Monday, 9 May 2016

ਸ਼ਹੀਦ ਕਾਮਰੇਡ ਨਿਧਾਨ ਸਿੰਘ ਘੁਡਾਣੀ ਕਲਾਂ

ਇਨਕਲਾਬੀ ਨਿਹਚਾ ਦੀ ਡਟਵੀਂ ਮਿਸਾਲ ਸਨ
ਸ਼ਹੀਦ ਕਾਮਰੇਡ ਨਿਧਾਨ ਸਿੰਘ ਘੁਡਾਣੀ ਕਲਾਂ

23 ਜੂਨ 2016 ਨੂੰ ਕਾਮਰੇਡ ਨਿਧਾਨ ਸਿੰਘ ਘੁਡਾਣੀ ਕਲਾਂ ਦੀ 25ਵੀਂ ਬਰਸੀ ਹੈ। 1991 ਵਿੱਚ ਇਸ ਰਾਤ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਉਹਨਾਂ ਨੂੰ ਮਜ਼ਦੂਰ ਵਿਹੜੇ ਵਿੱਚੋਂ ਅਗਵਾ ਕਰਕੇ ਪਿੰਡ ਦੇ ਸਕੂਲ ਲਾਗੇ ਇੱਕ ਬੋਹੜ ਨਾਲ ਫਾਂਸੀ ਲਗਾ ਦਿੱਤਾ ਸੀ। 
ਕਾਮਰੇਡ ਨਿਧਾਨ ਸਿੰਘ ਕਮਿਊਨਿਸਟ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਇਸਦੇ ਮੈਂਬਰ ਬਣੇ ਤਾਂ ਇਹ ਕੁੱਝ ਪਾਰਟੀ ਦੀ ਵਿਚਾਰਧਾਰਾ ਅਤੇ ਸਿਆਸਤ ਦੀ ਤਕੜਾਈ ਦਾ ਸਿੱਟਾ ਹੈ। ਉਹਨਾਂ ਨੇ ਅਮਲਾਂ ਰਾਹੀਂਂ ਵੀ ਇੱਥੇ ਜੋ ਕੁੱਝ ਅੱਖੀਂ ਡਿੱਠਾ, ਕੰਨੀ ਸੁਣਿਆ ਤੇ ਹੱਡਂੀਂ ਹੰਢਾਇਆ ਤਾਂ ਉਹਨਾਂ ਨੂੰ ਇਹ ਲੱਗਿਆ ਕਿ ਅਨੇਕਾਂ ਵਿਅਕਤੀ ਧਰਮਾਂ ਦੇ ਬਾਣੇ ਪਾ ਕੇ ਲੁੱਟ-ਖੋਹ ਅਤੇ ਚੌਧਰ ਦੀ ਖਾਤਰ ਪ੍ਰਧਾਨਗੀਆਂ ਨੂੰ ਜੱਫੇ ਪਾਉਣਾ ਚਾਹੁੰਦੇ ਸਨ। ਉਹਨਾਂ ਨੂੰ ਧਰਮਾਂ-ਕਰਮਾਂ ਦੇ ਮੁਕਾਬਲੇ ਦਲੀਲਾਂ ਨਾਲ ਓਤ-ਪੋਤ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਅਤੇ ਵਿਗਿਆਨਕ ਸੂਝ ਨੇ ਕਿਤੇ ਵਧੇਰੇ ਪ੍ਰਭਾਵਿਤ ਕੀਤਾ। ਜਿੱਥੋਂ ਤੱਕ ਸਿਆਸਤ ਦਾ ਸਬੰਧ ਹੈ, ਉਹਨਾਂ ਨੂੰ ਅਕਾਲੀ ਅਤੇ ਕਾਂਗਰਸ ਪਾਰਟੀ ਦੀਆਂ ਲੋਟੂ ਜਮਾਤਾਂ ਦੀ ਸੇਵਾ ਵਾਲੀ ਸਿਆਸਤ ਨੇ ਪਰੇ ਧੱਕਿਆ ਤੇ ਉਹ ਕਿਰਤੀ ਲੋਕਾਂ ਦੀ ਸੇਵਾ ਕਰਨ ਵਾਲੀ ਸਿਆਸਤ ਦੇ ਝੰਡਾਬਰਦਾਰ ਬਣੇ। ਇਹਨਾਂ ਨੇ ਖੁਸ਼ਹੈਸੀਅਤ ਟੈਕਸ ਵਿਰੋਧੀ ਮੋਰਚੇ ਅਤੇ ਪੰਜਾਬੀ ਸੂਬੇ ਦੀ ਕਾਇਮੀ ਲਈ ਮੋਰਚਿਆਂ ਵਿੱਚ ਹਿੱਸਾ ਲਿਆ। ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਣ ਲਈ ਇਹਨਾਂ ਨੂੰ ਤਿਲੰਗਾਨਾ ਅਤੇ ਪੰਜਾਬ ਵਿਚਲੀ ਮੁਜਾਰਾ ਹਥਿਆਰਬੰਦ ਲਹਿਰ ਅਤੇ ਕੌਮਾਂਤਰੀ ਪੱਧਰ 'ਤੇ ਰੂਸੀ ਅਤੇ ਚੀਨੀ ਕਮਿਊਨਿਸਟਾਂ ਵੱਲੋਂ ਹਾਸਲ ਕੀਤੀਆਂ ਜਿੱਤਾਂ ਅਤੇ ਕੀਤੀਆਂ ਪ੍ਰਾਪਤੀਆਂ ਨੇ ਪ੍ਰਭਾਵਿਤ ਕੀਤਾ। 
ਨਕਸਲਬਾੜੀ ਲਹਿਰ ਦੇ ਉਭਾਰ ਦੇ ਸਮੇਂ ਕਾਮਰੇਡ ਨਿਧਾਨ ਸਿੰਘ ਨੇ ਨਾ ਸਿਰਫ ਖਤਰਿਆਂ ਭਰੇ ਸਮਿਆਂ ਵਿੱਚ ਇਸ ਲਹਿਰ ਦੇ ਆਗੂਆਂ ਨੂੰ ਹੀ ਸਾਂਭਿਆ ਬਲਕਿ ਇਹਨਾਂ ਸਿਰ ਜੋ ਵੀ ਜੁੰਮੇਵਾਰੀਆਂ ਆਇਦ ਹੋਈਆਂ ਉਹ ਨਿਭਾਈਆਂ। ਕਾਮਰੇਡ ਨੇ 1970-71 ਦੇ ਸਮਿਆਂ ਵਿੱਚ ਲਹਿਰ ਵਿੱਚ ਕੁਲਵਕਤੀ ਤੁਰਨ ਦਾ ਫੈਸਲਾ ਕੀਤਾ ਤੇ ਇਹਨਾਂ ਨੇ ਜੰਮੂ-ਖੇਤਰ ਵਿੱਚ ਕੁੱਝ ਸਮੇਂ ਲਈ ਜੁੰਮੇਵਾਰੀਆਂ ਨਿਭਾਈਆਂ ਵੀ, ਪਰ ਇਸ ਸਮੇਂ 'ਤੇ ਇਹਨਾਂ ਦੀ ਸਿਹਤ ਦੇ ਵਿਗਾੜ ਅਤੇ ਪਾਰਟੀ ਵਿੱਚ ਟੁੱਟ-ਫੁੱਟ ਦਾ ਦੌਰ ਸ਼ੁਰੂ ਹੋਣ ਕਰਕੇ ਇਹ ਮੁੜ ਆਪਣੇ ਹੀ ਪਿੰਡਾਂ ਵਿੱਚ ਆ ਕੇ ਕੰਮ ਕਰਦੇ ਰਹੇ। ਇਸੇ ਹੀ ਦੌਰ ਵਿੱਚ, ਨਕਸਲਬਾੜੀ ਲਹਿਰ ਨਾਲ ਸਬੰਧ ਰੱਖਣ ਕਰਕੇ ਕਾਮਰੇਡ ਨਿਧਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਗੇੜੇ ਦੀ ਨਹਿਰੀ ਕੋਠੀ ਵਿੱਚ ਲਿਜਾ ਕੇ ਸੀ.ਆਈ.ਏ. ਸਟਾਫ ਨੇ ਇਹਨਾਂ 'ਤੇ ਸਿਰੇ ਦਾ ਤਸ਼ੱਦਦ ਕੀਤਾ ਪਰ ਇਹ ਇਸ ਜਬਰ-ਜ਼ੁਲਮ ਨੂੰ ਸਿਦਕ ਨਾਲ ਝੱਲ ਗਏ ਅਤੇ ਪੁਲਸ, ਪਾਰਟੀ ਦਾ ਕੋਈ ਵੀ ਭੇਦ ਇਹਨਾਂ ਕੋਲੋਂ ਕਢਵਾ ਨਹੀਂ ਸੀ ਸਕੀ। 
ਸੀ.ਪੀ.ਆਈ. ਅਤੇ ਸੀ.ਪੀ.ਐਮ. ਤੋਂ ਲੈ ਕੇ ਬਾਅਦ ਵਿੱਚ ਪਾਰਟੀ ਜਥੇਬੰਦੀਆਂ ਚੱਲਦੇ ਦੋ ਲੀਹਾਂ ਦੇ ਘੋਲਾਂ ਦਰਮਿਆਨ ਕਾਮਰੇਡ ਨਿਧਾਨ ਸਿੰਘ ਮੁਕਾਬਲਤਨ ਸਹੀ ਧਿਰ ਵੱਲ ਖੜਿ•ਆ ਜਾਂਦਾ ਰਿਹਾ। 
