਾ ਅਤੇ ਕਮਿਊਨਿਸਟ ਢੰਗ-ਤਰੀਕਿਆਂ 'ਤੇ ਆਧਾਰਤ ਇਨਕਲਾਬ ਲਿਆਉਣ ਬਾਰੇ ਸੋਚਿਆ ਗਿਆ। ਨਤੀਜਾ ਇਹ ਨਿਕਲਿਆ ਕਿ ਜਿਹਨਾਂ ਵੱਲੋਂ ਸਾਡੀ ਆਜ਼ਾਦੀ ਦੇ ਪੁਜਾਰੀਆਂ ਵਜੋਂ ਸਰਗਰਮੀ ਵਿੱਢੀ ਗਈ ਸੀ, ਹੁਣ ਉਹ ਕਮਿਊਨਿਜ਼ਮ ਅਤੇ ਰੂਸੀ ਤੇ ਚੀਨੀ ਲੀਡਰਸ਼ਿੱਪ ਦੇ ਪੁਜਾਰੀ ਬਣਕੇ ਰਹਿ ਗਏ ਹਨ।
ਉਹ ਹੁਣ ਸਾਡੇ ਮੁਲਕ ਨੂੰ ਆਪਣੇ ਆਪ ਤੋਂ ਮੁਕਤ ਕਰਵਾਉਣ ਅਤੇ ਰੂਸ ਜਾਂ ਚੀਨ ਦਾ ਗੁਲਾਮ ਬਣਾਉਣ ਲਈ ਲੜ ਰਹੇ ਹਨ। ਇਸ ਲਈ ਅਸੀਂ ਦੇਖਦੇ ਹਾਂ ਕਿ ਜਿਹੜੇ ਸਾਡੀ ਮਾਤਭੂਮੀ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਲਈ ਤਿਆਰ-ਬਰ-ਤਿਆਰ ਸਨ, ਉਹ ਹੁਣ ਸਾਡੀ ਮਾਤਭੂਮੀ ਨੂੰ ਰੂਸ ਜਾਂ ਚੀਨ ਦੀ ਪਿੱਛਲੱਗ ਬਣਾਉਣ ਲਈ ਉਸੇ ਤਰ•ਾਂ ਜਾਨਾਂ ਵਾਰਨ ਵਾਸਤੇ ਤਿਆਰ-ਬਰ-ਤਿਆਰ ਹਨ। ਉਹ ਜਿਹੜੇ ਕਿਸੇ ਵੇਲੇ ਮੱਚੂੰ ਮੱਚੂੰ ਕਰਦੇ ਸਵਦੇਸ਼ਭਗਤ ਹੁੰਦੇ ਸਨ, ਹੁਣ ਮੱਚੂੰ ਮੱਚੂੰ ਕਰਦੇ ਪਰਦੇਸ਼ਭਗਤ ਬਣ ਗਏ ਹਨ। (ਬੰਚ ਆਫ ਥੌਟ, ਸਫਾ 145)
ਅੱਜ ਵੀ ਆਰ.ਐਸ.ਐਸ. ਅਤੇ ਵਿਦੇਸ਼ੀ-ਦੇਸੀ ਕਾਰਪੋਰੇਟ ਗੱਠਜੋੜ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ। ਆਰ.ਐਸ.ਐਸ. ਸਮੇਤ ਸਮੁੱਚੇ ਸੰਘ ਲਾਣੇ ਵੱਲੋਂ ਕਾਰਪੋਰੇਟ ਗਿਰਝਾਂ ਮੂਹਰੇ ਡੰਡਾਉਤ ਬੰਦਨਾ ਕਰਦਿਆਂ, ਮੋਦੀ ਹਕੂਮਤ ਨੂੰ ਮੁਲਕ ਦੀ ਗੱਦੀ 'ਤੇ ਸੁਸ਼ੋਭਤ ਕਰਨ ਦਾ ਥਾਪੜਾ ਹਾਸਲ ਕੀਤਾ ਗਿਆ। ਆਰ.ਐਸ.