Monday, 16 May 2016

ਧਾਰਮਿਕ ਘੱਟ-ਗਿਣਤੀਆਂ ਨਾਲ ਧੱਕੇ-ਵਿਤਕਰੇ ਦੇ ਸੁਆਲ

ਭਾਰਤੀ ਹਾਕਮ ਜਮਾਤਾਂ ਅਤੇ ਰਾਜ ਵੱਲੋਂ

ਸਿੱਖਾਂ ਸਮੇਤ ਹੋਰਨਾਂ
ਧਾਰਮਿਕ ਘੱਟ-ਗਿਣਤੀਆਂ ਨਾਲ ਧੱਕੇ-ਵਿਤਕਰੇ ਦੇ ਸੁਆਲ ਬਾਰੇ

'ਸੁਰਖ਼ ਲੀਹ' ਦੀ
ਹਾਕਮਪ੍ਰਸਤ
ਸਮਝ ਦੇ ਦੀਦਾਰ -1


ਸੁਰਖ਼ ਰੇਖਾ ਪ੍ਰਕਾਸ਼ਨ

ਮਈ, 2016      ਸਹਾਇਤਾ ਰਾਸ਼ੀ: 10 ਰੁਪਏ
'ਸੁਰਖ਼ ਲੀਹ' ਦੀ ਹਾਕਮਪ੍ਰਸਤ ਸਮਝ ਦੇ ਦੀਦਾਰ 
''ਸੁਰਖ਼ ਲੀਹ'' ਵੱਲੋਂ ਇੱਕ ਧਾਰਮਿਕ ਘੱਟ-ਗਿਣਤੀ ਵਜੋਂ ਸਿੱਖ ਫਿਰਕੇ ਨਾਲ ਧੱਕੇ ਵਿਤਕਰੇ ਦੇ ਸੁਆਲ ਬਾਰੇ ਸਾਬਕਾ ''ਜਨਤਕ ਲੀਹ'' ਪਰਚੇ ਵਿੱਚ 1989 ਵਿੱਚ ਛਪੀ ਹੋਈ ਲਿਖਤ ਮੁੜ ਛਾਪੀ ਗਈ ਹੈ। ਇਸ ਲਿਖਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ''ਸਿੱਖ ਧਾਰਮਿਕ ਫਿਰਕਾ ਬਹੁਗਿਣਤੀ ਹਿੰਦੂ ਫਿਰਕੇ ਦੇ ਦਾਬੇ ਅਧੀਨ ਜਿਉਂ ਰਿਹਾ, ਦਬਾਇਆ, ਲਤਾੜਿਆ ਗ਼ੁਲਾਮ ਫਿਰਕਾ'' ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਉੱਤੇ ਹਿੰਦੂਆਂ ਦਾ ਕੋਈ ਵੀ ਆਰਥਿਕ, ਸਮਾਜਿਕ, ਸਿਆਸੀ ਅਤੇ ਸਭਿਆਚਾਰਕ ਦਾਬਾ ਨਹੀਂ ਹੈ। 
ਉਹਨਾਂ ਦਾ ਦਾਅਵਾ ਹੈ ਕਿ ਸਿੱਖ ਧਾਰਮਿਕ ਘੱਟ ਗਿਣਤੀ ਨਾਲ ਧੱਕੇ-ਵਿਤਕਰੇ ਦੀ ਗੱਲ ਤਾਂ ਦੂਰ ਰਹੀ, ਸਗੋਂ ਇਹ ਇੱਕ ਬਾ-ਸਹੂਲਤ ਫਿਰਕਾ ਹੈ। ਇਸ ਤੋਂ ਅੱਗੇ ਉਹਨਾਂ ਦਾ ਦਾਅਵਾ ਹੈ ਕਿ ਭਾਰਤ ਅੰਦਰ ਕਿਸੇ ਵੀ ਧਾਰਮਿਕ ਘੱਟ ਗਿਣਤੀ ਨਾਲ ਕੋਈ ਧੱਕਾ-ਵਿਤਕਰਾ ਨਹੀਂ ਹੁੰਦਾ। ਭਾਰਤੀ ਰਾਜ ਸਭਨਾਂ ਧਰਮਾਂ ਦੀ ਬਰਾਬਰ ਪੁਸ਼ਤਪਨਾਹੀ ਕਰਦਾ ਹੈ। ਸਭਨਾਂ ਧਰਮਾਂ ਵਿਚਲੀਆਂ ਫਿਰਕਾਪ੍ਰਸਤ ਤਾਕਤਾਂ ਨੂੰ ਇੱਕ-ਦੂਜੇ ਖਿਲਾਫ ਵਰਤਦਿਆਂ, ਆਪ ਨਿਰਪੱਖ ਰਹਿੰਦਾ ਹੈ ਅਤੇ ਆਪਣਾ ਗੈਰ-ਫਿਰਕੂ ਤੇ ਗੈਰ-ਪੱਖਪਾਤ ਸੁਭਾਅ ਕਾਇਮਰੱਖਦਾ ਹੈ ਆਦਿ ਆਦਿ। 
ਸਿੱਖਾਂ ਨਾਲ ਧੱਕੇ-ਵਿਤਕਰੇ ਦੇ ਸੁਆਲ ਦੀ ਪੇਸ਼ਕਾਰੀ
ਅਸਲ ਵਿੱਚ, ਸਿੱਖਾਂ ਨਾਲ (ਹੋਰਨਾਂ ਧਾਰਮਿਕ ਘੱਟਗਿਣਤੀਆਂ ਨਾਲ ਵੀ) ਇੱਕ ਧਾਰਮਿਕ ਘੱਟਗਿਣਤੀ ਵਜੋਂ ਧੱਕੇ-ਵਿਤਕਰੇ ਦੇ ਸੁਆਲ ਨੂੰ ਬਹੁਗਿਣਤੀ ਹਿੰਦੂ ਫਿਰਕੇ ਵੱਲੋਂ ਦਬਾਉਣ-ਲਤਾੜਨ ਅਤੇ ਗੁਲਾਮ ਬਣਾ ਕੇ ਰੱਖਣ ਦੇ ਸੁਆਲ ਵਜੋਂ ਪੇਸ਼ ਕਰਨਾ ਮੂਲੋਂ ਹੀ ਗਲਤ ਅਤੇ ਆਧਾਰਹੀਣ ਹੈ। ਇਹ ਪੇਸ਼ਕਾਰੀ ਫਿਰਕੂ ਅਤੇ ਤੁਅੱਸਬੀ ਸੋਚ ਦੀ ਪੈਦਾਇਸ਼ ਹੈ। 
ਭਾਰਤ ਅੰਦਰ ਵਸੋਂ ਦੀ ਵੱਡੀ ਭਾਰੀ ਬਹੁਗਿਣਤੀ (ਸਰਕਾਰੀ ਸੋਮਿਆਂ ਮੁਤਾਬਕ ਤਕਰੀਬਨ 80 ਫੀਸਦੀ) ਹਿੰਦੂ ਧਰਮ ਨਾਲ ਸਬੰਧਤ ਹੈ। ਬਾਕੀ ਵਸੋਂ ਮੁਸਲਮਾਨ, ਇਸਾਈ, ਸਿੱਖ, ਬੁੱਧ ਆਦਿ ਧਰਮਾਂ ਨਾਲ ਸਬੰਧਤ ਹੈ। ਮੁਲਕ ਅੰਦਰ ਹਿੰਦੂ ਬਹੁਗਿਣਤੀ ਫਿਰਕੇ ਅਤੇ ਹੋਰਨਾਂ ਧਾਰਮਿਕ ਘੱਟਗਿਣਤੀ ਫਿਰਕਿਆਂ ਦਾ ਹੋਣਾ ਇੱਕ ਬਾਹਰਮੁਖੀ ਹਕੀਕਤ ਹੈ। ਬਾਹਰਮੁਖੀ ਹਕੀਕਤ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦਾ ਬਾਹਰਮੁਖੀ ਆਧਾਰ ਤਾਂ ਮੁਹੱਈਆ ਕਰਦੀ ਹੈ, ਪਰ ਆਪਣੇ ਆਪ ਵਿੱਚ ਹੀ ਧੱਕੇ-ਵਿਤਕਰੇ ਦੀ ਉਤਪਤੀ ਦਾ ਸਰੋਤ ਅਤੇ ਕਾਰਨ ਨਹੀਂ ਬਣਦੀ। ਕਹਿਣ ਦਾ ਮਤਲਬ ਇਹ ਹੈ ਕਿ ਸਮਾਜ ਅੰਦਰ ਧਾਰਮਿਕ ਬਹੁਗਿਣਤੀ ਅਤੇ ਘੱਟ ਗਿਣਤੀ ਦਾ ਹੋਣਾ ਹੀ ਇਹ ਤਹਿ ਨਹੀਂ ਕਰਦਾ ਕਿ ਧਾਰਮਿਕ ਘੱਟ ਗਿਣਤੀ ਧਾਰਮਿਕ ਬਹੁਗਿਣਤੀ ਦੇ ਧੱਕੇ-ਵਿਤਕਰੇ ਦਾ ਸ਼ਿਕਾਰ ਹੈ ਜਾਂ ਉਸਦੇ ਗਲਬੇ ਹੇਠ ਵਿਚਰ ਰਹੀ ਹੈ। 1947 ਤੋਂ ਪਹਿਲਾਂ ਅਤੇ ਬਾਅਦ ਦੇ ਮੁਲਕ ਦੇ ਇਤਿਹਾਸ 'ਤੇ ਸਰਸਰੀ ਝਾਤ ਮਾਰਿਆਂ ਇਹ ਦੇਖਿਆ ਜਾ ਸਕਦਾ ਹੈ ਕਿ ਮੁਲਕ ਅੰਦਰ ਜਿੰਨੇ ਵੀ ਫਿਰਕੂ ਦੰਗਿਆਂ ਦੀਆਂ ਘਟਨਾਵਾਂ ਹੋਈਆਂ ਹਨ ਅਤੇ ਜਿੰਨੀਆਂ ਵੀ ਘੱਟ ਗਿਣਤੀਆਂ ਦੇ ਕਤਲੇਆਮ (ਸਿੱਖਾਂ ਅਤੇ ਮੁਸਲਮਾਨਾਂ ਦੇ) ਦੀਆਂ ਘਟਨਾਵਾਂ ਵਾਪਰੀਆਂ ਹਨ, ਇਹ ਤਕਰੀਬਨ ਸਾਰੀਆਂ ਦੀਆਂ ਸਾਰੀਆਂ ਘਟਨਾਵਾਂ ਨਾ ਤਾਂ ਦੋ ਫਿਰਕਿਆਂ ਦਰਮਿਆਨ ਫਿਰਕਿਆਂ ਵਜੋਂ ਖੜ•ੇ ਹੋਏ ਕਿਸੇ ਟਕਰਾਅ ਕਰਕੇ ਵਾਪਰੀਆਂ ਹਨ ਅਤੇ ਨਾ ਹੀ ਹਿੰਦੂ ਬਹੁਗਿਣਤੀ ਫਿਰਕੇ ਵੱਲੋਂ ਇੱਕ ਫਿਰਕੇਵਜੋਂ ਧਾਰਮਿਕ ਘੱਟ ਗਿਣਤੀਆਂ 'ਤੇ ਕੀਤੇ ਗਏ ਹਮਲੇ ਕਰਕੇ ਵਾਪਰੀਆਂ ਹਨ। ਮਿਸਾਲ ਵਜੋਂ 1947 ਦੀ ਮੁਲਕ ਵੰਡ ਵੇਲੇ ਵੱਡੀ ਪੱਧਰ 'ਤੇ ਹੋਏ ਫਿਰਕੂ ਦੰਗੇ ਤੇ ਕਤਲੇਆਮ ਨਾ ਤਾਂ ਹਿੰਦੂ-ਸਿੱਖ ਅਤੇ ਮੁਸਲਮਾਨ ਫਿਰਕਿਆਂ ਵਿੱਚ ਕਿਸੇ ਟਕਰਾਅ ਦਾ ਨਤੀਜਾ ਸਨ ਅਤੇ ਨਾ ਹੀ ਕਿਤੇ ਹਿੰਦੂ-ਸਿੱਖ ਫਿਰਕਿਆਂ ਵੱਲੋਂ ਮੁਸਲਿਮ ਫਿਰਕੇ ਦੀ ਅਤੇ ਮੁਸਲਿਮ ਫਿਰਕੇ ਵੱਲੋਂ ਹਿੰਦੂ-ਸਿੱਖਾਂ ਦੀ ਮਾਰਧਾੜ ਦਾ ਨਤੀਜਾ ਸਨ। ਇਹ ਦੰਗੇ-ਫਸਾਦ ਅਤੇ ਕਤਲੇਆਮ ਹਾਕਮਾਂ ਵੱਲੋਂ ਆਪਣੇ ਨਿਸ਼ਚਿਤ ਸਿਆਸੀ ਮਕਸਦਾਂ ਦੀ ਪੂਰਤੀ ਲਈ ਸੋਚੇ-ਸਮਝੇ ਅਤੇ ਵਿਉਂਤਬੱਧ ਢੰਗ ਨਾਲ ਉਕਸਾਏ-ਭੜਕਾਏ ਗਏ ਸਨ ਅਤੇ ਲੋਕਾਂ 'ਤੇ ਠੋਸੇ ਗਏ ਸਨ। ਇਹ ਫਿਰਕੂ ਦੰਗੇ-ਫਸਾਦ ਅਤੇ ਕਤਲੇਆਮ ਨਾ ਸਿਰਫ ਲੋਕਾਂ ਦੇ ਹਿੱਤਾਂ ਦੇ ਉਲਟ ਸਨ, ਸਗੋਂ ਇਹ ਲੋਕਾਂ ਦੀ ਫਿਰਕੂ 'ਸਦਭਾਵਨਾ, ਜਮਾਤੀ-ਤਬਕਾਤੀ ਅਤੇ ਭਾਈਚਾਰਕ ਏਕਤਾ ਕਾਇਮ ਰੱਖਣ ਦੀ ਸੁਤੇਸਿਧ ਇੱਛਾ ਦੇ ਵੀ ਉਲਟ ਸਨ। ਇਹਨਾਂ ਨੂੰ ਸਭਨਾਂ ਫਿਰਕਿਆਂ ਦੀ ਆਮ ਮਿਹਨਤਕਸ਼ ਜਨਤਾ ਦੇ ਹਿਤਾਂ ਅਤੇ ਰਜ਼ਾ ਦੇ ਉਲਟ ਜਾਂਦਿਆਂ, ਹਾਕਮ ਜਮਾਤਾਂ ਵੱਲੋਂ ਰਾਜ ਦੀਆਂ ਸੰਸਥਾਵਾਂ, ਸ਼ਿੰਗਾਰੇ ਗਏ ਫਿਰਕੂ-ਜਨੂੰਨੀ ਗਰੋਹਾਂ (ਸੰਸਥਾਵਾਂ) ਅਤੇ ਫਿਰਕੂ ਜਨੂੰਨੀ ਪ੍ਰਚਾਰ ਦੀ ਲਪੇਟ ਵਿੱਚ ਆਏ ਕੁੱਝ ਲੋਕ-ਹਿੱਸਿਆਂ ਨਾਲ ਮਿਲ ਕੇ ਅੰਜਾਮ ਦਿੱਤਾ ਗਿਆ ਸੀ। ਇਹਨਾਂ ਫਿਰਕੂ-ਦੰਗੇ-ਫਸਾਦਾਂ ਅਤੇ ਕਤਲੇਆਮਾਂ ਦੌਰਾਨ ਇਹਨਾਂ ਦੀ ਮਾਰ ਹੇਠ ਆਏ ਵਿਸ਼ੇਸ਼ ਫਿਰਕੇ ਦੇ ਲੋਕਾਂ ਦੇ ਬਚਾਅ ਲਈ ਦੂਸਰੇ ਫਿਰਕੇ ਦੇ ਲੋਕਾਂ ਵੱਲੋਂ ਮੂਹਰੇ ਆਇਆ ਗਿਆ, ਵੱਖ ਵੱਖ ਢੰਗਾਂ ਰਾਹੀਂ ਉਹਨਾਂ ਦੀ ਜਾਨ-ਮਾਲ ਅਤੇ ਔਰਤਾਂ ਦੀ ਇੱਜਤ-ਆਬਰੂ ਦੀ ਰਾਖੀ ਲਈ ਖਤਰਾ ਸਹੇੜ ਕੇ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਫਿਰਕੂ ਸਦਭਾਵਨਾ, ਜਮਾਤੀ ਤਬਕਾਤੀ ਅਤੇ ਭਾਈਚਾਰਕ ਸਾਂਝ ਅਤੇ ਏਕੇ ਦੀਆਂ ਸ਼ਾਨਦਾਰ ਮਿਸਾਲਾਂ ਕਾਇਮ ਕੀਤੀਆਂ ਗਈਆਂ ਹਨ। 1984 ਵਿੱਚ ਦਿੱਲੀ ਸਮੇਤ ਮੁਲਕ ਦੇ ਦਰਜ਼ਨਾਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਿੱਖਾਂ ਦਾ ਰਚਾਇਆ ਕਤਲੇਆਮ ਹਿੰਦੂ ਫਿਰਕੇ ਵੱਲੋਂ ਸਿੱਖ ਫਿਰਕੇ 'ਤੇ ਬੋਲੇ ਕਿਸੇ ਧਾਵੇ ਦਾ ਨਤੀਜਾ ਨਹੀਂ ਸੀ। ਇਹ ਕਾਂਗਰਸ ਪਾਰਟੀ ਵੱਲੋਂ ਸ਼ਿਸ਼ਕਾਰੇ ਲੱਠਮਾਰ ਕਾਂਗਰਸੀ ਗਰੋਹਾਂ, ਫਿਰਕੂ ਅਤੇ ਸਮਾਜ-ਵਿਰੋਧੀ ਮੁਜਰਿਮ ਅਨਸਰਾਂ, ਅਫਸਰਸ਼ਾਹੀ, ਹਥਿਆਰਬੰਦ ਬਲਾਂ ਦੇ ਟੋਲਿਆਂ ਦੀ ਮਿਲੀਭੁਗਤ ਨਾਲ, ਅਤੇ ਫਿਰਕੂ ਪ੍ਰਚਾਰ ਦੀ ਸ਼ਿਕਾਰ ਇੱਕ ਛੋਟੀ ਗਿਣਤੀ ਦੇ ਲੋਕਾਂ ਵੱਲੋਂ ਰਚਾਇਆ ਗਿਆ ਸੀ। ਇਸੇ ਤਰ•ਾਂ ਗੁਜਰਾਤ ਅੰਦਰ 2002 ਵਿੱਚ ਮੁਸਲਮਾਨਾਂ ਦਾ ਕਤਲੇਆਮ ਬਹੁਗਿਣਤੀ ਹਿੰਦੂ ਫਿਰਕੇ ਵੱਲੋਂ ਘੱਟ ਗਿਣਤੀ ਮੁਸਲਮਾਨ ਫਿਰਕੇ ਦਰਮਿਆਨ ਮੌਜੂਦ ਜਾਂ ਖੜ•ੇ ਹੋਏ ਕਿਸੇ ਟਕਰਾਅ ਦਾ ਨਤੀਜਾ ਨਹੀਂ ਸੀ। ਇਹ ਆਰ.ਐਸ.ਐਸ. ਦੀ ਅਗਵਾਈ ਹੇਠ ਨਰਿੰਦਰ ਮੋਦੀ ਅਤੇ ਭਾਜਪਾ ਵੱਲੋਂ ਆਪਣੇ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਨ ਲਈ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਅਧਿਕਾਰੀਆਂ ਅਤੇ ਪੁਲਸ ਅਫਸਰਸ਼ਾਹੀ ਨਾਲ ਮਿਲ ਕੇ ਬਾਕਾਇਦਾ ਵਿਉਂਤਬੰਦ ਢੰਗ ਨਾਲ ਰਚਾਇਆ ਗਿਆ ਕਤਲੇਆਮ ਸੀ। 
ਉਪਰੋਕਤ ਮਿਸਾਲਾਂ ਦਰਸਾਉਂਦੀਆਂ ਹਨ ਕਿ ਮੁਲਕ ਅੰਦਰ ਧਾਰਮਿਕ ਘੱਟ-ਗਿਣਤੀਆਂ ਦੀ ਸਮੱਸਿਆ ਇਹ ਨਹੀਂ ਹੈ ਕਿ ਬਹੁਗਿਣਤੀ ਹਿੰਦੂ ਫਿਰਕੇ ਵੱਲੋਂ ਉਹਨਾਂ ਨੂੰ ਆਰਥਿਕ, ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਤੌਰ 'ਤੇ ਧੱਕੇ-ਵਿਤਕਰੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਉਹਨਾਂ 'ਤੇ ਗਲਬਾ ਜਮਾ ਕੇ ਰੱਖਿਆ ਹੋਇਆ ਹੈ। ਮੁਲਕ ਅੰਦਰ ਵਾਪਰੀਆਂ ਦੰਗੇ-ਫਸਾਦਾਂ ਅਤੇ ਕਤਲੇਆਮ ਦੀਆਂ ਸਭ ਘਟਨਾਵਾਂ ਨਾ ਤਾਂ ਹਿੰਦੂ ਫਿਰਕੇ ਵੱਲੋਂ ਘੱਟ ਗਿਣਤੀ ਫਿਰਕਿਆਂ 'ਤੇ ਗਲਬਾ ਜਮਾ ਕੇ ਰੱਖਣ ਅਤੇ ਨਾ ਹੀ ਘੱਟ ਗਿਣਤੀ ਫਿਰਕੇ/ਫਿਰਕਿਆਂ ਵੱਲੋਂ ਇਸ ਗਲਬੇ ਨੂੰ ਕੋਈ ਚੁਣੌਤੀ ਦੇਣ ਦੇ ਸਿੱਟੇ ਵਜੋਂ ਵਾਪਰੀਆਂ ਹਨ। ਇਹ ਸਭ ਘਟਨਾਵਾਂ ਪੈਦਾਵਾਰ ਦੇ ਵਸੀਲਿਆਂ ਅਤੇ ਰਾਜ-ਭਾਗ 'ਤੇ ਕਾਬਜ਼ ਲੋਕ-ਦੁਸ਼ਮਣ ਹਾਕਮ ਜਮਾਤਾਂ ਅਤੇ ਉਹਨਾਂ ਦੇ ਰਾਜ ਵੱਲੋਂ ਧਾਰਮਿਕ ਘੱਟ-ਗਿਣਤੀਆਂ ਖਿਲਾਫ ਅਖਤਿਆਰ ਕੀਤੀ ਉਸ ਤੁਅੱਸਬੀ ਫਿਰਕੂ ਸੋਚ ਅਤੇ ਪਹੁੰਚ ਦਾ ਨਤੀਜਾ ਹਨ, ਜਿਹੜੀ ਬਹੁਗਿਣਤੀ ਹਿੰਦੂ ਭਾਈਚਾਰੇ ਦੇ ਪੱਖ ਵਿੱਚ ਅਤੇ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦੇ ਵਿਰੋਧ ਵਿੱਚ ਉਲਰੀ ਹੋਈ ਹੈ। 
ਇਸ ਲਈ, ਇਹ ਕਹਿਣਾ ਤਾਂ ਐਨ ਸਹੀ ਹੈ ਕਿ ਮੁਲਕ ਅੰਦਰ ਸਿੱਖਾਂ ਸਮੇਤ ਹੋਰਨਾਂ ਧਾਰਮਿਕ ਘੱਟ ਗਿਣਤੀਆਂ ਨਾਲ ਬਹੁਗਿਣਤੀ ਹਿੰਦੂ ਭਾਈਚਾਰੇ ਵੱਲੋਂ ਕੋਈ ਧੱਕਾ-ਵਿਤਕਰਾ ਨਹੀਂ ਕੀਤਾ ਜਾਂਦਾ, ਪਰ ਇਸ ਹਕੀਕਤ ਨੂੰ ਸਾਬਤ ਕਰਨ ਦੀ ਧੁੱਸ ਵਿੱਚ ਮੁਲਕ ਅੰਦਰ ਸਿੱਖਾਂ ਸਮੇਤ ਸਭਨਾਂ ਧਾਰਮਿਕ ਘੱਟ ਗਿਣਤੀਆਂ ਨਾਲ ਕਿਸੇ ਕਿਸਮ ਦੇ ਧੱਕੇ ਵਿਤਕਰੇ ਦੀ ਹੋਂਦ ਦੇ ਸੁਆਲ 'ਤੇ ਕਾਟਾ ਮਾਰ ਦੇਣਾ ਉਸੇ ਫਿਰਕੂ ਤੁਅੱਸਬੀ ਸੋਚ ਅਤੇ ਪਹੁੰਚ ਦੇ ਦੂਜੇ ਸਿਰੇ 'ਤੇ ਜਾ ਖੜ•ਨਾ ਹੈ, ਜਿਹੜੀ ਘੱਟ ਗਿਣਤੀ ਸਿੱਖ ਫਿਰਕੇ ਨੂੰ ਬਹੁਗਿਣਤੀ ਹਿੰਦੂ ਫਿਰਕੇ ਦੇ ਗਲਬੇ ਹੇਠ ਹੋਣ ਦੀ ਪੇਸ਼ਕਾਰੀ ਕਰ ਰਹੀ ਹੈ। ਇਹੀ ਵਜਾਹ ਹੈ ਕਿ ਫਿਰਕੂ ਪਟੜੀ ਚੜ•ੇ ''ਪੈਗਾਮਪੰਥੀਆਂ'' ਦੀ ਸਿੱਖ ਧਾਰਮਿਕ ਘੱਟ ਗਿਣਤੀ ਦੇ ਬਹੁਗਿਣਤੀ ਹਿੰਦੂ ਫਿਰਕੇ ਦੇ ਗਲਬੇ ਹੇਠ ਹੋਣ ਦੀ ਗਲਤ ਸਮਝ ਨੂੰ ਰੱਦ ਕਰਨ ਦੇ ਉਲਾਰ ਜੋਸ਼ ਵਿੱਚ ਆਇਆ ''ਸੁਰਖ਼ ਲੀਹ'' ਇਨਕਲਾਬੀ ਜਮਾਤੀ ਅਤੇ ਜਮਹੂਰੀ ਨਜ਼ਰੀਏ ਦਾ ਲੜ ਛੱਡ ਕੇ ਹਿੰਦੂ ਫਿਰਕੂ ਤੁਅੱਸਬੀ ਨਜ਼ਰੀਏ ਦੀਆਂ ਐਨਕਾਂ ਸਜਾ ਲੈਂਦਾ ਹੈ। ਇਹਨਾਂ ਐਨਕਾਂ ਰਾਹੀਂ ਦੇਖਦਿਆਂ, ਉਹ ਗੱਜਵੱਜ ਕੇ ਐਲਾਨ ਕਰਦਾ ਹੈ ਕਿ ਇੱਕ— ਭਾਰਤ ਅੰਦਰ ਸਿੱਖਾਂ ਸਮੇਤ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ; ਦੂਜਾ— ਸਿੱਖਾਂ ਨਾਲ ਧੱਕਾ-ਵਿਤਕਰਾ ਤਾਂ ਦੂਰ ਦੀ ਗੱਲ ਹੈ, ਸਿੱਖ ਫਿਰਕਾ ਇੱਕ ਬਾ-ਸਹੂਲਤ ਅਤੇ ਬਾ-ਵਕਾਰ ਤਬਕਾ ਹੈ, ਜਿਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਆਰ.ਐਸ.ਐਸ. ਦੇ ਗੁਰੂ ਘੰਟਾਲ ਗੋਲਵਾਲਕਰ ਵੱਲੋਂ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨੂੰ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਮਰਹੱਟੇ ਵਾਂਗ ''ਕੌਮੀ ਨਾਇਕ' ਵਜੋਂ ਪ੍ਰਵਾਨ ਕੀਤਾ ਗਿਆ ਹੈ; ਤੀਜਾ— ਭਾਰਤੀ ਰਾਜ ਇੱਕ ਖਾਲਸ ਗੈਰ-ਫਿਰਕੂ ਰਾਜ ਹੈ। ਇਹ ਨਾ ਕਿਸੇ ਧਰਮ ਦੇ ਪੱਖ ਵਿੱਚ ਭੁਗਤਦਾ ਹੈ ਅਤੇ ਨਾ ਹੀ ਵਿਰੋਧ 'ਚ। ਇਹ ਵੱਖ ਫਿਰਕਿਆਂ ਵਿਚਲੇ ਫਿਰਕੂ ਜਨੂੰਨੀ ਅਨਸਰਾਂ ਦੀ ਪਾਲਣਾ-ਪੋਸ਼ਣਾ ਕਰਦਾ ਹੈ। ਵੱਖ ਵੱਖ ਫਿਰਕਿਆਂ ਦੇ ਧਾਰਮਿਕ ਜਜ਼ਬਾਤਾਂ ਨੂੰ ਭੜਕਾਉਂਦਾ ਹੈ। ਉਹਨਾਂ ਵਿੱਚ ਫਿਰਕੂ ਪਾਟਕ ਪਾਉਂਦਾ ਹੈ ਅਤੇ ਭਰਾਮਾਰ ਦੰਗੇ ਭੜਕਾਉਂਦਾ ਹੈ। ਪਰ ਇਹ ਫਿਰਕੂ ਖੇਡ ਖੇਡਦਿਆਂ, ਹਾਕਮ ਜਮਾਤਾਂ, ਹਾਕਮ ਜਮਾਤੀ ਸਿਆਸੀ ਪਾਰਟੀਆਂ ਅਤੇ ਰਾਜ ਦੀ ਥੰਮ• ਅਫਸਰਸ਼ਾਹੀ ਦੇ ਧਾਰਮਿਕ ਜਜ਼ਬਾਤ ਅਸਰਰਹਿਤ ਅਤੇ ਲਾਗਰਹਿਤ ਰਹਿੰਦੇ ਹਨ; ਇਹ ਇੱਕ ਸੱਚਾ ਸੁੱਚਾ ਧਰਮ-ਨਿਰਪੱਖ ਰਾਜ ਹੈ; ਚੌਥਾ— ਇਹ ਖਰਾ ਧਰਮ-ਨਿਰਪੱਖ (ਗੈਰ-ਫਿਰਕੂ) ਰਾਜ ਤਾਂ ਹੈ, ਪਰ ਇਹ ਖਰਾ ਧਰਮ-ਨਿਰਲੇਪ ਰਾਜ ਨਹੀਂ ਹੈ। ਜਿਸ ਕਰਕੇ ਇਹ ਆਪਣੀਆਂ ਸੌੜੀਆਂ ਸਿਆਸੀ ਗਰਜ਼ਾਂ ਲਈ ਆਪਣੀ ''ਪਾੜੋ ਅਤੇ ਰਾਜ ਕਰੋ'' ਦੀ ਨੀਤੀ ਤਹਿਤ ਸਭਨਾਂ ਧਰਮਾਂ ਦੀ ਵਰਤੋਂ ਕਰਦਾ ਹੈ। ਉਹਨਾਂ ਦੀ ਪੁਸ਼ਤਪਨਾਹੀ ਕਰਦਾ ਹੈ। ਇੱਕ-ਦੂਜੇ ਖਿਲਾਫ ਉਕਸਾਉਂਦਾ ਹੈ। ਪੰਜਵਾਂ— ਸਿੱਖਾਂ ਦੇ ਸਿਰਮੌਰ ਧਾਰਮਿਕ ਅਸਥਾਨ (ਹਰਮੰਦਰ ਸਾਹਿਬ ਅਤੇ ਅਕਾਲ ਤਖਤ) 'ਤੇ ਫੌਜੀ ਹਮਲਾ ਕਰਕੇ ਢਾਹੁਣ ਦਾ ਮਾਮਲਾ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਨਾ ਕਰਨ ਦਾ ਮਾਮਲਾ, 1984 ਵਿੱਚ ਦਿੱਲੀ ਸਮੇਤ ਹੋਰਨਾਂ ਥਾਵਾਂ 'ਤੇ ਤਕਰੀਬਨ 7000 ਸਿੱਖਾਂ ਨੂੰ ਕਤਲ ਕਰਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਦਾ ਮਾਮਲਾ, ਗੁਜਰਾਤ ਅੰਦਰ ਮੁਸਲਿਮ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਦਾ ਮਾਮਲਾ, ਬਾਬਰੀ ਮਸਜ਼ਿਦ ਨੂੰ ਢਾਹੁਣ ਦੀ ਖੁੱਲ• ਦੇਣ ਦਾ ਮਾਮਲਾ, ਮੁਲਕ ਅੰਦਰ ਮੁਸਲਮਾਨਾਂ ਦੇ ਹੋਏ ਕਤਲੇਆਮਾਂ ਦੇ ਦੋਸ਼ੀਆਂ ਨੂੰ ਹੱਥ ਨਾ ਪਾਉਣ ਦਾ ਮਾਮਲਾ, ਬਿਨਾ ਠੋਸ ਸਬੁਤ ਦੇ ਅਫਜ਼ਲ ਗੁਰੂ ਅਤੇ ਯਾਕੂਬ ਮੈਨਨ ਨੂੰ ਫਾਂਸੀ 'ਤੇ ਲਟਕਾਉਣ ਦਾ ਮਾਮਲਾ, ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਦੇ ਦੋਸ਼ੀ ਬਜਰੰਗੀ ਲਾਲ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਮਾਮਲਾ, ਉੜੀਸਾ ਵਿੱਚ ਇਸਾਈ ਮਿਸ਼ਨਰੀ ਸਟੇਨਜ਼ ਅਤੇ ਉਸਦੇ ਦੋ ਬੱਚਿਆਂ ਨੂੰ ਜਿਉਂਦਾ ਸਾੜਨ ਦੇ ਦੋਸ਼ੀ ਦਾਰਾ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ ਵਿੱਚ ਬਦਲਣ ਦਾ ਮਾਮਲਾ ਆਦਿ ਆਦਿ— ਸਭ ਮਾਮਲੇ ਹਾਕਮਾਂ ਦੀ ਕਿਸੇ ਫਿਰਕੂ ਤੁਅੱਸਬੀ ਸੋਚ ਅਤੇ ਪਹੁੰਚ ਦੀ ਪੈਦਾਇਸ਼ ਨਹੀਂ ਹਨ। ਇਹ ਸਿਰਫ ਅਤੇ ਸਿਰਫ ਹਾਕਮਾਂ ਦੇ ਜਾਬਰ ਰਵੱਈਏ ਅਤੇ ''ਪਾੜੋ ਅਤੇ ਰਾਜ ਕਰੋ'' ਦੀ ਨੀਤੀ ਦਾ ਨਤੀਜਾ ਹਨ। 
''ਸੁਰਖ਼ ਲੀਹ'' ਦੇ ਸਾਥੀਆਂ ਦੀ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਦੇ ਸੁਆਲ ਨੂੰ ਮੂਲੋਂ ਹੀ ਰੱਦ ਕਰ ਦੇਣ ਦੀ ਇਸ ਗੰਭੀਰ ਭਟਕਣ ਦਾ ਕਾਰਨ ਕੀ ਹੈ? ਇਹ ਕਾਰਨ ਹੈ— ਇਹਨਾਂ ਸਾਥੀਆਂ ਵੱਲੋਂ ਜਮਾਤੀ ਅਤੇ ਜਮਹੂਰੀ ਨਜ਼ਰੀਏ ਦਾ ਲੜ ਛੱਡਣਾ, ਇਸ ਤੋਂ ਭਟਕ ਜਾਣਾ। ਜਾਣੇ/ਅਣਜਾਣੇ ''ਫਿਰਕੂ ਸਦਭਾਵਨਾ'' ਬਰਕਰਾਰ ਰੱਖਣ ਅਤੇ ਫਿਰਕਾਪ੍ਰਸਤੀ ਖਿਲਾਫ ਲੜਨ ਦੇ ਨਾਂ ਹੇਠ ਖੁਦ ਸਾਬਕਾ ਸੋਧਵਾਦੀਆਂ ਵੱਲੋਂ ਅਖਤਿਆਰ ਕੀਤੇ ਗਏ ਫਿਰਕੂ ਨਜ਼ਰੀਏ ਅਤੇ ਪਹੁੰਚ ਦੀ ਪਟੜੀ ਜਾ ਚੜ•ਨਾ। 
ਗੈਰ-ਜਮਾਤੀ, ਸੌੜਾ ਅਤੇ ਫਿਰਕੂ ਨਜ਼ਰੀਆ
ਇਹ ਨਜ਼ਰੀਆ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦੇ ਸੁਆਲ ਨੂੰ ਸਮਾਜ ਦੀ ਜਮਾਤੀ ਵੰਡ ਅਰਥਾਤ ਹਾਕਮ ਜਮਾਤਾਂ ਅਤੇ ਮਹਿਕੂਮ ਜਮਾਤਾਂ ਦਰਮਿਆਨ ਵੰਡ ਤੋਂ ਤੋੜ ਕੇ ਦੇਖਦਾ ਹੈ। ਇਹ ਇਸ ਸੁਆਲ ਨੂੰ ਹਾਕਮ ਜਮਾਤਾਂ ਵੱਲੋਂ ਦੱਬੀਆਂ-ਕੁਚਲੀਆਂ ਜਮਾਤਾਂ ਦੀ ਬੇਦਰੇਗ ਲੁੱਟ ਅਤੇ ਦਾਬੇ ਦੇ ਵਰਤਾਰੇ ਨਾਲੋਂ ਤੋੜ ਕੇ ਦੇਖਦਾ ਹੈ। ਇਸ ਲੁੱਟ-ਖੋਹ ਅਤੇ ਦਾਬੇ 'ਤੇ ਆਧਾਰਤ ਨਿਜ਼ਾਮ ਅਤੇ ਉਸਦੀ ਪਹਿਰੇਦਾਰੀ ਕਰਦੇ ਰਾਜ ਦੀ ਵਿਸ਼ੇਸ਼ ਜਮਾਤੀ ਖਸਲਤ (ਸਪੈਸੇਫਿਕ ਕਲਾਸ ਕਰੈਕਟਰ) ਨਾਲੋਂ ਤੋੜ ਕੇ ਦੇਖਦਾ ਹੈ। 
ਇਉਂ, ਧਾਰਮਿਕ ਘੱਟ-ਗਿਣਤੀਆਂ ਵਿਚਲੀਆਂ ਕੁੱਝ ਧਿਰਾਂ ਵੱਲੋਂ ਅਪਣਾਇਆ ਇਹ ਨਜ਼ਰੀਆ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ/ਵਿਤਕਰੇ ਦੇ ਸੁਆਲ ਨੂੰ ਧਾਰਮਿਕ ਘੱਟ ਗਿਣਤੀਆਂ ਅਤੇ ਬਹੁਗਿਣਤੀ ਹਿੰਦੂ ਜਨਤਾ ਦਰਮਿਆਨ ਵਿਰੋਧ ਵਜੋਂ ਪੇਸ਼ ਕਰਦਾ ਹੈ। ਅਰਥਾਤ ਧਾਰਮਿਕ ਘੱਟ ਗਿਣਤੀਆਂ ਅਤੇ ਹਿੰਦੂ ਬਹੁਗਿਣਤੀ ਦਰਮਿਆਨ ਕਸ਼ਮਕਸ਼ ਅਤੇ ਲੜਾਈ ਦੇ ਮੁੱਦੇ ਵਜੋਂ ਪੇਸ਼ ਕਰਦਾ ਹੈ। ਇਸ ਤਰ•ਾਂ ਇਹ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦੇ ਇੱਕ ਜਮਹੂਰੀ ਮੁੱਦੇ ਨੂੰ ਫਿਰਕੂ ਮੁੱਦਾ ਬਣਾ ਧਰਦਾ ਹੈ। ਇਹ ਧਾਰਮਿਕ ਘੱਟ ਗਿਣਤੀਆਂ ਅੰਦਰ ਧੱਕੇ ਵਿਤਕਰੇ ਖਿਲਾਫ ਪੈਦਾ ਹੋਏ ਰੋਸ ਅਤੇ ਸੁਰੱਖਿਆਤਮਿਕ ਪ੍ਰਤੀਕਰਮ ਨੂੰ ਬਹੁਗਿਣਤੀ ਹਿੰਦੂ ਭਾਈਚਾਰੇ ਵੱਲ ਸੇਧਤ ਕਰਨ ਦਾ ਕੰਮ ਕਰਦਾ ਹੈ। 
ਇਸਦੇ ਉਲਟ, ਬਹੁਗਿਣਤੀ ਹਿੰਦੂ ਵਸੋਂ ਨਾਲ ਸਬੰਧਤ ਸਿਆਸੀ ਹਲਕਿਆਂ/ਧਿਰਾਂ ਵੱਲੋਂ ਅਪਣਾਇਆ ਗਿਆ ਇਹੀ ਫਿਰਕੂ ਨਜ਼ਰੀਆ ਇਸ ਧਾਰਨਾ ਨੂੰ ਜਨਮ ਦਿੰਦਾ ਹੈ ਕਿ ਧਾਰਮਿਕ ਘੱਟ ਗਿਣਤੀਆਂ ਬਹੁਗਿਣਤੀ ਹਿੰਦੂਆਂ ਲਈ ਸਮੱਸਿਆਵਾਂ ਖੜ•ੀਆਂ ਕਰ ਰਹੀਆਂ ਹਨ। ਇਸ ਨਜ਼ਰੀਏ ਦਾ ਸਿਰੇ ਦਾ ਇਜ਼ਹਾਰ ਆਰ.ਐਸ.ਐਸ. ਅਤੇ ਹਿੰਦੂ ਫਿਰਕੂ ਜਥੇਬੰਦੀਆਂ ਵੱਲੋਂ ਪ੍ਰਚਾਰਿਆ ਜਾਂਦਾ ਭਾਰਤ ਦੇ ਇੱਕ ''ਹਿੰਦੂ ਕੌਮ/ਰਾਸ਼ਟਰ'' ਹੋਣ ਦਾ ਹਿੰਦੂਤਵ ਦਾ ਸਿਧਾਂਤ ਹੈ। ਇਹ ਸਿਧਾਂਤ ਸਭਨਾਂ ਧਾਰਮਿਕ ਘੱਟ ਗਿਣਤੀਆਂ ਦੀ ਆਜ਼ਾਦਾਨਾ ਅਤੇ ਖੁਦਮੁਖਤਿਆਰ ਹੋਂਦ ਅਤੇ ਹੈਸੀਅਤ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੈ। ਇਹ ਇੱਕ ਪਾਸੇ— ਸਿੱਖ, ਬੁੱਧ, ਜੈਨ ਅਤੇ ਪਾਰਸੀ ਧਰਮ ਦੇ ਪੈਰੋਕਾਰਾਂ ਨੂੰ ਧੱਕੇ ਨਾਲ ਹਿੰਦੂ ਕਰਾਰ ਦਿੰਦਾ ਹੈ, ਤਾਂ ਦੂਜੇ ਪਾਸੇ- ਮੁਸਲਮਾਨ ਭਾਈਚਾਰੇ ਨੂੰ ਇੱਕ ਵੱਖਰੀ ਵਿਦੇਸ਼ੀ ਅਤੇ ਹਮਲਾਵਰ ਕੌਮ ਸਮਝਦਾ ਹੈ। ਇਸ ਮੁਤਾਬਕ ਮੁਸਲਮਾਨਾਂ ਵੱਲੋਂ ਬਾਹਰੋਂ ਆ ਕੇ ਮੁਲਕ ਨੂੰ 1000 ਸਾਲ ਗੁਲਾਮ ਬਣਾ ਕੇ ਰੱਖਿਆ ਗਿਆ ਹੈ। ਲੱਖਾਂ-ਕਰੋੜਾਂ ਹਿੰਦੂਆਂ ਨੂੰ ਜਬਰੀ ਅਤੇ ਲਾਲਚ ਵਗੈਰਾ ਦੇ ਕੇ ਮੁਸਲਮਾਨ ਬਣਾਇਆ ਗਿਆ ਹੈ। ਇਹਨਾਂ ਸਾਬਕਾ ਹਿੰਦੂਆਂ ਦੀ ਧਰਮ ਬਦਲੀ ਕਰਵਾ ਕੇ ਵਾਪਸ ਹਿੰਦੂ ਧਰਮ ਦੀ ਬੁੱਕਲ ਵਿੱਚ ਲਿਆਉਣ ਦਾ ਕਾਰਜ ਹਿੰਦੂ ਰਾਸ਼ਟਰ/ਕੌਮ ਦੇ ਪੁਨਰ-ਉਭਾਰ ਦੇ ਕੰਮ ਦਾ ਇੱਕ ਬੇਹੱਦ ਅਹਿਮ ਅੰਗ ਹੈ। ਇਸ ਹਿੰਦੂਤਵ ਦੇ ਸਿਧਾਂਤ ਅਤੇ ਇਸ 'ਤੇ ਆਧਾਰਤ ਦੋ ਕੌਮਾਂ ਦੇ ਸਿਧਾਂਤ ਦਾ ਬਾਨੀ ਵੀਰ ਦਮੋਦਰ ਸਾਵਰਕਾਰ ਸੀ। ਇਸੇ ਫਿਰਕੂ ਫਾਸ਼ੀ ਦੋ ਕੌਮਾਂ ਦੇ ਸਿਧਾਂਤ ਦੇ ਆਧਾਰ 'ਤੇ ਬਰਤਾਨਵੀਂ ਸਾਮਰਾਜੀਆਂ ਅਤੇ ਉਹਨਾਂ ਦੀਆਂ ਦਲਾਲ ਭਾਰਤੀ ਹਾਕਮ ਜਮਾਤਾਂ ਵੱਲੋਂ ਮੁਲਕ ਨੂੰ ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਵੰਡਣ ਦਾ ਖ਼ੂਨੀ ਕਾਂਡ ਰਚਿਆ ਗਿਆ। ਇਸ ਦੋ ਕੌਮਾਂ ਦੇ ਪਿਛਾਖੜੀ ਸਿਧਾਂਤ ਖਿਲਾਫ ਪ੍ਰਤੀਕਰਮ ਵਜੋਂ ਹੀ ''ਸਿੱਖ ਇੱਕ ਕੌਮ'' ਦੀ ਫਿਰਕੂ ਸੋਚ ਨੇ ਸਿਰ ਚੁੱਕਿਆ ਸੀ, ਜਿਸ ਨੂੰ ਸਿੱਖ ਜਨਤਾ ਵਿੱਚ ਸਰਗਰਮ ਫਿਰਕਾਪ੍ਰਸਤ ਤਾਕਤਾਂ ਅਤੇ ਅਨਸਰਾਂ ਵੱਲੋਂ ਅੱਜ ਵੀ ਆਪਣੇ ਫਿਰਕੂ ਅਤੇ ਸੌੜੇ ਮਕਸਦਾਂ ਦੀ ਪੁਰਤੀ ਲਈ ਵਰਤਣ ਦੀਆਂ ਕੋਸ਼ਿਸ਼ਾਂ ਜਾਰੀ ਹਨ। 
ਦਰੁਸਤ ਜਮਾਤੀ ਅਤੇ ਜਮਹੂਰੀ ਨਜ਼ਰੀਆ
ਇਹ ਨਜ਼ਰੀਆ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਦੇ ਸੁਆਲ ਨੂੰ ਸਮਾਜ ਅੰਦਰ ਜਮਾਤੀ ਵੰਡ ਅਤੇ ਸਿੱਟੇ ਵਜੋਂ ਜ਼ਰਵਾਣੀਆਂ ਹਾਕਮ ਜਮਾਤਾਂ ਵੱਲੋਂ ਮਜ਼ਲੂਮ ਜਮਾਤਾਂ ਦੀ ਕੀਤੀ ਜਾ ਰਹੀ ਰੱਤ-ਨਿਚੋੜ ਅਤੇ ਦਾਬੇ ਦੇ ਵਰਤਾਰੇ ਨਾਲ ਜੋੜ ਕੇ ਦੇਖਦਾ ਹੈ, ਇਸ ਨੂੰ ਲੋਕ ਦੁਸ਼ਮਣ ਨਿਜ਼ਾਮ ਅਤੇ ਇਸਦੀ ਰਾਖੀ ਲਈ ਉਸਾਰੇ ਰਾਜ ਦੀ ਵਿਸ਼ੇਸ਼ ਜਮਾਤੀ ਖਸਲਤ (ਸਪੈਸੇਫਿਕ ਕਲਾਸ ਕਰੈਕਟਰ) ਨਾਲ ਜੋੜ ਕੇ ਦੇਖਦਾ ਹੈ। ਇਸ ਲਈ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਤੇ ਵਿਤਕਰੇ ਦੇ ਮਾਮਲੇ ਨੂੰ ਧਾਰਮਿਕ ਘੱਟ ਗਿਣਤੀਆਂ ਅਤੇ ਜਾਗੀਰੂ ਆਪਾਸ਼ਾਹ ਰਾਜ ਦਰਮਿਆਨ ਵਿਰੋਧ ਵਜੋਂ ਦੇਖਦਾ ਹੈ। 
ਇਸ ਨਜ਼ਰੀਏ ਅਨੁਸਾਰ ਧਾਰਮਿਕ ਘੱਟ ਗਿਣਤੀਆਂ ਨਾਲ ਧੱਕਾ ਵਿਤਕਰਾ ਘੱਟ ਗਿਣਤੀ ਫਿਰਕਿਆਂ ਅਤੇ ਬਹੁਗਿਣਤੀ ਫਿਰਕੇ ਦਰਮਿਆਨ ਵਿਰੋਧ ਦੀ ਪੈਦਾਇਸ਼ ਨਹੀਂ ਹੈ। ਇਸ ਲਈ, ਇਹ ਬਹੁਗਿਣਤੀ ਹਿੰਦੂ ਫਿਰਕੇ ਵੱਲੋਂ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਨਾਲ ਕੀਤੇ ਜਾ ਰਹੇ ਕਿਸੇ ਧੱਕੇ ਵਿਤਕਰੇ ਦਾ ਮਾਮਲਾ ਨਹੀਂ ਹੈ। ਅਸਲ ਵਿੱਚ ਇਹ ਭਾਰਤੀ ਹਾਕਮ ਜਮਾਤਾਂ ਅਤੇ ਉਹਨਾਂ ਦੇ ਗੈਰ ਜਮਹੂਰੀ ਆਪਾਸ਼ਾਹ ਰਾਜ ਵੱਲੋਂ ਧਾਰਮਿਕ ਘੱਟ ਗਿਣਤੀਆਂ ਅਤੇ ਹਿੰਦੂ ਧਾਰਮਿਕ ਬਹੁਗਿਣਤੀ ਪ੍ਰਤੀ ਸੰਤੁਲਤ, ਜਮਹੂਰੀ ਅਤੇ ਧਰਮ-ਨਿਰਲੇਪ ਰਵੱਈਆ ਅਖਤਿਆਰ ਕਰਨ ਦੀ ਬਜਾਇ, ਗੈਰ-ਜਮਹੂਰੀ, ਪੱਖਪਾਤੀ ਅਤੇ ਫਿਰਕੂ ਤੁਅੱਸਬੀ ਰਵੱਈਆ ਅਖਤਿਆਰ ਕਰਨ ਦੇ ਅਮਲ ਦੀ ਪੈਦਾਇਸ਼ ਹੈ। ਇਉਂ, ਇਹ ਮਾਮਲਾ ਧਾਰਮਿਕ ਘੱਟ-ਗਿਣਤੀਆਂ ਅਤੇ ਹਾਕਮ ਜਮਾਤਾਂ ਅਤੇ ਉਹਨਾਂ ਦੇ ਰਾਜ ਦਰਮਿਆਨ ਵਿਰੋਧ ਦਾ ਇਜ਼ਹਾਰ ਹੈ। ਅੰਤਿਮ ਤੌਰ 'ਤੇ ਦੇਖਿਆਂ, ਇਹ ਦੱਬੇ-ਕੁਚਲੇ ਲੋਕਾਂ ਅਤੇ ਹਾਕਮ ਜਮਾਤੀ ਰਾਜਭਾਗ ਦਰਮਿਆਨ ਵਿਰੋਧ ਦੀ ਹੀ ਇੱਕ ਸ਼ਕਲ ਬਣਦੀ ਹੈ। 
''ਸੁਰਖ਼ ਲੀਹ'' ਦੇ ਸਾਥੀਆਂ ਦੀ ਦਰੁਸਤ ਨਜ਼ਰੀਏ ਤੋਂ ਭਟਕਣ
ਉਪਰੋਕਤ ਵਿਆਖਿਆ ਦੀ ਰੌਸ਼ਨੀ ਵਿੱਚ ਦੇਖਿਆਂ ਜਾ ਸਕਦਾ ਹੈ ਕਿ ''ਸੁਰਖ਼ ਲੀਹ'' ਦੇ ਸਾਥੀਆਂ ਵੱਲੋਂ ਤੱਥਾਂ ਨਾਲ ਇਹ ਸਾਬਤ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਹੈ ਕਿ ਸਿੱਖ ਧਾਰਮਿਕ ਘੱਟ ਗਿਣਤੀ ਹਿੰਦੂ ਬਹੁਗਿਣਤੀ ਭਾਈਚਾਰੇ ਦੇ ਆਰਥਿਕ, ਸਿਆਸੀ, ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਗਲਬੇ ਹੇਠ ਨਹੀਂ। ਪਰ ਇਉਂ ਕਰਦਿਆਂ ਉਹਨਾਂ ਵੱਲੋਂ ਸਿੱਖਾਂ ਨੂੰ ਹਿੰਦੂ ਬਹੁਗਿਣਤੀ ਦੇ ਗਲਬੇ ਹੇਠ ਹੋਣ ਦੀ ਧਾਰਨੀ ਸੋਚ ਪਿੱਛੇ ਕੰਮ ਕਰਦੇ ਫਿਰਕੂ ਨਜ਼ਰੀਏ ਨੂੰ ਨਾ ਹੀ ਟਿੱਕਿਆ ਗਿਆ ਹੈ ਅਤੇ ਨਾ ਹੀ ਇਸ ਫਿਰਕੂ ਨਜ਼ਰੀਏ ਨੂੰ ਰੱਦ ਕੀਤਾ ਗਿਆ ਹੈ। ਇਸਦਾ ਸਿੱਧਾ ਅਤੇ ਸਪਸ਼ਟ ਕਾਰਨ ਇਹ ਹੈ ਕਿ ਇਹਨਾਂ ਸਾਥੀਆਂ ਦੀ ਲਿਖਤ ਦੀ ਸਮੁੱਚੀ ਧੁੱਸ ਅਤੇ ਸਮਝ ਧਾਰਮਿਕ ਘੱਟ ਗਿਣਤੀਆਂ ਦੇ ਸੁਆਲ ਸਬੰਧੀ ਦਰੁਸਤ, ਜਮਾਤੀ ਅਤੇ ਜਮਹੂਰੀ ਨਜ਼ਰੀਏ 'ਤੇ ਟਿਕੀ ਹੋਈ ਨਹੀਂ ਹੈ। ਇਹ ਖੁਦ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦੇ ਸੁਆਲ ਬਾਰੇ ਸਤੱਹੀ, ਘੁਚਲੀ ਅਤੇ ਫਿਰਕੂ ਪੁੱਠ ਨਾਲ ਗ੍ਰਹਿਣੇ ਉਸ ਨਜ਼ਰੀਏ ਦੀ ਪੈਦਾਇਸ਼ ਹੈ, ਜਿਹੜਾ ਇਹਨਾਂ ਸਾਥੀਆਂ ਨੂੰ ਸਿੱਖ ਧਾਰਮਿਕ ਘੱਟ ਗਿਣਤੀ ਦੇ ਹਿੰਦੂ ਬਹੁਗਿਣਤੀ ਦੀ ਗੁਲਾਮ ਨਾ ਹੋਣ ਦੀ ਹਕੀਕਤ ਨੂੰ ਸਾਬਤ ਕਰਨ ਦੇ ਜੋਸ਼ੋ-ਖਰੋਸ਼ ਵਿੱਚ ਨਾ ਸਿਰਫ ਕਿਸੇ ਵੀ ਧਾਰਮਿਕ ਘੱਟ ਗਿਣਤੀ ਨਾਲ ਕਿਸੇ ਵੀ ਕਿਸਮ ਦਾ ਭੋਰਾ ਭਰ ਵੀ ਧੱਕਾ ਵਿਤਕਰਾ ਹੋਣ ਦੀ ਹਕੀਕਤ ਨੂੰ ਪ੍ਰਵਾਨ ਕਰਨ ਤੋਂ ਆਹਰੀ ਕਰਨ ਤੱਕ ਲੈ ਗਿਆ ਹੈ, ਸਗੋਂ ਹਿੰਦੂ ਫਿਰਕੂ ਫਾਸ਼ੀ ਜਥੇਬੰਦੀ ਆਰ.ਐਸ.ਐਸ. ਦੇ ਸਾਬਕਾ ਗੁਰੂ ਘੰਟਾਲ ਗੁਰੂ ਗੋਲਵਾਲਕਰ ਦੀ ਫਿਰਕੂ ਫਾਸ਼ੀ ਬਾਣੀ ਦੀ ਜੈ ਜੈਕਾਰ ਕਰਨ ਤੱਕ ਲੈ ਗਿਆ ਹੈ। ਸੁਰਖ਼ ਲੀਹ ਲਿਖਦਾ ਹੈ, ''ਇਹ ਗੱਲ ਵੀ ਦਿਲਚਸਪ ਹੈ ਕਿ ਆਰ.ਐਸ.ਐਸ. ਦੇ ਵੱਡੇ ਨੀਤੀਵਾਨ ਗੋਲਵਾਲਕਰ ਨੇ ਗੁਰੂ ਗੋਬਿੰਦ ਸਿੰਘ, ਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਨੂੰ ਕੌਮੀ ਨਾਇਕ ਮੰਨਿਆ ਹੈ।....'' ('ਸੁਰਖ਼ ਲੀਹ' ਨਵੰਬਰ-ਦਸੰਬਰ 2015 ਸਫਾ-15) ਯਾਨੀ ਜਿਵੇਂ ''ਪੈਗਾਮਪੰਥੀਆਂ'' ਸਮੇਤ ਸਿੱਖ ਫਿਰਕੂ ਜਨੂੰਨੀ ਅਨਸਰਾਂ ਵੱਲੋਂ ਸਿੱਖਾਂ ਨਾਲ ਧੱਕੇ ਵਿਤਕਰੇ ਨੂੰ ਸਾਬਤ ਕਰਨ ਲਈ ''ਸਿੱਖ ਇੱਕ ਕੌਮ'' ਦੇ ਫਿਰਕੂ ਸਿਧਾਂਤ ਦੀ ਓਟ ਲਈ ਗਈ ਹੈ। ਐਨ, ਉਸੇ ਤਰ•ਾਂ ''ਸੁਰਖ਼ ਲੀਹ'' ਦੇ ਸਾਥੀਆਂ ਵੱਲੋਂ ਕਿਸੇ ਵੀ ਕਿਸਮ ਦਾ ਧੱਕਾ ਵਿਤਕਰਾ ਨਾ ਹੋਣ ਦੀ ਗੱਲ ਨੂੰ ਸਾਬਤ ਕਰਨ ਲਈ ਸਿੱਖ ਲਹਿਰ (ਅਤੇ ਮੁਲਕ) ਦੇ ਸ਼ਾਨਦਾਰ ਇਤਿਹਾਸ ਨੂੰ ਫਿਰਕੂ ਫਾਸ਼ੀ ਨਜ਼ਰੀਏ ਦੀ ਛੁਰੀ ਨਾਲ ਜਿਬਾਹ ਕਰਨ ਵਾਲੇ ਗੋਲਵਾਲਕਰ ਦੇ ਕਥਨਾਂ ਦੀ ਓਟ ਲਈ ਗਈ ਹੈ। ਇਹਨਾਂ ਸਾਥੀਆਂ ਨੂੰ ਆਪਣੀ ਗੱਲ ਸਾਬਤ ਕਰਨ ਲਈ ਫਿਰਕੂ ਫਾਸ਼ੀ ਜ਼ਹਿਰ ਦੇ ਵਣਜਾਰੇ ਗੋਲਵਾਲਕਰ ਤੋਂ ਉਰ•ਾਂ ਕੋਈ ਵੀ ਇਤਿਹਾਸਕਾਰ ਨਜ਼ਰੀਂ ਹੀ ਨਹੀਂ ਚੜਿ•ਆ। 
ਇਹ ਗੱਲ ਕਾਬਲੇ ਗੌਰ ਹੈ ਕਿ ਆਰ.ਐਸ.ਐਸ. ਦੇ ਮੋਢੀ ਸਿਧਾਂਤਕਾਰ ਵੀਰ ਦਮੋਦਰ ਸਾਵਰਕਾਰ, ਇਸਦੇ ਬਾਨੀ ਹੈਡਗਵਾਰ, ਗੁਰੂ ਗੋਲਵਾਲਕਰ— ਗੱਲ ਕੀ ਆਰ.ਐਸ.ਐਸ. ਦੇ ਸਭਨਾਂ ਸਿਧਾਂਤਕਾਰਾਂ/ਮੁਖੀਆਂ ਵੱਲੋਂ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ, ਬੰਦਾ ਸਿੰਘ ਬਹਾਦਰ ਆਦਿ ਨੂੰ ਉਵੇਂ ਕੌਮੀ ਨਾਇਕਾਂ ਵਜੋਂ 'ਵਡਿਆਇਆ' ਗਿਆ ਹੈ, ਜਿਵੇਂ ਮਹਾਂਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਮਰਹੱਟਾ ਨੂੰ। ਪਰ ਸੁਆਲਾਂ ਦਾ ਸੁਆਲ ਹੈ ਕਿ ਕਿਹੜੀ ਕੌਮ ਦੇ ਨਾਇਕਾਂ ਵਜੋਂ 'ਵਡਿਆਇਆ' ਗਿਆ ਹੈ? ਗੋਲਵਾਲਕਰ ਦੀ ਜੁਬਾਨੀ ਸੁਣੋ:
''ਸਾਡੀ ਕੌਮੀ ਪੁਨਰ-ਜਾਗਰਤੀ ਦੇ ਮਹਾਨ ਦੂਤ ਸਵਾਮੀ ਵਿਵੇਕਾਨੰਦ ਵੱਲੋਂ ਵਾਰ ਵਾਰ ਸਪਸ਼ਟ ਐਲਾਨ ਕੀਤਾ ਗਿਆ ਹੈ ਕਿ ਇਹ ਹਿੰਦੂ ਕੌਮ ਹੈ। ਉਸ ਵੱਲੋਂ ਗੁਰੂ ਗੋਬਿੰਦ ਸਿੰਘ ਅਤੇ ਛਤਰਪਤੀ ਸ਼ਿਵਾ ਜੀ ਦੇ ਮਹਾਨ ਆਦਰਸ਼ਾਂ ਨੂੰ ਸਾਡੇ ਸਾਹਮਣੇ ਰੱਖਿਆ ਗਿਆ ਹੈ। ਅਸਲ ਵਿੱਚ, ਉਸ ਵੱਲੋਂ ਸਾਡੀ ਕੌਮ ਨੂੰ ਪ੍ਰੀਭਾਸ਼ਤ ਕਰਦਿਆਂ ਕਿਹਾ ਗਿਆ ਹੈ ਕਿ ਇਹ ਉਹਨਾਂ ਲੋਕਾਂ ਤੋਂ ਮਿਲ ਕੇ ਬਣੀ ਹੋਈ ਹੈ, ਜਿਹਨਾਂ ਦੇ ਦਿਲ ਆਤਮਿਕ ਇੱਕਸੁਰਤਾ ਵਿੱਚ ਧੜਕਦੇ ਹਨ।'' (ਬੰਚ ਆਫ ਥੌਟ, ਸਫਾ 127)
ਇਸ ਤੋਂ ਅੱਗੇ 1947 ਤੋਂ ਪਹਿਲਾਂ ਹਿੰਦੂ-ਮੁਸਲਿਮ ਏਕਤਾ ਦੀ ਗੱਲ ਕਰਨ ਵਾਲਿਆਂ 'ਤੇ ਹਮਲਾ ਬੋਲਦਿਆਂ, ਗੋਲਵਾਲਕਰ ਫੁਰਮਾਉਂਦਾ ਹੈ, ''ਇਸ ਹੱਦ ਤੱਕ ਹਿੰਦੂ ਨੂੰ ਖੁਦਫਰਾਮੋਸ਼ ਬਣਨਾ ਸਿਖਾਇਆ ਗਿਆ, ਉਹਨਾਂ ਨੂੰ ਆਪਣਾ ਸ਼ਾਨਾਂਮੱਤਾ ਇਤਿਹਾਸ ਵਿਸਾਰ ਦੇਣਾ ਸਿਖਾਇਆ ਗਿਆ, ਰਾਣਾ ਪ੍ਰਤਾਪ, ਸ਼ਿਵਾ ਜੀ, ਗੁਰੂ ਗੋਬਿੰਦ ਸਿੰਘ ਅਤੇ ਅਜਿਹੇ ਸਭਨਾਂ ਪ੍ਰੇਰਨਾਦਾਇਕ ਹਸਤੀਆਂ ਨੂੰ ਵਿਸਾਰ ਦੇਣਾ ਸਿਖਾਇਆ ਗਿਆ।'' (ਹਵਾਲਾ ਉਹੀ, ਸਫਾ 151)
''..ਮਹਾਨ ਧਾਰਮਿਕ ਅਧਿਆਪਕ ਗੁਰੂ ਨਾਨਕ ਅਤੇ ਉਸਦੇ ਵਾਰਸਾਂ ਵੱਲੋਂ ਹਿੰਦੂ ਉਭਾਰ ਦੀ ਨੀਂਹ ਰੱਖੀ ਗਈ, ਜਿਸਦਾ ਇਜ਼ਹਾਰ ਗੁਰੂ ਗੋਬਿੰਦ ਸਿੰਘ ਅਤੇ ਬੰਦਾ ਬੈਰਾਗੀ ਦੀ ਅਗਵਾਈ ਹੇਠ ਜੰਗਜੂ ਸਿੱਖਾਂ ਦੇ ਰੂਪ ਵਿੱਚ ਹੋਇਆ।'' (ਹਵਾਲਾ ਉਹੀ, ਸਫਾ 67)
ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦੀ ਭੰਨ-ਤੋੜ ਕਰਦਿਆਂ ਗੋਲਵਾਲਕਰ ਕਹਿੰਦਾ ਹੈ, ''ਸਿੱਖਾਂ ਦੇ ਨਾਮਧਾਰੀ ਪੰਥ ਮੁਖੀ ਦਾ ਕਹਿਣਾ ਹੈ ਕਿ ਜਿਹੜਾ ਵਿਅਕਤੀ ਸੱਚਾਸੁੱਚਾ ਹਿੰਦੂ ਨਹੀਂ ਹੈ, ਉਹ ਇੱਕ ਸਿੱਖ ਵੀ ਨਹੀਂ ਹੋ ਸਕਦਾ, ਉਹ ਉਹਨਾਂ ਮਹਾਨ ਗੁਰੂਆਂ ਦਾ ਪੈਰੋਕਾਰ ਨਹੀਂ ਹੋ ਸਕਦਾ, ਜਿਹਨਾਂ ਵੱਲੋਂ ਆਪਣੇ ਮਾਤਰੀ ਸਮਾਜ ਅਤੇ ਮਾਂ ਧਰਮ ਅਰਥਾਤ ਹਿੰਦੂ ਧਰਮ ਦੇ ਕਾਜ਼ ਲਈ ਖੂਨ ਵਹਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇੱਕ ਸੱਚਾ ਸਿੱਖ ਉਹ ਹੈ, ਜਿਹੜਾ ਵੇਦਾਂ ਅਤੇ ਭਗਵਤ ਗੀਤਾ ਵਿੱਚ ਵਿਸ਼ਵਾਸ਼ ਰੱਖਦਾ ਹੈ ਅਤੇ ਜਿਹੜਾ ਰਾਮ ਤੇ ਕ੍ਰਿਸ਼ਨ ਦੀ ਪੂਜਾ ਕਰਦਾ ਹੈ।'' (ਹਵਾਲਾ ਉਹੀ, ਸਫਾ 105)
ਉਪਰੋਕਤ ਕਥਨਾਂ ਅਤੇ ਆਰ.ਐਸ.ਐਸ. ਦੇ ਫਿਰਕੂ ਫਾਸ਼ੀ ਸਿਧਾਂਤਕਾਰਾਂ ਦੀਆਂ ਲਿਖਤਾਂ 'ਤੇ ਸਰਸਰੀ ਝਾਤ ਮਾਰਿਆਂ ਹੀ ਬੁੱਝਿਆ ਜਾ ਸਕਦਾ ਹੈ ਕਿ ਉਹ ਸਿੱਖ ਗੁਰੂਆਂ ਨੂੰ ਹਿੰਦੂ ਧਰਮ ਅਤੇ ''ਹਿੰਦੂ ਕੌਮ/ਰਾਸ਼ਟਰ'' ਦਾ ਅੰਗ ਮੰਨਦੇ ਹਨ। ਉਹ ਸਿੱਖ ਲਹਿਰ ਨੂੰ ਹਿੰਦੂ ਧਰਮ ਅਤੇ ਕੌਮ ਦੀ ਪੁਨਰ-ਜਾਗਰਤੀ ਦੀ ਲਹਿਰ ਮੰਨਦੇ ਹਨ। ਮੱਧਯੁੱਗੀ ਪਿਛਾਂਹ-ਖਿੱਚੂ ਅਤੇ ਰੂੜ•ੀਵਾਦੀ ਧਾਰਮਿਕ-ਸਮਾਜਿਕ ਰੀਤਾਂ-ਰਿਵਾਜਾਂ ਅਤੇ ਜਾਗੀਰੂ-ਰਜਵਾੜਾਸ਼ਾਹੀ ਜਬਰੋ-ਜ਼ੁਲਮਾਂ ਖਿਲਾਫ ਸਿੱਖ ਗੁਰੂਆਂ ਦੀ ਰਹਿਨੁਮਾਈ ਹੇਠ ਉੱਠੀ ਸਿੱਖ ਲਹਿਰ ਨੂੰ ਮਹਿਜ ਅਖੌਤੀ ਹਿੰਦੂ ਰਾਸ਼ਟਰ ਅਤੇ ਹਿੰਦੂ ਧਰਮ ਦੇ ਪੁਨਰ-ਉਭਾਰ ਦਾ (ਕੁ)ਨਾਂਅ ਦੇਣ, ਹਿੰਦੂ ਧਰਮ ਨੂੰ ਮੰਨਣ ਤੋਂ ਹੀ ਮੁਨਕਰ ਸਿੱਖ ਗੁਰੂਆਂ ਨੂੰ ਹਿੰਦੂ ਧਰਮ ਦੇ ਨਾਇਕ ਬਣਾ ਕੇ ਪੇਸ਼ ਕਰਨ ਅਤੇ ਜਾਗੀਰੂ ਲੁੱਟ-ਖੋਹ ਅਤੇ ਜ਼ੁਲਮ ਖਿਲਾਫ ਹਥਿਆਰਬੰਦ ਸਿੱਖ ਲਹਿਰ ਨੂੰ ਮੁਸਲਮਾਨ ਰਾਜਿਆਂ ਖਿਲਾਫ ਫਿਰਕੂ ਲੜਾਈ ਬਣਾ ਕੇ ਪੇਸ਼ ਕਰਨ ਵਾਲੇ ਸਾਵਰਕਾਰ, ਗੋਲਵਾਲਕਰ ਅਤੇ ਜਾਣੇ/ਅਣਜਾਣੇ ਉਹਨਾਂ ਦੇ ਫਿਰਕੂ ਢਹੇ ਚੜ•ੇ ਇਤਿਹਾਸਕਾਰਾਂ ਦਾ ਇਹ ਕੁਕਰਮ ਸਿੱਖ ਗੁਰੂਆਂ ਅਤੇ ਸਿੱਖ ਲਹਿਰ ਨਾਲ ਖਿਲਵਾੜ ਕਰਨ ਦੀ ਕਾਰਵਾਈ ਹੈ। ਇਹ ਸਿੱਖ ਗੁਰੂਆਂ ਅਤੇ ਸਿੱਖ ਲਹਿਰ ਦੇ ਗੈਰ-ਫਿਰਕੂ ਕਿਰਦਾਰ ਨੂੰ ਫਿਰਕੂ ਬਣਾ ਕੇ ਪੇਸ਼ ਕਰਨ, ਹਿੰਦੂ ਧਰਮ ਦਾ ਅੰਗ ਬਣਾ ਕੇ ਪੇਸ਼ ਕਰਨ ਅਤੇ ਉਹਨਾਂ ਦੀ ਅੱਡਰੀ ਅਤੇ ਨਿਵੇਕਲੀ ਪਛਾਣ ਅਤੇ ਹਸਤੀ ਨੂੰ ਪ੍ਰਵਾਨ ਕਰਨ ਤੋਂ ਮੁਨਕਰ ਹੋਣ ਦੀ ਕਾਰਵਾਈ ਹੈ। ਇਹ ਆਪਹੁਦਰੇਪਣ ਨਾਲ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਐਲਾਨਣ (ਰਿਲੀਜੀਅਸ ਅਨੈਕਸੈਸ਼ਨ) ਦੀ ਧੱਕੜ ਕਾਰਵਾਈ ਹੈ। ਸਿੱਖ ਗੁਰੂਆਂ ਅਤੇ ਸਿੱਖ ਲਹਿਰ ਨਾਲ ਇਸ ਤੋਂ ਵੱਡਾ ਅਪਮਾਨ ਅਤੇ ਧੱਕਾ ਹੋਰ ਕੀ ਹੋ ਸਕਦਾ ਹੈ? ਪਰ ''ਸੁਰਖ਼ ਲੀਹ'' ਦੇ ਸਾਥੀਆਂ ਦੀਆਂ ਐਨਕਾਂ ਰਾਹੀਂ ਦੇਖਿਆਂ ਸਿੱਖ ਧਾਰਮਿਕ ਘੱਟ ਗਿਣਤੀ ਨਾਲ ਕੀਤਾ ਜਾ ਰਿਹਾ ਇਹ ਅਪਮਾਨ ਅਤੇ ਧੱਕਾ ਸਨਮਾਨ ਦਾ ਫੱਟਾ ਬਣ ਜਾਂਦਾ ਹੈ। 
ਧਰਮ-ਨਿਰਲੇਪਤਾ ਦੇ ਸੰਕਲਪ ਦੀ ਉਤਪਤੀ ਦੇ 
ਇਤਿਹਾਸ ਦੀ ਭੰਨਤੋੜ

