Thursday, 31 October 2019

ਭਾਰਤੀ ਰਾਜ ਦਾ ਕਸ਼ਮੀਰ 'ਤੇ ਫਾਸ਼ੀਵਾਦੀ ਹਮਲਾ

ਭਾਰਤੀ ਰਾਜ ਦਾ ਕਸ਼ਮੀਰ 'ਤੇ ਫਾਸ਼ੀਵਾਦੀ ਹਮਲਾ
ਕਸ਼ਮੀਰੀ ਕੌਮ ਦੀ ਆਜ਼ਾਦੀ ਦੀ ਲੜਾਈ ਨੂੰ ਨਹੀਂ ਠੱਲ੍ਹ ਸਕੇਗਾ
ਭਾਰਤੀ ਹਾਕਮ ਜੰਮੂ-ਕਸ਼ਮੀਰ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੇ ਸਨ; 5 ਅਗਸਤ ਨੂੰ ਉਦੋਂ ਇਹਨਾਂ ਨੇ ਜੰਮੂ-ਕਸ਼ਮੀਰ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਕਰ ਲਿਆ ਜਦੋਂ ਪਾਰਲੀਮੈਂਟ ਵਿੱਚ ਕਸ਼ਮੀਰ ਨੂੰ ਵਿਸ਼ੇਸ਼ ਦਰਜ਼ਾ ਅਤੇ ਸਹੂਲਤਾਂ ਮੁਹੱਈਆ ਕਰਦੀਆਂ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ 370 ਅਤੇ 35-ਏ ਨੂੰ ਖਾਰਜ ਕਰਕੇ, ਜੰਮੂ-ਕਸ਼ਮੀਰ ਦਾ ਇੱਕ ਸੂਬੇ ਵਜੋਂ ਵੀ ਦਰਜ਼ਾ ਖਤਮ ਕਰਕੇ ਇਸ ਨੂੰ ਕੇਂਦਰ ਸਾਸ਼ਤ ਪ੍ਰਦੇਸ਼ ਵਿੱਚ ਬਦਲਣ ਦਾ ਕਾਨੂੰਨ ਪਾਸ ਕਰ ਦਿੱਤਾ। 100 ਲੱਖ ਤੋਂ ਉੱਪਰ ਵਾਲੀ ਜੰਮੂ-ਕਸ਼ਮੀਰ ਦੀ ਆਬਾਦੀ ਦੇ ਵਿਚਾਰ ਕੀ ਹਨ? ਇਹਨਾਂ ਨੂੰ ਭੋਰਾ ਭਰ ਵੀ ਗੌਲਿਆ ਨਹੀਂ ਗਿਆ, ਬਲਕਿ ਪੂਰੀ ਹਕਾਰਤ ਨਾਲ ਰੱਦ ਕਰ ਦਿੱਤਾ ਗਿਆ। ਉਂਝ ਤਾਂ ਭਾਵੇਂ ਜੰਮੂ-ਕਸ਼ਮੀਰ ਦੇ ਆਮ ਲੋਕ ਭਾਰਤੀ ਹਾਕਮਾਂ ਦੇ ਖਿਲਾਫ ਹੀ ਸਨ, ਪਰ ਇਹਨਾਂ ਹਾਕਮਾਂ ਨੇ ਇਹਨਾਂ ਦੀ ਤਾਬੇਦਾਰੀ ਕਰਨ ਵਾਲੇ ਪੀਪਲਜ਼ ਡੈਮੋਕਰੇਟਿਕ ਪਾਰਟੀ, ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਪਾਰਟੀ ਆਦਿ ਤੱਕ ਨੂੰ ਵੀ ਪੁੱਛਿਆ ਤੱਕ ਨਹੀਂ। ਹੋਰ ਤਾਂ ਹੋਰ 5 ਅਗਸਤ ਤੋਂ ਪਹਿਲਾਂ ਜੋ ਕੁੱਝ ਹੋ ਰਿਹਾ ਸੀ, ਉਸ ਸਬੰਧੀ ਖੁਦ ਜੰਮੂ-ਕਸ਼ਮੀਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਵੀ ਪਤਾ ਤੱਕ ਨਹੀਂ ਸੀ ਕਿ ਹੋਣ ਕੀ ਜਾ ਰਿਹਾ ਹੈ?
ਜੰਮੂ-ਕਸ਼ਮੀਰ 'ਚ ਭਾਜਪਾ ਦੇ 
ਨਿਸ਼ਾਨੇ ਹੋਰ ਬਹਾਨੇ ਹੋਰ
ਭਾਰਤੀ ਹਾਕਮਾਂ ਨੇ 5 ਅਗਸਤ ਤੋਂ ਪਹਿਲਾਂ ਕੁੱਝ ਹਥਿਆਰ ਫੜੇ ਜਾਣ ਦਾ ਬਿਆਨ ਦਾਗਦੇ ਹੋਏ ਇਹ ਐਲਾਨ ਕੀਤਾ ਸੀ ਕਿ ਜੰਮੂ-ਕਸ਼ਮੀਰ ਵਿੱਚ ਅਮਰਨਾਥ ਦੇ ਯਾਤਰੀਆਂ 'ਤੇ ਕੋਈ ਵੱਡਾ ਘਾਤਕ ਹਮਲਾ ਹੋ ਸਕਦਾ ਹੈ, ਇਸ ਕਰਕੇ ਅਮਰਨਾਥ ਯਾਤਰੀਆਂ, ਜੰਮੂ-ਕਸ਼ਮੀਰ ਵਿੱਚ ਦਾਖਲ ਹੋਏ ਸੈਲਾਨੀਆਂ, ਵਪਾਰੀਆਂ ਅਤੇ ਭਾਰਤੀਆਂ ਸਮੇਤ ਵਿਦੇਸ਼ੀਆਂ ਨੂੰ ਫੁਰਮਾਨ ਜਾਰੀ ਕੀਤਾ ਸੀ ਕਿ ਉਹ ਜਲਦੀ ਤੋਂ ਜਲਦੀ ਜੰਮੂ-ਕਸ਼ਮੀਰ ਵਿੱਚੋਂ ਚਲੇ ਜਾਣ। ਕਸ਼ਮੀਰ ਵਿੱਚ ਇਹ ਤਾਂ ਖੁਦ ਕਸ਼ਮੀਰੀ ਕਾਮੇ ਸਨ, ਜਿਹੜੇ ਭਾਰਤ ਵਿੱਚੋਂ ਅਮਰਨਾਥ ਦੀ ਯਾਤਰਾ ਲਈ ਗਏ ਬਜ਼ੁਰਗ, ਬਿਮਾਰ ਜਾਂ ਕਮਜ਼ੋਰ ਯਾਤਰੀਆਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਦਰਸ਼ਨ ਕਰਵਾਉਣ ਜਾਂਦੇ ਸਨ ਅਤੇ ਕਸ਼ਮੀਰ ਵਿੱਚ ਖਾੜਕੂਵਾਦ ਭਾਵੇਂ ਕਿੰਨੀਆਂ ਵੀ ਸਿਖਰਾਂ 'ਤੇ ਰਹਿੰਦਾ ਰਿਹਾ, ਪਰ ਅਜੇ ਤੱਕ ਕਦੇ ਵੀ ਅਮਰਨਾਥ ਦੀ ਯਾਤਰਾ ਨਹੀਂ ਸੀ ਰੋਕੀ ਗਈ, ਕਿਉਂਕਿ ਕਸ਼ਮੀਰੀ ਖਾੜਕੂਆਂ ਨੇ ਕਦੇ ਵੀ ਯਾਤਰੀਆਂ ਨੂੰ ਆਪਣਾ ਨਿਸ਼ਾਨਾ ਨਹੀਂ ਸੀ ਬਣਾਇਆ, ਬਲਕਿ ਇਹ ਭਾਰਤੀ ਹਾਕਮ ਹੀ ਸਨ ਜਿਹਨਾਂ ਨੇ ਖੁਫੀਆ ਏਜੰਸੀਆਂ ਰਾਹੀਂ ਛੱਤੀ ਸਿੰਘਪੁਰਾ ਵਿਖੇ 35 ਸਿੱਖਾਂ ਦਾ ਕਤਲੇਆਮ ਤੱਕ ਕਰਵਾਇਆ ਸੀ। ਜੰਮੂ-ਕਸ਼ਮੀਰ ਦਾ ਰਾਜਪਾਲ ਚਾਰ ਦਿਨ ਪਹਿਲਾਂ ਇਹ ਐਲਾਨ ਕਰ ਰਿਹਾ ਸੀ ਕਿ ਜੰਮੂ-ਕਸ਼ਮੀਰ ਵਿੱਚ ਹਾਲਾਤ ਆਮ ਵਰਗੇ ਹਨ। ਕਸ਼ਮੀਰ ਦੀਆਂ ਸਥਾਨਕ ਪਾਰਟੀਆਂ ਦੇ ਆਗੂ ਜਦੋਂ ਉਸਨੂੰ 5 ਅਗਸਤ ਤੋਂ ਇੱਕ-ਦੋ ਦਿਨ ਪਹਿਲਾਂ ਮਿਲਦੇ ਰਹੇ, ਤਾਂ ਉਹ ਖੁਦ ਵੀ ਇਹ ਕਹਿੰਦਾ ਰਿਹਾ ਕਿ ਧਾਰਾ 370 ਅਤੇ 35-ਏ ਨੂੰ ਖਤਮ ਕਰਨ ਵਰਗਾ ਕੁੱਝ ਵੀ ਨਹੀਂ ਹੋਣ ਜਾ ਰਿਹਾ। 
ਆਪਣੇ ਹੀ ਸੰਵਿਧਾਨ ਨੂੰ ਪੈਰਾਂ ਹੇਠ ਰੋਲ਼ਿਆ
ਭਾਰਤੀ ਹਾਕਮਾਂ ਨੇ ਜੰਮੂ-ਕਸ਼ਮੀਰ ਨੂੰ ਕੇਂਦਰ ਸਾਸ਼ਤ ਪ੍ਰਦੇਸ਼ ਬਣਾਉਣ ਦਾ ਕਦਮ ਚੁੱਕਿਆ ਹੈ, ਇਹ ਆਪਣੇ ਆਪ ਵਿੱਚ ਹੀ ਇੱਕ ਗੈਰ-ਕਾਨੂੰਨੀ ਅਤੇ ਧੱਕੇਸ਼ਾਹੀ ਦਾ ਜ਼ਾਹਰਾ ਪ੍ਰਮਾਣ ਹੈ। ਭਾਰਤੀ ਸੰਵਿਧਾਨ ਮੁਤਾਬਕ ਵੀ ਜਦੋਂ ਕੋਈ ਵੱਡਾ ਫੈਸਲਾ ਕਰਨਾ ਹੁੰਦਾ ਹੈ ਤਾਂ ਹਾਕਮ ਪਾਰਟੀ ਨੇ ਸਰਬ-ਪਾਰਟੀ ਮੀਟਿੰਗ ਸੱਦ ਕੇ ਸਾਂਝੀ ਰਾਇ ਬਣਾਉਣ ਦੇ ਯਤਨ ਕਰਨੇ ਹੁੰਦੇ ਹਨ। ਪਰ ਇੱਥੇ ਕੋਈ ਸਰਬ-ਪਾਰਟੀ ਮੀਟਿੰਗ ਨਹੀਂ ਸੱਦੀ ਗਈ। ਆਮ ਤੌਰ 'ਤੇ ਪਾਸ ਕੀਤੇ ਜਾਣ ਵਾਲੇ ਬਿੱਲ ਨੂੰ ਕਈ ਕਈ ਦਿਨ ਪਹਿਲਾਂ ਪਾਰਲੀਮਾਨੀ ਮੈਂਬਰਾਂ ਦੇ ਹੱਥ ਪਹੁੰਚਾਇਆ ਜਾਂਦਾ ਹੈ ਤਾਂ ਕਿ ਉਹ ਪੜ੍ਹ ਕੇ ਆਪਣੀ ਸਮਝ ਬਣਾ ਸਕਣ, ਪਰ ਇੱਥੇ ਅਜਿਹਾ ਕੁੱਝ ਨਹੀਂ ਕੀਤਾ ਗਿਆ। ਜੰਮੂ-ਕਸ਼ਮੀਰ ਵਿੱਚ ਧਾਰਾ 370 ਮੁਤਾਬਕ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਵਿਧਾਨ ਘਾੜੀ ਅਸੈਂਬਲੀ ਵਿੱਚ ਪਾਸ ਕਰਵਾਉਣਾ ਚਾਹੀਦਾ ਸੀ, ਪਰ ਭਾਰਤੀ ਹਾਕਮਾਂ ਨੇ ਕਸ਼ਮੀਰ ਵਿੱਚ ਪਹਿਲਾਂ ਤੋਂ ਹੀ ਹੋਣ ਵਾਲੀਆਂ ਅਸੈਂਬਲੀ ਹਲਕਿਆਂ ਦੀਆਂ ਚੋਣਾਂ ਨੂੰ ਅਣਮਿਥੇ ਸਮੇਂ ਰੱਦ ਕੀਤਾ ਹੋਇਆ ਸੀ। ਆਮ ਰਵਾਇਤ ਹੁੰਦੀ ਹੈ ਕਿ ਜਦੋਂ ਪਾਰਲੀਮਾਨੀ ਚੋਣਾਂ ਹੁੰਦੀਆਂ ਹਨ ਤਾਂ ਉਹਨਾਂ ਦੇ ਨਾਲ ਹੀ ਉਹਨਾਂ ਸੂਬਿਆਂ ਦੀਆਂ ਚੋਣਾਂ ਵੀ ਕਰਵਾ ਲਈਆਂ ਜਾਂਦੀਆਂ ਹਨ, ਜਿੱਥੇ ਇਹ ਹੋਣ ਵਾਲੀਆਂ ਹੋਣ, ਪਰ ਜੰਮੂ ਕਸ਼ਮੀਰ ਵਿੱਚ ਅਜਿਹਾ ਨਹੀਂ ਕੀਤਾ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਜੋ ਕੁੱਝ ਭਾਰਤੀ ਹਾਕਮਾਂ ਨੇ 5 ਅਗਸਤ 2019 ਨੂੰ ਕੀਤਾ ਹੈ, ਇਸ ਦੀ ਤਿਆਰੀ ਇਹਨਾਂ ਨੇ ਕਈ ਮਹੀਨੇ ਪਹਿਲਾਂ ਤੋਂ ਕੀਤੀ ਹੋਈ ਸੀ। 