ਐਸ. ਦੀਆਂ ਸਾਮਰਾਜ ਭਗਤ ਰਵਾਇਤਾਂ 'ਤੇ ਪਹਿਰਾ ਦਿੰਦਿਆਂ, ਜਿੱਥੇ ਮੋਦੀ ਹਕੂਮਤ ਵੱਲੋਂ ਸਾਮਰਾਜ-ਨਿਰਦੇਸ਼ਤ ਨੀਤੀਆਂ ਨੂੰ ਮੁਲਕ ਦੇ ਲੋਕਾਂ 'ਤੇ ਠੋਸਣ ਅਤੇ ਮਿਹਨਤਕਸ਼ ਲੋਕਾਂ ਨੂੰ ਲੁੱਟਣ-ਕੁੱਟਣ ਦੇ ਅਮਲ ਨੂੰ ਤੇਜ਼ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਅਤੇ ਰਾਜ ਦੇ ਵੱਖ ਵੱਖ ਅੰਗਾਂ ਦਾ ਭਗਵਾਂਕਰਨ ਕਰਨ ਦਾ ਅਮਲ ਚਲਾਇਆ ਜਾ ਰਿਹਾ ਹੈ, ਉੱਥੇ ਆਰ.ਐਸ.ਐਸ. ਵੱਲੋਂ ਇੱਕ ਹੱਥ ਮੋਦੀ ਹਕੂਮਤ ਦੀਆਂ ਲੋਕ-ਦੁਸ਼ਮਣ ਨੀਤੀਆਂ ਦੀ ਜੈ ਜੈਕਾਰ ਕਰਨ ਦਾ ਗੁੱਡਾ ਬੰਨਿ•ਆ ਹੋਇਆ ਹੈ, ਦੂਜੇ ਹੱਥ ਆਰ.ਐਸ.ਐਸ. ਦੀ ਛਤਰੀ ਹੇਠਲੀਆਂ ਸਭਨਾਂ ਹਿੰਦੂ ਫਿਰਕਾਪ੍ਰਸਤ ਜਥੇਬੰਦੀਆਂ/ਥੜਿ•ਆਂ ਤੋਂ ਅਖੌਤੀ ''ਕੌਮਵਾਦ'' ਅਤੇ ''ਭਾਰਤ ਮਾਤਾ ਦੀ ਜੈ'' ਦੇ ਧੂਮ-ਧੜੱਕੇ ਓਹਲੇ ਫਿਰਕੂ-ਫਾਸ਼ੀ ਜ਼ਹਿਰ ਉਗਾਲੀ ਦੀ ਮੁਹਿੰਮ ਨੂੰ ਝੋਕਾ ਲਾਉਣ ਦਾ ਅਮਲ ਤੇਜ਼ ਕੀਤਾ ਜਾ ਰਿਹਾ ਹੈ।
ਆਰ.ਐਸ.ਐਸ. ਅਤੇ ਸੰਘ ਲਾਣੇ ਦੀ ਦੰਭੀ ''ਦੇਸ਼ਭਗਤੀ'' ਦਾ ਅਰਥ ਹੈ— ਸਾਮਰਾਜ-ਭਗਤੀ, ਦੰਭੀ ''ਕੌਮਪ੍ਰਸਤੀ'' ਦਾ ਅਰਥ ਹੈ— ਫਿਰਕੂ ਫਾਸ਼ੀ ''ਹਿੰਦੂ ਕੌਮਵਾਦ''— ਅਤੇ ''ਭਾਰਤ ਮਾਤਾ ਕੀ ਜੈ'' ਦੇ ਦੰਭੀ ਨਾਹਰੇ ਦਾ ਅਰਥ ਹੈ— ''ਦੈਵੀ ਮਾਂ'' ''ਦੁਰਗਾ/ਕਾਲੀ ਮਾਂ'' ਰੂਪੀ ''ਪੁੰਨਿਆ ਭੂਮੀ'' ਦੀ ਜੈ। ਹਕੀਕੀ ਦੇਸ਼ਭਗਤੀ, ਹਕੀਕੀ ਕੌਮਵਾਦ ਅਤੇ ਹਕੀਕੀ ਜਨਵਾਦ ਨਾਲ ਇਸ ਸੰਘ ਲਾਣੇ ਦਾ ''ਇੱਟ ਕੁੱਤੇ ਦਾ ਵੈਰ'' ਹੈ।
੦-੦
No comments:
Post a Comment