ਇਹ ਸਾਥੀ ਇੱਥੇ ਹੀ ਨਹੀਂ ਰੁਕਦੇ। ਧਰਮ-ਨਿਰਪੇਲਤਾ (ਸੈਕੂਲਰਿਜ਼ਮ) ਦੇ ਸੰਕਲਪ ਦੀ ਉਤਪਤੀ ਦੇ ਇਤਿਹਾਸ ਦੀ ਵਿਆਖਿਆ ਕਰਦਿਆਂ, ਇਸਦੀ ਭੰਨ-ਤੋੜ ਕਰਦੇ ਹਨ ਅਤੇ ਗਲਤ ਪੇਸ਼ਕਾਰੀ ਕਰਦੇ ਹਨ। ਉਹ ਕਹਿੰਦੇ ਹਨ ''ਪੱਛਮੀ ਦੇਸ਼ਾਂ ਵਿੱਚ ਜ਼ਿੰਦਗੀ ਦੇ ਪਬਲਿਕ ਖੇਤਰ ਉੱਤੇ ਸਰਦਾਰੀ ਹਾਸਲ ਕਰਨ ਵਾਸਤੇ ਰਾਜ ਅਤੇ ਚਰਚ ਵਿੱਚ ਇੱਕ ਲੰਮੀ (1400-1600 ਈਸਵੀ ਤੱਕ) ਲੜਾਈ ਚੱਲੀ। ਇਸ ਲੜਾਈ ਵਿੱਚ ਰਾਜ ਦੀ ਜਿੱਤ ਹੋਈ, ਜਿਸਦੇ ਨਤੀਜੇ ਵਜੋਂ ਧਰਮ-ਨਿਰਲੇਪਤਾ ਦਾ ਸੰਕਲਪ ਉੱਭਰਿਆ।''  (ਸੁਰਖ਼ ਲੀਹ, ਜਨਵਰੀ-ਫਰਵਰੀ 2016, ਸਫਾ 13)
ਸਾਫ ਹੈ ਕਿ ਇਹਨਾਂ ਸਾਥੀਆਂ ਦੀ ਸਮਝ ਮੁਤਾਬਕ ਧਰਮ-ਨਿਰਲੇਪਤਾ ਦਾ ਮਕਸਦ ਰਾਜ ਵੱਲੋਂ ''ਜ਼ਿੰਦਗੀ ਦੇ ਪਬਲਿਕ ਖੇਤਰ ਉੱਤੇ ਸਰਦਾਰੀ ਹਾਸਲ'' ਕਰਨਾ ਸੀ ਅਤੇ ਧਰਮ ਤੋਂ ਇਹ ਸਰਦਾਰੀ ਹਥਿਆਉਣਾ ਸੀ। ਇਹ ਸਰਦਾਰੀ (ਪੱਛਮੀ ਯੂਰਪ ਅੰਦਰ ਰਾਜ ਅਤੇ ਚਰਚ ਦਰਮਿਆਨ 1400-1600 ਈਸਦੀ ਦਰਮਿਆਨ ਚੱਲੀ ਲੜਾਈ ਰਾਹੀਂ ਹਾਸਲ ਕੀਤੀ ਗਈ। ਇਸ ਲੜਾਈ 'ਚੋਂ ਧਰਮ-ਨਿਰਲੇਪਤਾ ਦਾ ਸੰਕਲਪ ਉੱਭਰਿਆ। 
1400 ਤੋਂ 1600 ਈਸਵੀ ਦਰਮਿਆਨ ਦੇ ਉਹਨਾਂ ਸਮਿਆਂ ਵਿੱਚ ਪੱਛਮੀ ਯੂਰਪ ਅੰਦਰ ਰਾਜਿਆਂ-ਰਜਵਾੜਿਆਂ ਦੇ ਜਾਗੀਰੂ ਰਾਜਾਂ ਦੀ ਹੋਂਦ ਸੀ। ਇਹਨਾਂ ਸਮਿਆਂ ਵਿੱਚ ਰੋਮਨ ਕੈਥੋਲਿਕ ਚਰਚ ਇਹਨਾਂ ਜਾਗੀਰੂ ਰਾਜਾਂ ਦਾ ਇੱਕ ਵੱਡਾ ਸ਼ਕਤੀਸ਼ਾਲੀ ਅਤੇ ਅਣਸਰਦਾ ਸਮਾਜਿਕ-ਸਿਆਸੀ ਥੰਮ• ਸੀ। ਜਾਗੀਰੂ-ਰੂੜ•ੀਵਾਦੀ ਧਾਰਮਿਕ ਸੰਸਥਾਵਾਂ ਅਤੇ ਢਾਂਚੇ ਨੂੰ ਤੋੜਨ-ਖਿੰਡਾਉਣ ਅਤੇ ਸਮਾਜ 'ਤੇ ਇਹਨਾਂ ਦੀ ਜਕੜ ਨੂੰ ਤੋੜਨ ਵਿੱਚ ਰਜਵਾੜਾਸ਼ਾਹੀ ਅਤੇ ਜਾਗੀਰਦਾਰਾਂ ਦੇ ਬੁਨਿਆਦੀ ਤੌਰ 'ਤੇ ਨਾ ਹਿੱਤ ਸਨ ਅਤੇ ਇਸ ਕਰਕੇ ਨਾ ਹੀ ਉਹਨਾਂ ਦੀ ਕੋਈ ਦਿਲਚਸਪੀ ਸੀ। 
ਇਸਦੇ ਬਾਵਜੂਦ ਇਹਨਾਂ ਜਾਗੀਰੂ ਰਾਜਾਂ ਅਤੇ ਚਰਚ ਦਰਮਿਆਨ ਵਿਰੋਧ ਅਤੇ ਟਕਰਾਅ ਖੜ•ਾ ਹੋਇਆ। ਇਸ ਟਕਰਾਅ ਦਾ ਅਸਲੀ ਕਾਰਨ ਇਹ ਨਹੀਂ ਸੀ ਕਿ ਇਹ ਜਾਗੀਰੂ ਰਾਜ ''ਜ਼ਿੰਦਗੀ ਦੇ ਪਬਲਿਕ ਖੇਤਰ'' 'ਚ ਚਰਚ ਦੀ ਦਖਲਅੰਦਾਜ਼ੀ ਦਾ ਭੋਗ ਪਾਉਣਾ ਚਾਹੁੰਦੇ ਸਨ ਅਤੇ ਚਰਚ ਅਤੇ ''ਜ਼ਿੰਦਗੀ ਦੇ ਪਬਲਿਕ ਖੇਤਰ'' ਦਰਮਿਆਨ ਕੋਈ ਕੰਧ ਕੱਢਣਾ ਚਾਹੁੰਦੇ ਸਨ। (ਜਿਵੇਂ ਸੁਰਖ਼ ਲੀਹ ਦੇ ਸਾਥੀਆਂ ਵੱਲੋਂ ਪੇਸ਼ਕਾਰੀ ਕੀਤੀ ਜਾ ਰਹੀ ਹੈ। ਇਹ ਗੱਲ ਨੋਟ ਕਰਨਯੋਗ ਹੈ ਕਿ ਜਦੋਂ ਤੋਂ ਜਮਾਤੀ ਸਮਾਜ ਅਤੇ ਰਾਜ ਹੋਂਦ ਵਿੱਚ ਆਏ ਹਨ, ਉਦੋਂ ਤੋਂ ਲੈ ਕੇ ਅੱਜ ਤੱਕ ''ਜ਼ਿੰਦਗੀ ਦੇ ਪਬਲਿਕ ਖੇਤਰ'' ਅਰਥਾਤ ਰਾਜਨੀਤਕ, ਆਰਥਿਕ, ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਖੇਤਰਾਂ 'ਤੇ ਰਾਜ ਦੀ ਸਰਦਾਰੀ ਚਲੀ ਆਉਂਦੀ ਹੈ ਅਤੇ ਇਹ ਉਦੋਂ ਤੱਕ ਬਰਕਰਾਰ ਰਹੇਗੀ, ਜਦੋਂ ਤੱਕ ਜਮਾਤੀ ਸਮਾਜ ਅਤੇ ਰਾਜ ਦੀ ਹੋਂਦ ਕਾਇਮ ਰਹੇਗੀ। ਫਿਰ ਵੀ, ਚਰਚ ਅਤੇ ਜਾਗੀਰੂ ਰਾਜਾਂ ਵਿਚਾਲੇ ਇੱਕ ਵਿਰੋਧ ਅਤੇ ਟਕਰਾਅ ਉਭਰਿਆ। ਇਸ ਦਾ ਕਾਰਨ ਪੱਛਮੀ ਯੁਰਪ ਅੰਦਰ ਰੋਮਨ ਕੈਥੋਲਿਕ ਚਰਚ ਵੱਲੋਂ ਅਖਤਿਆਰ ਕੀਤੀ ਵਿਸ਼ੇਸ਼ ਹੈਸੀਅਤ ਸੀ। ਇਸਦਾ ਮਤਲਬ ਚਰਚ ਸਿਰਫ ਇੱਕ ਧਾਰਮਿਕ ਸੰਸਥਾ ਨਾ ਰਹਿ ਕੇ ਖੁਦ ਇੱਕ ਵੱਡੀ ਜਾਗੀਰੂ ਸੰਸਥਾ ਦੀ ਹੈਸੀਅਤ ਅਖਤਿਆਰ ਕਰ ਗਿਆ ਸੀ। ਇਸ ਕੋਲ ਪੱਛਮੀ ਯੂਰਪ ਦੇ ਸਭਨਾਂ ਮੁਲਕਾਂ ਅੰਦਰ ਕਈ ਕਈ ਹਜ਼ਾਰਾਂ ਏਕੜਾਂ ਵਿੱਚ ਫੈਲੀਆਂ ਹੋਈਆਂ ਜਾਗੀਰਾਂ ਸਨ। ਚਰਚ ਦੇ ਧਾਰਮਿਕ ਮੁਖੀ ਵਜੋਂ ਅਤੇ ਵੱਖ ਵੱਖ ਮੁਲਕਾਂ ਵਿੱਚ ਵੱਡੀਆਂ ਵੱਡੀਆਂ ਜਾਗੀਰਾਂ ਦੇ ਫੈਲੇ-ਪਸਰੇ ਵਿਸ਼ਾਲ ਤਾਣੇ-ਬਾਣੇ ਦੇ ਕਰਤਾ-ਧਰਤਾ ਵਜੋਂ ਚਰਚ ਮੁਖੀ— ਪੋਪ— ਇੱਕ ਸ਼ਕਤੀਸ਼ਾਲੀ ਸਮਾਜਿਕ ਸਿਆਸੀ ਹੈਸੀਅਤ ਅਖਤਿਆਰ ਕਰ ਗਿਆ ਸੀ। ਨਤੀਜੇ ਵਜੋਂ— ਪੋਪ ਅਤੇ ਉਸਦੇ ਮੁਤਹਿਤ ਪਾਦਰੀ ਲਾਣੇ ਵੱਲੋਂ ਰਾਜਿਆਂ-ਰਜਵਾੜਿਆਂ ਦੇ ਰਾਜਭਾਗ ਦੇ ਮਾਮਲਿਆਂ ਵਿੱਚ ਲੋੜੋਂ ਵੱਧ ਦਖਲਅੰਦਾਜ਼ੀ ਨੂੰ ਆਪਣਾ ਅਧਿਕਾਰ ਸਮਝ ਲਿਆ ਗਿਆ ਸੀ। ਇਸ ਲੋੜੋਂ ਵੱਧ ਦਖਲਅੰਦਾਜ਼ੀ ਦੀ ਅਧਿਕਾਰ ਜਤਲਾਈ ਨੇ ਆਪਹੁਦਰਾਸ਼ਾਹੀ ਦੀ ਸ਼ਕਲ ਅਖਤਿਆਰ ਕਰ ਲਈ ਸੀ। ਚਰਚ ਲਾਣੇ ਦੀ ਇਹ ਆਪਹੁਦਰਾਸ਼ਾਹੀ ਰਜਵਾੜਾਸ਼ਾਹੀ-ਜਾਗੀਰੂ ਰਾਜਾਂ ਨੂੰ ਚਲਾਉਣ ਦੇ ਤਕਾਜ਼ਿਆਂ ਨਾਲ ਬੇਮੇਲ ਸੀ ਅਤੇ ਇਹ ਰਾਜਭਾਗ ਦੇ ਮਾਮਲਿਆਂ ਨੂੰ ਨਜਿੱਠਣ ਦੇ ਅਮਲ ਵਿੱਚ ਸਮੱਸਿਆਵਾਂ ਖੜ•ੀਆਂ ਕਰ ਰਹੀ ਸੀ। ਇਸ ਲਈ, ਰਾਜਭਾਗ ਦੇ ਮਾਮਲਿਆਂ ਵਿੱਚ ਚਰਚ ਲਾਣੇ ਦੀ ਲੋੜੋਂ ਵੱਧ ਦਖਲਅੰਦਾਜ਼ੀ ਰਾਜਿਆਂ ਅਤੇ ਉਹਨਾਂ ਦੇ ਮੁਤਹਿਤ ਜਾਗੀਰਦਾਰਾਂ ਦੇ ਖੇਮੇ ਅੰਦਰ ਤਿੱਖੀ ਰੜਕ ਅਤੇ ਔਖ ਪੈਦਾ ਕਰਨ ਦਾ ਕਾਰਨ ਬਣ ਗਈ ਸੀ। ਇਸਦੇ ਨਾਲ ਹੀ ਜਿੱਥੇ ਚਰਚ ਦੀਆਂ ਰੜ•ੀਵਾਦੀ ਤੇ ਪਿਛਾਂਹਖਿੱਚੂ ਕਦਰਾਂ-ਕੀਮਤਾਂ ਅਤੇ ਕਾਇਦੇ-ਕਾਨੂੰਨ ਲੋਕਾਂ ਅਰਥਾਤ ਕਿਸਾਨਾਂ, ਦਸਤਕਾਰਾਂ, ਸੌਦਾਗਰੀ ਬੁਰਜੂਆਜੀ, ਵਿਸ਼ੇਸ਼ ਕਰਕੇ ਕਿਸਾਨਾਂ ਅੰਦਰ ਔਖ ਤੇ ਬੁੜਬੁੜ ਪੈਦਾ ਕਰਨ ਦੀ ਵਜਾਹ ਬਣ ਰਹੇ ਸਨ। ਉੱਥੇ ਚਰਚ ਲਾਣੇ ਦੀ ਜਾਗੀਰੂ ਲੁੱਟ ਅਤੇ ਦਾਬੇ ਖਿਲਾਫ ਵੀ ਉਹਨਾਂ ਅੰਦਰ ਔਖ ਅਤੇ ਗੁੱਸੇ ਦਾ ਲਾਵਾ ਜਮ•ਾਂ ਹੋ ਰਿਹਾ ਸੀ। ਪੋਪ ਅਤੇ ਉਸਦੇ ਪਾਦਰੀ ਲਾਣੇ ਖਿਲਾਫ ਦੋ ਪਾਸਿਆਂ ਤੋਂ ਵਿਰੋਧ ਦੀਆਂ ਤਰੰਗਾਂ ਉੱਠੀਆਂ। ਇੱਕ— ਰਾਜਿਆਂ ਅਤੇ ਉਹਨਾਂ ਦੀ ਜਾਗੀਰਦਾਰ ਢਾਣੀ ਵੱਲੋਂ ਜਿਹੜੇ ਚਰਚ ਲਾਣੇ ਦੀ ਰਾਜਭਾਗ ਦੇ ਮਾਮਲਿਆਂ ਵਿੱਚ ਲੋੜੋਂ ਵੱਧਵੀਂ ਦਖਲਅੰਦਾਜ਼ੀ ਅਤੇ ਆਪਹੁਦਰਾਸ਼ਾਹੀ ਨੂੰ ਨੱਥ ਮਾਰਦਿਆਂ, ਉਹਨਾਂ ਨੂੰ ਟਿਕਾਣੇ ਸਿਰ ਲਿਆਉਣਾ ਅਤੇ ਆਪਣੀ ਰਜ਼ਾ ਅਧੀਨ ਲਿਆਉਣਾ ਤੇ ਵਰਤਣਾ ਚਾਹੁੰਦੇ ਸਨ, ਦੂਜਾ— ਲੋਕਾਂ ਵੱਲੋਂ ਜਿਹੜੇ ਚਰਚ ਲਾਣੇ ਦੇ ਰੂੜ•ੀਵਾਦੀ-ਪਿਛਾਂਹਖਿੱਚੂ ਸ਼ਿੰਕਜੇ ਵਿੱਚੋਂ ਰੈਲ ਤੇ ਰਾਹਤ ਭਾਲਦੇ ਸਨ ਅਤੇ ਉਸਦੀ ਜਾਗੀਰੂ ਲੁੱਟ ਤੇ ਦਾਬੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਜਰਮਨੀ ਵਿੱਚ ਮਾਰਟਿਨ ਲੂਥਰ ਦੀ ਅਗਵਾਈ ਹੇਠ ਚਰਚ ਦੇ ਰੂੜ•ੀਵਾਦੀ, ਕਾਠੇ ਅਤੇ ਪਿਛਾਂਹਖਿੱਚੂ ਕਾਇਦੇ-ਕਾਨੂੰਨਾਂ ਵਿੱਚ ਸੁਧਾਰ ਕਰਨ ਲਈ ਪ੍ਰੋਟੈਸਟੈਂਟ ਸੁਧਾਰ ਲਹਿਰ ਦਾ ਆਗਾਜ਼ ਹੋਇਆ। ਇਸ ਵੱਲੋਂ ਕਿਸਾਨਾਂ, ਦਸਤਕਾਰਾਂ ਅਤੇ ਆਪਣੀ ਮੁਢਲੀ ਸ਼ਕਲ ਅਖਤਿਆਰ ਕਰ ਰਹੀ ਬੁਰਜੂਆਜੀ, ਵਿਸ਼ੇਸ਼ ਕਰਕੇ ਕਿਸਾਨਾਂ ਦੀ ਔਖ ਅਤੇ ਰੋਹ ਦੇ ਫੁਟਾਰਿਆਂ ਨੂੰ ਹੁਲਾਰਾ ਦਿੱਤਾ ਗਿਆ। ਸਿੱਟੇ ਵਜੋਂ ਪੱਛਮੀ ਯੂਰਪ ਅੰਦਰ ਕਿਸਾਨ ਉਭਾਰਾਂ ਦੇ ਸਿਲਸਿਲੇ ਨੇ ਜ਼ੋਰ ਫੜਿਆ। ਪਰ ਮਾਰਟਿਨ ਲੂਥਰ ਦੀ ਅਗਵਾਈ ਹੇਠਲੀ ਪ੍ਰੋਟੈਸਟੈਂਟ ਸੁਧਾਰ ਲਹਿਰ ਵੱਲੋਂ ਜਾਗੀਰੂ ਲੁੱਟ ਅਤੇ ਦਾਬੇ ਖਿਲਾਫ ਉੱਠਦੇ ਕਿਸਾਨ ਉਭਾਰਾਂ ਦਾ ਡਟ ਕੇ ਵਿਰੋਧ ਕੀਤਾ ਗਿਆ। ਰਾਜਿਆਂ ਰਜਵਾੜਿਆਂ ਵੱਲੋਂ ਪ੍ਰੋਟੈਸਟੈਂਟ ਸੁਧਾਰ ਲਹਿਰ ਨੂੰ ਆਪਣੇ ਹੱਕ ਵਿੱਚ ਵਰਤਦਿਆਂ ਅਤੇ ਕਿਸਾਨ ਬੇਚੈਨੀ ਅਤੇ ਉਭਾਰਾਂ ਦਾ ਲਾਹਾ ਖੱਟਦਿਆਂ ਚਰਚ ਦੀਆਂ ਜਾਗੀਰਾਂ ਨੂੰ ਹੜੱਪ ਕਰ ਲਿਆ ਗਿਆ ਅਤੇ ਰੋਮਨ ਚਰਚ ਦੇ ਮੁਖੀ ਅਤੇ ਉਸਦੇ ਪਾਦਰੀ ਲਾਣੇ ਦੇ ਪਰ ਕੁਤਰਦਿਆਂ, ਉਹਨਾਂ ਦੀ ਰਾਜਭਾਗ ਦੇ ਮਾਮਲਿਆਂ ਵਿੱਚ ਲੋੜੋਂ ਵੱਧਵੀਂ ਦਖਲਅੰਦਾਜ਼ੀ ਅਤੇ ਆਪਹੁਦਰਾਸ਼ਾਹੀ ਦਾ ਅੰਤ ਕਰ ਦਿੱਤਾ ਗਿਆ। ਇੰਗਲੈਂਡ ਦਾ ਬਾਦਸ਼ਾਹ ਖੁਦ ਇੰਗਲੈਂਡ ਦੇ ਚਰਚ ਦਾ ਮੁਖੀ ਸਜ ਗਿਆ। ਪੱਛਮੀ ਯੂਰਪ ਦੇ ਹੋਰਨਾਂ ਮੁਲਕਾਂ ਅੰਦਰ ਵੀ ਲੱਗਭੱਗ ਇਹੀ ਵਾਪਰਿਆ। ਚਰਚ ਲਾਣੇ ਦੀਆਂ ਸ਼ਕਤੀਆਂ ਨੂੰ ਖੋਰਾ ਲੱਗਿਆ ਅਤੇ ਉਸ ਨੂੰ ਜਾਗੀਰੂ ਰਾਜਾਂ ਦੀ ਰਜ਼ਾ ਅਧੀਨ ਵਿਚਰਨ ਦੀ ਹੈਸੀਅਤ ਨੂੰ ਪ੍ਰਵਾਨ ਕਰਨਾ ਪਿਆ। 
ਪਰ ਇਸ ਘਟਨਾ-ਵਿਕਾਸ ਦਾ ਸਿੱਟਾ ਇਹ ਨਹੀਂ ਨਿਕਲਿਆ ਕਿ ਲੋਕਾਂ ਦੀ ਸਮਾਜਿਕ, ਸਿਆਸੀ, ਆਰਥਿਕ ਅਤੇ ਸਭਿਆਚਾਰਕ ਜਿੰਦਗੀ ਵਿੱਚ ਚਰਚ ਦੀ ਪ੍ਰਭਾਵਸ਼ਾਲੀ ਭੂਮਿਕਾ ਦਾ ਅੰਤ ਹੋ ਗਿਆ ਸੀ। ਲੋਕਾਂ ਦੀ ਜ਼ਿੰਦਗੀ ਦੇ ਪਬਲਿਕ ਖੇਤਰ ਅਤੇ ਧਰਮ ਦਰਮਿਆਨ ਕੋਈ ਕੰਧ ਉਸਰ ਗਈ ਸੀ ਜਾਂ ਕੱਢ ਲਈ ਗਈ ਸੀ। ਲੋਕਾਂ ਦੀ ਸਮੁੱਚੀ ਜ਼ਿੰਦਗੀ ਵਿੱਚ ਧਰਮ ਦੀ ਦਖਲਅੰਦਾਜ਼ੀ ਅਤੇ ਜਕੜ ਤੱਤ ਰੂਪ ਵਿੱਚ ਅਤੇ ਬੁਨਿਆਦੀ ਤੌਰ 'ਤੇ ਉਵੇਂ ਹੀ ਕਾਇਮ ਰਹੀ, ਜਿਵੇਂ ਇਹ ਇਸ ਤੋਂ ਪਹਿਲਾਂ ਸੀ। ਲੋਕਾਂ ਨੂੰ ਜਾਗੀਰੂ ਸਮਾਜਿਕ ਆਰਥਿਕ ਪ੍ਰਬੰਧ ਦੀ ਲੁੱਟ-ਖੋਹ ਅਤੇ ਦਾਬੇ ਦੇ ਜੂਲੇ ਹੇਠ ਰੱਖਣ ਦੇ ਮਾਮਲੇ ਵਿੱਚ ਜਾਗੀਰਦਾਰੀ ਅਤੇ ਚਰਚ ਦਾ ਗੱਠਜੋੜ ਕਾਇਮ ਰਿਹਾ। ਫਰਕ ਸਿਰਫ ਇਹ ਪਿਆ ਕਿ ਲੋਕਾਂ ਦੀ ਸਮੁੱਚੀ ਜ਼ਿੰਦਗੀ ਵਿੱਚ ਲੋੜੋਂ ਵੱਧ ਦਖਲਅੰਦਾਜ਼ੀ ਦੇ ਮੁੱਦੇ 'ਤੇ ਪੋਪ-ਲਾਣੇ ਅਤੇ ਰਾਜਿਆਂ ਤੇ ਉਹਨਾਂ ਦੇ ਜਾਗੀਰੂ ਲਾਣੇ ਦਰਮਿਆਨ ਉੱਭਰੀ ਕਸ਼ਮਕਸ਼ ਦਾ ਹੱਲ ਪਿਛਲਿਆਂ ਦੇ ਹੱਕ ਵਿੱਚ ਹੋ ਗਿਆ ਸੀ। ਜਿੱਥੋਂ ਤੱਕ ਰਾਜ ਅਤੇ ਚਰਚ ਨੂੰ ਵੱਖ ਕਰਨ ਅਤੇ ਇਹਨਾਂ ਦਰਮਿਆਨ ਕੰਧ ਕੱਢਣ ਦਾ ਸੁਆਲ ਹੈ— ਇਹ ਨਾ ਵਾਪਰਿਆ ਅਤੇ ਨਾ ਹੀ ਵਾਪਰਨਾ ਸੀ। ਕਿਉਂਕਿ ਇਹ ਸੁਆਲ ਇਸ ਕਸ਼ਮਕਸ਼ ਦਾ ਮੁੱਦਾ ਹੀ ਨਹੀਂ ਸੀ।
ਸੋ, ਸੋਲਵੀਂ ਸਦੀ ਦੇ ਅੰਤ ਅਤੇ ਸਤਾਰਵੀਂ ਸਦੀ ਵਿੱਚ ਜਾਗੀਰੂ ਰਾਜਾਂ ਅਤੇ ਚਰਚ ਦਰਮਿਆਨ ਗੱਠਜੋੜ ਬਰਕਰਾਰ ਰਿਹਾ। ਪ੍ਰੋਟੈਸਟੈਂਟ ਇਸਾਈ ਮੱਤ ਦੇ ਬਾਨੀ ਮਾਰਟਿਨ ਲੂਥਰ ਦੀਆਂ ਧਾਰਮਿਕ ਸਿੱਖਿਆਵਾਂ ਜਾਗੀਰੂ ਲੁੱਟ ਅਤੇ ਦਾਬੇ ਦੀ ਨਰਕੀ ਜੂਨ ਨੂੰ ਵਾਜਬ ਠਹਿਰਾਉਣ ਲਈ ਵਿਚਾਰਧਾਰਕ ਪੌਡੇ ਮੁਹੱਈਆ ਕਰਨ ਦਾ ਅਸਰਦਾਰ ਸਾਧਨ ਬਣਦੀਆਂ ਰਹੀਆਂ। ਇਹ ਸਤਾਰਵੀਂ ਸਦੀ ਵਿੱਚ ਸ਼ੁਰੂ ਹੋਇਆ ਅਤੇ ਉੱਨੀਵੀਂ ਸਦੀ ਵਿੱਚ ਸਿਰੇ ਲੱਗਿਆ ਬੁਰਜੂਆ ਜਮਹੂਰੀ ਇਨਕਲਾਬਾਂ ਦਾ ਵਰਤਾਰਾ ਹੀ ਸੀ, ਜਿਸ ਵੱਲੋਂ ਪੱਛਮੀ ਯੂਰਪ ਅੰਦਰ ਉੱਠ ਰਹੀ ਕੌਮੀ ਸਰਮਾਏਦਾਰੀ ਅਤੇ ਵਿਸ਼ਾਲ ਕਿਸਾਨ ਜਨ-ਸਮੂਹਾਂ ਦੀ ਜਾਗੀਰੂ ਰਾਜਾਂ ਅਤੇ ਚਰਚ ਦੇ ਪਿਛਾਂਹਖਿੱਚੂ ਗੱਠਜੋੜ ਦੇ ਜਕੜਪੰਜੇ ਤੋਂ ਮੁਕਤੀ ਦਾ ਰਾਹ ਖੋਲਿ•ਆ ਗਿਆ। ਵਿਸ਼ੇਸ਼ ਕਰਕੇ, ਇੰਗਲੈਂਡ ਵਿੱਚ ਉਲੀਵਰ ਕਰਾਮਵੈੱਲ ਦੀ ਅਗਵਾਈ ਹੇਠ ਰਜਵਾੜਾਸ਼ਾਹੀ ਨੂੰ ਵਗਾਹ ਮਾਰਨ ਲਈ 1642 ਤੋਂ 1649 ਤੱਕ ਚੱਲਿਆ ਗ੍ਰਹਿ-ਯੁੱਧ ਅਤੇ ਫਰਾਂਸ ਵਿੱਚ 1789 ਤੋਂ 1794 ਤੱਕ ਚੱਲਿਆ ਗ੍ਰਹਿਯੁੱਧ (ਜਿਸ ਨੂੰ ਫਰਾਂਸ ਦੇ ਬੁਰਜੂਆ ਜਮਹੂਰੀ ਇਨਕਲਾਬ ਦਾ ਨਾਂ ਦਿੱਤਾ ਜਾਂਦਾ ਹੈ) ਦਾ ਨਾਂ ਕਾਬਲੇ-ਜ਼ਿਕਰ ਹੈ। ਪਹਿਲੇ ਵੱਲੋਂ ਪੱਛਮੀ ਯੂਰਪ ਅੰਦਰ ਵੱਖ ਵੱਖ ਮੁਲਕਾਂ ਵਿੱਚ ਉੱਠ ਰਹੀ ਕੌਮੀ ਸਰਮਾਏਦਾਰੀ ਦੀ ਅਗਵਾਈ ਹੇਠ ਬੁਰਜੂਆ ਜਮਹੂਰੀ ਇਨਕਲਾਬਾਂ ਦੇ ਵਰਤਾਰੇ ਲਈ ਨਾਕਾ ਖੋਲ•ਣ ਦਾ ਰੋਲ ਨਿਭਾਇਆ ਗਿਆ ਅਤੇ ਦੂਜੇ ਵੱਲੋਂ ਬੁਰਜੂਆ ਜਮਹੂਰੀ ਇਨਕਲਾਬਾਂ ਦੇ ਵਰਤਾਰੇ ਨੂੰ ਸਿਖਰ 'ਤੇ ਲਿਜਾਣ ਦਾ ਰੋਲ ਨਿਭਾਇਆ ਗਿਆ। ਇਉਂ, ਪੱਛਮੀ ਯੂਰਪ ਅੰਦਰ 17ਵੀਂ, 18ਵੀਂ ਅਤੇ 19ਵੀਆਂ ਸਦੀਆਂ ਵਿੱਚ ਕੌਮੀ ਸਰਮਾਏਦਾਰੀ ਦੀ ਅਗਵਾਈ ਹੇਠ ਹੋਏ ਬੁਰਜੂਆ ਜਮਹੂਰੀ ਇਨਕਲਾਬਾਂ ਦਾ ਵਰਤਾਰਾ ਸਿਰੇ ਲੱਗਿਆ। ਇਸਨੇ ਪੱਛਮੀ ਯੂਰਪ ਅੰਦਰ ਜਾਗੀਰਦਾਰੀ ਅਤੇ ਚਰਚ ਦੇ ਪਿਛਾਂਹਖਿੱਚੂ ਗੱਠਜੋੜ ਵੱਲੋਂ ਪੈਦਾਵਾਰੀ ਸ਼ਕਤੀਆਂ ਦੇ ਪੈਰਾਂ ਵਿੱਚ ਪਾਈਆਂ ਜ਼ੰਜੀਰਾਂ ਨੂੰ ਤੋੜ ਸੁੱਟਿਆ ਅਤੇ ਉਹਨਾਂ ਦੇ ਵਿਕਾਸ ਵਿੱਚ ਬੁਨਿਆਦੀ ਛਾਲ ਲਈ ਰਾਹ ਪੱਧਰ ਕੀਤਾ। ਇਸਨੇ ਉੱਠ ਰਹੀ ਬੁਰਜੂਆਜੀ ਦੀ ਸਰਦਾਰੀ ਹੇਠ ਕੌਮੀ ਰਾਜਾਂ ਦੀ ਸਥਾਪਤੀ ਦਾ ਰਾਹ ਖੋਲਿ•ਆ। ਧਰਮ ਅਤੇ ਰਾਜ ਦੇ ਮਾਮਲਿਆਂ ਵਿੱਚ ਨਿਖੇੜਾ ਕਰਦਿਆਂ, ਧਰਮ ਨੂੰ ਵਿਅਕਤੀਗਤ ਮਾਮਲਾ ਕਰਾਰ ਦੇ ਦਿੱਤਾ ਗਿਆ ਅਤੇ ਇਸਦੀ ਸਮਾਜ ਦੀ ਆਰਥਿਕ, ਸਿਆਸੀ ਅਤੇ ਸਭਿਆਚਾਰਕ ਜ਼ਿੰਦਗੀ ਵਿੱਚ ਸਿੱਧੀ ਦਖਲਅੰਦਾਜ਼ੀ ਦਾ ਭੋਗ ਪਾ ਦਿੱਤਾ ਗਿਆ। ਇਉਂ, ਪੱਛਮੀ ਯੂਰਪ ਵਿੱਚ ਖਰੇ ਧਰਮ-ਨਿਰਲੇਪ ਰਾਜ ਹੋਂਦ ਵਿੱਚ ਆਏ। ਅੱਜ ਵੀ ਪੂੰਜੀਵਾਦੀ ਮੁਲਕਾਂ ਅੰਦਰ ਰਾਜ ਅਤੇ ਧਰਮ ਦੇ ਮਾਮਲਿਆਂ ਵਿੱਚ ਬੁਨਿਆਦੀ ਨਿਖੇੜਾ ਲਕੀਰ ਮੌਜੂਦ ਹੈ। 
ਇਸ ਲਈ, ਖਰੀ ਧਰਮ ਨਿਰਲੇਪਤਾ ਦੇ ਸੰਕਲਪ ਦੀ ਉਤਪਤੀ ਅਤੇ ਧਰਮ-ਨਿਰਲੇਪਤਾ ਦੀ ਸਥਾਪਤੀ ਦਾ ਪੱਛਮੀ ਯੂਰਪ ਅੰਦਰ ਜਾਗੀਰੂ ਰਾਜ ਅਤੇ ਚਰਚ ਦਰਮਿਆਨ 1400-1600 ਈਸਵੀ ਦਰਮਿਆਨ ਚੱਲੀ ਕਸ਼ਮਕਸ਼ ਨਾਲ ਕੋਈ ਸਬੰਧ ਨਹੀਂ ਹੈ। ਇਸ ਸੰਕਲਪ ਦੀ ਉਤਪਤੀ 17ਵੀਂ ਸਦੀ ਵਿੱਚ ਸ਼ੁਰੂ ਹੋਏ ਅਤੇ 19ਵੀਂ ਸਦੀ ਵਿੱਚ ਸਿਰੇ ਲੱਗੇ ਬੁਰਜੂਆ ਜਮਹੂਰੀ ਇਨਕਲਾਬਾਂ ਦੀ ਕੁੱਖ ਵਿੱਚੋਂ ਹੋਈ ਹੈ। ਇਹਨਾਂ ਬੁਰਜੂਆ ਜਮਹੂਰੀ ਇਨਕਲਾਬਾਂ ਦੀ ਗੂੰਜ ਬਣੇ ''ਬਰਾਬਰਤਾ'', ''ਆਜ਼ਾਦੀ'' ਅਤੇ ''ਭਾਈਚਾਰਾ'' ਦੇ ਤਿੰਨ ਨਾਹਰਿਆਂ ਨੂੰ ਸਾਕਾਰ ਕਰਨ ਦੇ ਅਮਲ 'ਚੋਂ ਹੋਈ ਹੈ ਅਤੇ ਇਸਦੀ ਸਥਾਪਤੀ ਕੌਮੀ ਰਾਜਾਂ ਦੀ ਹੋਂਦ ਸਥਾਪਤ ਹੋਣ ਨਾਲ ਹੋਈ ਹੈ। 
ਇਸ ਲਈ, ਧਰਮ-ਨਿਰਲੇਪਤਾ ਦੇ ਸੰਕਲਪ ਦੀ ਉਤਪਤੀ ਅਤੇ ਸਥਾਪਤੀ ਦਾ ਲੋਕਾਂ ਦੀ ਆਰਥਿਕ, ਸਿਆਸੀ, ਸਮਾਜਿਕ ਅਤੇ ਸਭਿਆਚਾਰਕ ਜ਼ਿੰਦਗੀ 'ਤੇ ਰਾਜ ਦੀ ਸਰਦਾਰੀ ਨਾਲ ਕੋਈ ਬੁਨਿਆਦੀ ਸਬੰਧ ਨਹੀਂ ਹੈ। 
ਅਸਲ ਵਿੱਚ ਧਰਮ-ਨਿਰਲੇਪਤਾ ਦੇ ਸੰਕਲਪ ਦੀ ਉਤਪਤੀ ਅਤੇ ਸਥਾਪਤੀ ਦਾ ਸਬੰਧ ਬੁਨਿਆਦੀ ਤੌਰ 'ਤੇ ਰਾਜ ਅਤੇ ਇਸਦੀ ਮਾਲਕ ਹਾਕਮ ਜਮਾਤ/ਜਮਾਤਾਂ ਦੀ ਜਮਾਤੀ ਖਸਲਤ ਨਾਲ ਜੁੜਿਆ ਹੋਇਆ ਹੈ। ਜੇ ਵੇਲੇ ਦੀਆਂ ਹਾਕਮ ਜਮਾਤਾਂ ਜਾਗੀਰੂ ਹਨ ਅਤੇ ਉਹਨਾਂ ਦਾ ਰਾਜ ਜਾਗੀਰੂ ਆਪਾਸ਼ਾਹ ਰਾਜ ਹੈ, ਉੱਥੇ ਰਾਜ ਅਤੇ ਧਰਮ ਦੇ ਗੱਠਜੋੜ ਨੂੰ ਤੋੜਿਆ ਹੀ ਨਹੀਂ ਜਾ ਸਕਦਾ। ਇਹ ਪਿਛਾਂਹਖਿੱਚੂ ਗੱਠਜੋੜ ਜਾਗੀਰੂ ਹਾਕਮ ਜਮਾਤ/ਜਮਾਤਾਂ ਅਤੇ ਉਹਨਾਂ ਦੇ ਆਪਾਸ਼ਾਹ ਰਾਜ ਦੀ ਬੇਹੱਦ ਅਹਿਮ ਅਤੇ ਅਣਸਰਦੀ ਲੋੜ ਹੈ, ਇੱਕ ਬੁਨਿਆਦੀ ਜੀਵਨ-ਰਗ (ਬੇਸਿਕ ਲਾਈਫ ਲਾਈਨ) ਹੈ। 
ਜਾਗੀਰੂ ਨਿਜ਼ਾਮ ਦੇ ਤਿੰਨ ਪ੍ਰਮੁੱਖ ਪੱਖ ਹਨ: ਇੱਕ— ਆਰਥਿਕ ਪੱਖ, ਯਾਨੀ ਜ਼ਮੀਨ ਦੀ ਕਾਣੀ ਵੰਡ ਅਤੇ ਜ਼ਮੀਨ ਦੇ ਵੱਡੇ ਹਿੱਸੇ 'ਤੇ ਮੁੱਠੀ ਭਰ ਜਾਗੀਰੂ ਜਮਾਤ ਦੀ ਅਜਾਰੇਦਾਰੀ ਹੋਣਾ; ਦੂਜਾ— ਸਿਆਸੀ ਤਾਕਤ ਵਿਅਕਤੀਗਤ ਰਜਵਾੜਾਸ਼ਾਹੀ ਦੇ ਹੱਥ ਕੇਂਦਰਤ ਹੋਣਾ, ਰਾਜ ਦੇ ਸਿਰੇ ਦੇ ਜਾਬਰ ਅਤੇ ਆਪਾਸ਼ਾਹ ਖਸਲਤ ਦਾ ਮਾਲਕ ਹੋਣਾ ਅਤੇ ਤੀਜਾ— ਪਿਤਾ-ਪੁਰਖੀ (ਪੈਟਰੀਆਕਲ) ਵਿਚਾਰਧਾਰਾ, ਅਤੇ ਸਮਾਜਿਕ-ਸਭਿਆਚਾਰਕ ਸੰਸਥਾਵਾਂ ਅਤੇ ਰਹੁ-ਰੀਤਾਂ ਦਾ ਹਾਵੀ ਹੋਣਾ। ਰੱਬਵਾਦ ਅਤੇ ਕਿਸਮਤਵਾਦ ਦੀ ਗੈਰ-ਵਿਗਿਆਨਕ, ਤਰਕਹੀਣ ਅਤੇ ਪਿਛਾਂਹਖਿੱਚੂ ਧਾਰਮਿਕ ਵਿਚਾਰਧਾਰਾ ਜ਼ਮੀਨ ਅਤੇ ਸਿਆਸੀ ਸਤ•ਾ ਦੇ ਜਾਗੀਰੂ ਜਮਾਤ ਹੱਥ ਕੇਂਦਰਤ ਹੋਣ, ਰਾਜ ਭਾਗ ਦੇ ਸਿਰੇ ਦੇ ਗੈਰ-ਜਮਹੂਰੀ, ਧੱਕੜ ਅਤੇ ਆਪਹੁਦਰੇ ਕਿਰਦਾਰ-ਵਿਹਾਰ ਅਤੇ ਸਮਾਜ ਅੰਦਰ ਜਾਗੀਰੂ ਧੋਂਸ ਅਤੇ ਚੌਧਰ ਦੇ ਵਰਤਾਰੇ ਨੂੰ ਵਿਚਾਰਧਾਰਕ ਵਾਜਬੀਅਤ ਮੁਹੱਈਆ ਕਰਨ ਦਾ ਇੱਕ ਸ਼ਕਤੀਸ਼ਾਲੀ ਅਤੇ ਅਣਸਰਦਾ ਸਾਧਨ ਬਣਦੀ ਹੈ। ਇਸ ਲਈ ਜਾਗੀਰੂ ਸਮਾਜਿਕ-ਆਰਥਿਕ ਪ੍ਰਬੰਧ 'ਤੇ ਟਿਕੇ ਰਾਜ ਅਤੇ ਉਸਦੀ ਮਾਲਕ ਹਾਕਮ ਜਮਾਤਾਂ ਕੋਲੋਂ ਧਰਮ ਅਤੇ ਰਾਜਭਾਗ ਦੇ ਮਾਮਲਿਆਂ ਦਰਮਿਆਨ ਨਿਖੇੜੇ ਦੀ ਕੰਧ ਕੱਢਣ ਅਤੇ ਖਰੀ ਧਰਮ-ਨਿਰਲੇਪਤਾ 'ਤੇ ਅਮਲ ਕਰਨ ਦੀ ਆਸ ਰੱਖਣਾ ਝੋਟਿਆਂ ਘਰੋਂ ਲੱਸੀ ਭਾਲਣ ਵਰਗੀ ਗੱਲ ਹੈ। 