ਕਰਫਿਊ ਨਾਲ ਜੰਮੂ-ਕਸ਼ਮੀਰ ਦੇ 
ਲੋਕਾਂ ਦੇ ਸਾਹ ਘੁੱਟਣ ਦੇ ਯਤਨ
ਭਾਰਤੀ ਹਾਕਮ ਇਹ ਦਾਅਵਾ ਕਰਦੇ ਹਨ ਕਿ ਜੰਮੂ-ਕਸ਼ਮੀਰ ਨੂੰ ਕੇਂਦਰ ਸਾਸ਼ਤ ਪ੍ਰਦੇਸ਼ ਬਣਾ ਇਹਨਾਂ ਨੇ ਕਸ਼ਮੀਰੀ ਲੋਕਾਂ ਦੀ ਉੱਨਤੀ, ਤਰੱਕੀ ਅਤੇ ਵਿਕਾਸ ਦੇ ਰਾਹ ਖੋਲ੍ਹ ਦਿੱਤੇ ਹਨ। ਜੇਕਰ ਇਹਨਾਂ ਦੇ ਦਾਅਵੇ ਵਿੱਚ ਐਨੀ ਹੀ ਸਚਾਈ ਸੀ ਤਾਂ ਫੇਰ ਇਹਨਾਂ ਨੇ 5 ਅਗਸਤ ਤੋਂ ਇੱਕ ਦਿਨ ਪਹਿਲਾਂ ਸਾਰੇ ਕਸ਼ਮੀਰੀ ਲੋਕਾਂ ਨੂੰ ਘਰਾਂ ਵਿੱਚ ਤਾੜ ਕੇ, ਰੇਡੀਓ, ਟੀਵੀ, ਅਖਬਾਰਾਂ, ਫੋਨ ਅਤੇ ਇੰਟਰਨੈੱਟ ਆਦਿ ਸੇਵਾਵਾਂ ਨੂੰ ਬੰਦ ਕਰਕੇ ਉਹਨਾਂ ਦੀ ਜੁਬਾਨ ਕਿਉਂ ਠਾਕੀ? ਜੇਕਰ ਇਹਨਾਂ ਦੇ ਬਿਆਨ ਵਿੱਚ ਐਨੀ ਹੀ ਸਚਾਈ ਸੀ ਤਾਂ ਫੇਰ ਇਹਨਾਂ ਨੇ ਸਕੂਲ-ਕਾਲਜ, ਵਪਾਰਕ ਅਦਾਰੇ ਅਤੇ ਆਵਾਜਾਈ ਦੇ ਸਾਧਨ ਤਾਂ ਕੀ, ਹਸਪਤਾਲਾਂ ਦੀਆਂ ਐਮਰਜੈਂਸੀ ਵੈਨਾਂ ਤੱਕ ਵੀ ਬੰਦ ਕਿਉਂ ਕਰ ਦਿੱਤੀਆਂ? ਜੇਕਰ ਇਹਨਾਂ ਦੇ ਐਲਾਨਾਂ ਵਿੱਚ ਕੋਈ ਸਚਾਈ ਸੀ ਤਾਂ ਫੇਰ ਕਸ਼ਮੀਰੀ ਲੋਕਾਂ ਨੂੰ ਮਸਜ਼ਿਦਾਂ ਅਤੇ ਹੋਰ ਅਕੀਦੇ ਵਾਲੇ ਥਾਵਾਂ 'ਤੇ ਜਾ ਕੇ ਸ਼ੁਕਰਾਨੇ ਕਿਉਂ ਨਾ ਅਦਾ ਕਰਨ ਦਿੱਤੇ ਗਏ? ਜੇਕਰ ਭਾਰਤੀ ਹਾਕਮਾਂ ਅਨੁਸਾਰ ਸਾਰਾ ਕੁੱਝ ਕੀਤਾ ਹੀ ਕਸ਼ਮੀਰੀ ਲੋਕਾਂ ਦੀ ਤਰੱਕੀ ਲਈ ਹੈ ਤਾਂ ਫੇਰ ਅਮਰਨਾਥ ਯਾਤਰਾ ਰੋਕ ਕੇ ਲੱਖਾਂ ਭਾਰਤੀ ਹਿੰਦੂਆਂ ਦੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਕਿਉਂ ਪਹੁੰਚਾਈ ਗਈ? ਭਾਰਤੀ ਹਾਕਮਾਂ ਮੁਤਾਬਕ ਜੇਕਰ ਕਸ਼ਮੀਰੀ ਲੋਕਾਂ ਦਾ ਭਲਾ ਹੋਣਾ ਸੀ ਤਾਂ ਉਹਨਾਂ ਨੂੰ ਇਹਨਾਂ ਐਲਾਨਾਂ ਉਪਰੰਤ ਸੜਕਾਂ 'ਤੇ ਆ ਕੇ 'ਜਸ਼ਨ' ਤੱਕ ਕਿਉਂ ਨਾ ਮਨਾਉਣ ਦਿੱਤੇ ਗਏ? ਕਸ਼ਮੀਰ ਵਿੱਚ ਅਸਲ ਵਿੱਚ ਜੋ ਹੋ ਰਿਹਾ ਸੀ ਇਸ ਸਬੰਧੀ ਤਿੰਨ ਮਹੀਨੇ ਬਾਅਦ ਤੱਕ ਵੀ ਆਮ ਲੋਕਾਂ ਨੂੰ ਕੁੱਝ ਪਤਾ ਨਹੀਂ ਸੀ ਲੱਗ ਰਿਹਾ? ਕਸ਼ਮੀਰੀ ਲੋਕਾਂ ਦੀ ਇਹ ਕਿਹੋ ਜਿਹੀ ਭਲਾਈ ਹੈ, ਜਿਸ ਤਹਿਤ ਉਹਨਾਂ ਨੂੰ ਅਤੇ ਉਹਨਾਂ ਦੇ ਸਕੇ-ਸਬੰਧੀਆਂ ਨੂੰ ਮਹੀਨਿਆਂ ਬੱਧੀ ਰੋਂਦੇ-ਸਿਸਕਦੇ ਰਹਿਣ ਲਈ ਮਜਬੂਰ ਕੀਤਾ ਗਿਆ? ਜੇਕਰ ਸਾਰਾ ਕੁੱਝ ਕੀਤਾ ਹੀ ਕਸ਼ਮੀਰੀ ਲੋਕਾਂ ਦੇ ਫਾਇਦੇ ਲਈ ਸੀ ਤਾਂ ਫੇਰ ਭਾਰਤ ਵਿੱਚ ਦਹਿ-ਹਜ਼ਾਰਾਂ ਕਸ਼ਮੀਰੀ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਹੱਥਲ ਕਰਕੇ ਮਜਬੂਰੀ ਦੀਆਂ ਹਾਲਤਾਂ ਵਿੱਚ ਕਿਉਂ ਧੱਕਿਆ ਗਿਆ? ਭਾਰਤੀ ਹਾਕਮਾਂ ਨੇ ਜੇਕਰ ਸਾਰਾ ਕੁੱਝ ਕੀਤਾ ਹੀ ਕਸ਼ਮੀਰੀ ਲੋਕਾਂ ਦੀ ਖੁਸ਼ਹਾਲੀ ਲਈ ਹੈ ਤਾਂ ਫੇਰ ਇਹਨਾਂ ਨੇ ਕਸ਼ਮੀਰੀ ਲੋਕਾਂ ਦੁਆਲੇ 10 ਲੱਖ ਭਾਰਤੀ ਫੌਜੀ ਉਹਨਾਂ ਨੂੰ ਜਿੱਚ ਕਰਨ ਲਈ ਤਾਇਨਾਤ ਕਿਉਂ ਕੀਤੇ ਹੋਏ ਹਨ? ਅਣਮਿਥੇ ਸਮੇਂ ਲਈ ਕਰਫਿਊ ਲਾ ਕੇ ਸਾਹ ਘੁੱਟਣ ਨਾਲ ਕੀ ਕਸ਼ਮੀਰੀ ਲੋਕ ਭਾਰਤੀ ਹਾਕਮਾਂ ਦੇ ਗੋਗੇ ਗਾਉਣਗੇ? 
ਜੰਮੂ-ਕਸ਼ਮੀਰ ਨੂੰ ਹੜੱਪਣ ਲਈ ਸਾਰੇ ਭਾਰਤੀ ਹਾਕਮਾਂ ਦੀ ਇੱਕੋ ਜਿਹੀ ਲਾਲਸਾ
ਕਸ਼ਮੀਰ ਨੂੰ ਹੜੱਪ ਜਾਣ ਦੇ ਹਰਬੇ ਹਰ ਤਰ੍ਹਾਂ ਦੇ ਭਾਰਤੀ ਹਾਕਮ ਵਰਤਦੇ ਹੀ ਆ ਰਹੇ ਹਨ। ਨਹਿਰੂ ਦੀ ਅਗਵਾਈ ਵਾਲੀ ਕਾਂਗਰਸ ਬਾਹਰਮੁਖੀ ਸੰਸਾਰ ਹਾਲਤਾਂ ਅਤੇ ਕਸ਼ਮੀਰ ਦੇ ਅੰਦਰੂਨੀ ਹਾਲਤਾਂ ਦੇ ਮੱਦੇਨਜ਼ਰ ਇਹਨਾਂ ਹਰਬਿਆਂ ਨੂੰ ਲੰਮੇ ਸਮੇਂ ਦੌਰਾਨ ਲਾਗੂ ਕਰਨਾ ਚਾਹੁੰਦੀ ਸੀ, ਜਦੋਂ ਕਿ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ.ਐਸ.ਐਸ.) ਦੇ ਚਾਲਕ ਬਹੁਤ ਸ਼ੁਰੂ ਵਿੱਚ ਹੀ ਇਹਨਾਂ ਨੂੰ ਲਾਗੂ ਕਰਨਾ ਚਾਹੁੰਦੇ ਸਨ। ਨਹਿਰੂ ਹਾਲਤਾਂ ਦੇ ਮੱਦੇਨਜ਼ਰ ਬੋਚ ਬੋਚ ਕੇ ਚੱਲ ਰਿਹਾ ਸੀ। ਕਸ਼ਮੀਰ ਦੇ ਉੱਤਰ ਵਿੱਚ ਰੂਸ ਇੱਕ ਸਮਾਜਵਾਦੀ ਦੇਸ਼ ਸੀ, ਕਸ਼ਮੀਰ ਦੇ ਪੂਰਬ ਵਿੱਚ ਚੀਨ ਸਮਾਜਵਾਦੀ ਦੇਸ਼ ਬਣਨ ਵੱਲ ਅੱਗੇ ਵਧ ਰਿਹਾ ਸੀ। ਕਸ਼ਮੀਰ ਵਿੱਚ ਕੌਮੀ ਮੁਕਤੀ ਲਹਿਰ ਆਪਣੀਆਂ ਬੁਲੰਦੀਆਂ 'ਤੇ ਸੀ, ਅਜਿਹੀਆਂ ਹਾਲਤਾਂ ਵਿੱਚ ਨਹਿਰੂ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਧੋਖੇ-ਭਰੀ ਖੇਡ ਖੇਡਣ ਵਿੱਚ ਮਸ਼ਰੂਫ ਸੀ। ਉਸ ਸਮੇਂ ਦੀਆਂ ਹਾਲਤਾਂ ਬਾਰੇ ਐਨ. ਗੋਪਾਲਸਵਾਮੀ ਆਇੰਗਰ ਨੇ 17 ਅਕਤੂਬਰ 1949 ਨੂੰ ਬਿਆਨ ਕੀਤਾ ਸੀ ਕਿ ''ਸੂਬੇ ਦਾ ਇੱਕ ਹਿੱਸਾ ਅਜੇ ਵੀ ਬਾਗੀਆਂ ਅਤੇ ਦੁਸ਼ਮਣਾਂ ਦੇ ਹੱਥਾਂ ਵਿੱਚ ਹੈ। ਜੰਮੂ ਕਸ਼ਮੀਰ ਦੇ ਮਾਮਲੇ ਨੂੰ ਲੈ ਕੇ ਅਸੀਂ ਸੰਯੁਕਤ ਰਾਸ਼ਟਰ ਸੰਘ ਵਿੱਚ ਫਸੇ ਹੋਏ ਹਾਂ, ਅਜੇ ਇਹ ਕਹਿਣਾ ਸੰਭਵ ਨਹੀਂ ਕਿ ਅਸੀਂ ਇਸ ਉਲਝੇਵੇਂ ਵਿੱਚੋਂ ਕਦੇ ਸੁਰਖਰੂ ਹੋ ਸਕਾਂਗੇ। ਇਸ ਦਾ ਹੱਲ ਉਦੋਂ ਹੀ ਹੋ ਸਕਦਾ ਹੈ ਜਦੋਂ ਕਸ਼ਮੀਰੀ ਸਮੱਸਿਆ ਦਾ ਤਸੱਲੀਬਖਸ਼ ਹੱਲ ਹੋ ਗਿਆ। ਅਗਾਂਹ, ਹਿੰਦੋਸਤਾਨ ਦੀ ਸਰਕਾਰ ਨੇ ਆਪਣੇ ਤੌਰ 'ਤੇ ਕਿਸੇ ਹੱਦ ਤੱਕ ਕਸ਼ਮੀਰੀ ਲੋਕਾਂ ਨਾਲ ਕੁੱਝ ਵਾਅਦੇ ਕੀਤੇ ਹੋਏ ਹਨ। ਉਹਨਾਂ ਨੇ ਵਾਅਦਾ ਕੀਤਾ ਹੈ ਕਿ ਸਮਾਂ ਆਉਣ 'ਤੇ ਸੂਬੇ ਦੇ ਲੋਕਾਂ ਨੂੰ ਇਹ ਮੌਕਾ ਦਿੱਤਾ ਜਾਵੇਗਾ ਜਦੋਂ ਉਹ ਇਹ ਫੈਸਲਾ ਕਰਨਗੇ ਕਿ ਉਹਨਾਂ ਨੇ ਗਣਰਾਜ ਨਾਲ ਰਹਿਣਾ ਹੈ ਜਾਂ ਇਸ ਤੋਂ ਵੱਖ ਹੋਣਾ ਹੈ। ਅਸੀਂ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹਨਾਂ ਦੀ ਇੱਛਾ ਨੂੰ ਰਾਏ-ਸ਼ੁਮਾਰੀ ਜ਼ਰੀਏ ਪੂਰਾ ਕੀਤਾ ਜਾਵੇਗਾ ਜੇਕਰ ਸ਼ਾਂਤਮਈ ਅਤੇ ਆਮ ਹਾਲਾਤ ਬਣੇ ਰਹੇ, ਰਾਏ-ਸ਼ੁਮਾਰੀ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਯਕੀਨੀ ਬਣਾਇਆ ਜਾਵੇਗਾ। ਅਸੀਂ ਇਸ ਗੱਲ ਲਈ ਵੀ ਸਹਿਮਤ ਹੋਏ ਹਾਂ ਕਿ ਲੋਕਾਂ ਦੀ ਰਜ਼ਾ ਨਾਲ, ਵਿਧਾਨ-ਘਾੜੀ ਅਸੈਂਬਲੀ ਰਾਹੀਂ, ਸੂਬੇ ਦਾ ਸੰਵਿਧਾਨ ਨਿਰਧਾਰਤ ਕੀਤਾ ਜਾਵੇਗਾ।'' (ਹਵਾਲਾ, ਫਰੰਟ ਲਾਈਨ, ਅਗਸਤ 30, 2019 'ਚੋਂ)
ਕਸ਼ਮੀਰ ਵਿੱਚ ਹਾਲਤ ਭਾਰਤੀ ਹਾਕਮਾਂ ਲਈ ਸੁਖਾਵੇਂ ਨਹੀਂ ਸਨ। 14 ਮਈ 1947 ਇੰਦਰਾ ਗਾਂਧੀ ਨੇ ਸ਼ੇਖ ਅਬਦੁੱਲਾ ਦੇ ਭਾਰੂ ਰਹਿਣ ਸਬੰਧੀ ਆਪਣੇ ਪਿਤਾ ਨਹਿਰੂ ਨੂੰ ਇੱਕ ਖਤ ਵਿੱਚ ਲਿਖਿਆ ਸੀ, ''ਸਿਰਫ ਸ਼ੇਖ ਸਾਹਿਬ ਨੂੰ ਇਹ ਯਕੀਨ ਹੈ ਕਿ ਉਹ ਰਾਏ-ਸ਼ੁਮਾਰੀ ਜਿੱਤ ਲਵੇਗਾ।'' ਨਹਿਰੂ ਨੇ 1952 ਵਿੱਚ ਕਲਕੱਤੇ ਵਿੱਚ ਕੀਤੀ ਆਪਣੀ ਤਕਰੀਰ ਵਿੱਚ ਮੰਨਿਆ ਸੀ ਕਿ ''ਜੇਕਰ ਕੱਲ੍ਹ ਨੂੰ ਸ਼ੇਖ ਅਬਦੁੱਲਾ ਨੇ ਚਾਹਿਆ ਕਿ ਕਸ਼ਮੀਰ ਦਾ ਪਾਕਿਸਤਾਨ ਨਾਲ ਇਲਹਾਕ ਹੋਣਾ ਚਾਹੀਦਾ ਹੈ ਤਾਂ ਨਾ ਮੈਂ ਅਤੇ ਨਾ ਹੀ ਸਾਰੀਆਂ ਭਾਰਤੀ ਤਾਕਤਾਂ ਅਜਿਹਾ ਹੋਣ ਤੋਂ ਰੋਕ ਸਕਣਗੀਆਂ, ਕਿਉਂਕਿ ਜੇਕਰ ਇੱਕ ਲੀਡਰ ਚਾਹੁੰਦਾ ਹੈ ਤਾਂ ਅਜਿਹਾ ਹੋ ਸਕਦਾ ਹੈ।'' ਇਹ ਇਕੱਲਾ ਨਹਿਰੂ ਹੀ ਨਹੀਂ ਸੀ ਜੋ ਉਸ ਸਮੇਂ ਦੀ ਹਕੀਕਤ ਨੂੰ ਤਸਲੀਮ ਕਰਦਾ ਸੀ ਬਲਕਿ ਜੈ ਪ੍ਰਕਾਸ਼ ਨਰਾਇਣ ਨੇ 1 ਮਈ 1956 ਨੂੰ ਨਹਿਰੂ ਨੂੰ ਲਿਖੇ ਆਪਣੇ ਇੱਕ ਖਤ ਵਿੱਚ ਸਵਿਕਾਰ ਕੀਤਾ ਸੀ ਕਿ ''95 ਫੀਸਦੀ ਕਸ਼ਮੀਰੀ ਮੁਸਲਮਾਨ ਭਾਰਤ ਨਾਲ ਨਹੀਂ ਰਹਿਣਾ ਚਾਹੁੰਦੇ।''
ਪਰ ਆਰ.ਐਸ.ਐਸ. ਦੇ ਆਗੂ ਕਸ਼ਮੀਰ ਨੂੰ ਬਹੁਤ ਸ਼ੁਰੂ ਵਿੱਚ ਹੀ ਦੱਬ ਲੈਣਾ ਚਾਹੁੰਦੇ ਸਨ। 14 ਅਗਸਤ 1947 ਨੂੰ ਆਰ.ਐਸ.ਐਸ. ਦੇ ਪੇਪਰ 'ਆਰਗੇਨਾਈਜ਼ਰ' ਦੇ ਇੱਕ ਸੰਪਾਦਕੀ ਵਿੱਚ ਲਿਖਿਆ ਗਿਆ ਸੀ, ''ਸਾਨੂੰ ਹੁਣ ਕੌਮਵਾਦ ਦੇ ਝੂਠੇ ਦਿਲਾਸਿਆਂ ਵਿੱਚ ਨਹਂੀਂ ਉਲਝ ਜਾਣਾ ਚਾਹੀਦਾ। ਮੌਜੂਦਾ ਅਤੇ ਭਵਿੱਖ ਦੀਆਂ ਸਮੱਸਿਆਵਾਂ ਦਾ ਮਾਨਸਿਕ ਉਲਝਾਓ ਤਾਂ ਹੀ ਹੱਲ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਹਿੰਦੋਸਤਾਨ ਦੇ ਸਿੱਧੇ-ਸਾਦੇ ਤੱਥ ਨੂੰ ਸਵਿਕਾਰ ਕਰ ਲਈਏ ਕਿ ਸਿਰਫ ਹਿੰਦੂ ਹੀ ਇੱਕ ਕੌਮ ਹਨ ਅਤੇ ਕੌਮੀ ਢਾਂਚੇ ਨੂੰ ਸੁਰੱਖਿਅਤ ਅਤੇ ਮਜਬੂਤ ਨੀਂਹਾਂ 'ਤੇ ਉਸਾਰਿਆ ਜਾਣਾ ਚਾਹੀਦਾ ਹੈ। ਕੌਮ ਦੀ ਉਸਾਰੀ ਹਿੰਦੂਆਂ 'ਤੇ ਆਧਾਰਤ, ਹਿੰਦੂ ਰੀਤੀ-ਰਿਵਾਜਾਂ, ਸਭਿਆਚਾਰ, ਵਿਚਾਰ ਅਤੇ ਉਮੰਗਾਂ ਰਾਹੀਂ ਹੋਣੀ ਚਾਹੀਦੀ ਹੈ। .....ਜਿਹੜੇ ਲੋਕ ਇਸ ਸਮੇਂ ਸੰਜੋਗ ਵਸ ਸੱਤਾ ਵਿੱਚ ਆ ਗਏ ਹਨ, ਉਹ ਤੁਹਾਡੇ ਹੱਥਾਂ ਵਿੱਚ ਤਿਰੰਗੇ ਤਾਂ ਫੜਾ ਸਕਦੇ ਹਨ, ਪਰ ਹਿੰਦੂਆਂ ਵੱਲੋਂ ਇਹਨਾਂ ਦਾ ਨਾ ਸਤਿਕਾਰ ਕੀਤਾ ਜਾ ਸਕਦਾ ਅਤੇ ਨਾ ਹੀ ਇਹ ਅਪਣਾਏ ਜਾ ਸਕਦੇ ਹਨ। ਸ਼ਬਦ ਤਿੰਨ ਆਪਣੇ ਆਪ ਵਿੱਚ ਕੁਲਿਹਣਾ ਹੈ, ਤਿੰਨ ਰੰਗਾਂ ਦਾ ਝੰਡਾ ਲਾਜ਼ਮੀ ਹੀ ਬਹੁਤ ਬੁਰਾ ਮਨੋਵਿਗਿਆਨਕ ਅਸਰ ਪਾਵੇਗਾ ਅਤੇ ਇਹ ਦੇਸ਼ ਲਈ ਘਾਤਕ ਹੈ।''
ਜਿੱਥੇ ਆਰ.ਐਸ.ਐਸ. ਸਿੱਧਾ ਹਿੰਦੂ ਧਰਮ ਅਤੇ ਹਿੰਦੂ ਰਾਸ਼ਟਰ ਸਾਰੇ ਭਾਰਤੀ ਲੋਕਾਂ 'ਤੇ ਠੋਸਣਾ ਚਾਹੁੰਦੀ ਸੀ, ਉੱਥੇ ਨਹਿਰੂ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨੇ ਆਪਣੇ ਆਪ ਉੱਤੇ ਧਰਮ-ਨਿਰਪੱਖ ਹੋਣ ਦਾ ਠੱਪਾ ਲਾ ਕੇ ਹਿੰਦੂ ਰਾਸ਼ਟਰ ਦੀ ਸੇਵਾ ਕੀਤੀ। 1 ਜਨਵਰੀ 1952 ਨੂੰ ਨਹਿਰੂ ਨੇ ਕਲਕੱਤੇ ਇੱਕ ਭਾਸ਼ਣ ਵਿੱਚ ਆਖਿਆ ਸੀ, ''ਸਾਡੀਆਂ ਧਰਮ-ਨਿਰਪੱਖ ਨੀਤੀਆਂ ਕਾਰਨ ਸਾਡੇ ਸੰਵਿਧਾਨ ਦੀ ਇਸ ਤੋਂ ਵੱਡੀ ਕੋਈ ਹੋਰ ਪੁਸ਼ਟੀ ਨਹੀਂ ਹੋ ਸਕਦੀ ਕਿ ਅਸੀਂ ਕਸ਼ਮੀਰੀ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋਏ ਹਾਂ। ਜ਼ਰਾ ਇਹ ਸੋਚੋ ਕਿ ਉਦੋਂ ਕਸ਼ਮੀਰ ਵਿੱਚ ਕੀ ਹੋਵੇਗਾ ਜੇਕਰ ਜਨਸੰਘ ਜਾਂ ਕਿਸੇ ਹੋਰ ਫਿਰਕੂ ਪਾਰਟੀ ਦੇ ਹੱਥ ਵਿੱਚ ਅਗਵਾਈ ਹੋਵੇ। ਕਸ਼ਮੀਰ ਦੇ ਲੋਕ ਆਖਦੇ ਹਨ ਕਿ ਉਹ ਫਿਰਕਾਪ੍ਰਸਤੀ ਤੋਂ ਸਤੇ ਪਏ ਹਨ। ਉਹ ਜਨਸੰਘ ਅਤੇ ਆਰ.ਐਸ.ਐਸ. ਵਾਲੇ ਦੇਸ਼ ਵਿੱਚ ਕਿਉਂ ਰਹਿਣਗੇ ਜਿੱਥੇ ਉਹਨਾਂ ਨੂੰ ਘੇਰ ਘੇਰ ਕੇ ਲਗਾਤਾਰ ਜਿੱਚ ਕੀਤਾ ਜਾ ਰਿਹਾ ਹੋਵੇ। ਉਹ ਸਾਡੇ ਨਾਲ ਨਹੀਂ ਆਉਣਗੇ ਕਿਤੇ ਹੋਰ ਜਾਣਗੇ।''
ਜਿੱਥੇ ਨਹਿਰੂ ਹੋਰੀਂ ਡਾ. ਅੰਬੇਦਕਰ ਵੱਲੋਂ ਤਿਆਰ ਕੀਤੇ ਸੰਵਿਧਾਨ ਨੂੰ ਅਪਣਾਉਣ ਦੇ ਹਾਮੀ ਸਨ, ਉੱਥੇ ਆਰ.ਐਸ.ਐਸ. ਦੇ ਗੋਲਵਾਲਕਰ ਵਰਗੇ ਆਗੂ ਇਸ ਨੂੰ ਇਹ ਕਹਿੰਦੇ ਹੋਏ ਰੱਦ ਕਰਦੇ ਸਨ ਕਿ ਇਸ ਵਿੱਚ ਮੰਨੂੰ ਸਮਰਿਤੀ ਵਿੱਚੋਂ ਤਾਂ ਕੁੱਝ ਲਿਆ ਹੀ ਨਹੀਂ ਗਿਆ, ਜੋ ਕਿ ਭਾਰਤ ਦੇ ਆਪਣੇ ਕਾਨੂੰਨਾਂ ਦਾ ਪ੍ਰਗਟਾਵਾ ਹੈ। ਗੋਲਵਾਲਕਰ ਨੇ ਆਖਿਆ ਸੀ, ''ਸਾਡਾ ਸੰਵਿਧਾਨ ਪੱਛਮੀ ਦੇਸ਼ਾਂ ਦੇ ਅਨੇਕਾਂ ਸੰਵਿਧਾਨਾਂ 'ਚੋਂ ਇਕੱਠੇ ਕੀਤੇ ਗਏ ਬਹੁਵੰਨਗੀ ਦੇ ਟੁਕੜੇ ਹਨ ਅਤੇ ਇਹ ਕੁਢੱਬਾ ਪੁਲੰਦਾ ਹੈ।..... ਇਹ ਅਜਿਹਾ ਤਾਂ ਉੱਕਾ ਹੀ ਨਹੀਂ ਜਿਸ ਨੂੰ ਆਪਣਾ ਆਖਿਆ ਜਾ ਸਕਦਾ ਹੋਵੇ। ਕੀ ਇਸ ਵਿੱਚ ਕੋਈ ਇੱਕ ਵੀ ਅਜਿਹਾ ਹਵਾਲਾ ਜਾਂ ਨਿਰਦੇਸ਼ਤ ਅਸੂਲ ਹਨ,  ਜਿਹੜਾ ਇਹ ਦੱਸਦਾ ਹੋਵੇ ਕਿ ਸਾਡਾ ਕੌਮੀ ਮਨੋਰਥ ਅਤੇ ਜ਼ਿੰਦਗੀ ਦਾ ਨਿਚੋੜ ਕੀ ਹੈ?'' ਗੋਲਵਾਲਕਰ ਦਾ ''ਕੌਮੀ ਮਨੋਰਥ'' ਅਤੇ ''ਜਿੰਦਗੀ ਦੇ ਨਿਚੋੜ'' ਤੋਂ ਭਾਵ ਅੰਬੇਦਕਰ ਵਾਲੀ ਸਾਰੀਆਂ ਜਾਤਾਂ ਅਤੇ ਧਰਮਾਂ ਦੀ ਬਰਾਬਰੀ ਵਾਲਾ ਸੰਵਿਧਾਨ ਨਹੀਂ ਸੀ ਬਲਕਿ ਗੋਲਵਾਲਕਰ ਅਨੁਸਾਰ ''ਮੁਸਲਿਮ, ਇਸਾਈ ਅਤੇ ਕਮਿਊਨਿਸਟ ਦੇਸ਼ ਦੇ ਅੰਦਰੂਨੀ ਦੁਸ਼ਮਣ ਹਨ।'' 
ਜਿੱਥੇ ਗੋਲਵਾਲਕਰ ਇਸਾਈਆਂ ਅਤੇ ਕਮਿਊਨਿਸਟਾਂ ਦੇ ਨਾਲ ਹੀ ਮੁਸਲਮਾਨਾਂ ਨੂੰ ਵੀ ਆਪਣੇ ਦੁਸ਼ਮਣਾਂ ਵਿੱਚ ਸ਼ੁਮਾਰ ਕਰਦਾ ਸੀ, ਉੱਥੇ ਨਹਿਰੂ ਕਸ਼ਮੀਰ ਦੀ ਵਿਸ਼ੇਸ਼ ਖਾਸੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਸ਼ਮੀਰੀ ਲੋਕਾਂ ਨੂੰ ਵਗਲਾਉਣਾ ਚਾਹੁੰਦਾ ਸੀ। 26 ਜੂਨ 1952 ਨੂੰ ਲੋਕ ਸਭਾ ਵਿੱਚ ਭਾਸ਼ਣ ਕਰਦੇ ਹੋਏ ਉਸਨੇ ਆਖਿਆ ਸੀ, ''ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਉੱਤਰ ਪ੍ਰਦੇਸ਼ ਦੇ ਕਿਸੇ ਹਿੱਸੇ ਨਾਲ ਨਜਿੱਠ ਰਹੇ ਹੋ ਜਾਂ ਬਿਹਾਰ ਤੇ ਗੁਜਰਾਤ ਨਾਲ? ਤੁਸੀਂ ਇੱਕ ਅਜਿਹੇ ਇਲਾਕੇ ਨਾਲ ਨਜਿੱਠ ਰਹੇ ਹੋ ਜਿਹੜਾ ਇਤਿਹਾਸਕ, ਭੂਗੋਲਿਕ ਅਤੇ ਜ਼ਿੰਦਗੀ ਦੇ ਅਨੇਕਾਂ ਪੱਖਾਂ ਤੋਂ ਵਿਸ਼ੇਸ਼ ਪਿਛੋਕੜ ਵਾਲਾ ਹੈ। ਜੇਕਰ ਅਸੀਂ ਆਪਣੇ ਸਥਾਨਕ ਵਿਚਾਰਾਂ ਅਤੇ ਸਥਾਨਕ ਖਿਆਲਾਂ ਨੂੰ ਹਰ ਥਾਂ ਲਾਗੂ ਕਰਾਂਗੇ ਤਾਂ ਅਸੀਂ ਇੱਕਮੁੱਠਤਾ ਨਹੀਂ ਲਿਆ ਸਕਦੇ। ਸਾਨੂੰ ਦੂਰ-ਦ੍ਰਿਸ਼ਟੀ ਵਾਲੇ ਮਨੁੱਖ ਬਣਨਾ ਚਾਹੀਦਾ ਹੈ, ਮਨ ਖੁੱਲ੍ਹੇ ਰੱਖਣੇ ਚਾਹੀਦੇ ਹਨ, ਹਕੀਕੀ ਏਕਤਾ ਲਈ ਤੱਥਾਂ ਨੂੰ ਸਵਿਕਾਰਨਾ ਚਾਹੀਦਾ ਹੈ। ਹਕੀਕੀ ਏਕਤਾ ਮਨਾਂ ਅਤੇ ਦਿਲਾਂ ਵਿੱਚੋਂ ਪੈਦਾ ਹੁੰਦੀ ਹੈ, ਹਕੀਕੀ ਏਕਤਾ ਹੋਰਨਾਂ ਲੋਕਾਂ 'ਤੇ ਅਜਿਹੀਆਂ ਧਾਰਾਵਾਂ ਮੜ੍ਹ ਕੇ ਨਹੀਂ ਲਿਆਂਦੀ ਜਾ ਸਕਦੀ।'' ਇਸੇ ਹੀ ਭਾਸ਼ਣ ਵਿੱਚ ਨਹਿਰੂ ਨੇ ਆਖਿਆ ਸੀ ਕਿ ''ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੰਵਿਧਾਨ ਕੀ ਕਹਿੰਦਾ ਹੈ; ਜੇਕਰ ਕਸ਼ਮੀਰ ਦੇ ਲੋਕ ਇਸਨੂੰ ਨਹੀਂ ਚਾਹੁੰਦੇ ਤਾਂ ਇਹ ਉੱਥੇ ਲਾਗੂ ਨਹੀਂ ਹੋਵੇਗਾ। ਇਸ ਲਈ ਲਾਗੂ ਨਹੀਂ ਹੋਵੇਗਾ ਕਿਉਂਕਿ ਇਸਦਾ ਬਦਲ ਕੀ ਹੈ? ਇਸਦਾ ਬਦਲ ਦਾਬਾ ਅਤੇ ਜਬਰ ਹੀ ਮੰਨਿਆ ਜਾ ਸਕਦਾ ਹੈ, ਪਰ ਕਸ਼ਮੀਰੀ ਲੋਕ ਇਹ ਨਹੀਂ ਚਾਹੁੰਦੇ।'' 
ਨਹਿਰੂ ਦੀ ਕਸ਼ਮੀਰੀ ਲੋਕਾਂ ਦੇ ਰੌਂਅ 'ਤੇ ਆਰ.ਐਸ.ਐਸ. ਨਾਲੋਂ ਵਧੇਰੇ ਪਕੜ ਸੀ ਤਾਂ ਕਰਕੇ ਇਹ ਭਾਰਤੀ ਹਾਕਮਾਂ ਲਈ ਕਸ਼ਮੀਰੀਆਂ ਨੂੰ ਧੋਖੇ ਵਿੱਚ ਰੱਖਣ ਵਿੱਚ ਹਿੰਦੂਤਵੀਆਂ ਨਾਲੋਂ ਵਧੇਰੇ ਕਾਰਗਰ ਸਾਬਤ ਹੋ ਰਿਹਾ ਸੀ। 29 ਜੂਨ 1953 ਵਿੱਚ ਉਸਨੇ ਆਰ.ਐਸ.ਐਸ. ਦੀ ਪਰਜਾ ਪ੍ਰੀਸ਼ਦ ਦੀ ਜੰਮੂ-ਕਸ਼ਮੀਰ ਨੂੰ ਤਿੰਨ ਹਿੱਸਿਆਂ ਵਿੱਚ ਵੰਡਣ ਦੀ ਵਿਉਂਤ ਨੂੰ ਇਹ ਕਹਿੰਦੇ ਹੋਏ ਠੁਕਰਾਇਆ ਸੀ ਕਿ ''ਜੇਕਰ ਹਿੰਦੂ ਫਿਰਕਾਪ੍ਰਸਤ ਜੰਮੂ ਵਿੱਚ ਲਹਿਰ ਜਥੇਬੰਦ ਕਰਦੇ ਹਨ ਤਾਂ ਕਸ਼ਮੀਰ ਵਿੱਚ ਮੁਸਲਮਾਨ ਕਿਉਂ ਨਹੀਂ ਕਰ ਸਕਦੇ? ਹਾਲਤ ਇਹ ਬਣੀ ਖੜ੍ਹੀ ਹੈ ਕਿ ਜੇਕਰ ਇਸ ਸਮੇਂ ਰਾਏ-ਸ਼ੁਮਾਰੀ ਕਰਵਾਈ ਜਾਵੇ ਤਾਂ ਕਸ਼ਮੀਰ ਦੇ ਬਹੁਗਿਣਤੀ ਮੁਸਲਮਾਨ ਸਾਡੇ ਖਿਲਾਫ ਭੁਗਤਣਗੇ।'' ''ਅਸੀਂ ਕਸ਼ਮੀਰ ਨੂੰ ਤਾਂ ਹੀ ਹਾਸਲ ਕਰ ਸਕਦੇ ਹਾਂ ਜੇਕਰ ਅਸੀਂ ਕਸ਼ਮੀਰੀ ਲੋਕਾਂ ਦੀ ਰਜ਼ਾ ਨੂੰ ਹਾਸਲ ਕਰ ਜਾਈਏ।''
ਜਿਥੇ ਨਹਿਰੂ ਕੂਟਨੀਤੀ ਵਰਤ ਕੇ ਕਸ਼ਮੀਰੀ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਈ ਰੱਖਣਾ ਚਾਹੁੰਦਾ ਸੀ, ਉੱਥੇ ਆਰ.ਐਸ.ਐਸ. ਵਾਲੇ ਹਿੰਦੂਤਵੀ ਟੋਲੇ ਕਸ਼ਮੀਰ ਉੱਪਰ ਨੰਗੇ-ਚਿੱਟੇ ਧਾਵੇ ਦੇ ਧਾਰਨੀ ਰਹੇ ਹਨ। 29-30 ਜੂਨ, 2002 ਨੂੰ ਕੁਰਕਸ਼ੇਤਰ ਵਿੱਚ ਹੋਈ ਆਪਣੀ ਇੱਕ ਬੈਠਕ ਵਿੱਚ ਅਖਿੱਲ ਭਾਰਤੀਆ ਕਾਰਜਕਾਰੀ ਮੰਡਲ ਨੇ ਮਤਾ ਪਾਸ ਕੀਤਾ ਸੀ ਕਿ ''1. ਜੰਮੂ ਦੇ ਲੋਕ ਇਹ ਸਮਝਦੇ ਹਨ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਜੰਮੂ ਖੇਤਰ ਦੇ ਵੱਖਰੇ ਸੂਬੇ ਵਿੱਚ ਪਿਆ ਹੈ। 2. ਅਖਿੱਲ ਭਾਰਤੀ ਕਾਰਜਕਾਰੀ ਮੰਡਲ ਲੱਦਾਖ ਖੇਤਰ ਲਈ ਵੱਖਰੇ ਕੇਂਦਰ ਸਾਸ਼ਤ ਪ੍ਰਦੇਸ਼ ਦੇ ਦਰਜ਼ੇ ਦੀ ਮੰਗ ਕਰਦਾ ਹੈ। 3. ਅਖਿੱਲ ਭਾਰਤੀ ਕਾਰਜਕਾਰੀ ਮੰਡਲ ਕਸ਼ਮੀਰ ਵਾਦੀ ਦੀਆਂ ਉਹਨਾਂ ਸਾਰੀਆਂ ਸ਼ਕਤੀਆਂ ਦੀ ਪੂਰਨ ਹਮਾਇਤ ਕਰਦਾ ਹੈ ਜਿਹੜੀਆਂ ਭਾਰਤ ਨਾਲ ਪੂਰਨ ਏਕਤਾ ਚਾਹੁੰਦੀਆਂ ਹਨ।'' 
ਭਾਰਤੀ ਜਨਤਾ ਪਾਰਟੀ ਦੀਆਂ ਲਾਲਸਾਵਾਂ ਕਸ਼ਮੀਰ 'ਤੇ ਕਿਵੇਂ ਝਪਟਣਾ ਚਾਹੁੰਦੀਆਂ ਸਨ, ਇਸ ਦੀ ਇੱਕ ਮਿਸਾਲ ਜੰਮੂ ਕਸ਼ਮੀਰ ਵਿੱਚ ਜੀ.ਐਸ.ਟੀ.(ਜਰਨਲ ਸਰਵਿਸਜ਼ ਟੈਕਸ) ਲਾਗੂ ਹੋਣ ਮੌਕੇ ਉਦੋਂ ਦੇ ਕੇਂਦਰੀ ਖਜ਼ਾਨਾ ਮੰਤਰੀ ਅਰੁਨ ਜੇਤਲੀ ਦੇ ਬਿਆਨ ਤੋਂ ਵੀ ਜ਼ਾਹਰ ਹੁੰਦੀ ਸੀ ਕਿ ਜੰਮੂ-ਕਸ਼ਮੀਰ ਨਾਲ ਵਿੱਤੀ ਰਲੇਵੇਂ (ਜੀ.ਐਸ.ਟੀ.) ਨਾਲ ਸਿਆਮਾ ਪ੍ਰਸਾਦ ਮੁਕਰਜੀ ਦਾ ਅੱਧਾ ਸੁਪਨਾ ਸਾਕਾਰ ਹੋ ਗਿਆ ਹੈ। ਜੋ ਕੁੱਝ ਹੁਣ ਬਾਕੀ ਹੈ ਉਹ ਹੈ ਸਿਆਸੀ ਰਲੇਵਾਂ, ਇਹ ਬੀ.ਜੇ.ਪੀ. ਦੀ ਅਗਵਾਈ ਵਿੱਚ ਢੁਕਵੇਂ ਸਮੇਂ 'ਤੇ ਸਾਕਾਰ ਹੋ ਜਾਵੇਗਾ।
ਜੰਮੂ-ਕਸ਼ਮੀਰ ਦੀ ਤੋੜ-ਭੰਨ ਕਰਕੇ ਇਸ 'ਤੇ ਮੁਕੰਮਲ ਕਬਜ਼ਾ ਕਰਨ ਦੀ ਨੀਤ ਭਾਰਤੀ ਜਨਤਾ ਪਾਰਟੀ ਦੀ ਚਿਰਾਂ ਤੋਂ ਅਖਤਿਆਰ ਕੀਤੀ ਨੀਤੀ ਦਾ ਸਿੱਟਾ ਹੈ। ਪਿਛਲੀਆਂ ਲੋਕ ਸਭਾਈ ਚੋਣਾਂ ਮੌਕੇ ਇਸ ਨੇ ''ਤੀਹਰੇ ਤਲਾਕ'', ਕਸ਼ਮੀਰ ਵਿੱਚ ਲਾਗੂ ''ਧਾਰਾ 370 ਤੇ 35-ਏ'' ਦੇ ਖਾਤਮੇ ਅਤੇ ਅਯੁੱਧਿਆ ਵਿਖੇ ਰਾਮ ਮੰਦਰ ਬਣਾਉਣ ਆਦਿ ਦੇ ਮੁੱਦਿਆਂ ਦੇ ਸਿਰ 'ਤੇ ਮੁੜ ਸੱਤਾ ਹਾਸਲ ਕੀਤੀ ਹੈ। ਇਸ ਨੇ ਪਾਕਿਸਤਾਨ ਅਤੇ ਮੁਸਲਮਾਨਾਂ ਵਿਰੁੱਧ ਜ਼ਹਿਰ ਗਲੱਛਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਪੁਲਵਾਮਾ ਹਮਲੇ ਤੋਂ ਪਿੱਛੋਂ ਇਸ ਨੇ ਪਾਕਿਸਤਾਨ ਵਿਰੋਧੀ ਜ਼ਹਿਰੀਲਾ ਪ੍ਰਚਾਰ ਕੀਤਾ। ਬਾਲਾਕੋਟ 'ਤੇ ਹਵਾਈ ਹਮਲੇ ਨੂੰ ''ਸਰਜੀਕਲ ਸਟਰਾਈਕ'' ਵਜੋਂ ਉਭਾਰ ਕੇ ਇਹ ਜਨੂੰਨ ਉਭਾਰਿਆ ਕਿ ਭਾਜਪਾ ਦੇ ਆਗੂ ''ਅੱਤਵਾਦੀਆਂ'' ਨੂੰ ਉਹਨਾਂ ਦੇ ਟਿਕਾਣਿਆਂ 'ਤੇ ਜਾ ਕੇ ਖਤਮ ਕਰ ਸਕਦੇ ਹਨ। ਇਹ ਕੁੱਝ ਦੂਸਰੇ ਦੇਸ਼ ਦੀ ਖੁਦਮੁਖਤਿਆਰੀ 'ਤੇ ਹਮਲਾ ਸੀ ਅਤੇ ਪਸਾਰਵਾਦੀ ਨੀਤੀ ਦਾ ਜ਼ਾਹਰਾ ਨਮੂਨਾ ਸੀ। 
ਅਕਾਲੀ ਦਲ ਬਾਦਲ ਵਰਗੇ ਖੇਤਰੀ ਟੋਲੇ
ਕੇਂਦਰੀ ਹਾਕਮਾਂ ਦੀ ਬੋਲੀ ਬੋਲੇ
5 ਅਗਸਤ 2019 ਨੂੰ ਭਾਰਤੀ ਪਾਰਲੀਮੈਂਟ ਵਿੱਚ ਪਾਸ ਕੀਤੇ ਕਾਨੂੰਨ ਦੀ ਜਿਵੇਂ ਭਾਰਤ ਦੀਆਂ ਅਨੇਕਾਂ ਖੇਤਰੀ ਵੋਟ-ਪਾਰਟੀਆਂ ਨੇ ਹਮਾਇਤ ਕੀਤੀ ਹੈ, ਇਸ ਤੋਂ ਜ਼ਾਹਰ ਹੁੰਦਾ ਹੈ ਕਿ ਭਾਰਤੀ ਹਾਕਮਾਂ ਨੇ ਕਿਸ ਹੱਦ ਤੱਕ ਇਹਨਾਂ ਪਾਰਟੀਆਂ ਨੂੰ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਘੜੀਸ ਲਿਆ ਹੈ। ਅਕਾਲੀ ਦਲ ਬਾਦਲ ਵਰਗੇ ਜਿਹੜੇ ਕਿਸੇ ਸਮੇਂ 'ਤੇ ਆਨੰਦਪੁਰ ਸਾਹਿਬ ਦੇ ਮਤੇ, ਸੂਬਿਆਂ ਨੂੰ ਵੱਧ ਅਧਿਕਾਰ, ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕਰਨ, ਦਰਿਆਈ ਪਾਣੀਆਂ ਦੇ ਮਸਲੇ, ਸਿੱਖਾਂ ਦੀ ਧਾਰਮਿਕ ਘੱਟ ਗਿਣਤੀ ਵਜੋਂ ਝੰਡਾਬਰਦਾਰ ਹੋਣ ਦੇ ਦਮਗਜ਼ੇ ਮਾਰਦੇ ਰਹਿੰਦੇ ਸਨ, ਉਹ ਹੁਣ ਇਸ ਹਮਾਮ ਵਿੱਚ ਸ਼ਰੇਆਮ ਨੰਗੇ ਹੋ ਗਏ ਹਨ। ਹਾਲਤਾਂ ਨੇ ਉਹਨਾਂ ਦਾ ਕਿਰਦਾਰ ਉਘਾੜ ਕੇ ਰੱਖ ਦਿੱਤਾ ਹੈ ਕਿ ਹੁਣ ਆਰ.ਐਸ.ਐਸ. ਦੇ ਹੱਥਠੋਕੇ ਹੋਣ ਤੋਂ ਸਿਵਾਏ ਹੋਰ ਕੁੱਝ ਨਹੀਂ ਰਹੇ। 
ਭਾਰਤੀ ਜਨਤਾ ਪਾਰਟੀ ਵੱਲੋਂ ਕਸ਼ਮੀਰ ਵਿੱਚ ਧਾਰਾ 370 ਅਤੇ 35-ਏ ਖਤਮ ਨੂੰ ਇਉਂ ਪ੍ਰਚਾਰਿਆ ਜਾ ਰਿਹਾ ਹੈ ਕਿ ਜੋ ਕੁੱਝ ਕਾਂਗਰਸ ਪਾਰਟੀ ਪਿਛਲੇ 70 ਸਾਲਾਂ ਵਿੱਚ ਨਹੀਂ ਸੀ ਕਰ ਸਕੀ ਭਾਜਪਾ ਨੇ ਉਹ ਕੁੱਝ ਮਿੰਟਾਂ ਵਿੱਚ ਹੀ ਕਰ ਦਿੱਤਾ ਹੈ। ਪਰ ਇਸ ਸਮੇਂ ਜੋ ਕੁੱਝ ਐਲਾਨਿਆ ਗਿਆ ਹੈ ਕਿ ਕਸ਼ਮੀਰ ਨੂੰ ਵਿਸ਼ੇਸ਼ ਦਰਜ਼ਾ ਅਤੇ ਸਹੂਲਤਾ ਮੁਹੱਈਆ ਕਰਦੀਆਂ ਧਾਰਾਵਾਂ ਖਤਮ ਕੀਤੇ ਜਾਣ ਨਾਲ ''ਅੱਤਵਾਦ'' ਦਾ ਖਾਤਮਾ ਹੋ ਜਾਵੇਗਾ, ਇਹ ਹਕੀਕਤ ਵਿੱਚ ਕੁੱਝ ਹੋਣ ਵਾਲਾ ਨਹੀਂ। ਇਸਦਾ ਕਾਰਨ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਿਹਨਾਂ ਨੂੰ ਅੱਤਵਾਦੀ ਗਰਦਾਨ ਰਹੀ ਹੈ, ਉਹਨਾਂ ਦਾ ਵੱਡਾ ਹਿੱਸਾ ਖੁਦ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਦੇ ਲੋਕ ਹਨ, ਜਿਹੜੇ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਹਨ। 1947 ਤੋਂ ਪਹਿਲਾਂ ਕਸ਼ਮੀਰ—ਨੇਪਾਲ ਅਤੇ ਭੂਟਾਨ ਵਾਂਗ ਹੀ— ਇੱਕ ਵੱਖਰਾ ਦੇਸ਼ ਸੀ, ਜਿਸ 'ਤੇ ਭਾਰਤੀ ਅਤੇ ਪਾਕਿਸਤਾਨੀ ਹਾਕਮਾਂ ਨੇ ਆਪੋ ਆਪਣੀਆਂ ਗਿਣਤੀਆਂ ਤਹਿਤ ਕਬਜ਼ਾ ਕਰ ਲਿਆ। 
ਜੰਮੂ-ਕਸ਼ਮੀਰ ਦੇ ਲੋਕਾਂ 'ਤੇ ਭਾਰਤੀ ਹਾਕਮਾਂ ਵੱਲੋਂ ਕੀਤਾ ਗਿਆ ਹਮਲਾ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਦੀ ਤਿਆਰੀ ਵੱਲ ਚੁੱਕਿਆ ਗਿਆ ਕਦਮ ਹੈ, ਜਿਸ ਤਹਿਤ ਇਸ ਦੇਸ਼ ਵਿੱਚ ਬਾਕੀ ਧਰਮਾਂ ਵਾਲੇ ਲੋਕ ਹਿੰਦੂ ਧਰਮ ਦੀ ਤਾਬਿਆਦਾਰੀ ਵਿੱਚ ਰਹਿਣਗੇ। ਆਰ.ਐਸ.ਐਸ. ਦੇ ਮਨਸ਼ੇ ਦੀ ਪੂਰਤੀ ਲਈ ਭਾਜਪਾਈ ਹਾਕਮਾਂ ਵੱਲੋਂ ਜਿੱਥੇ ਪਹਿਲਾਂ ਕਸ਼ਮੀਰ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਜਾਣਾ ਹੈ, ਉਸ ਤੋਂ ਬਾਅਦ ਵਿੱਚ ਇਹਨਾਂ ਨੇ ਮੱਧ ਭਾਰਤ ਵਿੱਚ ਚੱਲ ਰਹੀ ਮਾਓਵਾਦੀ ਲਹਿਰ ਨੂੰ ਕੁਚਲਣ ਲਈ ਤਾਣ ਲਾਉਣਾ ਹੈ ਤੇ ਉਸ ਉਪਰੰਤ ਦੇਸ਼ ਦੇ ਉੱਤਰ-ਪੂਰਬੀ ਸੂਬਿਆਂ ਦੀ ਕੌਮੀ ਮੁਕਤੀ ਦੀ ਆਜ਼ਾਦੀ ਦੀ ਲੜਾਈ ਨੂੰ ਕੁਚਲਣਾ ਹੈ। 
ਆਜ਼ਾਦੀ ਦੀ ਲੜਾਈ ਲੜਨ ਵਾਲੇ ਅੱਤਵਾਦੀ ਨਹੀਂ ਬਲਕਿ ਆਜ਼ਾਦੀ ਦੀ ਸ਼ਮ੍ਹਾਂ ਦੇ ਪ੍ਰਵਾਨੇ ਹੁੰਦੇ ਹਨ। ਹੁਣ ਤੱਕ ਜੇਕਰ ਇਸ ਆਜ਼ਾਦੀ ਦੀ ਸ਼ਮ੍ਹਾਂ 'ਤੇ ਜ਼ਿਆਦਾਤਰ ਨੌਜਵਾਨ ਲੜਕੇ ਆਉਂਦੇ ਰਹੇ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਪਾਕਿਸਤਾਨ ਦੇ ਬਲੋਚਸਤਾਨ ਅਤੇ ਭਾਰਤ ਦੇ ਕੇਂਦਰੀ ਖੇਤਰਾਂ ਵਿੱਚ ਲੜੀ ਜਾਣ ਵਾਲੀ ਲੜਾਈ ਵਿੱਚ ਜਿਵੇਂ ਨੌਜਵਾਨ ਕੁੜੀਆਂ ਜੰਗ ਦੇ ਮੈਦਾਨ ਵਿੱਚ ਜੂਝਦੀਆਂ ਹਨ, ਉਸੇ ਹੀ ਤਰ੍ਹਾਂ ਕਸ਼ਮੀਰੀ ਨੌਜਵਾਨ ਲੜਕੀਆਂ ਆਉਣ ਵਾਲੇ ਮੈਦਾਨੇ ਜੰਗ ਵਿੱਚ ਆਪਣੇ ਜ਼ੌਹਰ ਵਿਖਾਉਣਗੀਆਂ। ਜਿਸ ਤਰ੍ਹਾਂ ਕਿਸੇ ਵੇਲੇ ਅਫਗਾਨੀ ਲੋਕਾਂ ਨੇ ਆਪਣੀ ਮੁਕਤੀ ਦੀ ਖਾਤਰ ਲਮਕਵੇਂ ਯੁੱਧ ਰਾਹੀਂ ਰੂਸੀ ਸਾਮਰਾਜੀਆਂ ਨੂੰ ਬਾਹਰ ਕੱਢ ਮਾਰਿਆ ਸੀ, ਉਸੇ ਹੀ ਤਰ੍ਹਾਂ ਕਸ਼ਮੀਰੀ ਲੋਕ ਭਾਰਤੀ ਹਾਕਮਾਂ ਦੇ ਨਾਸੀਂ ਧੂੰਆਂ ਲਿਆਉਂਦੇ ਹੋਏ ਇਹਨਾਂ ਨੂੰ ਕਸ਼ਮੀਰ ਦੀ ਖੂਬਸੂਰਤ ਸਰਜ਼ਮੀਨ ਤੋਂ ਵਗਾਹ ਮਾਰਨਗੇ।
ਭਾਰਤ ਅੰਦਰਲੀਆਂ ਸਭੈ ਹੀ ਕਮਿਊਨਿਸਟ-ਇਨਕਲਾਬੀ, ਇਨਕਲਾਬੀ-ਜਮਹੂਰੀ, ਲੋਕ-ਪੱਖੀ, ਤਰਕਸ਼ੀਲ, ਅਗਾਂਹਵਧੂ, ਇਨਸਾਫ-ਪਸੰਦ ਸ਼ਕਤੀਆਂ, ਮਜ਼ਦੂਰਾਂ-ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀ, ਨੌਜਵਾਨਾਂ, ਬੁੱਧੀਜੀਵੀਆਂ ਅਤੇ ਦੇਸ਼ ਭਗਤ ਤਾਕਤਾਂ ਨੂੰ ਚਾਹੀਦਾ ਹੈ ਕਿ ਉਹ ਭਾਰਤੀ ਹਾਕਮਾਂ ਦੇ ਕੂੜ ਦਾ ਪਰਦਾਫਾਸ਼ ਕਰਦੇ ਹੋਏ, ਕਸ਼ਮੀਰੀ ਲੋਕਾਂ ਦੇ ਪੱਖ ਵਿੱਚ ਆਪਣੀ ਇਨਕਲਾਬੀ-ਜਮਹੂਰੀ ਆਵਾਜ਼ ਜ਼ੋਰਦਾਰ ਢੰਗ ਨਾਲ ਪ੍ਰਗਟ ਕਰਨ ਅਤੇ ਜਿਸ ਵੀ ਥਾਂ 'ਤੇ ਉਹ ਹਨ, ਉਸੇ ਹੀ ਥਾਂ 'ਤੇ ਜਮਾਤੀ ਘੋਲ ਤੇਜ਼ ਕਰਦੇ ਹੋਏ ਕਸ਼ਮੀਰੀ ਲੋਕਾਂ ਪ੍ਰਤੀ ਆਪਣੇ ਕੌਮਾਂਤਰੀ ਫਰਜ਼ਾਂ ਨੂੰ ਪੂਰਿਆਂ ਕਰਨ।