ਕਾਮਰੇਡ ਨਿਧਾਨ ਸਿੰਘ ਨੇ ਸ਼ਹਾਦਤ ਤੋਂ ਦੋ ਹਫਤੇ ਪਹਿਲਾਂ ਦੋਰਾਹੇ ਵਿਖੇ ਸ਼ਹੀਦ ਸਾਥੀ ਤਰਸੇਮ ਬਾਵਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਸਮੇਂ ਦੀਆਂ ਚੁਣੌਤੀਆਂ ਨੂੰ ਕਬੂਲਦਾ ਇੱਕ ਜੁਝਾਰੂ ਭਾਸ਼ਣ ਦਿੱਤਾ। ਸਾਥੀ ਨਿਧਾਨ ਸਿੰਘ ਦੇ ਬੋਲ ਨਿਰਦੋਸ਼ ਲੋਕਾਂ ਦੇ ਕਾਤਲ ਖਾਲਿਸਤਾਨੀ ਦਰਿੰਦਿਆਂ ਦੀ ਹਿੱਕ ਵਿੱਚ ਤੀਰਾਂ ਵਾਂਗ ਖੁਭਦੇ ਸਨ ਅਤੇ ਉਹ ਇਹਨਾਂ ਨੂੰ ਖਤਮ ਕਰਨ ਲਈ ਪੱਬਾਂ ਭਾਰ ਹੋਏ ਪਏ ਸਨ। ਇਸ ਤੋਂ ਪਹਿਲਾਂ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਰੌਣਕ ਸਿੰਘ ਚੜੀ ਦੇ ਸ਼ਰਧਾਂਜਲੀ ਸਮਾਗਮ, ਭੋਇੰਪੁਰ ਅਤੇ ਭਮਾਂ ਕਲਾਂ ਆਦਿ ਪਿੰਡਾਂ ਵਿੱਚ ਗੋਲੀ ਕਾਂਡ ਰਚਾਏ ਸਨ। ਕਾਮਰੇਡ ਨਿਧਾਨ ਸਿੰਘ ਭਾਵੇਂ ਇੱਕ ਤਰ•ਾਂ ਦਾ ਅਰਧ-ਗੁਪਤਵਾਸ ਜੀਵਨ ਬਤੀਤ ਕਰਦੇ ਸਨ ਪਰ 23 ਜੂਨ ਦੀ ਰਾਤ ਨੂੰ ਪਿੰਡ ਦੇ ਮਜ਼ਦੂਰ ਵਿਹੜੇ 'ਚੋਂ ਇੱਕ ਘਰ ਵਿੱਚੋਂ ਖਾਲਿਸਤਾਨੀਆਂ ਦੀ ਮਾਰ ਹੇਠ ਆ ਗਏ। ਖਾਲਿਸਤਾਨੀ ਦਰਿੰਦਿਆਂ ਨੇ ਇਹਨਾਂ ਨੂੰ ਫਾਂਸੀ ਲਾ ਕੇ ਇਹ ਭਰਮ ਪਾਲ਼ਿਆ ਸੀ ਕਿ ਅਜਿਹਾ ਕਰਨ ਨਾਲ ਸ਼ਾਇਦ ਸੱਚ ਦੀ ਆਵਾਜ਼ ਨੂੰ ਬੰਦ ਕੀਤਾ ਜਾ ਸਕਦਾ ਹੈ। ਪਰ ਖਾਲਿਸਤਾਨੀ ਫਿਰਕੂ ਜਨੂੰਨੀਆਂ ਦਾ ਭਰਮ, ਭਰਮ ਹੀ ਰਿਹਾ। ਸਾਥੀ ਨਿਧਾਨ ਸਿੰਘ ਦੇ ਸਸਕਾਰ ਮੌਕੇ ਜੁੜੇ ਹਜ਼ਾਰਾਂ ਲੋਕਾਂ ਦੇ ਇਕੱਠ ਨੇ ਉਹਨਾਂ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਦਹਿਸ਼ਤੀ ਮਨਸੂਬਿਆਂ ਦਾ ਮੂੰਹ ਚਿੜਾਇਆ। ਸਾਥੀ ਨਿਧਾਨ ਸਿੰਘ ਦੀ ਸ਼ਹਾਦਤ ਹੋਏ ਨੂੰ ਇੱਕ-ਚੁਥਾਈ ਸਦੀ ਬੀਤ ਗਈ ਹੈ, ਪਰ ਉਹਨਾਂ ਦੇ ਰਾਹ ਦੇ ਪਾਂਧੀ ਉਹਨਾਂ ਦੇ ਅਧੂਰੇ ਕਾਜ਼ ਨੂੰ ਪੂਰਿਆਂ ਕਰਨ ਲਈ, ਠੀਕ ਅਤੇ ਗਲਤ ਦਾ ਨਿਤਾਰਾ ਕਰਦੇ, ਆਪਣੀਆਂ ਮੰਜ਼ਿਲਾਂ ਦੇ ਰਾਹ ਵੱਲ ਅਡੋਲ ਅੱਗੇ ਵਧਦੇ ਜਾ ਰਹੇ ਹਨ। 
—ਨਾਜ਼ਰ ਸਿੰਘ 'ਬੋਪਾਰਾਏ'

No comments:

Post a Comment