ਉਪਰੋਕਤ ਵਿਆਖਿਆ 'ਚੋਂ ਦੇਖਿਆ ਜਾ ਸਕਦਾ ਹੈ ਕਿ ''ਸੁਰਖ਼ ਲੀਹ'' ਦੇ ਸਾਥੀਆਂ ਵੱਲੋਂ ਪੱਛਮੀ ਯੂਰਪ ਅੰਦਰ ਰਜਵਾੜਾਸ਼ਾਹੀ ਅਤੇ ਚਰਚ ਦਰਮਿਆਨ ਖੜ•ੇ ਹੋਏ ਰੱਟੇ ਅਤੇ ਕਸ਼ਮਕਸ਼ ਦੀ ਗਲਤ-ਬਿਆਨੀ ਅਤੇ ਸ਼ਕਲ-ਵਿਗਾੜ ਕੀਤੀ ਗਈ ਹੈ। ਇਹ ਗਲਤ-ਬਿਆਨੀ ਉਹਨਾਂ ਵੱਲੋਂ ਅਣਜਾਣੇ 'ਚ ਹੋਈ ਕੋਈ ਉਕਾਈ ਨਹੀਂ ਹੈ। ਇਤਿਹਾਸ ਦੀ ਇਹ ਗਲਤ-ਬਿਆਨੀ ਸੋਚ-ਸਮਝ ਕੇ ਕੀਤੀ ਗਈ ਹੈ। ਉਹਨਾਂ ਦਾ ਇਉਂ ਕਰਨ ਦਾ ਮਕਸਦ ਆਪਣੀ ਇਸ ਗਲਤ ਸਮਝ ਨੂੰ ਇਤਿਹਾਸਕ ਵਾਜਬੀਅਤ ਦੀ ਢੋਈ ਮੁਹੱਈਆ ਕਰਨਾ ਹੈ ਕਿ ਹਾਕਮ ਜਮਾਤ/ਜਮਾਤਾਂ ਅਤੇ ਉਹਨਾਂ ਦੇ ਰਾਜ ਦੀ ਖਸਲਤ ਕੋਈ ਵੀ ਹੋਵੇ, ਉਨ•ਾਂ ਵੱਲੋਂ ਧਰਮ ਨਾਲੋਂ ਨਿਖੇੜੇ ਦੀ ਕੰਧ ਕੱਢੀ ਜਾ ਸਕਦੀ ਹੈ, ਜਾਗੀਰੂ ਰਾਜਾਂ ਅਤੇ ਰਜਵਾੜਾਸ਼ਾਹੀ ਵੱਲੋਂ ਵੀ ਧਰਮ ਨਾਲੋਂ ਅਜਿਹਾ ਨਿਖੇੜਾ ਕੀਤਾ ਜਾ ਸਕਦਾ ਹੈ ਅਤੇ ਰਾਜਭਾਗ ਦੇ ਮਾਮਲਿਆਂ ਵਿੱਚ ਧਰਮ ਦੀ ਦਖਲਅੰਦਾਜ਼ੀ ਨੂੰ ਮੋਂਦਾ ਲਾਇਆ ਜਾ ਸਕਦਾ ਹੈ। ਇਉਂ, ਖਰੀ ਧਰਮ-ਨਿਰਲੇਪਤਾ ਨੂੰ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ। 
ਇਸ ਗਲਤ ਸਮਝ ਨੂੰ ਉਭਾਰ ਕੇ ਉਹ ਕੀ ਮੰਤਵ ਹਾਸਲ ਕਰਨਾ ਚਾਹੁੰਦੇ ਹਨ? ਇਹ ਮੰਤਵ ਪਾਠਕਾਂ ਨੂੰ ਇਹ ਦਿਖਾਉਣਾ-ਜਚਾਉਣਾ ਹੈ ਕਿ ਜਿਵੇਂ ਪੱਛਮੀ ਯੂਰਪ ਵਿੱਚ ਜਾਗੀਰੂ ਸਮਾਜਿਕ-ਆਰਥਿਕ ਪ੍ਰਬੰਧ ਅਤੇ ਰਜਵਾੜਾਸ਼ਾਹੀ ਆਪਾਸ਼ਾਹ ਰਾਜਾਂ ਵੱਲੋਂ ਧਰਮ ਦੀ ਰਾਜ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਦਾ ਅੰਤ ਕਰ ਦਿੱਤਾ ਗਿਆ ਸੀ, ਜ਼ਿੰਦਗੀ ਦੇ ਆਰਥਿਕ, ਸਿਆਸੀ, ਸਮਾਜਿਕ ਅਤੇ ਸਭਿਆਚਾਰਕ ਖੇਤਰਾਂ ਵਿੱਚ ਧਰਮ ਦੀ ਦਖਲਅੰਦਾਜ਼ੀ ਦਾ ਭੋਗ ਪਾ ਦਿੱਤਾ ਗਿਆ ਸੀ, ਧਰਮ ਅਤੇ ਰਾਜ ਦੇ ਮਾਮਲਿਆਂ ਵਿੱਚ ਨਿਖੇੜੇ ਦੀ ਲਕੀਰ ਖਿੱਚ ਦਿੱਤੀ ਗਈ ਸੀ ਅਤੇ ਧਰਮ-ਨਿਰਲੇਪਤਾ ਦਾ ਰਾਹ ਅਖਤਿਆਰ ਕਰ ਲਿਆ ਸੀ, ਉਵੇਂ ਹੀ ਭਾਰਤ ਦਾ ਅਰਧ-ਜਾਗੀਰੂ ਸਮਾਜਿਕ-ਆਰਥਿਕ ਆਧਾਰ 'ਤੇ ਖੜ•ਾ ਆਪਾਸ਼ਾਹ ਰਾਜ ਅਤੇ ਇਸਦੀਆਂ ਮਾਲਕ ਹਾਕਮ ਜਮਾਤਾਂ ਦਲਾਲ ਸਰਮਾਏਦਾਰੀ ਅਤੇ ਜਾਗੀਰਦਾਰੀ ਵੀ ਧਰਮ ਨਾਲੋਂ ਨਿਖੇੜਾ ਕਰਕੇ ਚੱਲ ਰਹੀਆਂ ਹਨ, ਰਾਜ ਅਤੇ ਧਰਮ ਦੇ ਮਾਮਲਿਆਂ ਦਰਮਿਆਨ ਕੰਧ ਕੱਢ ਕੇ ਚੱਲ ਰਹੀਆਂ ਹਨ ਅਤੇ ਜ਼ਿੰਦਗੀ ਦੇ ਆਰਥਿਕ, ਸਿਆਸੀ, ਸਮਾਜਿਕ ਅਤੇ ਸਭਿਆਚਾਰਕ ਖੇਤਰਾਂ ਵਿੱਚ ਧਰਮ ਦੀ ਦਖਲਅੰਦਾਜ਼ੀ ਨੂੰ ਸਮਾਪਤ ਕਰਕੇ ਚੱਲ ਰਹੀਆਂ ਹਨ। ਇਉਂ, ਇੱਥੇ ਧਰਮ ਅਤੇ ਰਾਜ ਤੇ ਹਾਕਮ ਜਮਾਤਾਂ ਦਰਮਿਆਨ ਐਲਾਨੀਆ/ਅਣਐਲਾਨੀਆ ਜਾਂ ਜ਼ਾਹਰਾ/ਗੁੱਝੇ ਗੱਠਜੋੜ ਦਾ ਨਾਂ ਨਿਸ਼ਾਨ ਨਹੀਂ ਹੈ। ਇਸ ਲਈ, ਮੌਜੂਦਾ ਰਾਜ ਅਤੇ ਇਸਦੀਆਂ ਮਾਲਕ ਹਾਕਮ ਜਮਾਤਾਂ ਗੈਰ-ਫਿਰਕਾਪ੍ਰਸਤ ਹਨ। ਫਿਰਕਾਪ੍ਰਸਤੀ ਤਾਂ ਇਹਨਾਂ ਦੇ ਨੇੜੇ ਵੀ ਨਹੀਂ ਫਟਕ ਸਕਦੀ। 
ਇਸ ਲਈ, ''ਸੁਰਖ਼ ਲੀਹ'' ਦੇ ਸਾਥੀਆਂ ਨੂੰ ਤਸੱਲੀ ਹੈ ਕਿ ਚਾਹੇ ਅਰਧ-ਜਾਗੀਰੂ ਭਾਰਤ ਦੀ ਕੁੱਲ ਆਬਾਦੀ ਦਾ 80 ਫੀਸਦੀ ਤੋਂ ਉੱਪਰ ਹਿੱਸਾ ਹਿੰਦੂ ਧਰਮ ਨਾਲ ਸਬੰਧਤ ਹੈ, ਇੱਥੋਂ ਦੀਆਂ ਦਲਾਲ ਹਾਕਮ ਜਮਾਤਾਂ ਦੀ ਵੱਡੀ ਭਾਰੀ ਗਿਣਤੀ ਹਿੰਦੂ ਧਰਮ ਨਾਲ ਸਬੰਧਤ ਹੈ, ਆਪਾਸ਼ਾਹ ਰਾਜ ਦੇ ਤਾਣੇਪੇਟੇ ਅਤੇ ਹਾਕਮ ਜਮਾਤੀ ਸਿਆਸੀ ਪਾਰਟੀਆਂ ਦਾ ਵੱਡਾ ਭਾਰੀ ਹਿੱਸਾ ਹਿੰਦੂ ਧਾਰਮਿਕ ਆਬਾਦੀ 'ਚੋਂ ਆਉਂਦਾ ਹੈ, ਇਸਦੇ ਬਾਵਜੂਦ, ਹਾਕਮ ਜਮਾਤਾਂ, ਰਾਜ ਅਤੇ ਸਿਆਸੀ ਪਾਰਟੀਆਂ ਹਿੰਦੂ ਧਰਮ ਵੱਲ ਭੋਰਾ ਭਰ ਵੀ ਉਲਾਰ ਨਹੀਂ ਹਨ ਅਤੇ ਹਿੰਦੂ ਫਿਰਕਾਪ੍ਰਸਤੀ ਤੋਂ ਪਾਕ ਹਨ। ਫਿਰਕਾਪ੍ਰਸਤੀ ਤਾਂ ਦੂਰ ਦੀ ਗੱਲ ਹੈ, ਉਹ ਕਿਸੇ ਕਿਸਮ ਦੇ ਫਿਰਕੂ ਪੱਖਪਾਤ ਤੋਂ ਬੇਲਾਗ ਅਤੇ ਉੱਪਰ ਉੱਠੇ ਹੋਏ ਹਨ। 
ਪਰ ਇਹਨਾਂ ਸਾਥੀਆਂ ਨੂੰ ਭਾਰਤੀ ਹਾਕਮ ਜਮਾਤਾਂ, ਆਪਾਸ਼ਾਹ ਰਾਜ ਅਤੇ ਮੌਕਾਪ੍ਰਸਤ ਸਿਆਸਤਦਾਨਾਂ 'ਤੇ ਜੇ ਕੋਈ ਇਤਰਾਜ਼ ਹੈ ਤਾਂ ਉਹ ਇਹ ਹੈ ਕਿ ਉਹਨਾਂ ਵੱਲੋਂ ਧਰਮ-ਨਿਰਲੇਪਤਾ ਨੂੰ ਹੂਬਹੂ ਇਸਦੇ ਸਹੀ ਅਰਥਾਂ ਵਿੱਚ ਅਤੇ ਮੁਕੰਮਲ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਉਹ ਚਾਹੇ ਕਿਸੇ ਵੀ ਧਰਮ ਦਾ ਪੱਖ ਨਹੀਂ ਪੂਰਦੇ। ਚਾਹੇ ਫਿਰਕੂ ਤੁਅੱਸਬਾਂ ਅਤੇ ਫਿਰਕਾਪ੍ਰਸਤੀ ਤੋਂ ਉੱਪਰ ਉੱਠੇ ਹੋਏ ਹਨ, ਪਰ ਆਪਣੀ ਵੋਟ-ਸਿਆਸਤ ਦੇ ਮੰਤਵਾਂ ਲਈ ਸਾਰੇ ਧਰਮਾਂ ਦੀ ਵਰਤੋਂ ਕਰਦੇ ਹਨ। ਆਪਣੀ ਇਸ ਨੀਤੀ ਤਹਿਤ ਉਹ ਸਭਨਾਂ ਧਰਮਾਂ ਦੀ ਸਰਪ੍ਰਸਤੀ ਕਰਦੇ ਹਨ। ਸਭਨਾਂ ਧਰਮਾਂ ਨੂੰ ਬਰਾਬਰ ਅਹਿਮੀਅਤ ਦਿੰਦਿਆਂ, ਸਭਨਾਂ ਧਰਮਾਂ ਦੇ ਧਰਮ-ਗੁਰੂਆਂ, ਪੁਜਾਰੀਆਂ ਅਤੇ ਫਿਰਕੂ ਜਨੂੰਨੀ ਅਨਸਰਾਂ ਨੂੰ ਥਾਪੜਾ ਦਿੰਦੇ ਹਨ। ਇਸ ਤਰ•ਾਂ, ਉਹ ਵੱਖ ਵੱਖ ਫਿਰਕਿਆਂ ਦਰਮਿਆਨ ਪਾਟਕ ਪਾਉਂਦੇ ਹਨ, ਫਿਰਕੂ ਦੰਗੇ-ਫਸਾਦ ਭੜਕਾਉਂਦੇ ਹਨ ਅਤੇ ਇੱਕ-ਦੂਜੇ ਦਾ ਘਾਣ ਕਰਵਾਉਂਦੇ ਹਨ। ਕਮਾਲ ਦੀ ਗੱਲ ਇਹ ਹੈ ਕਿ ਇਸ ਫਿਰਕੂ ਅੱਗ ਦੀ ਖੇਡ ਖੇਡਦੀਆਂ ਅਤੇ ਸਭਨਾਂ ਧਰਮਾਂ ਦੇ ਲੋਕਾਂ ਦੇ ਧਾਰਮਿਕ ਜਜ਼ਬਾਤਾਂ ਦਾ ਘਾਣ ਕਰਦੀਆਂ ਹਾਕਮ ਜਮਾਤਾਂ, ਮੌਕਾਪ੍ਰਸਤ ਸਿਆਸੀ ਪਾਰਟੀਆਂ ਅਤੇ ਰਾਜ ਦੇ ਕਰਤਾ-ਧਰਤਾ ਅਮਲੇ ਫੈਲੇ ਦੇ ਧਾਰਮਿਕ ਜਜ਼ਬਾਤ ਠੰਢੇ ਸੀਤ ਰਹਿੰਦੇ ਹਨ। ਹਾਕਮ ਲਾਣੇ (ਹਾਕਮ ਜਮਾਤਾਂ, ਉਹਨਾਂ ਦੀਆਂ ਸਿਆਸੀ ਪਾਰਟੀਆਂ ਅਤੇ ਰਾਜ ਦਾ ਕਰਤਾ-ਧਰਤਾ ਅਮਲਾ-ਫੈਲਾ) ਦੀ ਵੱਡੀ ਭਾਰੀ ਬਹੁਗਿਣਤੀ ਦਾ ਹਿੰਦੂ ਧਰਮ ਨਾਲ ਸਬੰਧਤ ਹੋਣ ਦੇ ਬਾਵਜੂਦ, ਇਸ ਵੱਲੋਂ ਬਹੁਗਿਣਤੀ ਹਿੰਦੂ ਧਰਮ ਦਾ ਪੱਖ ਤਾਂ ਕੀ ਪੂਰਨਾ ਸੀ, ਉਲਟਾ ਹਿੰਦੂ ਧਰਮੀ ਜਨਤਾ ਖਿਲਾਫ ਧਾਰਮਿਕ ਘੱਟ ਗਿਣਤੀਆਂ ਅੰਦਰ ਸ਼ਾਵਨਵਾਦ ਨੂੰ ਹਵਾ ਦੇਣ, ਹਿੰਦੂ ਧਰਮੀ ਜਨਤਾ ਖਿਲਾਫ ਉਕਸਾਉਣ-ਭੜਕਾਉਣ ਅਤੇ ਇਉਂ, ਉਸਦੇ ਧਾਰਮਿਕ ਜਜ਼ਬਾਤਾਂ ਦਾ ਘਾਣ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ।
ਹਾਕਮ ਲਾਣੇ ਵੱਲੋਂ ਸਭਨਾਂ ਧਰਮਾਂ ਦੀ ਪੁਸ਼ਤਪਨਾਹੀ ਕਰਨ ਅਤੇ ਉਹਨਾਂ ਨੂੰ ਵਰਤਣ ਦੀ ਉਪਰੋਕਤ ਨੀਤੀ ਨੂੰ ਉਹ ਧਰਮ-ਨਿਰਪੱਖਤਾ (ਰਿਲੀਜੀਅਸ ਨਿਊਟਰੈਲਿਟੀ) ਦੀ ਨੀਤੀ ਦਾ ਨਾਂ ਦਿੰਦੇ ਹਨ। ਇਸ ਧਰਮ-ਨਿਰਪੱਖਤਾ ਦੀ ਨੀਤੀ ਦਾ ਮਤਲਬ ਹੈ ਕਿ ਹਾਕਮ ਜਮਾਤਾਂ ਅਤੇ ਰਾਜ ਨਾ ਕਿਸੇ ਵਿਸ਼ੇਸ਼ ਧਰਮ ਪ੍ਰਤੀ ਪੱਖਪਾਤੀ ਅਤੇ ਨਾ ਹੀ ਹੋਰਨਾਂ ਧਰਮਾਂ ਪ੍ਰਤੀ ਤੁਅੱਸਬੀ ਪਹੁੰਚ ਅਪਣਾ ਕੇ ਚੱਲਦੇ ਹਨ।  ਇਹ ਸਭਨਾਂ ਧਾਰਮਿਕ ਘੱਟ ਗਿਣਤੀਆਂ ਅਤੇ ਧਾਰਮਿਕ ਬਹੁਗਿਣਤੀ ਨੂੰ ਬਰਾਬਰ ਵਜ਼ਨ ਅਤੇ ਸਤਿਕਾਰ ਦਿੰਦੇ ਹਨ। ''ਸੁਰਖ਼ ਲੀਹ'' ਦੇ ਸਾਥੀਆਂ ਨੂੰ ਅਫਸੋਸ ਹੈ ਕਿ ਹਾਕਮ ਜਮਾਤਾਂ ਅਤੇ ਰਾਜ ਐਨੇ ਮਾੜੇ ਹਨ ਕਿ ਇੱਕ ਹੱਥ ਤਾਂ ਉਹ ਸਭਨਾਂ ਧਾਰਮਿਕ ਭਾਈਚਾਰਿਆਂ ਨੂੰ ਬਿਨਾ ਕਿਸੇ ਪੱਖਪਾਤ ਤੋਂ ਬਰਾਬਤ ਵਜ਼ਨ, ਸਤਿਕਾਰ ਅਤੇ ਸਰਪ੍ਰਸਤੀ ਮੁਹੱਈਆ ਕਰਨ ਵਾਲਾ ਗੈਰ-ਫਿਰਕੂ ਰਵੱਈਆ ਅਤੇ ਪਹੁੰਚ ਅਖਤਿਆਰ ਕਰਕੇ ਚਲਦੇ ਹਨ, ਪਰ ਦੂਜੇ ਹੱਥ ਇਹਨਾਂ ਧਾਰਮਿਕ ਭਾਈਚਾਰਿਆਂ ਵਿੱਚ ਫਿਰਕੂ ਜਜ਼ਬਾਤਾਂ ਅਤੇ ਤੁਅੱਸਬਾਂ ਨੂੰ ਭੜਕਾਉਂਦੇ ਹਨ। ਫਿਰਕੂ ਵੰਡੀਆਂ ਪਾਉਂਦੇ ਹਨ, ਉਹਨਾਂ ਨੂੰ ਭਰਾਮਾਰ ਦੰਗੇ-ਫਸਾਦਾਂ ਅਤੇ ਕਤਲੇਆਮਾਂ ਦੇ ਰਾਹ ਤੋਰਦੇ ਹਨ। 1984 ਵਿੱਚ ਹਰਮੰਦਰ ਸਾਹਿਬ 'ਤੇ ਫੌਜੀ ਹਮਲਾ, ਅੱਸੀਵਿਆਂ ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਅਤੇ ਹਕੂਮਤੀ ਹਥਿਆਰਬੰਦ ਬਲਾਂ ਵੱਲੋਂ ਝੂਠੇ ਮੁਕਾਬਲਿਆਂ ਰਾਹੀਂ ਹਜ਼ਾਰਾਂ ਨੌਜਵਾਨਾਂ ਨੂੰ ਮਾਰ ਖਪਾਉਣ, ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਹੋਰਨਾਂ ਥਾਵਾਂ 'ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ, 2002 ਵਿੱਚ ਗੁਜਰਾਤ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਅਤੇ ਇੱਸੇ ਤਰ•ਾਂ ਮੁਜ਼ੱਫਰਪੁਰ ਵਿੱਚ ਮੁਸਲਮਾਨਾਂ ਦੇ ਕਤਲੇਆਮ ਵਰਗੀਆਂ ਸਭ ਘਟਨਾਵਾਂ ਹਾਕਮ ਜਮਾਤਾਂ ਅਤੇ ਰਾਜ ਦੀ ਇਸ ਧਰਮ ਨਿਰਪੱਖਤਾ ਦੀ ਨੀਤੀ ਦਾ ਨਤੀਜਾ ਹਨ। 
ਸੋ, ਇਹਨਾਂ ਸਾਥੀਆਂ ਦੀ ਸਮਝ ਮੁਤਾਬਿਕ ਅਖੌਤੀ ਧਰਮ-ਨਿਰਪੱਖਤਾ ਦੀ ਇਸ ਨੀਤੀ ਦੇ ਦੋ ਲੜ ਬਣਦੇ ਹਨ; ਇੱਕ— ਸਭਨਾਂ ਧਰਮਾਂ ਦਾ ਬਰਾਬਰ ਸਤਿਕਾਰ ਅਤੇ ਸਭਨਾਂ ਧਾਰਮਿਕ ਭਾਈਚਾਰਿਆਂ ਦੀ ਸਰਪ੍ਰਸਤੀ ਕਰਨਾ; ਦੂਜਾ— ਸਭਨਾਂ ਧਾਰਮਿਕ ਭਾਈਚਾਰਿਆਂ ਵਿੱਚ ਫਿਰਕੂ ਤੁਅੱਸਬਾਂ ਅਤੇ ਨਫਰਤ ਦਾ ਛੱਟਾ ਦੇਣ ਵਾਲੀਆਂ ਤਾਕਤਾਂ ਨੂੰ ਪਾਲਣਾ-ਪੋਸ਼ਣਾ, ਫਿਰਕੂ ਪਾਟਕ ਅਤੇ ਦੰਗੇ-ਫਸਾਦ ਅਤੇ ਕਤਲੇਆਮ ਭੜਕਾਉਣਾ,ਇਉਂ, ਇਸ ''ਪਾੜੋ ਅਤੇ ਰਾਜ ਕਰੋ'' ਦੀ ਚਾਲ ਰਾਹੀਂ ਉਹ ਲੋਕਾਂ ਦੀ ਜਮਾਤੀ/ਤਬਕਾਤੀ ਅਤੇ ਭਰਾਤਰੀ ਏਕਤਾ ਪਾੜਦੇ-ਖਿੰਡਾਉਂਦੇ ਹਨ, ਸੰਘਰਸ਼ ਏਕੇ ਨੂੰ ਸੱਟ ਮਾਰਦੇ ਹਨ ਅਤੇ ਲੋਕ ਸੁਰਤੀ ਨੂੰ ਲੋਕਾਂ ਦੇ ਹਕੀਕੀ ਆਰਥਿਕ ਅਤੇ ਜਮਹੂਰੀ ਮੁੱਦਿਆਂ ਤੋਂ ਭਟਕਾ ਕੇ ਪਾਟਕਪਾਊ ਮੁੱਦਿਆਂ 'ਤੇ ਕੇਂਦਰਤ ਕਰਦੇ ਹਨ। ਇਹੀ ਧਰਮ-ਨਿਰਪੱਖਤਾ ਦੀ ਨੀਤੀ ਬਰਤਾਨਵੀ ਹਾਕਮਾਂ ਵੱਲੋਂ 1947 ਦੀ ਸਤ•ਾ ਬਦਲੀ ਤੋਂ ਪਹਿਲਾਂ ਲਾਗੂ ਕੀਤੀ ਜਾਂਦੀ ਰਹੀ ਹੈ, ਜਿਸ ਨੂੰ ਭਾਰਤੀ ਹਾਕਮਾਂ ਵੱਲੋਂ ਵੀ ਲਾਗੂ ਕੀਤਾ ਜਾ ਰਿਹਾ ਹੈ। ਦਰਅਸਲ ਇਹ ਨੀਤੀ ਭਾਰਤੀ ਹਾਕਮਾਂ ਨੂੰ ਬਸਤੀਵਾਦੀ ਰਾਜ ਦੇ ਨਾਲ ਹੀ ਵਿਰਾਸਤ ਵਿੱਚ ਮਿਲੀ ਹੈ। 
ਬਰਤਾਨਵੀ ਹਾਕਮਾਂ ਵੱਲੋਂ ਧਰਮ ਦੇ ਪੱਤੇ ਦੀ ਵਰਤੋਂ
ਬਰਤਾਨਵੀ ਸਾਮਰਾਜੀਆਂ ਵੱਲੋਂ ਧਰਮ ਦੇ ਪੱਤੇ ਦੀ ਵਰਤੋਂ ਪੂਰੀ ਮੁਹਾਰਤ ਅਤੇ ਸਫਲਤਾ ਪੂਰਵਕ ਕੀਤੀ ਗਈ। ਸ਼ੁਰੂ 'ਚ— ਉਹਨਾਂ ਦਾ ਮਕਸਦ ਮੁਲਕ ਦੇ ਲੋਕਾਂ ਵਿੱਚ ਫਿਰਕੂ-ਵੰਡੀਆਂ ਪਾਉਣਾ ਅਤੇ ਬਸਤੀਵਾਦੀ ਜੂਲੇ ਨੂੰ ਵਗਾਹ ਮਾਰਨ ਲਈ ਉੱਠ ਰਹੀਆਂ ਲਹਿਰਾਂ ਨੂੰ ਕਮਜ਼ੋਰ ਕਰਨਾ ਸੀ। ਵੱਖ ਵੱਖ ਧਰਮਾਂ ਦੀ ਪੁਸ਼ਤਪਨਾਹੀ ਕਰਦਿਆਂ, ਫਿਰਕੂ ਤੁਅੱਸਬਾਂ ਅਤੇ ਤਣਾਵਾਂ ਨੂੰ ਹਵਾ ਦੇਣ ਅਤੇ ਫਿਰਕੂ ਰੱਟੇ-ਕਲੇਸ਼ ਭੜਕਾਉਣ ਦੀ ਖੇਡ ਖੇਡਦਿਆਂ ਵੀ ਖੁਦ ਅੰਗਰੇਜ਼ ਹਾਕਮਾਂ ਵੱਲੋਂ ਪੱਖਪਾਤੀ ਅਤੇ ਤੁਅੱਸਬੀ ਰਵੱਈਆ ਅਖਤਿਆਰ ਨਹੀਂ ਕੀਤਾ ਗਿਆ ਤਾਂ ਇਸ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਅੰਗਰੇਜ਼ ਹਾਕਮ ਆਪ ਇਸਾਈ ਧਰਮ ਨਾਲ ਸਬੰਧਤ ਸਨ। ਮੁਲਕ ਅੰਦਰ ਇਸਾਈ ਭਾਈਚਾਰਾ ਕੁੱਲ ਆਬਾਦੀ ਦਾ ਇੱਕ ਬਹੁਤ ਹੀ ਛੋਟਾ ਹਿੱਸਾ ਹੋਣ ਕਰਕੇ ਅਤੇ ਵਿਦੇਸ਼ੀ ਹਾਕਮਾਂ ਦਾ ਧਰਮ ਹੋਣ ਕਰਕੇ ''ਪਾੜੋ ਅਤੇ ਰਾਜ ਕਰੋ'' ਦੀ ਫਿਰਕੂ ਖੇਡ ਅੰਦਰ ਇਸਾਈ ਧਰਮ ਦੇ ਪੱਤੇ ਦੀ ਵਰਤੋਂ ਨਾ ਸਿਰਫ ਬੇਫਾਇਦਾ ਹੋਣੀ ਸੀ, ਸਗੋਂ ਉਲਟ-ਉਪਜਾਊ ਸਾਬਤ ਹੋਣੀ ਸੀ। ਇਸ ਨੇ ਦੂਸਰੇ ਧਰਮਾਂ (ਹਿੰਦੂ, ਮੁਸਲਿਮ, ਸਿੱਖ ਆਦਿ) ਨਾਲ ਸਬੰਧਤ ਜਨਤਾ ਅੰਦਰ ਅਸੁਰੱਖਿਆ ਦੇ ਅਹਿਸਾਸ ਨੂੰ ਚੋਭ ਲਾਉਣ ਅਤੇ ਇਸਾਈ ਧਾਰਮਿਕ ਭਾਈਚਾਰੇ ਖਿਲਾਫ ਇੱਕਜੁੱਟ ਹੋਣ ਵੱਲ ਧੱਕਣਾ ਸੀ। ਇਸ ਲਈ ਅੰਗਰੇਜ਼ ਹਾਕਮਾਂ ਵੱਲੋਂ ਇਸਾਈ ਧਰਮ ਦੇ ਪੱਤੇ ਦੀ ਵਰਤੋਂ ਨਾ ਕਰਦਿਆਂ, ਹੋਰਨਾਂ ਧਾਰਮਿਕ ਭਾਈਚਾਰਿਆਂ, ਵਿਸ਼ੇਸ਼ ਕਰਕੇ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਨਾਲ ਸਬੰਧਤ ਹਿੱਸਿਆਂ/ਸੰਸਥਾਵਾਂ ਨੂੰ ਇਸ ਫਿਰਕੂ ਖੇਡ ਦੇ ਮੋਹਰੇ ਬਣਾਉਣ ਦੀਆਂ ਕੋਸ਼ਿਸ਼ਾਂ ਆਰੰਭੀਆਂ ਗਈਆਂ। ਅੰਗਰੇਜ਼ ਹਾਕਮਾਂ ਅਤੇ ਰਾਜ ਦੀਆਂ ਫੈਸਲਾਕੁੰਨ ਅਤੇ ਅਹਿਮ ਥਾਵਾਂ 'ਤੇ ਤਾਇਨਾਤ (ਵੱਡੀ ਅਫਸਰਸ਼ਾਹੀ ਦਾ ਲੱਗਭੱਗ ਸਾਰਾ ਹਿੱਸਾ) ਬਰਤਾਨਵੀ (ਅਤੇ ਇਸਾਈ) ਹੋਣ ਦੀ ਹਕੀਕਤ ਅਤੇ ਇੰਗਲੈਂਡ ਵਿੱਚ ਧਰਮ-ਨਿਰਲੇਪਤਾ ਦੀ ਨੀਤੀ 'ਤੇ ਅਮਲ ਕਰਦੇ ਹੋਣ ਦੀ ਨੀਤੀ ਉਹਨਾਂ ਵੱਲੋਂ ਸਭਨਾਂ ਧਰਮਾਂ ਵੱਲ ਨਿਰਪੱਖਤਾ ਅਤੇ ਗੈਰ-ਤੁਅੱਸਬੀ ਅਤੇ ਗੈਰ-ਫਿਰਕੂ ਰਵੱਈਆ ਅਖਤਿਆਰ ਕਰਨ ਦਾ ਆਧਾਰ ਮੁਹੱਈਆ ਕਰਦਾ ਸੀ। ਹਿੰਦੂ, ਸਿੱਖਾਂ, ਮੁਸਲਮਾਨਾਂ ਆਦਿ ਵਿੱਚ ਫਿਰਕੂ ਰੱਟੇ-ਕਲੇਸ਼ਾਂ ਦਾ ਅੰਗਰੇਜ਼ ਹਾਕਮਾਂ ਦੇ ਧਾਰਮਿਕ ਜਜ਼ਬਾਤਾਂ ਨਾਲ ਕੋਈ ਲਾਗਾਦੇਗਾ ਨਹੀਂ ਸੀ। ਇਸ ਲਈ, ਉਹਨਾਂ ਵੱਲੋਂ ਸਭਨਾਂ ਧਰਮਾਂ ਤੋਂ ਪਾਸੇ ਖੜ•ਦਿਆਂ ਅਤੇ ਕਿਸੇ ਵੀ ਧਰਮ ਦਾ ਪੱਖ ਨਾ ਪੂਰਨ ਦਾ ਡਰਾਮਾ ਕਰਦਿਆਂ, ਸਭਨਾਂ ਕਿਸਮਾਂ ਦੀ ਫਿਰਕਾਪ੍ਰਸਤੀ ਨੂੰ ਤੂਲ ਦੇਣ ਅਤੇ ਬਰਾਬਰ ਸਰਪ੍ਰਸਤੀ  ਕਰਨ ਦਾ ਪੱਤਾ ਬਾਖੂਬੀ ਖੇਡਿਆ ਗਿਆ। 
ਰੂਸ ਦੇ ਅਕਤੂਬਰ ਇਨਕਲਾਬ ਤੋਂ ਬਾਅਦ, ਕੌਮਾਂਤਰੀ ਸਿਆਸੀ ਹਾਲਤਾਂ ਅਤੇ ਭਾਰਤ ਦੀਆਂ ਸਿਆਸੀ ਹਾਲਤਾਂ ਵਿੱਚ ਆਈ ਇਤਿਹਾਸਕ ਤਬਦੀਲੀ ਤੋਂ ਬਾਅਦ ਸਾਮਰਾਜੀ ਹਾਕਮਾਂ ਵੱਲੋਂ ਆਪਣੀ ਇਸ ਨੀਤੀ ਨੂੰ ਭਰਵਾਂ ਅਤੇ ਠੋਸ ਬਣਾਇਆ ਗਿਆ ਅਤੇ ਇਸ ਨੂੰ ਆਪਣੇ ਦੂਰਗਾਮੀ ਪਿਛਾਖੜੀ ਸਾਮਰਾਜੀ ਮਨੋਰਥਾਂ ਦੀ ਪੂਰਤੀ ਲਈ ਘੜੀ ਸਿਆਸੀ ਯੁੱਧਨੀਤੀ ਦਾ ਬੇਹੱਦ ਅਹਿਮ ਅੰਗ ਬਣਾਇਆ ਗਿਆ। ਰੂਸ ਅੰਦਰ ਜ਼ਾਰਸ਼ਾਹੀ ਸਾਮਰਾਜੀ ਕਿੱਲੇ ਨੂੰ ਢਾਹ ਕੇ ਹੋਂਦ ਵਿੱਚ ਆਇਆ ਸੋਵੀਅਤ ਸਮਾਜਵਾਦ ਦਾ ਕਿਲਾ ਸੰਸਾਰ ਸਾਮਰਾਜ ਲਈ ਮੌਤ ਦਾ ਧੁੜਕੂ ਬਣ ਕੇ ਉਭਰਿਆ। ਇਸ ਵੱਲੋਂ ਨਾ ਸਿਰਫ ਸੰਸਾਰ ਭਰ ਦੀ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਅਤੇ ਪਛੜੇ ਮੁਲਕਾਂ ਅੰਦਰ ਸਾਮਰਾਜ ਵਿਰੋਧੀ ਲਹਿਰਾਂ ਨੂੰ ਹੁਲਾਰਾ ਬਖਸ਼ਿਆ ਗਿਆ, ਸਗੋਂ ਮਾਰਕਸਵਾਦ-ਲੈਨਿਨਵਾਦ ਨੂੰ ਮਜ਼ਦੂਰ ਜਮਾਤ ਅਤੇ ਦੱਬੇ-ਕੁਚਲੇ ਮੁਲਕਾਂ ਅਤੇ ਕੌਮਾਂ ਦੀਆਂ ਮੁਕਤੀ ਲਹਿਰਾਂ ਦੀ ਅਗਵਾਈ ਦੇ ਅਜਿੱਤ ਵਿਚਾਰਧਾਰਕ ਸੋਮੇ ਵਜੋਂ ਉਭਾਰਿਆ ਗਿਆ। ਸਿੱਟੇ ਵਜੋਂ, ਪਛੜੇ ਮੁਲਕਾਂ ਅੰਦਰ ਕਮਿਊਨਿਸਟ ਗਰੁੱਪਾਂ/ਪਾਰਟੀਆਂ ਦੇ ਹੋਂਦ ਵਿੱਚ ਆਉਣ ਦਾ ਸਿਲਸਿਲਾ ਛਿੜ ਪਿਆ। ਚੀਨ ਅੰਦਰ ਕਮਿਊਨਿਸਟ ਪਾਰਟੀ ਦੇ ਹੋਂਦ ਵਿੱਚ ਆਉਣ ਅਤੇ ਉਸਦੀ ਅਗਵਾਈ ਹੇਠ ਕੌਮੀ ਜਮਹੂਰੀ ਇਨਕਲਾਬ ਦੇ ਤੂਫਾਨੀ ਵੇਗ ਅਖਤਿਆਰ ਕਰ ਜਾਣ ਨਾਲ ਸੰਸਾਰ ਭਰ ਦੇ ਸਾਮਰਾਜੀਆਂ ਨੂੰ ਕੰਬਣੀਆਂ ਛਿੜਨ ਲੱਗ ਪਈਆਂ। ਇਸਦੇ ਨਾਲ ਹੀ 1920 ਤੋਂ ਬਾਅਦ ਭਾਰਤ ਅੰਦਰ ਵੀ ਕਮਿਊਨਿਸਟ ਲਹਿਰ ਦੀ ਉਠਾਣ ਦਾ ਅਮਲ ਸ਼ੁਰੂ ਹੋ ਗਿਆ। ਜਾਗੀਰੂ ਲੁੱਟ ਅਤੇ ਦਾਬੇ ਖਿਲਾਫ ਹਥਿਆਰਬੰਦ ਕਿਸਾਨ (ਸਮੇਤ ਆਦਿਵਾਸੀ ਕਿਸਾਨ) ਉਭਾਰਾਂ ਦਾ ਸਿਲਸਿਲਾ ਛਿੜ ਪਿਆ। ਇਸ ਹਾਲਤ ਵਿੱਚ ਅੰਗਰੇਜ਼ ਹਾਕਮਾਂ ਲਈ ਬਾਲਸ਼ਵਿਕ ਇਨਕਲਾਬ ਦਾ ਖਤਰਾ ਸਿਰ ਮੰਡਰਾਉਂਦੀ ਚੁਣੌਤੀ ਬਣ ਗਿਆ। ਇਸ ਲਈ ਹੁਣ ਮੁਲਕ ਅੰਦਰ ਬਰਤਾਨਵੀ ਬਸਤੀਵਾਦ ਖਿਲਾਫ ਉੱਠ ਰਹੀਆਂ ਲਹਿਰਾਂ ਨੂੰ ਨਜਿੱਠਣ ਦਾ ਮਾਮਲਾ ਮਹਿਜ਼ ਬਸਤੀਵਾਦ/ਸਾਮਰਾਜਵਾਦ ਵਿਰੋਧੀ ਲੋਕ-ਲਹਿਰਾਂ ਨੂੰ ਨਜਿੱਠਣ ਦਾ ਮਾਮਲਾ ਹੀ ਨਹੀਂ ਸੀ ਰਹਿ ਗਿਆ, ਸਗੋਂ ਇਹ ਕਮਿਊਨਿਸਟਾਂ ਦੀ ਅਗਵਾਈ ਹੇਠ ਸਿਰ ਚੁੱਕਣ ਵਾਲੇ ਇਨਕਲਾਬ ਦੇ ਖਤਰੇ ਨੂੰ ਨਜਿੱਠਣ ਦਾ ਮਾਮਲਾ ਵੀ ਬਣ ਗਿਆ ਸੀ। ਇਸ ਲਈ, ਇਹ ਮਾਮਲਾ ਸਾਮਰਾਜੀ ਪੂੰਜੀਵਾਦੀ ਪ੍ਰਬੰਧ ਦੀ ਮੋਤ ਦੀ ਘੰਟੀ ਬਣ ਕੇ ਉੱਭਰ ਰਹੇ ''ਬਾਲਸ਼ਵਿਕ ਇਨਕਲਾਬ'' ਦੇ ਖਤਰੇ ਨੂੰ ਨਜਿੱਠਣ ਦੀ ਸਾਮਰਾਜੀ ਯੁੱਧਨੀਤੀ ਦਾ ਇੱਕ ਦੂਰਗਾਮੀ ਅਹਿਮੀਅਤ ਰੱਖਦਾ ਮੁੱਦਾ ਬਣ ਗਿਆ ਸੀ। 