ਭਾਰਤੀ ਆਰਥਿਕਤਾ ਸੰਸਾਰ ਮੰਦਵਾੜੇ ਦੀ ਮਾਰ ਹੇਠ


ਭਾਰਤੀ ਆਰਥਿਕਤਾ ਸੰਸਾਰ ਮੰਦਵਾੜੇ ਦੀ ਮਾਰ ਹੇਠ
ਮੋਦੀ ਹਕੂਮਤ ਨੇ ਪਿਛਲੀ ਲੋਕ ਸਭਾ ਚੋਣਾਂ ਜਿੱਤਣ ਲਈ ਇਹ ਝੂਠ ਮਾਰਿਆ ਸੀ ਕਿ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ ਵਿਕਾਸ ਦਰ 7 ਫੀਸਦੀ ਤੋਂ ਵਧੇਰੇ ਹੈ, ਇਸ ਤਰ੍ਹਾਂ ਭਾਰਤ ਫਰਾਂਸ ਨੂੰ ਪਿੱਛੇ ਛੱਡਦਾ ਹੋਇਆ, ਅਮਰੀਕਾ ਅਤੇ ਚੀਨ ਤੋਂ ਬਾਅਦ ਵਿੱਚ ਦੁਨੀਆਂ ਤੀਜੀ ਵਿਕਾਸਸ਼ੀਲ ਆਰਥਿਕਤਾ ਵਜੋਂ ਵਿਕਸਤ ਹੋ ਰਿਹਾ ਹੈ। ਪਰ ਹੁਣ ਜਾਰੀ ਹੋਏ ਤਾਜ਼ਾ ਅੰਕੜਿਆਂ ਮੁਤਾਬਿਕ ਪਿਛਲੇ 6 ਸਾਲਾਂ ਤੋਂ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ ਫੀਸਦੀ ਲਗਾਤਾਰ ਘਟਦੀ ਆ ਰਹੀ ਹੈ। 2014 'ਚ ਜਦੋਂ ਤੋਂ ਮੋਦੀ ਹਕੂਮਤ ਸੱਤਾ 'ਤੇ ਬਿਰਾਜਮਾਨ ਹੋਈ ਹੈ, ਇਸ ਦੀ ਆਮਦਨ ਅਤੇ ਖਰਚੇ ਵਿੱਚ ਪਾੜਾ ਵਧਦਾ ਜਾ ਰਿਹਾ ਹੈ। ਸਾਲ 2019-20 ਦੀ ਪਹਿਲੀ ਤਿਮਾਹੀ ਵਿੱਚ ਵਿਕਾਸ ਦਰ 5 ਫੀਸਦੀ ਦੇ ਹਿਸਾਬ ਨਾਲ ਸਭ ਤੋਂ ਹੇਠਾਂ ਗਈ ਹੈ। ਜੁਲਾਈ ਮਹੀਨੇ ਦੇ ਅਖੀਰ ਵਿੱਚ ਵਿੱਤੀ ਪਾੜਾ 5,47,605 ਕਰੋੜ ਨੂੰ ਜਾ ਪਹੁੰਚਿਆ। ਇੱਕ ਸਾਲ ਪਹਿਲਾਂ ਬੱਜਟ ਵਿੱਚ ਵਿੱਤੀ ਘਾਟਾ 86.5 ਫੀਸਦੀ ਸੀ। ਸਰਕਾਰ ਦੇ ਵਧਦੇ ਵਿੱਤੀ ਪਾੜੇ ਦਾ ਮਤਲਬ ਹੈ ਕਿ ਸਰਕਾਰ ਦੀ ਆਮਦਨ ਨਾਲੋਂ ਖਰਚ ਵਧੇਰੇ ਹੋ ਰਹੇ ਹਨ। 
ਅਗਸਤ ਦੇ ਅਖੀਰਲੇ ਸਰਕਾਰ ਨੇ ਰਿਜ਼ਰਵ ਬੈਂਕ ਆਫ ਇੰਡੀਆ ਵਿੱਚੋਂ 1.76 ਲੱਖ ਕਰੋੜ ਬੈਂਕ ਖਾਤਿਆਂ ਵਿੱਚ ਪਾ ਕੇ ਇਹਨਾਂ ਨੂੰ ਚੱਲਦੇ ਰੱਖਣ ਦਾ ਯਤਨ ਕੀਤਾ ਹੈ। ਪਰ ਸਰਕਾਰ ਦੇ ਇਹ ਹੀਲੇ ਕਿਸੇ ਵੀ ਤਰ੍ਹਾਂ ਬੈਂਕਾਂ ਨੂੰ ਸਮਰੱਥ ਬਣਾ ਸਕਣ ਦੇ ਯੋਗ ਨਹੀਂ ਨਿੱਬੜਦੇ। 2018-19 'ਚ ਰਿਜ਼ਰਵ ਬੈਂਕ ਦੀ ਇੱਕ ਰਿਪੋਰਟ ਮੁਤਾਬਕ ਬੈਂਕ ਘੁਟਾਲੇ 15 ਫੀਸਦੀ ਤੱਕ ਜਾ ਪਹੁੰਚੇ ਹਨ। ਵੱਟੇ-ਖਾਤੇ ਪਾਏ ਗਏ ਅਸਾਸਿਆਂ ਦਾ ਘਾਟਾ ਮਾਰਚ 2019 ਤੱਕ 7.9 ਲੱਖ ਕਰੋੜ ਰੁਪਏ ਅੰਗਿਆ ਗਿਆ ਹੈ। ਸਰਕਾਰ ਨੇ ਡੁੱਬਦੇ ਬੈਂਕਿੰਗ ਪ੍ਰਬੰਧ ਨੂੰ ਬਚਾਉਣ ਲਈ 10 ਬੈਂਕਾਂ ਦਾ ਰਲੇਵਾਂ ਕਰਕੇ 4 ਬੈਂਕਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਪਹਿਲਾਂ ਦੀਆਂ 27 ਜਨਤਕ ਬੈਂਕਾਂ ਗਿਣਤੀ ਹੁਣ 12 ਤੱਕ ਮਹਿਦੂਦ ਕਰ ਦਿੱਤੀ ਗਈ ਹੈ। ਸਰਕਾਰ ਦਾ ਦਾਅਵਾ ਹੈ ਕਿ ਬੈਂਕਾਂ ਕੋਲ ਜਮ੍ਹਾਂ ਪੂੰਜੀ ਵਧੇਰੇ ਹੋਣ ਕਰਕੇ ਹੁਣ ਉਹ ਪਹਿਲਾਂ ਦੇ ਮੁਕਾਬਲੇ ਵਧੇਰੇ ਕਰਜ਼ੇ ਮੁਹੱਈਆ ਕਰ ਸਕਣਗੀਆਂ। ਜੇਕਰ ਬੈਂਕਾਂ ਦੀ ਪਿਛਲੀ ਕਾਰਗੁਜਾਰੀ ਨੂੰ ਆਧਾਰ ਮੰਨੀਏ ਤਾਂ ਪਹਿਲਾਂ ਦੇ ਮੁਕਾਬਲੇ ਵਧੇਰੇ ਕਰਜ਼ੇ ਦੇਣ ਦਾ ਮਤਲਬ ਪਹਿਲਾਂ ਦੇ ਮੁਕਾਬਲੇ ਵੱਡੇ ਘਪਲੇ ਅਤੇ ਨਾ ਮੁੜਨ ਵਾਲੀਆਂ ਰਕਮਾਂ ਵਿੱਚ ਕਿਤੇ ਵਾਧਾ ਹੋਣਾ ਬਣ ਜਾਣਾ ਹੈ। 
ਮੋਦੀ ਹਕੂਮਤ ਨੇ 1.76 ਲੱਖ ਕਰੋੜ ਦੀ ਜਿਹੜੀ ਰਾਸ਼ੀ ਬੈਂਕਾਂ ਨੂੰ ਦੇਣ ਦਾ ਐਲਾਨ ਕੀਤਾ ਹੈ, ਇਹ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ ਦਾ 1 ਫੀਸਦੀ ਬਣਦੀ ਹੈ। ਪਰ ਇਹ ਸਾਰੇ ਦਾ ਸਾਰਾ ਪੈਸਾ ਬੈਂਕਾਂ ਦੇ ਖਾਤੇ ਵਿੱਚ ਨਹੀਂ ਜਾ ਰਿਹਾ ਬਲਕਿ ਇਸ ਵਿੱਚੋਂ 28000 ਕਰੋੜ ਰੁਪਏ ਪਿਛਲੇ ਬੱਜਟ ਘਾਟੇ ਨੇ ਛਕ ਲੈਣੇ ਹਨ। 90000 ਕਰੋੜ ਰੁਪਏ ਜੁਲਾਈ ਵਿਚਲੇ ਬੱਜਟ ਦੇ ਘਾਟੇ ਨੇ ਚਟਮ ਕਰ ਜਾਣੇ ਹਨ। ਬਾਕੀ ਜਿਹੜੀ 58000 ਕਰੋੜ ਦੀ ਰਾਸ਼ੀ ਬਣਦੀ ਹੈ, ਉਹ ਅਗਲੇ ਬੱਜਟ ਦੇ ਲੇਖੇ ਲੱਗ ਜਾਣੀ ਹੈ। ਯਾਨੀ ਗੱਲ ਕਰਨੀ ਹੋਵੇ ਤਾਂ ਇਹ ਕਿ ਸਰਕਾਰ ਦਾ ਮਾਲੀਆ ਘਟਦਾ ਜਾ ਰਿਹਾ ਹੈ, ਖਰਚੇ ਵਧਦੇ ਜਾ ਰਹੇ ਹਨ। ਮੋਦੀ ਹਕੂਮਤ ਨੇ 1.05 ਲੱਖ ਕਰੋੜ ਰੁਪਏ ਦੀ ਜਾਇਦਾਦ ਵੇਚਣ ਦੀ ਯੋਜਨਾ ਬਣਾਈ ਹੋਈ ਹੈ, ਜੇਕਰ ਇਹ ਸਿਰੇ ਨਾ ਲੱਗੀ ਤਾਂ ਵਿੱਤੀ ਘਾਟਾ ਪਹਿਲਾਂ ਦੇ ਮੁਕਾਬਲੇ ਕਿਤੇ ਵਧੇਰੇ ਹੋਣ ਦੀ ਸੰਭਾਵਨਾ ਹੈ। ਜਨਰਲ ਸਰਵਿਸ ਟੈਕਸ ਵਿੱਚ ਭਾਰੀ ਸਖਤਾਈ ਦੇ ਬਾਵਜੂਦ ਵੀ ਇਸਦੀ ਆਮਦਨ ਵਿੱਚ ਕਮੀ ਨੋਟ ਕੀਤੀ ਗਈ ਹੈ। ਜੁਲਾਈ ਮਹੀਨੇ ਜੀ.ਐਸ.ਟੀ. ਦੀ ਜਿਹੜੀ ਉਗਰਾਹੀ 1.02 ਲੱਖ ਕਰੋੜ ਰੁਪਏ ਸੀ, ਉਹ ਅਗਸਤ ਵਿੱਚ ਘਟ ਕੇ 98,202 ਕਰੋੜ ਰੁਪਏ ਰਹਿ ਗਈ। 
ਭਾਰਤ ਦੀ ਕੁੱਲ ਘਰੇਲੂ ਪੈਦਾਵਾਰ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ 5 ਫੀਸਦੀ ਹੋਈ ਹੈ, ਜੋ ਕਿ ਪਿਛਲੇ ਛੇ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਹੈ। ਪਿਛਲੇ ਸਾਲ ਦੀ ਆਖਰੀ ਤਿਮਾਹੀ ਵਿੱਚ ਇਹ 5.8 ਮੰਨੀ ਗਈ ਸੀ। ਖਪਤ ਦੀ ਮੰਗ ਅਤੇ ਨਿਵੇਸ਼ ਦਰ ਦੋਵਾਂ ਵਿੱਚ ਹੀ ਕਮੀ ਦਰਜ਼ ਹੋਈ ਹੈ। ਉਂਝ ਤਾਂ ਭਾਰਤੀ ਹਕੂਮਤ ਨੇ ਆਪਣੇ ਆਪ ਹੀ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਕੁੱਲ ਘਰੇਲੂ ਪੈਦਾਵਾਰ ਦੀ ਵਿਕਾਸ ਦਰ 6.6 ਫੀਸਦੀ ਤੋਂ ਘਟਾ ਕੇ 5.8 ਫੀਸਦੀ ਹੋਣ ਦਾ ਅਨੁਮਾਨ ਲਾਇਆ ਸੀ। ਪਰ ਤੱਥਾਂ ਨੇ ਹਕੀਕਤ ਇਹ ਸਾਹਮਣੇ ਲਿਆਂਦੀ ਕਿ ਇਹ 5 ਫੀਸਦੀ ਤੋਂ ਘੱਟ ਰਹਿ ਗਈ। ਜਨਤਕ ਪ੍ਰਬੰਧਨ ਅਤੇ ਫੌਜੀ ਖਰਚੇ ਬਹੁਤ ਜ਼ਿਆਦਾ ਹਨ। ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਸਨਅਤੀ ਉਤਪਾਦਨ ਦੇ ਵਿਕਾਸ ਦੀ ਦਰ ਸਿਰਫ 0.6 ਫੀਸਦੀ ਨੋਟ ਕੀਤੀ ਗਈ ਹੈ, ਜਦੋਂ ਕਿ ਪਿਛਲੇ ਸਾਲ 12.1 ਫੀਸਦੀ ਸੀ। ਉਸਾਰੀ ਖੇਤਰ ਵਿੱਚ ਵਿਕਾਸ ਦਰ ਪਹਿਲਾਂ ਦੀ ਤਿਮਾਹੀ ਵਿੱਚ 9.6 ਫੀਸਦੀ ਦੇ ਮੁਕਾਬਲੇ 5.7 ਫੀਸਦੀ ਰਹਿ ਗਈ ਹੈ। ਖੇਤੀ, ਜੰਗਲਾਤ ਅਤੇ ਮੱਛੀ ਦੀ ਪੈਦਾਵਾਰ ਪਿਛਲੇ ਸਾਲ 5.1 ਫੀਸਦੀ ਦੇ ਮੁਕਾਬਲੇ 2.0 ਫੀਸਦੀ ਰਹਿ ਗਈ। ਕੁੱਲ ਮਿਲਾ ਕੇ ਗੱਲ ਕਰਨੀ ਹੋਵੇ ਤਾਂ ਅੱਠ ਮਹੱਤਵਪੂਰਨ ਖੇਤਰਾਂ- ਸਨਅਤੀ ਪੈਦਾਵਾਰ, ਵਪਾਰ, ਹੋਟਲ, ਢੋਆ-ਢੁਆਈ, ਸੰਚਾਰ ਅਤੇ ਪ੍ਰਸਾਰਨ, ਉਸਾਰੀ ਤੇ ਖੇਤੀਬਾੜੀ- ਵਿੱਚ ਗਿਰਾਵਟ ਦਰਜ ਹੋਈ ਹੈ। ਕਾਰਾਂ, ਦੁਪਹੀਆ ਵਾਹਨਾਂ ਦੀ ਪੈਦਾਵਾਰ ਅਤੇ ਰੇਲਵੇ ਢੋਆ-ਢੁਆਈ ਵਿੱਚ ਵਿਆਪਕ ਕਮੀ ਹੋਈ ਹੈ। ਪਿਛਲੇ ਸਾਲ ਦੀ ਆਖਰੀ ਤਿਮਾਹੀ ਦੀ ਨਿੱਜੀ ਖਪਤਕਾਰੀ ਮੰਗ 10.6 ਫੀਸਦੀ ਦੇ ਮੁਕਾਬਲੇ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ 3.1 ਫੀਸਦੀ ਰਹਿ ਗਈ ਹੈ। 
ਆਟੋ ਮੋਬਾਈਲ ਸਨਅੱਤ ਦੀ ਪੈਦਾਵਾਰ ਵਿੱਚ ਅਗਸਤ ਮਹੀਨੇ ਭਾਰੀ ਕਮੀ ਆਈ ਹੈ। ਮਾਰੂਤੀ ਸੁਜ਼ੂਕੀ ਦੇ ਘਰੇਲੂ ਸਵਾਰੀ ਵਾਹਨਾਂ ਦੀ ਪੈਦਾਵਾਰ ਵਿੱਚ 36 ਫੀਸਦੀ ਅਤੇ ਹੌਂਡਾ ਕਾਰਾਂ ਵਿੱਚ 51 ਫੀਸਦੀ ਗਿਰਾਵਟ ਆਈ ਹੈ। ਟੋਇਟਾ ਵਿੱਚ 24 ਫੀਸਦੀ ਅਤੇ ਹਾਈਊਂਡੀ ਮੋਟਰ ਵਿੱਚ 16.58 ਫੀਸਦੀ ਦੀ ਕਮੀ ਹੋਈ ਹੈ। ਵੈਗਨ-ਆਰ ਕਾਰਾਂ ਦੀ ਪੈਦਾਵਾਰ 71.8 ਫੀਸਦੀ ਘੱਟ ਹੋਈ ਹੈ। ਸਿਆਜ਼ ਕਾਰਾਂ ਦੀ ਪੈਦਾਵਾਰ ਵਿੱਚ 77 ਫੀਸਦੀ ਕਮੀ ਦਰਜ਼ ਹੋਈ ਹੈ। ਮਹਿੰਦਰਾ ਟਰੈਕਟਰਾਂ ਦੀ ਪੈਦਾਵਾਰ 17 ਫੀਸਦੀ ਘਟੀ ਹੈ। ਇਸੇ ਹੀ ਤਰ੍ਹਾਂ ਦੋ-ਪਹੀਆ ਅਤੇ ਤਿੰਨ-ਪਹੀਆ ਵਾਹਨਾਂ ਦੀ ਪੈਦਾਵਾਰ ਵਿੱਚ ਭਾਰੀ ਕਮੀ ਦਰਜ਼ ਕੀਤੀ ਗਈ ਹੈ। ਪੇਂਡੂ ਖੇਤਰਾਂ ਵਿੱਚ ਦੋ-ਪਹੀਆ ਵਾਹਨਾਂ ਦੀ ਵਿਕਰੀ ਘਟਦੀ ਜਾ ਰਹੀ ਹੈ। ਇਸ ਸਮੇਂ ਆਟੋ ਮੋਬਾਈਲ ਸਨਅੱਤ ਦੀ ਪੈਦਾਵਾਰ ਵਿੱਚ ਗਿਰਾਵਟ ਕਾਰਨ 3.5 ਲੱਖ ਮਜ਼ਦੂਰਾਂ ਦੀਆਂ ਨੌਕਰੀਆਂ ਖੁੱਸ ਗਈਆਂ ਹਨ। 
ਭਾਰਤ ਦੀ ਕੁੱਲ ਘਰੇਲੂ ਪੈਦਾਵਾਰ ਦੀ ਵਿਕਾਸ ਦਰ ਦੇ ਨਿਵਾਣਾਂ ਵਿੱਚ ਜਾਣ ਦੇ ਕਾਰਨਾਂ ਦੀ ਵਿਆਖਿਆ ਕਰਦੇ ਹੋਏ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਾ ਮੂਰਤੀ ਸੁਬਰਾਮਨੀਅਮ ਨੇ ਆਖਿਆ ਕਿ ''ਭਾਵੇਂ ਪਹਿਲੀ ਤਿਮਾਹੀ ਦੀ ਕੁੱਲ ਘਰੇਲੂ ਪੈਦਾਵਾਰ ਨੇ ਕੁੱਝ ਹਾਂ ਪੱਖ ਵਿਖਾਏ ਹਨ, ਪਰ ਇਹ ਜ਼ਾਹਰ ਕਰਦੀ ਹੈ ਕਿ ਮੰਦਵਾੜਾ ਆ ਗਿਆ ਹੈ। ਇਸ ਲਈ ਘਰੇਲੂ ਅਤੇ ਬਾਹਰੀ ਕਾਰਕ ਜੁੰਮੇਵਾਰ ਹਨ। ਇਸ ਲਈ ਖਾਸ ਕਰਕੇ ਸੰਸਾਰ ਦੀਆਂ ਵਿਕਸਤ ਆਰਥਿਕਤਾਵਾਂ ਵਿਚਲੇ ਮੰਦਵਾੜੇ ਦੀਆਂ  ਹਾਲਤਾਂ ਜੁੰਮੇਵਾਰ ਹਨ, ਜਿਵੇਂ ਕਿ ਭਾਰਤ-ਅਮਰੀਕੀ ਵਪਾਰਕ ਖਿੱਚੋਤਾਣ ਵਗੈਰਾ ਵਗੈਰਾ।''

ਇਰਾਨ ਦੇ ਤੇਲ 'ਤੇ ਕਬਜ਼ੇ ਲਈ ਵਰਤੇ ਜਾ ਰਹੇ ਕਮੀਨੇ ਹੱਥਕੰਡੇ

ਅਮਰੀਕੀ ਸਾਮਰਾਜੀਆਂ ਵੱਲੋਂ 
ਇਰਾਨ ਦੇ ਤੇਲ 'ਤੇ ਕਬਜ਼ੇ ਲਈ ਵਰਤੇ ਜਾ ਰਹੇ ਕਮੀਨੇ ਹੱਥਕੰਡੇ
ਇਰਾਨ 'ਤੇ ਆਰਥਿਕ ਪਾਬੰਦੀਆਂ ਲਾਉਣ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੋਰਾ ਝੂਠ ਮਾਰਿਆ ਹੈ ਕਿ ਇਰਾਨ ਪ੍ਰਮਾਣੂੰ ਬੰਬ ਤਿਆਰ ਕਰ ਰਿਹਾ ਹੈ। ਇਰਾਨ ਨਾਲ 2015 ਦੇ ਹੋਏ ਸਮਝੌਤੇ ਮੁਤਾਬਕ ਅਮਰੀਕੀ ਅਧਿਕਾਰੀਆਂ ਸਮੇਤ, ਸੰਯੁਕਤ ਰਾਸ਼ਟਰ ਸੰਘ ਅਤੇ ਯੂਰਪੀ ਯੂਨੀਅਨ ਦੇ ਦੇਸ਼ਾਂ ਨੂੰ ਇਹ ਛੋਟ ਦਿੱਤੀ ਹੋਈ ਸੀ ਕਿ ਉਹ ਕਦੇ ਵੀ ਇਰਾਨ ਦੇ ਕਿਸੇ ਵੀ ਪਲਾਂਟ ਦੀ ਜਦੋਂ ਮਰਜੀ ਜਾਂਚ-ਪੜਤਾਲ ਕਰਨੀ ਚਾਹੁੰਣ ਕਰ ਸਕਦੇ ਹਨ। ਪਹਿਲਾਂ ਸਮਝੌਤੇ ਮੌਕੇ ਵੀ ਸੰਸਾਰ ਪੱਧਰੀਆਂ ਪੜਤਾਲ ਏਜੰਸੀਆਂ ਨੇ ਇਰਾਨ ਦੇ ਪ੍ਰਮਾਣੂੰ ਪਲਾਂਟਾਂ ਦੀ ਭਰਵੀਂ ਘੋਖ-ਪੜਤਾਲ ਕੀਤੀ ਸੀ, ਉਦੋਂ ਅਜਿਹਾ ਕੁੱਝ ਉੱਕਾ ਹੀ ਬਰਾਮਦ ਨਹੀਂ ਸੀ ਹੋਇਆ ਅਤੇ ਬਾਅਦ ਵਿੱਚ ਹੋਏ ਸਮਝੌਤੇ ਮੁਤਾਬਕ ਹਰ ਤਿੰਨ ਮਹੀਨਿਆਂ ਬਾਅਦ ਜਾਂਚ-ਰਿਪੋਰਟ ਬਾਕਾਇਦਾ ਭੇਜੀ ਜਾਂਦੀ ਰਹੀ ਹੈ- ਉਬਾਮਾ ਪ੍ਰਸਾਸ਼ਨ ਸਮੇਤ ਸੰਯੁਕਤ ਰਾਸ਼ਟਰ ਅਤੇ ਯੂਰਪੀ ਯੂਨੀਅਨ ਦੇ ਕਿਸੇ ਵੀ ਹਿੱਸੇ ਨੂੰ ਉਸ 'ਤੇ ਕਦੇ ਕੋਈ ਉਜਰ ਨਹੀਂ ਸੀ ਹੋਇਆ। 
ਆਰਥਿਕ ਮੰਦਵਾੜੇ ਦੀ 
ਮਾਰ ਹੇਠ ਆਇਆ ਅਮਰੀਕਾ
ਜਦੋਂ ਦੂਹਰੀ-ਚੌਹਰੀ ਲੁੱਟ-ਖੋਹ ਦੇ ਬਾਵਜੂਦ ਅਮਰੀਕੀ ਮਹਾਂਸ਼ਕਤੀ ਆਪਣੇ ਫੌਜੀ ਬੱਜਟਾਂ ਦੀ ਮਾਰ ਹੇਠ ਡੁੱਬਦੀ ਜਾ ਰਹੀ ਸੀ ਤਾਂ ਇਸ ਨੇ ਦੁਨੀਆਂ ਭਰ ਵਿਚਲੇ ਮੁੱਖ ਸ਼ਕਤੀ ਸਰੋਤ ਪੈਟਰੋਲੀਅਮ ਪਦਾਰਥਾਂ 'ਤੇ ਕਬਜ਼ਾ ਕਰਨ ਹਿੱਤ ਪਹਿਲਾਂ ਅਫਗਾਨਿਸਤਾਨ, ਫੇਰ ਇਰਾਕ ਤੋਂ ਬਾਅਦ ਵਿੱਚ ਲਿਬੀਆ 'ਤੇ ਫੌਜੀ ਧਾਵੇ ਬੋਲ ਕੇ ਇਹਨਾਂ ਦੇਸ਼ਾਂ ਦੀਆਂ ਹਕੂਮਤਾਂ ਨੂੰ ਤਹਿਸ਼-ਨਹਿਸ਼ ਕੀਤਾ।
ਦੁਨੀਆਂ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਦੇਸ਼ ਸਾਊਦੀ ਅਰਬ ਪਹਿਲਾਂ ਹੀ ਅਮਰੀਕੀ ਸਾਮਰਾਜੀਆਂ ਦੀ ਤਾਬੇਦਾਰੀ ਵਿੱਚ ਚੱਲਦਾ ਹੈ। ਦੂਸਰਾ ਨੰਬਰ ਇਰਾਕ ਦਾ ਆਉਂਦਾ ਹੈ। ਤੇਲ ਉਤਪਾਦਨ ਵਿੱਚ ਵੈਨਜ਼ੂਏਲਾ ਅਤੇ ਇਰਾਨ ਤੀਜੇ ਅਤੇ ਚੌਥੇ ਸਥਾਨ 'ਤੇ ਆਉਂਦੇ ਹਨ। ਅਮਰੀਕੀ ਸਾਮਰਾਜੀਆਂ ਨਜ਼ਰ ਹੁਣ ਇਰਾਨ ਅਤੇ ਵੈਨਜ਼ੂਏਲਾ ਦੇ ਤੇਲ ਭੰਡਾਰਾਂ 'ਤੇ ਹੈ।
ਅਮਰੀਕਾ ਦੀ ਫੌਜੀ ਤਾਕਤ ਚੰਮ ਦੀਆਂ ਚਲਾਉਣ ਦਾ ਸਾਧਨ
ਇਸ ਸਮੇਂ ਦੁਨੀਆਂ ਦੀ ਕੁੱਲ ਫੌਜੀ ਤਾਕਤ 'ਚੋਂ 43 ਫੀਸਦੀ ਇਕੱਲੇ ਅਮਰੀਕਾ ਕੋਲ ਹੈ। ਚੀਨ ਅਤੇ ਰੂਸ ਇਸ ਤੋਂ ਕਾਫੀ ਪਿੱਛੇ ਹਨ। ਅਮਰੀਕਾ ਆਪਣੀ ਇਸ ਫੌਜੀ ਤਾਕਤ ਦੇ ਜ਼ੋਰ ਹੀ ਡਾਲਰ ਦੀ ਸਰਦਾਰੀ ਚਲਾ ਰਿਹਾ ਹੈ। ਦੁਨੀਆਂ ਭਰ ਵਿੱਚ ਅਮਰੀਕੀ ਡਾਲਰਾਂ ਰਾਹੀਂ ਲੈਣ-ਦੇਣ ਚੱਲਦਾ ਹੋਣ ਕਰਕੇ ਅਮਰੀਕਾ ਦੇ ਸੁਪਰ ਮੁਨਾਫੇ ਯਕੀਨੀ ਬਣੇ ਹੋਏ ਹਨ। ਅਮਰੀਕੀ ਹਾਕਮ ਆਪਣੇ ਡਾਲਰ ਦੀ ਕੀਮਤ 5-10 ਫੀਸਦੀ ਵਧਾ ਲੈਣ ਜਾਂ 15-20 ਫੀਸਦੀ- ਉਸਦੀ ਮਨਮਰਜ਼ੀ ਨੂੰ ਰੋਕਣ ਵਾਲੀ ਉਸਦੇ ਮੁਕਾਬਲੇ ਦੀ ਹਾਲ ਦੀ ਘੜੀ ਕੋਈ ਤਾਕਤ ਨਹੀਂ। ਸਾਰਿਆਂ ਨਾਲੋਂ ਵੱਡੀ ਆਰਥਿਕਤਾ ਹੋਣ ਕਰਕੇ ਅਮਰੀਕੀ ਸਾਮਰਾਜੀਆਂ ਦਾ ਤਕਰੀਬਨ ਸਭਨਾਂ ਹੀ ਵੱਡੇ ਦੇਸ਼ਾਂ ਨਾਲ ਵਪਾਰ ਤੇ ਕਾਰੋਬਾਰ ਚੱਲਦਾ ਹੈ- ਜੇਕਰ ਅਮਰੀਕੀ ਹਾਕਮ ਇਰਾਨ ਜਾਂ ਵੈਨਜ਼ੂਏਲਾ ਵਰਗੇ ਕਿਸੇ ਦੇਸ਼ 'ਤੇ ਆਰਥਿਕ ਪਾਬੰਦੀਆਂ ਮੜ੍ਹ ਦੇਣ ਤਾਂ ਇਹਨਾਂ ਨੂੰ ਲੱਗਦਾ ਹੈ ਕਿ ਦੂਸਰੇ ਦੇਸ਼ ਇਹਨਾਂ ਦੇ ਫੁਰਮਾਨਾਂ ਮਗਰ ਘੜੀਸੇ ਹੀ ਜਾਣਗੇ। ਇਰਾਕ 'ਤੇ ਧਾਵਾ ਬੋਲਣ ਸਮੇਂ ਅਮਰੀਕੀ ਹਾਕਮ ਧਮਕਾਉਂਦੇ ਸਨ ਕਿ ਜੋ ਸਾਡੇ ਨਾਲ ਨਹੀਂ, ਉਹ ਸਾਡੇ ਦੁਸ਼ਮਣਾਂ ਨਾਲ ਹੈ ਤੇ ਉਹਨਾਂ ਦਾ ਹਸ਼ਰ ਵੀ ਉਹੋ ਹੀ ਕੀਤਾ ਜਾਵੇਗਾ ਜੋ ਦੁਸ਼ਮਣ ਦਾ ਕੀਤਾ ਜਾਂਦਾ ਹੈ। ਹੁਣ ਵੀ ਅਮਰੀਕੀ ਹਾਕਮ ਅਜਿਹੀ ਹੀ ਬੋਲੀ ਬੋਲਦੇ ਹਨ ਕਿ ਜਿਹੜਾ ਵੀ ਦੇਸ਼ ਇਰਾਨ 'ਤੇ ਪਾਬੰਦੀਆਂ ਨੂੰ ਮੰਨ ਕੇ ਵਪਾਰ ਕਰੇਗਾ, ਉਸ ਉੱਪਰ ਵੀ ਪਾਬੰਦੀਆਂ ਠੋਸ ਦਿੱਤੀਆਂ ਜਾਣਗੀਆਂ। 
ਇਰਾਨ ਦਾ ਸਸਤਾ ਤੇਲ ਅਮਰੀਕੀ ਮੁਨਾਫਿਆਂ 'ਚ ਵੱਡਾ ਅੜਿੱਕਾ
ਤੇਲ ਦੇ ਭੰਡਾਰਾਂ ਵਿੱਚ ਇਸ ਸਮੇਂ ਇਰਾਨ ਦਾ ਭਾਵੇਂ ਚੌਥਾ ਸਥਾਨ ਹੈ ਪਰ ਕੁਦਰਤੀ ਗੈਸ ਦੇ ਮਾਮਲੇ ਵਿੱਚ ਇਸਦਾ ਦੂਸਰਾ ਸਥਾਨ ਹੈ। ਪੈਟਰੋਲੀਅਮ ਪਦਾਰਥਾਂ ਵਿੱਚ ਇਸਦਾ ਚੌਥਾ ਸਥਾਨ ਹੋਣ ਦੇ ਬਾਵਜੂਦ ਇਸ ਸਮੇਂ ਇਰਾਨ, ਸਾਊਦੀ ਅਰਬ ਤੋਂ ਬਾਅਦ ਵਿੱਚ ਦੂਸਰਾ ਵੱਡਾ ਤੇਲ ਨਿਰਯਾਤਕ (ਬਰਾਮਦਕਰਤਾ) ਦੇਸ਼ ਹੈ। 2017 ਵਿੱਚ ਇਰਾਨ ਨੇ ਕੁੱਲ ਦੁਨੀਆਂ ਲਈ 100 ਕਰੋੜ ਬੈਰਲ ਤੇਲ ਬਰਾਮਦ ਕੀਤਾ। ਇਹ ਰੋਜ਼ ਦਾ 26 ਲੱਖ 20 ਹਜ਼ਾਰ ਬੈਰਲ ਬਣਦਾ ਹੈ। ਇਹਦੇ ਵਿੱਚੋਂ 62 ਫੀਸਦੀ ਏਸ਼ੀਆਈ ਦੇਸ਼ ਅਤੇ 38 ਫੀਸਦੀ ਯੂਰਪੀ ਦੇਸ਼ਾਂ ਨੂੰ ਜਾਂਦਾ ਹੈ। 50 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਇਰਾਨ ਦੀ ਤੇਲ ਤੋਂ ਆਮਦਨ 4800 ਕਰੋੜ ਡਾਲਰ ਦੇ ਕਰੀਬ ਸੀ। ਉਂਝ 2011 ਵਿੱਚ 9500 ਕਰੋੜ ਡਾਲਰ ਨੂੰ ਪਹੁੰਚ ਚੁੱਕੀ ਸੀ। ਪਰ ਅਮਰੀਕੀ ਬੰਦਸ਼ਾਂ ਕਾਰਨ ਇਹ ਬਾਅਦ ਵਿੱਚ ਘਟ ਗਈ ਸੀ। ਬਾਅਦ ਵਿੱਚ ਜਦੋਂ 2015 ਵਿੱਚ ਇਹ ਪਾਬੰਦੀਆਂ ਖਤਮ ਹੋਈਆਂ ਤਾਂ 2014 ਵਿੱਚ 100 ਡਾਲਰ ਪ੍ਰਤੀ ਬੈਰਲ ਵਿਕਣ ਵਾਲੇ ਕੱਚੇ ਤੇਲ ਦੀ ਕੀਮਤ 2016 ਵਿੱਚ ਇੱਕ ਵਾਰ 30 ਡਾਲਰ ਪ੍ਰਤੀ ਬੈਰਲ ਤੱਕ ਹੇਠਾਂ ਆ ਗਈ ਸੀ। ਇਸ ਨਾਲ ਅਮਰੀਕੀ ਕੰਪਨੀਆਂ ਨੂੰ ਬਹੁਤ ਵੱਡਾ ਘਾਟਾ ਪੈਂਦਾ ਸੀ। ਇਰਾਨ ਦੀ ਛੇਵੀਂ ਪੰਜ ਸਾਲਾ ਯੋਜਨਾ ਵਿੱਚ ਤੇਲ ਦੀ ਰੋਜ਼ਾਨਾ ਪੈਦਾਵਾਰ 47 ਲੱਖ ਬੈਰਲ ਕਰਨ ਦਾ ਟੀਚਾ ਮਿਥਿਆ ਗਿਆ ਹੈ, ਜਿਸ ਦੀ ਕੀਮਤ 13000 ਕਰੋੜ ਅਮਰੀਕੀ ਡਾਲਰ ਬਣਦੀ ਹੈ। 2016 ਵਿੱਚ 39.57 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਇਰਾਨ ਨੇ 2016 ਵਿੱਚ ਰੋਜ਼ਾਨਾ 2 ਕਰੋੜ 90 ਲੱਖ ਡਾਲਰ ਦੀ ਬੱਚਤ ਕੀਤੀ। 2015 ਵਿੱਚ ਇਰਾਨੀ ਤੇਲ ਦੀ ਬਰਾਮਦ 16 ਲੱਖ ਬੈਰਲ ਪ੍ਰਤੀ ਦਿਨ ਤੋਂ 2017 ਵਿੱਚ ਵਧ ਕੇ 28.19 ਲੱਖ ਬੈਰਲ ਪ੍ਰਤੀ ਦਿਨ ਹੋ ਗਈ। ਇਸ ਤਰ੍ਹਾਂ ਇਸਦੀ 2015 ਵਿੱਚ 27.308 ਟ੍ਰਿਲੀਅਨ ਡਾਲਰ ਦੀ ਆਮਦਨ 2017 ਵਿੱਚ ਵਧ ਕੇ 41.123 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਈ। ਇਰਾਨੀ ਤੇਲ ਦੇ ਕੁੱਲ ਸੋਮਿਆਂ ਵਿੱਚੋਂ ਅਜੇ ਤੱਕ ਸਿਰਫ 20 ਫੀਸਦੀ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ, ਜਦੋਂ ਕਿ 80 ਫੀਸਦੀ ਸੋਮਿਆਂ ਨੂੰ ਅਜੇ ਤੱਕ ਛੂਹਿਆ ਵੀ ਨਹੀਂ ਜਾ ਸਕਿਆ। 
ਅਮਰੀਕਾ ਦੇ ਆਪਣੇ ਤੇਲ ਭੰਡਾਰ ਇਰਾਨ ਦੇ ਮੁਕਾਬਲੇ ਬਹੁਤ ਥੋੜ੍ਹੇ ਹਨ, ਪਰ ਸਾਊਦੀ ਅਰਬ ਸਮੇਤ ਦੁਨੀਆਂ ਦੇ ਤੇਲ ਕਾਰੋਬਾਰ 'ਤੇ ਇਸ ਨੇ ਮਜਬੂਤ ਪਕੜ ਬਣਾਈ ਹੋਈ ਹੈ। ਜਿੱਥੇ ਅਮਰੀਕੀ ਤੇਲ ਕੰਪਨੀਆਂ ਤੇਲ ਦੀ ਕੀਮਤ 60-70 ਡਾਲਰ ਜਾਂ 80 ਡਾਲਰ ਪ੍ਰਤੀ ਬੈਰਲ ਲੈਂਦੀਆਂ ਹਨ, ਉੱਥੇ ਇਰਾਨ ਇਸਦੇ ਮੁਕਾਬਲੇ ਕਿਤੇ ਘੱਟ ਤਕਰੀਬਨ ਅੱਧ ਦੇ ਬਰਾਬਰ ਹੀ ਵੇਚ ਰਿਹਾ ਸੀ। ਇਰਾਨ ਨੇ 7 ਬਿਲੀਅਨ ਡਾਲਰ ਦੀ ਕੀਮਤ ਨਾਲ ਇਰਾਨ-ਪਾਕਿਸਤਾਨ-ਭਾਰਤ ਤੇਲ ਪਾਈਪ ਲਾਈਨ ਵਿਛਾਉਣ ਦੀ ਯੋਜਨਾ ਬਣਾਈ ਹੈ। ਇਸ ਦੀ ਖਾਤਰ ਇਸਨੇ ਪਾਕਿਸਤਾਨ ਨੂੰ ਕਰਜ਼ੇ ਵੀ ਦਿੱਤੇ ਹੋਏ ਹਨ। ਇਰਾਨ ਨੇ ਆਪਣੇ ਹਿੱਸੇ ਦੀ ਪਾਈਪ ਲਾਈਨ ਪਹਿਲਾਂ ਹੀ ਵਿਛਾਈ ਹੋਈ ਹੈ। ਭਾਰਤ ਵਿੱਚ ਵੀ ਭਾਵੇਂ ਅਨੇਕਾਂ ਖੇਤਰਾਂ ਵਿੱਚ ਪਾਈਪ ਲਾਈਨਾਂ ਵਿਛਾਈਆਂ ਹੋਈਆਂ ਹਨ, ਪਰ ਅਮਰੀਕੀ ਹਾਕਮ ਭਾਰਤ 'ਤੇ ਵੀ ਇਹ ਦਬਾਅ ਪਾਉਂਦੇ ਆ ਰਹੇ ਹਨ ਕਿ ਉਹ ਇਰਾਨ ਤੋਂ ਤੇਲ-ਗੈਸ ਨਾ ਲਵੇ। 
ਇਰਾਨ 'ਤੇ ਅਮਰੀਕੀ ਪਾਬੰਦੀਆਂ ਦਾ ਭਾਰਤ 'ਤੇ ਬਹੁਤ ਮਾਰੂ ਪ੍ਰਭਾਵ
ਭਾਰਤ ਨੇ ਸੰਨ 2018-19 ਦੇ ਇੱਕ ਸਾਲ ਵਿੱਚ ਇਰਾਨ ਤੋਂ 2 ਕਰੋੜ 40 ਲੱਖ ਟਨ ਕੱਚਾ ਤੇਲ ਦਰਾਮਦ (ਆਯਾਤ) ਕੀਤਾ ਸੀ। ਇਸ ਤੋਂ ਪਹਿਲੇ ਸਾਲ ਇਹ ਦਰਾਮਦ 2 ਕਰੋੜ 26 ਲੱਖ ਟਨ ਸੀ। ਅਮਰੀਕੀ ਪਾਬੰਦੀਆਂ ਲੱਗਣ ਤੋਂ ਬਾਅਦ ਭਾਰਤ ਨੂੰ ਹੁਣ ਆਪਣੀ ਖਰੀਦ ਘਟਾ ਕੇ 1 ਕਰੋੜ 50 ਲੱਖ ਟਨ 'ਤੇ ਲਿਆਉਣੀ ਪਈ ਹੈ। ਯਾਨੀ ਭਾਰਤ ਦੀ ਪਹਿਲਾਂ ਜਿਹੜੀ ਖਰੀਦ 4.5 ਲੱਖ ਬੈਰਲ ਰੋਜ਼ਾਨਾ ਦੀ ਸੀ, ਉਹ ਹੁਣ ਘਟ ਕੇ 3 ਲੱਖ ਬੈਰਲ ਰੋਜ਼ਾਨਾ ਦੀ ਰਹਿ ਗਈ ਹੈ। ਉਂਝ ਜਦੋਂ ਸਾਲ, ਦੋ ਸਾਲ ਪਹਿਲਾਂ ਇਰਾਨ ਤੋਂ ਪਾਬੰਦੀਆਂ ਚੁੱਕੀਆਂ ਗਈਆਂ ਸਨ ਤਾਂ ਭਾਰਤੀ ਤੇਲ ਕੰਪਨੀਆਂ ਨੇ ਕੱਚੇ ਤੇਲ ਦੀ ਦਰਾਮਦ ਕਰਕੇ ਆਪਣੇ ਭੰਡਾਰ ਨੱਕੋ-ਨੱਕ ਭਰ ਲਏ ਸਨ, ਪਰ ਭਾਰਤ ਦੁਨੀਆਂ ਦਾ ਤੀਸਰਾ ਵੱਡਾ ਤੇਲ ਖਪਤ ਕਰਨ ਵਾਲਾ ਮੁਲਕ ਹੋਣ ਕਰਕੇ ਇਸਦੀਆਂ ਆਮ ਜਿੰਨੀਆਂ ਲੋੜਾਂ ਬਣਦੀਆਂ ਹਨ, ਉਹ ਅਮਰੀਕਾ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕੁਵੈਤ ਜਾਂ ਰੂਸ ਵਰਗੇ ਦੇਸ਼ ਮਿਲ ਕੇ ਕਿਵੇਂ ਵੀ ਪੂਰੀਆਂ ਨਹੀਂ ਕਰ ਸਕਣਗੇ। ਭਾਰਤੀ ਤੇਲ ਕੰਪਨੀਆਂ ਨੂੰ 80 ਫੀਸਦੀ ਕੱਚੇ ਤੇਲ ਦੀ ਪੂਰਤੀ ਦਰਾਮਦ ਤੋਂ ਹੁੰਦੀ ਹੈ।  ਭਾਰਤੀ ਤੇਲ ਕੰਪਨੀਆਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ ਕਿ ਜੇਕਰ ਤੇਲ ਦੀ ਦਰਾਮਦ ਦੀ ਲਗਾਤਾਰਤਾ ਨਹੀਂ ਬਣੀ ਰਹਿੰਦੀ ਤਾਂ ਇਹਨਾਂ ਦੇ ਮੁਨਾਫੇ ਕਾਫੂਰ ਹੋ ਜਾਣਗੇ। ਪਿਛਲੇ ਸਾਲ ਜਿਸ ਦਿਨ ਅਮਰੀਕਾ ਦੇ ਟਰੰਪ ਪ੍ਰਸਾਸ਼ਨ ਨੇ ਇਰਾਨ 'ਤੇ ਪਾਬੰਦੀਆਂ ਦਾ ਐਲਾਨ ਕੀਤਾ ਸੀ ਤਾਂ ਇੱਕੋ ਹੀ ਦਿਨ ਵਿੱਚ ਕੱਚੇ ਤੇਲ ਦੀਆਂ ਕੀਮਤਾਂ 85 ਡਾਲਰ ਪ੍ਰਤੀ ਬੈਰਲ ਤੱਕ ਜਾ ਪਹੁੰਚੀਆਂ ਸਨ, ਪਰ 6 ਮਹੀਨੇ ਦੀਆਂ ਆਰਜੀ ਛੋਟਾਂ ਕਾਰਨ ਇਹ ਵਕਤੀ ਤੌਰ 'ਤੇ ਹੇਠਾਂ ਆ ਗਈਆਂ ਸਨ। ਹੁਣ ਵੀ ਕੱਚੇ ਤੇਲ ਦੀ ਕੀਮਤ ਇੱਕ ਵਾਰ 74.46 ਡਾਲਰ ਪ੍ਰਤੀ ਬੈਰਲ ਦੀ ਕੀਮਤ ਤੱਕ ਪਹੁੰਚ ਚੁੱਕੀ ਸੀ ਜੋ ਪਿਛਲੇ 6 ਮਹੀਨਿਆਂ ਵਿੱਚ ਸਭ ਤੋਂ ਵਧੇਰੇ ਹੈ। ਭਾਰਤ ਨੂੰ ਇਰਾਨ ਕੋਲੋਂ ਤੇਲ ਭਾਰਤੀ ਰੁਪਏ ਵਿੱਚ, ਚਾਵਲ ਤੇ ਚਾਹ ਪੱਤੀ ਬਦਲੇ ਅਤੇ 2 ਮਹੀਨੇ ਮਗਰੋਂ ਭੁਗਤਾਨ ਕੀਤੇ ਜਾਣ ਨਾਲ ਮਿਲਦਾ ਸੀ। ਹੁਣ ਇਹ ਡਾਲਰਾਂ ਵਿੱਚ ਹੋਣ ਨਾਲ ਭਾਰਤ ਦੇ ਵਿਦੇਸ਼ ਵਪਾਰ ਨੂੰ 700 ਕਰੋੜ ਡਾਲਰਾਂ ਦਾ ਘਾਟਾ ਪਵੇਗਾ। ਭਾਰਤ ਦੀ ਕੁੱਲ ਪੈਦਾਵਾਰ ਵਿੱਚ ਗਿਰਾਵਟ ਆਵੇਗੀ। ਰੁਪਏ ਦੀ ਕਦਰ-ਘਟਾਈ ਹੋਵੇਗੀ। ਮੋੜਵੇਂ ਰੂਪ ਵਿੱਚ ਤੇਲ ਬਦਲੇ ਹੋਰ ਵਧੇਰੇ ਰੁਪਏ ਦੇਣੇ ਪਿਆ  ਕਰਨਗੇ ਤਾਂ ਇਸ ਤਰ੍ਹਾਂ ਹੋਰ ਮਹਿੰਗਾਈ ਵਧੇਗੀ। ਭਾਰਤੀ ਲੋਕਾਂ ਦੀ ਖਰੀਦ ਸ਼ਕਤੀ ਘਟੇਗੀ। ਪਹਿਲਾਂ ਚੱਲਦੀਆਂ ਸਨਅੱਤਾਂ ਬੰਦ ਹੋਣਗੀਆਂ। ਬੇਰੁਜ਼ਗਾਰੀ ਵਿੱਚ ਵਾਧਾ ਹੋਵੇਗਾ। ਖੁਰਾਕ ਦੀ ਪੂਰਤੀ ਘਟਣ ਨਾਲ ਸਿਹਤ ਸਹੂਲਤਾਂ ਦੀ ਘਾਟ ਕਾਰਨ ਬਿਮਾਰੀਆਂ ਵਧਣਗੀਆਂ, ਫਲਸਰੂਪ ਹੋਰ ਵੱਧ ਅਣਆਈਆਂ ਮੌਤਾਂ ਦਾ ਮੂੰਹ ਲੋਕਾਂ ਨੂੰ ਵੇਖਣਾ ਪਵੇਗਾ। 
ਇੱਕ ਪਾਸੇ ਭਾਰਤੀ ਹਾਕਮ ਅਮਰੀਕੀ ਸਾਮਰਾਜ ਦੀ ਖੁਸ਼ਾਮਦ ਕਰਦੇ ਨਹੀਂ ਥੱਕਦੇ, ਦੂਸਰੇ ਪਾਸੇ ਅਮਰੀਕਾ ਦੇ ਟਰੰਪ ਪ੍ਰਸਾਸ਼ਨ ਨੇ ਭਾਰਤ ਨੂੰ ਤਰਜੀਹੀ ਮੁਲਕ ਦਾ ਦਰਜ਼ਾ ਖਤਮ ਕਰਕੇ ਇਸ ਨਾਲ ਚੱਲਦੇ 570 ਕਰੋੜ ਡਾਲਰ ਦੇ ਵਪਾਰ 'ਤੇ ਭਾਰੀ ਟੈਕਸ ਲਾਏ ਹਨ। ਸੰਸਾਰ ਦ੍ਰਿਸ਼ 'ਤੇ ਭਾਰਤ ਦੀ ਹਾਲਤ ਨਾ ਸਿਰਫ ਆਰਥਿਕ ਪੱਖੋਂ ਹੀ ਖਸਤਾ ਹੋਈ ਹੈ, ਸਗੋਂ ਸਿਆਸੀ ਤੌਰ 'ਤੇ ਇਹਨਾਂ ਦੀ ਸਮਝ ਦਾ ਹੋਰ ਵੱਧ ਦਿਵਾਲਾ ਨਿਕਲਿਆ ਹੈ। ਭਾਰਤ ਦੇ ਯੁੱਧਨੀਤਕ ਮਾਮਲਿਆਂ ਦੇ ਇੱਕ ਨਿਰੀਖਕ ਮਨੋਜ ਜੋਸ਼ੀ ਨੂੰ ਸਵਿਕਾਰਨਾ ਪਿਆ ਹੈ ਕਿ ''ਅਮਰੀਕਾ ਵੱਲੋਂ ਇਰਾਨੀ ਤੇਲ ਦੀ ਦਰਾਮਦ 'ਤੇ ਪਾਬੰਦੀਆਂ ਮਹਿਜ਼ ਆਰਥਿਕ ਚੁਣੌਤੀ ਹੀ ਨਹੀਂ ਹਨ ਬਲਕਿ ਇਹ ਵਿਦੇਸ਼ ਨੀਤੀ ਲਈ ਵੀ ਚੁਣੌਤੀ ਹੈ। ਇਸ ਨੇ ਸਾਨੂੰ ਬਹੁਤ ਹੀ ਕਸੂਤੀ ਹਾਲਤ ਵਿੱਚ ਫਸਾ ਦਿੱਤਾ ਹੈ। ਅਮਰੀਕਾ ਭਾਵੇਂ ਸਾਡਾ ਸੰਗੀ ਹੋ ਸਕਦਾ ਹੈ, ਪਰ ਅਸੀਂ ਹਰ ਮਾਮਲੇ ਵਿੱਚ ਆਪਣੇ ਹਿੱਤਾਂ ਦਾ ਘਾਣ ਹੁੰਦਾ ਨਹੀਂ ਦੇਖ ਸਕਦੇ। ਹੁਣ ਜਦੋਂ ਕੋਈ ਹੋਰ ਹੀਲਾ ਹੀ ਨਹੀਂ ਤਾਂ ਅਸੀਂ ਕਰ ਵੀ ਕੀ ਸਕਦੇ ਹਾਂ।''

