Monday, 9 May 2016

ਸਾਥੀ ਸਤਨਾਮ ਸਿੰਘ ਦਾ ਦੁਖਦਾਈ ਵਿਛੋੜਾ

ਸਾਥੀ ਸਤਨਾਮ ਸਿੰਘ ਦਾ ਦੁਖਦਾਈ ਵਿਛੋੜਾ
ਇਹ ਖਬਰ ਇਨਕਲਾਬੀ ਅਤੇ ਲੋਕ-ਦਰਦੀ ਹਲਕਿਆਂ ਲਈ ਭਾਰੀ ਸਦਮੇ ਅਤੇ ਦੁੱਖ ਭਰੀ ਹੈ ਕਿ ਇਨਕਲਾਬੀ ਕਾਫ਼ਲੇ ਦਾ ਇੱਕ ਅੰਗ ਸਾਥੀ ਸਤਨਾਮ ਸਿੰਘ ਪਟਿਆਲਾ ਵਿਖੇ, ਰਣਜੀਤ ਨਗਰ ਵਿਚਲੇ ਆਪਣੇ ਘਰ ਵਿੱਚ ਖੁਦਕੁਸ਼ੀ ਕਰਦਿਆਂ, ਇਸ ਕਾਫ਼ਲੇ 'ਚੋਂ ਸਦਾ ਲਈ ਵਿੱਛੜ ਗਿਆ ਹੈ। ਸਾਥੀ ਸਤਨਾਮ ਨੇ ਸੱਤਰਵਿਆਂ ਦੇ ਸ਼ੁਰੂ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦਾ ਵਿਦਿਆਰਥੀਆਂ ਹੁੰਦਿਆਂ, ਇਨਕਲਾਬੀ ਮਾਰਗ 'ਤੇ ਪੈਰ ਧਰਿਆ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਸਾਬਕਾ ਯੂ.ਸੀ.ਸੀ.ਆਰ.ਆਈ. (ਮਾਰਕਸਵਾਦੀ-ਲੈਨਿਨਵਾਦੀ) ਨਾਮੀ ਕਮਿਊਨਿਸਟ ਜਥੇਬੰਦੀ ਵਿੱਚ ਇੱਕ ਕੁਲਵਕਤੀ ਅਤੇ ਪੇਸ਼ਾਵਰ ਇਨਕਲਾਬੀ ਵਜੋਂ ਕੰਮ ਕਰਦਾ ਰਿਹਾ। 1982 ਤੋਂ ਬਾਅਦ ਉਹ ਵੱਖ ਵੱਖ ਕਮਿਊਨਿਸਟ ਇਨਕਲਾਬੀ ਧਿਰਾਂ ਨਾਲ ਰਲ ਕੇ ਕੰਮ ਕਰਦਾ ਰਿਹਾ। 
ਉਸ ਵੱਲੋਂ ਮਾਓਵਾਦੀ ਲਹਿਰ ਬਾਰੇ ਮਸ਼ਹੂਰ ਸਫ਼ਰਨਾਮਾ ''ਜੰਗਲਨਾਮਾ'' ਲਿਖਿਆ ਗਿਆ। ਉਸ ਵੱਲੋਂ ਸੰਸਾਰ ਪ੍ਰਸਿੱਧ ਨਾਵਲ ਸਪਾਰਟਿਕਸ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਅਤੇ ਜਗਮੋਹਨ ਜੋਸ਼ੀ ਦੀ ਉਰਦੂ ਸ਼ਾਇਰੀ ਦੇ ਸੰਗ੍ਰਹਿ ''ਪੈਮਾਨਾ-ਏ-ਇਨਕਲਾਬ'' ਦਾ ਲਿੱਪੀਅੰਤਰਣ ਵੀ ਕੀਤਾ ਗਿਆ। ਉਸ ਵੱਲੋਂ ਇਨਕਲਾਬੀ ਮਾਸਕ ਰਸਾਲੇ ਪੀਪਲਜ਼ ਮਾਰਚ, ਜਮਹੂਰੀ ਪਰਚਿਆਂ, ਪੀਪਲਜ਼ ਰੈਜਿਸਟੈਂਸ, ਜਨ-ਪ੍ਰਤੀਰੋਧ ਅਤੇ ਇਨਕਲਾਬੀ ਦੋ ਮਾਸਿਕ ਪਰਚੇ ਸੁਲਘਦੇ ਪਿੰਡ ਅਤੇ ਲੋਕ ਕਾਫ਼ਲਾ ਦੇ ਸੰਪਾਦਕੀ ਮੰਡਲਾਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ ਗਈ। 
ਇਨਕਲਾਬੀ ਕਾਜ਼ ਨੂੰ ਪ੍ਰਣਾਏ ਅਤੇ ਇੱਕ ਜ਼ਹੀਨ ਸਖਸ਼ੀਅਤ ਦੇ ਮਾਲਕ ਸਾਥੀ ਸਤਨਾਮ ਦਾ ਇਨਕਲਾਬੀ ਲਹਿਰ ਦੇ ਵਿਹੜੇ 'ਚੋਂ ਸਦਾ ਲਈ ਤੁਰ ਜਾਣਾ ਇੱਕ ਅਤਿਅੰਤ ਦੁਖਦਾਈ ਘਟਨਾ ਹੈ। ਉਹ ਅਣਹੋਣੀ ਮੌਤ ਨੂੰ ਗਲਵੱਕੜੀ ਪਾਉਣ ਦੀ ਖੁਦ ਚੋਣ ਕਰਦਿਆਂ, ਉਹਨਾਂ ਸਾਰਿਆਂ ਲਈ ਇੱਕ ਸੁਆਲ ਛੱਡ ਗਿਆ ਹੈ, ਜਿਹੜੇ ਇਸ ਪਿਛਾਖੜੀ ਨਿਜ਼ਾਮ ਦੀ ਇਨਕਲਾਬੀ ਕਾਇਆਪਲਟੀ ਲਈ ਯਤਨਸ਼ੀਲ ਹਨ। ਅਦਾਰਾ ਸੁਰਖ਼ ਰੇਖਾ ਉਸਦੇ ਇਨਕਲਾਬੀ ਸੰਗੀ-ਸਾਥੀਆਂ, ਪਰਿਵਾਰ ਅਤੇ ਸਨੇਹੀਆਂ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ। 

No comments:

Post a Comment