ਬਰਤਾਨਵੀ ਸਾਮਰਾਜੀ ਹਾਕਮਾਂ ਵੱਲੋਂ ਮੁਲਕ ਦੀ ਆਜ਼ਾਦੀ ਦੀ ਲਹਿਰ ਅਤੇ ਇਨਕਲਾਬ ਨੂੰ ਲੀਹੋਂ ਲਾਹੁਣ ਅਤੇ ਭਵਿੱਖ ਅੰਦਰ ਇਨਕਲਾਬ ਦੇ ਰਾਹ ਵਿੱਚ ਕੰਡੇ ਖਿੰਡਾਉਣ ਲਈ ਆਪਣੀ ਸ਼ਾਤਰਾਨਾ ਸਿਆਸੀ ਯੁੱਧਨੀਤੀ ਦਾ ਖਾਕਾ ਤਿਆਰ ਕੀਤਾ ਗਿਆ। ਇਸ ਯੁੱਧਨੀਤੀ ਦੇ ਦੋ ਪੱਖ ਸਨ; ਇੱਕ— ਦੇਰ-ਸਵੇਰ ਸਿਆਸੀ ਸੱਤ•ਾ ਆਪਣੀਆਂ ਦਲਾਲ ਜਮਾਤਾਂ ਨੂੰ ਸੌਂਪਣ ਦੀ ਅਟੱਲਤਾ ਨੂੰ ਪ੍ਰਵਾਨ ਕਰਦਿਆਂ, ਇਹਨਾਂ ਜਮਾਤਾਂ ਦੇ ਸਿਆਸੀ ਨੁਮਾਇੰਦਿਆਂ ਦੀ ਪਿਛਾਖੜੀ ਸਿਆਸੀ ਸਿੱਖਿਆ-ਸਿਖਲਾਈ ਅਤੇ ਕਿਰਦਾਰ-ਢਲਾਈ ਦਾ ਬਾਕਾਇਦਾ ਅਮਲ ਚਲਾਉਣਾ ਅਤੇ ਦੂਜਾ— ਫਿਰਕਾਪ੍ਰਸਤੀ ਆਧਾਰਤ ਦੋ ਕੌਮਾਂ ਦੇ ਸਿਧਾਂਤ ਨੂੰ ਤੂਲ ਦਿੰਦਿਆਂ, ਮੁਲਕ ਦੀ ਹਿੰਦੂ ਧਰਮ ਅਤੇ ਇਸਲਾਮ ਦੇ ਆਧਾਰ 'ਤੇ ਵੰਡ ਦਾ ਆਧਾਰ ਤਿਆਰ ਕਰਨਾ ਅਤੇ ਜਮਾਤੀ ਏਕੇ ਅਤੇ ਵੱਖ ਵੱਖ ਕੌਮੀਅਤਾਂ ਅੰਦਰ ਕੌਮੀ ਏਕੇ ਨੂੰ ਫਿਰਕੂ ਚੀਰਾ ਦੇਣਾ ਅਤੇ ਇਨਕਲਾਬ ਲਈ ਲੰਮੇ ਅਰਸੇ ਵਾਸਤੇ ਬੇਹੱਦ ਗੈਰ-ਸਾਜਗਾਰ ਹਾਲਤਾਂ ਤਿਆਰ ਕਰਨਾ। ਅਗਸਤ 1947 ਵਿੱਚ ਫਿਰਕੂ ਮਾਰਧਾੜ ਅਤੇ ਕਤਲੇਆਮ ਦੀ ਹਨੇਰੀ ਵਿੱਚ ਰਚਿਆ ਆਜ਼ਾਦੀ ਦਾ ਨਾਟਕ ਅਤੇ ਮੁਲਕ ਦੀ ਧਰਮ ਆਧਾਰਤ ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਕੀਤੀ ਵੰਡ ਇਸ ਜ਼ਿਕਰ ਅਧੀਨ ਯੁੱਧਨੀਤੀ ਦਾ ਸਿਖਰ ਅਤੇ ਸਫਲ ਨਤੀਜਾ ਹੋ ਨਿੱਬੜੀ ਹੈ। 
ਮੁਲਕ ਦੀ ਸਮੁੱਚੀ ਇਨਕਲਾਬੀ ਲਹਿਰ ਦੀ ਉੱਠ ਰਹੀ ਕਾਂਗ ਨੂੰ ਕੁਚਲਣ, ਕੌਮੀ ਆਜ਼ਾਦੀ ਦੀ ਲਹਿਰ ਨੂੰ ਲੀਹੋਂ ਲਾਹੁਣ, ਵੱਡੀ ਪੱਧਰ 'ਤੇ ਫਿਰਕੂ ਮਾਰਧਾੜ ਅਤੇ ਕਤਲੇਆਮ ਭੜਕਾ ਕੇ 20 ਲੱਖ ਤੋਂ ਵੱਧ ਲੋਕਾਂ ਨੂੰ ਮੌਤ ਦੇ ਜਬਾੜਿ•ਆਂ ਵਿੱਚ ਸੁੱਟਣ, ਕਰੋੜਾਂ ਨੂੰ ਉਜਾੜੇ ਦਾ ਸ਼ਿਕਾਰ ਬਣਾਉਣ, ਮੁਲਕ ਨੂੰ ਫਿਰਕੂ ਵੰਡ ਦੇ ਮੂੰਹ ਧੱਕਣ ਅਤੇ ਦੋ ਮੁਲਕਾਂ ਨੂੰ ਹੋਂਦ ਵਿੱਚ ਲਿਆਉਣ ਦਾ ਇਹ ਅਮਲ ਕੋਈ ਆਪਮੁਹਾਰੇ ਵਾਪਰਿਆ ਅਚਾਨਕ ਘਟਨਾ-ਵਿਕਾਸ ਨਹੀਂ ਸੀ, ਇਹ ਕੋਈ ਕਾਂਗਰਸੀ ਜਾਂ ਮੁਸਲਿਮ ਲੀਗੀ ਆਗੂਆਂ ਦੀ ਕਿਸੇ ਜ਼ਿੱਦ ਕਾਰਨ ਵਾਪਰਿਆ ਕੋਈ ਅਚਾਨਕ ਘਟਨਾ ਵਿਕਾਸ ਵੀ ਨਹੀਂ ਸੀ। ਇਹ ਘਟਨਾ ਵਿਕਾਸ ਅੰਗਰੇਜ਼ ਸਾਮਰਾਜੀ ਹਾਕਮਾਂ ਵੱਲੋਂ ਮੁਲਕ ਦੀ ਫਿਰਕੂ ਪਾਲਾਵੰਦੀ ਅਤੇ ਵੰਡ ਕਰਨ ਲਈ ਘੜੀ ਉਸ ਯੁੱਧਨੀਤੀ ਦਾ ਨਤੀਜਾ ਸੀ, ਜਿਸ ਵਿੱਚ ਭਵਿੱਖ ਦੇ ਹਾਕਮਾਂ ਵਜੋਂ ਪਾਲੇਪੋਸੇ ਜਾ ਰਹੇ ਸਿਆਸੀ ਟੋਲਿਆਂ ਅਤੇ ਦਲਾਲ ਹਾਕਮ ਜਮਾਤਾਂ (ਵੱਡੀ ਬੁਰਜੂਆਜੀ, ਜਾਗੀਰਦਾਰੀ) ਨੂੰ ਸ਼ਾਮਲ ਕਰਦਿਆਂ, ਅੱਗੇ ਰਾਜ ਦੀਆਂ ਸੰਸਥਾਵਾਂ, ਵਿਸ਼ੇਸ਼ ਕਰਕੇ ਅਫਸਰਸ਼ਾਹੀ ਨੂੰ ਫਿਰਕੂ ਪਾਣ ਚਾੜ•ਨ ਦਾ ਅਮਲ ਚਲਾਇਆ ਗਿਆ ਸੀ। ਇਹ ਘਿਨਾਉਣਾ ਤੇ ਪਿਛਾਖੜੀ ਘਟਨਾ ਵਿਕਾਸ ਹਿੰਦੂ ਅਤੇ ਮੁਸਲਮਾਨ ਧਰਮ ਦੇ ਆਧਾਰ 'ਤੇ ਵੰਡੇ ਸਿਆਸਤਦਾਨਾਂ, ਫਿਰਕੂ ਜਨੂੰਨੀ ਜਥੇਬੰਦੀਆਂ, ਦਲਾਲ ਵੱਡੇ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਅਤੇ ਅਫਸਰਸ਼ਾਹੀ ਦੇ ਗੱਠਜੋੜਾਂ ਦੀ ਸਿੱਧੀ ਸ਼ਮੂਲੀਅਤ ਅਤੇ ਅਗਵਾਈ ਹੇਠ ਵਿਉਂਤਬੱਧ ਢੰਗ ਨਾਲ ਸਿਰੇ ਚਾੜਿ•ਆ ਗਿਆ ਸੀ। ਇਹਨਾਂ ਗੱਠਜੋੜਾਂ ਦੀ ਅਗਵਾਈ ਅਤੇ ਸ਼ਮੂਲੀਅਤ ਤੋਂ ਬਗੈਰ ਇਸ ਨੂੰ ਕਦਾਚਿਤ ਵੀ ਸਰਅੰਜ਼ਾਮ ਨਹੀਂ ਸੀ ਦਿੱਤਾ ਜਾ ਸਕਦਾ। ਮੁਲਕ ਦੀ ਫਿਰਕੂ ਆਧਾਰ 'ਤੇ ਵੰਡ ਦੀ ਆਵਾਜ਼ ਨਾ ਲੋਕਾਂ 'ਚੋਂ ਉੱਠੀ ਸੀ, ਨਾ ਕਿਸੇ ਖਰੀ ਲੋਕ-ਹਿਤੈਸ਼ੀ ਜਥੇਬੰਦੀ ਵੱਲੋਂ ਅਜਿਹੀ ਮੰਗ ਕੀਤੀ ਗਈ ਸੀ ਅਤੇ ਨਾ ਹੀ 1946-47 ਚੋਂ ਪਹਿਲਾਂ ਲੋਕਾਂ ਅੰਦਰ ਕੋਈ ਅਜਿਹੀ ਵੱਡੀ ਅਤੇ ਅਮੋੜ ਫਿਰਕੂ (ਪਾਲਾਬੰਦੀ) ਮੌਜੂਦ ਸੀ। ਇਸ ਫਿਰਕੂ ਪਾਲਾਬੰਦੀ ਦਾ ਪਹਿਲਾ ਅਮਲ ਦਲਾਲ ਸਿਆਸਤਦਾਨਾਂ, ਕੌਂਸਲਾਂ ਅਤੇ ਅਸੈਂਬਲੀਆਂ ਦੀ ਸ਼ਕਲ ਵਿੱਚ ਨਵੀਆਂ ਸ਼ਿੰਗਾਰੀਆਂ ਜਾ ਰਹੀਆਂ ਅਖੌਤੀ ਜਮਹੂਰੀਅਤ ਦੀਆਂ ਸੰਸਥਾਵਾਂ ਅਤੇ ਰਾਜ ਦੀਆਂ ਸੰਸਥਾਵਾਂ ਵਿੱਚ ਚਲਾਇਆ ਗਿਆ ਸੀ। ਧਰਮ-ਆਧਾਰਤ ਦੋ ਕੌਮਾਂ ਦੇ ਸਿਧਾਂਤ ਨੂੰ ਉਭਾਰਨ ਅਤੇ ਇਸ ਦੁਆਲੇ ਦਲਾਲ ਸਿਆਸਤਦਾਨਾਂ, ਉਹਨਾਂ ਦੀਆਂ ਜਥੇਬੰਦੀਆਂ, ਰਾਜ ਦੀਆਂ ਸੰਸਥਾਵਾਂ ਅਤੇ ਫਿਰਕੂ ਜਨੂੰਨੀ ਤਾਕਤਾਂ ਦੀ ਪਾਲਾਬੰਦੀ ਦਾ ਅਮਲ ਐਨੇ ਯੋਜਨਾਬੱਧ ਅਤੇ ਜ਼ੋਰਦਾਰ ਢੰਗ ਨਾਲ ਚਲਾਇਆ ਜਾ ਰਿਹਾ ਸੀ ਕਿ ਇੱਕ ਪੜਾਅ (1942) 'ਤੇ ਆ ਕੇ ਭਾਰਤੀ ਕਮਿਊਨਿਸਟ ਪਾਰਟੀ ਦੀ ਮੌਕਾਪ੍ਰਸਤ ਲੀਡਰਸ਼ਿੱਪ ਵੱਲੋਂ ਵੀ ਇਸ ਪਿਛਾਖੜੀ ਦੋ ਕੌਮਾਂ ਦੇ ਫਿਰਕੂ ਸਿਧਾਂਤ ਦਾ ਝੰਡਾ ਚੁੱਕ ਲਿਆ ਗਿਆ ਸੀ। 
ਇਸ ਪਿਛਾਖੜੀ ਘਟਨਾ ਵਿਕਾਸ ਰਾਹੀਂ ਤਰਾਸ਼ੇ ਭਾਰਤੀ ਰਾਜ ਅਤੇ ਇਸਦੀਆਂ ਮਾਲਕ ਦਲਾਲ-ਜਾਗੀਰੂ ਹਾਕਮ ਜਮਾਤਾਂ ਅਤੇ ਮੌਕਾਪ੍ਰਸਤ ਸਿਆਸਤਦਾਨਾਂ ਦੇ ਟੋਲਿਆਂ ਦੀ ਫਿਰਕੂ ਧੁੱਸ ਅਖੌਤੀ ਧਰਮ-ਨਿਰਪੱਖਤਾ ਦਾ ਪਰਦਾ ਪਾੜ ਕੇ ਵਾਰ ਵਾਰ ਜ਼ਾਹਰ ਹੁੰਦੀ ਰਹੀ ਹੈ। ਅਖੌਤੀ ਆਜ਼ਾਦੀ ਤੋਂ ਤੁਰੰਤ ਬਾਅਦ ਪੰਡਤ ਜਵਾਹਰ ਲਾਲ ਨਹਿਰੂ ਵਜ਼ਾਰਤ ਨੂੰ ਲਾਰਡ ਮਾਊਂਟਬੈਟਨ ਵੱਲੋਂ ਸਹੁੰ ਚੁਕਾਈ ਗਈ ਅਤੇ ਫਿਰ ਬ੍ਰਾਹਮਣ ਪੁਜਾਰੀਆਂ ਵੱਲੋਂ ਉਸਦੀ ਤਾਜਪੋਸ਼ੀ ਦੀ ਰਸਮ ਅਦਾ ਕੀਤੀ ਗਈ। ਇਉਂ, ਨਹਿਰੂ ਹਕੂਮਤ ਦਾ ਉਦਘਾਟਨ ਹੀ ਧਰਮ-ਨਿਰਪੇਲਤਾ ਦੇ ਸੰਕਲਪ ਨੂੰ ਠੁੱਡ ਮਾਰ ਕੇ ਕੀਤਾ ਗਿਆ ਸੀ। ਨਹਿਰੂ ਹਕੂਮਤ ਦੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਛਤਰਛਾਇਆ ਹੇਠ ਹਿੰਦੂਆਂ ਦੇ ਉੱਭਰਵੇਂ ਧਰਮ-ਅਸਥਾਨ ਸੋਮਨਾਥ ਦੇ ਮੰਦਰ ਦੀ ਮੁਰੰਮਤ ਕਰਵਾਉਣ ਅਤੇ ਚਮਕਾਉਣ-ਲਿਸ਼ਕਾਉਣ ਦਾ ਕੰਮ ਸਰਕਾਰ ਵੱਲੋਂ ਕਰਵਾਇਆ ਗਿਆ। ਇਸ ਨੂੰ ਖੋਲ•ਣ ਮੌਕੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸ਼ਾਦ ਸਮੇਤ ਹਾਕਮ ਟੋਲਾ ਹੁੰਮ ਹੁਮਾ ਕੇ ਪੁੱਜਿਆ। ਰਾਸ਼ਟਰਪਤੀ ਵੱਲੋਂ ਇਸ ਮੰਦਰ ਦੇ ਮੁੜ-ਨਿਰਮਾਣ ਨੂੰ ਬਾਰਾ ਸੌ ਸਾਲਾਂ ਦੀ ਗੁਲਾਮੀ (ਜਿਸ ਨੂੰ ਹਿੰਦੂ ਫਿਰਕਾਪ੍ਰਸਤ ਮੁਗਲਾਂ ਦੀ ਭਾਰਤ ਵਿੱਚ ਆਮਦ ਤੋਂ ਆਰੰਭ ਹੋਇਆ ਮੰਨਦੇ ਹਨ) ਦੇ ਦਾਗ਼ ਨੂੰ ਧੋਣ ਵਾਲੀ ਕਾਰਵਾਈ ਕਰਾਰ ਦਿੱਤਾ ਗਿਆ। ਫਿਰਕੂ ਜਥੇਬੰਦੀ ਹਿੰਦੂ ਮਹਾਂ ਸਭਾ ਦੇ ਮੁਖੀ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ, ਜਿਸ ਨੇ ਬਾਅਦ ਵਿੱਚ ਜਨਸੰਘ ਦੀ ਨੀਂਹ ਰੱਖੀ ਸੀ। ਮੁਲਕ ਦਾ ਸੰਵਿਧਾਨ ਬਣਾਉਣ ਲਈ ਬਣਾਈ ਗਈ ਵਿਧਾਨ ਘੜਨੀ ਅਸੈਂਬਲੀ ਵੱਲੋਂ ਸੰਵਿਧਾਨ ਵਿੱਚ ਧਰਮ-ਨਿਰਲੇਪਤਾ (ਅਖੌਤੀ ਧਰਮ-ਨਿਰਪੱਖਤਾ) ਦੀ ਨੀਤੀ ਨੂੰ ਸੋਚ ਸਮਝ ਕੇ ਦਰਜ਼ ਨਹੀਂ ਕੀਤਾ ਗਿਆ। ਦੋ ਕੌਮਾਂ ਦੇ ਸਿਧਾਂਤ ਦੇ ਆਧਾਰ 'ਤੇ ਹੀ ਸੰਵਿਧਾਨ ਅੰਦਰ ਦੋ ਸਿਵਲ ਕੋਡ ਦਰਜ ਕੀਤੇ ਗਏ। ਇੱਕ ਹਿੰਦੂ ਸਿਵਲ ਕੋਡ ਅਤੇ ਦੂਜਾ ਮੁਸਲਮਾਨ ਸਿਵਲ ਕੋਡ। ਇਸਦਾ ਸਾਫ ਮਤਲਬ ਮੁਸਲਮਾਨਾਂ ਨੂੰ ਵੱਖਰੀ ਕੌਮ ਨਾਲ ਸਬੰਧਤ ਮੰਨਦਿਆਂ, ਬਾਕੀ ਫਿਰਕਿਆਂ (ਸਿੱਖਾਂ, ਇਸਾਈਆਂ, ਬੋਧੀਆਂ, ਜੈਨੀਆਂ, ਪਾਰਸੀਆਂ) ਨੂੰ ਹਿੰਦੂ ਕੌਮ ਦਾ ਹੀ ਅੰਗ ਮੰਨਣਾ ਸੀ। ਇਹਨਾਂ ਫਿਰਕਿਆਂ ਦੀਆਂ ਧਾਰਮਿਕ ਸੰਸਥਾਵਾਂ ਅਤੇ ਰਹੁ-ਰੀਤਾਂ ਨੂੰ ਹਿੰਦੂ ਫੱਟਾ ਲਾ ਕੇ ਪੇਸ਼ ਕੀਤਾ ਗਿਆ। ਆਰ.ਐਸ.ਐਸ. ਅਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਦੀ ਹਿੰਦੀ, ਹਿੰਦੂ, ਹਿੰਦੁਸਤਾਨ ਦੇ ਨਾਹਰੇ ਮੁਤਾਬਕ ਹਿੰਦੀ ਨੂੰ ਰਾਜ-ਭਾਸ਼ਾ (ਸਟੇਟ ਲੈਂਗੂਏਜ) ਵਜੋਂ ਮੁਲਕ ਦੀਆਂ ਕੌਮੀਅਤਾਂ/ਕਬੀਲਿਆਂ 'ਤੇ ਠੋਸ ਦਿੱਤਾ ਗਿਆ। ਚਾਹੇ ਤੇਰਾਂ ਭਾਸ਼ਾਵਾਂ ਨੂੰ ਸੰਵਿਧਾਨਕ ਦਰਜਾ ਦੇ ਦਿੱਤਾ ਗਿਆ, ਪਰ ਮਾਤ-ਭਾਸ਼ਾਵਾਂ ਦੇ ਆਧਾਰ 'ਤੇ ਸੂਬਿਆਂ ਦੀ ਵੰਡ ਕਰਨ ਦੀ ਬਜਾਇ, ਪ੍ਰਬੰਧਕੀ ਆਧਾਰ 'ਤੇ ਵੰਡ ਕਰਨ ਦਾ ਰਾਹ ਅਖਤਿਆਰ ਕੀਤਾ ਗਿਆ। 
ਫਿਰਕੂ ਰਾਜ ਦੀ ਅਖੌਤੀ ਧਰਮ-ਨਿਰਪੱਖਤਾ ਦੀ ਨਕਾਬਪੋਸ਼ੀ
ਇਉਂ, ਮੁਲਕ ਦੀ ਧਰਮ-ਆਧਾਰਤ ਵੰਡ ਰਾਹੀਂ ਜਿੱਥੇ ਬਰਤਾਨਵੀ ਸਾਮਰਾਜੀਆਂ ਅਤੇ ਸਥਾਨਕ ਦਲਾਲ ਹਾਕਮ ਜਮਾਤਾਂ ਵੱਲੋਂ ਮੁਲਕ ਅੰਦਰ ਉੱਠ ਰਹੀ ਇਨਕਲਾਬੀ ਲਹਿਰ ਦੀ ਕਾਂਗ ਨੂੰ ਪਛਾੜ ਦਿੰਦਿਆਂ ਅਤੇ ਕੌਮੀ ਆਜ਼ਾਦੀ ਦੀ ਲਹਿਰ ਨੂੰ ਲੀਹੋਂ ਲਾਹੁੰਦਿਆਂ, ਅਖੌਤੀ ਆਜ਼ਾਦੀ ਦਾ ਨਾਟਕ ਰਚਣ ਅਤੇ ਸੱਤ•ਾ ਬਦਲੀ ਰਾਹੀਂ ਰਾਜਭਾਗ ਦੀ ਵਾਂਗਡੋਰ ਹੱਥ ਲੈਣ ਦੇ ਪਿਛਾਖੜੀ ਮਨਸੂਬਿਆਂ ਨੂੰ ਪੂਰਾ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ, ਉੱਥੇ ਮੁਲਕ ਦੀਆਂ ਸਭ ਤੋਂ ਵੱਧ ਵਿਕਸਤ, ਵੱਡੀਆਂ ਅਤੇ ਮੁਲਕ ਵਿਆਪੀ ਤਰਥੱਲ-ਪਾਊ ਸਾਮਰਾਜੀ ਲਹਿਰਾਂ ਦੀਆਂ ਮੋਹਰੀ ਦੋ ਵੱਡੀਆਂ ਕੌਮਾਂ (ਪੰਜਾਬੀ ਅਤੇ ਬੰਗਲਾ ਕੌਮਾਂ) ਨੂੰ ਫਿਰਕੂ ਚੀਰਾ ਦੇ ਕੇ ਭਵਿੱਖ ਦੇ ਲੋਕ-ਜਮਹੂਰੀ ਇਨਕਲਾਬ ਦੇ ਰਾਹ ਵਿੱਚ ਵੀ ਕੰਡੇ ਖਿੰਡਾ ਦਿੱਤੇ ਗਏ ਹਨ, ਜਿਹਨਾਂ ਨੂੰ ਚੁਗੇ ਬਿਨਾ ਇਨਕਲਾਬ ਦੀ ਸਫਲ ਪੇਸ਼ਕਦਮੀ ਮੁਮਕਿਨ ਨਹੀਂ ਹੋ ਸਕਦੀ। 
ਭਵਿੱਖ ਵਿੱਚ ''ਹਿੰਦੂ ਕੌਮ/ਰਾਸ਼ਟਰ'' ਅਤੇ ਅਖੌਤੀ ਭਾਰਤੀ ਕੌਮ ਦੇ ਆਧਾਰ 'ਤੇ ''ਦੇਸ਼ ਦੀ ਏਕਤਾ ਅਤੇ ਆਖੰਡਤਾ'' ਦੇ ਪਿਛਾਖੜੀ ਰਾਗ-ਅਲਾਪਣ ਨੂੰ ਜਾਰੀ ਰੱਖਣ ਅਤੇ ਇਨਕਲਾਬ ਲਈ ਗੈਰ-ਲਾਹੇਵੰਦੀ ਹਾਲਤ ਬਣਾ ਕੇ ਰੱਖਣ ਲਈ ਇੱਕ ਪਾਸੇ ਦਲਾਲ-ਜਾਗੀਰੂ ਹਾਕਮ ਜਮਾਤਾਂ, ਰਾਜ ਅਤੇ ਫਿਰਕੂ ਪੁਜਾਰੀ ਟੋਲੇ ਦੇ ਗੱਠਜੋੜ ਨੂੰ ਹੋਰ ਮਜਬੁਤ ਕਰਨ ਦੀ ਲੋੜ ਨਿਕਲਦੀ ਸੀ, ਦੂਜੇ ਪਾਸੇ ਕੌਮਾਂਤਰੀ ਦ੍ਰਿਸ਼ 'ਤੇ ਸੋਵੀਅਤ ਯੂਨੀਅਨ ਦੀ ਅਗਵਾਈ ਹੇਠ ਉੱਭਰਿਆ ਸ਼ਕਤੀਸ਼ਾਲੀ ਸਮਾਜਵਾਦੀ ਕੈਂਪ, ਛਾਲਾਂ ਮਾਰ ਕੇ ਅੱਗੇ ਵਧ ਰਹੇ ਚੀਨੀ ਨਵ-ਜਮਹੂਰੀ ਇਨਕਲਾਬ ਅਤੇ ਬਸਤੀਵਾਦੀ ਜੂਲੇ ਹੇਠਲੇ ਪਛੜੇ ਮੁਲਕਾਂ ਵਿੱਚ ਸਾਮਰਾਜ ਵਿਰੋਧੀ ਕੌਮੀ ਮੁਕਤੀ ਲਹਿਰਾਂ ਦੀ ਤੂਫਾਨੀ ਉਠਾਣ ਅਤੇ ਮੁਲਕ ਅੰਦਰ ਪ੍ਰਭਾਵਸ਼ਾਲੀ ਕਮਿਊਨਿਸਟ ਲਹਿਰ ਦੀ ਮੌਜੂਦਗੀ, ਦੇਸ਼ ਭਗਤੀ ਨਾਲ ਸਰਸ਼ਾਰ ਸਾਮਰਾਜ-ਵਿਰੋਧੀ ਸੋਝੀ ਦਾ ਤਕੜਾ ਆਧਾਰ ਹੋਣ, ਖਰੀ ਆਜ਼ਾਦੀ ਅਤੇ ਜਮਹੂਰੀਅਤ ਲਈ ਤਾਂਘ ਦੇ ਮਘਦਾ ਭਖਦਾ ਹੋਣ, ਫਿਰਕੂ ਮਾਰਧਾੜ ਅਤੇ ਕਤਲੇਆਮ ਖਿਲਾਫ ਜਮਹੂਰੀ ਪ੍ਰਤੀਕਰਮ ਦਾ ਪਸਾਰਾ ਹੁੰਦੇ ਜਾਣ ਦੀ ਹਾਲਤ ਅੰਦਰ ਜਿੱਥੇ ਭਾਰਤੀ ਹਾਕਮਾਂ ਵੱਲੋਂ ਆਪਣੇ ਅਰਧ-ਬਸਤੀਵਾਦੀ ਅਰਧ-ਜਾਗੀਰੂ ਆਧਾਰ 'ਤੇ ਖੜ•ੇ ਰਾਜ ਨੂੰ ਇੱਕ ਆਜ਼ਾਦ ਅਤੇ ਜਮਹੂਰੀ ਰਾਜ ਦੇ ਗਿਲਾਫ ਵਿੱਚ ਸਜਾ ਕੇ ਪੇਸ਼ ਕੀਤਾ ਗਿਆ, ਉੱਥੇ ਇਸਦੇ ਫਿਰਕੂ ਤੁਅੱਸਬੀ ਚਿਹਰੇ 'ਤੇ ਅਖੌਤੀ ਧਰਮ-ਨਿਰਪੱਖਤਾ (ਸੈਕੂਲਰਿਜ਼ਮ) ਦਾ ਨਕਾਬ ਚੜ•ਾ ਕੇ ਇਸ ਨੂੰ ਗੈਰ-ਫਿਰਕੂ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ। ਜਿਵੇਂ ਅਖੌਤੀ ਆਜ਼ਾਦੀ ਦਾ ਨਾਟਕ ਰਚ ਕੇ ਮੁਲਕ ਆਜ਼ਾਦ ਨਹੀਂ ਬਣ ਜਾਂਦਾ ਅਤੇ ਪਾਰਲੀਮਾਨੀ ਸੰਸਥਾਵਾਂ ਦੀਆਂ ਚੋਣਾਂ ਦਾ ਨਾਟਕ ਰਚ ਕੇ ''ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ'' ਨਹੀਂ ਬਣ ਜਾਂਦਾ, ਉਵੇਂ ਹੀ ਅਖੌਤੀ ਧਰਮ-ਨਿਰਪੱਖਤਾ ਦੀ ਡੌਂਡੀ ਪਿੱਟਣ ਨਾਲ ਰਾਜ ਦੇ ਫਿਰਕੂ ਤੁਅੱਸਬੀ ਕਿਰਦਾਰ ਤੇ ਵਿਹਾਰ 'ਤੇ ਪਰਦਾ ਨਹੀਂ ਪਾਇਆ ਜਾ ਸਕਦਾ। 
ਕੀ ਭਾਰਤੀ ਰਾਜ ਨੂੰ ਮੁੜ-ਜਥੇਬੰਦ ਕੀਤਾ ਗਿਆ ਹੈ?
ਹਾਂ— ਭਾਰਤੀ ਰਾਜ ਨੂੰ ਨਵੀਆਂ ਹਾਲਤਾਂ ਅੰਦਰ ਆਪਣੇ ਪਿਛਾਖੜੀ ਅਤੇ ਉਲਟ-ਇਨਕਲਾਬੀ ਮਨਰੋਥਾਂ ਦੇ ਸੰਦ ਵਿੱਚ ਢਾਲਣ ਲਈ ਇਸ ਨੂੰ ਮੁੜ-ਜਥੇਬੰਦ ਕੀਤਾ ਗਿਆ ਹੈ। ਇਸ ਨੂੰ ਮੁੜ-ਜਥੇਬੰਦ ਕਰਨ ਦਾ ਅਮਲ ਖੁਦ ਅੰਗਰੇਜ਼ ਹਾਕਮਾਂ ਵੱਲੋਂ ਰੂਸ ਦੇ ਅਕਤੂਬਰ ਇਨਕਲਾਬ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ ਅਤੇ ਅਗਸਤ 1947 ਵਿੱਚ ਭਾਰਤੀ ਹਾਕਮ ਜਮਾਤਾਂ ਹਵਾਲੇ ਕਰਨ ਨਾਲ ਸਿਰੇ ਲਾਇਆ ਗਿਆ ਹੈ। 
ਪਰ ''ਸੁਰਖ਼ ਲੀਹ'' ਦੇ ਸਾਥੀਆਂ ਦੀ ਇਹ ਧਾਰਨਾ ਹੈ ਕਿ ਭਾਰਤੀ ਰਾਜ ਇੱਕ ਬਸਤੀਵਾਦੀ ਆਪਾਸ਼ਾਹ ਰਾਜ ਹੈ, ਜਿਹੜਾ ਭਾਰਤੀ ਹਾਕਮ ਜਮਾਤਾਂ ਨੂੰ ਬਰਤਾਨਵੀ ਬਸਤੀਵਾਦੀਆਂ ਕੋਲੋਂ ਵਿਰਾਸਤ ਵਿੱਚ ਮਿਲਿਆ ਹੈ। ਇਹ 1947 ਤੋਂ ਪਹਿਲਾਂ ਵਾਂਗ ''ਪਾੜੋ ਅਤੇ ਰਾਜ ਕਰੋ'' ਦੀ ਨੀਤੀ ਤਹਿਤ ਵੱਖ ਵੱਖ ਧਰਮਾਂ ਨੂੰ ਫਿਰਕੂ ਪਾਟਕ ਪਾਉਣ ਲਈ ਵਰਤਦਾ ਹੈ। ਇਹ ਕਿਸੇ ਇੱਕ ਧਰਮ ਦਾ ਪੱਖ ਪੂਰਨ ਦੀ ਬਜਾਇ, ਸਭਨਾਂ ਧਰਮਾਂ ਦੀ ਪੁਸ਼ਤਪਨਾਹੀ ਕਰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਬਹੁਗਿਣਤੀ ਹਿੰਦੂ ਧਰਮ ਦਾ ਪੱਖ ਪੂਰਦਾ ਹੈ ਅਤੇ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਫਿਰਕੂ ਤੁਅੱਸਬੀ ਅਤੇ ਪੱਖਪਾਤੀ ਰਵੱਈਆ ਅਖਤਿਆਰ ਕਰਦਾ ਹੈ, ਤਾਂ ਇਹ ਲਾਜ਼ਮੀ ਹੈ ਕਿ ਇਸਦੀ ਵੱਡੀ ਪੱਧਰ 'ਤੇ ਮੁੜ-ਜਥੇਬੰਦੀ ਹੋਈ ਹੋਵੇਗੀ। 
ਉਹਨਾਂ ਮੁਤਾਬਕ ਮੌਜੂਦਾ ਆਪਾਸ਼ਾਹ ਰਾਜ ਉਹੀ ਹੈ, ਜਿਹੜਾ ਅੰਗਰੇਜ਼ ਬਸਤੀਵਾਦੀਆਂ ਵੱਲੋਂ 1857 ਦੀ ਬਗਾਵਤ ਨੂੰ ਕੁਚਲਣ ਤੋਂ ਬਾਅਦ ਕੇਂਦਰੀਕ੍ਰਿਤ ਅਤੇ ਪੱਕੇ ਪੈਰੀਂ ਕੀਤਾ ਗਿਆ ਸੀ। ਇਹੀ ਆਪਾਸ਼ਾਹ ਰਾਜ 1947 ਤੱਕ ਚੱਲਦਾ ਰਿਹਾ ਹੈ ਅਤੇ ਅੱਜ ਤੱਕ ਬਰਕਰਾਰ ਹੈ। 1947 ਦੀ ਸੱਤ•ਾ-ਬਦਲੀ ਤੋਂ ਬਾਅਦ ਸਿਰਫ ਇੱਕ ਸਿਆਸੀ ਤਬਦੀਲੀ ਹੋਈ ਹੈ। ਇਸ ਆਪਾਸ਼ਾਹ ਰਾਜ ਨੂੰ ਨਕਲੀ ਜਮਹੂਰੀਅਤ ਦੇ ਗਿਲਾਫ ਨਾਲ ਸ਼ਿੰਗਾਰਿਆ ਗਿਆ ਹੈ। 
ਜਿੱਥੋਂ ਤੱਕ ਇਸਦੀ ਬੁਨਿਆਦੀ ਆਪਾਸ਼ਾਹ ਖਸਲਤ (ਕਰੈਕਟਰ) ਦਾ ਸੁਆਲ ਹੈ, ਇਸ ਪੱਖੋਂ ਦੇਖਿਆਂ ਇਸਦੀ ਇਹ ਖਸਲਤ ਬੁਨਿਆਦੀ ਤੌਰ 'ਤੇ ਬਰਕਰਾਰ ਰਹੀ ਹੈ। ਪਰ ਇਸਦੇ ਵਿਸ਼ੇਸ਼ ਲੱਛਣਾਂ (ਸਪੈਸੇਫਿਕ ਕਰੈਕਟਰਿਸਟਿਕਸ) ਪੱਖੋਂ ਇਸ ਰਾਜ ਵਿੱਚ ਵੱਡੀਆਂ, ਅਹਿਮ ਅਤੇ ਦੂਰਗਾਮੀ ਤਬਦੀਲੀਆਂ ਹੋਈਆਂ ਹਨ। 1917 ਵਿੱਚ ਰੂਸ ਦੇ ਅਕਤੂਬਰ ਇਨਕਲਾਬ ਤੋਂ ਬਾਅਦ ਸ਼ਕਲ ਅਖਤਿਆਰ ਕਰਨ ਜਾ ਰਹੀਆਂ ਸੰਸਾਰ ਹਾਲਤਾਂ ਅਤੇ ਮੁਲਕ ਵਿਚਲੀਆਂ ਹਾਲਤਾਂ ਵਿੱਚ ਸਿਰ ਚੁੱਕ ਰਹੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਰਾਜ ਵਿੱਚ ਅਜਿਹੀਆਂ ਤਬਦੀਲੀਆਂ ਕਰਨਾ ਅਤੇ ਇਸ ਨੂੰ ਵਿਸ਼ੇਸ਼ ਲੱਛਣ ਮੁਹੱਈਆ ਕਰਨਾ ਲਾਜ਼ਮੀ ਸੀ। ਇਹਨਾਂ ਵਿਸ਼ੇਸ਼ ਲੱਛਣਾਂ ਵਿੱਚ ਪਹਿਲਾ ਤੇ ਸਭ ਤੋਂ ਅਹਿਮ— ਰਾਜ ਦੀਆਂ ਸੰਸਥਾਵਾਂ (ਵਿਸ਼ੇਸ਼ ਕਰਕੇ ਹਥਿਆਰਬੰਦ ਤਾਕਤਾਂ) ਵਿੱਚ ਫਿਰਕੂ-ਪਾਲਾਬੰਦੀ ਦਾ ਅਮਲ ਤੋਰਨਾ ਸੀ; ਦੂਜਾ— ਰਾਜ ਦਾ ਕਦਮ-ਬ-ਕਦਮ ਨਵੇਂ ਪਾਲੇ-ਪੋਲੇ ਜਾ ਰਹੇ ਦਲਾਲ ਸਿਆਸਤਦਾਨਾਂ ਅਤੇ ਫਿਰਕੂ ਜਥੇਬੰਦੀਆਂ ਨਾਲ ਗੱਠਜੋੜ ਉਸਾਰਦਿਆਂ, ਇਸ ਨੂੰ ਦਲਾਲ ਸਿਆਸਤਦਾਨਾਂ ਦੀ ਕਮਾਨ ਹੇਠ ਚੱਲਣ ਲਈ ਤਿਆਰ ਕਰਨਾ ਸੀ। ਇਹ ਤਬਦੀਲੀਆਂ ਰਾਜ ਨੂੰ ਨਵੇਂ ਰੁਖ ਸੇਧਤ ਕਰਨ, ਢਾਲਣ-ਤਰਾਸ਼ਣ ਅਤੇ ਮੁੜ-ਜਥੇਬੰਦੀ ਕਰਨ ਦੀ ਮੰਗ ਕਰਦੀਆਂ ਸਨ। ਇਉਂ ਕੀਤੇ ਬਗੈਰ ਨਾ ਹੀ ਮੁਲਕ ਦੀ ਫਿਰਕੂ ਆਧਾਰ 'ਤੇ ਵੰਡ ਨੂੰ ਸਾਕਾਰ ਕੀਤਾ ਜਾ ਸਕਦਾ ਸੀ ਅਤੇ ਨਾ ਹੀ ਇੱਕ ਸਾਮਰਾਜੀ-ਬਸਤੀਵਾਦੀ ਆਪਾਸ਼ਾਹ ਰਾਜ ਨੂੰ ਰਾਤੋ ਰਾਤ ਇੱਕ ਆਜ਼ਾਦ, ਜਮਹੂਰੀ ਅਤੇ ਧਰਮ-ਨਿਰਲੇਪ ਰਾਜ ਵਜੋਂ ਪੇਸ਼ ਕਰਨ ਦਾ ਦੰਭ ਕੀਤਾ ਜਾ ਸਕਦਾ ਸੀ।