ਕਸ਼ਮੀਰੀ ਲੋਕਾਂ ਉੱਤੇ ਫਾਸ਼ੀਵਾਦੀ ਹਮਲੇ ਵਿਰੋਧੀ ਫਰੰਟ ਪੰਜਾਬ ਵੱਲੋਂ ਕਾਨਫਰੰਸਾਂ

ਕਸ਼ਮੀਰੀ ਲੋਕਾਂ ਉੱਤੇ ਫਾਸ਼ੀਵਾਦੀ ਹਮਲੇ ਵਿਰੋਧੀ ਫਰੰਟ ਪੰਜਾਬ ਵੱਲੋਂ ਕਾਨਫਰੰਸਾਂ ਅਤੇ ਮੁਜਾਹਰੇ
ਕਸ਼ਮੀਰੀ ਲੋਕਾਂ 'ਤੇ ਭਾਰਤੀ ਹਾਕਮਾਂ ਵੱਲੋਂ ਬੋਲੇ ਫਾਸ਼ੀਵਾਦੀ ਹਮਲੇ ਦੇ ਖਿਲਾਫ ਕਸ਼ਮੀਰੀ ਲੋਕਾਂ 'ਤੇ ਫਾਸ਼ੀਨਵਾਦੀ ਹਮਲੇ ਵਿਰੋਧੀ ਫਰੰਟ ਵੱਲੋਂ ਪੰਜਾਬ ਭਰ ਵਿੱਚ ਚਾਰ ਕੇਂਦਰਾਂ 'ਤੇ ਮੋਗਾ, ਅੰਮ੍ਰਿਤਸਰ, ਪਟਿਆਲਾ ਜਲੰਧਰ ਵਿੱਚ ਵਿਸ਼ਾਲ ਕਾਨਫਰੰਸਾਂ ਕੀਤੀਆਂ ਗਈਆਂ ਅਤੇ ਰੋਸ ਮੁਜਾਹਰੇ ਕੀਤੇ ਗਏ। ਆਗੂਆਂ ਨੇ ਜ਼ੋਰਦਾਰ ਤਰੀਕੇ ਨਾਲ ਮੰਗ ਕੀਤੀ ਕਿ ਕਸ਼ਮੀਰ ਵਿੱਚ ਧਾਰਾ 370 ਅਤੇ 35-ਏ ਦੇ ਮੂਲ ਹਰੂਪ ਵਿੱਚ ਬਹਾਲ ਕੀਤੀ ਜਾਵੇ, ਸੂਬੇ ਦਾ ਪਹਿਲਾਂ ਵਾਲਾ ਦਰਜ਼ਾ ਬਹਾਲ ਕੀਤਾ ਜਾਵੇ, ਕਸ਼ਮੀਰ ਵਿੱਚੋਂ ਫੌਜਾਂ ਬਾਹਰ ਕੱਢੀਆਂ ਜਾਣ, ਕਸ਼ਮੀਰ ਨਿਵੱਚ ਸਮੁੱਚੀਆਂ ਜਨਤਕ ਸੇਵਾਵਾਂ ਬਹਾਲ ਕਰਨ, ਗ੍ਰਿਫਤਾਰ ਕੀਤੇ ਸਾਰੇ ਆਗੂ ਅਤੇ ਲੋਕਾਂ ਨੂੰ ਰਿਹਾਅ ਕਰਨ, ਜਮਹੂਰੀ ਹੱਕ ਬਹਾਲ ਕਰਨ ਦੇ ਨਾਲ ਨਾਲ ਕਸ਼ਮੀਰ ਵਿੱਚ ਲਾਗੂ ਅਫਸਪਾ, ਯੂ.ਏ.ਪੀ.ਏ., ਪੀ.ਐਸ.ਏ. ਅਤੇ ਹੋਰ ਕਾਲੇ ਕਾਨੂੰਨ ਰੱਦ ਕੀਤੇ ਜਾਣ। ਇਹਨਾਂ ਕਾਨਫਰੰਸਾਂ ਅਤੇ ਮੁਜਾਹਰਿਆਂ ਨੂੰ ਤਾਰਾ ਸਿੰਘ ਮੋਗਾ, ਸੁਖਵਿੰਦਰ ਕੌਰ, ਦਰਸ਼ਨ ਸਿੰਘ ਖਟਕੜ, ਕੁਵਿੰਦਰ ਸਿੰਘ ਵੜੈਚ, ਮੰਗਤ ਰਾਮ ਪਾਸਲਾ, ਸਤਨਾਮ ਸਿੰਘ ਅਜਨਾਲਾ, ਬੰਦ ਸਿੰਘ ਬਰਾੜ, ਹਰਦੇਵ ਅਰਸੀ, ਗੁਰਮੀਤ ਸਿੰਘ ਬਖਤਪੁਰਾ, ਸੁਖਦਰਸ਼ਨ ਸਿੰਘ ਨੱਤ, ਕੰਵਲਜੀਤ ਖੰਨਾ, ਨਰਭਿੰਦਰ ਸਿੰਘ, ਲਾਲ ਸਿੰਘ ਗੋਲੇਵਾਲ, ਸਵਰਨਜੀਤ ਸਿੰਘ, ਨਰਿੰਦਰ ਸਿੰਘ ਨਿੰਦੀ, ਸੰਜੀਵ ਮਿੰਟੂ ਆਦਿ ਨੇ ਸਬੋਧਨ ਕੀਤਾ।

ਪੰਜਾਬ ਵਿੱਚ ਹੜ੍ਹਾਂ ਦੀ ਮਾਰ


ਪੰਜਾਬ ਵਿੱਚ ਹੜ੍ਹਾਂ ਦੀ ਮਾਰ
ਕੇਂਦਰੀ ਹਾਕਮਾਂ ਦੀਆਂ ਨੀਤੀਆਂ ਵਧੇਰੇ ਜੁੰਮੇਵਾਰ

-ਪਵਨ
ਭਾਖੜਾ ਡੈਮ ਬਣਨ ਤੋਂ ਬਾਅਦ ਪੰਜਾਬ ਵਿੱਚ ਹੜ੍ਹ ਅਕਸਰ ਸਤੰਬਰ ਦੇ ਮਹੀਨੇ ਵਿੱਚ ਆਉਂਦੇ ਸਨ ਪਰ ਇਸ ਵਾਰ ਅਗਸਤ ਦੇ ਅੱਧ ਵਿੱਚ ਹੀ ਹੜ੍ਹਾਂ ਪੰਜਾਬ ਵਿੱਚ ਬਰਬਾਦੀ ਲਿਆਂਦੀ ਹੈ। ਪੰਜਾਬ ਵਿੱਚ ਆਏ ਹੜ੍ਹ ਕੁਦਰਤੀ ਨਹੀਂ ਬਲਕਿ ਇੱਥੋਂ ਹਕੂਮਤਾਂ ਵੱਲੋਂ ਧਾਰਨ ਕੀਤੀਆਂ ਨੀਤੀਆਂ ਕਾਰਨ ਆਏ ਹਨ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀ ਆਖਦੇ ਹਨ ਕਿ ਪੰਜਾਬ ਵਿੱਚ ਆਏ ਹੜ੍ਹਾਂ ਦੀ ਵਜਾਹ ਭਾਖੜਾ ਡੈਮ ਵਿੱਚੋਂ ਛੱਡਿਆ ਵਾਧੂ ਪਾਣੀ ਨਹੀਂ ਬਲਕਿ ਨੰਗਲ ਤੋਂ ਅੱਗੇ ਸਤਲੁਜ ਦਰਿਆ ਵਿੱਚ ਸ਼ਾਮਲ ਹੁੰਦੀਆਂ ਸਵਾਂ, ਬੁੱਧਕੀ, ਸਰਸਾ ਆਦਿ ਸਹਾਇਕ ਨਦੀਆਂ ਵਿੱਚ ਭਾਰੀ ਮੀਂਹਾਂ ਕਾਰਨ ਇੱਕੋ ਦਿਨ ਵਿੱਚ ਆਇਆ 2 ਲੱਖ ਕਿਊਸਕਸ ਪਾਣੀ ਹੈ। ਪਰ ਇਹ ਕੁੱਝ ਭਾਰਤ ਦੇ ਕੇਂਦਰੀ ਹਾਕਮਾਂ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਬਿਠਾਏ ਅਧਿਕਾਰੀਆਂ ਵੱਲੋਂ ਅਖਤਿਆਰ ਕੀਤੀਆਂ ਨੀਤੀਆਂ ਹਨ, ਜਿਹਨਾਂ ਦੀ ਵਜਾਹ ਕਾਰਨ ਇਹ ਹੜ੍ਹ ਆਏ ਹਨ। 
ਡੁੱਬਦਿਆਂ ਨੂੰ ਡੁਬੋਣ ਦੀ ਨੀਤੀ
ਉਦਾਹਰਨ ਵਜੋਂ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਸਵਾਂ ਅਤੇ ਸਤਲੁਜ ਦੀਆਂ ਹੋਰ ਸਹਾਇਕ ਨਦੀਆਂ ਵਿੱਚ ਭਾਰੀ ਬਾਰਸ਼ਾਂ ਨਾਲ 2 ਲੱਖ ਕਿਊਸਕਸ ਪਾਣੀ ਆ ਵੀ ਗਿਆ ਹੋਵੇ ਤਾਂ ਜਿਹੜਾ ਪਾਣੀ ਭਾਖੜਾ ਡੈਮ ਵਿੱਚੋਂ ਛੱਡਿਆ ਜਾ ਰਿਹਾ ਸੀ, ਕੀ ਉਸ ਨੂੰ ਘਟਾਇਆ ਨਹੀਂ ਸੀ ਜਾ ਸਕਦਾ? ਸਤਲੁਜ ਦਰਿਆ ਦੇ ਧੁੱਸੀ ਬੰਨ੍ਹਾਂ ਦੀ ਸਮਰੱਥਾ ਸਵਾ ਦੋ ਲੱਖ ਕਿਊਸਕਸ ਪਾਣੀ ਝੱਲ ਜਾਣ ਦੀ ਹੈ, ਪਰ ਉਸ ਦਿਨ ਭਾਖੜੇ ਤੋਂ ਬਿਜਲੀ ਪੈਦਾ ਕਰਨ ਲਈ 36000 ਕਿਊਸਕਸ ਤੋਂ ਇਲਾਵਾ 19000 ਕਿਊਸਕਸ ਪਾਣੀ ਹੋਰ ਛੱਡਿਆ ਜਾ ਰਿਹਾ ਸੀ। ਜਦੋਂ ਪਤਾ ਸੀ ਕਿ ਪੰਜਾਬ ਵਿੱਚ ਭਾਰੀ ਬਾਰਸ਼ਾਂ ਹੋ ਰਹੀਆਂ ਹਨ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਚਾਹੀਦਾ ਤਾਂ ਇਹ ਸੀ ਕਿ ਨਾ ਸਿਰਫ 19000 ਕਿਊਸਕਸ ਛੱਡਿਆ ਜਾ ਰਿਹਾ ਵਾਧੂ ਪਾਣੀ ਹੀ ਡੈਮ ਵਿੱਚੋਂ ਨਾ ਛੱਡਿਆ ਜਾਂਦਾ ਬਲਕਿ ਬਿਜਲੀ ਪੈਦਾ ਕਰਨ ਲਈ ਛੱਡਿਆ ਜਾ ਰਿਹਾ 36000 ਕਿਊਸਕਸ ਪਾਣੀ ਵੀ ਘਟਾਇਆ ਜਾ ਸਕਦਾ ਸੀ, ਕਿਉਂਕਿ ਭਾਰੀ ਬਾਰਸ਼ਾਂ ਹੋਣ ਕਾਰਨ ਪੰਜਾਬ, ਹਿਮਾਚਲ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਆਦਿ ਵਿੱਚ ਇਹਨਾਂ ਦਿਨਾਂ ਵਿੱਚ ਬਿਜਲੀ ਦੀ ਵਧਵੀਂ ਲੋੜ ਨਹੀਂ ਸੀ। ਪਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਇਸ ਪਾਸੇ ਧਿਆਨ ਨਾ ਦੇ ਕੇ ਪੰਜਾਬ ਦੇ ਲੱਖਾਂ ਲੋਕਾਂ ਨੂੰ ਹੜ੍ਹਾਂ ਵਿੱਚ ਗੋਤੇ ਖਵਾਏ। ਤਬਾਹੀ-ਬਰਬਾਦੀ ਦੇ ਮੂੰਹ ਧੱਕਿਆ। ਇਸ ਦਾ ਕਾਰਨ ਇਹ ਸੀ ਕਿ ਆਮ ਤੌਰ 'ਤੇ ਬਾਰਸ਼ਾਂ ਦੇ ਮੌਸਮ ਦੀ ਸ਼ੁਰੂਆਤ ਸਮੇਂ ਭਾਖੜੇ ਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਜਿੰਨਾ ਪੱਧਰ ਹੁੰਦਾ ਹੈ, ਇਸ ਵਾਰ ਉਸ ਤੋਂ 70 ਫੁੱਟ ਪਾਣੀ ਵਾਧੂ ਸੀ। ਜਦੋਂ ਕਿਸਾਨਾਂ ਨੂੰ ਝੋਨੇ ਅਤੇ ਨਰਮੇ ਦੀ ਬਿਜਾਈ ਸਮੇਂ ਪਾਣੀ ਦੀ ਲੋੜ ਸੀ, ਉਸ ਸਮੇਂ ਉਹਨਾਂ ਨੂੰ ਲੋੜ ਅਨੁਸਾਰ ਪਾਣੀ ਦਿੱਤਾ ਨਹੀਂ ਗਿਆ। ਜਦੋਂ ਪੰਜਾਬ ਦੇ ਲੋਕ ਮੀਂਹਾਂ ਦੇ ਪਾਣੀ ਦੀ ਮਾਰ ਝੱਲ ਰਹੇ ਸਨ ਤਾਂ ਡੁੱਬਦਿਆਂ ਨੂੰ ਡਬੋਣ ਲਈ ਬੋਰਡ ਅਧਿਕਾਰੀਆਂ ਨੇ ਪਾਣੀ ਛੱਡ ਕੇ ਕੋਈ ਕਸਰ ਬਾਕੀ ਨਹੀਂ ਛੱਡੀ। 
ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀ ਲਕੀਰ ਦੇ ਫਕੀਰ ਬਣੇ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ 1988 ਦੇ ਹੜ੍ਹਾਂ ਤੋਂ ਬਾਅਦ ਵਿੱਚ ਇੱਕ ਸਮਾਂ ਸਾਰਨੀ ਬਣਾਈ ਹੋਈ ਹੈ ਜਿਸ ਤਹਿਤ ਇਹ ਤਹਿ ਕੀਤਾ ਜਾਂਦਾ ਹੈ ਕਿ ਅਗਸਤ ਅਤੇ ਸਤੰਬਰ ਮਹੀਨੇ ਕਿਹੜੇ ਕਿਹੜੇ ਹਫਤਿਆਂ ਵਿੱਚ ਝੀਲ ਵਿੱਚ ਕਿੰਨਾ ਪਾਣੀ ਹੋਣਾ ਚਾਹੀਦਾ ਹੈ। ਇਹਨਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਾਣੀ ਉਸ ਸਮਾਂ ਸਾਰਨੀ ਅਨੁਸਾਰ ਹੀ ਛੱਡਿਆ ਹੈ। ਮੰਨ ਲਓ ਕਿ ਕੋਈ ਸਮਾਂ ਸਾਰਨੀ ਬਣਾਈ ਵੀ ਹੋਵੇ ਪਰ ਉਸ 'ਤੇ ਜਦੋਂ ਅਮਲ ਕਰਨ ਦੀ ਗੱਲ ਆਉਂਦੀ ਹੈ ਤਾਂ ਕੀ ਇਸ ਨੂੰ ਲਕੀਰ ਦੇ ਫਕੀਰ ਮੰਨ ਕੇ ਚੱਲਣਾ ਹੁੰਦਾ ਹੈ? ਜਦੋਂ ਮੌਸਮ ਵਿਭਾਗ ਤੋਂ ਇਹ ਜਾਣਕਾਰੀ ਮਿਲ ਹੀ ਗਈ ਸੀ ਕਿ ਅਗਲੇ ਇੱਕ-ਦੋ ਹਫਤਿਆਂ ਵਿੱਚ ਭਾਰੀ ਬਾਰਸ਼ਾਂ ਹੋਣ ਵਾਲੀਆਂ ਹਨ ਤਾਂ ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਿਆ ਜਾ ਸਕਦਾ ਸੀ, ਪਰ ਅਧਿਕਾਰੀਆਂ ਨੇ ਤਾਂ ਗੋਬਿੰਦ ਸਾਗਰ ਝੀਲ ਨੱਕੋ-ਨੱਕ ਭਰਨੀ ਤੱਕੀ ਹੋਈ ਸੀ। 
ਨੁਕਸ ਕੇਂਦਰੀ ਹਾਕਮਾਂ ਦੀਆਂ ਨੀਤੀਆਂ 'ਚ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਕਿਹੜੀਆਂ ਨੀਤੀਆਂ ਅਖਤਿਆਰ ਕਰਨੀਆਂ ਹਨ ਜਾਂ ਕਿਹੜੀਆਂ ਨੀਤੀਆਂ ਅਖਤਿਆਰ ਨਹੀਂ ਕਰਨੀਆਂ ਹਨ, ਇਹ ਕੁੱਝ ਸਿਰਫ ਉਹਨਾਂ ਦੇ ਵਸ ਦਾ ਮਾਮਲਾ ਨਹੀਂ ਹੈ। ਬਲਕਿ ਇਹ ਕੁੱਝ ਭਾਰਤ ਦੇ ਕੇਂਦਰੀ ਹਾਕਮਾਂ ਦੀਆਂ ਨੀਤੀਆਂ ਤਹਿ ਕਰਦੀਆਂ ਹਨ ਕਿ ਕਿਸ ਥਾਂ 'ਤੇ ਕੀ ਕੁੱਝ ਕਿਵੇਂ ਕਰਨਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਕੁੱਲ 14 ਅਧਿਕਾਰੀ ਹਨ, ਜਿਹਨਾਂ ਵਿੱਚੋਂ ਸਿਰਫ 2 ਹੀ ਪੰਜਾਬ ਵਿੱਚੋਂ ਹਨ। ਇਹਨਾਂ ਵਿੱਚੋਂ ਵੀ ਅਕਸਰ ਇੱਕ ਹੀ ਹਾਜ਼ਰ ਰਹਿੰਦਾ ਹੈ ਕਿਉਂਕਿ ਦੂਸਰੇ ਦੀ ਨਿਯੁਕਤੀ ਕਦੇ ਹੀ ਕੀਤੀ ਜਾਂਦੀ ਹੈ। ਪੰਜਾਬ ਵਿੱਚ ਭਾਖੜੇ ਦੇ ਪਾਣੀ ਦੀ ਕਿੰਨੀ ਜ਼ਰੂਰਤ ਹੈ- ਕਿੰਨੀ ਜ਼ਰੂਰਤ ਨਹੀਂ, ਇਹ ਕੁੱਝ ਬੋਰਡ ਵਿੱਚ ਬੈਠੇ ਪੰਜਾਬ ਦੇ ਇੱਕ-ਦੋ ਨੁਮਾਇੰਦੇ ਚਾਹੁਣ ਦੇ ਬਾਵਜੂਦ ਵੀ ਕੁੱਝ ਕਰਵਾ ਨਹੀਂ ਸਕਦੇ ਕਿਉਂਕਿ ਬਹੁਗਿਣਤੀ ਹੈ ਹੀ ਕੇਂਦਰ ਦੇ ਹੱਥਠੋਕਿਆਂ ਦੀ। ਗੋਬਿੰਦ ਸਾਗਰ ਵਿੱਚ ਵੱਧ ਤੋਂ ਵੱਧ ਪਾਣੀ ਹੋਵੇ- ਇਸ ਲਈ ਕੇਂਦਰੀ ਹਾਕਮਾਂ ਵੱਲੋਂ ਪੰਜਾਬ ਤੋਂ ਬਾਹਰ ਹਰਿਆਣਾ, ਰਾਜਸਥਾਨ, ਚੰਡੀਗੜ੍ਹ ਜਾਂ ਦਿੱਲੀ ਆਦਿ ਪ੍ਰਦੇਸ਼ਾਂ ਦੀਆਂ ਲੋੜਾਂ ਦੇ ਮੱਦੇਨਜ਼ਰ ਨੀਤੀਆਂ ਤਹਿ ਕੀਤੀਆਂ ਜਾਂਦੀਆਂ ਹਨ। ਸੋਕੇ ਨਾਲ ਪੰਜਾਬ ਦੇ ਕਿਸਾਨ ਅਤੇ ਆਮ ਲੋਕ ਸੁੱਕਦੇ ਹਨ ਜਾਂ ਹੜ੍ਹਾਂ ਦੇ ਪਾਣੀ ਨਾਲ ਪੰਜਾਬ (ਸਮੇਤ ਪਾਕਿਸਤਾਨ ਵਿਚਲੇ ਪੰਜਾਬ) ਦੇ ਲੋਕ ਡੁੱਬਦੇ-ਮਰਦੇ ਹਨ, ਇਹਨਾਂ ਹਾਕਮਾਂ ਨੂੰ ਕੋਈ ਪ੍ਰਵਾਹ ਨਹੀਂ। 
ਹੜ੍ਹਾਂ ਦਾ ਕਾਰਨ ਜਾਗੀਰੂ-ਚੌਧਰੀਆਂ, ਉੱਚ-ਅਫਸਰਸ਼ਾਹੀ ਤੇ ਭੋਇੰ-ਮਾਫੀਏ ਦੇ ਕਬਜ਼ੇ
ਪੰਜਾਬ ਵਰਗੇ ਸੂਬੇ ਵਿੱਚ ਉਂਝ ਤਾਂ ਭਾਖੜੇ ਵਰਗੇ ਵੱਡੇ ਡੈਮ ਬਣਾ ਕੇ ਲੱਖਾਂ ਲੋਕਾਂ ਨੂੰ ਉਜਾੜੇ ਮੂੰਹ ਧੱਕਣ ਦੀ ਥਾਂ ਛੋਟੇ ਛੋਟੇ ਡੈਮ ਬਣਾ ਕੇ ਪਾਣੀ ਸੰਭਾਲਿਆ ਜਾ ਸਕਦਾ ਹੈ। ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਮੱਛੀ ਪਾਲੀ ਜਾ ਸਕਦੀ ਹੈ। ਉੱਚੇ ਪਹਾੜੀ ਖੇਤਰਾਂ ਵਿੱਚ ਖੇਤੀਬਾੜੀ ਨੂੰ ਪ੍ਰਫੁੱਲਤ ਕੀਤਾ ਜਾ ਸਕਦਾ ਹੈ, ਪਰ ਇਹ ਕੁੱਝ ਕਰਨਾ ਭਾਰਤ ਦੇ ਲੋਕ-ਦੁਸ਼ਮਣ ਹਾਕਮਾਂ ਨੇ ਨਹੀਂ ਮਿਥਿਆ ਹੋਇਆ। ਉਹ ਲੋਕਾਂ ਦੇ ਹਿੱਤਾਂ ਅਨੁਸਾਰ ਸੋਚਣ ਦੀ ਥਾਂ ਸਾਮਰਾਜੀਆਂ, ਦਲਾਲ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦੇ ਹਿੱਤਾਂ ਦੀ ਰਾਖੀ ਲਈ ਤਰਲੋਮੱਛੀ ਹੋਏ ਰਹਿੰਦੇ ਹਨ। ਉਂਝ ਜਦੋਂ ਤੇ ਜਿੱਥੇ ਵੀ ਵੱਡੇ ਡੈਮ ਬਣਾਏ ਜਾਂਦੇ ਹਨ ਤਾਂ ਉਹਨਾਂ ਦੇ ਨਾਲ ਹੀ ਇਹ ਵਿਉਂਤ ਵੀ ਬਣਾਈ ਹੀ ਜਾਂਦੀ ਹੈ ਕਿ ਜਦੋਂ ਦਰਿਆਵਾਂ ਦੇ ਪਾਣੀਆਂ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਤਾਂ ਹੜ੍ਹਾਂ ਵਰਗੀ ਕਿਸੇ ਐਮਰਜੈਂਸੀ ਹਾਲਤ ਵਿੱਚ ਇਹਨਾਂ ਵਿੱਚ ਕਿੰਨਾ ਪਾਣੀ ਛੱਡਿਆ ਜਾ ਸਕਦਾ ਹੈ। ਦਰਿਆਵਾਂ ਦੇ ਧੁੱਸੀ ਬੰਨ੍ਹ ਛੱਡੇ ਜਾਣ ਵਾਲੇ ਪਾਣੀ ਦੀ ਸਮਰੱਥਾ ਅਨੁਸਾਰ ਹੀ ਬਣਾਏ ਜਾਂਦੇ ਹਨ। ਪਰ ਭਾਰਤੀ ਹਾਕਮ ਲੋਕਾਂ ਦੇ ਨਜ਼ਰੀਏ ਤੋਂ ਕਿਸੇ ਵਿਉਂਤ ਮੁਤਾਬਕ ਕੰਮ ਕਰਨ ਦੀ ਥਾਂ ਆਪਣੇ ਮੁਨਾਫਿਆਂ ਨੂੰ ਪ੍ਰਮੁੱਖਤਾ ਰੱਖਦੇ ਹਨ। ਧੁੱਸੀ ਬੰਨ੍ਹ ਬਣਾਉਣ ਮੌਕੇ, ਜਿਹੜਾ ਦਰਿਆ ਪਹਿਲਾਂ 8-10 ਕਿਲੋਮੀਟਰ ਦੇ ਖੇਤਰ ਵਿੱਚ ਫੈਲਰਿਆ ਹੁੰਦਾ ਹੈ ਜੇਕਰ ਉਸ ਨੂੰ ਸਿਰਫ ਇੱਕ-ਡੇਢ ਕਿਲੋਮੀਟਰ ਦੇ ਘੇਰੇ ਵਿੱਚ ਮਹਿਦੂਦ ਕਰ ਦਿੱਤਾ ਜਾਵੇ ਤਾਂ ਇਸ ਰਾਹੀਂ ਭਾਰੀ ਹੜ੍ਹ ਆਉਣ ਦੀ ਗੁੰਜਾਇਸ਼ ਬਣੀ ਰਹਿੰਦੀ ਹੈ। ਪਰ ਇੱਥੋਂ ਦੇ ਸਿਆਸਤਦਾਨ, ਧਨਾਢ ਅਤੇ ਵੱਡੇ ਜਾਗੀਰਦਾਰ ਅਤੇ ਉੱਚ ਅਫਸਰਸ਼ਾਹ ਜ਼ਮੀਨਾਂ 'ਤੇ ਕਬਜ਼ੇ ਕਰਨ ਲਈ ਧੁੱਸੀ ਬੰਨ੍ਹਾਂ ਦੇ ਆਕਾਰ ਨੂੰ ਸੁੰਗੇੜ ਦਿੰਦੇ ਹਨ। 
ਜਦੋਂ ਦਰਿਆਵਾਂ ਨੂੰ ਨਹਿਰੀ ਰੂਪ ਦਿੱਤਾ ਜਾਂਦਾ ਹੈ ਤਾਂ ਇਸ ਦੇ ਨਾਲ ਹੀ ਇਹਨਾਂ ਦੀ ਸਾਂਭ-ਸੰਭਾਲ ਦਾ ਜੁੰਮਾ ਵੀ ਡੈਮ ਬਣਾਉਣ ਵਾਲੀ ਸੰਸਥਾ ਦੇ ਸਿਰ ਪੈਂਦਾ ਹੈ ਕਿ ਇਸਦੇ ਕਿਨਾਰਿਆਂ ਦੀ ਸਾਂਭ-ਸੰਭਾਲ ਕੀਤੀ ਜਾਵੇ ਅਤੇ ਇਸ ਵਿੱਚ ਪੈਦਾ ਹੋਣ ਵਾਲੇ ਘਾਹ-ਫੂਸ, ਦਰਖਤਾਂ ਅਤੇ ਇਸ ਵਿੱਚ ਸੁੱਟੇ ਜਾ ਰਹੇ ਕਚਰੇ ਆਦਿ ਦੀ ਲਗਾਤਾਰ ਸਫਾਈ ਵਗੈਰਾ ਕਰਵਾਈ ਜਾਵੇ। ਪਰ ਲੋਟੂ ਹਾਕਮ ਆਪਣੇ ਮੁਨਾਫਿਆਂ ਨੂੰ ਤਰਜੀਹ ਦਿੰਦੇ ਹੋਏ ਸਾਂਭ-ਸੰਭਾਲ ਕਰਨ ਦੀ ਜੁੰਮੇਵਾਰੀ ਤੋਂ ਟਾਲਾ ਵੱਟ ਜਾਂਦੇ ਹਨ। ਇਸ ਵਾਰ ਲੋਹੀਆਂ-ਸੁਲਤਾਨਪੁਰ ਇਲਾਕੇ ਵਿੱਚ ਆਉਣ ਵਾਲੇ ਹੜ੍ਹਾਂ ਦਾ ਇੱਕ ਕਾਰਨ ਇਹ ਵੀ ਸੀ ਕਿ ਇੱਥੇ ਬੇ-ਆਬਾਦ ਇੱਕ ਪੁੱਲ ਦੀਆਂ 21 ਮੋਰੀਆਂ ਵਿੱਚੋਂ ਸਿਰਫ ਦੋ ਹੀ ਚੱਲਦੀਆਂ ਸਨ, ਬਾਕੀਆਂ ਦੀਆਂ ਮੋਰੀਆਂ ਵਿੱਚ ਜਲ-ਬੂਟੀ ਅਤੇ ਦਰਖਤ ਆਦਿ ਫਸ ਕੇ ਹੜ੍ਹਾਂ ਦਾ ਕਾਰਨ ਬਣੇ। ਹਕੂਮਤਾਂ ਨੇ ਨਾ ਦਰਿਆਵਾਂ ਦੀ ਸਫਾਈ ਕਰਵਾਈ ਤੇ ਨਾ ਹੀ ਬੇਕਾਰ ਹੋਏ ਪੁੱਲ ਦੇ ਮਲਬੇ ਨੂੰ ਪਾਸੇ ਕੀਤਾ। 
ਪੰਜਾਬ ਵਿੱਚ ਇਹ ਕੋਈ ਅਧਿਕਾਰੀ ਵੀ ਨਹੀਂ ਦੱਸ ਰਿਹਾ ਕਿ ਇੱਥੋਂ ਦੇ ਸਿਆਸਤਦਾਨਾਂ, ਉੱਚ ਅਧਿਕਾਰੀਆਂ ਅਤੇ ਰੇਤਾ-ਬਜਰੀ ਦੇ ਮਾਫੀਏ ਵੱਲੋਂ ਸ਼ਿਵਾਲਕ ਦੀਆਂ ਪਹਾੜੀਆਂ ਜਿਹੜੀ ਅੰਨ੍ਹੇਵਾਹ ਖੁਦਾਈ ਕੀਤੀ ਜਾ ਰਹੀ ਹੈ ਅਤੇ ਜੰਗਲਾਂ ਨੂੰ ਉਜਾੜਿਆ ਜਾ ਰਿਹਾ ਹੈ ਇਹ ਕਾਰਨ ਹਨ, ਜਿਹਨਾਂ ਕਰਕੇ ਹੜ੍ਹਾਂ ਦੀ ਮਾਰ ਵਧੇਰੇ ਹੋ ਰਹੀ ਹੈ। ਸਤਲੁਜ ਦਰਿਆ ਸਮੇਤ ਸਭਨਾਂ ਹੀ ਦਰਿਆਵਾਂ ਦੇ ਧੁੱਸੀ ਬੰਨ੍ਹਾਂ ਦੇ ਅੰਦਰੋਂ ਰੇਤ ਮਾਫੀਏ ਵੱਲੋਂ ਅੰਨ੍ਹੇਵਾਹ ਕੀਤੀ ਜਾਂਦੀ ਖੁਦਾਈ ਵੀ ਧੁੱਸੀ ਬੰਨ੍ਹਾਂ ਦੇ ਟੁੱਟਣ ਦਾ ਕਾਰਨ ਬਣੀ ਹੈ। ਇਸੇ ਹੀ ਤਰ੍ਹਾਂ ਕਿਸੇ ਇਲਾਕੇ ਵਿੱਚ ਸੜਕਾਂ-ਰੇਲਵੇ ਲਾਈਨਾਂ ਕੱਢਣੀਆਂ ਹੋਣ ਜਾਂ ਨਹਿਰਾਂ-ਸੂਏ ਬਣਾਉਣੇ ਹੋਣ ਤਾਂ ਪਾਣੀ ਦੇ ਕੁਦਰਤੀ ਵਹਾਅ ਨੂੰ ਅਣਡਿੱਠ-ਅਣਗੌਲਿਆਂ ਕਰਕੇ ਆਪਣੇ ਮੁਨਾਫੇ ਨੂੰ ਮੁੱਖ ਰੱਖਦਿਆਂ ਕੀਤੀ ਗਈ ਗਲਤ ਵਿਉਂਤਬੰਦੀ ਹੜ੍ਹਾਂ ਦਾ ਕਾਰਨ ਬਣਦੀ ਹੈ, ਜਿਸ ਬਾਰੇ ਲੋਟੂ ਸਰਕਾਰਾਂ ਪੂਰੀ ਤਰ੍ਹਾਂ ਜੁੰਮੇਵਾਰ ਹਨ। 
ਹਾਕਮਾਂ ਨੇ ਜਾਣ-ਬੁੱਝ ਕੇ ਤਬਾਹੀ ਲਿਆਂਦੀ
ਭਾਰਤੀ ਹਕੂਮਤਾਂ ਨੂੰ ਇਹ ਭਲੀ-ਭਾਂਤ ਪਤਾ ਹੈ ਕਿ ਕੁਦਰਤ ਦੇ ਨਿਯਮਾਂ ਮੁਤਾਬਕ ਪੰਜਾਬ ਵਿੱਚ ਔਸਤਨ 7-8 ਸਾਲਾਂ ਵਿੱਚ ਇੱਕ ਭਾਰੀ ਬਰਸਾਤ ਹੋਣੀ ਹੀ ਹੁੰਦੀ ਹੈ। ਜੇਕਰ ਇਹ ਔਸਤ ਕੱਢੀ ਹੀ ਮਿਲ ਜਾਂਦੀ ਹੈ ਤਾਂ ਇਸ ਮੁਤਾਬਕ ਨਾ ਸਿਰਫ ਦਰਿਆਵਾਂ ਦੀ ਸਾਂਭ-ਸੰਭਾਲ ਹੀ ਕੀਤੀ ਜਾ ਸਕਦੀ ਹੈ ਬਲਕਿ ਹੜ੍ਹ ਦੀ ਮਾਰ ਹੇਠ ਆਉਣ ਵਾਲੇ ਲੋਕਾਂ ਨੂੰ ਸਾਂਭਣ ਦੇ ਇੰਤਜ਼ਾਮ ਵੀ ਕੀਤੇ ਜਾ ਸਕਦੇ ਹਨ। ਪਰ ਇੱਥੋਂ ਦੇ ਹਾਕਮ ਆਪਣੇ ਸਿਰ ਆਉਂਦੀ ਜੁੰਮੇਵਾਰੀ ਨੂੰ ਪਾਸੇ ਸੁੱਟਦੇ ਹੋਏ ਆਪਣੇ ਅੰਨ੍ਹੇ ਮੁਨਾਫਿਆਂ ਨੂੰ ਤਰਜੀਹ ਦਿੰਦੇ ਹਨ। ਇਹਨਾਂ ਨੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਦੇ ਹੋਏ ਪਹਿਲਾਂ ਦਰਿਆਵਾਂ-ਨਹਿਰਾਂ ਦੀ ਸਾਂਭ-ਸੰਭਾਲ ਲਈ ਬਣਾਏ ਨਹਿਰੀ, ਪੀਣ ਯੋਗ ਪਾਣੀ ਦੀ ਸਪਲਾਈ ਅਤੇ ਸੀਵਰੇਜ ਆਦਿ ਦੇ ਮਹਿਕਮੇ ਖਤਮ ਕਰਕੇ ਇਹਨਾਂ ਨੂੰ ਠੇਕੇਦਾਰਾਂ ਨੂੰ ਸੰਭਾਲ ਦਿੱਤਾ ਹੈ ਜੋ ਆਪਣੇ ਅਤੇ ਇਹਨਾਂ ਹਾਕਮਾਂ ਦੇ ਮੁਨਾਫਿਆਂ ਦੀ ਗਾਰੰਟੀ ਕਰਨ ਲਈ ਲੋਕਾਂ ਨੂੰ ਮੌਤ ਅਤੇ ਤਬਾਹੀ ਦੇ ਮੂੰਹ ਧਕਦੇ ਹਨ। ਹੜ੍ਹਾਂ ਤੋਂ ਬਚਾਅ ਲਈ ਕਿਸ਼ਤੀਆਂ, ਸਿਹਤ ਸਹੂਲਤਾਂ, ਖਾਧ-ਖੁਰਾਕ, ਆਵਾਜਾਈ ਸਹੂਲਤਾਂ ਨੂੰ ਕਬਾੜ ਬਣਾਇਆ ਹੋਇਆ ਹੈ। ਇਹ ਕਹਿਣ ਨੂੰ ਪੰਜਾਬ ਵਿੱਚ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਫੌਜ ਬੁਲਾ ਰਹੇ ਹਨ ਪਰ ਇਹ ਲੋਕਾਂ ਦੀਆਂ ਲੋੜਾਂ ਮੁਤਾਬਕ ਉੱਕਾ ਹੀ ਤਾਇਨਾਤ ਨਹੀਂ ਕੀਤੀ ਜਾਂਦੀ। ਇਹ ਹਾਕਮਾਂ ਦੀਆਂ ਨੀਤੀਆਂ ਹੀ ਹਨ ਕਿ ਉਹ ਕਸ਼ਮੀਰ 'ਤੇ ਕਬਜ਼ੇ ਲਈ 10-10 ਕਸ਼ਮੀਰੀ ਲੋਕਾਂ ਨੂੰ ਘੇਰਨ ਇੱਕ ਇੱਕ ਬੰਦੂਕਧਾਰੀ ਫੌਜੀ ਤਾਇਨਾਤ ਕਰ ਸਕਦੇ ਹਨ, ਜਦੋਂ ਡੁੱਬਦੇ ਪੰਜਾਬੀਆਂ ਨੂੰ ਬਚਾਉਣ ਲਈ 1000 ਪਿੱਛੇ 1 ਸਾਧਾਰਨ ਫੌਜੀ ਦੀ ਤਾਇਨਾਤੀ ਵੀ ਨਹੀਂ ਕੀਤੀ ਜਾਂਦੀ।  ਭਾਰਤੀ ਹਾਕਮ ਇੱਕ ਪਾਸੇ ਤਾਂ ਆਪਣੇ ਆਪ ਨੂੰ ਚੌਥੀ ਮਹਾਂ-ਸ਼ਕਤੀ ਹੋਣ ਵਜੋਂ ਡੀਂਗਾਂ ਮਾਰ ਰਹੇ ਹਨ, ਦੂਸਰੇ ਪਾਸੇ ਜਦੋਂ ਇਹਨਾਂ ਨੂੰ ਪਤਾ ਹੈ ਕਿ ਭਾਖੜੇ ਤੋਂ ਛੱਡਿਆ ਬੇਥਵ੍ਹਾ ਪਾਣੀ ਅਗਲੇ 24 ਜਾਂ 36 ਘੰਟਿਆਂ ਵਿੱਚ ਸੁਲਤਾਨਪੁਰ, ਲੋਹੀਆਂ, ਸ਼ਾਹਕੋਟ ਅਤੇ ਮੱਖੂ ਆਦਿ ਇਲਾਕਿਆਂ ਵਿੱਚ ਜਾ ਕੇ ਭਾਰੀ ਤਬਾਹੀ ਮਚਾਵੇਗਾ ਹੀ, ਤਾਂ ਇਹ ਐਨਾ ਕੁ ਇੰਤਜ਼ਾਮ ਵੀ ਨਹੀਂ ਕਰ ਸਕੇ ਕਿ ਇਹ ਲੋਕਾਂ ਨੂੰ ਜਾਗਰਤ ਕਰਕੇ ਹੜ੍ਹਾਂ ਵਾਲੇ ਇਲਾਕਿਆਂ ਵਿੱਚੋਂ ਸੁਰੱਖਿਅਤ ਬਾਹਰ ਕੱਢ ਸਕਣ। ਇਹ ਨਹੀਂ ਸੀ ਕਿ ਅਜਿਹਾ ਕੀਤਾ ਨਹੀਂ ਸੀ ਜਾ ਸਕਦਾ, ਬਲਕਿ ਸੱਚ ਇਹ ਹੈ ਕਿ ਇੱਥੋਂ ਦੇ ਹਾਕਮ ਅਜਿਹਾ ਕਰਨਾ ਨਹੀਂ ਸਨ ਚਾਹੁੰਦੇ। 
ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਹਕੂਮਤ ਨੇ ਜਿੱਥੇ ਆਪਣੀ ਪਾਰਟੀ ਦੀ ਸਰਕਾਰ ਵਾਲੇ ਸੂਬਿਆਂ ਨੂੰ ਹੜ੍ਹਾਂ ਸਬੰਧੀ ਮੁਆਵਜਾ ਰਾਸ਼ੀ ਜਲਦੀ ਭੇਜਣ ਦੀ ਤੱਦੀ ਵਿਖਾਈ ਹੈ, ਉਹ ਕੁੱਝ ਪੰਜਾਬ ਵਿੱਚ ਵਿਖਾਈ ਨਹੀਂ ਦਿੰਦਾ। ਪੰਜਾਬ ਦੇ ਹੋਏ ਨੁਕਸਾਨ ਸਬੰਧੀ ਵੱਖ ਵੱਖ ਤਰ੍ਹਾਂ ਦੇ ਕਿਆਫੇ ਲਾਏ ਜਾ ਰਹੇ ਹਨ ਕਿ 1000 ਕਰੋੜ ਤੋਂ 1700 ਕਰੋੜ ਰੁਪਏ ਦੇ ਦਰਮਿਆਨ ਨੁਕਸਾਨ ਹੋਇਆ ਹੈ। ਜਿੱਥੋਂ ਤੱਕ ਪੰਜਾਬ ਦੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਅਮਰਿੰਦਰ ਹਕੂਮਤ ਦਾ ਸਵਾਲ ਹੈ, ਇਸਨੇ ਫੋਕੇ ਬਿਆਨ ਦਾਗ਼ਣ ਤੋਂ ਸਿਵਾਏ ਹੋਰ ਕੁੱਝ ਨਹੀਂ ਕੀਤਾ। ਦੂਸਰੇ ਪਾਸੇ ਲੋਕਾਂ ਨੇ ਡੁੱਬਦੇ ਕਿਰਤੀ-ਕਮਾਊ ਲੋਕਾਂ ਨੂੰ ਬਚਾਉਣ, ਉਹਨਾਂ ਨੂੰ ਸਾਂਭਣ, ਲੰਗਰ, ਰਾਸ਼ਣ-ਪਾਣੀ, ਤੂੜੀ-ਪੱਠੇ, ਕੱਪੜੇ-ਲੀੜੇ ਆਦਿ ਦੇ ਰੂਪ ਵਿੱਚ ਬਹੁਤ ਮੱਦਦ ਕੀਤੀ ਹੈ।