ਧਾਰਮਿਕ ਘੱਟ-ਗਿਣਤੀਆਂ ਨਾਲ ਧੱਕੇ-ਵਿਤਕਰੇ

ਭਾਰਤੀ ਹਾਕਮ ਜਮਾਤਾਂ ਅਤੇ ਰਾਜ ਵੱਲੋਂ

ਸਿੱਖਾਂ ਸਮੇਤ ਹੋਰਨਾਂ
ਧਾਰਮਿਕ ਘੱਟ-ਗਿਣਤੀਆਂ ਨਾਲ ਧੱਕੇ-ਵਿਤਕਰੇ ਦੇ ਸੁਆਲ ਬਾਰੇ


'ਸੁਰਖ਼ ਲੀਹ' ਦੀ
ਹਾਕਮਪ੍ਰਸਤ
ਸਮਝ ਦੇ ਦੀਦਾਰ -2


ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਦਾ ਅਮਲ
ਉਪਰੋਕਤ ਵਿਆਖਿਆ ਦਿਖਾਉਂਦੀ ਹੈ ਕਿ ਭਾਰਤੀ ਹਾਕਮ ਜਮਾਤਾਂ ਦਾ ਆਪਾਸ਼ਾਹ ਰਾਜ ਹਿੰਦੂ ਫਿਰਕੂ ਤੁਅੱਸਬੀ ਤੇ ਪੱਖਪਾਤੀ ਰਾਜ ਹੈ, ਜਿਸਦੀ ਮਾਰ ਵੱਧ-ਘੱਟ ਰੂਪ ਵਿੱਚ ਸਾਰੀਆਂ ਹੀ ਧਾਰਮਿਕ ਘੱਟ ਗਿਣਤੀਆਂ ਹੰਢਾ ਰਹੀਆਂ ਹਨ। ਧਾਰਮਿਕ ਘੱਟ ਗਿਣਤੀਆਂ ਨਾਲ ਹਾਕਮ ਲਾਣੇ ਵੱਲੋਂ ਕੀਤਾ ਜਾ ਰਿਹਾ ਧੱਕਾ-ਵਿਤਕਰਾ ਕੋਈ ਇੱਕੜ-ਦੁੱਕੜ ਜਾਂ ਵਕਤੀ ਘਟਨਾਵਾਂ ਨਹੀਂ ਹਨ। ਇਹ ਇੱਕ ਬਾਕਾਇਦਾ ਘਟਨਾਵਾ ਦਾ ਸਿਲਸਿਲਾ ਹੈ, ਵਰਤਾਰਾ ਹੈ, ਰੁਝਾਨ ਹੈ। ਘਟਨਾਵਾਂ ਦਾ ਇਹ ਰੁਝਾਨ ਇਸ ਹਕੀਕਤ ਵੱਲ ਉਂਗਲ ਕਰਦਾ ਹੈ ਕਿ ਹਾਕਮ ਲਾਣਾ ਕਿਵੇਂ ਬਹੁਗਿਣਤੀ ਹਿੰਦੂ ਭਾਈਚਾਰੇ ਪ੍ਰਤੀ ਨਰਮਗੋਸ਼ਾ ਰੱਖਦਾ ਹੈ ਅਤੇ ਉਸਦਾ ਪੱਖ ਪੂਰਦਾ ਹੈ ਅਤੇ ਕਿਵੇਂ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਤੁਅੱਸਬੀ ਅਤੇ ਅਤਿਆਚਾਰੀ ਰਵੱਈਆ ਅਖਤਿਆਰ ਕਰਦਾ ਹੈ। ਫਿਰਕੂ ਕਤਲੇਆਮਾਂ ਦੌਰਾਨ ਮੌਤਾਂ, ਫਿਰਕੂ ਦੰਗਿਆਂ ਦੌਰਾਨ ਮੌਤਾਂ, ਧਾਰਮਿਕ ਸੰਸਥਾਵਾਂ 'ਤੇ ਹਮਲੇ, ਪੁਲਸ ਤੇ ਫੌਜ ਵੱਲੋਂ ਵਿਹਾਰ, ਕਾਨੂੰਨ ਕਚਹਿਰੀਆਂ ਦਾ ਰਵੱਈਆ, ਜੇਲ•ਾਂ ਅੰਦਰ ਸਲੂਕ ਆਦਿ ਕੁੱਝ ਅਜਿਹੇ ਉੱਭਰਵੇਂ ਪੱਖ ਹਨ, ਜਿਹਨਾਂ ਨਾਲ ਸਬੰਧਤ ਤੱਥਾਂ/ਘਟਨਾਵਾਂ ਦੇ ਸਿਲਸਿਲੇ ਤੋਂ ਇਹ ਹਕੀਕਤ ਸਾਹਮਣੇ ਆ ਜਾਂਦੀ ਹੈ ਕਿ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦੀ ਫਿਰਕੂ ਮਾਰਧਾੜ ਅਤੇ ਕਤਲੇਆਮ ਇੱਕ ਇਕੱਲਾ ਅਜਿਹਾ ਪੱਖ ਹੈ, ਜਿਹੜਾ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਦਾ ਸਭ ਤੋਂ ਭਿਆਨਕ, ਬੱਝਵਾਂ ਅਤੇ ਸਿਰੇ ਦਾ ਰੂਪ (ਮੋਸਟ ਗਰਿਊਸਮ, ਕੰਸੈਂਟਰੇਟਿਡ ਐਂਡ ਐਕਟਰੀਮ ਫਾਰਮ) ਹੈ। 
ਸੰਨ 1947 ਤੋਂ ਲੈ ਕੇ ਅੱਜ ਤੱਕ ਅਖੌਤੀ ਆਜ਼ਾਦ ਭਾਰਤ ਅੰਦਰ ਹਿੰਦੂ ਫਿਰਕੂ ਜਨੂੰਨੀ ਜਥੇਬੰਦੀਆਂ, ਹਿੰਦੂ ਸਿਆਸਤਦਾਨਾਂ ਅਤੇ ਰਾਜ ਦੇ ਅੰਗਾਂ (ਪੁਲਸ, ਨੀਮ-ਫੌਜੀ ਬਲਾਂ ਅਤੇ ਫੌਜ ਦੇ ਅਧਿਕਾਰੀਆਂ, ਰਾਜ-ਪ੍ਰਬੰਧਕੀ ਅਧਿਕਾਰੀਆਂ) ਦੇ ਜ਼ਾਹਰਾ/ਗੁੱਝੇ ਗੱਠਜੋੜ ਵੱਲੋਂ ਜਨਤਕ ਹਮਲੇ ਰਾਹੀਂ ਧਾਰਮਿਕ ਘੱਟ ਗਿਣਤੀਆਂ, ਵਿਸ਼ੇਸ਼ ਕਰਕੇ ਮੁਸਲਿਮ ਭਾਈਚਾਰੇ ਦੇ ਰਚਾਏ ਕਤਲੇਆਮ ਇੱਕ ਸਥਾਪਤ ਵਰਤਾਰਾ ਹਨ। ਇਸਦੇ ਉਲਟ, ਧਾਰਮਿਕ ਘੱਟ ਗਿਣਤੀ ਅੰਦਰੋਂ ਅਜਿਹੀ ਇੱਕ ਵੀ ਮਿਸਾਲ ਨਹੀਂ ਹੈ, ਜਦੋਂ ਕਿਸੇ ਧਾਰਮਿਕ ਘੱਟ ਗਿਣਤੀ ਅੰਦਰੋਂ ਉੱਠੀ ਫਿਰਕੂ ਜਨੂੰਨੀ ਤਾਕਤ ਵੱਲੋਂ ਜਨਤਕ ਹਮਲੇ ਰਾਹੀਂ ਬਹੁਗਿਣਤੀ ਹਿੰਦੂ ਧਰਮ ਦੇ ਲੋਕਾਂ ਦਾ ਕਤਲੇਆਮ ਰਚਾਇਆ ਗਿਆ ਹੋਵੇ। ਹਿੰਦੂਆਂ ਦੇ ਜਿੰਨੇ ਵੀ ਕਤਲੇਆਮ ਰਚਾਏ ਗਏ ਹਨ, ਇਹ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਅੰਦਰੋਂ ਆਪਣੇ ਨਾਲ ਧੱਕੇ-ਵਿਤਕਰੇ ਖਿਲਾਫ ਪ੍ਰਤੀਕਰਮ ਵਜੋਂ ਉੱਠੀਆਂ ਖਾੜਕੂ/ਦਹਿਸ਼ਤਗਰਦ ਤਾਕਤਾਂ ਵੱਲੋਂ ਰਚਾਏ ਗਏ ਹਨ। 
—ਅਖੌਤੀ ਆਜ਼ਾਦੀ ਤੋਂ ਬਾਅਦ 1947 ਵਿੱਚ ਜੰਮੂ ਇਲਾਕੇ ਵਿੱਚ ਰਾਜ ਅਤੇ ਹਥਿਆਰਬੰਦ ਬਲਾਂ ਦੀ ਮਿਲੀਭੁਗਤ ਅਤੇ ਹਮਾਇਤ ਨਾਲ ਫਿਰਕਾਪ੍ਰਸਤ ਹਿੰਦੂ ਗਰੋਹਾਂ ਵੱਲੋਂ 123 ਪਿੰਡਾਂ 'ਤੇ ਹਮਲਾ ਬੋਲਦਿਆਂ, ਤਕਰੀਬਨ 2 ਲੱਖ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। 
—1948 ਵਿੱਚ ਜਦੋਂ ਨਹਿਰੂ ਹਕੂਮਤ ਵੱਲੋਂ ਹੈਦਰਾਬਾਦ 'ਤੇ ਫੌਜੀ ਹਮਲਾ ਬੋਲਿਆ ਗਿਆ ਤਾਂ ਫੌਜ ਵੱਲੋਂ ਰਾਜ ਵਿਚਲੇ ਮੁਸਲਮਾਨਾਂ ਨੂੰ ਬੇ-ਹਥਿਆਰ ਕਰ ਦਿੱਤਾ ਗਿਆ ਅਤੇ ਹਿੰਦੂਆਂ ਨੂੰ ਹਥਿਆਰ ਰੱਖਣ ਦੀ ਆਗਿਆ ਦੇ ਦਿੱਤੀ ਗਈ। ਫੌਜ ਦੀ ਮਿਲੀਭੁਗਤ ਅਤੇ ਸਹਾਇਤਾ ਨਾਲ ਫਿਰਕੂ ਹਿੰਦੂ ਟੋਲਿਆਂ ਵੱਲੋਂ ਅੰਦਾਜ਼ਨ 27000-40000 ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ। 
—1976 ਵਿੱਚ ਤੁਰਕਮਾਨ ਗੇਟ ਦਿੱਲੀ ਢਾਹੁਣ ਵਿਰੁੱਧ ਰੋਸ ਕਰਦੀ ਮੁਸਲਮਾਨ ਜਨਤਾ 'ਤੇ ਪੁਲਸ ਫਾਇਰਿੰਗ ਰਾਹੀਂ ਇੱਕ ਗੈਰ-ਸਰਕਾਰੀ ਅੰਦਾਜ਼ੇ ਮੁਤਾਬਕ 150 ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ। 
—1980 ਵਿੱਚ ਮੁਰਦਾਬਾਦ (ਯੂ.ਪੀ.) ਵਿਖੇ ਪੁਲਸ ਅਤੇ ਫਿਰਕੂ ਹਿੰਦੂ ਗਰੋਹਾਂ ਵੱਲੋਂ ਸਰਕਾਰੀ ਅੰਦਾਜ਼ੇ ਮੁਤਾਬਕ 400 ਅਤੇ ਗੈਰ-ਸਰਕਾਰੀ ਅੰਦਾਜ਼ੇ ਮੁਤਾਬਕ 2500 ਮੁਸਲਿਮ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ। 
—18 ਫਰਵਰੀ 1983 ਨੂੰ ਆਸਾਮ ਵਿੱਚ ਨੇਲੀ ਵਿਖੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਵੱਲੋਂ 2191 ਮੁਸਲਮਾਨਾਂ  ਨੂੰ ਮਾਰ ਦਿੱਤਾ ਗਿਆ। 
—22 ਮਈ 1987 ਵਿੱਚ ਮੇਰਠ (ਯੂ.ਪੀ.) ਹਾਸ਼ਿਮਪੁਰਾ ਵਿਖੇ ਉੱਤਰ ਪ੍ਰਦੇਸ਼ ਹਥਿਆਰਬੰਦ ਕੰਸਟੈਬਲਰੀ ਵੱਲੋਂ 42 ਨਿਹੱਥੇ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ ਗਿਆ। 
—ਅਕਤੂਬਰ 1989 ਨੂੰ ਭਾਗਲਪੁਰ (ਬਿਹਾਰ) ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਸ ਦੀ ਸਿੱਧੀ/ਅਸਿੱਧੀ ਮਿਲੀਭੁਗਤ ਨਾਲ ਹਿੰਦੂ ਫਿਰਕੂ ਜਨੂੰਨੀ ਟੋਲਿਆਂ ਵੱਲੋਂ ਲੱਗਭੱਗ 900 ਮੁਸਲਮਾਨ ਮਾਰ ਦਿੱਤੇ ਗਏ। 
—ਦਸੰਬਰ 1992 ਵਿੱਚ ਬੰਬਈ ਵਿਖੇ ਬਾਬਰੀ ਮਸਜ਼ਿਦ ਢਾਹੇ ਜਾਣ ਖਿਲਾਫ ਰੋਸ ਪ੍ਰਗਟ ਕਰਦੇ ਮੁਸਲਮਾਨਾਂ 'ਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਵੱਲੋਂ ਪੁਲਸ ਅਤੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਬੋਲੇ ਹਮਲੇ ਵਿੱਚ ਤਕਰੀਬਨ 600 ਮੁਸਲਮਾਨ ਮਾਰੇ ਗਏ। 
—20 ਜਨਵਰੀ 1990 ਸ੍ਰੀਨਗਰ ਵਿਖੇ ਰੋਸ ਮੁਜਾਹਰੇ 'ਤੇ ਸੀ.ਆਰ.ਪੀ.ਐਫ. ਵੱਲੋਂ ਗੋਲੀਆਂ ਦੀ ਵਾਛੜ ਕਰਕੇ 50 ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ। 
—16 ਜਨਵਰੀ 1993 ਨੂੰ ਕਸ਼ਮੀਰ ਵਿੱਚ ਸੋਪੋਰ ਵਿਖੇ ਬੀ.ਐਸ.ਐਫ. ਵੱਲੋਂ ਮੁਜਾਹਰੇ 'ਤੇ ਗੋਲੀ ਚਲਾ ਕੇ 55 ਮੁਸਲਮਾਨਾਂ ਨੂੰ ਮਾਰ ਮੁਕਾਇਆ ਗਿਆ। 
—22 ਅਕਤੂਬਰ 1993 ਨੂੰ ਵਿਜਬਹੇੜਾ (ਕਸ਼ਮੀਰ) ਵਿੱਚ ਭਾਰਤੀ ਫੌਜ ਵੱਲੋਂ 55 ਮੁਸਲਿਮ ਵਿਅਕਤੀਆਂ ਨੂੰ ਗੋਲੀ ਦਾ ਸ਼ਿਕਾਰ ਬਣਾਇਆ। 
—2002 ਵਿੱਚ ਗੁਜਰਾਤ 'ਚ ਰਾਜ ਅਧਿਕਾਰੀਆਂ, ਪੁਲਸ ਅਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਦੇ ਗੱਠਜੋੜ ਵੱਲੋਂ 2000 ਤੋਂ ਉੱਪਰ ਮੁਸਲਮਾਨਾਂ ਦਾ ਕਤਲੇਆਮ ਰਚਾਇਆ ਗਿਆ। 
—2013 ਵਿੱਚ ਮੁਜ਼ੱਫਰਪੁਰ ਵਿਖੇ ਹਿੰਦੂ ਜਾਟਾਂ ਵੱਲੋਂ ਪੁਲਸ ਅਧਿਕਾਰੀਆਂ ਅਤੇ ਭਾਜਪਾ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਦਰਜ਼ਨਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਅਤੇ ਘਰ-ਬਾਰਾਂ ਨੂੰ ਉਜਾੜਿਆ ਗਿਆ। 
—ਗਾਵਾਕਦਲ (ਕਸ਼ਮੀਰ) ਵਿਖੇ ਭਾਰਤੀ ਫੌਜ ਵੱਲੋਂ ਤਕਰੀਬਨ 50 ਮੁਸਲਿਮ ਕਸ਼ਮੀਰੀਆਂ ਦਾ ਕਤਲੇਆਮ ਰਚਾਇਆ ਗਿਆ।
—1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਮੁਲਕ ਦੀਆਂ ਅਨੇਕਾਂ ਥਾਵਾਂ 'ਤੇ ਫਿਰਕੂ ਕਾਂਗਰਸੀ ਨੇਤਾਵਾਂ ਅਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਵੱਲੋਂ ਰਾਜ ਦੀਆਂ ਹਥਿਆਰਬੰਦ ਤਾਕਤਾਂ ਦੀ ਗੁੱਝੀ/ਜ਼ਾਹਰਾ ਮਿਲੀਭੁਗਤ ਨਾਲ ਤਕਰੀਬਨ 7000 ਸਿੱਖਾਂ ਦਾ ਕਤਲੇਆਮ ਰਚਾਇਆ ਗਿਆ। 
—ਕੰਧਮਾਲ (ਉੜੀਸਾ) ਵਿੱਚ ਹਿੰਦੂ ਫਿਰਕਾਪ੍ਰਸਤ ਜਥੇਬੰਦੀਆਂ ਵੱਲੋਂ ਇਸਾਈਆਂ 'ਤੇ ਹਮਲਾ ਕਰਦਿਆਂ 42 ਇਸਾਈਆਂ ਨੂੰ ਕਤਲ ਕਰ ਦਿੱਤਾ ਗਿਆ। 
—ਇਸਦੇ ਉਲਟ ਜਿੰਨੇ ਵੀ ਹਿੰਦੂ ਧਰਮ ਨਾਲ ਸਬੰਧਤ ਕਤਲੇਆਮ ਹੋਏ ਹਨ ਜਾਂ ਮੌਤਾਂ ਹੋਈਆਂ ਹਨ, ਉਹ ਲੱਗਭੱਗ ਸਾਰੇ ਦੇ ਸਾਰੇ ਕਸ਼ਮੀਰੀ ਖਾੜਕੂਆਂ, ਮੁਸਲਿਮ ਦਹਿਸ਼ਤਗਰਦ ਜਥੇਬੰਦੀਆਂ ਅਤੇ ਸਿੱਖ ਦਹਿਸ਼ਤਗਰਦ ਜਥੇਬੰਦੀਆਂ ਵੱਲੋਂ ਕੀਤੇ ਹਮਲਿਆਂ ਦਾ ਨਤੀਜਾ ਹਨ। ਇਹਨਾਂ ਹਮਲਿਆਂ ਵਿੱਚ ਨਾ ਫਿਰਕਾਪ੍ਰਸਤੀ ਦੇ ਢਹੇ ਚੜ•ੀ ਧਾਰਮਿਕ ਘੱਟ ਗਿਣਤੀ ਦੀ ਜਨਤਾ ਸ਼ਾਮਲ ਹੈ ਅਤੇ ਨਾ ਹੀ ਰਾਜਭਾਗ ਦਾ ਕੋਈ ਅੰਗ ਸ਼ਾਮਲ ਹੈ। 
ਉਪਰੋਕਤ ਕੁੱਝ ਉੱਭਰਵੀਆਂ ਮਿਸਾਲਾਂ ਦਰਸਾਉਂਦੀਆਂ ਹਨ ਕਿ ਮੁਸਲਮਾਨਾਂ, ਸਿੱਖਾਂ ਅਤੇ ਇਸਾਈਆਂ ਦੇ ਕਤਲੇਆਮ ਕਿਸੇ ਦੋ ਫਿਰਕਿਆਂ ਦਰਮਿਆਨ ਹੋਏ ਦੰਗੇ-ਫਸਾਦਾਂ ਦਾ ਨਤੀਜਾ ਨਹੀਂ ਹਨ। ਇਹ ਸਾਰੇ ਦੇ ਸਾਰੇ ਕਤਲੇਆਮ  ਰਾਜ ਦੀਆਂ ਹਥਿਆਰਬੰਦ ਤਾਕਤਾਂ, ਅਧਿਕਾਰੀਆਂ, ਹਿੰਦੂ ਫਿਰਕਾਪ੍ਰਸਤ ਸਿਆਸਤਦਾਨਾਂ ਅਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਦੇ ਗੱਠਜੋੜ ਵੱਲੋਂ ਜਾਂ ਫਿਰ ਰਾਜ ਦੀਆਂ ਹਥਿਆਰਬੰਦ ਤਾਕਤਾਂ ਵੱਲੋਂ ਰਚਾਏ ਗਏ ਹਨ। ਇਹ ਇੱਕ ਉੱਭਰਵਾਂ ਵਰਤਾਰਾ ਹੈ, ਜਿਹੜਾ ਭਾਰਤੀ ਰਾਜ, ਹਿੰਦੂ ਫਿਰਕਾਪ੍ਰਸਤ ਸਿਆਸਤਦਾਨਾਂ ਅਤੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਦੇ ਧਾਰਮਿਕ ਘੱਟ ਗਿਣਤੀਆਂ ਖਿਲਾਫ ਸੇਧਤ ਹਮਲਾਮੁਖੀ ਲੱਛਣ ਦਾ ਇਜ਼ਹਾਰ ਹੈ। 
p ਧਾਰਮਿਕ ਸੰਸਥਾਵਾਂ 'ਤੇ ਹਮਲਿਆਂ ਵਿੱਚ ਰਾਜ ਦੀ ਭੂਮਿਕਾ:
-ਬਾਬਰੀ ਮਸਜ਼ਿਦ ਨੂੰ ਫਿਰਕਾਪ੍ਰਸਤ ਸੰਘ ਲਾਣੇ ਵੱਲੋਂ ਢਾਹਿਆ ਗਿਆ, ਜਿਸ ਵਿੱਚ ਕੇਂਦਰੀ ਅਤੇ ਸੂਬਾਈ ਹਕੂਮਤਾਂ ਅਤੇ ਰਾਜ ਅਧਿਕਾਰੀਆਂ ਦੀ ਮਿਲੀਭੁਗਤ ਜੱਗ ਜ਼ਾਹਰ ਹੈ। 
—ਸਿੱਖਾਂ ਦੇ ਸਰਬ-ਉੱਚ ਸਥਾਨ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਨੂੰ ਫੌਜੀ ਹਮਲੇ ਰਾਹੀਂ ਤਹਿਸ਼-ਨਹਿਸ਼ ਕੀਤਾ ਗਿਆ, ਜਦੋਂ ਕਿ ਭਿੰਡਰਾਂਵਾਲਾ ਅਤੇ ਉਸਦੇ ਦਹਿਸ਼ਤਗਰਦਾਂ ਤੋਂ ਇਸ ਧਾਰਮਿਕ ਸਥਾਨ ਨੂੰ ਖਾਲੀ ਕਰਵਾਉਣ ਲਈ ਬਦਲਵਾਂ ਪੈਂਤੜਾ ਅਖਤਿਆਰ ਕੀਤਾ ਜਾ ਸਕਦਾ ਸੀ। ਇਸ ਹਮਲੇ ਨੂੰ ਤਕਰੀਬਨ ਸਮੁੱਚੇ ਹਿੰਦੂ ਫਿਰਕਾਪ੍ਰਸਤ ਸਿਆਸਤਦਾਨਾਂ ਅਤੇ ਜਥੇਬੰਦੀਆਂ ਦੀ ਗੱਜਵੱਜਵੀਂ ਹਮਾਇਤ ਪ੍ਰਾਪਤ ਹੋਈ ਸੀ। 
—ਸੈਂਕੜੇ ਇਸਾਈ ਗਿਰਜਾ ਘਰਾਂ ਨੂੰ ਹਿੰਦੂ ਫਿਰਕਾਪ੍ਰਸਤ ਤਾਕਤਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। 
ਇਸਦੇ ਐਨ ਉਲਟ ਭਾਰਤੀ ਰਾਜ ਵੱਲੋਂ ਕਿਤੇ ਵੀ ਕਿਸੇ ਵੀ ਹਿੰਦੂ ਧਾਰਮਿਕ ਸਥਾਨ ਨੂੰ ਨੁਕਸਾਨ ਨਹੀਂ ਪੁਚਾਇਆ ਗਿਆ। ਨਾ ਹੀ ਧਾਰਮਿਕ ਘੱਟ ਗਿਣਤੀਆਂ ਦੀ ਜਨਤਾ ਵੱਲੋਂ ਹਿੰਦੂ ਧਾਰਮਿਕ ਸਥਾਨਾਂ ਨੂੰ ਹਮਲੇ ਦਾ ਨਿਸ਼ਾਨ ਬਣਾਇਆ ਗਿਆ ਹੈ। ਨੋਟ ਕਰਨ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਵੱਲੋਂ 1951 ਵਿੱਚ ''ਹਿੰਦੂ ਧਾਰਮਿਕ ਅਤੇ ਦਾਨ ਭੇਟਾ ਕਾਨੂੰਨ'' ਬਣਾ ਕੇ ਮੁਲਕ ਭਰ ਦੇ ਮੰਦਰਾਂ ਦੇ ਪ੍ਰਬੰਧ ਦਾ ਅਧਿਕਾਰ ਸੂਬਾ ਸਰਕਾਰਾਂ ਨੂੰ ਸੌਂਪ ਦਿੱਤਾ ਗਿਆ। ਸੋ, ਅੱਜ ਭਾਰਤੀ ਹਾਕਮਾਂ ਵੱਲੋਂ ਮੁਲਕ ਭਰ ਵਿੱਚ ਵੱਡੇ ਅਤੇ ਪ੍ਰਸਿੱਧ ਮੰਦਰਾਂ ਤੋਂ ਇਲਾਵਾ ਦਹਿ-ਹਜ਼ਾਰਾਂ ਮੰਦਰਾਂ ਦਾ ਪ੍ਰਬੰਧ ਆਪਣੇ ਹੱਥ ਲਿਆ ਹੋਇਆ ਹੈ। ਇਹ ਹਕੀਕਤ ਹਿੰਦੂ ਧਰਮ ਅਤੇ ਧਾਰਮਿਕ ਸੰਸਥਾਵਾਂ ਪ੍ਰਤੀ ਇਸਦੇ ਹੇਜ ਦੀ ਗਵਾਹ ਹੋ ਨਿੱਬੜਦੀ ਹੈ। 
p ਕਾਨੂੰਨ-ਕਚਹਿਰੀਆਂ ਦਾ ਭੈਂਗਾ ਰਵੱਈਆ
—ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਜਿਹਨਾਂ ਵਿਅਕਤੀਆਂ 'ਤੇ ਦਹਿਸ਼ਤਗਰਦ ਸਰਗਰਮੀਆਂ ਜਾਂ ਸਿਆਸੀ ਕਤਲਾਂ ਦੇ ਦੋਸ਼ ਮੜ•ੇ ਜਾਂਦੇ ਹਨ, ਉਹਨਾਂ ਨੂੰ ਬੜੀ ਫੁਰਤੀ ਨਾਲ ਮੌਤ ਦੀਆਂ ਸਜ਼ਾਵਾਂ ਸੁਣਾਈਆਂ ਜਾਂਦੀਆਂ ਹਨ। ਇਨ•ਾਂ ਸਜ਼ਾਵਾਂ ਸਬੰਧੀ ਰਹਿਮ ਦੀਆਂ ਅਪੀਲਾਂ ਨੂੰ ਠੁਕਰਾਇਆ ਜਾਂਦਾ ਹੈ ਅਤੇ ਸਬੰਧਤ ਵਿਅਕਤੀਆਂ ਨੂੰ ਫਾਂਸੀ 'ਤੇ ਟੰਗ ਦਿੱਤਾ ਜਾਂਦਾ ਹੈ। ਅਫਜ਼ਲ ਗੁਰੂ ਅਤੇ ਯਾਕੂਬ ਮੈਨਨ ਅਜਿਹੀਆਂ ਉੱਭਰਵੀਆਂ ਉਦਾਹਰਨਾਂ ਹਨ, ਜਿਹਨਾਂ ਨੂੰ ਬਿਨਾ ਕਿਸੇ ਠੋਸ ਸਬੂਤ ਦੇ ਫਾਂਸ਼ੀਆਂ 'ਤੇ ਲਟਕਾਇਆ ਗਿਆ। ਦਵਿੰਦਰਪਾਲ ਭੁੱਲਰ ਹੀ ਇੱਕ ਮਾਤਰ ਅਜਿਹੀ ਮਿਸਾਲ ਹੈ, ਜਿਹੜੀ ਦੁਨੀਆਂ ਭਰ ਦੀਆਂ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਦੀ ਪੈਰਵਾਈ, ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਵਿਸ਼ੇਸ਼ ਪੈਰਵਾਈ ਅਤੇ ਅਕਾਲੀ-ਭਾਜਪਾ ਹਕੂਮਤ ਦੀਆਂ ਸਿਆਸੀ-ਗਿਣਤੀਆਂ-ਮਿਣਤੀਆਂ ਦੀ ਬਦੌਲਤ ਫਾਂਸੀ ਦੇ ਫੰਦੇ ਤੋਂ ਬਚਿਆ ਹੈ। 
—ਇਸਦੇ ਉਲਟ, ਹਿੰਦੂ ਬਹੁਗਿਣਤੀ ਨਾਲ ਸਬੰਧਤ ਫਿਰਕੂ ਦਹਿਸ਼ਤਗਰਦਾਂ ਪ੍ਰਤੀ ਰਵੱਈਆ ਹੋਰ ਹੈ। ਸਮਝੌਤਾ ਐਕਸਪ੍ਰੈਸ ਅਤੇ ਮਾਲੇਗਾਉਂ ਬੰਬ ਧਮਾਕਿਆਂ ਦੇ ਦੋਸ਼ੀ ਹਿੰਦੂ ਫਿਰਕੂ ਦਹਿਸ਼ਤਗਰਦਾਂ ਨੂੰ ਕੇਸ 'ਚੋਂ ਕਿਸੇ ਨਾ ਕਿਸੇ ਤਰ•ਾਂ ਦੋਸ਼-ਮੁਕਤ ਕਰਨ ਲਈ ਰੱਸੇ-ਪੈੜੇ ਵੱਟੇ ਜਾ ਰਹੇ ਹਨ। 
—ਬੰਬਈ ਬੰਬ ਧਮਾਕਿਆਂ ਦੇ ਮੁਸਲਮਾਨ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। ਹਿੰਦੂਆਂ 'ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ੀ ਖਾਲਿਸਤਾਨੀ ਦਹਿਸ਼ਤਗਰਦਾਂ ਅਤੇ ਕਸ਼ਮੀਰੀ ਲੜਾਕੂਆਂ ਨੂੰ ਪੁਲਸ, ਫੌਜ ਵੱਲੋਂ ਗੋਲੀਆਂ ਨਾਲ ਭੁੰਨਣ ਤੋਂ ਗੁਰੇਜ ਨਹੀਂ ਕੀਤਾ ਜਾਂਦਾ, ਪਰ 1984 ਵਿੱਚ ਸਿੱਖ ਕਤਲੇਆਮ ਅਤੇ ਗੁਜਰਾਤ ਸਮੇਤ ਮੁਲਕ ਭਰ ਵਿੱਚ ਰਚਾਏ ਮੁਸਲਮਾਨਾਂ ਦੇ ਕਿੰਨੇ ਹੀ ਕਤਲੇਆਮਾਂ ਅਤੇ ਇਸਾਈ ਕਤਲੇਆਮਾਂ ਦੇ ਦੋਸ਼ੀਆਂ ਨੂੰ ਟਿੱਕਣ, ਫੜਨ, ਮੁਕੱਦਮੇ ਚਲਾਉਣ ਅਤੇ ਬਣਦੀ ਸਜ਼ਾ ਸੁਣਾਉਣ ਦਾ ਅਮਲ ਇਹਨਾਂ ਮਾਮਲਿਆਂ ਨੂੰ ਆਇਆ-ਗਿਆ ਕਰਨ ਵਾਲਾ ਹੈ। ਗੁਜਰਾਤ ਕਤਲੇਆਮ ਦੇ ਦੋਸ਼ੀ ਬਜਰੰਗੀ ਲਾਲ ਅਤੇ ਇਸਾਈ ਮਿਸ਼ਨਰੀ ਸਟੇਨਜ਼ ਅਤੇ ਉਸਦੇ ਬੱਚਿਆਂ ਨੂੰ ਜਿਉਂਦੇ ਸਾੜ ਕੇ ਮਾਰਨ ਵਾਲੇ ਦਾਰਾ ਸਿੰਘ ਨੂੰ ਸੁਣਾਈ ਮੌਤ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। 
ਉਪਰੋਕਤ ਵਿਆਖਿਆ ਇਹ ਗੱਲ ਉਘਾੜਦੀ ਹੈ ਕਿ ਭਾਰਤੀ ਰਾਜ ਇੱਕ ਹਿੰਦੂ ਫਿਰੂਕ ਤੁਅੱਸਬੀ ਰਾਜ ਹੈ, ਜਿਹੜਾ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਦਬਾਊ ਅਤੇ ਵਿਤਕਰੇ ਭਰਿਆ ਰਵੱਈਆ ਅਖਤਿਆਰ ਕਰਕੇ ਚੱਲਦਾ ਹੈ। 
ਰਾਜ ਦੀ ਦਹਿਸ਼ਤਗਰਦੀ ਅਤੇ 
ਧਾਰਮਿਕ ਘੱਟ-ਗਿਣਤੀ ਨਾਲ ਸਬੰਧਤ ਧਿਰ ਦੀ ਦਹਿਸ਼ਤਗਰਦੀ 'ਚ ਵਖਰੇਵਾਂ

''ਸੁਰਖ਼ ਲੀਹ'' ਦੇ ਸਾਥੀਆਂ ਮੁਤਾਬਕ ਅਰਧ-ਜਾਗੀਰੂ ਥੰਮ•ੀਆਂ 'ਤੇ ਖੜ•ਾ ਮੁਲਕ ਦਾ ਆਪਾਸ਼ਾਹ ਰਾਜ ਖਰਾ ਗੈਰ-ਫਿਰਕੂ ਰਾਜ ਹੈ। ਇਸ ਵੱਲੋਂ ਧਾਰਮਿਕ ਘੱਟ-ਗਿਣਤੀਆਂ ਨਾਲ ਕੋਈ ਵੀ ਧੱਕਾ-ਵਿਤਕਰਾ ਨਹੀਂ ਕੀਤਾ ਜਾਂਦਾ। ਇਸ ਰਾਜ ਦੀ ਛਤਰਛਾਇਆ ਹੇਠਾਂ ਉਹਨਾਂ ਨੂੰ ਬਹੁਗਿਣਤੀ ਹਿੰਦੂ ਭਾਈਚਾਰੇ ਬਰਾਬਰ ਪੂਰਾ ਮਾਣ-ਸਨਮਾਨ ਅਤੇ ਸਤਿਕਾਰ ਹਾਸਲ ਹੈ। ਇਸ ਲਈ, ਇਹਨਾਂ ਧਾਰਮਿਕ ਘੱਟ ਗਿਣਤੀਆਂ ਅੰਦਰੋਂ ਉੱਠਦੀਆਂ ਧੱਕੇ-ਵਿਤਕਰੇ ਦੀਆਂ ਆਵਾਜ਼ਾਂ ਨਿਰ-ਆਧਾਰ, ਫਜੂਲ ਅਤੇ ਨਿਹੱਕੀਆਂ ਹਨ। 
ਅਸਲ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਹ ਨਿਹੱਕੀਆਂ ਆਵਾਜ਼ਾਂ ਧਾਰਮਿਕ ਘੱਟ ਗਿਣਤੀਆਂ ਅੰਦਰਲੇ ਉਹਨਾਂ ਖੁਦਗਰਜ਼ ਅਤੇ ਸ਼ਰਾਰਤੀ ਫਿਰਕੂ ਅਨਸਰਾਂ/ਧਿਰਾਂ ਦੀਆਂ ਹਨ, ਜਿਹੜੇ ਸਬੰਧਤ ਘੱਟ ਗਿਣਤੀ ਦੇ ਭੋਲੇਭਾਲੇ ਲੋਕਾਂ ਨੂੰ ਲੋਕ-ਦੋਖੀ ਫਿਰਕੂ ਮਨਸੂਬਿਆਂ ਦੀ ਪੂਰਤੀ ਲਈ ਭੜਕਾਉਂਦੇ ਹਨ, ਉਹਨਾਂ ਵਿੱਚ ਫਿਰਕੂ ਨਫਰਤ ਦਾ ਛੱਟਾ ਦਿੰਦੇ ਹਨ, ਉਹਨਾਂ ਨੂੰ ਭਰਾਮਾਰ ਫਿਰਕੂ ਦੰਗਿਆਂ-ਫਸਾਦਾਂ ਦੀ ਅੱਗ ਵਿੱਚ ਝੋਕਦੇ ਹਨ ਅਤੇ ਦਹਿਸ਼ਤਗਰਦੀ ਦੇ ਜਬਾੜਿ•ਆਂ ਵਿੱਚ ਦਿੰਦੇ ਹਨ। ਇਹੀ ਕੁੱਝ ਸਿੱਖਾਂ ਨਾਲ ਸਬੰਧਤ ਸਭਨਾਂ ਧਿਰਾਂ ਨੇ 1980ਵਿਆਂ ਦੌਰਾਨ ਕੀਤਾ ਹੈ ਅਤੇ ਅੱਜ ਵੀ ਕੀਤਾ ਜਾ ਰਿਹਾ ਹੈ। ਇਹੀ ਕੁੱਝ ਮੁਸਲਮਾਨ ਘੱਟ ਗਿਣਤੀ ਨਾਲ ਸਬੰਧਤ ਧਿਰਾਂ ਕਰ ਰਹੀਆਂ ਹਨ। ਅਜਿਹੀਆਂ ਹੀ ਨਿਹੱਕੀਆਂ ਆਵਾਜ਼ਾਂ ਇਸਾਈ ਭਾਈਚਾਰੇ 'ਚੋਂ ਉੱਠ ਰਹੀਆਂ ਹਨ। ਹੁਣ ਭਲਾਂ ਜੇ ਧਾਰਮਿਕ ਘੱਟ ਗਿਣਤੀਆਂ ਵਿਚਲੀਆਂ ਧਿਰਾਂ ਇੱਕ ਵਾਢਿਉਂ ਨਿਹੱਕੇ ਅਤੇ ਆਧਾਰਹੀਣ ਫਿਰਕੂ ਮੁੱਦਿਆਂ 'ਤੇ ਲੋਕਾਂ ਨੂੰ ਬੇਕਸੂਰ ਅਤੇ ਭਲੇ ਰਾਜ ਖਿਲਾਫ ਅਤੇ ਬਹੁਗਿਣਤੀ ਹਿੰਦੂ ਭਾਈਚਾਰੇ ਖਿਲਾਫ ਭੜਕਾਉਂਦੀਆਂ ਹਨ ਤਾਂ ਫਿਰ ਅਮਨ-ਕਾਨੂੰਨ ਅਤੇ ਫਿਰਕੂ ਸਦਭਾਵਨਾ ਬਣਾ ਕੇ ਰੱਖਣ ਦੇ ਆਪਣੇ ਫਰਜ਼ ਨੂੰ ਨਿਭਾਉਣ ਲਈ ਜੇ ਰਾਜ ਅਤੇ ਉਸਦੀ ਪੁਲਸ ਹਰਕਤ ਵਿੱਚ ਆਉਂਦੀ ਹੈ ਤਾਂ ਇਹ ਬਿਲਕੁੱਲ ਸਹੀ ਹੈ। ਫਿਰਕੂ ਸਦਭਾਵਨਾ ਅਤੇ ਅਮਨ-ਕਾਨੂੰਨ ਬਣਾ ਕੇ ਰੱਖਣ ਲਈ ਹਾਕਮ ਲਾਣੇ ਦੀਆਂ ਇਹਨਾਂ 'ਸੁਹਿਰਦ' ਕੋਸ਼ਿਸ਼ਾਂ ਵਿੱਚ ਸਭਨਾਂ 'ਇਨਕਲਾਬੀ' ਧਿਰਾਂ ਨੂੰ ਹੱਥ ਵਟਾਉਣਾ ਚਾਹੀਦਾ ਹੈ ਅਤੇ ''ਸਦਭਾਵਨਾ ਰੈਲੀਆਂ'' ਦੀ ਮੁਹਿੰਮ ਚਲਾਉਣੀ ਚਾਹੀਦੀ ਹੈ। 
ਇੱਥੇ ਹੀ ਬੱਸ ਨਹੀਂ, ''ਸੁਰਖ਼ ਲੀਹ'' ਦੀ ਇਸ ਸਮਝ ਦਾ ਅਗਲਾ ਸਿਰਾ ਇਹ ਹੈ ਕਿ ਜੇ ਧਾਰਮਿਕ ਘੱਟ ਗਿਣਤੀਆਂ ਅੰਦਰਲੀ ਕੋਈ ਧਿਰ/ਜਥੇਬੰਦੀ ਧੱਕੇ-ਵਿਤਕਰੇ ਖਿਲਾਫ ਅਤੇ ਆਪਣੀ ਸੁਰੱਖਿਆ ਲਈ ਹਥਿਆਰ ਚੁੱਕਦੀ ਹੈ ਤਾਂ ਇਹ ਨਾ ਸਿਰਫ ਨੰਗੀ-ਚਿੱਟੀ ਦਹਿਸ਼ਤਗਰਦੀ ਹੈ, ਸਗੋਂ ਇਹ ਨਿਹੱਕੀ, ਆਧਾਰਹੀਣ ਹੈ, ਇਹ ਸਭਨਾਂ ਧਰਮਾਂ ਦੇ ਲੋਕਾਂ ਅਤੇ ਰਾਜ ਖਿਲਾਫ ਸੇਧਤ ਹੈ। ਇਸਦਾ ਨਾ ਸਿਰਫ ਲੋਕਾਂ ਨੂੰ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ, ਸਗੋਂ ਰਾਜ ਅਤੇ ਉਸਦੀਆਂ ਹਥਿਆਰਬੰਦ ਤਾਕਤਾਂ ਵੱਲੋਂ ਇਸ ਨੂੰ ਦਰੜ ਸੁੱਟਣ ਲਈ ਜਵਾਬੀ ਹਥਿਆਰਬੰਦ ਕਾਰਵਾਈ ਐਨ ਜਾਇਜ਼ ਹੈ, ਅਣਸਰਦੀ ਹੈ ਅਤੇ ਹਮਾਇਤ ਦੀ ਹੱਕਦਾਰ ਹੈ। ਕਿਵੇਂ ਇਹ 1984 ਵਿੱਚ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਕੀਤੇ ਫੌਜੀ ਹਮਲੇ ਅਤੇ ਦਿੱਲੀ ਸਮੇਤ ਮੁਲਕ ਦੇ ਹੋਰਨਾਂ ਹਿੱਸਿਆਂ ਵਿੱਚ ਜਥੇਬੰਦ ਕੀਤੇ ਸਿੱਖਾਂ ਦੇ ਕਤਲੇਆਮ ਨੂੰ ਅਟੱਲਤਾ ਅਤੇ ਵਾਜਬੀਅਤ ਬਖਸ਼ਦੇ ਹਨ, ਇਹ ਸਤਰਾਂ ਧਿਆਨ ਨਾਲ ਪੜ•ੋ: ''ਜੇ ਖਾਲਿਸਤਾਨੀ ਦਹਿਸ਼ਤਗਦਰਦਾਂ ਨੇ ਹਰਿਮੰਦਰ ਸਾਹਿਬ ਨੂੰ ਆਪਣੀ ਬੁਰਛਾਗਰਦੀ ਦਾ ਅਖਾੜਾ ਅਤੇ ਪਿਛਾਖੜੀ ਹਿੰਸਕ ਸਰਗਰਮੀਆਂ ਦਾ ਕੇਂਦਰ ਨਾ ਬਣਾਇਆ ਹੁੰਦਾ ਤਾਂ ਕਾਂਗਰਸੀ ਹਾਕਮ ਚਾਹੁੰਦੇ ਹੋਏ ਵੀ ਹਿੰਦੂ ਸ਼ਾਵਨਵਾਦੀ ਜਜ਼ਬਾਤਾਂ ਦੀ ਵੱਟਤ ਕਰਨ ਲਈ ਇਸ 'ਤੇ ਫੌਜਾਂ ਨਾ ਚੜ•ਾ ਸਕਦੇ। ਜੇ ਪੰਜਾਬ ਦੀ ਧਰਤੀ 'ਤੇ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਸਾਧਾਰਨ ਹਿੰਦੂ ਜਨਤਾ ਨੂੰ ਨਿੱਤ ਦਿਹਾੜੀ ਗੋਲੀਆਂ ਦਾ ਨਿਸ਼ਾਨਾ ਨਾ ਬਣਾਇਆ ਜਾਂਦਾ ਤਾਂ ਕਾਂਗਰਸੀ ਹਾਕਮ ਮੁਲਕ ਵਿੱਚ ਏਡੇ ਵਿਆਪਕ ਪੈਮਾਨੇ 'ਤੇ ਸਿੱਖ ਵਿਰੋਧੀ ਜਜ਼ਬੇ ਨਾ ਉਭਾਰ ਸਕਦੇ ਅਤੇ ਦਿੱਲੀ ਦੰਗਿਆਂ ਵਰਗੇ ਭਿਆਨਕ ਕਤਲੇਆਮ ਨਾ ਜਥੇਬੰਦ ਕਰ ਸਕਦੇ।'' ('ਸੁਰਖ਼ ਲੀਹ ਦੇ ਇਹਨਾਂ ਬਿਆਨਾਂ ਨਾਲ ਇੱਕਸੁਰ ਨਾਨਾਦੇਸਮੁਖ ਦਾ ਬਿਆਨ ਸਫਾ 43 'ਤੇ ਪੜ•ੋ।)
ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਦਹਿਸ਼ਤਗਰਦਾਂ ਨੂੰ ਨਜਿੱਠਣ ਦੇ ਅਮਲ ਵਿੱਚ 'ਸੁਰਖ਼ ਲੀਹ' ਦੇ ਸਾਥੀਆਂ ਨੂੰ ਇਤਰਾਜ਼ ਸਿਰਫ ਉਦੋਂ ਖੜ•ਾ ਹੁੰਦਾ ਹੈ, ਜਦੋਂ ਰਾਜ ਦੀਆਂ ਹਥਿਆਰਬੰਦ ਤਾਕਤਾਂ ਖੁਦ ''ਹਕੂਮਤੀ ਦਹਿਸ਼ਤਗਰਦੀ'' ਦੀ ਸ਼ਕਲ ਅਖਤਿਆਰ ਕਰ ਲੈਂਦੀਆਂ ਹਨ। ਯਾਨੀ ''ਦਹਿਸ਼ਤਗਰਦਾਂ'' ਦੇ ਝੂਠੇ ਮੁਕਾਬਲੇ ਬਣਾਉਣ, ਬੇਦੋਸ਼ਿਆਂ ਨੂੰ ਜਬਰ ਦੀ ਮਾਰ ਹੇਠ ਲਿਆਉਣ, ਉਹਨਾਂ ਦੇ ਪਰਿਵਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਰਾਹ ਅਖਤਿਆਰ ਕਰ ਲੈਂਦੀਆਂ ਹਨ। 
ਸੋ, ਇਹਨਾਂ ਮੁਤਾਬਕ ਧਾਰਮਿਕ ਘੱਟ ਗਿਣਤੀਆਂ ਵਿੱਚੋਂ ਉੱਠੀ ਕੋਈ ਵੀ ਦਹਿਸ਼ਤਗਰਦੀ ਲੋਕਾਂ 'ਤੇ ਹਮਲਾ ਹੈ ਅਤੇ ਲੋਕਾਂ ਦੀ ਰਾਖੀ ਲਈ ਹਾਕਮਾਂ ਨੂੰ ਕਾਨੂੰਨ ਮੁਤਾਬਕ ਹੀਲੇ-ਵਸੀਲੇ ਕਰਨ ਦਾ ਹੱਕ ਹੈ। ਇਸ ਦਹਿਸ਼ਤਗਰਦੀ ਨੂੰ ਕੁਚਲ ਸੁੱਟਣ ਅਤੇ ਖਤਮ ਕਰਨ ਦਾ ਹੱਕ ਹੈ। 'ਸੁਰਖ਼ ਲੀਹ' ਰਾਜਭਾਗ ਦੀ ਇਸ ਕਾਰਵਾਈ ਨੂੰ ਦਰੁਸਤ ਸਮਝਦੀ ਹੈ, ਬਸ਼ਰਤੇ ਉਹ ਭਾਰਤੀ ਸੰਵਿਧਾਨ ਦੀਆਂ 'ਪਵਿੱਤਰ' ਸੀਮਾਵਾਂ ਦੇ ਅੰਦਰ ਅੰਦਰ ਰਹਿ ਕੇ ਕੀਤੀ ਜਾਵੇ। ਯਾਨੀ ਹਕੂਮਤ ਨੂੰ ਇਹ ਹੀਲੇ-ਵਸੀਲੇ ਵਰਤਦਿਆਂ ਖੁਦ ''ਹਕੂਮਤੀ ਦਹਿਸ਼ਤਗਰਦੀ'' 'ਤੇ ਨਹੀਂ ਉੱਤਰਨਾ ਚਾਹੀਦਾ। ਇਉਂ, ਉਹਨਾਂ ਮੁਤਾਬਕ ਇਹ ''ਹਕੂਮਤੀ ਦਹਿਸ਼ਤਗਰਦੀ'' ਇੱਕ ਵਕਤੀ ਵਰਤਾਰਾ ਹੈ, ਜਿਹੜਾ ਉਦੋਂ ਹੀ ਉੱਭਰ ਕੇ ਸਾਹਮਣੇ ਆਉਂਦਾ ਹੈ, ਜਦੋਂ ਕਿਸੇ ਧਾਰਮਿਕ ਘੱਟ ਗਿਣਤੀ ਵਿੱਚੋਂ ਕੋਈ ਦਹਿਸ਼ਤਗਰਦ ਸ਼ਕਤੀ ਸਿਰ ਚੁੱਕਦੀ ਹੈ। ਜਦੋਂ ਧਾਰਮਿਕ ਘੱਟ ਗਿਣਤੀ ਨਾਲ ਸਬੰਧ ਦਹਿਸ਼ਤਗਰਦੀ ਖਤਮ ਕਰ ਦਿੱਤੀ ਜਾਂਦੀ ਹੈ, ਤਾਂ ''ਹਕੂਮਤੀ ਦਹਿਸ਼ਤਗਰਦੀ'' ਵੀ ਅਲੋਪ ਹੋ ਜਾਂਦੀ ਹੈ। ਇਉਂ, ''ਹਕੂਮਤੀ ਦਹਿਸ਼ਤਗਰਦੀ'' ਇੱਕ ਤਰ•ਾਂ ਨਾਲ ''ਖਾਲਿਸਤਾਨੀ ਦਹਿਸ਼ਤਗਰਦੀ'' ਜਾਂ ਕੋਈ ਹੋਰ ਦਹਿਸ਼ਤਗਰਦੀ ਨੂੰ ਸਮੇਂ ਦੀ ਹਕੂਮਤ ਦਾ ਕਾਨੂੰਨੀ ਲਛਮਣ ਰੇਖਾਵਾਂ ਤੋਂ ਬਾਹਰ ਜਾ ਕੇ ਦਿੱਤਾ ਵਧਵਾਂ ਹੁੰਗਾਰਾ ਹੈ। 
ਇਸ ਤਰ•ਾਂ ਇਹ ਸਾਥੀ ਰਾਜ ਦੀ ਦਹਿਸ਼ਤਗਰਦੀ 'ਤੇ ''ਹਕੂਮਤੀ ਦਹਿਸ਼ਤਗਰਦੀ'' ਦਾ ਫੱਟਾ ਲਾ ਕੇ ਇਸ ਨੂੰ ਇੱਕ ਵਕਤੀ ਵਰਤਾਰਾ ਬਣਾ ਕੇ ਪੇਸ਼ ਕਰਦੇ ਹਨ। ਜਦੋਂ ਕਿ ਭਾਰਤੀ ਰਾਜ ਦੀ ਦਹਿਸ਼ਤਗਰਦੀ ਕੋਈ ਵਕਤੀ ਵਰਤਾਰਾ ਨਹੀਂ ਹੈ। ਅਤੇ ਨਾ ਹੀ ਇਹ ਕਿਸੇ ਧਾਰਮਿਕ ਘੱਟ ਗਿਣਤੀ ਜਾਂ ਲੋਕ-ਹਿੱਸੇ 'ਚੋਂ ਉੱਠੀ ਦਹਿਸ਼ਤਗਰਦ ਲਹਿਰ ਨੂੰ ਹੁੰਗਾਰੇ ਵਜੋਂ ਸਾਹਮਣੇ ਆਉਂਦੀ ਹੈ। ਦੂਜੇ ਲਫਜ਼ਾਂ ਵਿੱਚ— ਦਹਿਸ਼ਤਗਰਦੀ ਕੋਈ ਹਕੂਮਤੀ ਨੀਤੀ ਨਹੀਂ ਹੈ, ਜਿਹੜੀ ਕਦੇ ਲਾਗੂ ਕੀਤੀ ਅਤੇ ਕਦੇ ਛੱਡੀ ਜਾ ਸਕਦੀ ਹੈ। ਦਹਸ਼ਿਤਗਰਦੀ ਭਾਰਤ ਦੇ ਆਪਾਸ਼ਾਹ ਰਾਜ ਦਾ ਵਜੂਦ ਸਮੋਇਆ ਲੱਛਣ ਹੈ ਅਤੇ ਇਸਦੀ ਆਪਾਸ਼ਾਹ ਖਸਲਤ ਦਾ ਇੱਕ ਉੱਭਰਵਾਂ ਇਜ਼ਹਾਰ ਹੈ। ਭਾਰਤੀ ਲੋਕਾਂ ਨੂੰ ਦਬਸ਼ ਅਤੇ ਦਹਿਸ਼ਤ ਦੇ ਸਾਏ ਹੇਠ ਰੱਖਣ ਦਾ ਕੰਮ ਇੱਕ ਲਗਾਤਾਰ ਜਾਰੀ ਰਹਿਣਵਾਲਾ ਕੰਮ ਹੈ। ਦੂਜੇ ਲਫਜ਼ਾਂ ਵਿੱਚ ਭਾਰਤੀ ਰਾਜ ਖੁਦ ਇੱਕ ਦਹਿਸ਼ਤਗਰਦ ਰਾਜ ਹੈ। ਭਾਰਤੀ ਲੋਕਾਂ ਨਾਲ ਦਹਿਸ਼ਤਗਰਦ ਢੰਗ-ਤਰੀਕਿਆਂ ਨਾਲ ਪੇਸ਼ ਆਉਣਾ ਇਸਦਾ ਸੁਭਾਅ ਹੈ, ਵਿਹਾਰ ਤੇ ਦਸਤੂਰ ਹੈ। ਸਭਨਾਂ ਕਾਨੂੰਨੀ ਬੰਦਸ਼ਾਂ ਤੋਂ ਬੇਪ੍ਰਵਾਹ ਹੋ ਕੇ ਚੱਲਣ ਅਤੇ ਲੋਕਾਂ ਦੀ ਜਮਹੂਰੀ ਰਜ਼ਾ ਨੂੰ ਪੈਰਾਂ ਹੇਠ ਦਰੜਨਾ ਰਾਜ ਦੇ ਦਹਿਸ਼ਤਗਰਦ ਸੁਭਾਅ ਦਾ ਦਸਤੂਰ ਹੈ। ਇਸ ਰਾਜ ਦਾ ਇਹ ਦਹਿਸ਼ਤਗਰਦ ਰਾਖਸ਼ੀ ਸੁਭਾਅ ਜਦੋਂ ਲੁੱਟ-ਖੋਹ ਅਤੇ ਧੱਕੇ-ਧੋੜਿਆਂ ਦੇ ਸ਼ਿਕਾਰ ਮਿਹਨਤਕਸ਼ ਲੋਕਾਂ, ਕੌਮਾਂ/ਕੌਮੀਅਤਾਂ ਅਤੇ ਧਾਰਮਿਕ ਘੱਟ ਗਿਣਤੀਆਂ ਵਿੱਚੋਂ ਉੱਠਦੀਆਂ ਹੱਕੀ ਅਤੇ ਜਮਹੂਰੀ ਲਹਿਰਾਂ 'ਤੇ ਝਪਟਦਾ ਹੈ, ਤਾਂ ਮੋੜਵੇਂ ਪ੍ਰਤੀਕਰਮ ਵਜੋਂ ਇਹਨਾਂ ਵਰਗਾਂ ਦੀ ਜਨਤਾ ਨੂੰ ਹਥਿਆਰਬੰਦ ਟਾਕਰੇ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਕਰਦਾ ਹੈ। ਸਹੀ ਅਤੇ ਪ੍ਰਪੱਕ ਲੀਡਰਸ਼ਿੱਪ ਦੀ ਅਣਹੋਂਦ ਦੀ ਹਾਲਤ ਜਨਤਾ ਦੀਆਂ ਇਹਨਾਂ ਟਾਕਰਾਂ ਲਹਿਰਾਂ ਨੂੰ ਦਹਿਸ਼ਤਗਰਦ ਕੁਰਾਹੇ ਪੈ ਸਕਣ ਦੀਆਂ ਗੁੰਜਾਇਸ਼ਾਂ ਮੁਹੱਈਆ ਕਰਦੀ ਹੈ। ਇਹ ਦਹਿਸ਼ਤਗਰਦ ਲਹਿਰਾਂ ਧਾਰਮਿਕ ਕੱਟੜਤਾ ਤੇ ਜਨੂੰਨੀ ਰੰਗਤ ਅਖਤਿਆਰ ਕਰ ਸਕਦੀਆਂ ਹਨ। 
ਪਰ ਆਪਣੀ ਪਿਛਾਂਹ-ਖਿੱਚੂ ਵਿਚਾਰਧਾਰਕ-ਸਿਆਸੀ ਸੋਚ ਤੇ ਲੱਛਣਾਂ ਦੇ ਬਾਵਜੂਦ, ਅਜਿਹੀਆਂ ਦਹਿਸ਼ਤਗਰਦ ਲਹਿਰਾਂ ਦੀ ਤੁਲਨਾ ਭਾਰਤ ਦੇ ਪਿਛਾਖੜੀ ਰਾਜ ਨਾਲ ਕਰਨੀ ਨਾ ਸਿਰਫ ਗਲਤ ਹੈ, ਸਗੋਂ ਇੱਕ ਮੌਕਾਪ੍ਰਸਤ ਅਤੇ ਹਾਕਮਪ੍ਰਸਤ ਧਾਰਨਾ ਹੈ। ਪਹਿਲੀ ਗੱਲ— ਭਾਰਤੀ ਰਾਜ ਇਹਨਾਂ ਧਾਰਮਿਕ ਘੱਟ ਗਿਣਤੀਆਂ (ਸਮੇਤ ਸਮੁੱਚੇ ਮਿਹਨਤਕਸ਼ ਲੋਕਾਂ) ਨਾਲ ਧੱਕਾ-ਵਿਤਕਰਾ ਕਰਨ ਵਾਲਾ ਪਿਛਾਖੜੀ ਅਤੇ ਦਬਾਊ ਸੰਦ ਹੈ, ਜਦੋਂ ਕਿ ਇਹ ਧਾਰਮਿਕ ਘੱਟ ਗਿਣਤੀਆਂ ਇਸ ਪਿਛਾਖੜੀ ਰਾਜ ਦੇ ਫਿਰਕੂ ਤੁਅੱਸਬੀ ਰਵੱਈਏ ਅਤੇ ਧੱਕੇ-ਵਿਤਕਰਿਆਂ ਦੀਆਂ ਸ਼ਿਕਾਰ ਹਨ। ਇਸ ਲਈ, ਰਾਜ ਦੀ ਦਹਿਸ਼ਤਗਰਦੀ ਦਾ ਮੰਤਵ ਇਹਨਾਂ ਧਾਰਮਿਕ ਘੱਟ ਗਿਣਤੀਆਂ (ਸਮੇਤ ਸਮੁੱਚੀ ਮਿਹਨਤਕਸ਼ ਜਨਤਾ) ਨੂੰ ਦਬਸ਼ ਅਤੇ ਦਹਿਸ਼ਤ ਦੇ ਜੂਲੇ ਹੇਠ ਰੱਖਣਾ ਹੈ, ਉੱਥੇ ਇਹਨਾਂ ਧਾਰਮਿਕ ਘੱਟ ਗਿਣਤੀਆਂ ਅੰਦਰੋਂ ਉੱਭਰਨ ਵਾਲੀ ਦਹਿਸ਼ਤਗਰਦੀ ਰਾਜ ਦੀ ਪਿਛਾਖੜੀ ਦਹਿਸ਼ਤਗਰਦੀ ਖਿਲਾਫ ਕੁਰਾਹੇ ਪਿਆ ਪ੍ਰਤੀਰਕਮ ਹੈ ਅਤੇ ਇਸ ਨੂੰ ਲੀਹੋਂ ਲੱਥਾ ਹੁੰਗਾਰਾ ਹੈ। ਦੂਜੀ ਗੱਲ— ਧਾਰਮਿਕ ਕੱਟੜਤਾ ਦੀਆਂ ਪੈਰੋਕਾਰ ਲੀਡਰਸ਼ਿੱਪਾਂ ਦੀ ਅਗਵਾਈ ਹੇਠ ਇਹ ਲਹਿਰਾਂ ਕੁਰਾਹੇ ਪੈ ਸਕਦੀਆਂ ਹਨ ਅਤੇ ਪਿਛਾਂਹਖਿੱਚੂ (ਰੈਟਰੋਗਰੈਸਿਵ) ਕਿਰਦਾਰ ਹਾਸਲ ਕਰ ਸਕਦੀਆਂ ਹਨ ਅਤੇ ਇਨਕਲਾਬ ਵਿਰੋਧੀ ਰੁਖ ਅਖਤਿਆਰ ਕਰ ਸਕਦੀਆਂ ਹਨ, ਪਰ ਭਾਰਤੀ ਰਾਜ ਇੱਕ ਪਿਛਾਖੜੀ ਅਤੇ ਉਲਟ-ਇਨਕਲਾਬੀ ਰਾਜ ਹੈ। ਧਾਰਿਮਕ ਘੱਟ ਗਿਣਤੀਆਂ ਵਿਚਲੀਆਂ ਲਹਿਰਾਂ ਦੇ ਪਿਛਾਂਹਖਿੱਚੂ ਅਤੇ ਇਨਕਲਾਬ-ਵਿਰੋਧੀ ਰੋਲ ਨੂੰ ਅਤੇ ਸਾਮਰਾਜ ਦੀ ਚਾਕਰੀ ਕਰਦੇ ਖੂੰਖਾਹ ਭਾਰਤੀ ਰਾਜ ਦੇ ਪਿਛਾਖੜੀ ਅਤੇ ਉਲਟ-ਇਨਕਲਾਬੀ ਰੋਲ ਨੂੰ ਇੱਕੋ ਪਲੜੇ ਤੋਲਣ ਦਾ ਅਰਥ ਰਾਜ ਦੇ ਪਿਛਾਖੜੀ ਅਤੇ ਉਲਟ-ਇਨਕਲਾਬੀ ਕਿਰਦਾਰ ਅਤੇ ਰੋਲ 'ਤੇ ਪਰਦਾ ਪਾਉਣਾ ਹੈ ਅਤੇ ਧਾਰਮਿਕ ਘੱਟ ਗਿਣਤੀਆਂ ਦੀਆਂ ਲਹਿਰਾਂ ਨੂੰ ਖ਼ੂਨ ਵਿੱਚ ਡਬੋਣ ਲਈ ਬੋਲੇ ਪਿਛਾਖੜੀ ਹੱਲੇ ਦੀ ਹਮਾਇਤ ਵਿੱਚ ਭੁਗਤਣਾ ਹੈ। 
ਧਾਰਮਿਕ ਘੱਟ ਗਿਣਤੀਆਂ ਨੂੰ 
ਭੜਕਾਉਣ ਅਤੇ ਵਰਤਣ ਦਾ ਮਾਮਲਾ