ਕਾਮਰੇਡ ਮਾਓ-ਜ਼ੇ-ਤੁੰਗ ਦੇ 124ਵੇਂ ਜਨਮ ਦਿਹਾੜੇ 'ਤੇ:

26 ਦਸੰਬਰ : ਕਾਮਰੇਡ ਮਾਓ-ਜ਼ੇ-ਤੁੰਗ ਦੇ 124ਵੇਂ ਜਨਮ ਦਿਹਾੜੇ 'ਤੇ:
''ਜਿਸ ਕੋਲ ਜ਼ਿਆਦਾ ਬੰਦੂਕਾਂ ਹੁੰਦੀਆਂ ਹਨ, 
ਉਸਦੇ ਕੋਲ ਜ਼ਿਆਦਾ ਸੱਤਾ ਹੁੰਦੀ ਹੈ''
ਸਮੇਂ ਦੇ ਬੀਤਣ ਨਾਲ ਹੁਣ ਜਿਵੇਂ ਜਿਵੇਂ ਅਰਧ-ਜਾਗੀਰੂ, ਅਰਧ-ਬਸਤੀਵਾਦੀ ਦੇਸ਼ਾਂ ਵਿੱਚ ਉਸਦੇ ਦਰਸਾਏ ਰਾਹ 'ਤੇ ਚੱਲ ਕੇ ਅਨੇਕਾਂ ਦੇਸ਼ਾਂ ਵਿੱਚ ਮਾਓਵਾਦੀ ਲਹਿਰਾਂ ਤਕੜਾਈ ਫੜ ਰਹੀਆਂ ਹਨ ਤਾਂ ਇਹਨਾਂ ਲਹਿਰਾਂ ਨੂੰ ਕੁਚਲਣ ਲਈ ਜਿੱਥੇ ਹਾਕਮ ਜਮਾਤੀ ਪਾਰਟੀਆਂ ਲੱਖਾਂ ਦੀ ਗਿਣਤੀ ਵਿੱਚ ਫ਼ੌਜੀ ਬਲ ਝੋਕ ਕੇ ਅੰਨ੍ਹੇ ਜ਼ੁਲਮ ਢਾਹ ਰਹੀਆਂ ਉੱਥੇ ਮਾਓ ਦਾ ਨਾਂ ਲੈ ਕੇ ਇਹਨਾਂ ਲਹਿਰਾਂ ਨੂੰ ਕੁਰਾਹੇ ਪਾਉਣ ਲਈ ਵੀ ਪੂਰਾ ਟਿੱਲ ਲਾਇਆ ਜਾ ਰਿਹਾ ਹੈ। ਪਰ ਹੁਣ ਇਹਨਾਂ ਖੇਤਰਾਂ ਵਿੱਚ ਕਾਮਰੇਡ ਮਾਓ-ਜ਼ੇ-ਤੁੰਗ ਦੀਆਂ ਦੇਣਾਂ ਦੀ ਭਰਪੂਰ ਚਰਚਾ ਚੱਲ ਰਹੀ ਹੈ। ਉਂਝ ਜਦੋਂ ਤੋਂ ਹੀ ਮਾਰਕਸਵਾਦ ਨੇ ਮਾਨਤਾ ਹਾਸਲ ਕਰਕੇ ਸਰਮਾਏਦਾਰੀ ਪ੍ਰਚਾਰ-ਤੰਤਰ ਨੂੰ ਹਰਾ ਕੇ ਇਖਲਾਕੀ ਜਿੱਤ ਹਾਸਲ ਕਰ ਲਈ ਸੀ, ਉਦੋਂ ਤੋਂ ਹੀ ਮਾਰਕਸਵਾਦ ਦਾ ਵਿਰੋਧ ਮਾਰਕਸ ਦਾ ਚੋਗਾ ਪਾ ਕੇ ਕੀਤਾ ਜਾਣ ਲੱਗਿਆ ਸੀ, ਇੱਕ ਸਦੀ ਪਹਿਲਾਂ ਮਾਰਕਸ ਦਾ ਚੋਗਾ ਪਾ ਕੇ ਵਿਚਰਦੇ ਸੋਧਵਾਦ ਨੂੰ ਕਾਮਰੇਡ ਲੈਨਿਨ ਨੇ ਕਮਿਊਨਿਜ਼ਮ ਲਈ ਸਭ ਤੋਂ ਵੱਡਾ ਖਤਰਾ ਆਖਿਆ ਸੀ। ਭਾਵੇਂ ਇੱਕ ਸਦੀ ਪਹਿਲਾਂ ਰੂਸ ਵਿੱਚ ਅਤੇ ਪੌਣੀ ਕੁ ਸਦੀ ਪਹਿਲਾਂ ਚੀਨ ਵਿੱਚ ਮਜ਼ਦੂਰ ਜਮਾਤ ਦੀ ਪਾਰਟੀ ਦੀ ਅਗਵਾਈ ਵਿੱਚ ਹੋਏ ਇਨਕਲਾਬਾਂ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਇਨਕਲਾਬਾਂ ਲਈ ਬੇਹੱਦ ਪ੍ਰੇਰਨਾ ਦਿੱਤੀ ਸੀ ਪਰ ਬਾਅਦ ਵਿੱਚ ਪਹਿਲਾਂ ਰੂਸ ਅਤੇ ਫੇਰ ਚੀਨ ਵਿੱਚ ਮਜ਼ਦੂਰ ਜਮਾਤ ਦੇ ਕਿਲਿਆਂ ਦੇ ਢਹਿਢੇਰੀ ਹੋ ਜਾਣ ਨੇ ਲੈਨਿਨ ਦੇ ਬੋਲਾਂ ਦੀ ਪੁਸ਼ਟੀ ਕੀਤੀ ਸੀ ਕਿ ਕਮਿਊਨਿਜ਼ਮ ਦੇ ਅੱਗੇ ਸੋਧਵਾਦ ਮੁੱਖ ਖਤਰਾ ਬਣਿਆ ਹੋਇਆ ਹੈ। ਹੁਣ ਦੇ ਸਮੇਂ ਵਿੱਚ ਜਦੋਂ ਬਸਤੀਆਂ, ਅਰਧ-ਬਸਤੀਆਂ ਦੇ ਮੁਲਕਾਂ ਵਿੱਚ ਮਜ਼ਦੂਰ ਜਮਾਤ ਦੀਆਂ ਪਾਰਟੀਆਂ ਵੱਲੋਂ ਮਾਓ ਦੇ ਸਿਧਾਂਤਾਂ ਤੋਂ ਪ੍ਰੇਰਨਾ ਲੈ ਕੇ ਹਥਿਆਰਬੰਦ ਸੰਘਰਸ਼ ਚਲਾਏ ਜਾ ਰਹੇ ਹਨ ਤਾਂ ਇਸ ਸਮੇਂ ਦੇ ਮਾਰਕਸਵਾਦ ਦਾ— ਮਾਓਵਾਦ ਦਾ—ਵਿਰੋਧ ਮਾਓ ਦੇ ਨਾਂ ਹੇਠ ਬੜੇ ਜ਼ੋਰ ਨਾਲ ਕੀਤਾ ਜਾ ਰਿਹਾ ਹੈ। ਇਸ ਕਰਕੇ ਨਵੀਨ ਕਿਸਮ ਦੇ ਇਸ ਸੋਧਵਾਦ ਦਾ ਟਾਕਰਾ ਕਰਨ ਲਈ ਸਭ ਤੋਂ ਪਹਿਲੀ ਗੱਲ ਇਹ ਹੀ ਹੈ ਕਿ ਉਸ ਸਭ ਕੁੱਝ ਨੂੰ ਸਮਝਿਆ ਜਾਵੇ ਜੋ ਕੁੱਝ ਮਾਓ-ਜ਼ੇ-ਤੁੰਗ ਆਖਿਆ ਸੀ ਤੇ ਅਮਲਾਂ ਵਿੱਚ ਕੀਤਾ ਸੀ। ਪਰ ਜਦੋਂ ਮਾਓ-ਜ਼ੇ-ਤੁੰਗ ਦੇ ਕੁੱਲ ਵਿਚਾਰਾਂ ਅਤੇ ਅਮਲਾਂ ਨੂੰ ਸਮਝਣ ਦੀ ਗੱਲ ਆਉਂਦੀ ਹੈ ਤਾਂ ਇਹ ਮਾਮਲਾ ਕਾਫੀ ਲੰਮਾ, ਖੌਝਲਣ ਵਾਲਾ ਅਤੇ ਮੁਸ਼ਕਲ ਹੈ। ਕਿਉਂਕਿ ਜੇ ਮਾਓਵਾਦ ਨੂੰ ਅਸਲ ਵਿੱਚ ਸਮਝਣਾ ਹੈ ਤਾਂ ਇਹ ਸਿਰਫ ਪੜ੍ਹ ਕੇ ਹੀ ਸਮਝ ਵਿੱਚ ਆਉਣ ਵਾਲਾ ਮਾਮਲਾ ਨਹੀਂ ਹੈ ਬਲਕਿ ਇਹ ਅਮਲ ਕਰਦੇ ਹੋਏ ਸਿੱਖਣ ਵਾਲਾ ਵਧੇਰੇ ਹੈ। ਇਸ ਕਰਕੇ ਆਪਣੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਅਮਲ ਵਿੱਚ ਪੈ ਕੇ ਮਾਓ ਦੇ ਵਿਚਾਰਾਂ ਦੀ ਅਮਲ ਨਾਲ ਜੁੜਵੀਂ ਪੜ੍ਹਾਈ ਹੀ ਵਧੇਰੇ ਸਾਰਥਿਕ ਸਾਬਤ ਹੋ ਸਕਦੀ ਹੈ। 
ਕਾਮਰੇਡ ਮਾਓ-ਜ਼ੇ-ਤੁੰਗ ਦੀਆਂ ਸਾਰੀਆਂ ਲਿਖਤਾਂ ਨੂੰ ਹੀ ਪੜ੍ਹਨਾ ਹੋਵੇ ਤਾਂ ਇਹ ਵੀ ਕਾਫੀ ਵਧੇਰੇ ਖੇਚਲ ਵਾਲਾ ਕਾਰਜ ਬਣ ਜਾਂਦਾ ਹੈ। ਮਾਓ-ਜ਼ੇ-ਤੁੰਗ ਦੀਆਂ ਚੋਣਵੀਆਂ ਲਿਖਤਾਂ ਦੇ ਗ੍ਰੰਥਾਂ ਨੂੰ ਹੀ ਪੜ੍ਹਨਾ ਹੋਵੇ ਜਾਂ ਉਸ ਦੀ ਅਗਵਾਈ ਵਿੱਚ ਚੱਲਣ ਵਾਲੀ ਚੀਨੀ ਕਮਿਊਨਿਸਟ ਪਾਰਟੀਆਂ ਦੀਆਂ ਸਮੁੱਚੀਆਂ ਲਿਖਤਾਂ ਨੂੰ ਪੜ੍ਹਨਾ ਹੋਵੇ ਤਾਂ ਇਹ ਸਾਲਾਂ-ਬੱਧੀ ਹੋਣ ਵਾਲਾ ਕਾਰਜ ਬਣ ਜਾਂਦਾ ਹੈ। ਪਹਿਲਾਂ ਪੜ੍ਹੋ ਤੇ ਫੇਰ ਹੀ ਕੁੱਝ ਕਰੋ ਦਾ ਅਮਲ ਮਾਓ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦਾ। ਪਹਿਲਾਂ ਮੱਥੇ ਵੱਜਦੀਆਂ ਚੁਣੌਤੀਆਂ ਨਾਲ ਭਿੜੋ ਤੇ ਭਿੜਦੇ ਹੋਏ ਇਹਨਾਂ ਨੂੰ ਹੱਲ ਕਰਨ ਲਈ ਸਬੰਧਤ ਪੜ੍ਹਾਈ ਕਰਦੇ ਹੋਏ ਗਿਆਨ ਹਾਸਲ ਕਰੋ। ਮਾਓ-ਜ਼ੇ-ਤੁੰਗ ਨੇ ਸਿਧਾਂਤ ਅਤੇ ਅਮਲ ਦੇ ਮਾਮਲੇ ਵਿੱਚ, ਅਮਲ ਨੂੰ ਸਿਧਾਂਤ ਨਾਲੋਂ ਵੱਧ ਪ੍ਰਮੁੱਖਤਾ ਦਿੱਤੀ ਹੈ। ਕਿਉਂਕਿ ਮਾਰਕਸਵਾਦੀ ਸਿਧਾਂਤ ਦੇ ਅਨੁਸਾਰ ਕੋਈ ਵੀ ਸਿਧਾਂਤ ਪਹਿਲਾਂ ਕੀਤੇ ਗਏ ਅਮਲਾਂ ਦਾ ਨਿਚੋੜ ਹੁੰਦਾ ਹੈ ਅਤੇ ਮੋੜਵੇਂ ਰੂਪ ਵਿੱਚ ਇਹ ਅਮਲ ਵਿੱਚ ਲਾਗੂ ਕਰਨ 'ਤੇ ਜਿੱਥੇ ਇਹ ਅਮਲ ਨੂੰ ਪ੍ਰਚੰਡ ਕਰਦਾ ਹੈ, ਉੱਥੇ ਸਿਧਾਂਤ ਨੂੰ ਵੀ ਹੋਰ ਤੋਂ ਹੋਰ ਨਿਖਾਰਦਾ ਚਲੇ ਜਾਂਦਾ ਹੈ। 
ਰੂਸ ਦੇ ਅਕਤੂਬਰ ਇਨਕਲਾਬ ਤੋਂ ਸਿੱਖਦੇ ਹੋਏ 1921 ਵਿੱਚ ਬਣੀ ਚੀਨੀ ਕਮਿਊਨਿਸਟ ਪਾਰਟੀ ਨੇ ਵੀ ਚੀਨ ਵਿੱਚ ਰੂਸ ਵਾਂਗ ਹੀ ਇਨਕਲਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਮਾਓ-ਜ਼ੇ-ਤੁੰਗ ਹੋਰਾਂ ਨੇ ਲੈਨਿਨ ਦੀਆਂ ਦੂਰ ਪੂਰਬ ਦੇ ਦੇਸ਼ਾਂ ਵਿੱਚ ਇਨਕਲਾਬਾਂ ਸਬੰਧੀ ਲਿਖਤਾਂ ਪੜ੍ਹੀਆਂ ਅਤੇ ਇਹਨਾਂ ਦੇਸ਼ਾਂ ਦੇ ਰੂਸ ਦੀਆਂ ਹਾਲਤਾਂ ਨਾਲੋਂ ਵਖਰੇਵੇਂ ਨੋਟ ਕੀਤੇ ਤਾਂ ਉਹਨਾਂ ਨੇ ਅਰਧ-ਜਾਗੀਰੂ, ਅਰਧ-ਬਸਤੀਵਾਦੀ ਦੇਸ਼ਾਂ ਵਿੱਚ ਇਨਕਲਾਬ ਕਰਨ ਲਈ ਚੀਨ ਦੀਆਂ ਠੋਸ ਹਾਲਤਾਂ ਦਾ ਠੋਸ ਵਿਸ਼ਲੇਸ਼ਣ ਕਰਦੇ ਹੋਏ ਆਖਿਆ ਕਿ ਚੀਨ ਵਿੱਚ ਰੂਸ ਵਰਗਾ ਇੱਕਦਮ ਬਗਾਵਤ ਵਾਲਾ ਇਨਕਲਾਬ ਨਹੀਂ ਹੋਵੇਗਾ ਬਲਕਿ ਇਹ ਨਵ-ਜਮਹੂਰੀ ਇਨਕਲਾਬ ਲਮਕਵੇਂ ਯੁੱਧ ਰਾਹੀਂ ਹੋਵੇਗਾ। ਚੀਨ ਵਿੱਚ ਜਦੋਂ ਚਿਆਂਗ ਕਾਈ-ਸ਼ੇਕ ਦੀ ਅਗਵਾਈ ਵਿੱਚ ਕੌਮੀ ਸਰਕਾਰ ਗ਼ਦਾਰੀ ਕਰ ਗਈ ਤਾਂ ਉਸਨੇ ਨੰਗੇ-ਚਿੱਟੇ ਖੁੱਲ੍ਹੇ ਰੂਪ ਵਿੱਚ ਕੰਮ ਕਰਦੇ ਲੱਖਾਂ ਹੀ ਕਮਿਊਨਿਸਟਾਂ ਅਤੇ ਇਹਨਾਂ ਦੀ ਅਗਵਾਈ ਵਿਚਲੀ ਫ਼ੌਜ ਦੇ ਸਿਪਾਹੀਆਂ ਨੂੰ ਮਾਰ ਦਿੱਤਾ ਸੀ। ਇਸ ਸਮੇਂ ਮਾਓ-ਜ਼ੇ-ਤੁੰਗ ਨੇ ਇਹ ਸਮਝ ਅਖਤਿਆਰ ਕਰ ਲਈ ਸੀ ਕਿ ਚੀਨੀ ਇਨਕਲਾਬ ਸ਼ਹਿਰਾਂ ਦੀ ਥਾਂ ਪਿੰਡਾਂ ਵਿੱਚੋਂ ਸ਼ਹਿਰਾਂ ਨੂੰ ਘੇਰਨ ਵਾਲਾ ਹੋਵੇਗਾ। 
ਇਨਕਲਾਬ ਦੇ ਅਮਲ ਵਿੱਚ ਪੈ ਕੇ ਬਾਹਰਮੁਖੀ ਹਕੀਕਤਾਂ ਨੂੰ ਜਾਣਦੇ, ਸਮਝਦੇ ਅਤੇ ਸਵਿਕਾਰਦੇ ਹੋਏ ਕਾਮਰੇਡ ਮਾਓ-ਜ਼ੇ-ਤੁੰਗ ਨੇ ਸਿੱਟਾ ਕੱਢਿਆ ਕਿ ਕਮਿਊਨਿਸਟ ਪਾਰਟੀ, ਪਾਰਟੀ ਦੀ ਅਗਵਾਈ ਵਿੱਚ ਲਾਲ ਫ਼ੌਜ ਅਤੇ ਇਨਕਲਾਬੀ ਜਮਹੂਰੀ ਪਾਰਟੀਆਂ ਦਾ ਸਾਂਝਾ ਮੋਰਚਾ ਇਨਕਲਾਬ ਦੇ ਤਿੰਨ ਜਾਦੂਮਈ ਹਥਿਆਰ ਹਨ। ਇਹਨਾਂ ਵਿੱਚੋਂ ਕਿਸੇ ਇੱਕ ਦੀ ਵੀ ਹੋਂਦ ਅਤੇ ਵਿਕਾਸ ਦੂਸਰੇ ਦੋਵਾਂ ਹਥਿਆਰਾਂ ਤੋਂ ਬਗੈਰ ਨਹੀਂ ਹੋ ਸਕਦਾ। ਇਹਨਾਂ ਦੀ ਹੋਂਦ ਅਤੇ ਵਿਕਾਸ ਆਪਸ ਵਿੱਚ ਪ੍ਰਸਪਰ ਜੁੜੇ ਹੋਏ ਹਨ। ਇਸੇ ਤਰ੍ਹਾਂ ਦੇ ਹੀ ਅਮਲ ਵਿੱਚ ਪੈ ਕੇ ਉਸਨੇ ਸਿੱਟਾ ਕੱਢਿਆ ਸੀ ਕਿ ਅਰਧ-ਜਾਗੀਰੂ, ਅਰਧ-ਬਸਤੀਵਾਦੀ ਚੀਨ ਵਿੱਚ ਸੰਘਰਸ਼ ਦਾ ਮੁੱਖ ਰੂਪ ਹਥਿਆਰਬੰਦ ਸੰਘਰਸ਼ ਅਤੇ ਜਥੇਬੰਦੀ ਦਾ ਮੁੱਖ ਰੂਪ ਫ਼ੌਜ ਹੋਵੇਗਾ। 
ਪਰ ਮਾਓ ਦਾ ਨਾਂ ਲੈ ਕੇ ਉਸਦਾ ਵਿਰੋਧ ਕਰਨ ਵਾਲੇ ਇਹਨਾਂ ਤਿੰਨਾਂ ਹੀ ਹਥਿਆਰਾਂ ਦੇ ਆਪਸ ਜੁੜੇ ਹੋਣ, ਇਹਨਾਂ ਦੀ ਪ੍ਰਸਪਰ ਹੋਂਦ, ਇਹਨਾਂ ਦੇ ਇੱਕ-ਦੂਜੇ ਨਾਲ ਜੁੜਵੇਂ ਵਿਕਾਸ ਤੋਂ ਮੁਨਕਰ ਹੁੰਦੇ ਹੋਏ ਇਹਨਾਂ ਨੂੰ ਇੱਕ-ਦੂਜੇ ਨਾਲੋਂ ਨਿਖੇੜ ਦਿੰਦੇ ਹਨ। ਉਹ ਕਦੇ ਇਕੱਲੀ ਪਾਰਟੀ ਦੇ ਟੁੱਟਵੇਂ ਇਕਹਿਰੇ ਵਿਕਾਸ ਦੀ ਗੱਲ ਕਰਦੇ ਹਨ ਅਤੇ ਕਦੇ ਇਸ ਦੇ ਪੜਾਅਵਾਰ ਵਿਕਾਸ ਦੀ। ਉਹ ਮਾਓ ਵੱਲੋਂ ਦੂਸਰੇ ਨੰਬਰ 'ਤੇ ਰੱਖੀਆਂ ਗੱਲਾਂ ਨੂੰ ਪਹਿਲੇ ਸਥਾਨ 'ਤੇ ਬਣਾ ਕੇ ਪੇਸ਼ ਕਰਦੇ ਹਨ ਅਤੇ ਵੱਧ ਮਹੱਤਤਾ ਦਿੱਤੀਆਂ ਗੱਲਾਂ ਨੂੰ ਪਿਚਕਾ ਕੇ ਪੇਸ਼ ਕਰਦੇ ਹਨ ਜਾਂ ਅਕਸਰ ਕਰਦੇ ਹੀ ਨਹੀਂ। ਉਦਾਹਰਨ ਵਜੋਂ ਉਹ ਮਾਓ ਦੀ ਇਸ ਧਾਰਨਾ ''ਚੀਨ ਵਿੱਚ ਸੰਘਰਸ਼ ਦਾ ਮੁੱਖ ਰੂਪ ਯੁੱਧ ਹੈ ਅਤੇ ਜਥੇਬੰਦੀ ਦਾ ਮੁੱਖ ਰੂਪ ਫ਼ੌਜ ਹੈ। ਜਨਤਕ ਜਥੇਬੰਦੀਆਂ ਅਤੇ ਜਨਤਕ ਸੰਘਰਸ਼ ਵਰਗੇ ਦੂਜੇ ਰੂਪ ਵੀ ਬਹੁਤ ਮੱਹਤਵ ਵਾਲੇ ਹਨ ਅਤੇ ਨਿਸ਼ਚੇ ਹੀ ਲਾਜ਼ਮੀ ਹਨ, ਇਸ ਲਈ ਸਾਨੂੰ ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਨਜ਼ਰਅੰਦਾਜ਼ ਨਹੀਂ ਕਰਨਾ ਕਰਨਾ ਚਾਹੀਦਾ, ਪਰ ਇਹ ਸਾਰੇ ਯੁੱਧ ਦੀ ਸੇਵਾ ਲਈ ਹਨ'' ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਉਹ ਸੰਭਾਵੀ ਯੁੱਧਨੀਤਕ ਇਲਾਕਿਆਂ ਵਿੱਚ ਕੀਤੀ ਜਾਣ ਵਾਲੀ ਸਮਝ ਨੂੰ ਜਾਂ ਤਾਂ ਪੇਸ਼ ਹੀ ਨਹੀਂ ਕਰਦੇ ਜਾਂ ਮਲਵੀਂ ਜੀਭੇ ਸਵਿਕਾਰਦੇ ਹਨ। ਜਦੋਂ ਕਿ ਉਹ ਚਿੱਟੇ ਇਲਾਕਿਆਂ ਵਿੱਚ ''ਜਨਤਕ ਜਥੇਬੰਦੀਆਂ'' ਤੇ ਐਨਾ ਜ਼ੋਰ ਦਿੰਦੇ ਹਨ ਜਿਵੇਂ ਕਿਤੇ ਮਾਓ ਨੇ ਸਿਰਫ ਏਹੀ ਕੁੱਝ ਆਖਿਆ ਹੋਵੇ। ਉਹ ਮਾਓ ਦੀ ਧਾਰਨਾ ਮੁਤਾਬਿਕ ਕਿਤੇ ਵੀ ਕੋਈ ਫ਼ੌਜੀ ਜਥੇਬੰਦੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ ਬਲਕਿ ਦਹਾਕਿਆਂਬੱਧੀ ਸਿਰਫ ਤੇ ਸਿਰਫ ਜਨਤਕ ਜਥੇਬੰਦੀਆਂ ਬਣਾਉਣ 'ਤੇ ਹੀ ਜ਼ੋਰ ਦਿੰਦੇ ਆ ਰਹੇ ਹਨ। ਉਹ ਫ਼ੌਜ ਦੀ ਕਾਇਮੀ ਅਤੇ ਹਥਿਆਰਬੰਦ ਸੰਘਰਸ਼ ਲਈ ਮੈਦਾਨ ਤਿਆਰ ਕਰਨ ਦੀ ਥਾਂ ਸਿਰਫ ਜਨਤਕ ਜਥੇਬੰਦੀਆਂ ਬਣਾ ਕੇ ਆਰਥਿਕ-ਸੁਧਾਰਵਾਦੀ ਘੋਲ-ਸਰਗਰਮੀਆਂ ਲਈ ਪ੍ਰਚਾਰ-ਮਾਧਿਅਮਾਂ ਨੂੰ ਵਰਤਣ 'ਤੇ ਹੀ ਵੱਧ ਜ਼ੋਰ ਦੇ ਰਹੇ ਹਨ। 
ਮਾਓ-ਜ਼ੇ-ਤੁੰਗ ਨੇ ਇਸ ਮਾਰਕਸਵਾਦੀ ਧਾਰਨਾ 'ਤੇ ਪੂਰਾ ਜ਼ੋਰ ਦਿੱਤਾ ਕਿ ਹਥਿਆਰਾਂ ਅਤੇ ਸੰਦ-ਸਾਧਨਾਂ ਦੇ ਮੁਕਾਬਲੇ ਮਨੁੱਖੀ ਚੇਤਨਤਾ ਉੱਤਮ ਸਥਾਨ ਰੱਖਦੀ ਹੈ। ਪਰ ਅਮਲਾਂ ਵਿੱਚੋਂ ਵਿਕਸਤ ਹੋਈ ਚੇਤਨਾ ਜਦੋਂ ਕਲਾ ਦੀ ਪੱਧਰ 'ਤੇ ਪਹੁੰਚਦੀ ਹੈ ਤਾਂ ਇੱਥੇ ਮਨੁੱਖਾਂ ਲਈ ਹਥਿਆਰਾਂ ਅਤੇ ਸੰਦ-ਸਾਧਨਾਂ ਦਾ ਜੋ ਮਹੱਤਵ ਬਣਦਾ ਹੈ, ਉਸ ਨੂੰ ਕਿਸੇ ਤਰ੍ਹਾਂ ਵੀ ਛੁਟਿਆਇਆ ਨਹੀਂ ਜਾ ਸਕਦਾ ਤੇ ਨਾ ਹੀ ਛੁਟਿਆਉਣਾ ਚਾਹੀਦਾ ਹੈ। ਉਸ ਨੇ ਆਖਿਆ ਸੀ, ''ਹਥਿਆਰਬੰਦ ਘੋਲ ਦੇ ਬਿਨਾ ਚੀਨ ਵਿੱਚ ਸਾਧਨਹੀਣ ਕਿਰਤੀ ਜਮਾਤ ਅਤੇ ਕਮਿਊਨਿਸਟ ਪਾਰਟੀ ਨਾ ਆਪਣੇ ਲਈ ਕੋਈ ਸਥਾਨ ਬਣਾ ਸਕਣਗੇ ਅਤੇ ਨਾ ਹੀ ਉਹ ਕਿਸੇ ਇਨਕਲਾਬੀ ਕੰਮ ਨੂੰ ਪੂਰਾ ਕਰ ਸਕਣਗੇ।'' ਚੀਨ ਵਿੱਚ ਜਨਤਕ ਜਥੇਬੰਦੀਆਂ ਸਮੇਤ ਸਭ ਕੁੱਝ ਹੀ ਸਿਰਜਣ ਵਿੱਚ ਹਥਿਆਰਾਂ ਨੇ ਜੋ ਰੋਲ ਅਦਾ ਕੀਤਾ ਉਸ ਬਾਰੇ ਕਾਮਰੇਡ ਮਾਓ ਨੇ ਲਿਖਿਆ, ''ਪਾਰਟੀ ਦਾ ਜਥੇਬੰਦਕ ਕੰਮ ਅਤੇ ਜਨਤਕ ਘੋਲਾਂ ਵਿੱਚ ਕੰਮ ਸਿੱਧੇ ਰੂਪ ਵਿੱਚ ਹਥਿਆਰਬੰਦ ਘੋਲਾਂ ਨਾਲ ਜੁੜੇ ਹੋਏ ਹਨ, ਹਥਿਆਰਬੰਦ ਘੋਲ ਤੋਂ ਅਲੱਗ ਅਤੇ ਆਜ਼ਾਦ ਨਾ ਤਾਂ ਕੋਈ ਪਾਰਟੀ ਕੰਮ ਮਤਲਬ ਜਨਤਕ ਘੋਲ ਹੁੰਦਾ ਹੈ ਅਤੇ ਨਾ ਹੀ ਹੋ ਸਕਦਾ ਹੈ।'' ''ਤਜਰਬਾ ਸਾਨੂੰ ਦੱਸਦਾ ਹੈ ਕਿ ਚੀਨ ਦੀਆਂ ਸਮੱਸਿਆਵਾਂ ਨੂੰ ਹਥਿਆਰਬੰਦ ਫ਼ੌਜ ਬਿਨਾ ਹੱਲ ਨਹੀਂ ਕੀਤਾ ਜਾ ਸਕਦਾ।'' ''ਜਿਸ ਕਿਸੇ ਵੀ ਗੁੱਟ ਜਾਂ ਪਾਰਟੀ ਦੇ ਕੋਲ ਬੰਦੂਕਾਂ ਹੁੰਦੀਆਂ ਹਨ, ਉਸਦੇ ਹੱਥ ਵਿੱਚ ਹੀ ਸੱਤਾ ਹੁੰਦੀ ਹੈ, ਜਿਸ ਕੋਲ ਜ਼ਿਆਦਾ ਬੰਦੂਕਾਂ ਹੁੰਦੀਆਂ ਹਨ, ਉਸਦੇ ਕੋਲ ਜ਼ਿਆਦਾ ਸੱਤਾ ਹੁੰਦੀ ਹੈ।'' ''ਹਰ ਕਮਿਊਨਿਸਟ ਨੂੰ ਚਾਹੀਦਾ ਹੈ ਕਿ ਉਹ ਇਸ ਸਚਾਈ ਨੂੰ ਸਮਝ ਲਵੇ ਕਿ ''ਸਿਆਸੀ ਤਾਕਤ ਬੰਦੂਕ ਦੀ ਨਾਲੀ ਵਿੱਚੋਂ ਪੈਦਾ ਹੁੰਦੀ ਹੈ।'' ਪਾਰਟੀ ਦੀ ਰਹਿਨੁਮਾਈ ਬਾਰੇ ਮਾਓ ਨੇ ਇੱਕ ਪਾਸੇ ਜਿੱਥੇ ਆਖਿਆ ਸੀ ਕਿ, ''ਬੰਦੂਕ ਨੂੰ ਪਾਰਟੀ ਦੇ ਹੁਕਮ  ਅਨੁਸਾਰ ਚੱਲਣਾ ਚਾਹੀਦਾ ਹੈ। ਇਸ ਗੱਲ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਪਾਰਟੀ ਬੰਦੂਕ ਦੇ ਹੁਕਮ ਅਨੁਸਾਰ ਚੱਲੇ।'' ਤਾਂ ਦੂਸਰੇ ਪਾਸੇ ਉਸਨੇ ਪਾਰਟੀ ਦੀ ਰਹਿਨੁਮਾਈ 'ਚ ਬੰਦੂਕ ਸੰਭਾਲਣ ਸਬੰਧੀ ਆਖਿਆ ਸੀ, ''ਜਦੋਂ ਬੰਦੂਕ ਸਾਡੇ ਹੱਥ ਵਿੱਚ ਹੋਵੇ ਤਾਂ ਹੀ ਅਸੀਂ ਪਾਰਟੀ ਬਣਾ ਸਕਦੇ ਹਾਂ। ਇਸ ਦੀ ਮਿਸਾਲ ਹੈ ਅੱਠਵੀਂ ਰਾਹ ਫ਼ੌਜ ਵੱਲੋਂ ਉੱਤਰੀ ਚੀਨ ਵਿੱਚ ਇੱਕ ਸ਼ਕਤੀਸ਼ਾਲੀ ਪਾਰਟੀ ਜਥੇਬੰਦੀ ਦੀ ਉਸਾਰੀ। ਇਸ ਤਰ੍ਹਾਂ ਅਸੀਂ ਕਾਰਕੁੰਨ ਤਿਆਰ ਕਰ ਸਕਦੇ ਹਾਂ, ਸਕੂਲ ਬਣਾ ਸਕਦੇ ਹਾਂ। ਸਭਿਆਚਾਰ ਪੈਦਾ ਕਰ ਸਕਦੇ ਹਾਂ ਅਤੇ ਜਨਤਕ ਘੋਲਾਂ ਦੀ ਉਸਾਰੀ ਕਰ ਸਕਦੇ ਹਾਂ। ਯੇਨਾਨ ਵਿੱਚ ਹਰ ਚੀਜ਼ ਬੰਦੂਕ ਪ੍ਰਾਪਤ ਕਰਕੇ ਹੀ ਬਣੀ ਹੈ। ਹਰ ਚੀਜ਼ ਬੰਦੂਕ ਦੀ ਨਾਲੀ ਵਿੱਚੋਂ ਪੈਦਾ ਹੁੰਦੀ ਹੈ।'' ਚੀਨ ਵਿੱਚ ਫ਼ੌਜੀ ਜਥੇਬੰਦੀ ਦੀ ਜਿਹੜੀ ਮਹੱਤਤਾ ਬਣਦੀ ਸੀ ਉਸਦੇ ਮੱਦੇਨਜ਼ਰ 1927 ਤੋਂ ਲੈ 1949 ਤੱਕ ਮਾਓ-ਜ਼ੇ-ਤੁੰਗ ਜਿੰਨੇ ਵੀ ਵਿਸ਼ਿਆਂ 'ਤੇ ਲਿਖਿਆ ਸੀ ਉਹਨਾਂ ਵਿੱਚੋਂ ਵੱਧ ਥਾਂ ਫ਼ੌਜੀ ਜਥੇਬੰਦੀ ਦੀ ਮਹੱਤਤਾ, ਇਸਦੀਆਂ ਸਮੱਸਿਆਵਾਂ ਇਹਨਾਂ ਦੇ ਹੱਲ ਆਦਿ ਵਿਸ਼ਿਆਂ ਨੇ ਲਈ ਸੀ।