''ਸੁਰਖ਼ ਲੀਹ'' ਮੁਤਾਬਕ ਧੱਕੇ-ਵਿਤਕਰੇ ਦਾ ਸਭ ਰੌਲਾ-ਰੱਟਾ ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਫਿਰਕੂ ਜਨੂੰਨੀ ਅਨਸਰਾਂ ਵੱਲੋਂ ਜਾਂ ਹਾਕਮ ਜਮਾਤੀ ਸਿਆਸਤਦਾਨਾਂ ਵੱਲੋਂ ਖੜ•ਾ ਕੀਤਾ ਜਾ ਰਿਹਾ ਹੈ। 
ਸੁਆਲ ਉੱਠਦਾ ਹੈ ਕਿ ਜੇ ਲੋਕਾਂ ਦੇ ਕਿਸੇ ਹਿੱਸੇ (ਜਮਾਤ/ਤਬਕੇ/ਫਿਰਕੇ ਆਦਿ) ਦੀ ਕੋਈ ਸਮੱਸਿਆ ਨਹੀਂ ਹੈ, ਕੋਈ ਮੰਗ/ਮਸਲਾ ਨਹੀਂ ਹੈ, ਉਸ ਨੂੰ ਕੋਈ ਤਕਲੀਫ ਨਹੀਂ ਹੈ, ਤਾਂ ਕੀ ਨਕਲੀ ਸਮੱਸਿਆ ਪੈਦਾ ਕਰਕੇ, ਫਰਜ਼ੀ ਮੰਗਾਂ/ਮਸਲਿਆਂ ਦੀ ਲਫਾਫੇਬਾਜ਼ੀ ਕਰਕੇ ਅਤੇ ਨਕਲੀ ਦੁੱਖਾਂ-ਤਕਲੀਫਾਂ ਦੀ ਚੋਭ ਪੈਦਾ ਕਰਕੇ, ਉਸ ਨੂੰ ਉਕਸਾਇਆ-ਭੜਕਾਇਆ ਜਾ ਸਕਦਾ ਹੈ, ਅਤੇ ਸੰਘਰਸ਼ ਦੇ ਰਾਹ ਪਾਇਆ ਜਾ ਸਕਦਾ ਹੈ। ਇਸ ਤੋਂ ਵੀ ਅੱਗੇ ਕੀ ਉਸ ਹਿੱਸੇ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ/ਵਿਅਕਤੀਆਂ ਨੂੰ ਹਥਿਆਰਬੰਦ ਕਾਰਵਾਈਆਂ ਜਾਂ ਦਹਿਸ਼ਤਗਰਦ ਸਰਗਰਮੀਆਂ ਦੇ ਰਾਹ ਪਾਇਆ ਜਾ ਸਕਦਾ ਹੈ। ਕੀ ਦਹਾਕਿਆਂ-ਬੱਧੀਂ ਨਕਲੀ ਮੰਗਾਂ ਅਤੇ ਦੁੱਖਾਂ-ਤਕਲੀਫਾਂ ਦੇ ਜੁਗਾੜ ਰਾਹੀਂ ਪੈਦਾ ਕੀਤੇ ਰੋਸ ਨੂੰ ਧੁੱਖਦਾ ਰੱਖਿਆ ਜਾ ਸਕਦਾ ਹੈ? ਕੀ ਦਹਾਕਿਆਂ-ਬੱਧੀਂ ਹਕੂਮਤੀ ਜਬਰ ਦੇ ਬਾਵਜੂਦ ਉਸ ਲੋਕ ਹਿੱਸੇ ਵੱਲੋਂ ਗੈਰ-ਹਥਿਆਰਬੰਦ ਰੋਸ ਸਰਗਰਮੀਆਂ ਜਾਂ ਹਿੰਸਕ ਕਾਰਵਾਈਆਂ ਨੂੰ ਜਾਰੀ ਰੱਖਿਆ ਜਾ ਸਕਦਾ ਹੈ? ਕਦਾਚਿੱਤ ਵੀ ਅਜਿਹਾ ਨਹੀਂ ਕੀਤਾ ਜਾ ਸਕਦਾ। ਬਿਨਾ ਕਿਸੇ ਬਾਹਰਮੁਖੀ ਆਧਾਰ ਅਤੇ ਕਾਰਨ ਦੇ, ਬਿਨਾ ਕਿਸੇ ਹਕੀਕੀ ਸਮੱਸਿਆ ਅਤੇ ਮੰਗਾਂ/ਮਸਲਿਆਂ ਦੇ ਲੋਕਾਂ ਦੇ ਕਿਸੇ ਹਿੱਸੇ ਅੰਦਰ ਰੋਸ ਨਹੀਂ ਪੈਦਾ ਕੀਤਾ ਜਾ ਸਕਦਾ ਅਤੇ ਵਾਰ ਵਾਰ ਉਹਨਾਂ ਨੂੰ ਰੋਸ-ਸਰਗਰਮੀਆਂ ਲਈ ਨਹੀਂ ਉਭਾਰਿਆ ਜਾ ਸਕਦਾ। ਜੇ ਕਿਤੇ ਕੋਈ ਜਥੇਬੰਦੀ/ਧਿਰ ਕਿਸੇ ਲੋਕ-ਹਿੱਸੇ ਨੂੰ ਨਕਲੀ ਮੰਗ/ਮਸਲਾ ਖੜ•ਾ ਕਰਕੇ ਉਕਸਾ-ਭੜਕਾ ਲੈਂਦੀ ਹੈ ਅਤੇ ਅੰਦੋਲਨ ਦੇ ਰਾਹ ਪਾ ਪੈਂਦੀ ਹੈ, ਤਾਂ ਇਹ ਇੱਕ ਵਕਤੀ ਅਤੇ ਥੋੜ•-ਚਿਰਾ ਵਰਤਾਰਾ ਹੀ ਹੋ ਸਕਦਾ ਹੈ। 
ਇਹ ਇੱਕ ਪ੍ਰਵਾਨਤ ਮਾਰਕਸੀ ਸਚਾਈ ਹੈ ਕਿ ਹਰੇਕ ਸਮਾਜਿਕ ਵਰਤਾਰੇ ਦੇ ਵਾਪਰਨ ਦੇ ਬਾਹਰਮੁਖੀ ਅਤੇ ਅੰਤਰਮੁਖੀ ਕਾਰਨ ਹੁੰਦੇ ਹਨ। ਮਹਿਜ਼ ਅੰਤਰਮੁਖੀ ਕਾਰਨ (ਯਤਨ) ਹੀ ਉਸ ਵਰਤਾਰੇ ਨੂੰ ਹੋਂਦ ਵਿੱਚ ਲਿਆਉਣ ਅਤੇ ਜਾਰੀ ਰੱਖਣ ਦਾ ਆਧਾਰ ਨਹੀਂ ਬਣ ਸਕਦੇ। ਇਸ ਲਈ, ਸਮਾਜ ਅੰਦਰ ਕਿਸੇ ਵੀ ਸਿਆਸੀ ਵਰਤਾਰੇ (ਸੰਘਰਸ਼/ਅੰਦੋਲਨ ਦੇ ਵਰਤਾਰੇ) ਨੂੰ ਹੋਂਦ ਵਿੱਚ ਲਿਆਉਣ ਅਤੇ ਧੁਖਦਾ-ਭਖਦਾ ਰੱਖਣ ਲਈ ਸਮੱਸਿਆਵਾਂ ਜਾਂ ਮੰਗਾਂ/ਮਸਲਿਆਂ ਦੀ ਹਕੀਕੀ ਹੋਂਦ ਦਾ ਬਾਹਰਮੁਖੀ ਆਧਾਰ ਹੋਣਾ ਲਾਜ਼ਮੀ ਹੈ।  ਹਾਂ, ਇਹ ਗੱਲ ਵੱਖਰੀ ਹੈ ਕਿ ਕੋਈ ਸਿਆਸੀ ਧਿਰ/ਪਾਰਟੀ ਇਹਨਾਂ ਹੱਕੀ ਮੰਗਾਂ/ਮਸਲਿਆਂ ਨੂੰ ਦਰੁਸਤ ਜਮਹੂਰੀ ਨਜ਼ਰੀਏ ਤੋਂ ਪੇਸ਼ ਕਰਦਿਆਂ, ਹੱਕੀ ਸੰਘਰਸ਼ ਦੇ ਰਾਹ ਪਾਉਂਦੀ ਹੈ ਜਾਂ ਆਪਣੇ ਸੌੜੇ ਸਿਆਸੀ ਮਕਸਦਾਂ ਦੀ ਪੂਰਤੀ ਖਾਤਰ ਇਹਨਾਂ ਹੱਕੀ ਮੰਗਾਂ/ਮਸਲਿਆਂ ਨੂੰ ਤਰੋੜ-ਮਰੋੜ ਕੇ, ਵਧਾ ਚੜ•ਾ ਕੇ ਜਾਂ ਫਿਰਕੂ ਰੰਗਤ ਦੇ ਕੇ ਪੇਸ਼ ਕਰਦੀ ਹੈ ਅਤੇ ਲੋਕ-ਰੋਸ ਅਤੇ ਰੌਂਅ ਨੂੰ ਭਟਕਾਊ-ਪਟੜੀ 'ਤੇ ਚਾੜ•ਦਿਆਂ, ਆਪਣੀ ਲੋਕ-ਦੋਖੀ ਵੋਟ ਸਿਆਸਤ ਦਾ ਸਾਧਨ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੀ ਹੈ। ਧਾਰਮਿਕ ਘੱਟ ਗਿਣਤੀਆਂ ਦੇ ਮਾਮਲੇ ਵਿੱਚ ਦਰੁਸਤ ਅਸਰਦਾਰ ਲੀਡਰਸ਼ਿੱਪ ਦੀ ਗੈਰ ਮੌਜੂਦਗੀ ਵਿੱਚ ਗੈਰ ਜਮਾਤੀ ਤੇ ਗੈਰ ਜਮਹੂਰੀ ਨਜ਼ਰੀਏ ਤੋਂ ਸੱਖਣੀਆਂ ਕਰੱਚਘਰੜ ਲੀਡਰਸ਼ਿੱਪਾਂ ਵੱਲੋਂ ਸੌੜੇ ਤੇ ਫਿਰਕੂ ਨਜ਼ਰੀਏ ਤੋਂ ਮੰਗਾਂ/ਮਸਲਿਆਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ਜਿਸ ਕਰਕੇ ਮੰਗਾਂ/ਮਸਲਿਆਂ ਨੂੰ ਵਧਾ-ਚੜ•ਾਅ ਕੇ ਫਿਰਕੂ ਰੰਗਤ ਦਿੰਦਿਆਂ, ਬਹੁਗਿਣਤੀ ਹਿੰਦੂ ਭਾਈਚਾਰੇ ਨੂੰ ਆਪਣੇ ਅੰਦੋਲਨ ਜਾਂ ਹਿੰਸਕ ਕਾਰਵਾਈਆਂ ਦੇ ਨਿਸ਼ਾਨਿਆਂ ਵਿੱਚ ਸਾਮਲ ਕਰ ਲਿਆ ਜਾਂਦਾ ਹੈ ਅਤੇ ਇਉਂ, ਭਟਕਾਊ ਅਤੇ ਪਾਟਕਪਾਊ ਰੁਖ ਅਖਤਿਆਰ ਕਰ ਲਿਆ ਜਾਂਦਾ ਹੈ। ਇਸ ਤਰ•ਾਂ ਅਜਿਹੀਆਂ ਕੱਚਘਰੜ ਅਤੇ ਗਲਤ ਲੀਡਰਸ਼ਿੱਪਾਂ ਨਾ ਸਿਰਫ ਰਾਜ ਨੂੰ ਸਬੰਧਤ ਧਾਰਮਿਕ ਘੱਟਗਿਣਤੀ ਦੇ ਲੋਕਾਂ ਨੂੰ ਸੌਖਿਆਂ ਹੀ ਮਾਰ ਹੇਠ ਲਿਆਉਣ ਦੇ ਮੌਕੇ ਮੁਹੱਈਆ ਕਰਦੀਆਂ ਹਨ, ਸਗੋਂ ਹਾਕਮ ਜਮਾਤੀ ਸਿਆਸੀ ਟੋਲਿਆਂ ਨੂੰ ਇਹਨਾਂ ਕੱਚ ਘਰੜ ਲੀਡਰਸ਼ਿੱਪਾਂ ਦੇ ਹਿੱਸਿਆਂ ਨੂੰ ਆਪਣੇ ਢਹੇ ਚਾੜ•ਨ, ਆਪਣੇ ਸੌੜੇ ਸਿਆਸੀ ਮਨਸ਼ਿਆਂ ਲਈ ਵਰਤਣ ਅਤੇ ਲੋਕਾਂ ਅੰਦਰਲੇ ਖਰੇ ਰੋਸ ਅਤੇ ਗੁੱਸੇ ਨੂੰ ਲੀਹੋਂ ਲਾਹ ਕੇ ਆਪਣੇ ਵੋਟ ਡੱਬਿਆਂ ਵੱਲ ਕਰਨ ਦੀਆਂ ਚਾਲਾਂ ਚੱਲਣ ਦੀਆਂ ਗੁੰਜਾਇਸ਼ਾਂ ਮੁਹੱਈਆ ਕਰਦੀਆਂ ਹਨ। 
ਧਾਰਮਿਕ ਘੱਟ-ਗਿਣਤੀਆਂ ਨਾਲ ਧੱਕਾ ਵਿਤਕਰਾ ਅੰਤਿਮ ਤੌਰ 'ਤੇ ਜਮਾਤੀ ਦਾਬੇ ਤੇ ਜਬਰ ਦੀ ਹੀ ਇੱਕ ਸ਼ਕਲ ਹੈ
ਸਾਮਰਾਜ, ਦਲਾਲ ਸਰਮਾਏਦਾਰੀ ਅਤੇ ਜਾਗੀਰਦਾਰੀ ਦੇ ਪਿਛਾਖੜੀ ਗੱਠਜੋੜ ਵੱਲੋਂ ਮੁਲਕ ਦੀ ਵਿਸ਼ਾਲ ਲੋਕਾਈ 'ਤੇ ਆਪਣੀ ਅੰਨ•ੀਂ ਲੁੱਟ ਅਤੇ ਜਬਰ ਦਾ ਜਕੜਪੰਜਾ ਬਰਕਾਰ ਰੱਖਣ ਲਈ ਉਹਨਾਂ ਸਭਨਾਂ ਤਾਕਤਾਂ/ਸੰਸਥਾਵਾਂ ਨੂੰ ਕਾਇਮ ਰੱਖਣਾ ਜ਼ਰੂਰੀ ਹੈ, ਜਿਹੜੀਆਂ ਪੈਦਾਵਾਰੀ ਤਾਕਤਾਂ ਦੇ ਵਿਕਾਸ ਨੂੰ ਬੰਨ• ਮਾਰ ਕੇ ਰੱਖਣ ਦਾ ਰੋਲ ਨਿਭਾਉਂਦੀਆਂ ਹਨ, ਜਿਹੜੀਆਂ ਆਰਥਿਕ, ਸਿਆਸੀ, ਸਮਾਜਿਕ ਅਤੇ ਸਭਿਆਚਾਰਕ ਵਿਕਾਸ ਨੂੰ ਪਿਛਾਂਹਖਿੱਚੂ ਅਤੇ ਮੱਧਯੁੱਗੀ ਸੋਚ ਤੇ ਰਹੁ-ਰੀਤਾਂ ਦੀਆਂ ਜ਼ੰਜੀਰਾਂ ਪਾ ਕੇ ਰੱਖਦੀਆਂ ਹਨ। ਇਸ ਲਈ, ਜਿੱਥੇ ਲੁੱਟ ਦੇ ਇਸ ਨਿਜ਼ਾਮ ਨੂੰ ਸਲਾਮਤ ਰੱਖਣ ਲਈ ਅਰਧ-ਜਾਗੀਰੂ ਪ੍ਰਬੰਧ ਨੂੰ ਕਾਇਮ ਰੱਖਣਾ ਜ਼ਰੂਰੀ ਹੈ, ਉੱਥੇ ਪਿਛਾਂਹਖਿੱਚੂ ਧਾਰਮਿਕ ਅਤੇ ਸਮਾਜਿਕ (ਜਾਤਪਾਤੀ ਤੇ ਪਿਤਰੀ) ਸੰਸਥਾਵਾਂ ਨੂੰ ਵੀ ਕਾਇਮ ਰੱਖਣਾ ਜ਼ਰੂਰੀ ਹੈ, ਜਿਹੜੀਆਂ ਸਮਾਜ ਦੇ ਅਗਾਂਹਵਧੂ ਵਿਕਾਸ ਦੇ ਪੈਰਾਂ ਦੀਆਂ ਬੇੜੀਆਂ ਬਣਦੀਆਂ ਹਨ। ਧਾਰਮਿਕ ਸਿੱਖਿਆਵਾਂ, ਮਿੱਥਾਂ, ਸੰਸਥਾਵਾਂ ਅਤੇ ਧਰਮ-ਗੁਰੂਆਂ ਦੀ ਸਿਰੇ ਦੀ ਗੈਰ-ਜਮਹੂਰੀ ਅਤੇ ਚੁਣੌਤੀ ਰਹਿਤ ਹੈਸੀਅਤ ਅਤੇ ਸਥਾਪਤੀ ਮੱਧਯੁੱਗੀ ਜਾਗੀਰੂ ਸੋਚ-ਪ੍ਰਬੰਧ ਦਾ ਮੁਜੱਸਮਾ ਬਣਦੀ ਹੈ। ਇਸ ਲਈ, ਸਾਮਰਾਜ-ਭਗਤ ਭਾਰਤੀ ਹਾਕਮ ਜਮਾਤਾਂ ਵੱਲੋਂ ਨਾ ਸਿਰਫ ਇਸ ਪਿਛਾਂਹਖਿੱਚੂ ਧਾਰਮਿਕ ਜਗੜ-ਜੁਗਾੜ ਨੂੰ ਕਾਇਮ ਰੱਖਿਆ ਜਾ ਰਿਹਾ ਹੈ, ਸਗੋਂ ਇਸਦੀ ਪਾਲਣਾ-ਪੋਸਣਾ ਕਰਦਿਆਂ, ਇਸਦਾ ਵਧਾਰਾ-ਪਸਾਰਾ ਕਰਨ 'ਤੇ ਜ਼ੋਰ ਲਾਇਆ ਜਾ ਰਿਹਾ ਹੈ। ਹਾਕਮ ਜਮਾਤਾਂ, ਮੌਕਾਪ੍ਰਸਤ ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਰਾਜ ਵੱਲੋਂ ਧਾਰਮਿਕ ਸੰਸਥਾਵਾਂ ਅਤੇ ਧਰਮ ਗੁਰੂਆਂ ਨਾਲ ਗੁੱਝਾ/ਜ਼ਾਹਰਾ ਗੱਠਜੋੜ ਬਣਾ ਕੇ ਚੱਲਿਆ ਜਾ ਰਿਹਾ ਹੈ। ਜਿਵੇਂ ੱਿਪਛੇ ਵਿਆਖਿਆ ਕੀਤੀ ਗਈ ਹੈ ਕਿ ਇਹ ਮੁਲਕ- ਹਿੰਦੁਸਤਾਨ- ਧਰਮ ਆਧਾਰ ਦੋ ਕੌਮਾਂ ਦੇ ਪਿਛਾਖੜੀ ਸਿਧਾਂਤ ਦੇ ਆਧਾਰ 'ਤੇ ਹੋਂਦ ਵਿੱਚ ਆਇਆ ਹੈ। ਇਹ ਅਖੌਤੀ ਧਰਮ-ਨਿਰਲੇਪਤਾ ਦੇ ਫੱਟੇ ਓਹਲੇ ਭਾਰੂ ਰੂਪ ਵਿੱਚ ਬਹੁਗਿਣਤੀ ਹਿੰਦੂ ਧਰਮ ਨਾਲ ਸਬੰਧਤ ਪਿਛਾਖੜੀ ਜਾਗੀਰੂ ਹਾਕਮ ਜਮਾਤਾਂ ਦਾ ਰਾਜ ਹੈ। ਇਹਨਾਂ ਗੈਰ-ਜਮਹੂਰੀ ਅਤੇ ਪਿਛਾਖੜੀ ਹਾਕਮ ਜਮਾਤਾਂ ਅਤੇ ਉਹਨਾਂ ਦੇ ਰਾਜ ਵੱਲੋਂ ਸਭਨਾਂ ਧਰਮਾਂ ਨਾਲ ਵਿਤਕਰਾ ਰਹਿਤ, ਬਰਾਬਰ ਅਤੇ ਜਮਹੂਰੀ ਵਿਹਾਰ ਦੀ ਆਸ ਰੱਖਣ ਦਾ ਮਤਲਬ ਜਾਂ ਤਾਂ ਅਣਜਾਣਤਾ ਹੈ ਜਾਂ ਫਿਰ ਸਹੀ ਸੋਚ ਦੀ ਪਟੜੀ ਤੋਂ ਭਟਕਣਾ ਹੈ। 
ਦੂਸਰਾ ਕਾਰਨ ਇਹ ਹੈ, ਕਿ ਭਾਰਤ ਇੱਕ ਬਹੁਕੌਮੀ ਮੁਲਕ ਹੈ। ਜਿਸ ਨੂੰ ਪਹਿਲਾਂ ਬਰਤਾਨਵੀ ਸਾਮਰਾਜੀਆਂ ਵੱਲੋਂ ਜਬਰੀ ਸਿਰ-ਨਰੜ ਕਰਦਿਆਂ ਬਸਤੀਵਾਦੀ ਜਾਬਰ ਰਾਜ ਦੇ ਜੂਲੇ ਹੇਠ ਰੱਖਿਆ ਗਿਆ ਸੀ। ਅਖੌਤੀ ਆਜ਼ਾਦੀ ਤੋਂ ਬਾਅਦ ਹੋਂਦ ਵਿੱਚ ਆਏ ਇਸ ਮੁਲਕ ਅਤੇ ਇਸਦੀ ਵਿਸ਼ਾਲ ਮੰਡੀ ਨੂੰ ਆਪਣੀ ਧਾੜਵੀ ਲੁੱਟ ਦਾ ਮੈਦਾਨ ਬਣਾ ਕੇ ਰੱਖਣ ਲਈ ਹੁਣ ਸਾਮਰਾਜੀ ਦਲਾਲ ਹਾਕਮਾਂ ਵੱਲੋਂ ''ਦੇਸ਼ ਦੀ ਏਕਤਾ ਅਤੇ ਅਖੰਡਤਾ'' ਦੇ ਨਾਹਰੇ ਹੇਠ ਇਸ ਜਬਰੀ ਸਿਰ-ਨਰੜ ਨੂੰ ਜਾਰੀ ਰੱਖਿਆ ਜਾ ਰਿਹਾ ਹੈ। ਇਸ ਜਬਰੀ ਸਿਰ ਨਰੜ ਦਾ ਆਧਾਰ ''ਭਾਰਤੀ ਕੌਮ'' ਦੇ ਨਿਰ ਆਧਾਰ ਅਤੇ ਆਪੂੰ ਘੜੇ ਸਿਧਾਂਤ ਨੂੰ ਬਣਾਇਆ ਜਾ ਰਿਹਾ ਹੈ। ਅਸਲ ਵਿੱਚ— ਮੁਲਕ ਦੇ ਲੋਕਾਂ ਵਿੱਚ ''ਭਾਰਤੀ/ਇੰਡੀਅਨ'' ਹੋਣ ਦੀ ਭਾਵਨਾ 1947 ਤੋਂ ਪਹਿਲਾਂ ਬਰਤਾਨਵੀ ਹਾਕਮਾਂ ਖਿਲਾਫ ਚੱਲੀ ਆਜ਼ਾਦੀ ਦੀ ਲੜਾਈ ਦੌਰਾਨ ਹੋਂਦ ਵਿੱਚ ਆਈ ਸੀ, ਜਿਹੜੀ ਬਰਤਾਨਵੀ ਸਾਮਰਾਜ ਵਿਰੋਧੀ ਲੜਾਈ ਦੌਰਾਨ ਮੁਲਕ ਦੀਆਂ ਸਭਨਾਂ ਕੌਮਾਂ, ਕਬੀਲਿਆਂ ਅਤੇ ਧਾਰਮਿਕ ਭਾਈਚਾਰਿਆਂ ਦੀ ਲੜਾਕੂ ਸਾਂਝ ਅਤੇ ਏਕੇ ਨੂੰ ਰੂਪਮਾਨ ਕਰਦੀ ਸੀ। 1947 'ਚ ਸਿਆਸੀ ਸਤ•ਾ 'ਤੇ ਬਿਰਾਜਮਾਨ ਹੋਏ ਭਾਰਤੀ ਹਾਕਮ ਲਾਣੇ ਵੱਲੋਂ ਇਸ ਸੰਗਰਾਮੀ ਏਕਤਾ ਭਾਵਨਾ ਦੀ ਨਕਲੀ ''ਭਾਰਤੀ ਕੌਮ'' ਦੇ ਸੰਕਲਪ ਨੂੰ ਉਭਾਰਨ ਲਈ ਦੁਰਵਰਤੋਂ ਕਰਦਿਆਂ, ਮੁਲਕ ਦੇ ਨਵ-ਬਸਤੀਆਨਾ ਰਾਜ 'ਤੇ ਆਜ਼ਾਦ ''ਭਾਰਤੀ ਕੌਮ'' ਦੇ ''ਜਮਹੂਰੀ'' ਰਾਜ ਦਾ ਫੱਟਾ ਲਾ ਦਿੱਤਾ ਗਿਆ। ਅਤੇ ਇਸ ਪਿਛਾਖੜੀ ਰਾਜ ਦੇ ਜਬਰੀ ਸਿਰਨਰੜ ਨੂੰ ਵਜਾਬੀਅਤ ਦੇਣ ਦਾ ਵਿਚਾਰਧਾਰਕ ਠੁੰਮ•ਣਾ ਦੇਣ ਲਈ ''ਭਾਰਤੀ ਕੌਮ'' ਅਤੇ ਭਾਰਤ ਦੀ ''ਏਕਤਾ ਅਤੇ ਅਖੰਡਤਾ'' ਦੀ ਸਲਾਮਤੀ ਦੇ 'ਪਵਿੱਤਰ' ਕਾਰਜ ਲਈ ਡਟਣ ਨੂੰ ਅਖੌਤੀ ਭਾਰਤੀ ਕੌਮਪ੍ਰਸਤੀ ਅਤੇ ਦੇਸ਼ਭਗਤੀ ਦੇ ਪੈਮਾਨੇ ਵਜੋਂ ਉਭਾਰਿਆ ਗਿਆ। ਇਹ ਨਕਲੀ ''ਭਾਰਤੀ ਕੌਮ'' ਦੇ ਬੈਨਰ ਹੇਠ ਉਭਾਰਿਆ ਜਾਂਦਾ ਰਿਹਾ ''ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਨਾਹਰਾ'' ਹਿੰਦੂ ਫਿਰਕੂ ਤੁਅੱਸਬੀ ਰਾਜ ਦੇ ਜੂਲੇ ਹੇਠ ਵੱਖ ਵੱਖ ਕੌਮਾਂ ਅਤੇ ਕਬੀਲਾਈ ਭਾਈਚਾਰਿਆਂ ਦੇ ਜਬਰੀ ਸਿਰਨਰੜ 'ਤੇ ਪਰਦਾਪੋਸ਼ੀ ਕਰਨ ਲਈ ਵਰਤਿਆ ਜਾਂਦਾ ਰਿਹਾ ਹੈ। ਭਾਰਤੀ ਹਾਕਮਾਂ ਲਈ ''ਭਾਰਤੀ ਕੌਮ'' ਅਤੇ ''ਹਿੰਦੂ ਕੌਮ'' ਤੱਤ ਰੂਪ ਵਿੱਚ ਇੱਕੋ ਜਿਹੇ ਅਰਥ ਰੱਖਦੇ ਲਕਬ ਹਨ। ਪਹਿਲੇ ਲਕਬ ਨੂੰ ਅਜੇ ਤੱਕ ਹਾਕਮਾਂ ਵੱਲੋਂ ਆਜ਼ਾਦੀ ਦੀ ਲੜਾਈ ਵਿੱਚ ਉਭਰੀ ਲੋਕ ਏਕਤਾ ਦੀਆਂ ਸੰਗਰਾਮੀ ਭਾਵਨਾਵਾਂ ਦੀ ਦੁਰਵਰਤੋਂ ਕਰਨ ਲਈ ਚਤੁਰਾਈ ਵਜੋਂ ਵਰਤਿਆ ਜਾ ਰਿਹਾ ਹੈ। ਜਿਉਂ ਜਿਉਂ ਮੁਲਕ ਦੇ ਲੋਕਾਂ ਦਾ ਹਾਕਮਾਂ ਦੀ ਕੀਲ ਤੋਂ ਭਰਮ-ਮੁਕਤ ਹੋਣ ਦਾ ਅਮਲ ਅੱਗੇ ਵਧਿਆ ਹੈ, ਭਾਰਤੀ ਹਾਕਮਾਂ ਵੱਲੋਂ ਹਿੰਦੂ ਫਿਰਕੂ ਭਾਵਨਾਵਾਂ ਤੇ ਜਨੂੰਨ ਨੂੰ ਉਗਾਸਾ ਦੇਣ 'ਤੇ ਜ਼ੋਰ ਵਧਾਇਆ ਜਾ ਰਿਹਾ ਹੈ। ਜਿਸ ਨਾਲ ਭਾਰਤੀ ਰਾਜ ਦੇ ਫਿਰਕੂ ਤੁਅੱਸਬੀ ਚਿਹਰੇ ਦਾ ਮੁਲੰਮਾ ਲੱਥਣ ਦਾ ਅਮਲ ਅੱਗੇ ਵਧਿਆ ਹੈ। ਮੋਦੀ ਹਕੂਮਤ ਦੇ ਆਉਣ ਨਾਲ ਇਸ ਰਾਜ ਦੇ ਫਿਰਕੂ ਮੁਹਾਂਦਰੇ ਦੇ ਹੋਰ ਵੀ ਉਘੜਨ ਦਾ ਅਮਲ ਤੇਜ਼ ਹੋਇਆ ਹੈ। ਅੱਜ ਵੀ ਹਿੰਦੂਤਵੀਏ ਸੰਘ ਲਾਣੇ ਵੱਲੋਂ ਅਖੌਤੀ ਹਿੰਦੂ ਰਾਸ਼ਟਰ/ਕੌਮ ਦੇ ਨਾਂ ਹੇਠ ਮੁਲਕ ਦੀ ਪਿਛਾਖੜੀ ਏਕਤਾ ਨੂੰ ਬਰਕਾਰਰ ਰੱਖਣ ਦਾ ਰਾਗ ਅਲਾਪਿਆ ਜਾ ਰਿਹਾ ਹੈ। ਹਕੂਮਤ ਸਮੇਤ ਸਮੁੱਚੇ ਸੰਘ ਲਾਣੇ ਵੱਲੋਂ ''ਵੰਦੇ-ਮਾਤਰਮ'' ਅਤੇ ''ਭਾਰਤ ਮਾਤਾ ਕੀ ਜੈ'' ਦੇ ਨਾਹਰੇ ਨੂੰ ਲਾਉਣ ਜਾਂ ਨਾ ਲਾਉਣ ਨੂੰ ''ਕੌਮਵਾਦੀ'' ਅਤੇ ''ਦੇਸ਼ਭਗਤ'' ਹੋਣ/ਨਾ ਹੋਣ ਦੀ ਕਸਵੱਟੀ ਵਜੋਂ ਉਭਾਰਿਆ ਜਾ ਰਿਹਾ ਹੈ। ਇਉਂ ਕਰਦਿਆਂ, ਸੰਘ ਲਾਣਾ ਹਿੰਦੂਤਵ ਦੇ ਏਜੰਡੇ ਨੂੰ ਅੱਗੇ ਵਧਾਉਣ, ਹਿੰਦੂਤਵਾ ਦੀ ਫਿਰਕੂ-ਫਾਸ਼ੀ ਵਿਚਾਰਧਾਰਾ ਦਾ ਛੱਟਾ ਦੇਣ ਅਤੇ ਮੁਲਕ ਨੂੰ ਇੱਕ ਅਖੌਤੀ ਹਿੰਦੂ ਰਾਸ਼ਟਰ/ਕੌਮ ਵਜੋਂ ਉਭਾਰਨ ਦੇ ਰਾਹ ਪਿਆ ਹੋਇਆ ਹੈ। ਜਦੋਂ ਕਿ ਹਕੀਕਤ ਇਹ ਹੈ ਕਿ ਨਾ ''ਭਾਰਤੀ'' ਨਾਂ ਦੀ ਕੋਈ ਕੌਮ ਹੈ ਅਤੇ ਨਾ ਭਾਰਤ ਇੱਕ ਕੌਮ ਹੈ ਅਤ ਨਾ ਹੀ ਕੋਈ ਅਖੌਤੀ ਹਿੰਦੂ ਕੌਮ ਹੈ। ਇਸ ਤੋਂ ਉਲਟ, ਇਹ ਇੱਕ ਬਹੁਕੌਮੀ ਮੁਲਕ ਹੈ, ਜਿਸ ਵਿੱਚ ਨਿਵੇਕਲਾ ਕੌਮੀ ਮੁਹਾਂਦਰਾ ਅਤੇ ਪਛਾਣ ਹਾਸਲ ਕਰਨ ਪੱਖੋਂ ਦਰਜ਼ਨਾਂ ਮੁਕਾਬਲਤਨ ਵਿਕਸਤ, ਅਰਧ-ਵਿਕਸਤ ਅਤੇ ਅਣਵਿਕਸਤ ਕੌਮਾਂ ਵਸਦੀਆਂ ਹਨ। ਇਹਨਾਂ ਕੌਮਾਂ ਦਾ ਕੌਮੀ ਖੁਦਮੁਖਤਿਆਰੀ ਅਤੇ ਆਪਾ-ਨਿਰਣੇ ਦੇ ਹੱਕ ਦੇ ਆਧਾਰ ਤੇ, ਆਪਣੀ ਜਮਹੂਰੀ ਰਜ਼ਾ ਦੀ ਵਰਤੋਂ ਕਰਦਿਆਂ, ਮੁਲਕ ਪੱਧਰੇ ਹਕੀਕੀ ਜਮਹੂਰੀ ਫੈਡਰਲ ਢਾਂਚੇ ਦਾ ਅੰਗ ਬਣਨਾ/ਨਾ-ਬਣਨਾ ਇੱਕ ਜਨਮਸਿੱਧ ਅਧਿਕਾਰ ਹੈ। ਇਸ ਅਧਿਕਾਰ ਨੂੰ ਮਾਨਣ ਲਈ ਮੁਲਕ ਦੀਆਂ ਸਮੂਹ ਕੌਮਾਂ ਅਤੇ ਕਬੀਲਿਆਂ ਦੇ ਸਰਬ-ਪੱਖੀ ਵਿਕਾਸ ਦੇ ਰਾਹ ਵਿੱਚ ਪਈਆਂ ਸਾਮਰਾਜੀ ਜਾਗੀਰੂ ਲੁੱਟ ਅਤੇ ਦਾਬੇ ਦੀਆਂ ਬੇੜੀਆਂ ਨੂੰ ਤੋੜਨਾ ਲਾਜ਼ਮੀ ਹੈ। ਇਸ ਕਰਕੇ, ਜਿਹੜੀਆਂ ਵੀ ਕੌਮਾਂ (ਕਸ਼ਮੀਰੀ ਅਤੇ ਉੱਤਰੀ-ਪੂਰਬੀ ਖਿੱਤੇ ਦੀਆਂ ਕੌਮਾਂ) ਅਤੇ ਲੋਕ-ਹਿੱਸੇ (ਵਿਸ਼ੇਸ਼ ਕਰਕੇ ਆਦਿਵਾਸੀ ਕਿਸਾਨ) ਇਹਨਾਂ ਬੇੜੀਆਂ ਨੂੰ ਤੋੜਨ ਲਈ ਹੱਕੀ ਜੱਦੋਜਹਿਦਾਂ ਦੇ ਰਾਹ ਪਈਆਂ ਹੋਈਆਂ ਹਨ, ਉਹਨਾਂ ਨੂੰ ''ਦੇਸ਼ ਦੀ ਏਕਤਾ ਅਤੇ ਅਖੰਡਤਾ'' ਨੂੰ ਖਤਰਾ ਬਣੀਆਂ ''ਵੱਖਵਾਦੀ ਅਤੇ ਅੱਤਵਾਦੀ'' ਲਹਿਰਾਂ ਵਜੋਂ ਪੇਸ਼ ਕਰਦਿਆਂ, ਨਾਦਰਸ਼ਾਹੀ ਕਹਿਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। 
ਇਸੇ ਤਰ•ਾਂ, ਧਾਰਮਿਕ ਘੱਟ ਗਿਣਤੀਆਂ ਵਿੱਚੋਂ ਧੱਕੇ-ਵਿਤਕਕਰੇ ਖਿਲਾਫ ਉੱਠਦੀਆਂ ਆਵਾਜ਼ਾਂ ਨੂੰ ''ਵੱਖਵਾਦੀ ਅਤੇ ਅੱਤਵਾਦੀ'' ਗਰਦਾਨਦਿਆਂ, ਜਬਰ ਦੀ ਮਾਰ ਹੇਠ ਲਿਆਂਦਾ ਜਾਂਦਾ ਹੈ। ਇਸ ਲਈ, ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਵਿਰੁੱਧ ਉਹਨਾਂ ਦੀਆਂ ਹੱਕੀ ਜੱਦੋਜਹਿਦਾਂ ਪ੍ਰਤੀ ਧਾਰੇ ਹਾਕਮਾਂ ਦੇ ਧੱਕੜ ਅਤੇ ਜਾਬਰ ਰਵੱਈਏ ਦਾ ਵਿਰੋਧ ਕਰਨਾ ਅਤੇ ਇਸ ਖਿਲਾਫ ਜੱਦੋਜਹਿਦ ਕਰਨਾ ਇੱਕ ਜਮਹੂਰੀ ਮਾਮਲਾ ਹੈ ਅਤੇ ਇਹ, ਅੰਤਿਮ ਤੌਰ 'ਤੇ, ਜਮਾਤੀ ਘੋਲ ਦਾ ਹੀ ਇੱਕ ਅੰਗ ਹੈ। ਇਸ ਲਈ, ਸਭਨਾਂ ਖਰੀਆਂ ਕਮਿਊਨਿਸਟ ਇਨਕਲਾਬੀ, ਇਨਕਲਾਬੀ ਜਮਹੂਰੀ ਅਤੇ ਲੋਕ-ਹਿਤੈਸ਼ੀ ਜਥੇਬੰਦੀਆਂ ਨੂੰ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦੇ ਜਮਹੂਰੀ ਮੁੱਦਿਆਂ ਨੂੰ ਖੁਦ ਆਪਣੇ ਸੰਘਰਸ਼ ਮੁੱਦਿਆਂ ਵਿੱਚ ਬਣਦੀ ਥਾਂ ਦੇਣੀ ਚਾਹੀਦੀ ਹੈ। ਫਿਰਕੂ ਜਨੂੰਨੀ ਅਤੇ ਹਾਕਮ ਜਮਾਤੀ ਵਿਅਕਤੀਆਂ/ਧਿਰਾਂ ਨਾਲੋਂ ਨਿਖੇੜੇ ਦੀ ਸਪੱਸ਼ਟ ਲਕੀਰ ਖਿੱਚਦਿਆਂ, ਧਾਰਮਿਕ ਘੱਟ ਗਿਣਤੀਆਂ ਅੰਦਰੋਂ ਖਰੇ ਸਰੋਕਾਰਾਂ ਅਤੇ ਮੰਗਾਂ/ਮਸਲਿਆਂ ਲਈ ਉੱਠਦੀ ਆਵਾਜ਼ ਨਾਲ ਯਕਜਹਿਤੀ ਲਈ ਅੱਗੇ ਆਉਣਾ ਚਾਹੀਦਾ ਹੈ। ਇਉਂ, ਵਖਰੇਵਾਂ ਰੱਖਦੀ ਪਹੁੰਚ (ਡਿਫਰੈਂਸੀਏਟਿੰਗ ਅਪਰੋਚ) ਅਪਣਾਉਂਦਿਆਂ, ਇਹਨਾਂ ਘੱਟ ਗਿਣਤੀਆਂ ਦੇ ਹੱਕੀ ਜਮਹੂਰੀ ਧਾਰਮਿਕ ਸਰੋਕਾਰਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ, ਫਿਰਕੂ ਜਨੂੰਨੀ ਅਤੇ ਹਾਕਮ ਜਮਾਤੀ ਸਿਆਸਤਦਾਨਾਂ ਵੱਲੋਂ ਇਹਨਾਂ ਨੂੰ ਆਪਣੇ ਸੌੜੇ ਤੇ ਫਿਰਕੂ ਮੰਤਵਾਂ ਲਈ ਵਰਤਣ ਦੀਆਂ ਚਾਲਾਂ ਨੂੰ ਨੰਗਾ ਕਰਨਾ ਚਾਹੀਦਾ ਹੈ। 
ਧਾਰਮਿਕ ਘੱਟ-ਗਿਣਤੀਆਂ ਦੀ ਫਿਰਕਾਪਸਤੀ ਅਤੇ ਹਿੰਦੂ ਬਹੁਗਿਣਤੀ 'ਚੋਂ ਉੱਠਦੀ ਫਿਰਕਾਪ੍ਰਸਤੀ ਵਿੱਚ ਵਖਰੇਵਾਂ
ਪਲ ਦੀ ਪਲ ਜੇ ''ਸੁਰਖ਼ ਲੀਹ'' ਦੇ ਸਾਥੀਆਂ ਦੀ ਇਸ ਸਿਰੇ ਦੀ ਤਰਕਹੀਣ ਅਤੇ ਬੇ-ਸਿਰ-ਪੈਰ ਦਲੀਲ ਮੰਨ ਵੀ ਲਈਏ ਕਿ ਭਾਰਤੀ ਰਾਜ ਇੱਕ ਹਿੰਦੂ ਫਿਰਕੂ ਤੁਅੱਸਬੀ ਰਾਜ ਨਹੀਂ ਹੈ। ਇਹ ਹਿੰਦੂ ਧਾਰਮਿਕ ਬਹੁਗਿਣਤੀ ਦੀ ਤਰਫਦਾਰੀ ਨਹੀਂ ਕਰਦਾ ਯਾਨੀ ਇਹ ਕਿਸੇ ਵੀ ਇੱਕ ਧਰਮ ਦਾ ਪੱਖ ਨਹੀਂ ਪੂਰਦਾ। ਇਹ ਤਾਂ ਸਭਨਾਂ ਧਰਮਾਂ ਦੀ ਬਰਾਬਰ ਪੁਸ਼ਤਪਨਾਹੀ ਕਰਦਾ ਹੈ ਅਤੇ ਲੋਕਾਂ ਨੂੰ ''ਪਾੜੋ ਅਤੇ ਰਾਜ ਕਰੋ'' ਦੀ ਸ਼ਾਤਰ ਨੀਤੀ ਤਹਿਤ ਸਭਨਾਂ ਧਰਮਾਂ ਨੂੰ ਵਰਤਦਾ ਹੈ। ਨਿਰਆਧਾਰ ਅਤੇ ਨਕਲੀ ਧਾਰਮਿਕ ਮੁੱਦੇ ਉਭਾਰਦਿਆਂ, ਸਭਨਾਂ ਧਰਮਾਂ ਅੰਦਰ ਫਿਰਕੂ-ਜਨੂੰਨੀ ਅਨਸਰਾਂ ਨੂੰ ਹੱਲਾਸ਼ੇਰੀ ਦਿੰਦਾ ਹੈ, ਉਹਨਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ ਅਤੇ ਇੱਕ ਦੂਜੇ ਦੇ ਗਲ਼ ਪੈਣ ਲਈ ਉਕਸਾਉਂਦਾ ਹੈ। ਇਉਂ, ਸਭਨਾਂ ਧਰਮਾਂ ਦੇ ਲੋਕਾਂ ਨੂੰ ਇੱਕ-ਦੂਜੇ ਖਿਲਾਫ ਭੜਕਾਉਂਦਿਆਂ, ਫਿਰਕੂ ਦੰਗੇ, ਮਾਰਧਾੜ ਅਤੇ ਕਤਲੇਆਮ ਰਚਾਉਂਦਾ ਹੈ। ਇਹਨਾਂ ਦੰਗੇ-ਫਸਾਦਾਂ, ਮਾਰਧਾੜ ਅਤੇ ਕਤਲੇਆਮਾਂ ਵਿੱਚ ਸਭਨਾਂ ਧਰਮਾਂ ਨਾਲ ਸਬੰਧਤ ਭਾਈਚਾਰਿਆਂ ਨੂੰ ਬਰਾਬਰ ਮਾਰ ਝੱਲਣੀ ਪੈਂਦੀ ਹੈ। 
ਇਹਨਾਂ ਦੀ ਇਸ ਦਲੀਲ ਦਾ ਇੱਕ ਅਰਥ ਇਹ ਬਣਦਾ ਹੈ ਕਿ ਇਹ ਰਾਜ ਇੱਕ ਕਿਸਮ ਦੀ ਨਹੀਂ, ਕਈ ਕਿਸਮ (ਹਿੰਦੂ ਫਿਰਕਾਪ੍ਰਸਤੀ, ਸਿੱਖ ਫਿਰਕਾਪ੍ਰਸਤੀ, ਮੁਸਲਿਮ ਫਿਰਕਾਪ੍ਰਸਤ, ਇਸਾਈ ਫਿਰਕਾਪ੍ਰਸਤੀ ਆਦਿ) ਦੀ ਫਿਰਕਾਪ੍ਰਸਤੀ ਦੀ ਸਰਪ੍ਰਸਤੀ ਕਰਦਾ ਹੈ। ਅਜਿਹਾ ਕਦੇ ਵੀ ਨਹੀਂ ਹੋ ਸਕਦਾ। ਹਾਂ— ਉਹ ਧਾਰਮਿਕ ਬਹੁਗਿਣਤੀ ਅੰਦਰਲੀ ਫਿਰਕਾਪ੍ਰਸਤੀ ਦੀ ਆਪਣੇ ਵੱਲੋਂ ਕੀਤੀ ਜਾ ਰਹੀ ਸਰਪ੍ਰਸਤੀ 'ਤੇ ਪਰਦਾ ਪਾਉਣ ਲਈ ਧਾਰਮਿਕ ਘੱਟ ਗਿਣਤੀਆਂ ਨੂੰ ਕੁੱਝ ਰਿਆਇਤਾਂ ਦੇਣ ਦਾ ਵਿਖਾਵਾ ਕਰ ਸਕਦਾ ਹੈ ਅਤੇ ਅਖੌਤੀ ਧਰਮ-ਨਿਰਪੱਖਤਾ ਦਾ ਵਿਖਾਵਾ ਕਰ ਸਕਦਾ ਹੈ। 
ਰਾਜ ਦੀ ਸਭਨਾਂ ਧਰਮਾਂ ਦੀ ਜਨਤਾ ਅੰਦਰ ਫਿਰਕਾਪ੍ਰਸਤੀ ਨੂੰ ਹਵਾ ਦੇਣ ਨਾਲ ਭੜਕਦੇ ਦੰਗੇ-ਫਸਾਦਾਂ ਅਤੇ ਕਤਲੇਆਮਾਂ ਵਿੱਚ ਸਭਨਾਂ ਧਰਮਾਂ ਦੇ ਲੋਕਾਂ ਨੂੰ ਬਰਾਬਰ ਦੀ ਮਾਰ ਪੈਣ ਅਤੇ ਸਭਨਾਂ ਧਰਮਾਂ ਦੇ ਲੋਕਾਂ ਦੇ ਹਿੱਤਾਂ ਦਾ ਇੱਕੋ ਜਿਹਾ ਖਿਲਵਾੜ ਹੋਣ ਦੀ ਦਲੀਲ ਦਾ ਭਲਾ ਕੀ ਅਰਥ ਹੈ? ਇਸਦਾ ਅਰਥ ਇਹ ਬਣਦਾ ਹੈ ਕਿ ਬਹੁਗਿਣਤੀ ਹਿੰਦੂ ਧਰਮ ਨਾਲ ਸਬੰਧਤ ਫਿਰਕੂ ਫਾਸ਼ੀ ਤਾਕਤਾਂ ਦੀਆਂ ਫਿਰਕੂ-ਜਨੂੰਨੀ ਅਤੇ ਹਿੰਸਕ ਕਾਰਵਾਈਆਂ ਅਤੇ ਧਾਰਮਿਕ ਘੱਟ ਗਿਣਤੀਆਂ ਅੰਦਰਲੇ ਫਿਰਕੂ ਜਨੂੰਨੀ ਅਨਸਰਾਂ ਦੀਆਂ ਫਿਰਕਾਪ੍ਰਸਤ ਤੇ ਹਿੰਸਕ ਕਾਰਵਾਈਆਂ ਦਰਮਿਆਨ ਕੋਈ ਵਖਰੇਵਾਂ ਨਹੀਂ ਹੈ। ਦੋਵਾਂ ਨੂੰ ਬਰਾਬਰ ਰੱਖਦਿਆਂ, ਲੋਕ ਘੋਲਾਂ ਦਾ ਨਿਸ਼ਾਨਾ ਬਣਾਉਣਾ ਚਾਹੀਦਾ ਹੈ। 
ਮੁਲਕ ਅੰਦਰ ਹਿੰਦੂ ਧਰਮ ਦੇ ਲੋਕਾਂ ਦੀ ਗਿਣਤੀ ਤਕਰੀਬਨ 80 ਪ੍ਰਤੀਸ਼ਤ, ਮੁਸਲਿਮ ਵਸੋਂ ਦੀ ਤਕਰੀਬਨ 15 ਪ੍ਰਤੀਸ਼ਤ, ਸਿੱਖ ਵਸੋਂ ਦੀ ਤਕਰੀਬਨ 1.5 ਪ੍ਰਤੀਸ਼ਤ ਅਤੇ ਇਸਾਈਆਂ, ਜੈਨੀਆਂ, ਬੋਧੀ, ਯਹੂਦੀ, ਪਾਰਸੀ ਆਦਿ ਵਸੋਂ ਦੀ ਕੁੱਲ ਮਿਲਾ ਕੇ ਤਕਰੀਬਨ 3.5 ਪ੍ਰਤੀਸ਼ਤ ਬਣਦੀ ਹੈ। ਬਹੁਗਿਣਤੀ ਹਿੰਦੂ ਧਰਮੀ ਵਸੋਂ ਅਤੇ ਸਭਨਾਂ ਧਾਰਮਿਕ ਘੱਟ ਗਿਣਤੀਆਂ ਦੀ ਵਸੋਂ ਦਾ ਅਨੁਪਾਤ ਚਾਰ ਦੇ ਮੁਕਾਬਲੇ ਇੱਕ ਬਣਦਾ ਹੈ। ਇਹ ਕੁਦਰਤੀ ਹੈ ਕਿ ਸਭਨਾਂ ਧਰਮਾਂ ਵਿਚਲੇ ਫਿਰਕੂ ਅਨਸਰਾਂ ਦੀ ਸਰਪ੍ਰਸਤੀ ਕਰਨ ਵਾਲਾ ਰਾਜ ਚਾਹੇ ਨਾ ਚਾਹੇ, ਪਰ ਐਡੀ ਵੱਡੀ ਬਹੁਗਿਣਤੀ ਨਾਲ ਸਬੰਧਤ ਫਿਰਕੂ ਤਾਕਤਾਂ ਅੰਦਰ ਧਾਰਮਿਕ ਘੱਟ ਗਿਣਤੀਆਂ 'ਤੇ ਹਾਵੀ ਹੋਣ ਦਾ ਅਹਿਸਾਸ ਸਿਰ ਚੁੱਕਦਾ ਹੈ, ਉਹਨਾਂ ਅੰਦਰ ਬਹੁਗਿਣਤੀ ਵਿੱਚ ਹੋਣ ਅਤੇ ਸ਼ਕਤੀਸ਼ਾਲੀ ਹੋਣ ਦਾ ਗੁਮਾਨ ਅਤੇ ਹੰਕਾਰ ਪਲਰਦਾ-ਪਸਰਦਾ ਹੈ, ਜਿਹੜਾ ਹਿੰਦੂ ਫਿਰਕੂ ਜਨੂੰਨੀ ਤਾਕਤਾਂ ਨੂੰ ਹਮਲਾਮੁਖੀ ਲੱਛਣ ਮੁਹੱਈਆ ਕਰਦਾ ਹੈ। ਇਸਦੇ ਉਲਟ, ਧਾਰਮਿਕ ਘੱਟ ਗਿਣਤੀਆਂ ਅੰਦਰਲੀਆਂ ਫਿਰਕੂ ਧਿਰਾਂ ਅੰਦਰ ਬਹੁਗਿਣਤੀ ਨਾਲ ਸਬੰਧਤ ਫਿਰਕਾਪ੍ਰਸਤ ਤਾਕਤਾਂ ਦੇ ਮੁਕਾਬਲੇ ਬਹੁਤ ਹੀ ਊਣੀ ਅਤੇ ਘੱਟ ਸਮਰੱਥਾ ਵਿੱਚ ਹੋਣ ਕਰਕੇ, ਅਤੇ ਬਹੁਗਿਣਤੀ ਨਾਲ ਸਬੰਧਤ ਫਿਰਕੂ ਤਾਕਤਾਂ ਵੱਲੋਂ ਹਮਲਾਵਰ ਧੁੱਸ ਅਖਤਿਆਰ ਕਰਨ ਕਰਕੇ ਆਪਣੀ ਹੋਂਦ ਨੂੰ ਖਤਰਾ ਖੜ•ਾ ਹੋਣ ਦਾ ਧੁੜਕੂ ਲੱਗਦਾ ਹੈ ਅਤੇ ਅਸੁਰੱਖਿਅਤ ਹੋਣ ਦਾ ਅਹਿਸਾਸ ਸਿਰ ਚੁੱਕਦਾ ਹੈ, ਜਿਹੜਾ ਬਹੁਗਿਣਤੀ ਦੀਆਂ ਫਿਰਕੂ ਜਨੂੰਨੀ ਤਾਕਤਾਂ ਦੇ ਹਮਲਾਵਰ ਰੁਖ ਦੇ ਜਵਾਬੀ ਪ੍ਰਤੀਕਰਮ ਵਜੋਂ ਤਿੱਖੀ ਸ਼ਕਲ ਅਖਤਿਆਰ ਕਰ ਸਕਦਾ ਹੈ। ਇਸ ਗੱਲ ਦੇ ਬਾਵਜੂਦ ਵੀ ਕਿ ਰਾਜ ਅਤੇ ਹਾਕਮ ਜਮਾਤਾਂ ਕਿਸੇ ਵੀ ਧਰਮ ਦਾ ਪੱਖ ਨਹੀਂ ਪੂਰਦੀਆਂ, ਬਹੁਗਿਣਤੀ ਅੰਦਰੋਂ ਸਿਰ ਚੁੱਕਦੀਆਂ ਫਿਰਕਾਪ੍ਰਸਤ ਤਾਕਤਾਂ ਵੱਲੋਂ ਹਮਲਾਮੁਖੀ ਲੱਛਣ ਤੇ ਰੁਖ ਅਖਤਿਆਰ ਕਰਨਾ ਅਤੇ  ਘੱਟ ਗਿਣਤੀ ਧਾਰਮਿਕ ਗਿਣਤੀਆਂ 'ਚੋਂ ਉੱਠਦੀਆਂ ਫਿਰਕਾਪ੍ਰਸਤ ਤਾਕਤਾਂ ਵੱਲੋਂ ਬਚਾਅਮੁਖੀ ਲੱਛਣ ਤੇ ਰੁਖ ਅਖਤਿਆਰ ਕਰਨਾ ਲਾਜ਼ਮੀ ਹੈ, ਅਟੱਲ ਹੈ। 
ਪਰ ਹਕੀਕਤ ਇਹ ਹੈ ਕਿ ਮੁਲਕ ਦੀਆਂ ਹਾਕਮ ਜਮਾਤਾਂ ਅਤੇ ਰਾਜ ਦਾ ਕਰਤਾ—ਧਰਤਾ ਤਾਣਾ-ਪੇਟਾ (ਸਿਵਲ ਅਤੇ ਫੌਜੀ ਅਫਸਰਸ਼ਾਹੀ) ਬਹੁਗਿਣਤੀ ਹਿੰਦੂ ਧਰਮ ਨਾਲ ਸਬੰਧਤ ਹੈ, ਅਤੇ 1947 ਵਿੱਚ ਬਰਤਾਨਵੀ ਹਾਕਮਾਂ ਵੱਲੋਂ ਪਹਿਲਾਂ ਹੀ ਫਿਰਕੂ ਪਾਲਾਬੰਦੀ ਦਾ ਅਮਲ ਚਲਾਉਂਦਿਆਂ ਤੇ ਇਸ ਨੂੰ ਦੋ ਕੌਮਾਂ ਦੇ ਫਿਰਕੂ ਸਿਧਾਂਤ ਦੇ ਆਧਾਰ 'ਤੇ ਦੁਫਾੜ ਤੱਕ ਲਿਜਾਂਦਿਆਂ, ਇਸ ਨੂੰ ਹਿੰਦੂ ਫਿਰਕੂ ਤੁਅੱਸਬੀ ਲੱਛਣ ਮੁਹੱਈਆ ਕਰ ਦਿੱਤਾ ਗਿਆ ਸੀ। ਇਸ ਲਈ, ਫਿਰਕੂ ਤੁਅੱਸਬੀ ਰਾਜ ਅਤੇ ਇਸਦੀਆਂ ਮਾਲਕ ਹਾਕਮ ਜਮਾਤਾਂ ਦੀ ਬਹੁਗਿਣਤੀ ਦੀ ਗੁੱਝੀ/ਜ਼ਾਹਰਾ ਸ਼ਹਿ ਪ੍ਰਾਪਤ ਹਿੰਦੂ ਫਿਰਕੂ ਜਨੂੰਨੀ ਤਾਕਤਾਂ ਦਾ ਬਹੁਗਿਣਤੀ ਗਰੂਰ ਅਤੇ ਘੁਮੰਡ ਸਿਰ ਚੜ• ਬੋਲਦਾ ਹੈ, ਅਤੇ ਨੰਗੀ-ਚਿੱਟੀ ਹਮਾਲਵਰ ਧੁੱਸ ਦੀ ਸ਼ਕਲ 'ਚ ਸਾਹਮਣੇ ਆਉਂਦਾ ਹੈ। ਇਸਦਾ ਸਿਰੇ ਦਾ ਇਜ਼ਹਾਰ ਧਾਰਮਿਕ ਘੱਟ ਗਿਣਤੀਆਂ (ਮੁਸਲਮਾਨਾਂ, ਸਿੱਖਾਂ, ਇਸਾਈਆਂ) ਦੇ ਹਿੰਦੂ ਫਿਰਕੂ ਜਨੂੰਨੀ ਤਾਕਤਾਂ, ਫਿਰਕੂ ਸਿਆਸਤਦਾਨਾਂ ਅਤੇ ਰਾਜ ਦੇ ਗੱਠਜੋੜ ਵੱਲੋਂ ਬੇ-ਰਹਿਮ ਕਤਲੇਆਮ ਦੀ ਸ਼ਕਲ ਵਿੱਚ ਸਾਹਮਣੇ ਆਇਆ ਹੈ। ਇਸਦੇ ਮੋੜਵੇਂ ਪ੍ਰਤੀਕਰਮ ਵਜੋਂ ਘੱਟ ਗਿਣਤੀਆਂ ਅੰਦਰ ਸਿਰ ਚੁੱਕਦੇ ਰੱਖਿਆਤਮਿਕ ਅਹਿਸਾਸ 'ਚੋਂ ਉਹਨਾਂ ਅੰਦਰ ਫਿਰਕਾਪ੍ਰਸਤੀ ਨੂੰ ਝੋਕਾ ਲੱਗਿਆ ਹੈ, ਜਿਸ ਵੱਲੋਂ ਫਿਰਕੂ ਜਨੂੰਨ ਵਿੱਚ ਵਟਦਿਆਂ, ਹਿੰਦੂ ਫਿਰਕੇ ਨੂੰ ਨਿਸ਼ਾਨਾ ਬਣਾਉਂਦੀਆਂ ਹਿੰਸਕ ਕਾਰਵਾਈਆਂ ਦੀ ਸਿਰੇ ਦੀ ਸ਼ਕਲ ਅਖਤਿਆਰ ਕਰਨ ਤੱਕ ਜਾਇਆ ਗਿਆ ਹੈ। 
ਹਿੰਦੂ ਧਾਰਮਿਕ ਬਹੁਗਿਣਤੀ ਵਿਚਲੀਆਂ ਫਿਰਕੂ-ਫਾਸ਼ੀ ਤਾਕਤਾਂ ਦੀ ਧਾਰਮਿਕ ਘੱਟਗਿਣਤੀ ਖਿਲਾਫ ਸੇਧਤ ਹਮਲਾਵਰ ਫਿਰਕੂ ਮੁਹਿੰਮ ਦੇ ਪ੍ਰਤੀਕਰਮ ਵਜੋਂ ਚਾਹੇ ਘੱਟਗਿਣਤੀ ਧਾਰਮਿਕ ਭਾਈਚਾਰਿਆਂ ਅੰਦਰ ਵੀ ਫਿਰਕੂ ਜਨੂੰਨੀ ਤਾਕਤਾਂ ਦਾ ਉਭਾਰ ਹੋਇਆ ਹੈ ਅਤੇ ਉਹਨਾਂ ਵੱਲੋਂ ਹਿੰਦੂ ਫਿਰਕੇ ਦੇ ਸਾਧਾਰਨ ਨਿਰਦੋਸ਼ ਲੋਕਾਂ ਖਿਲਾਫ ਹਿੰਸਕ ਅਤੇ ਦਹਿਸ਼ਤੀ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ ਅਤੇ ਦਿੱਤਾ ਜਾ ਰਿਹਾ ਹੈ। ਇਸਦੇ ਬਾਵਜੂਦ, ਬਹੁਗਿਣਤੀ ਫਿਰਕੇ ਵਿਚਲੀਆਂ ਹਮਲਾਵਰ ਫਿਰਕੂ ਜਨੂੰਨੀ (ਫਾਸ਼ੀ) ਤਾਕਤਾਂ ਅਤੇ ਹਮਲੇ ਹੇਠ ਆਈਆਂ ਘੱਟ ਗਿਣਤੀ ਫਿਰਕਿਆਂ ਵਿਚਲੀਆਂ ਫਿਰਕੂ ਜਨੂੰਨੀ ਤਾਕਤਾਂ ਦਰਮਿਆਨ ਕੋਈ ਵਖਰੇਵਾਂ ਨਾ ਕਰਨਾ ਅਤੇ ਇਸੇ ਤਰ•ਾਂ, ਇਹਨਾਂ ਦੋਵਾਂ ਕਿਸਮਾਂ ਦੀਆਂ ਤਾਕਤਾਂ ਦੀਆਂ ਕਾਰਵਾਈਆਂ ਵਿੱਚ ਕੋਈ ਵਖਰੇਵਾਂ ਨਾ ਕਰਨਾ ਨਾ ਸਿਰਫ ਉੱਕਾ ਹੀ ਗਲਤ ਹੈ, ਇਹ ਬਹੁਗਿਣਤੀ ਹਿੰਦੂ ਫਿਰਕੇ ਵਿਚਲੀਆਂ ਫਿਰਕੂ-ਫਾਸ਼ੀ ਤਾਕਤਾਂ ਦੀ ਹਮਲਾਵਰ ਮੁਹਿੰਮ ਅਤੇ ਫਿਰਕੂ ਮੁਜਰਮਾਨਾ ਰੋਲ 'ਤੇ ਪਰਦਾ ਪਾਉਣਾ ਹੈ, ਇਹਨਾਂ ਫਿਰਕੂ-ਫਾਸ਼ੀ ਤਾਕਤਾਂ ਦੇ ਹਾਕਮ ਜਮਾਤਾਂ ਅਤੇ ਰਾਜ ਨਾਲ ਗੁੱਝੇ/ਜ਼ਾਹਰਾ ਗੱਠਜੋੜ ਨੂੰ ਢਕਣਾ ਹੈ, ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦੇ ਬੇ-ਰਹਿਮ ਕਤਲੇਆਮਾਂ 'ਤੇ ਮਿੱਟੀ ਪਾਉਣਾ ਹੈ ਅਤੇ ''ਭਾਰਤ ਮਾਤਾ ਦੀ ਜੈ'' ਅਤੇ ''ਵੰਦੇ ਮਾਤਰਮ'' ਦੇ ਧੂਮ-ਧੜੱਕੇ ਓਹਲੇ ਘੱਟ ਗਿਣਤੀਆਂ, ਆਦਿਵਾਸੀਆਂ, ਕੌਮੀਅਤਾਂ ਅਤੇ ਮਿਹਨਤਕਸ਼ ਲੋਕਾਂ ਖਿਲਾਫ ਵਿੱਢੀ ਹਿੰਦੂਤਵ ਦੀ ਫਾਸ਼ੀ ਖਰੂਦੀ ਮੁਹਿੰਮ ਨੂੰ ਵਾਜਬੀਅਤ ਦੀ ਢੋਈ ਮੁਹੱਈਆ ਕਰਨਾ ਹੈ। 


ਨਾਨਾ ਦੇਸ਼ਮੁਖ— 
ਆਰ.ਐਸ.ਐਸ. ਚਿੰਤਕ ਅਤੇ ਸਿਧਾਂਤਕਾਰ ਦੀ ਚਿੱਠੀ
ਜਾਰਜ ਫਰਨਾਂਡੇਜ਼ ਵੱਲੋਂ ਸੰਪਾਦਿਤ ਹਿੰਦੂ ਹਫਤਾਵਰ ''ਪ੍ਰਤੀਪਕਸ਼'' ਦੇ 25 ਨਵੰਬਰ 1984 ਦੇ ਅੰਕ ਵਿੱਚ ਛਾਪੀ ਗਈ ਸੀ।
''ਇਹਨਾਂ ਭੋਲੇ-ਭਾਲੇ ਅਤੇ ਅਣਜਾਣ ਪੈਰੋਕਾਰਾਂ (ਮੁਲਕ ਦੀ ਹਿੰਦੂ ਜਨਤਾ -ਅਨੁਵਾਦਕ) ਵਾਸਤੇ ਇੰਦਰਾ ਗਾਂਧੀ ਦਾ ਵਿਸਾਹਘਾਤੀ ਕਤਲ ਤਿੰਨ ਸਾਲਾਂ ਤੋਂ ਜਾਰੀ ਉਸ ਵੱਖਵਾਦੀ, ਦੁਸ਼ਮਣਾਨਾ ਅਤੇ ਹਿੰਸਕ ਮੁਹਿੰਮ ਦਾ ਸਿਖਰ ਸੀ, ਜਿਸ ਵਿੱਚ ਸੈਂਕੜੇ ਭੋਲ-ਭਾਲੇ ਲੋਕਾਂ ਨੂੰ ਆਪਣੀਆਂ ਅਣਮੁੱਲੀਆਂ ਜਾਨਾਂ ਤੋਂ ਹੱਥ ਧੋਣਾ ਪਿਆ ਅਤੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਨੂੰ ਤਬਾਹ ਕੀਤਾ ਗਿਆ। ਇਸ ਮੁਹਿੰਮ ਵੱਲੋਂ ਜੂਨ ਵਿੱਚ ਹੋਈ ਫੌਜੀ ਕਾਰਵਾਈ (ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ 'ਤੇ ਫੌਜੀ ਹੱਲਾ -ਅਨੁਵਾਦਕ) ਤੋਂ ਬਾਅਦ ਮੰਦਭਾਗਾ ਵੇਗ ਅਖਤਿਆਰ ਕਰ ਲਿਆ ਗਿਆ। ਮੁਲਕ ਭਰ ਦੇ ਬਹੁਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਦੀ ਰਾਖੀ ਲਈ ਇਹ ਫੌਜੀ ਕਾਰਵਾਈ ਜ਼ਰੂਰੀ ਬਣ ਗਈ ਸੀ।''
ਕੁੱਝ ਥੋੜ•ੇ ਜਿਹੇ ਮਾਮਲਿਆਂ ਨੂੰ ਛੱਡ ਕੇ, ਸਿੱਖ ਵਰਗ ਵੱਲੋਂ ਭੋਲੇ ਭਾਲੇ ਲੋਕਾਂ (ਹਿੰਦੂਆਂ -ਅਨੁਵਾਦਕ) ਦੇ ਵਹਿਸ਼ੀਆਨਾ ਕਤਲੇਆਮ ਅਤੇ ਘਿਨਾਉਣੇ ਕਤਲਾਂ 'ਤੇ ਚੁੱਪ ਵੱਟੀ ਗਈ, ਪ੍ਰਤੂੰ ਉਹਨਾਂ ਵੱਲੋਂ ਬੜਾ ਪਛੜ ਕੇ ਕੀਤੀ ਗਈ ਫੌਜੀ ਕਾਰਵਾਈ ਨੂੰ ਗੁੱਸੇ ਅਤੇ ਖਤਰਨਾਕ ਧਮਾਕਾਖੇਜ਼ ਰੋਹ ਫੁਟਾਰੇ ਦੀ ਸ਼ਕਲ ਵਿੱਚ ਭੰਡਿਆ ਗਿਆ। ਮੁਲਕ ਉਹਨਾਂ ਦੇ ਇਸ ਰਵੱਈਏ 'ਤੇ ਹੱਕਾਬੱਕਾ ਰਹਿ ਗਿਆ। ਫੌਜੀ ਕਾਰਵਾਈ 1762 ਵਿੱਚ ਅਹਿਮਦ ਸ਼ਾਹ ਅਬਦਾਲੀ ਵੱਲੋਂ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਲਈ ਕੀਤੇ ਗਏ ਫੌਜੀ ਹਮਲੇ ਨਾਲ ਤੁਲਨਾ ਕੀਤੀ ਗਈ। ਦੋਵਾਂ ਘਟਨਾਵਾਂ ਦੇ ਮੰਤਵਾਂ ਵਿੱਚ ਵਖਰੇਵਾਂ ਕਰਨ ਦੀ ਬਜਾਇ, ਸ੍ਰੀਮਤੀ ਗਾਂਧੀ ਨੂੰ ਅਹਿਮਦਸ਼ਾਹ ਅਬਦਾਲੀ ਦੇ ਜੁਮਰੇ ਵਿੱਚ ਲਿਆ ਖੜ•ਾਇਆ ਗਿਆ। ਦੂਜੇ ਹੱਥ— ਮਨੁੱਖਤਾ ਖਿਲਾਫ ਘਿਨਾਉਣੇ ਜੁਰਮਾਂ ਦੇ ਦੋਸ਼ੀ ਭਿੰਡਰਾਂਵਾਲੇ ਨੂੰ ਧਰਮ ਦੇ ਨਾਂ ਹੇਠ ਇੱਕ ਸ਼ਹੀਦ ਵਜੋਂ ਉਚਿਆਇਆ ਗਿਆ। ਮੁਲਕ ਅਤੇ ਵਿਦੇਸ਼ਾਂ ਵਿੱਚ ਸ਼ਰੇਆਮ ਅਜਿਹੀਆਂ ਭਾਵਨਾਵਾਂ ਦੇ ਵਿਖਾਵੇ ਵੱਲੋਂ ਸਿੱਖਾਂ ਅਤੇ ਬਾਕੀ ਭਾਰਤੀਆਂ ਦਰਮਿਆਨ ਬੇਵਿਸ਼ਵਾਸ਼ੀ ਅਤੇ ਨਿਖੇੜੇ ਨੂੰ ਵਧਾਉਣ ਵਿੱਚ ਵਿਸ਼ੇਸ਼ ਰੋਲ ਨਿਭਾਇਆ ਗਿਆ।''
''ਇਸ ਲਈ ਪਹਿਲੋਂ ਹੀ ਗੁੱਸੇ ਨਾਲ ਭਰੇ-ਪੀਤੇ ਅਤੇ ਬੇਸੂਝ ਲੋਕਾਂ (ਹਿੰਦੂਆਂ -ਅਨੁਵਾਦਕ) ਵੱਲੋਂ ਇਸ ਗੱਲ ਨੂੰ ਸਹੀ ਸਮਝ ਲਿਆ ਗਿਆ, ਕਿ ਸਿੱਖਾਂ ਵੱਲੋਂ ਇੰਦਰਾ ਗਾਂਧੀ ਦੇ ਕਤਲ 'ਤੇ ਜਸ਼ਨ ਮਨਾਏ ਗਏ ਹਨ। ਉਹਨਾਂ ਅੰਦਰ ਅਜਿਹਾ ਵਿਸ਼ਵਾਸ਼ ਹੋਣ ਕਰਕੇ ਖੁਦਗਰਜ਼ ਅਨਸਰਾਂ ਵੱਲੋਂ ਸਾਧਾਰਨ ਲੋਕਾਂ ਨੂੰ ਬਦਕਿਸਮਤ ਸਿੱਖਾਂ ਖਿਲਾਫ ਹਿੰਸਕ ਬਣਾਉਣ ਵਿੱਚ ਸਫਲਤਾ ਹਾਸਲ ਕਰ ਲਈ ਗਈ।'' 
ਲਫਜ਼ਾਂ ਅਤੇ ਮੁਹਾਵਰੇਬਾਜ਼ੀ ਦੇ ਹੇਰ-ਫੇਰ ਦੇ ਫਰਕਾਂ ਤੋਂ ਬਿਨਾ ''ਸੁਰਖ਼ ਲੀਹ'' ਦੇ ਇਸ ਪੈਂਫਲਿਟ ਦੇ ਸਫਾ 31 'ਤੇ ਦਿੱਤੇ ਹਵਾਲਿਆਂ ਅਤੇ ਆਰ.ਐਸ.ਐਸ. ਆਗੂ ਨਾਨਾ ਦੇਸ ਮੁਖ ਦੇ ਬਿਆਨਾਂ ਵਿੱਚ ਧੁੱਸ ਅਤੇ ਤੱਤ ਪੱਖੋਂ ਦੇਖਿਆਂ ਐਨ ਇੱਕਸੁਰਤਾ ਹੈ। ਦੋਵੇਂ ਇਹਨਾਂ ਦੋ ਨੁਕਤਿਆਂ 'ਤੇ ਇੱਕਮੱਤ ਹਨ: ਇੱਕ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਚਾਉਣ ਲਈ ਅਤੇ ਭਿੰਡਰਾਂਵਾਲਾ ਦੀ ''ਬੁਰਛਾਗਰਦੀ'' ਦਾ ਅੰਤ ਕਰਨ ਲਈ ਹਰਿਮੰਦਰ ਸਾਹਿਬ 'ਤੇ ਫੌਜੀ ਹਮਲਾ ਕਰਨਾ ਅਟੱਲ ਅਤੇ ਵਾਜਬ ਬਣਦਾ ਸੀ; ਦੂਜਾ— ਪੰਜਾਬ ਅੰਦਰ ਭਿੰਡਰਾਂਵਾਲੇ ਦੇ ਦਹਿਸ਼ਤਗਰਦ ਟੋਲਿਆਂ ਵੱਲੋਂ ਹਿੰਦੂਆਂ ਦੇ ਕਤਲਾਂ ਕਰਕੇ ਅਤੇ ਇੰਦਰਾ ਗਾਂਧੀ ਦੇ ''ਵਿਸਾਹਘਾਤੀ ਕਤਲ'' ਕਰਕੇ ਮੁਲਕ ਭਰ ਦੀ ਹਿੰਦੂ ਜਨਤਾ ਸਿਖਾਂ ਖਿਲਾਫ ਔਖ ਅਤੇ ਗੁੱਸੇ ਨਾਲ ਭਰੀ ਪੀਤੀ ਪਈ ਸੀ, ਜਿਸ ਨੂੰ ਕੁੱਝ ''ਖੁਦਗਰਜ਼'' ਲੋਕਾਂ ਵੱਲੋਂ ਉਹਨਾਂ ਖਿਲਾਫ ਹਿੰਸਕ ਹਮਲੇ ਕਰਵਾਉਣ ਲਈ ਵਰਤਿਆ ਗਿਆ। 
ਕਮਿਊਨਿਸਟ ਇਨਕਲਾਬੀ ਹੋਣ ਦਾ ਦਾਅਵਾ ਕਰਦੇ ''ਸੁਰਖ਼ ਲੀਹ'' ਅਤੇ ਕਮਿਊਨਿਸਟ ਦੁਸ਼ਮਣ ਹੋਣ ਅਤੇ ਹਿੰਦੂਤਵ ਦੇ ਫਿਰਕੂ-ਫਾਸ਼ੀ ਸਿਧਾਂਤ ਦਾ ਝੰਡਾਬਰਦਾਰ ਹੋਣ ਦਾ ਦਾਅਵਾ ਕਰਦੇ ਨਾਨਾ ਦੇਸ ਮੁਖ ਦੇ ਕਥਨਾਂ ਵਿੱਚ ਇੱਕਸੁਰਤਾ ਕਾਬਲੇ-ਗੌਰ ਹੈ। ਦੋਵਾਂ ਮੁਤਾਬਕ ਇੱਕ ਧਾਰਮਿਕ ਘੱਟ ਗਿਣਤੀ ਵਜੋਂ ਸਿੱਖਾਂ ਨਾਲ ਕੋਈ ਧੱਕਾ-ਵਿਤਕਰਾ ਨਹੀਂ ਹੁੰਦਾ, ਸਗੋਂ ਇਹ ''ਹਿੰਦੂ ਕੌਮ'' ਦਾ, ਹਿੰਦੂ ਸਮਾਜ ਦਾ ਬਾਵਕਾਰ ਅਤੇ ਸਨਮਾਨਯੋਗ ਹਿੱਸਾ ਹਨ। ਸਿੱਖ ਗੁਰੂਆਂ ਨੂੰ ''ਹਿੰਦੂ ਕੌਮ'' ਦੇ ''ਨਾਇਕ'' ਸਮਝਿਆ ਜਾਂਦਾ ਹੈ। ਹਰਿਮੰਦਰ ਸਾਹਿਬ 'ਤੇ ਫੌਜੀ ਹਮਲੇ ਅਤੇ ਸਿੱਖਾਂ ਦੇ ਕਤਲੇਆਮ ਦੇ ਰੂਪ ਵਿੱਚ ਸਿੱਖ ਘੱਟ ਗਿਣਤੀ ਵੱਲੋਂ ਉਸ ਅੰਦਰੋਂ ਉੱਠੀਆਂ ਫਿਰਕੂ-ਦਹਿਸ਼ਤਗਰਦ ਤਾਕਤਾਂ ਦੀਆਂ ਕਾਰਵਾਈਆਂ ਦਾ ਫਲ ਭੁਗਤਿਆ ਗਿਆ ਹੈ। 


ਅੰਤ 'ਚ ਕੁੱਲ-ਮਿਲਾ ਕੇ ਕਹਿਣਾ ਹੋਵੇ ਤਾਂ—
h ਸੁਰਖ਼ ਲੀਹ ਦੇ ਸਾਥੀਆਂ ਵੱਲੋਂ ਸਿੱਖ ਧਾਰਮਿਕ ਘੱਟ-ਗਿਣਤੀ ਸਮੇਤ ਹੋਰਨਾਂ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦੀ ਹਕੀਕਤ ਨੂੰ ਦੇਖਣ ਤੋਂ ਆਹਰੀ ਹੋਣ ਦਾ ਕਾਰਨ ਇਹ ਹੈ ਕਿ ਉਹ ਇਸ ਸੁਆਲ ਬਾਰੇ ਦਰੁਸਤ ਇਨਕਲਾਬੀ ਜਮਾਤੀ ਅਤੇ ਜਮਹੂਰੀ ਨਜ਼ਰੀਏ ਤੋਂ ਭਟਕ ਗਏ ਹਨ ਅਤੇ ਗੈਰ-ਜਮਾਤੀ, ਸੌੜੇ ਅਤੇ ਫਿਰਕੂ ਨਜ਼ਰੀਏ ਦੀ ਪਟੜੀ ਚੜ• ਗਏ ਹਨ। 
h ਇਸ ਭਟਕਣ ਦੇ ਰਾਹ ਪੈਣ ਕਰਕੇ ਹੀ ਉਹ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ ਵਿਤਕਰੇ ਦੇ ਸੁਆਲ ਨੂੰ ਹਿੰਦੂ ਧਾਰਮਿਕ ਬਹੁਗਿਣਤੀ ਅਤੇ ਧਾਰਮਿਕ ਘੱਟ ਗਿਣਤੀਆਂ ਦਰਮਿਆਨ ਵਿਰੋਧ ਦੀ ਪੈਦਾਇਸ਼ ਮੰਨ ਕੇ ਚੱਲਦੇ ਹਨ। ਜਦੋਂ ਕਿ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਦੀ ਉਤਪਤੀ ਦਾ ਸਰੋਤ ਹਿੰਦੂ ਫਿਰਕੂ ਤੁਅੱਸਬੀ ਹਾਕਮ ਜਮਾਤਾਂ ਅਤੇ ਰਾਜ, ਅਤੇ ਧਾਰਮਿਕ ਘੱਟ ਗਿਣਤੀਆਂ ਦਰਮਿਆਨ ਵਿਰੋਧ ਬਣਦਾ ਹੈ। 
h ਇਸ ਫਿਰਕੂ ਨਜ਼ਰੀਏ ਦੀ ਪਟੜੀ ਚੜ•ਨ ਕਰਕੇ ਹੀ ਉਹ ਸਿੱਖਾਂ ਨਾਲ ਧੱਕੇ-ਵਿਤਕਰੇ ਦੀ ਅਣਹੋਂਦ ਨੂੰ ਸਾਬਤ ਕਰਨ ਲਈ ਹਿੰਦੂਤਵ ਦੇ ਫਿਰਕੂ-ਫਾਸ਼ੀ ਜ਼ਹਿਰ ਦੇ ਵਣਜਾਰੇ ਗੁਰੂ ਗੋਲਵਾਲਕਰ ਦੇ ਫਿਰਕੂ ਕਥਨ ਨੂੰ ਹਵਾਲੇ ਵਜੋਂ ਵਰਤਣ ਦੀ ਹੱਦ ਤੱਕ ਚਲੇ ਗਏ ਹਨ। ਗੋਲਵਾਲਕਰ ਅਤੇ ਉਸਦੇ ਆਰ.ਐਸ.ਐਸ. ਲਾਣੇ ਵੱਲੋਂ ਸਿੱਖ ਧਰਮ ਨੂੰ ਇੱਕ ਖੁਦਮੁਖਤਿਆਰ ਅਤੇ ਨਿਵੇਕਲੀ ਹੈਸੀਅਤ ਰੱਖਦੇ ਧਰਮ ਵਜੋਂ ਮਾਨਤਾ ਦੇਣ ਦੀ ਬਜਾਇ, ਇਸ ਨੂੰ ''ਹਿੰਦੂ ਕੌਮ'' ਅਤੇ ਹਿੰਦੂ ਧਰਮ ਦਾ ਅੰਗ ਮੰਨ ਕੇ ਚੱਲਿਆ ਜਾਂਦਾ ਰਿਹਾ ਹੈ ਅਤੇ ਅੱਜ ਵੀ ਆਰ.ਐਸ.ਐਸ. ਵੱਲੋਂ ਸਿੱਖ ਧਰਮ ਨੂੰ ''ਰਾਸ਼ਟਰੀ ਸਿੱਖ ਸੰਗਤ'' ਵਰਗੇ ਨਕਲੀ ਜੁਗਾੜ ਖੜ•ੇ ਕਰਦਿਆਂ ਧੱਕੇ ਨਾਲ ਹਿੰਦੂ ਧਰਮ ਵਿੱਚ ਸਮੋਣ (ਰੀਲੀਜੀਅਸ ਐਨੈਕਸ਼ੇਸ਼ਨ) ਦੇ ਹਰਬੇ ਵਰਤੇ ਜਾ ਰਹੇ ਹਨ। 
h ਉਹਨਾਂ ਮੁਤਾਬਕ ਭਾਰਤੀ ਰਾਜ ਕਿਸੇ ਵੀ ਧਾਰਮਿਕ ਘੱਟ ਗਿਣਤੀ ਨਾਲ ਧੱਕਾ ਵਿਤਕਰਾ ਕਰਨ ਦੀ ਬਜਾਇ, ਮੁਲਕ ਵਿਚਲੇ ਸਭਨਾਂ ਧਰਮਾਂ ਦੀ ਬਰਾਬਰ ਪੁਸ਼ਤਪਨਾਹੀ ਕਰਨ ਵਾਲਾ ਗੈਰ-ਫਿਰਕੂ ਅਤੇ ਗੈਰ-ਪੱਖਪਾਤੀ ਰਾਜ ਹੈ। ਅਰਧ-ਜਾਗੀਰੂ ਨੀਹਾਂ 'ਤੇ ਖੜ•ੇ ਭਾਰਤ ਦੇ ਆਪਾਸ਼ਾਹ ਰਾਜ ਨੂੰ ਗੈਰ-ਫਿਰਕੂ ਅਤੇ ਗੈਰ-ਪੱਖਪਾਤੀ ਸਾਬਤ ਕਰਨ ਲਈ ਉਹ ਪੱਛਮੀ ਯੂਰਪ ਦੇ (1400-1600 ਈਸਵੀ ਦਰਮਿਆਨ) ਦੇ ਇਤਿਹਾਸ ਦੀ ਭੰਨਤੋੜ ਕਰਦਿਆਂ, ਇਹ ਗੈਰ ਮਾਰਕਸੀ ਧਾਰਨਾ ਉਭਾਰਨ ਦੀ ਨਿਹਫਲ ਕੋਸ਼ਿਸ਼ ਕਰਦੇ ਹਨ ਕਿ ਸਮਾਜ (ਜਿੰਦਗੀ) ਦੇ ਪਬਲਕਿ ਖੇਤਰ 'ਤੇ ਰਾਜ ਦੀ ਸਰਦਾਰੀ ਸਥਾਪਤ ਹੋਣ ਦਾ ਮਤਲਬ ਇੱਕ ਜਾਗੀਰੂ ਰਾਜ ਦਾ ਵੀ ਧਰਮ ਨਿਰਲੇਪ ਰਾਜ ਬਣ ਜਾਣਾ ਹੈ। ਜਦੋਂ ਕਿ ਇਤਿਹਾਸਕ ਪਦਾਰਥਵਾਦ ਸਾਨੂੰ ਸਿਖਾਉਂਦਾ ਹੈ ਕਿ ਜਮਾਤੀ ਸਮਾਜ ਅਤੇ ਰਾਜ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਅੱਜ ਤੱਕ ਰਾਜ ਦੀ ਸਮਾਜ ਦੇ ਹਰ ਖੇਤਰ 'ਤੇ ਸਰਦਾਰੀ ਚਲੀ ਆਉਂਦੀ ਹੈ ਅਤੇ ਇਹ ਉਦੋਂ ਤੱਕ ਚੱਲਦੀ ਰਹੇਗੀ, ਜਦੋਂ ਤੱਕ ਜਮਾਤੀ ਸਮਾਜ ਅਤੇ ਰਾਜ ਦੀ ਹੋਂਦ ਬਰਕਰਾਰ ਹੈ। ਇਤਿਹਾਸਕ ਪਦਾਰਥਵਾਦੀ ਨਜ਼ਰੀਏ ਮੁਤਾਬਕ ਦੁਨੀਆਂ ਦੇ ਇਤਿਹਾਸ (ਅਤੇ ਪੱਛਮੀ ਯੂਰਪ) ਦੇ ਇਤਿਹਾਸ ਨੂੰ ਘੋਖਿਆਂ, ਇਹ ਹਕੀਕਤ ਮੱਥੇ ਵਿੱਚ ਵੱਜਦੀ ਹੈ ਕਿ ਧਰਮ-ਨਿਰਲੇਪਤਾ ਦੇ ਸੰਕਲਪ ਦੀ ਉਤਪਤੀ ਪੱਛਮੀ ਯੂਰਪ ਵਿੱਚ 17ਵੀਂ, 18ਵੀਂ ਅਤੇ 19ਵੀਂ ਸਦੀ ਦੇ ਬੁਰਜੂਆ ਜਮਹੁਰੀ ਇਨਕਲਾਬਾਂ ਦੀ ਕੁੱਖ 'ਚੋਂ ਹੋਈ ਹੈ ਅਤੇ ਧਰਮ ਨਿਰਲੇਪਤਾ ਦੀ ਸਥਾਪਤੀ ਕੌਮੀ ਰਾਜਾਂ (ਨੇਸ਼ਨ ਸਟੇਟਸ) ਦੀ ਸਥਾਪਤੀ ਨਾਲ ਅਟੁੱਟ ਰੂਪ ਵਿੱਚ ਜੁੜੀ ਹੋਈ ਹੈ। 
h ਉਪਰੋਕਤ ਦੀ ਰੌਸ਼ਨੀ ਵਿੱਚ ਦੇਖਿਆਂ ਅਰਧ-ਜਾਗੀਰੂ ਨੀਹਾਂ 'ਤੇ ਟਿਕਿਆ ਭਾਰਤ ਇੱਕ ਧਰਮ-ਨਿਰਪੱਖ, ਜਾਂ ਗੈਰ-ਫਿਰਕੂ ਅਤੇ ਗੈਰ-ਪੱਖਪਾਤੀ ਰਾਜ ਨਹੀਂ ਹੋ ਸਕਦਾ। ਇਹ ਧਰਮ ਨਾਲ ਗੁੱਝਾ/ਜ਼ਾਹਰਾ ਗੱਠਜੋੜ ਬਣਾ ਕੇ ਚੱਲਦਾ ਹੈ। ਭਾਰਤੀ ਹਾਕਮ ਜਮਾਤਾਂ ਅਤੇ ਰਾਜ ਦੇ ਕਰਤਾ-ਧਰਤਾ ਅਮਲੇ-ਫੈਲੇ ਦੇ ਹਿੰਦੂ ਧਾਰਮਿਕ ਬਹੁਗਿਣਤੀ ਨਾਲ ਸਬੰਧਤ ਹੋਣ ਕਰਕੇ ਇਸ ਵੱਲੋਂ ਹਿੰਦੂ ਫਿਰਕੂ ਤੁਅੱਸਬੀ ਰਵੱਈਆ ਅਤੇ ਰੁਖ ਅਖਤਿਆਰ ਕਰਕੇ ਚੱਲਣਾ ਕੁਦਰਤੀ ਹੈ। ਭਾਰਤ ਦੀਆਂ ਹਾਕਮ ਜਮਾਤਾਂ ਅਤੇ ਰਾਜ ਨੂੰ ਫਿਰਕੂ ਲੀਹਾਂ 'ਤੇ ਵੰਡਣ ਅਤੇ ਢਾਲਣ ਲਈ ਬਰਤਾਨਵੀ ਸਾਮਰਾਜੀ ਹਾਕਮਾਂ ਵੱਲੋਂ 1917 ਦੇ ਅਕਤੂਬਰ ਇਨਕਲਾਬ ਤੋਂ ਬਾਅਦ ਸਾਵਰਕਰ ਦੇ ਦੋ ਕੌਮਾਂ ਦੇ ਪਿਛਾਖੜੀ ਫਿਰਕੂ ਸਿਧਾਂਤ ਨੂੰ ਤੂਲ ਦੇਣ ਦੀ ਯੁੱਧਨੀਤੀ ਅਖਤਿਆਰ ਕੀਤੀ ਗਈ, ਜਿਸਦਾ ਸਿਖਰ ਮੁਲਕ ਦੀ ਪਾਕਿਸਤਾਨ ਅਤੇ ਹਿੰਦੁਸਤਾਨ ਦਰਮਿਆਨ ਖੂਨੀ ਵੰਡ ਵਿੱਚ ਹੋਇਆ। ਇਸ ਵੰਡ ਨੂੰ ਦੋ ਵੱਖ ਵੱਖ ਧਰਮਾਂ— ਮੁਸਲਮਾਨ ਅਤੇ ਹਿੰਦੂ ਧਰਮ— ਦੇ ਆਧਾਰ 'ਤੇ ਹੋਂਦ ਵਿੱਚ ਲਿਆਂਦੇ ਅਤੇ ਪੱਕੇ ਪੈਰੀਂ ਕੀਤੇ ਫਿਰਕੂ ਸਿਆਸਤਦਾਨਾਂ, ਰਾਜ ਦੇ ਅਮਲੇ-ਫੈਲੇ ਅਤੇ ਫਿਰਕਾਪ੍ਰਸਤ ਸੰਸਥਾਵਾਂ/ਜਥੇਬੰਦੀਆਂ ਦੇ ਗੱਠਜੋੜਾਂ ਰਾਹੀਂ ਸਾਜਸ਼ੀ ਵਿਉਂਤਬੰਦੀ ਨਾਲ ਸਿਰੇ ਲਾਇਆ ਗਿਆ ਸੀ। ਇਸ ਲਈ, ਅਰਧ-ਜਾਗੀਰੂ ਨੀਹਾਂ 'ਤੇ ਟਿਕੇ ਅਤੇ ਦੋ ਕੌਮਾਂ ਦੇ ਪਿਛਾਖੜੀ ਫਿਰਕੂ ਸਿਧਾਂਤ ਦੇ ਆਧਾਰ 'ਤੇ ਸਿਰੇ ਚਾੜ•ੀ ਮੁਲਕ ਦੀ ਖੂਨੀ ਵੰਡ ਵਿੱਚੋਂ ਦੀ ਲੰਘ ਕੇ ਸ਼ਕਲ ਅਖਤਿਆਰ ਕੀਤੇ ਭਾਰਤੀ ਰਾਜ ਨੂੰ ਇੱਕ ਹਿੰਦੂ ਫਿਰਕੂ ਤੁਅਸੱਬੀ ਰਾਜ ਤੋਂ ਸਿਵਾਏ ਹੋਰ ਕੁੱਝ ਵੀ ਤਸੱਵਰ ਨਹੀਂ ਕੀਤਾ ਜਾ ਸਕਦਾ। ਹਾਂ- ਭਾਰਤੀ ਹਾਕਮ ਜਮਾਤਾਂ, ਮੌਕਾਪ੍ਰਸਤ ਪਾਰਲੀਮਾਨੀ ਸਿਆਸੀ ਪਾਰਟੀਆਂ (ਸਮੇਤ ਸਾਬਕਾ ਅਤੇ ਅਧੁਨਿਕ ਸੋਧਵਾਦੀਆਂ) ਵੱਲੋਂ ਇਸ ਦੇ ''ਧਰਮ-ਨਿਰਪੱਖ'' ਗੈਰ-ਫਿਰਕੂ ਅਤੇ ਗੈਰ-ਪੱਖਪਾਤੀ ਹੋਣ ਦਾ ਉਵੇਂ ਦੰਭ ਕੀਤਾ ਜਾਂਦਾ ਰਹੇਗਾ, ਜਿਵੇਂ ਉਹਨਾਂ ਵੱਲੋਂ ਇਸ ਨੂੰ ''ਦੂਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ'' ਹੋਣ ਦਾ ਕੀਤਾ ਜਾ ਰਿਹਾ ਹੈ।
h 'ਸੁਰਖ਼ ਲੀਹ' ਦੇ ਸਾਥੀ ਅਜਿਹੇ ਹਿੰਦੂ ਫਿਰਕੂ ਤੁਅੱਸਬੀ ਰਾਜ ਅਤੇ ਹਾਕਮ ਜਮਾਤਾਂ ਨੂੰ ਧਾਰਮਿਕ ਪੱਖਪਾਤ ਤੋਂ ਉੱਪਰ ਉੱਠੇ ਗੈਰ-ਫਿਰਕੂ ਰਾਜ ਵਜੋਂ ਪੇਸ਼ ਕਰਦਿਆਂ, ਧਾਰਮਿਕ ਘੱਟ ਗਿਣਤੀਆਂ ਨਾਲ ਕੋਈ ਵੀ ਵਿਤਕਰਾ ਅਤੇ ਧੱਕਾ ਨਾ ਕਰਨ ਵਾਲੇ ਰਾਜ ਵਜੋਂ ਪੇਸ਼ ਕਰਦੇ ਹਨ ਅਤੇ ਇਹ ਬੇਸਿਰਪੈਰ ਧਾਰਨਾ ਪੇਸ਼ ਕਰਦੇ ਹਨ ਕਿ ਇਹ ਰਾਜ ਅਤੇ ਇਸਦੀਆਂ ਮਾਲਕ ਹਾਕਮ ਜਮਾਤਾਂ ਸਭਨਾਂ ਧਰਮਾਂ, ਸਭਨਾਂ ਧਰਮਾਂ ਵਿਚਲੀ ਫਿਰਕਾਪ੍ਰਸਤੀ ਅਤੇ ਸਭਨਾਂ ਧਰਮਾਂ ਵਿਚਲੇ ਫਿਰਕੂ ਜਨੂੰਨੀ ਅਨਸਰਾਂ ਦੀ ਪੁਸ਼ਤਪਨਾਹੀ ਕਰਦੀਆਂ ਹਨ। ਜਦੋਂ 1947 ਤੋਂ ਲੈ ਕੇ ਅੱਜ ਤੱਕ ਅਖੌਤੀ ਆਜ਼ਾਦ ਭਾਰਤ ਦੇ ਇਤਿਹਾਸ 'ਤੇ ਝਾਤ ਮਾਰਿਆਂ, ਇਹ ਨੰਗੀ-ਚਿੱਟੀ ਹਕੀਕਤ ਮੱਥੇ ਵਿੱਚ ਵੱਜਦੀ ਹੈ ਕਿ ਰਾਜ ਦੇ ਅਮਲੇ—ਫੈਲੇ ਹਥਿਆਰਬੰਦ ਬਲਾਂ, ਫਿਰਕੂ ਮੌਕਾਪ੍ਰਸਤ ਸਾਸਤਦਾਨਾਂ ਅਤੇ ਫਿਰਕੂ ਜਨੂੰਨੀ ਗਰੋਹਾਂ ਦੇ ਗੱਠਜੋੜ ਵੱਲੋਂ ਜਿੰਨੇ ਵੀ ਫਿਰਕੂ ਕਤਲੇਆਮ ਰਚਾਏ ਗਏ ਹਨ, ਉਹ ਸਭ ਧਾਰਮਿਕ ਘੱਟ ਗਿਣਤੀਆਂ (ਮੁਸਲਿਮ, ਸਿੱਖ, ਇਸਾਈਆਂ) ਦੇ ਨਿਹੱਥੇ ਲੋਕਾਂ ਦੇ ਰਚਾਏ ਗਏ ਹਨ। ਜਿੰਨੇ ਵੀ ਫਿਰੂਕ ਕਤਲੇਆਮ ਹਿੰਦੂਆਂ ਦੇ ਹੋਏ ਹਨ, ਉਹ ਸਿਰਫ ਤੇ ਸਿਰਫ ਧਾਰਮਿਕ ਘੱਟ ਗਿਣਤੀਆਂ 'ਚੋਂ ਧੱਕੇ-ਵਿਤਕਰੇ ਖਿਲਾਫ ਪ੍ਰਤੀਕਰਮ 'ਚੋਂ ਪੈਦਾ ਹੋਏ ਖਾੜਕੂਆਂ ਜਾਂ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਨ। ਇਹਨਾਂ ਵਿੱਚ ਨਾ ਹੀ ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਜਨਤਾ ਦੇ ਗਿਣਨਯੋਗ ਹਿੱਸਿਆਂ ਦੀ ਕੋਈ ਸ਼ਮੂਲੀਅਤ ਹੋਈ ਹੈ ਅਤੇ ਨਾ ਹੀ ਰਾਜ ਦੇ ਕਿੱਸੇ ਅੰਗ ਦੀ। ਉਲਟਾ, ਰਾਜ ਦੀਆਂ ਹਥਿਆਰਬੰਦ ਤਾਕਤਾਂ ਵੱਲੋਂ ਇਹਨਾਂ ਖਾੜਕੂ ਜਾਂ ਦਹਿਸ਼ਤਗਰਦ ਤਾਕਤਾਂ ਨੂੰ ਦਰੜ ਸੁੱਟਣ ਲਈ ਪੂਰੀ ਖੂੰਖਾਰਤਾ ਨਾਲ ਹਰਕਤ ਵਿੱਚ ਆਇਆ ਗਿਆ ਹੈ। 
h ਅਰਧ-ਜਾਗੀਰੂ ਥੰਮ•ਾਂ 'ਤੇ ਖੜ•ੇ ਰਾਜ ਵੱਲੋਂ ਸਭਨਾਂ ਕਿਸਮਾਂ ਦੀ ਫਿਰਕਾਪ੍ਰਸਤੀ ਦੀ ਪੁਸ਼ਤਪਨਾਹੀ ਕਰਨ ਦੀ ਗੈਰ-ਮਾਰਕਸੀ ਧਾਰਨਾ ਉਹਨਾਂ ਨੂੰ ਧਾਰਮਿਕ ਘੱਟ ਗਿਣਤੀਆਂ ਅੰਦਰੋਂ ਸਿਰ ਚੁੱਕਣ ਵਾਲੀ ਫਿਰਕਾਪ੍ਰਸਤੀ ਅਤੇ ਧਾਰਮਿਕ ਬਹੁਗਿਣਤੀ ਅੰਦਰੋਂ ਸਿਰ ਚੁੱਕਣ ਵਾਲੀ ਫਿਰਕਾਪ੍ਰਸਤੀ ਨੂੰ ਇੱਕੋ ਪਲੜੇ ਵਿੱਚ ਤੋਲਣ ਤੱਕ ਲੈ ਗਈ ਹੈ। ਜਦੋਂ ਕਿ ਇਹ ਇੱਕ ਸਥਾਪਤ ਸਚਾਈ ਹੈ ਕਿ ਧਾਰਮਿਕ ਘੱਟ ਗਿਣਤੀਆਂ ਵਿੱਚ ਪਨਪਦੇ ਅਤੇ ਫੈਲਦੇ-ਪਸਰਦੇ ਅਸੁਰੱਖਿਆ ਦੇ ਅਹਿਸਾਸ 'ਚੋਂ ਸਿਰ ਚੁੱਕਦੀ ਫਿਰਕਾਪ੍ਰਸਤੀ ਸੁਰੱਖਿਆਤਮਿਕ ਲੱਛਣ (ਡੀਫੈਂਸਿਵ ਕਰੈਕਟਰਿਸਟਿਕ) ਅਖਤਿਆਰ ਕਰਦੀ ਹੈ ਅਤੇ ਧਾਰਮਿਕ ਬਹੁਗਿਣਤੀ 'ਚੋਂ ਸਿਰ ਚੁੱਕਣ ਵਾਲੀ ਫਿਰਕਾਪ੍ਰਸਤੀ ਆਪਣੇ ਸੁਭਾਅ ਪੱਖੋਂ ਹਮਲਾਮੁਖੀ (ਔਫੈਂਸਿਵ ਕਰੈਕਟਰਿਸਟਿਕ) ਅਖਤਿਆਰ ਕਰਦੀ ਹੈ। ਧਾਰਮਿਕ ਘੱਟ ਗਿਣਤੀਆਂ ਵਿੱਚੋਂ ਉੱਠਦੀ ਫਿਰਾਕਪ੍ਰਸਤੀ ਸੁਭਾਅ ਪੱਖੋਂ ਸੁਰੱਖਿਆਤਮਿਕ ਹੋ ਕੇ ਵੀ ਹਮਲਾਵਰ ਰਵੱਈਆ (ਅਗਰੈੱਸਿਵ ਸਟਾਂਸ) ਅਖਤਿਆਰ ਕਰ ਸਕਦੀ ਹੈ, ਪਰ ਇਹ ਹਮਲਾਵਰ ਰਵੱਈਆ ਅਖਤਿਆਰ ਕਰਨ ਪਿੱਛੇ ਉਸਦਾ ਮੰਤਵ ਆਪਣੀ ਨਿਵੇਕਲੀ ਪਛਾਣ, ਹਸਤੀ ਅਤੇ ਜਮਹੂਰੀ ਅਧਿਕਾਰਾਂ ਦੀ ਰਾਖੀ ਰਹਿੰਦਾ ਹੈ, ਜਦੋਂ ਕਿ ਧਾਰਮਿਕ ਬਹੁਗਿਣਤੀ ਅੰਦਰੋਂ ਉੱਠਦੀ ਫਿਰਕਾਪ੍ਰਸਤੀ ਦਾ ਮੰਤਵ ਧਾਰਮਿਕ ਘੱਟ ਗਿਣਤੀਆਂ ਦੀ ਨਿਵੇਕਲੀ ਪਛਾਣ ਅਤੇ ਹਸਤੀ ਨੂੰ ਖੋਰਾ ਲਾਉਣਾ, ਉਹਨਾਂ ਦੇ ਅਧਿਕਾਰਾਂ ਨੂੰ ਛਾਂਗਣਾ ਅਤੇ ਉਹਨਾਂ ਨੂੰ ਆਪਣੇ ਵਿੱਚ ਜਜ਼ਬ ਕਰਨਾ ਜਾਂ ਘੱਟੋ ਘੱਟ ਅਧੀਨਗੀ ਦੀ ਹਾਲਤ ਕਬੂਲ ਕਰਨ ਲਈ ਮਜਬੂਰ ਕਰਨਾ ਹੁੰਦਾ ਹੈ। ਭਾਰਤ ਅੰਦਰ ਹਿੰਦੂ ਧਾਰਮਿਕ ਬਹੁਗਿਣਤੀ ਅਤੇ ਧਾਰਮਿਕ ਘੱਟ ਗਿਣਤੀਆਂ ਅੰਦਰੋਂ ਉੱਭਰ ਕੇ ਸਾਹਮਣੇ ਆ ਰਹੀਆਂ ਦੋਵਾਂ ਕਿਸਮਾਂ ਦੀਆਂ ਫਿਰਕਾਪ੍ਰਸਤੀਆਂ ਦਾ ਵਿਰੋਧ ਕਰਦਿਆਂ ਅਤੇ ਦੋਵਾਂ ਨਾਲੋਂ ਨਿਖੇੜੇ ਦੀ ਲਕੀਰ ਖਿੱਚਦਿਆਂ ਵੀ, ਦੋਵਾਂ ਵਿੱਚ ਨਿਖੇੜਾ ਕਰਨਾ ਚਾਹੀਦਾ ਹੈ ਅਤੇ ਧਾਰਮਿਕ ਬਹੁਗਿਣਤੀ 'ਚੋਂ ਉੱਠਦੀ ਹਮਲਾਮੁਖੀ ਫਿਰਕਾਪ੍ਰਸਤੀ ਨੂੰ ਮੁੱਖ ਨਿਸ਼ਾਨਾ ਬਣਾਉਣਾ ਚਾਹੀਦਾ ਹੈ। ਇਹਨਾਂ ਦੋਵਾਂ ਕਿਸਮਾਂ ਦੀ ਫਿਰਕਾਪ੍ਰਸਤੀ ਨੂੰ ਬਰਾਬਰ ਨਿਸ਼ਾਨਾ ਬਣਾਉਣ ਦਾ ਅਰਥ ਧਾਰਮਿਕ ਬਹੁਗਿਣਤੀ ਅੰਦਰੋਂ ਉੱਠਦੀ ਹਮਲਾਮੁਖੀ ਲੱਛਣ ਦੀ ਮਾਲਕ ਫਿਰਕਾਪ੍ਰਸਤੀ ਦੀ ਹਮਾਇਤ ਵਿੱਚ ਭੁਗਤਣਾ ਹੈ। 
h ਭਾਰਤੀ ਆਪਾਸ਼ਾਹ ਰਾਜ ਇੱਕ ਜਾਬਰ ਅਤੇ ਦਹਿਸ਼ਤਗਰਦ ਰਾਜ ਹੈ। ਭਾਰਤ ਦੇ ਮਿਹਨਤਕਸ਼ ਲੋਕਾਂ, ਕੌਮਾਂ/ਕੌਮੀਅਤਾਂ, ਆਦਿਵਾਸੀਆਂ ਅਤੇ ਧਾਰਮਿਕ ਘੱਟ-ਗਿਣਤੀ ਦੇ ਹੱਕਾਂ-ਹਿੱਤਾਂ ਨੂੰ ਦਰੜਨਾ ਅਤੇ ਉਹਨਾਂ ਨੂੰ ਦਬਸ਼ ਅਤੇ ਦਹਿਸ਼ਤ ਦੇ ਸਾਏ ਹੇਠ ਰੱਖਣਾ ਇਸਦਾ ਸਭ ਤੋਂ ਸ਼੍ਰੋਮਣੀ ਅਤੇ ਲਗਾਤਾਰ ਜਾਰੀ ਰਹਿਣ ਵਾਲਾ ਕਾਰਜ ਹੈ। ਇਸ ਲਈ, ਇਸ ਰਾਜ ਖਿਲਾਫ ਕਮਾਊ ਲੋਕਾਂ, ਕੌਮਾਂ/ਕੌਮੀਅਤਾਂ, ਆਦਿਵਾਸੀਆਂ ਅਤੇ ਧਾਰਮਿਕ ਘੱਟ ਗਿਣਤੀਆਂ 'ਚੋਂ ਆਪਣੇ ਹੱਕ-ਹਿੱਤਾਂ ਦੀ ਰਾਖੀ ਲਈ ਵਿਰੋਧ ਅਤੇ ਟਾਕਰਾ ਲਹਿਰਾਂ ਦਾ ਉੱਠਣਾ ਕੁਦਰਤੀ ਹੈ। ਇਹ ਵਿਰੋਧ ਅਤੇ ਟਾਕਰਾ ਲਹਿਰਾਂ ਦਰੁਸਤ ਲੀਡਰਸ਼ਿੱਪ ਦੀ ਅਣਹੋਂਦ ਵਿੱਚ ਦਹਿਸ਼ਤਗਰਦੀ ਦੇ ਕੁਰਾਹੇ ਦਾ ਸ਼ਿਕਾਰ ਹੋ ਸਕਦੀਆਂ ਹਨ। ਪਿਛਾਂਹਖਿੱਚੂ ਅਤੇ ਇਨਕਲਾਬ-ਵਿਰੋਧੀ ਲੱਛਣ ਵੀ ਅਖਤਿਆਰ ਕਰ ਸਕਦੀਆਂ ਹਨ। ਪਰ ਇਸਦੇ ਬਾਵਜੂਦ, ਪਿਛਾਖੜੀ ਅਤੇ ਉਲਟ-ਇਨਕਲਾਬੀ ਰਾਜ ਦੀ ਦਹਿਸ਼ਤਗਰਦੀ ਅਤੇ ਲੋਕਾਂ ਦੇ ਕਿਸੇ ਹਿੱਸੇ 'ਚੋਂ ਉੱਠੀ ਦਹਿਸ਼ਤਗਰਦੀ ਵਿੱਚ ਨਿਖੇੜਾ ਨਾ ਕਰਨਾ ਅਤੇ ਦੋਹਾਂ ਨੂੰ ਬਰਾਬਰ ਨਿਸ਼ਾਨਾ ਬਣਾਉਣ ਦਾ ਮਤਲਬ ਰਾਜ ਦੀ ਪਿਛਾਖੜੀ ਅਤੇ ਉਲਟ-ਇਨਕਲਾਬੀ ਦਹਿਸ਼ਤਗਰਦੀ ਦੀ ਹਮਾਇਤ ਵਿੱਚ ਖੜ•ਨਾ ਹੈ। ਰਾਜ ਦੀ ਦਹਿਸ਼ਤਗਰਦੀ ਦਾ ਮੰਤਵ ਲੋਕਾਂ ਦੇ ਸਭ ਹਿੱਸਿਆਂ ਨੂੰ ਹਾਕਮ ਜਮਾਤਾਂ ਦੀ ਅਧੀਨਗੀ ਦੇ ਜੂਲੇ ਹੇਠ ਰੱਖਣਾ ਹੈ ਅਤੇ ਲੋਕਾਂ ਦੇ ਕੇਸ ਵੀ ਹਿੱਸੇ 'ਚੋਂ ਉੱਠੀ ਦਹਿਸ਼ਤਗਰਦੀ ਦਾ ਮੰਤਵ ਇਸ ਅਧੀਨਗੀ ਦੇ ਜੂਲੇ ਤੋਂ ਨਾਬਰੀ ਅਤੇ ਟਾਕਰੇ ਦਾ ਰਾਹ ਅਖਤਿਆਰ ਕਰਨਾ ਹੈ। 
ਉਪਰੋਕਤ ਵਿਆਖਿਆ ਦਰਸਾਉਂਦੀ ਹੈ ਕਿ ਸਿੱਖਾਂ ਸਮੇਤ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਦੇ ਮਾਮਲੇ 'ਤੇ ਗੈਰ-ਜਮਾਤੀ, ਸੌੜੇ ਅਤੇ ਫਿਰਕੂ ਨਜ਼ਰੀਏ ਦੀ ਪਟੜੀ ਚੜ•ਨਾ, ਧਰਮ-ਨਿਰਲੇਪਤਾ ਦੇ ਸੰਕਲਪ ਦੀ ਉਤਪਤੀ ਨੂੰ ਰਾਜ ਅਤੇ ਹਾਕਮ ਜਮਾਤਾਂ ਦੀ ਜਮਾਤੀ ਖਸਲਤ ਨਾਲੋਂ ਤੋੜ ਕੇ ਪੇਸ਼ ਕਰਨਾ ਅਤੇ ਇਸ ਮੰਤਵ ਲਈ ਪੱਛਮੀ ਯੂਰਪ ਦੇ ਇਤਿਹਾਸ ਦੀ ਭੰਨਤੋੜ ਕਰਕੇ ਪੇਸ਼ਕਾਰੀ ਕਰਨਾ, ਭਾਰਤੀ ਰਾਜ ਨੂੰ ਗੈਰ-ਫਿਰਕੂ ਅਤੇ ਗੈਰ-ਪੱਖਪਾਤੀ ਬਣਾ ਕੇ ਪੇਸ਼ ਕਰਨਾ, ਧਾਰਮਿਕ ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ-ਵਿਤਕਰੇ ਦੀ ਹੋਂਦ ਤੋਂ ਮੁਨਕਰ ਹੋਣਾ, ਧਾਰਮਿਕ ਘੱਟ ਗਿਣਤੀਆਂ ਦੇ ਰਾਜ ਦੀ ਮਿਲੀਭੁਗਤ ਅਤੇ ਸ਼ਮੁਲੀਅਤ ਨਾਲ ਹੋਏ ਕਤਲੇਆਮਾਂ ਤੋਂ ਅੱਖਾਂ ਮੀਟਣਾ ਅਤੇ ਇਹਨਾਂ ਨੂੰ ਮਹਿਜ਼ ਪਾਰਲੀਮਾਨੀ ਸਿਆਸਤ ਦੀਆਂ ਗਿਣਤੀਆਂ ਦੇ ਖਾਤੇ ਚਾੜ•ਨਾ, ਸਿੱਖ ਧਰਮ ਅਤੇ ਲਹਿਰ ਦੀ ਹਿੰਦੂ ਫਿਰਕੂ-ਫਾਸ਼ੀ ਨਜ਼ਰੀਏ ਤੋਂ ਪੇਸ਼ ਕਰਦੇ ਗੋਲਵਾਲਕਰ ਅਤੇ ਸਾਧਵੀਆਂ ਦੇ ਕਥਨਾਂ ਦੀ ਜੈ ਜੈਕਾਰ ਕਰਨਾ ਅਤੇ ਇਉਂ ਉਹਨਾਂ ਦੀ ਸਿੱਖ ਧਰਮ ਨੂੰ ਧੱਕੇ ਨਾਲ ਹਿੰਦੂ ਧਰਮ ਵਿੱਚ ਜਜ਼ਬ ਕਰਨ ਦੀ ਮੁਹਿੰਮ (ਰੀਲੀਜੀਅਸ ਅਨੈਕਸੈਸ਼ਨ ਡਰਾਈਵ) ਦੇ ਹੱਕ ਵਿੱਚ ਖੜ•ਨਾ, ਧਾਰਮਿਕ ਘੱਟ ਗਿਣਤੀਆਂ ਅੰਦਰੋਂ ਉੱਠਣ ਵਾਲੀ ਬਚਾਅਮੁਖੀ ਫਿਰਕਾਪ੍ਰਸਤੀ ਅਤੇ ਹਿੰਦੂ ਧਾਰਮਿਕ ਬਹੁਗਿਣਤੀ ਵਿੱਚੋਂ ਉੱਠੀ ਹਮਲਾਮੁਖੀ (ਔਫੈਂਸਿਵ) ਫਿਰਕਾਪ੍ਰਸਤੀ ਵਿੱਚ ਕੋਈ ਨਿਖੇੜਾ ਨਾ ਕਰਨਾ ਅਤੇ ਇਉਂ ਪਿਛਲੀ ਦੀ ਹਮਾਇਤ ਵਿੱਚ ਭੁਗਤਣਾ, ਧਾਰਮਿਕ ਘੱਟ ਗਿਣਤੀਆਂ ਵਿੱਚੋਂ ਉੱਠੀ ਬਚਾਅਮੁਖੀ ਦਹਿਸ਼ਤਗਰਦੀ ਅਤੇ ਭਾਰਤੀ ਰਾਜ ਦੀ ਹਮਲਾਮੁਖੀ ਦਹਿਸ਼ਤਗਰਦੀ 'ਚ ਨਿਖੇੜਾ ਨਾ ਕਰਕੇ ਪਿਛਲੀ ਦੀ ਹਮਾਇਤ ਵਿੱਚ ਜਾ ਭੁਗਤਣਾ ਆਦਿ ਨੁਕਤੇ ਕੁੱਲ ਮਿਲਾ ਕੇ ਧਾਰਮਿਕ ਘੱਟ ਗਿਣਤੀਆਂ ਨਾਲ ਧੱਕੇ-ਵਿਤਕਰੇ ਦੇ ਸੁਆਲ ਬਾਰੇ ''ਸੁਰਖ਼ ਲੀਹ'' ਦੇ ਸਾਥੀਆਂ ਵੱਲੋਂ ਅਖਤਿਆਰ ਕੀਤੇ ਹਾਕਮਪ੍ਰਸਤ ਰਾਹ ਦੀ ਨਿਸ਼ਾਨਦੇਹੀ ਕਰਦੇ ਹਨ।

------------------------------------------------
ਬਲਵਿੰਦਰ ਸਿੰਘ ''ਮੰਗੂਵਾਲ'' ਨੇ ਬ੍ਰਾਈਟ ਪ੍ਰਿੰਟਰ ਜਲੰਧਰ ਤੋਂ ਛਪਵਾ ਕੇ ਪਿੰਡ ਅਤੇ ਡਾਕਘਰ ਮੰਗੂਵਾਲ, ਜ਼ਿਲ•ਾ ਸ਼ਹੀਦ ਭਗਤ ਸਿੰਘ ਨਗਰ ਤੋਂ ਪ੍ਰਕਾਸ਼ਤ ਕੀਤਾ। ਫੋਨ ਨੰ: 97805 67027Address :
Balwinder Singh,  V&P.O. Manguwal
Distt. Shaheed Bhagat Singh Nagar,  Punjab (INDIA)
Email:
nazarsinghghudani@gmail.com
bindermanguwal@gmail.com
Blog : www.surkhrekha 1980.blogspot.com