ਭਾਰਤੀ ਹਾਕਮਾਂ ਵੱਲੋਂ ਮਾਓਵਾਦੀਆਂ 'ਤੇ ਅਗਲੇ ਫਾਸ਼ੀ ਹਮਲੇ ਦੀ ਤਿਆਰੀ


ਭਾਰਤੀ ਹਾਕਮਾਂ ਵੱਲੋਂ ਮਾਓਵਾਦੀਆਂ 'ਤੇ ਅਗਲੇ ਫਾਸ਼ੀ ਹਮਲੇ ਦੀ ਤਿਆਰੀ 
ਜੰਮੂ-ਕਸ਼ਮੀਰ ਉੱਪਰ ਮੁਕੰਮਲ ਕਬਜ਼ਾ ਕਰਨ ਉਪਰੰਤ ਭਾਰਤੀ ਹਾਕਮਾਂ ਨੇ ਮੱਧ ਭਾਰਤ ਵਿੱਚ ਕਾਬਜ਼ ਨਕਸਲੀ/ਮਾਓਵਾਦੀ ਲਹਿਰ ਨੂੰ ਖਤਮ ਕਰਨ ਲਈ ਰੱਸੇ-ਪੈੜੇ ਵੱਟੇ ਹਨ। 27 ਅਗਸਤ ਦੀਆਂ ਅਖਬਾਰਾਂ ਵਿੱਚ ਇਸ ਸਬੰਧੀ ਵਿਸਥਾਰਤ ਜਾਣਕਾਰੀ ਛਪੀ ਹੈ। ਇਸਦਾ ਸੰਖੇਪ ਹੇਠਾਂ ਦਿੱਤਾ ਜਾ ਰਿਹਾ ਹੈ। 
26 ਅਗਸਤ ਨੂੰ ਕੇਂਦਰ ਅਤੇ ਨਕਸਲ ਪ੍ਰਭਾਵਿਤ ਸੂਬਿਆਂ ਨੇ ਸੋਮਵਾਰ ਨੂੰ ਸਾਂਝੇ ਤੌਰ 'ਤੇ ਖੱਬੇਪੱਖੀ ਅਤਿਵਾਦ ਖਿਲਾਫ ਮਿਲ ਕੇ ਲੜਾਈ ਲੜਨ ਦਾ ਸੰਕਲਪ ਲੈਂਦਿਆਂ ਗ੍ਰਹਿ ਮੰਤਰੀ ਅਮਿਤਸ਼ਾਹ ਨਾਲ ਮਿਲ ਕੇ ਐਲਾਨ ਕੀਤਾ ਕਿ ਮਾਓਵਾਦੀ ਜਮਹੂਰੀਅਤ ਦੇ ਖਿਲਾਫ ਹਨ ਅਤੇ ਇਹਨਾਂ ਨੂੰ ਜੜ੍ਹੋਂ ਪੁੱਟ ਦੇਣਾ ਚਾਹੀਦਾ ਹੈ। ਮੀਟਿੰਗ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉੜੀਸਾ ਦੇ ਨਵੀਨ ਪਟਨਾਇਕ, ਉੱਤਰ ਪ੍ਰਦੇਸ਼ ਦੇ ਯੋਗੀ ਆਦਿਤਿਆਨਾਥ, ਮੱਧ ਪ੍ਰਦੇਸ਼ ਦੇ ਕਮਲਨਾਥ, ਝਾਰਖੰਡ ਦੇ ਰਘੂਬਰ ਦਾਸ, ਛੱਤੀਸਗੜ੍ਹ ਦੇ ਭੁਪੇਸ਼ ਬਘੇਲ, ਆਂਧਰਾਪ੍ਰਦੇਸ਼ ਦੇ ਵਾਈ.ਐਸ. ਜਗਮੋਹਨ ਰੈੱਡੀ ਤੋਂ ਇਲਾਵਾ ਨਕਸਲ ਪ੍ਰਭਾਵਿਤ 10 ਸੂਬਿਆਂ ਦੇ ਡੀ.ਸੀ., ਐਸ.ਐਸ.ਪੀ. ਸਮੇਤ ਉੱਚ ਪੁਲਸ ਅਤੇ ਹੋਰਨਾਂ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਨਕਸਲੀਆਂ ਖਿਲਾਫ ਅਪ੍ਰੇਸ਼ਨਾਂ ਅਤੇ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਅਤੇ ਕੇਂਦਰ ਨੇ ਮਾਓਵਾਦ ਦੀ ਬੁਰਾਈ ਖਿਲਾਫ ਮਿਲ ਕੇ ਲ਼ੜਾਈ ਲੜਨ ਦਾ ਸੰਕਲਪ ਲਿਆ ਹੈ। ਮੀਟਿੰਗ ਤੋਂ ਬਾਅਦ ਸ਼ਾਹ ਨੇ ਟਵੀਟ ਕੀਤਾ, ''ਨਕਸਲ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਸਫਲ ਰਹੀ। ਇਹਨਾਂ ਸੂਬਿਆਂ ਦੇ ਵਿਕਾਸ ਅਤੇ ਸੁਰੱਖਿਆ ਨਾਲ ਸਬੰਧਤ ਕਈ ਮੁੱਦਿਆਂ 'ਤੇ ਚਰਚਾ ਹੋਈ। ਖੱਬੇਪੱਖੀ ਅਤਿਵਾਦ ਲੋਕਤੰਤਰ ਦੇ ਖਿਲਾਫ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅਸੀਂ ਇਸ ਨੂੰ ਜੜ੍ਹੋਂ ਪੁੱਟ ਲਈ ਵਚਨਬੱਧ ਹਾਂ।'' ਨੀਮ ਫੌਜੀ ਬਲਾਂ ਅਤੇ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ। ਗ੍ਰਹਿ ਮੰਤਰੀ ਬਣਨ ਬਾਅਦ ਅਮਿਤ ਸ਼ਾਹ ਦੀ ਇਹ ਇਸ ਤਰ੍ਹਾਂ ਦੀ ਪਹਿਲੀ ਮੀਟਿੰਗ ਸੀ। ਨਕਸਲ ਪ੍ਰਭਾਵਿਤ 10 ਸੂਬਿਆਂ ਵਿੱਚ ਛੱਤੀਸਗੜ੍ਹ, ਝਾਰਖੰਡ, ਉੜੀਸ਼ਾ, ਪੱਛਮੀ ਬੰਗਾਲ, ਬਿਹਾਰ, ਮਹਾਂਰਾਸ਼ਟਰ ਤੇਲੰਗਾਨਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਖੱਬੇਪੱਖੀ ਅਤਿਵਾਦ ਖਿਲਾਫ ਲੜਾਈ ਕੇਂਦਰ ਅਤੇ ਸੂਬਿਆਂ ਦੀ ਸਾਂਝੀ ਜੁੰਮੇਵਾਰੀ ਹੈ। ਉਹਨਾਂ ਮੌਜੂਦਾ ਨੀਤੀ ਵਿੱਚ ਬਦਲਾਅ ਦੀ ਲੋੜ 'ਤੇ ਜ਼ੋਰ ਦਿੱਤਾ ਕਿ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਭਾਰ ਸੂਬਿਆਂ ਉੱਪਰ ਹੀ ਨਹੀਂ ਛੱਡਿਆ ਜਾਣਾ ਚਾਹੀਦਾ ਬਲਕਿ ਕੇਂਦਰ ਚੁੱਕਣਾ ਚਾਹੀਦਾ ਹੈ।  ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕੇਂਦਰ ਤੋਂ ਵੱਧ ਫੰਡ ਦੇਣ ਦੀ ਮੰਗ ਕੀਤੀ ਅਤੇ ਵਿਕਾਸ ਕਰਕੇ ਲੋਕਾਂ ਦਾ ਭਰੋਸਾ ਜਿੱਤਣ ਦਾ ਵਿਸ਼ਵਾਸ਼ ਪ੍ਰਗਟਾਇਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਥ ਨੇ ਕਿਹਾ ਕਿ ਸੂਬੇ ਵਿੱਚ ਨਕਸਲੀ ਕਾਰਵਾਈਆਂ ਪੂਰੀ ਤਰ੍ਹਾਂ ਕੰਟਰੋਲ ਹੇਠ ਹਨ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਵਿਕਾਸ ਹੋ ਰਿਹਾ ਹੈ। ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੇ ਕਿਹਾ ਕਿ ਨਕਸਲੀਆਂ ਨੂੰ ਮੁੱਖਧਾਰਾ ਵਿੱਚ ਸ਼ਾਮਲ ਹੋਣ ਲਈ ਲਿਆਂਦੀ ਆਤਮ ਸਮਰਪਣ ਅਤੇ ਮੁੜ ਵਸੇਬਾ ਨੀਤੀ ਤਹਿਤ ਕਈ ਉੱਘੇ ਨਕਸਲੀਆਂ ਨੇ ਆਤਮ ਸਮਰਪਣ ਕੀਤਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਕਿ ਸੂਬੇ ਦੇ ਤਿੰਨ ਹੋਰ ਜ਼ਿਲ੍ਹਿਆਂ ਨੂੰ ਨਕਸਲ ਪ੍ਰਭਾਵਿਤ ਐਲਾਨਿਆ ਜਾਵੇ ਅਤੇ ਇਹਨਾਂ ਖੇਤਰਾਂ ਵਿੱਚ ਹੋਰ ਬਟਾਲੀਅਨਾਂ ਦੀ ਤਾਇਨਾਤੀ ਕੀਤੀ ਜਾਵੇ। ਤੇ ਸਾਲ 2015-19 ਵਿਚਾਲੇ ਨਕਸਲੀ ਘਟਨਾਵਾਂ ਵਿੱਚ 60 ਫੀਸਦੀ ਕਮੀ ਆਈ ਹੈ। ਕੇਂਦਰੀ ਮੰਤਰੀਆਂ ਨਿਤੀਨ ਗਡਕਰੀ (ਸੜਕ ਨਿਰਮਾਣ ਮੰਤਰੀ), ਨਿਰਮਲਾ ਸੀਤਾਰਮਨ (ਖਜ਼ਾਨਾ ਮੰਤਰੀ), ਰਵੀ ਸ਼ੰਕਰ ਪ੍ਰਸ਼ਾਦ (ਕਾਨੂੰਨ-ਇਨਸਾਫ ਅਤੇ ਸੰਚਾਰ ਮੰਤਰੀ), ਨਰਿੰਦਰ ਸਿੰਘ ਤੋਮਰ (ਖੇਤੀ ਤੇ ਕਿਸਾਨ ਭਲਾਈ, ਖਾਣਾਂ ਅਤੇ ਪਾਰਲੀਮਾਨੀ ਮਾਮਲਿਆਂ ਸਬੰਧੀ ਮੰਤਰੀ), ਅਰਜੁਨ ਮੁੰਡਾ (ਕੈਬਨਿਟ ਮੰਤਰੀ) ਅਤੇ ਮਹਿੰਦਰ ਨਾਥ ਪਾਂਡੇ (ਕੈਬਨਿਟ ਮੰਤਰੀ) ਨੇ ਬਾਅਦ ਵਿੱਚ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਮੁੱਖ ਮੰਤਰੀਆਂ ਨਾਲ ਸੜਕ, ਸੰਚਾਰ, ਖੇਤੀਬਾੜੀ ਅਤੇ ਹੋਰਨਾਂ ਮੁੱਦਿਆਂ 'ਤੇ ਚਰਚਾ ਕੀਤੀ। 
ਇਸ ਤੋਂ ਪਹਿਲਾਂ ਛੱਤੀਸਗੜ੍ਹ ਦੇ ਨਕਸਲ-ਵਿਰੋਧੀ ਅਪ੍ਰੇਸ਼ਨਾਂ ਵਿੱਚ ਤਾਇਨਾਤ ਵਿਸ਼ੇਸ਼ ਡਾਇਰੈਕਟਰ ਜਨਰਲ ਪੁਲੀਸ  ਆਰ.ਕੇ. ਵਿਜ ਨੇ 'ਇੰਡੀਅਨ ਐਕਸਪ੍ਰੈਸ'' ਨਾਲ ਨਕਸਲੀ ਕਾਰਕੁੰਨਾਂ ਦੇ ਵਧੇਰੇ ਗਿਣਤੀ ਵਿੱਚ ਮਾਰੇ ਜਾਣ ਸਬੰਧੀ ਮਿਲ ਰਹੀ ਕਾਮਯਾਬੀ ਸਬੰਧੀ ਇੱਕ ਮੁਲਾਕਾਤ ਵਿੱਚ ਆਖਿਆ ਸੀ ਕਿ ''ਹੁਣ ਪੁਲਸ ਨੇ ਬਹੁਤ ਸਾਰੀਆਂ ਮੁਸ਼ਕਲਾਂ ਉੱਪਰ ਕਾਬੂ ਪਾ ਲਿਆ ਹੈ। ਉਸ ਨੇ ਸੈਟੇਲਾਈਟ ਤਕਨੀਕ ਦੀ ਵਰਤੋਂ ਕਰਨੀ ਸਿੱਖ ਲਈ ਹੈ ਜਿਸ ਤੋਂ ਜਵਾਨਾਂ ਨੂੰ ਕਿਸੇ ਸਥਾਨ ਦੀ ਪੂਰੀ ਪੂਰੀ ਜਾਣਕਾਰੀ ਮਿਲ ਜਾਂਦੀ ਹੈ ਅਤੇ ਦੁਸ਼ਮਣ ਨੂੰ ਸਪੱਸ਼ਟਤਾ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਹੁਣ ਸੁਰੱਖਿਆ ਬਲਾਂ ਨੂੰ ਪੂਰੀ ਪੂਰੀ ਜਾਣਕਾਰੀ ਮਿਲਣ ਦੇ ਨਾਲ ਨਾਲ ਹੋਰਨਾਂ ਬਲਾਂ ਦਾ ਆਪਸੀ ਤਾਲਮੇਲ ਵੀ ਬਣਿਆ ਰਹਿੰਦਾ ਹੈ। ਸੂਬਾਈ ਪੁਲਸ ਨੂੰ ਹੁਣ ਕੰਕੇਰ ਦੀਆਂ ਵਿਸ਼ੇਸ਼ ਸਿਖਲਾਈ ਸੰਸਥਾਵਾਂ ਵਿੱਚੋਂ ਸਹਾਇਤਾ ਮਿਲ ਰਹੀ ਹੈ, ਜਿਸ ਨਾਲ ਉਹਨਾਂ ਦੀ ਸਮਰੱਥਾ ਅਤੇ ਯੋਗਤਾ ਵਧੀ ਹੈ। ਕੇਂਦਰੀ ਹਕੂਮਤ ਵੱਲੋਂ ਵਿੱਤੀ ਸਹਾਇਤਾ ਹਾਸਲ ਹੋਣ ਨਾਲ ਸਪੈਸ਼ਲ ਟਾਸਕ ਫੋਰਸ ਅਤੇ ਸਟੇਟ ਇੰਟੈਲੀਜੈਂਸ ਬਿਊਰੋ ਵਰਗੇ ਵਿਸ਼ੇਸ਼ ਵਿੰਗ ਤਿਆਰ ਕੀਤੇ ਗਏ ਹਨ। ਮਾਓਵਾਦੀਆਂ ਵਿਰੋਧੀ 'ਮੇਨ ਫੋਰਸ' ਕਾਇਮ ਕੀਤੀ ਗਈ ਹੈ ਜਿਸ ਨੂੰ ਵਿਸ਼ੇਸ਼ ਫੌਜੀ ਸਿਖਲਾਈ ਦਿੱਤੀ ਗਈ ਹੈ ਅਤੇ ਉਸ ਨੂੰ ਦੱਖਣੀ ਬਸਤਰ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਨਾਲ ਮੀਜ਼ੋਰਮ ਦੇ ਵੈਰੇਂਗਤੇ ਦੇ ਵਾਰ-ਫੇਅਰ ਸਕੂਲ ਤੋਂ ਬਗਾਵਤ ਵਿਰੋਧੀ ਜੰਗਲ ਵਿੱਚ ਕੀਤੇ ਜਾਣ ਵਾਲੇ ਅਪ੍ਰੇਸ਼ਨ ਵਿੱਚ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਰਹੀ ਹੈ। 
''ਸੀ.ਪੀ.ਆਈ.(ਮਾਓਵਾਦੀ) ਨੇ 2014 ਵਿੱਚ ਕੇਂਦਰੀ ਰਿਜ਼ਨਲ ਬਿਓਰੋ ਦੀ ਮੀਟਿੰਗ ਵਿੱਚ ਤਹਿ ਕੀਤਾ ਹੈ ਕਿ ਉਹ ਮੱਧ ਪ੍ਰਦੇਸ਼-ਮਹਾਂਰਾਸ਼ਟਰ-ਛੱਤੀਸਗੜ੍ਹ ਦੀ ਤਿੰਨਕੋਣੀ 'ਤੇ ਨਵਾਂ ਜ਼ੋਨ ਤਿਆਰ ਕਰਨਗੇ। ਮਾਓਵਾਦੀ ਇਸ ਖੇਤਰ ਨੂੰ ਬਸਤਰ ਦੇ ਦੰਡਕਾਰਨੀਆ ਦੀ ਸਪੈਸ਼ਲ ਜ਼ੋਨ ਕਮੇਟੀ ਦੀ ਤਰਜ਼ 'ਤੇ ਤਿਆਰ ਕਰਨਾ ਚਾਹੁੰਦੇ ਹਨ। ਇਹ ਇਲਾਕਾ ਜੰਗਲੀ, ਕਬਾਇਲੀ ਅਤੇ ਗੁਰੀਲਾ ਯੁੱਧ ਲਈ ਢੁਕਵਾਂ ਹੈ। ਇਹ ਉੱਤਰੀ ਗੜ੍ਹਚਿਰੋਲੀ ਦੀ ਦੰਡਕਾਰਨੀਆ ਦੀ ਮਾਓਵਾਦੀ ਡਵੀਜ਼ਨ ਦਾ ਵਿਸਥਾਰ ਹੈ। ਕੁੱਝ ਕੁ ਨੂੰ ਛੱਡ ਕੇ ਮੱਧ ਪ੍ਰਦੇਸ਼-ਮਹਾਂਰਾਸ਼ਟਰ-ਛੱਤੀਸਗੜ੍ਹ ਜ਼ੋਨ ਵਿਚਲਾ ਬਹੁਤ ਕਾਡਰ ਬਸਤਰ ਵਿੱਚੋਂ ਆਇਆ ਹੈ। ਸੂਬਾਈ ਹਕੂਮਤ ਨੇ ਮਾਓਵਾਦੀ ਵਧਾਰੇ ਨੂੰ ਰੋਕਣ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਹਨ। ਸੁਰੱਖਿਆ ਕੈਂਪ ਵਧਾਏ ਗਏ ਹਨ। ਐਸ.ਪੀ. ਕਬੀਰਧਾਮ ਵੱਲੋਂ ਮਾਓਵਾਦੀ ਪ੍ਰਭਾਵਿਤ ਇਲਾਕਿਆਂ ਵਿੱਚ ਚੇਤਨਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਮਾਓਵਾਦ ਵਿਰੁੱਧ ਸੈਂਕੜੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪ੍ਰਸ਼ਾਸਨ ਨੇ ਵਿਕਾਸ ਕਾਰਜਾਂ ਨੂੰ ਵਧਾਇਆ ਹੈ। ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਨੇ ਵੀ ਇਹਨਾਂ ਖੇਤਰਾਂ ਵਿੱਚ ਮਾਓਵਾਦ-ਵਿਰੋਧੀ ਅਪ੍ਰੇਸ਼ਨਾਂ ਵਿੱਚ ਤੇਜ਼ੀ ਲਿਆਂਦੀ ਹੈ। ਤਿੰਨ ਅਗਸਤ ਦੀ ਰਾਤ ਨੂੰ ਇਸ ਇਲਾਕੇ ਵਿੱਚਲੀ ਦਰੱਕਸਾ ਏਰੀਆ ਕਮੇਟੀ ਗੜ੍ਹਚਿਰੋਲੀ-ਰਾਜਨੰਦਗਾਉਂ-ਬਾਲਾਘਾਟ ਡਵੀਜ਼ਨ ਦਾ ਸਫਾਇਆ ਕਰ ਦਿੱਤਾ ਗਿਆ ਹੈ। 
''ਹੁਣ ਅਸੀਂ ''ਟੈਕਟੀਕਲ ਕਾਉਂਟਰ ਆਫੈਂਸ ਕੰਪੇਨ'' ਦਾ ਵਿਸ਼ਲੇਸ਼ਣ ਕੀਤਾ ਹੈ, ਜਿਸ ਨੂੰ ਉਹ ਫਰਵਰੀ-ਮਾਰਚ ਤੋਂ ਮਈ-ਜੂਨ ਵਿੱਚ ਹਰ ਸਾਲ ਚਲਾਉਂਦੇ ਹਨ। ਸੁਰੱਖਿਆ ਬਲਾਂ ਇਹਨਾਂ ਦਿਨਾਂ ਵਿੱਚ ਵਾਧੂ ਚੌਕਸੀ ਵਰਤਣ ਲਈ ਆਖਿਆ ਜਾਂਦਾ ਹੈ। ਹੁਣ ਅਸੀਂ ਬਾਰੂਦੀ ਸੁਰੰਗਾਂ ਰਾਹੀਂ ਹੁੰਦੇ ਨੁਕਸਾਨ ਅਤੇ ਦੁਰਘਟਨਾਵਾਂ ਤੋਂ ਵਧੇਰੇ ਚੌਕਸੀ ਵਰਤਦੇ ਹਾਂ। ਇਹਨਾਂ ਨੂੰ ਲੱਭਣ ਲਈ ਅਧੁਨਿਕ ਤਕਨੀਕ ਦੀ ਵਰਤੋਂ ਕਰ ਰਹੇ ਹਾਂ। ਅੱਗੇ ਵਧਣ ਲਈ ਚੌਕਸੀ ਟੀਮਾਂ ਪਹਿਲਾਂ ਜਾਂਚ-ਪੜਤਾਲ ਕਰਦੀਆਂ ਹਨ। ਸ਼ਰਾਰਤੀ ਤੱਤਾਂ 'ਤੇ ਨਜ਼ਰ ਰੱਖਣ ਦਾ ਪ੍ਰਬੰਧ ਮਜ਼ਬੂਤ ਕੀਤਾ ਗਿਆ ਹੈ। ਆਧਾਰ ਕਾਰਡ ਦੀ ਪੜਤਾਲ ਰਾਹੀਂ ਡੈਟੋਨੇਟਰਾਂ ਦੀ ਸਪਲਾਈ ਰੋਕਣ ਦੇ ਇੰਤਜ਼ਾਮ ਕੀਤੇ ਗਏ ਹਨ। ਭਾਵੇਂ ਇਸ ਸਮੇਂ ਮਾਓਵਾਦੀ ਉਡੀਸ਼ਾ, ਦੰਡਕਾਰਨੀਆ ਅਤੇ ਹੋਰਨਾਂ ਖੇਤਰਾਂ ਵਿੱਚ ਕਮਜ਼ੋਰ ਪਏ ਹੋਏ ਹਨ ਅਤੇ ਉਹਨਾਂ ਦਾ ਵਧਾਰਾ ਰੁਕਿਆ ਹੋਇਆ ਹੈ, ਪਰ ਸੁਰੱਖਿਆ ਬਲ ਉਹਨਾਂ ਦੀ ਲਮਕਵੇਂ ਯੁੱਧ ਦੀ ਯੁੱਧਨੀਤੀ ਨੂੰ ਅਣਗੌਲਿਆਂ ਨਹੀਂ ਕਰ ਸਕਦੀ।  ਚਲੰਤ ਯੁੱਧ (ਆਧਾਰ ਇਲਾਕਿਆਂ ਵਿੱਚ ਮਰਜ਼ੀ ਮੁਤਾਬਕ ਹਮਲਾ ਕਰਨ ਦੀ ਯੋਗਤਾ ਅਤੇ ਬਿਨਾ ਕੋਈ ਝਰੀਟ ਆਏ ਬਚ ਨਿਕਲਣਾ) ਨੂੰ ਖਤਮ ਕਰਨਾ ਹੋਵੇਗਾ ਜਿਥੇ (ਸੁਰੱਖਿਆ ਬਲਾਂ ਦੀ ਕੋਈ ਹੋਂਦ ਨਹੀਂ) ਉਸ ਨੂੰ ਪੁਰ ਕਰਨਾ ਹੋਵੇਗਾ। ਬਾਰੂਦੀ ਸੁਰੰਗਾਂ ਨੂੰ ਨਕਾਰਾ ਕਰਨ ਲਈ ਚੰਗੀਆਂ ਤਕਨੀਕਾਂ ਦੀ ਜ਼ਰੂਰਤ ਹੈ। ਸੁਰੱਖਿਆ ਬਲਾਂ ਨੂੰ ਪਿਛਲੀਆਂ ਦਾਅਪੇਚਕ ਗਲਤੀਆਂ ਤੋਂ ਸਿੱਖਣਾ ਹੋਵੇਗਾ। ਖੁਫੀਆ ਜਾਣਕਾਰੀ ਦੇ ਪ੍ਰਬੰਧ ਨੂੰ ਮਜਬੂਤ ਕਰਨਾ ਹੋਵੇਗਾ ਅਤੇ ਦੂਰ-ਦਰਾਜ਼ ਦੇ ਖੇਤਰਾਂ ਵਿੱਚ ਟੈਲੀਫੋਨਾਂ ਆਦਿ ਵਿੱਚ ਸੁਧਾਰ ਲਿਆਉਣਾ ਹੋਵੇਗਾ। ਆਤਮ-ਸਮਰਪਣ ਅਤੇ ਮੁੜ-ਵਸੇਬੇ ਦੀਆਂ ਨੀਤੀਆਂ ਨੂੰ ਲਾਗੂ ਕਰਨਾ ਹੋਵੇਗਾ।''
ਭਾਰਤੀ ਹਾਕਮਾਂ ਵੱਲੋਂ ਵਿੱਢੀ
ਕਾਤਲਾਨਾ ਮੁਹਿੰਮ 
24 ਅਗਸਤ ਨੂੰ ਛੱਤੀਸਗੜ੍ਹ  ਦੇ ਨਰਾਇਣਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਪੰਜ ਮਾਓਵਾਦੀ ਮਾਰੇ ਗਏ। ਪੁਲਸ ਨੇ ਦੱਸਿਆ ਕਿ ਮੁਕਾਬਲੇ ਵਿੱਚ ਜ਼ਿਲ੍ਹਾ ਰਿਜ਼ਰਵ ਗਾਰਡ ਦੇ ਦੋ ਜਵਾਨ ਜਖਮੀ ਹੋ ਗਏ ਹਨ। ਮੁਕਾਬਲਾ ਉਦੋਂ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲਾਂ ਦੀ ਟੀਮ ਧੁਰਥੇੜਾ ਪਿੰਡ ਨੇੜਲੇ ਜੰਗਲਾਂ ਵਿੱਚ ਮਾਓਵਾਦੀਆਂ ਦੀ ਭਾਲ ਲਈ ਗਈ ਸੀ। 
28 ਜੁਲਾਈ ਨੂੰ ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਵਿੱਚ ਸੁਰੱਖਿਆ ਦਸਤਿਆਂ ਨਾਲ ਹੋਏ ਮੁਕਾਬਲੇ ਵਿੱਚ ਸੱਤ ਨਕਸਲੀ ਹਲਾਕ ਹੋ ਗਏ। ਡੀ.ਆਈ.ਜੀ. ਸੁੰਦਰਰਾਜ ਪੀ. ਨੇ ਦੱਸਿਆ ਕਿ ਇਹ ਮੁਕਾਬਲਾ ਨਗਰਨਾਰ ਥਾਣੇ ਅਧੀਨ ਆਉਂਦੇ ਤਿਰੀਆ ਪਿੰਜਡ ਨੇੜਲੇ ਜੰਗਲਾਂ ਵਿੱਚ ਹੋਇਆ। 
4 ਅਗਸਤ ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਸੱਤ ਨਕਸਲੀ, ਜਿਹਨਾਂ ਵਿੱਚ ਪੰਜ ਮਹਿਲਾਵਾਂ ਸ਼ਾਮਲ ਹਨ, ਮਾਰੇ  ਗਏ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ਵਿੱਚ ਡੀ.ਆਰ.ਜੀ. (ਡਿਸਟ੍ਰਿਕਟ ਰਿਜ਼ਰਵ ਗਾਰਡ) ਦਾ ਇੱਕ ਜਵਾਨ ਵੀ ਜਖਮੀ ਹੋ ਗਿਆ। ਡੀ.ਆਈ.ਜੀ. ਸੁੰਦਰਰਾਜ ਪੀ. ਨੇ ਦੱਸਿਆ ਕਿ ਸਵੇਰੇ 7 ਵਜੇ ਬਾਗਨਦੀ ਪੁਲਸ ਸਟੇਸ਼ਨ ਅਧੀਨ ਆਉਂਦੇ ਪਿੰਡਾਂ ਸੀਤਾਗੋਟਾ-ਸੇਰਪਰ ਨੇੜਲੇ ਜੰਗਲ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਗੋਲੀਬਾਰੀ ਹੋਈ। ਉਹਨਾਂ ਦੱਸਿਆ ਕਿ ਬਾਗੀਆਂ ਬਾਰੇ ਮਿਲੀ ਸੂਹ ਮਗਰੋਂ ਸ਼ੁੱਕਰਵਾਰ ਦੀ ਰਾਤ ਡੀ.ਆਰ.ਜੀ. ਅਤੇ ਸਥਾਨਕ ਪੁਲਸ ਦੀ ਟੀਮ ਨੇ ਬਾਗਨਦੀ ਖੇਤਰ ਵਿੱਚ ਗਸ਼ਤ ਸ਼ੁਰੂ ਕੀਤੀ ਸੀ। ਗਸ਼ਤੀ ਟੀਮ ਜਦੋਂ ਜੰਗਲ ਵਿੱਚ ਅੱਗੇ ਵਧ ਰਹੀ ਸੀ ਤਾਂ ਸੀਤਾਗੋਟ-ਸੇਰਪੁਰ ਨੇੜੇ ਹਥਿਆਰਬੰਦ ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ 'ਤੇ ਸੁਰੱਖਿਆ ਬਲਾਂ ਜਵਾਬੀ ਕਾਰਵਾਈ ਕੀਤੀ। ਦੋ ਘੰਟੇ ਚੱਲੇ ਇਸ ਮੁਕਾਬਲੇ ਮਗਰੋਂ ਨਕਸਲੀ ਸੰਘਣ ਜੰਗਲ ਵਿੱਚ ਲੋਪ ਹੋ ਗਏ। ਮੁਕਾਬਲੇ ਮਗਰੋਂ ਚਲਾਈ ਗਈ ਤਲਾਸ਼ੀ ਮੁਹਿੰਮ ਵਿੱਚ ਮੌਕੇ ਤੋਂ ਸੱਤ ਬਾਗੀਆਂ, ਜਿਹਨਾਂ ਵਿੱਚ ਪੰਜ ਮਹਿਲਾਵਾਂ ਸ਼ਾਮਲ ਸਨ, ਦੀਆਂ ਲਾਸ਼ਾਂ ਬਰਾਮਦ ਹੋਈਆਂ। ਉਹਨਾਂ ਦੱਸਿਆ ਕਿ ਘਟਨਾ ਸਥਾਨ ਤੋਂ ਇੱਕ ਏਕੇ 47 ਰਾਈਫਲ, ਇੱਕ .303 ਰਾਈਫਲ, ਇੱਕ 12 ਬੋਰ ਦੀ ਬੰਦੂਕ, ਇੱਕ ਸਟੇਨਗੰਨ, ਇੱਕ 315 ਦੀ ਰਾਈਫਲ ਅਤੇ ਹੋਰ ਅਸਲਾ ਬਰਾਮਦ ਹੋਇਆ। ਮਾਰੇ ਗਏ ਨਕਸਲੀਆਂ ਦੀ ਪਛਾਣ ਸੀ.ਪੀ.ਆਈ. ਮਾਓਵਾਦੀ ਦੀ ਦਰੋਕਸ਼ਾ ਏਰੀਆ ਕਮੇਟੀ ਦੇ ਆਗੂ ਸੁਖਦੇਵ, ਉਸਦੀ ਪਤਨੀ ਅਤੇ ਟੀਮ ਮੈਂਬਰ ਪ੍ਰਾਮਿਲਾ, ਇਸੇ ਟੀਮ ਦੇ ਮੈਬਰ ਸੀਮਾ, ਮੀਨਾ ਤੇ ਪਿਤੇਸ਼ ਅਤੇ ਵਿਸਤਾਰ ਪਲਟੂਨ ਨੰਬਰ 1 ਦੀਆਂ ਮੈਂਬਰ ਲਲਿਤਾ ਅਤੇ ਸ਼ਿਲਪਾ ਵਜੋਂ ਹੋਈ ਹੈ। 
14 ਜੁਲਾਈ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਔਰਤ ਸਣੇ ਦੌ ਨਕਸਲਵਾਦੀ ਹਲਾਕ ਹੋ ਗਏ। ਜ਼ਿਲ੍ਹਾ ਦਾਂਤੇਵਾੜਾ ਦੇ ਐਸ.ਪੀ. ਅਭਿਸ਼ੇਖ ਪੱਲਵਾ ਨੇ ਪੀ.ਟੀ.ਆਈ. ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਮੁਕਾਬਲਾ ਰਾਏਪੁਰ ਤੋਂ ਤਕਰੀਬਨ 400 ਕਿਲੋਮੀਟਰ ਦੂਰ ਸਥਿਤ ਪਿੰਡ ਗੁਮੀਆਪਾਲ ਨੇੜਲੇ ਜੰਗਲਾਂ ਵਿੱਚੋਂ ਉਦੋਂ ਹੋਇਆ ਜਦੋਂ ਜ਼ਿਲ੍ਹਾ ਰਿਜ਼ਰਵ ਗਾਰਡ ਗਦੀ ਇੱਕ ਟੀਮ ਨਕਸਲ ਵਿਰੋਧੀ ਇੱਕ ਕਾਰਵਾਈ 'ਤੇ ਨਿਕਲੀ ਹੋਈ ਸੀ। ਮੁਕਾਬਲੇ ਵਾਲੀ ਜਗ੍ਹਾ ਦੀ ਤਲਾਸ਼ੀ ਲਈ ਗਈ ਤਾਂ ਉੱਤੋਂ ਦੋ ਨਕਸਲਵਾਦੀਆਂ ਦੀਆਂ ਲਾਸ਼ਾਂ ਤੇ ਇੱਕ .303 ਦੀਆਂ ਰਾਈਫਲਾਂ ਅਤੇ ਇੱਕ ਬੰਦੂਕ ਬਰਾਮਦ ਹੋਈ। ਮੁਕਾਬਲੇ ਵਿੱਚ ਮਾਰੇ ਗਏ ਨਕਸਲਵਾਦੀਆਂ ਦੀ ਪਛਾਣ ਦੇਵਾ ਤੇ ਮਾਮਗਲੀ ਉਰਫ ਮੂਈ ਵਜੋਂ ਹੋਈ ਹੈ। ਉਹ ਦੋਵੇਂ ਮਾਓਵਾਦੀਆਂ ਦੀ ਮਲੰਗੀਰ ਖੇਤਰ ਕਮੇਟੀ ਦੇ ਸਰਗਰਮ ਮੈਂਬਰ ਸਨ ਅਤੇ ਦੋਵਾਂ ਉੱਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਸੀ। ਇੱਕ ਹੋਰ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਪਛਾਣ ਕੋਸੀ ਵਜੋਂ ਹੋਈ ਹੈ। 
10 ਅਗਸਤ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚੋਂ ਸੁਰੱਖਿਆ ਬਲਾਂ ਨੇ ਚਾਰ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿੱਚ ਨਕਸਲੀਆਂ ਦਾ ਉਹ ਆਗੂ ਵੀ ਸ਼ਾਮਲ ਹੈ ਜਿਸ ਦੇ ਸਿਰ 'ਤੇ ਇੱਕ ਲੱਖ ਰੁਪਏ ਦਾ ਇਨਾਮ ਸੀ। ਬੀਜਾਪੁਰ ਦੇ ਐਸ.ਪੀ. ਦਿਵਿਆਂਗ ਪਾਟਲਿ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਨਕਸਲੀਆਂ ਨੂੰ ਸ਼ੁੱਕਰਵਾਰ ਸ਼ਾਮ ਬਾਸਾਗੁੜਾ ਪੁਲਸ ਸਟੇਸ਼ਨ ਅਧੀਨ ਪੈਂਦੇ ਚਿਲਕਾਪਾਲੀ ਪਿੰਡ ਦੇ ਨੇੜਲੇ ਜੰਗਲ ਵਿੱਚੋਂ ਕਾਬੂ ਕੀਤਾ। 
11 ਅਗਸਤ ਛੱਤੀਸਗੜ੍ਹ  ਦੇ ਸੁਕਮਾ ਜ਼ਿਲ੍ਹੇ ਵਿੱਚ ਸੱਤ ਨਕਸਲੀਆਂ ਵੱਲੋਂ ਆਤਮ ਸਮਰਪਣ। ਇਹਨਾਂ ਵਿੱਚੋਂ ਤਿੰਨ ਦੇ ਸਿਰ 'ਤੇ ਇਨਾਮ ਰੱਖਿਆ ਹੋਇਆ ਸੀ। 
24 ਅਗਸਤ ਨੂੰ ਦਾਂਤੇਵਾੜਾ ਜ਼ਿਲ੍ਹੇ ਵਿੱਚ ਦੋ ਥਾਵਾਂ ਤੋਂ ਚਾਰ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਤਿੰਨ ਮੁਲਜ਼ਮਾਂ ਦੇ ਸਿਰ 'ਤੇ ਇੱਕ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਤਿੰਨ ਨਕਸਲੀਆਂ ਨੂੰ ਫਰਸਪਾਲ ਪੁਲਸ ਸਟੇਸ਼ਨ ਖੇਤਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਇੱਕ ਨੂੰ ਅਰਨਪੁਰ ਪੁਲਸ ਸਟੇਸ਼ਨ ਦੀ ਹੱਤ 'ਚੋਂ ਗ੍ਰਿਫਤਾਰ ਕੀਤਾ ਗਿਆ। 
14 ਸਤੰਬਰ ਨੂੰ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਦੋ ਨਾਮੀ ਨਕਸਲੀਆਂ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਪੁਲਸ ਸੂਤਰਾਂ ਅਨੁਸਾਰ ਦੋਵਾਂ ਦੇ ਸਿਰਾਂ ਉੱਤੇ ਇਨਾਮ ਐਲਾਨਿਆ ਹੋਇਆ ਸੀ। ਦਾਂਤੇਵਾੜਾ ਦੇ ਪੁਲਸ ਮੁਖੀ ਅਭਿਸ਼ੇਖ ਪੱਲਵ ਅਨੁਸਾਰ ਪਿੰਡ ਕੁਤਰੇਮ ਦੇ ਜੰਲ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਦੋ ਇਨਾਮੀ ਨਕਸਲੀ ਮਾਰੇ ਗਏ। ਮ੍ਰਿਤਕ ਨਕਸਲੀਆਂ ਦੀ ਪਛਾਣ ਲਾਛੂ ਮੰਡਵੀ ਅਤੇ ਪੋਡਿਆ ਵਜੋਂ ਹੋਈ ਹੈ। ਇਹ ਦੋਵੇਂ ਮਲਾਂਗੀਰ ਇਾਲਕੇ ਦੀ ਨਕਸਲ ਕਮੇਟੀ ਦੇ ਮੈਂਬਰ ਸਨ ਅਤੇ ਉਹਨਾਂ ਦੇ ਸਿਰ ਉੱਤੇ ਪੰਜ ਲੱਖ ਰੁਪਏ ਦਾ ਇਨਾਮ ਸੀ। ਇਸੇ ਤਰ੍ਹਾਂ ਬੀਜਾਪੁਰ ਜ਼ਿਲ੍ਹੇ ਦੇ ਪੁਨਾਰ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਇੱਕ ਨਕਸਲੀ ਮਾਰਿਆ ਗਿਆ। ਇਸੇ ਤਰ੍ਹਾਂ ਸੁਕਮਾ ਜ਼ਿਲ੍ਹੇ ਵਿਚ ਹੋਏ ਇੱਕ ਹੋਰ ਮੁਕਾਬਲੇ ਵਿੱਚ ਤਿੰਨ ਨਕਸਲੀ ਹਲਾਕ ਹੋ ਗਏ। ਇਸੇ ਦੌਰਾਨ ਝਾਰਖੰਡ ਦੇ ਗੜਵਾ ਜ਼ਿਲ੍ਹੇ ਵਿੱਚੋਂ ਇੱਕ ਏਰੀਆ ਕਮਾਂਡਰ ਸਮੇਤ ਦੋ ਮਾਓਵਾਦੀ ਗ੍ਰਿਫਤਾਰ ਕੀਤੇ ਗਏ।
ਟਾਕਰਾ ਜਾਰੀ ਹੈ
29 ਜੂਨ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਪੁਲਸ ਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਸੀ.ਆਰ.ਪੀ.ਐਫ. ਦੇ ਤਿੰਨ ਜਵਾਨ ਮਾਰੇ ਗਏ ਤੇ ਇੱਕ ਲੜਕੀ ਦੀ ਵੀ ਮੌਤ ਹੋ ਗਈ। ਘਟਨਾ ਵਾਲੀ ਥਾਂ ਤੋਂ ਪੁਲਸ ਨੂੰ ਬਾਰੂਦੀ ਸੁਰੰਗਾਂ ਵੀ ਮਿਲੀਆਂ ਹਨ। ਮੁਕਾਬਲੇ ਵਾਲੀ ਥਾਂ 'ਤੇ ਇੱਕ ਵਾਹਨ ਵੀ ਗੋਲੀਬਾਰੀ ਦੀ ਲਪੇਟ ਵਿੱਚ ਆ ਗਿਆ। 
11 ਅਗਸਤ ਨਵੀਂ ਦਿੱਲੀ ਵਿੱਚ ਪੰਜ ਸਾਲ ਪਹਿਲਾਂ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਵਿਛਾਈ ਬਾਰੂਦੀ ਸੁਰੰਗ ਵਿੱਚ ਫਸਣ ਬਾਅਦ ਕੋਮਾ ਵਿੱਚ ਗਏ ਸੀ.ਆਰ.ਪੀ.ਐਫ. ਦੇ ਜਵਾਨ ਜਿਤੇਂਦਰ ਕੁਮਾਰ ਦਾ ਅੱਜ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਸ ਦੇ ਦਿਮਾਗ ਅਤੇ ਸਰੀਰ ਉੱਤੇ ਬਾਰੂਦੀ ਸੁਰੰਗ ਧਮਾਕੇ ਵਿੱਚ ਡੂੰਘੀਆਂ ਸੱਟਾਂ ਲੱਗੀਆਂ ਸਨ ਅਤੇ ਉਸ਼ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। 
ਰਾਂਚੀ ਮਾਓਵਾਦੀਆਂ ਵੱਲੋਂ ਝਾਰਖੰਡ ਦੇ ਰਾਂਚੀ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ 'ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ ਕਾਰਨ ਦੋ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਸ ਸਬੰਧੀ ਏ.ਡੀ.ਜੀ.ਪੀ. ਮੁਰਾਰੀ ਲਾਲ ਮੀਨਾ ਦੇ ਦੱਸਿਆ ਕਿ ਇਸ ਘਟਨਾ ਨੂੰ ਮਾਓਵਾਦੀਆਂ ਦੇ ਪਾਬੰਦੀਸ਼ੁਦਾ ਗਰੁੱਪ ਦੇ ਕਾਰਕੁੰਨਾਂ ਵੱਲੋਂ ਅੰਜ਼ਾਮ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਘਟਨਾ ਦਸਮ ਝਰਨੇ ਕੋਲ ਸਵੇਰ ਚਾਰ ਵਜੇ ਦੇ ਕਰੀਬ ਵਾਪਰੀ। ਉਹਨਾਂ ਕਿਹਾ ਕਿ ਮਾਓਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਅੰਨ੍ਹੇਵਾਹ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਦੋ ਜਵਾਨ ਜਖਮੀ ਹੋ ਗਏ। ਜਿਹਨਾਂ ਵਿੱਚੋਂ ਇੱਕ ਨੂੰ ਡਾਕਟਰਾਂ ਨੇ ਹਸਪਤਾਲ ਜਾਣ 'ਤੇ ਮ੍ਰਿਤਕ ਐਲਾਨ ਦਿੱਤਾ ਅਤੇ ਦੂਜੇ ਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। 
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਵਿੱਚ ਚੱਲ ਰਹੀ ਮਾਓਵਾਦੀ ਲਹਿਰ ਨੂੰ ''ਬੁਰਾਈ'' ਆਖਦੇ ਹੋਏ ਕਿਹਾ ਹੈ ਕਿ ''ਖੱਬੇਪੱਖੀ ਅੱਤਵਾਦ ਲੋਕਤੰਤਰ ਦੇ ਖਿਲਾਫ ਹੈ'' ਜਿਸ ਨੂੰ ''ਜੜੋਂ ਪੁੱਟਣ'' ਲਈ ਉਹ ''ਵਚਨਬੱਧ'' ਹਨ। ਕਾਮਰੇਡ ਮਾਓ ਦੀ ਅਗਵਾਈ ਵਿੱਚ ਚੱਲਣ ਵਾਲੀ ਜਿਸ ਲਹਿਰ ਨੂੰ ਭਾਰਤੀ ਹਾਕਮ ''ਬੁਰਾਈ'' ਦਾ ਨਾਂ ਦਿੰਦੇ ਹਨ, ਉਸ ਨੇ ਚੀਨ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਕੁਨਬਾਪ੍ਰਵਰੀ, ਨਸ਼ਿਆਂ, ਬਿਮਾਰੀਆਂ ਦਾ ਖਾਤਮਾ ਕਰ ਦਿੱਤਾ ਸੀ। ਚੀਨ ਵਿੱਚ ਉੱਥੋਂ ਦੀ ਕਮਿਊਨਿਸਟ ਪਾਰਟੀ ਨੇ ਜਾਗੀਰਦਾਰਾਂ, ਸਰਦਾਰਾਂ ਕੋਲੋਂ ਵਾਧੂ ਜ਼ਮੀਨਾਂ ਖੋਹ ਕੇ ਬੇਜ਼ਮੀਨੇ ਅਤੇ ਥੁੜ੍ਹ ਜ਼ਮੀਨੇ ਕਿਸਾਨਾਂ ਵਿੱਚ ਵੰਡੀਆਂ ਸਨ। ਇਹੀ ਵਜਾਹ ਸੀ ਕਿ ਚੀਨ ਮਾਓ ਦੀ ਅਗਵਾਈ ਵਿੱਚ ਚੌਤਰਫਾ ਵਿਕਾਸ ਕਰਦਾ ਰਿਹਾ। ਪਰ ਉਸੇ ਹੀ ਸਮੇਂ ਭਾਰਤੀ ਹਾਕਮਾਂ ਨੇ ਜਿਹੜੀਆਂ ਨੀਤੀਆਂ ਲਾਗੂ ਕੀਤੀਆਂ ਉਹਨਾਂ ਕਾਰਨ ਦੇਸ਼ ਵਿੱਚ ਤਬਾਹੀ, ਬਰਬਾਦੀ, ਮਹਿੰਗਾਈ, ਬੇਰੁਜ਼ਗਾਰੀ, ਕੰਗਾਲੀ, ਮੰਦਹਾਲੀ, ਬਿਮਾਰੀਆਂ ਆਦਿ ਦੀ ਭਰਮਾਰ ਰਹੀ ਹੈ। ਭਾਰਤੀ ਹਾਕਮ ਇੱਥੇ ਚੱਲ ਰਹੀ ਮਾਓਵਾਦੀ ਲਹਿਰ ਨੂੰ ''ਲੋਕਤੰਤਰ ਦੇ ਖਿਲਾਫ'' ਦੱਸਦੇ ਹਨ, ਜਦੋਂ ਕਿ ਇਹਨਾਂ ਨੇ ਕਸ਼ਮੀਰ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਕਰਫਿਊ ਲਾ ਕੇ ਲੋਕਾਂ ਦੀ ਆਜ਼ਾਦੀ, ਜਮਹੂਰੀਅਤ, ਲਿਖਣ-ਬੋਲਣ, ਵਿਚਾਰ ਪ੍ਰਗਟ ਕਰਨ ਦੇ ਸਭਨਾਂ ਹੀ ਹੱਕਾਂ ਨੂੰ ਖੁਦ ਕੁਚਲ ਕੇ ਰੱਖਿਆ ਹੋਇਆ ਹੈ। ਬਾਕੀ ਰਹੀ ਗੱਲ ਭਾਰਤੀ ਹਾਕਮਾਂ ਵੱਲੋਂ ਇਹਨਾਂ ਖੇਤਰਾਂ ਵਿੱਚ ਕੀਤੇ ਗਏ ''ਵਿਕਾਸ ਕਾਰਜਾਂ'' ਦੀ- ਇਹਨਾਂ ਨੇ ਲੋਕਾਂ ਦੀ ਹਕੀਕੀ ਜ਼ਿੰਦਗੀ ਨਾਲ ਜੁੜੇ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਬਲਕਿ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਜਲ, ਜੰਗਲ, ਜ਼ਮੀਨ,  ਜਾਨ-ਮਾਲ, ਜ਼ਮੀਰ ਆਦਿ ਦੇ ਮਸਲਿਆਂ ਨੂੰ ਬੁਰੀ ਤਰ੍ਹਾਂ ਲੁੱਟਿਆ ਅਤੇ ਲਤਾੜਿਆਂ ਹੈ। ਇਹਨਾਂ ਦੇ ''ਵਿਕਾਸ'' ਦਾ ਮਤਲਬ ਕਾਰਪੋਰੇਟ ਘਰਾਣਿਆਂ ਲਈ ਆਦਿਵਾਸੀ ਖੇਤਰਾਂ ਦੇ ਖਣਿਜਾਂ, ਧਾਤਾਂ, ਜੰਗਲਾਂ ਅਤੇ ਪਾਣੀ ਦੀ ਮਨਮਰਜੀ ਲਈ ਵਰਤੋਂ ਕਰਨ ਲਈ ਰਾਹ ਖੋਲ੍ਹਣ ਤੋਂ ਹੈ। ਇਹਨਾਂ ਨੇ ਨਕਸਲਬਾੜੀ ਲਹਿਰ ਨੂੰ ਸਿਰਫ ਤਕਨੀਕੀ ਸਾਜੋਸਮਾਨ ਅਤੇ ਮੁਹਾਰਤ ਰਾਹੀਂ  ਕੁਚਲਣ ਦਾ ਭਰਮ ਪਾਲਿਆ ਹੋਇਆ ਹੈ। ਲੋਕਾਂ ਦੇ ਪੱਖ ਤੋਂ ਕੀਤੀ ਜਾਣ ਵਾਲੀ ਲੜਾਈ ਨੂੰ ਕਦੇ ਵੀ ਸਿਰਫ ਤੇ ਸਿਰਫ ਨਵੀਨਤਮ ਹਥਿਆਰਾਂ, ਤਕਨੀਕ, ਸਾਜੋਸਮਾਨ ਨਾਲ ਹੀ ਨਹੀਂ ਕੁਚਲਿਆ ਜਾ ਸਕਦਾ ਹੈ, ਲੋਕਾਂ ਦੇ ਮੁਕਾਬਲੇ ਹਥਿਆਰਾਂ ਦਾ ਮਹੱਤਵ ਦੋਮ ਦਰਜ਼ੇ ਦਾ ਹੁੰਦਾ ਹੈ। ਫੈਸਲਾਕੁੰਨ ਪੱਖ ਲੋਕਾਂ ਦਾ ਹੁੰਦਾ ਹੈ। ਭਾਰਤੀ ਹਾਕਮਾਂ ਨੇ ਮੱਧ ਭਾਰਤ ਵਿੱਚ ਲੋਕਾਂ 'ਤੇ ਜੰਗ ਮੜ੍ਹੀ ਹੈ। ਲੋਕਾਂ 'ਤੇ ਫੌਜਾਂ ਚਾੜ੍ਹੀਆਂ ਹਨ। ਕੋਈ ਵੀ ਫੌਜ ਕਿਸੇ ਫੌਜ ਨੂੰ ਤਾਂ ਹਰਾ ਸਕਦੀ ਹੈ, ਪਰ ਕੋਈ ਵੀ ਫੌਜ ਲੋਕਾਂ ਨੂੰ ਨਹੀਂ ਹਰਾ ਸਕਦੀ। ਭਾਰਤ ਵਿੱਚ ਚੱਲਦੀ ਮਾਓਵਾਦੀ ਲਹਿਰ ਇੱਥੋਂ ਦੇ ਲੋਕਾਂ ਨਾਲ ਜੁੜੀ ਹੋਈ ਹੈ। ਲੋਕਾਂ ਵੱਲੋਂ ਲੜੀ ਜਾ ਰਹੀ ਇਸ ਜੰਗ ਵਿੱਚ ਭਾਰਤੀ ਹਾਕਮਾਂ ਦੀ ਲਾਜ਼ਮੀ ਹਾਰ ਹੋਣੀ ਹੀ ਹੋਣੀ ਹੈ। 
ਭਾਰਤੀ ਹਾਕਮਾਂ ਵੱਲੋਂ ਗੁੰਦੀਆਂ ਜਾ ਰਹੀਆਂ ਗੋਂਦਾਂ ਕੋਈ ਅਚਨਚੇਤ ਹੀ ਨਹੀਂ ਬਣ ਰਹੀਆਂ। ਮੱਧ ਭਾਰਤ ਦੇ ਵਿਸ਼ਾਲ ਜੰਗਲੀ, ਪਹਾੜੀ ਖੇਤਰਾਂ ਵਿੱਚ ਧਰਤੀ ਹੇਠਲੇ ਅਨਮੋਲ ਖਜ਼ਾਨਿਆਂ 'ਤੇ ਅੱਖ ਰੱਖ ਰਹੇ ਕਾਰਪੋਰੇਟ ਘਰਾਣਿਆਂ ਅਤੇ ਬਦੇਸ਼ੀ ਬਹੁਕੌਮੀ ਕੰਪਨੀਆਂ ਲਈ ਲੁੱਟ ਦਾ ਰਾਹ ਪੱਧਰ ਕਰਨ ਤੇ ਉਹਨਾਂ ਨੂੰ ਆਦਿਵਾਸੀ ਖੇਤਰਾਂ ਦੀ ਮਾਲਕੀ ਦੇਣ ਅਤੇ ਕਾਬਜ਼ ਕਰਵਾਉਣ ਲਈ ਭਾਰਤ ਦੇ ਦਲਾਲ ਹਾਕਮ ਪੱਬਾਂ ਭਾਰ ਹੋਏ ਪਏ ਹਨ। ਇਸ ਰਸਤੇ 'ਤੇ ਅੱਗੇ ਵਧਣ ਵਿੱਚ ਸਭ ਤੋਂ ਵੱਡੀ ਰੁਕਾਵਟ ਮਾਓਵਾਦੀ ਲਹਿਰ ਨੂੰ ਹੀ ਸਮਝ ਰਹੇ ਹਨ। ਇਸੇ ਮੰਤਵ ਦੀ ਪੂਰਤੀ ਹਿੱਤ ਉਹ ਕਮਿਊਨਿਸਟ ਇਨਕਲਾਬੀਆਂ ਅਤੇ ਆਦਿਵਾਸੀਆਂ 'ਤੇ ਵਹਿਸ਼ੀ ਹਮਲਾ ਵਿੱਢਣ ਦੀ ਤਿਆਰੀ ਵਿੱਚ ਹਨ।

ਸੁਰਖ਼ ਰੇਖਾ ਦਾ ਸਤੰਬਰ-ਅਕਤੂਬਰ ਅੰਕ ਜਾਰੀ ਨਹੀਂ

ਕੁੱਝ ਤਕਨੀਕੀ ਕਾਰਨਾਂ  ਕਰਕੇ ਅਸੀਂ ਸੁਰਖ਼ ਰੇਖਾ ਦਾ ਸਤੰਬਰ-ਅਕਤੂਬਰ ਅੰਕ ਜਾਰੀ ਨਹੀਂ ਸੀ  ਕਰ ਸਕੇ। ਇਸ ਕਰਕੇ ਇਹ ਦੋਵੇਂ ਅੰਕ ਇਕੱਠੇ ਛਾਪੇ ਜਾ ਰਹੇ ਹਨ। ਅਗਾਂਹ ਤੋਂ ਪੇਪਰ ਨੂੰ ਸਮੇਂ ਸਿਰ ਪਾਠਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੋਵਾਂਗੇ। -ਅਦਾਰਾ ਸੁਰਖ਼ ਰੇਖਾ

ਸੋਨ ਭੱਦਰ ਕਾਂਡ ਆਦਿਵਾਸੀਆਂ ਤੋਂ ਜ਼ਮੀਨਾਂ ਖੋਹਣ

ਸੋਨ ਭੱਦਰ ਕਾਂਡ
ਆਦਿਵਾਸੀਆਂ ਤੋਂ ਜ਼ਮੀਨਾਂ ਖੋਹਣ ਦੇ 
ਜਗੀਰੂ-ਅਫਸਰਸ਼ਾਹ ਸਿਆਸੀ ਗੱਠਜੋੜ ਦਾ ਸਿੱਟਾ

—ਡਾ. ਅਸ਼ੋਕ ਭਾਰਤੀ
19 ਜੁਲਾਈ ਨੂੰ ਉੱਤਰ ਪ੍ਰਦੇਸ਼ ਸੂਬੇ ਦੇ ਸੋਨਭੱਦਰ ਜ਼ਿਲ੍ਹੇ ਦੇ ਉੱਭਾ ਪਿੰਡ 'ਚ 100 ਤੋਂ ਵੱਧ ਹਥਿਆਂਰ ਤੇ ਬੰਦੂਕਧਾਰੀ ਗੁੰਡਿਆਂ ਨੇ ਪਿੰਡ ਪ੍ਰਧਾਨ ਯੱਗ ਧੱਤ ਦੀ ਅਗਵਾਈ ਵਿੱਚ ਅਪਣੇ ਖੇਤਾਂ ਵਿੱਚ ਬਿਜਾਈ ਦਾ ਕੰਮ ਕਰ ਰਹੇ 10 ਗ਼ਰੀਬ ਆਦਿਵਾਸੀਆਂ ਦਾ ਗੋਲ਼ੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਿਹਨਾਂ ਵਿੱਚ ਇੱਕ ਬੱਚਾ ਅਤੇ 3 ਔਰਤਾਂ ਸ਼ਾਮਿਲ ਸਨ। ਅਨੇਕਾਂ ਹੋਰ ਜ਼ਖ਼ਮੀ ਹੋ ਗਏ। ਉਸ ਜ਼ਮੀਨ 'ਤੇ ਉਹ ਦਹਾਕਿਆਂ ਤੋਂ ਕਾਬਜ਼ ਸਨ ਅਤੇ ਖੇਤੀ ਕਰਦੇ ਆ ਰਹੇ ਸਨ। ਉਹ ਆਦਿਵਾਸੀਆਂ ਦੇ ਗੋਂਡ ਕਬੀਲੇ ਦੇ ਗ਼ਰੀਬ ਵਿਅਕਤੀ ਸਨ ਅਤੇ ਮਾਰਨ ਵਾਲੇ ਇਲਾਕੇ ਦੇ ਭੋਇਂ ਮਾਲਕ ਧੜਵੈਲ ਤੇ ਗੁੱਜਰ ਫ਼ਿਰਕੇ ਦੇ ਸਨ। ਗੋਂਡ ਆਦਿਵਾਸੀਆਂ ਵਲੋਂ ਬੀਜੀ ਵਾਹੀ ਜਾ ਰਹੀ ਜ਼ਮੀਨ ਕਿਸੇ ਵੇਲੇ ਬੂਧੂਰ ਦੇ ਸਾਬਕਾ ਰਾਜੇ ਅਨੰਦ ਬ੍ਰਹਮ ਸ਼ਾਹ ਨਾਲ ਸਬੰਧਿਤ ਸੀ। ਜ਼ਿਮੀਂਦਾਰਾ ਪ੍ਰਬੰਧ ਦੇ ਖ਼ਾਤਮੇ ਤੋਂ ਬਾਅਦ ਇਸ ਜ਼ਮੀਨ ਨੂੰ ਮਾਲ ਵਿਭਾਗ ਦੇ ਰਿਕਾਰਡ ਵਿੱਚ ਬੰਜਰ ਦੇ ਤੌਰ 'ਤੇ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਗੋਂਡ ਆਦਿਵਾਸੀਆਂ ਵਲੋਂ ਕਾਸ਼ਤ ਕੀਤੇ ਜਾਣ ਲਈ ਗ੍ਰਾਮ ਸਭਾ ਨੂੰ ਤਬਾਦਲਾ ਕਰ ਦਿੱਤੀ ਗਈ। ਪਰ ਬਾਅਦ ਵਿੱਚ ਗ਼ੈਰਕਾਨੂੰਨੀ ਅਤੇ ਧੋਖੇ ਨਾਲ 1955 ਵਿੱਚ ਆਦਰਸ਼ ਕ੍ਰਿਸ਼ੀ ਕਲਿਆਣ ਸੁਸਾਇਟੀ ਦੇ ਨਾਂ ਤਬਦੀਲ ਕਰ ਦਿੱਤੀ। 2017 ਵਿੱਚ ਉੱਭਾ ਪਿੰਡ ਦੇ ਪ੍ਰਧਾਨ ਨੂੰ ਵੇਚ ਦਿੱਤੀ ਗਈ। ਇਸ ਧੋਖੇ ਤੇ ਵਿਕਰੀ ਦਾ ਆਦਿਵਾਸੀਆਂ ਨੂੰ ਕੋਈ ਇਲਮ ਹੀ ਨਹੀਂ ਸੀ। ਬਿਹਾਰ ਕਾਡਰ ਦੇ ਇੱਕ ਆਈ ਏ ਐੱਸ ਅਫ਼ਸਰ ਪ੍ਰਭਾਤ ਕੁਮਾਰ ਮਿਸ਼ਰਾ ਨੇ ਆਂਦਰਸ਼ ਕ੍ਰਿਸ਼ੀ ਕਲਿਆਣ ਸੁਸਾਇਟੀ ਬਣਾ ਕੇ ਅਪਣੇ ਸਹੁਰੇ ਮਹੇਸ਼ਵਰੀ ਪ੍ਰਸ਼ਾਦ ਸਿਨਹਾ ਜੋ ਬਿਹਾਰ ਦੇ ਮੁਜ਼ੱਫਰਪੁਰ ਦੇ ਸੀ, ਨੂੰ ਇਸ ਦਾ ਪ੍ਰਧਾਨ, ਅਪਣੀ ਲੜਕੀ ਨੂੰ ਪ੍ਰਬੰਧਕ (ਮੈਨੇਜਰ) ਅਤੇ ਪਤਨੀ ਆਸ਼ਾ ਨੂੰ ਦਫ਼ਤਰ ਇੰਚਾਰਜ ਥਾਪ ਦਿੱਤਾ। ਸੁਸਾਇਟੀ ਵੀ ਗ਼ੈਰਕਾਨੂੰਨੀ ਤੌਰ 'ਤੇ ਉੱਤਰਪ੍ਰਦੇਸ਼ ਸੁਸਾਇਟੀ ਐਕਟ ਦੇ ਤਹਿਤ ਰਜਿਸਟਰ ਕੀਤੀ ਗਈ, ਜਦੋਂ ਕਿ ਨਿਯਮ ਅਨੁਸਾਰ ਇਸ ਲਈ ਉੱਤਰਪ੍ਰਦੇਸ਼ ਦਾ ਵਸਨੀਕ ਹੋਣਾ ਲਾਜ਼ਮੀ ਸ਼ਰਤ ਹੈ। ਇਸ ਸੁਸਾਇਟੀ ਦੇ ਨਾਂ ਗ਼ੈਰਕਾਨੂੰਨੀ ਤਰੀਕੇ ਨਾਲ ਗਰਾਮ ਸਭਾ ਦੀ 463 ਵਿੱਘਾ ਜ਼ਮੀਨ 1955 ਵਿੱਚ ਤਬਦੀਲ ਕਰ ਦਿੱਤੀ ਗਈ। ਸਿਨਹਾ ਦੀ ਮੌਤ ਤੋਂ ਬਾਅਦ 200 ਵਿੱਘਾ ਜ਼ਮੀਨ 1989 ਵਿੱਚ ਆਸ਼ਾ ਮਿਸ਼ਰਾ ਤੇ ਵਨੀਤਾ ਦੇ ਨਾਂ ਕਰ ਦਿੱਤੀ ਗਈ। ਉਹਨਾਂ ਨੇ 2017 ਵਿੱਚ ਪਿੰਡ ਪ੍ਰਧਾਨ ਯੱਗ ਦੱਤ ਭੂਰੀਆ ਨੂੰ 144 ਵਿੱਘਾ ਜ਼ਮੀਨ ਦੋ ਕਰੋੜ ਰੁਪਏ ਵਿੱਚ ਵੇਚ ਦਿੱਤੀ। ਇਲਾਕੇ ਵਿੱਚ ਚੰਗਾ ਦਬਦਬਾ ਰੱਖਣ ਵਾਲੇ ਪ੍ਰਧਾਨ ਨੇ ਦਹਾਕਿਆਂ ਤੋਂ ਜ਼ਮੀਨ ਵਾਹ ਰਹੇ ਆਦਿਵਾਸੀਆਂ ਨੂੰ ਖਦੇੜਨ ਅਤੇ ਕਬਜ਼ਾ ਕਰਨ ਲਈ ਵਹਿਸ਼ੀ ਕਤਲੇਆਮ ਰਚ ਮਾਰਿਆ ਜਿਸ ਬਾਰੇ ਇਲਾਕੇ ਵਿੱਚ ਪਹਿਲਾਂ ਹੀ ਚਰਚਾ ਸੀ। ਪਰ ਗੁੰਡਾ, ਪੁਲਿਸ ਤੇ ਸਿਆਸੀ ਗੱਠਜੋੜ ਕਾਰਨ ਕੋਈ ਵੀ ਪ੍ਰਸ਼ਾਸਨਿਕ ਕਾਰਵਾਈ ਜਾਂ ਆਦਿਵਾਸੀਆਂ ਦੀ ਸੁਰੱਖਿਆ ਲਈ ਉਪਾਅ ਨਹੀਂ ਕੀਤਾ ਗਿਆ। ਸੂਬੇ 'ਚ ਭਾਜਪਾ ਸਰਕਾਰ ਦੇ ਸਹਿਯੋਗੀ ਅਪਣਾ ਦਲ (ਸੋਨੇ ਲਾਲ) ਦੇ ਵਿਧਾਇਕ ਹਰੀ ਰਾਮ ਚੇਰੀ ਦੇ ਅਨੁਸਾਰ ਉਸਨੇ 14 ਜੁਲਾਈ ਮੁੱਖ ਮੰਤਰੀ ਆਦਿੱਤਿਆਨਾਥ ਨੂੰ ਜਾਣਕਾਰੀ ਦਿੱਤੀ ਸੀ ਕਿ ਜ਼ਿਲ੍ਹੇ 'ਚ ਗੁੰਡੇ, ਧੜਵੈਲ ਆਦਿਵਾਸੀਆਂ 'ਤੇ ਹਮਲਾ ਕਰਨ ਲਈ ਤਿਆਂਰ-ਬਰ-ਤਿਆਰ ਹਨ ਅਤੇ ਉਹਨਾਂ ਨੇ ਆਦਿਵਾਸੀਆਂ ਦੀ 600 ਏਕੜ ਜ਼ਮੀਨ 'ਤੇ ਗ਼ੈਰਕਾਨੂੰਨੀ ਕਬਜ਼ਾ ਕਰ ਲਿਆ ਹੈ ਤੇ ਪੁਲਿਸ ਉਹਨਾਂ ਦਾ ਸਾਥ ਦੇ ਰਹੀ ਹੈ ਅਤੇ ਲਗਾਤਾਰ ਪੁਲਸ ਆਦਿਵਾਸੀਆਂ ਦੀਆਂ ਔਰਤਾਂ ਨਾਲ ਵਧੀਕੀਆਂ ਕਰ ਰਹੀ ਹੈ। ਅਜਿਹੇ 'ਚ ਭਾਜਪਾ ਮੁੱਖ ਮੰਤਰੀ ਵਲੋਂ ਪੀੜਿਤਾਂ ਨੂੰ ਦਿਲਾਸਾ ਦੇਣਾ ਕੀ ਸਾਬਿਤ ਕਰਦਾ ਹੈ, ਜਦੋਂ ਕਿ ਮਿਸ਼ਰਾ ਵੀ ਭਾਜਪਾ ਦੇ ਨੇੜਲਿਆਂ ਵਿੱਚੋਂ ਹੈ। ਯੋਗੀ ਅਦਿੱਤਿਆ ਨਾਥ ਵਲੋਂ ਕਰਵਾਈ ਅਖੌਤੀ ਜਾਂਚ, ਕੁੱਝ ਗ੍ਰਿਫ਼ਤਾਰੀਆਂ 'ਤੇ ਹੇਠਲੇ ਪੱਧਰ ਦੇ ਅਧਿਕਾਰੀਆਂ ਦੀਆਂ ਮੁਅੱਤਲੀਆਂ ਦੇ ਡਰਾਮੇ ਕਰਨ ਦੇ ਬਾਵਜੂਦ ਸਿੱਟਾ ਉਹੋ ਨਿਕਲੇਗਾ ਜੋ 72 ਸਾਲਾਂ ਤੋਂ ਆਦਿਵਾਸੀਆਂ ਤੇ ਹੋਰ ਕਮਜ਼ੋਰ ਤਬਕਿਆਂ ਦੇ ਸੈਂਕੜੇ ਕਤਲੇਆਂਮਾਂ ਦੇ ਦੋਸ਼ੀਆਂ ਦੇ ਮਾਮਲੇ ਵਿੱਚ ਨਿਕਲਦਾ ਰਿਹਾ ਹੈ, ਭਾਵ ਸਾਰੇ ਬਰੀ ਕਰ ਦਿੱਤੇ ਜਾਣਗੇ। ਅਖੌਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਗਰਾਮ ਪੰਚਾਇਤ ਦੀ ਜ਼ਮੀਨ ਨੂੰ ਆਦਰਸ਼ ਕ੍ਰਿਸ਼ੀ ਕਲਿਆਣ ਸੁਸਾਇਟੀ ਦੇ ਨਾਂ ਗ਼ੈਰਕਾਨੂੰਨੀ ਤੌਰ 'ਤੇ 1955 ਵਿੱਚ ਤਬਦੀਲ ਕਰਨ ਨਾਲ ਸਬੰਧਿਤ ਦਸਤਾਵੇਜ਼ ਰਿਕਾਰਡ ਗਾਇਬ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਮਾਲ ਵਿਭਾਗ ਦਫ਼ਤਰ 'ਚੋਂ ਕੋਈ ਰਿਕਾਰਡ ਨਹੀਂ ਮਿਲਿਆ। ਇਹ ਸਭ ਪ੍ਰਸ਼ਾਸਨ, ਅਫ਼ਸਰਸ਼ਾਹੀ, ਸਿਆਸਤਦਾਨ ਅਤੇ ਜਗੀਰੂ ਗੱਠਜੋੜ ਦਾ ਨੰਗਾ ਚਿੱਟਾ ਕਾਰਨਾਮਾ ਹੈ ਜੋ ਸਭ ਏਜੰਸੀਆਂ ਨੂੰ ਝੋਕ ਕੇ ਗ਼ਰੀਬ ਆਦਿਵਾਸੀਆਂ ਅਤੇ ਗ਼ਰੀਬਾਂ ਨੂੰ ਜ਼ਮੀਨ ਤੋਂ ਵਾਂਝੇ ਕਰਨ ਲੱਗੀਆਂ ਹੋਈਆਂ ਹਨ। 
ਇਹ ਇੱਕ ਮਾਮਲਾ ਹੈ ਅਤੇ ਸੂਬੇ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਜ਼ਮੀਨ ਹੜੱਪਣ ਦੇ 4000 ਤੋਂ ਵੱਧ ਮਾਮਲੇ ਹਨ। ਵਰਨਣਯੋਗ ਹੈ ਕਿ ਸੋਨਭੱਦਰ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਆਦਿਵਾਸੀ ਕਿਸਾਨ ਜੰਗਲੀ ਜ਼ਮੀਨਾਂ 'ਤੇ ਪੁਸ਼ਤਾਂ ਤੋਂ ਖੇਤੀ ਕਰਦੇ ਆ ਰਹੇ ਹਨ ਅਤੇ 80 ਫ਼ੀਸਦੀ ਤੋਂ ਵੱਧ ਆਦਿਵਾਸੀ ਬੇ-ਜ਼ਮੀਨੇ ਹਨ। ਇਹ ਵੀ ਵਰਨਣਯੋਗ ਹੈ ਕਿ ਉੱਤਰਪ੍ਰਦੇਸ਼ ਦੀ ਕੁੱਲ੍ਹ ਜੰਗਲਾਤ ਜ਼ਮੀਨ ਦੇ ਲੱਗਭੱਗ 6 ਫ਼ੀਸਦੀ ਯਾਨਿ ਕਿ ਇੱਕ ਲੱਖ ਹੈਕਟੇਅਰ ਜ਼ਮੀਨ 'ਤੇ ਧੜਵੈਲ, ਲੁਟੇਰਿਆਂ ਦਾ ਕਬਜ਼ਾ ਹੈ। 1987 ਤੋਂ ਇਸ 'ਚ ਸਿਰਫ਼ ਯੂਪੀ ਹੀ ਨਹੀਂ ਸਗੋਂ ਨਾਲ ਲੱਗਦੇ ਹੋਰ ਸੂਬਿਆਂ ਦੇ ਕਾਬਜ਼ਕਾਰ ਵੀ ਸ਼ਾਮਿਲ ਹਨ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਕਾਰਪੋਰੇਟ ਘਰਾਣੇ ਵੀ ਇਸ ਖੇਡ ਵਿੱਚ ਸ਼ਾਮਿਲ ਹੋ ਗਏ ਹਨ।
ਇਹ ਇਲਾਕਾ ਕੋਇਲੇ, ਬਾਕਸਾਈਟ, ਚੂਨਾ ਪੱਥਰ ਆਦਿ ਕੁਦਰਤੀ ਖਣਿਜ ਪਦਾਰਥਾਂ ਨਾਲ ਭਰਪੂਰ ਹੈ। ਇਸ ਕਰਕੇ ਧਾੜਵੀਆਂ ਦੇ ਕਾਲ਼ਜੇ ਵਿੱਚ ਇਸ ਇਲਾਕੇ 'ਤੇ ਕਬਜ਼ਾ ਕਰਨ ਦੀ ਧੁਹ ਪੈਂਦੀ ਹੈ। 2014 ਵਿੱਚ ਜੰਗਲਾਤ ਵਿਭਾਗ ਦੇ ਮੁੱਖ ਕੰਜ਼ਰਵੇਟਿਵ ਦੀ ਰਿਪੋਰਟ ਵਿੱਚ ਧਿਆਨ ਦਿਵਾਇਆ ਗਿਆ ਸੀ ਕਿ ਜ਼ਿਲ੍ਹੇ ਦੇ ਬਹੁਤੇ ਅਧਿਕਾਰੀ ਏਨੀ ਜ਼ਮੀਨ ਹਾਸਲ ਕਰ ਚੁੱਕੇ ਹਨ ਕਿ ਉਹਨਾਂ ਦੀਆਂ ਕਈ ਪੁਸ਼ਤਾਂ ਇਸ ਦੇ ਸਿਰ ਤੇ ਮਾਲਾਮਾਲ ਹੋ ਸਕਦੀਆਂ ਹਨ।
ਗ਼ੈਰਕਾਨੂੰਨੀ ਤੌਰ 'ਤੇ ਜ਼ਮੀਨ 'ਤੇ ਕਬਜ਼ਾ ਕਰਨ ਤੋਂ ਪਹਿਲਾਂ ਇਸ ਨੂੰ ਗ਼ੈਰ ਜੰਗਲਾਤ ਵਾਲੀ ਜ਼ਮੀਨ ਐਲਾਨਣ ਲਈ ਮਾਲ ਵਿਭਾਗ ਦੇ ਰਿਕਾਰਡ ਵਿੱਚ ਫੇਰਬਦਲ ਕੀਤਾ ਜਾਂਦਾ ਹੈ। ਬਾਅਦ ਵਿੱਚ ਜੰਗਲਾਤ ਸੰਭਾਲ ਐਕਟ ਦੀ ਘੋਰ ਉਲੰਘਣਾ ਕਰ ਕੇ ਇਸ ਨੂੰ ਤਬਾਦਲਾ ਯੋਗ ਦਿਖਾਇਆ ਜਾਂਦਾ ਹੈ ਤਾਂ ਜੋ ਇਸ ਨੂੰ ਸੌਖ ਨਾਲ ਵੇਚਿਆ ਜਾ ਸਕੇ। ਹੋਰਨਾਂ ਸੂਬਿਆਂ 'ਚ ਵੀ ਇਹੋ ਤਰੀਕਾ ਅਪਣਾਇਆ ਜਾਂਦਾ ਹੈ। ਉੱਤਰ ਪ੍ਰਦੇਸ਼ ਵਰਗੇ ਸੂਬੇ, ਜਿੱਥੇ ਮੋਦੀ-ਯੋਗੀ ਹਕੂਮਤ ਦੇ ਹੁੰਦਿਆਂ ਘੱਟ-ਗਿਣਤੀਆਂ, ਦਲਿਤਾਂ, ਗ਼ਰੀਬਾਂ 'ਤੇ ਅੱਤਿਆਚਾਰ ਅਤੇ ਹਮਲੇ ਅਰੁਕ ਤੌਰ 'ਤੇ ਲਗਾਤਾਰ ਜਾਰੀ ਹਨ, ਤੇ ਕਾਤਲ ਅਤੇ ਹਮਲਾਵਰ ਸੌਖਿਆਂ ਹੀ ਅਦਾਲਤਾਂ ਦੀ ਮਿਲੀਭੁਗਤ ਨਾਲ ਹਾਕਮਾਂ ਵਲੋਂ ਸਾਫ਼ ਬਰੀ ਕਰਵਾ ਦਿੱਤੇ ਜਾਂਦੇ ਹਨ, ਵਿੱਚ ਸੋਨਭੱਦਰ ਕਾਂਡ ਦੇ ਪੀੜਿਤਾਂ 'ਤੇ ਅਪਣੀਆਂ ਜ਼ਮੀਨਾਂ ਬਚਾਉਣ ਲਈ ਲੜ ਰਹੇ ਆਦਿਵਾਸੀ, ਦਲਿਤ ਤੇ ਹੋਰ ਗ਼ਰੀਬ ਲੋਕਾਂ ਨੂੰ ਬਹੁਤੀ ਆਸ ਨਾ ਰੱਖ ਕੇ ਸਾਂਝੇ ਸੰਘਰਸ਼ਾਂ ਦੇ ਰਾਹ ਮੱਲਣੇ ਪੈਣਗੇ। ਇਸ ਕਾਂਡ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਦੀ ਵਿਸ਼ਾਲ ਮਿਹਨਤਕਸ਼ ਜਨਤਾ ਕਿਵੇਂ ਅਰਧ-ਜਗੀਰੂ ਪ੍ਰਬੰਧ ਦੇ ਜੂਲ਼ੇ ਹੇਠ੍ਹ ਕਰਾਹ ਰਹੀ ਹੈ, ਜਿਸ ਦਾ ਹੱਲ ਹਥਿਆਰਬੰਦ ਸੰਘਰਸ਼ ਰਾਹੀਂ ਨਵ-ਜਮਹੂਰੀ ਇਨਕਲਾਬ ਨੂੰ ਸਿਰੇ ਚਾੜ੍ਹਨਾ ਹੀ ਹੈ।

ਯੋਗੀ-ਮੋਦੀ ਦੇ ਰਾਮ-ਰਾਜ ਦਾ ਔਰਤ ਵਿਰੋਧੀ ਖੂੰਖਾਰ ਚਿਹਰਾ

ਯੋਗੀ-ਮੋਦੀ ਦੇ ਰਾਮ-ਰਾਜ ਦਾ ਔਰਤ ਵਿਰੋਧੀ ਖੂੰਖਾਰ ਚਿਹਰਾ ਬੇਪਰਦ ਕਰਦਾ ਉਨਾਓ ਬਲਾਤਕਾਰ ਕਾਂਡ
-ਚੇਤਨ
ਕਸ਼ਮੀਰ ਵਿੱਚ ਕਸ਼ਮੀਰੀ ਔਰਤਾਂ ਅਤੇ ਹਿੰਦੋਸਤਾਨ ਵਿੱਚ ਮੁਸਲਿਮ ਔਰਤਾਂ ਉੱਤੇ ਬਹੁਤ ਮਿਹਰਬਾਨ ਹੋਇਆ ਮੋਦੀ ਦਾ ਰਾਮ ਰਾਜ ਬਹੁਤ ਚਿੰਤਾ ਵਿੱਚ ਹੈ ਕਿ ਅਧੁਨਿਕ ਯੁੱਗ ਵਿੱਚ ਵੀ ਔਰਤਾਂ 'ਤੇ ਬਹੁਤ ਅੱਤਿਆਚਾਰ ਹੋ ਰਿਹਾ ਹੈ, ਜਿਸ ਵਾਸਤੇ ਉਸ ਨੂੰ ਕਦੀ ਤੀਹਰੇ ਤਲਾਕ ਵਰਗੇ ਬਿੱਲ ਪਾਸ ਕਰਨੇ ਪੈਂਦੇ ਹਨ ਅਤੇ ਕਦੀ ਸਭ ਸੰਵਿਧਾਨਕ ਜੁੰਮੇਵਾਰੀਆਂ ਨੂੰ ਛਿੱਕੇ ਟੰਗ ਕਸ਼ਮੀਰ ਦੀ ਹੋਂਦ ਹੀ ਮਿਟਾਉਣੀ ਪੈਂਦੀ ਹੈ। ਮੁਸਲਿਮ ਔਰਤਾਂ ਤੇ ਐਨੇ ਮਿਹਰਬਾਨ ਹੋਏ ਆਰ.ਐਸ.ਐਸ., ਭਾਜਪਾ ਲਾਣੇ ਦੇ ਆਪਣੇ ਘਰ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਵਿੱਚ ਵਾਪਰੇ ਬਹੁ-ਚਰਚਿਤ ਅਤੇ ਅੱਤ ਘ੍ਰਿਣਤ ਕਾਂਡ ਨੇ ਮੋਦੀ ਯੋਗੀ ਦੀ ਔਰਤਾਂ ਪ੍ਰਤੀ ਹਮਦਰਦੀ ਅਤੇ ਹਕੀਕੀ ਵਰੱਈਏ ਦਾ ਨਕਾਬ ਬੁਰੀ ਤਰ੍ਹਾਂ ਲਾਹ ਮਾਰਿਆ ਹੈ। ਦੋ ਸਾਲ ਪਹਿਲਾਂ ਇੱਕ 17 ਸਾਲ ਦੀ ਬਾਲੜੀ ਉਮਰ ਦੀ ਲੜਕੀ ਨਾਲ ਇੱਕ ਪਿੰਡ ਵਿੱਚ ਇੱਕ ਧੜਵੈਲ ਤੇ ਧੱਕੜ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੇ ਬਲਾਤਕਾਰ ਕੀਤਾ ਸੀ। ਇੱਕ ਸਾਲ ਬਾਅਦ ਉਸਨੇ ਨਖਨਊ ਵਿੱਚ ਭਾਜਪਾ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੇ ਘਰ ਦੇ ਸਾਹਮਣੇ ਆਤਮਦਾਹ ਕਰਨ ਦੀ ਕੋਸ਼ਿਸ਼ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਚਿੜ੍ਹੀ ਹੋਈ ਹਕੂਮਤ ਦੇ ਗੁੰਡਿਆਂ ਵੱਲੋਂ ਉਸਦੀ ਵਹਿਸ਼ੀ ਮਾਰ-ਕੁਟਾਈ ਕੀਤੀ ਗਈ ਅਤੇ ਗ੍ਰਿਫਤਾਰ ਕਰ ਲਿਆ ਗਿਆ। ਹਥਿਆਰਾਂ ਨਾਲ ਸਬੰਧਿਤ ਕਿਸੇ ਮਾਮਲੇ ਵਿੱਚ ਉਸਦੀ ਗ੍ਰਿਫਤਾਰੀ ਪਾ ਦਿੱਤੀ ਗਈ। ਪੁਲਸ ਸਟੇਸ਼ਨ ਵਿੱਚ ਹੋਏ ਜਬਰ ਤਸ਼ੱਦਦ ਅਤੇ ਗ੍ਰਿਫਤਾਰੀ ਤੋਂ ਪਹਿਲਾਂ ਮਾਰੀਆਂ ਸੱਟਾਂ ਕਰਕੇ ਕੁੱਝ ਦਿਨਾਂ ਬਾਅਦ ਉਸਦੀ ਮੌਤ ਹੋ ਗਈ। ਇਸ ਉਪਰੰਤ ਇਹ ਬਲਤਾਕਕਾਰ ਦਾ ਕੇਸ ਸੀ.ਬੀ.ਆਈ. ਨੂੰ ਤਬਦੀਲ ਕਰ ਦਿੱਤਾ ਗਿਆ ਤੇ ਸੇਂਗਰ ਨੂੰ ਗਿਰਫਤਾਰ ਕੀਤਾ ਗਿਆ। ਪੀੜਤਾ ਦੇ ਚਾਚੇ ਨੂੰ ਸੇਂਗਰ ਦੇ ਭਰਾ ਵਜੋਂ ਦਰਜ ਕਰਵਾਏ ਇੱਕ ਮਾਮਲੇ ਵਿੱਚ ਸਜ਼ਾ ਸੁਣਾ ਦਿੱਤੀ ਗਈ। 
ਇਸ ਸਾਲ 28 ਜੁਲਾਈ ਨੂੰ ਜਦੋਂ ਇਹ ਬਲਾਤਕਾਰ ਪੀੜਤ ਲੜਕੀ ਦੀ ਕਾਰ 'ਤੇ ਟਰੱਕ ਚੜ੍ਹਾ ਦਿੱਤਾ ਗਿਆ, ਜਿਸ ਦੀ ਨੰਬਰ ਪਲੇਟ ਕਾਲੀ ਕੀਤੀ ਹੋਈ ਸੀ। ਇਸ ਐਕਸੀਡੈਂਟ ਵਿੱਚ ਉਸ ਨਾਲ ਸਫਰ ਕਰ ਰਹੀਆਂ ਦੋ ਰਿਸ਼ਤੇਦਾਰ ਔਰਤਾਂ ਚਾਚੀ/ਤਾਈ ਦੀ ਮੌਤ ਹੋ ਗਈ ਅਤੇ ਉਹ ਖੁਦ ਆਪਣੇ ਵਕੀਲ ਸਮੇਤ ਗੰਭੀਰ ਜਖਮੀ ਹੋ ਗਈ ਜੋ ਲੰਬਾ ਸਮਾਂ ਮੌਤ ਨਾਲ ਜੱਦੋਜਹਿਦ ਕਰਦੇ ਰਹੇ। ਸੁਪਰੀਮ ਕੋਰਟ ਵਿੱਚ ਉਸਦੇ ਮਾਮਲੇ ਦੀ ਸੁਣਵਾਈ ਦੇ ਚੱਲਦਿਆਂ ਘੋਰ ਬਦਨਾਮੀ ਤੇ ਦੇਸ਼ ਭਰ ਵਿੱਚ ਉੱਠੇ ਭਾਰੀ ਵਿਰੋਧ ਤੋਂ ਘਾਬਰੀ ਭਾਜਪਾ ਨੇ ਕੁਲਦੀਪ ਸੇਂਗਰ ਨੂੰ ਪਾਰਟੀ ਵਿੱਚੋਂ ਖਾਰਜ ਕਰ ਦਿੱਤਾ। ਪਹਿਲਾਂ ਉਸਦੀ ਸਿਰਫ ਮੈਂਬਰਸ਼ਿੱਪ ਹੀ ਮੁਅੱਤਲ ਕੀਤੀ ਗਈ ਸੀ। 
ਸੁਪਰੀਮ ਕੋਰਟ ਨੇ ਉਸਦੇ ਕੇਸ ਨੂੰ ਲਖਨਊ ਤੋਂ ਨਵੀਂ ਦਿੱਲੀ ਤਬਦੀਲ ਕਰ ਦਿੱਤਾ ਜੋ ਸਪੱਸ਼ਟ ਸੀ ਕਿ ਯੋਗੀ ਸਰਕਾਰ ਦੀ ਭਰੋਸੇਯੋਗਤਾ ਤੇ ਕਾਰਕਰਦਗੀ 'ਤੇ ਖੁਦ ਸੁਪਰੀਮ ਕੋਰਟ ਨੂੰ ਭਰੋਸਾ ਨਹੀਂ ਸੀ। ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਉਨਾਓ ਬਲਾਤਕਾਰ ਮਾਮਲੇ ਨਾਲ ਸਬੰਧਿਤ ਸਾਰੇ ਚਾਰ ਕੇਸਾਂ ਦਾ 45 ਦਿਨਾਂ ਵਿੱਚ ਮੁਕੰਮਲ ਕੀਤੇ ਜਾਣ ਤੇ ਕਾਰ ਐਕਸੀਡੈਂਟ ਕੇਸ ਸੱਤ ਦਿਨਾਂ ਵਿੱਚ ਨਿਪਟਾਆਿ ਜਾਵੇ ਨਾਲ ਹੀ ਉੱਤਰ ਪ੍ਰਦੇਸ਼ ਸਰਕਾਰ ਪੀੜਤਾ ਨੂੰ 25 ਲੱਖ ਮੁਆਵਜਾ ਦੇਵੇ।
ਮੋਦੀ ਤੇ ਯੋਗੀ ਮੀਡੀਏ ਦੀ ਬੇਸ਼ਰਮੀ ਦੀ ਹੱਦ ਇਹ ਹੈ ਕਿ ਮੋਦੀ ਰਾਜ ਦੀਆਂ ਪ੍ਰਾਪਤੀਆਂ ਦਾ ਗੁਣਗਾਨ ਕਰਨ ਵਾਲੇ ਤੇ ਦਿਨ ਰਾਤ ਲੋਕਾਂ ਦੇ ਕੰਨ ਖਾਣ ਵਾਲੇ ਟੀ.ਵੀ. ਚੈਨਲਾਂ ਨੂੰ ਵਿਧਾਇਕ ਸੇਂਗਰ ਨਾਲ ਸਬੰਧਿਤ ਮੁੱਦਾ ਚੁੱਕਣ ਦਾ ਚੇਤਾ ਹੀ ਨਹੀਂ ਆਇਆ। ਹਕੀਕਤ ਇਹ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਸੇਂਗਰ ਦੇ ਖਿਲਾਫ ਐਫ.ਆਈ.ਆਰ. ਦਰਜ਼ ਕਰਨ ਵਿੱਚ 253 ਦਿਨ ਲੱਗ ਗਏ ਤੇ ਯੋਗੀ ਮਹਾਰਾਜ ਦੀ ਬਹਾਦਰ ਪੁਲਸ ਜੋ ਝੂਠੇ ਮੁਕਾਬਲੇ ਰਚਣ ਵਿੱਚ ਮਸ਼ਹੂਰ ਹੈ, ਸੇਂਗਰ ਬਲਾਤਕਾਰੀ ਨੂੰ ਗ੍ਰਿਫਤਾਰ ਕਰਨ ਲਈ 37 ਦਿਨ ਲਾ ਦਿੱਤੇ ਅਤੇ ਭਾਜਪਾ ਨੇ ਉਸ ਨੂੰ ਪਾਰਟੀ ਵਿੱਚੋਂ ਖਾਰਜ ਕਰਨ ਵਿੱਚ 785 ਦਿਨ ਲਾ ਦਿੱਤੇ। ਭਾਜਪਾ ਲਈ ਸੇਂਗਰ ਕਿੰਨਾ ਮਹੱਤਵਪੂਰਨ ਸੀ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਪਾਰਟੀ ਦੀਆਂ ਮਹੱਤਵਪੂਰਨ ਹਸਤੀਆਂ ਉਸ ਨੂੰ ਜੇਲ੍ਹ ਵਿੱਚ ਮਿਲਣ ਜਾਂਦੀਆਂ ਰਹੀਆਂ। ਜਦੋਂ ਇਹ ਵੀ ਸਾਫ ਹੋਣ ਲੱਗਾ ਕਿ ਪੀੜਤ ਲੜਕੀ ਦਾ ਸਫਾਇਆ ਕਰਨ ਲਈ ਐਕਸੀਡੈਂਟ ਸੇਂਗਰ ਦੇ ਖਾਸ ਬੰਦਿਆਂ ਨੇ ਹੀ ਕਰਵਾਇਆ ਸੀ ਭਾਵ ਹੋਰ ਮਾਮਲਿਆਂ ਵਾਂਗ ਇਹ ਮਾਮਲਾ ਦਫਨ ਕਰਨ ਲਈ ਸਾਜਿਸ਼ ਰਚੀ ਗਈ ਸੀ। ਇਹਨਾਂ ਸਾਰੀਆਂ ਪ੍ਰਤੱਖ ਹਕੀਕਤਾਂ ਦੇ ਬਾਵਜੂਦ ਵੀ ਭਾਜਪਾ ਔਰਤਾਂ ਦੀ ਹਮਦਰਦ ਹੋਣ ਦਾ ਖੇਖਣ ਕਰੇ ਤਾਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਔਰਤਾਂ ਨੂੰ ਵਸਤੂ ਜਾਂ ਮਨੋਰੰਜਨ ਤੇ ਹਵਸ ਪੂਰਤੀ ਦਾ ਸਾਧਨ ਸਮਝਣ ਵਾਲੀ ਇਹ ਉਹੋ ਮਾਨਸਿਕਤਾ ਹੈ, ਜੋ ਗਰੀਬ ਤਬਕਿਆਂ ਦੀਆਂ ਔਰਤਾਂ ਦਾ ਸੋਸ਼ਣ ਕਰਨਾ ਆਪਣੀ ਬੁਨਿਆਦੀ ਹੱਕ ਸਮਝਦੀ ਹੈ।

ਸੁਰਖ਼ ਰੇਖਾ 40ਵੇਂ ਸਾਲ 'ਚ ਦਾਖਲ


ਸਤੰਬਰ 2019 :
ਸੁਰਖ਼ ਰੇਖਾ 40ਵੇਂ ਸਾਲ 'ਚ ਦਾਖਲ
ਸੁਰਖ਼ ਰੇਖਾ ਦਾ ਪਹਿਲਾ ਅੰਕ ਸਤੰਬਰ 1980 ਵਿੱਚ ਛਪਿਆ ਸੀ। ਇਸ ਅਦਾਰੇ ਦੀ ਲਗਾਤਾਰਤਾ ਪਹਿਲਾਂ ਸ਼ਹੀਦ ਮੈਗਜ਼ੀਨ ਅਤੇ ਫੇਰ ਵੰਗਾਰ ਮੈਗਜ਼ੀਨ ਵਜੋਂ ਚੱਲਦੀ ਆਈ ਹੈ। 'ਸ਼ਹੀਦ' ਪੇਪਰ ਦੀ ਰਜਿਸਟਰੇਸ਼ਨ ਨਹੀਂ ਸੀ ਹੋਈ। 'ਵੰਗਾਰ' ਪੇਪਰ ਛਾਪਣ ਸਮੇਂ ਦੀਆਂ ਤਕਨੀਕੀ ਸਮੱਸਿਆਵਾਂ ਕਾਰਨ ਇਸ ਦੀ ਥਾਂ ਸੁਰਖ਼ ਰੇਖਾ ਪੇਪਰ ਕੱਢਣਾ ਸ਼ੁਰੂ ਕੀਤਾ ਸੀ ਤੇ 39 ਵਰ੍ਹੇ ਬੀਤ ਗਏ ਹਨ, ਲੋਕਾਂ ਦੇ ਸਹਿਯੋਗ ਨਾਲ ਇਸ ਪੇਪਰ ਨੇ ਆਪਣੀ ਲਗਾਤਾਰਤਾ ਬਣਾਈ ਰੱਖੀ ਹੈ।
ਸੁਰਖ਼ ਰੇਖਾ ਪੇਪਰ ਨੇ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦਾ ਝੰਡਾ ਬੁਲੰਦ ਕੀਤਾ ਸੀ। ਇਸ ਪੇਪਰ ਨੇ ਨਕਸਲਬਾੜੀ ਲਹਿਰ ਦੀ ਸਿਆਸਤ ਨੂੰ ਬੁਲੰਦ ਕੀਤਾ ਸੀ। ਇਸ ਸਿਆਸਤ ਦੇ ਅਧੀਨ ਸੁਰਖ਼ ਰੇਖਾ ਅਦਾਰੇ ਦੀ ਸਮਝ ਇਹ ਸੀ ਕਿ ਹਿੰਦੋਸਤਾਨ ਦਾ ਖਾਸਾ ਅਰਧ-ਜਾਗੀਰੂ, ਅਰਧ-ਬਸਤੀਵਾਦੀ ਹੈ। ਇੱਥੇ ਇਨਕਲਾਬ ਦਾ ਪੜਾਅ ਨਵ-ਜਮਹੁਰੀ ਇਨਕਲਾਬ ਵਾਲਾ ਹੈ। ਇਹ ਇਨਕਲਾਬ ਕਾਮਰੇਡ ਮਾਓ-ਜ਼ੇ-ਤੁੰਗ ਦੇ ਲਮਕਵੇਂ ਲੋਕ ਯੁੱਧ ਦੇ ਰਾਹ 'ਤੇ ਚੱਲ ਕੇ ਨੇਪਰੇ ਚੜ੍ਹਨਾ ਹੈ।
ਜਦੋਂ ਤੋਂ ਸੁਰਖ਼ ਰੇਖਾ ਨਿਕਲਣਾ ਸ਼ੁਰੂ ਹੋਇਆ ਤਾਂ ਇਸ ਨੇ ਆਪਣੇ ਸਮੇਂ ਦੀ ਸਿਆਸਤ ਤਹਿਤ ਹਾਕਮ ਜਮਾਤਾਂ ਦੇ ਕਿਰਦਾਰ ਨੂੰ ਨੰਗਿਆ ਕੀਤਾ। ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਸੋਚ ਨੂੰ ਬੁਲੰਦ ਕੀਤਾ। ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੇ ਨਾਲ ਮੁਲਾਕਾਤਾਂ ਕਰਕੇ ਉਹਨਾਂ ਦੇ ਅਧੂਰੇ ਸੁਪਨੇ ਸਾਕਾਰ ਕਰਨ ਲਈ ਉਹਨਾਂ ਮੰਤਵਾਂ ਨੂੰ ਲੋਕਾਂ ਨੂੰ ਵਿੱਚ ਉਭਾਰਿਆ। ਪਹਿਲਾਂ ਪਹਿਲ ਇਹ ਪੇਪਰ ਹਜ਼ਾਰ-ਗਿਆਰਾਂ ਸੌ ਦੀ ਗਿਣਤੀ ਵਿੱਚ ਛਪਦਾ ਰਿਹਾ ਪਰ ਜਦੋਂ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤਾਂ ਛਾਪਣੀਆਂ ਸ਼ੁਰੂ ਕੀਤੀਆਂ ਤਾਂ ਇਸਦੀ ਗਿਣਤੀ ਡੇਢ-ਦੋ ਹਜ਼ਾਰ ਦੇ ਕਰੀਬ ਚਲੀ ਗਈ ਸੀ।
ਫੇਰ ਇੱਕ ਸਮਾਂ ਅਜਿਹਾ ਆਇਆ ਜਦੋਂ ਖਾਲਿਸਤਾਨੀ ਜਨੂੰਨੀਆਂ ਨੇ ਆਮ ਲੋਕਾਂ ਨੂੰ ਮੋਨੇ, ਹਿੰਦੂ, ਨਾਈ, ਝਟਕੱਈ, ਪ੍ਰਵਾਸੀ, ਨਾਸਤਿਕ, ਕਮਿਊਨਿਸਟ ਆਦਿ ਆਖ ਕੇ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਐਨਾ ਹੀ ਨਹੀਂ ਉਹਨਾਂ ਨੇ ਆਪਣੇ ਵਿਰੋਧੀ ਵਿਚਾਰਾਂ ਵਾਲੇ ਸਿੱਖਾਂ ਨੂੰ ਵੀ ਕਤਲ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਕੋਝੇ ਮਨਸ਼ਿਆਂ ਨੂੰ ਲੋਕਾਂ ਵਿੱਚ ਬੇਪਰਦ ਕਰਨ ਮੌਕੇ ਸੁਰਖ਼ ਰੇਖਾ ਪੇਪਰ ਦੀ ਗਿਣਤੀ 1984 ਦੇ ਸ਼ੁਰੂ ਵਿੱਚ 10-12 ਹਜ਼ਾਰ ਦੇ ਕਰੀਬ ਜਾ ਢੁਕੀ ਸੀ। ਪਰ ਫੇਰ ਜਦੋਂ ਭਾਰਤੀ ਰਾਜ ਨੇ ਖਾਲਿਸਤਾਨੀਆਂ ਨੂੰ ਕੁਚਲਣ ਦੇ ਨਾਂ ਹੇਠ ਆਮ ਸਾਧਾਰਨ ਸਿੱਖਾਂ, ਨੌਜਵਾਨਾਂ ਅਤੇ ਕਿਸਾਨਾਂ ਨੂੰ ਕੁਚਲਣਾ ਸ਼ੁਰੂ ਕੀਤਾ ਤਾਂ ਇਹਨਾਂ ਦੇ ਪੱਖ ਵਿੱਚ ਲਿਖਣ ਕਰਕੇ ਅਤੇ ਅਪ੍ਰੇਸ਼ਨ ਨੀਲਾ ਤਾਰਾ ਅਤੇ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਖਿੱਤਿਆਂ ਵਿੱਚ ਸਿੱਖਾਂ ਦੇ ਕਤਲੇਆਮ ਮੌਕੇ ਸਮੇਂ ਦਾ ਸੱਚ ਪੇਸ਼ ਕਰਨ ਕਰਕੇ ਇਸ ਦੀ ਗਿਣਤੀ 1984 ਦੇ ਅਖੀਰ ਵਿੱਚ 18-20 ਹਜ਼ਾਰ ਨੂੰ ਜਾ ਢੁਕੀ ਸੀ।
ਖਾਲਿਸਤਾਨੀ ਫਿਰਕੂ ਜਨੂੰਨੀਆਂ ਨੇ ਆਮ ਪ੍ਰੈਸ 'ਤੇ ਕੋਡ ਮੜ੍ਹੇ ਹੋਏ ਸਨ ਕਿ ਸਭ ਤਰ੍ਹਾਂ ਦੇ ਅਖਬਾਰ, ਰਸਾਲੇ, ਰੇਡੀਓ ਅਤੇ ਟੀਵੀ ਆਦਿ ਉਹਨਾਂ ਨੂੰ ਜੰਗਜੂ, ਬਹਾਦਰ ਅਤੇ ਖਾੜਕੂ ਆਦਿ ਲਿਖਣ। ਪਰ ਸੁਰਖ਼ ਰੇਖਾ ਨੇ ਉਹਨਾਂ ਨੂੰ ਉਹਨਾਂ ਦੇ ਕਿਰਦਾਰ ਅਨੁਸਾਰ ਬੁਰਛਾਗਰਦ, ਦਹਿਸ਼ਤਗਰਦ ਅਤੇ ਕਾਤਲ ਦਰਿੰਦੇ ਆਦਿ ਆਖਿਆ ਸੀ। ਆਪਣੇ ਸਮਿਆਂ ਵਿੱਚ ਸੁਰਖ਼ ਰੇਖਾ ਨੂੰ ਦੋ ਤਰ੍ਹਾਂ ਦੀ ਸੈਂਸਰਸ਼ਿੱਪ ਵਿੱਚੋਂ ਦੀ ਲੰਘਣਾ ਪਿਆ। ਪਹਿਲੀ ਸੈਂਸਰਸ਼ਿੱਪ ਸੀ ਖਾਲਿਸਤਾਨੀ ਜਨੂੰਨੀਆਂ ਦੀ ਜਿਸ ਤਹਿਤ ਉਹ ਸੁਰਖ਼ ਰੇਖਾ ਦੇ ਮਾਲਕ, ਸੰਪਾਦਕ ਅਤੇ ਇਸਦੇ ਪੱਤਰਕਾਰਾਂ ਦੇ ਖੂਨ ਦੇ ਪਿਆਸੇ ਹੋਏ ਫਿਰਦੇ ਇਹਨਾਂ ਦੀਆਂ ਪੈੜਾਂ ਸੁੰਘਦੇ ਫਿਰਦੇ ਸਨ। ਸੁਰਖ਼ ਰੇਖਾ ਦਫਤਰ 'ਤੇ ਗੋਲੀਆਂ ਦੀ ਵਾਛੜ ਹੁੰਦੀ ਰਹੀ। ਸ਼ਹੀਦ ਰਤਨ ਸਿੰਘ ਪਟਵਾਰੀ ਅਤੇ ਕਾਮਰੇਡ ਨਿਧਾਨ ਸਿੰਘ ਘੁਡਾਣੀ ਕਲਾਂ ਸਮੇਤ ਅਨੇਕਾਂ ਪਾਠਕਾਂ ਨੂੰ ਵੀ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣੀ ਪਈ। ਜਦੋਂ ਭਾਰਤੀ ਰਾਜ ਨੇ 1984 ਵਿੱਚ ਹਰਿਮੰਦਰ ਸਾਹਿਬ ਸਮੇਤ ਪੰਜਾਬ ਵਿੱਚ ਫੌਜਾਂ ਚਾੜ੍ਹ ਕੇ ਹਰ ਤਰ੍ਹਾਂ ਦੀ ਸੱਚੀ ਆਵਾਜ਼ ਕੁਚਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਸੁਰਖ਼ ਰੇਖਾ ਨੇ ਉਸ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਇਸ ਕਰਕੇ ਸਮੇਂ ਦੀ ਪੁਲਸ ਬੁੱਕ ਸਟਾਲਾਂ ਤੋਂ ਸੁਰਖ਼ ਰੇਖਾ ਪੇਪਰ ਦੀਆਂ  ਕਾਪੀਆਂ ਚੁੱਕ ਲਿਜਾਂਦੀ ਰਹੀ ਅਤੇ ਇਸਦੇ ਮਾਲਕ ਅਤੇ ਸੰਪਾਦਕ ਦੀ ਭਾਲ ਕਰਦੀ ਰਹੀ।
ਜਦੋਂ ਵੀ ਕਿਸੇ ਅਦਾਰੇ ਨੇ ਸਮੇਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨੀ ਹੁੰਦੀ ਹੈ, ਉਸ ਸਮੇਂ ਭਾਵੇਂ ਕਿੰਨਾ ਹੀ ਧਿਆਨ ਕਿਉਂ ਨਾ ਰੱਖ ਲਿਆ ਜਾਵੇ, ਪਰ ਅਮਲ ਵਿੱਚ ਕਿਤੇ ਨਾ ਕਿਤੇ ਫਰਕ-ਸ਼ਰਕ, ਗਲਤੀਆਂ-ਘਾਟਾਂ ਦਾ ਰਹਿ ਜਾਣਾ ਸੁਭਾਵਿਕ ਹੁੰਦਾ ਹੈ। ਅਜਿਹਾ ਹੀ ਕੁੱਝ ਅਦਾਰਾ ਸੁਰਖ਼ ਰੇਖਾ ਨਾਲ ਵੀ ਹੁੰਦਾ ਰਿਹਾ ਹੈ। ਜਦੋਂ ਇਹ ਅਦਾਰਾ ਫਿਰਕੂ ਜਨੂੰਨੀਆਂ ਦੀਆਂ ਕਾਲੀਆਂ ਕਰਤੂਤਾਂ ਨੂੰ ਸਾਹਮਣੇ ਲਿਆ ਰਿਹਾ ਸੀ ਤਾਂ ਇੱਕ ਹਿੱਸਾ ਅਜਿਹਾ ਵੀ ਸੀ ਜਿਹੜਾ ਸੁਰਖ਼ ਰੇਖਾ ਨੂੰ ਸਿੱਖਾਂ ਵਿਰੋਧੀ ਅਤੇ ਸਰਕਾਰ ਪੱਖੀ ਗਰਦਾਨ ਰਿਹਾ ਸੀ। ਇਸੇ ਹੀ ਤਰ੍ਹਾਂ ਜਦੋਂ ਪੇਪਰ ਨੇ ਭਾਰਤੀ ਰਾਜ ਦੇ ਧਾਰਮਿਕ ਘੱਟ ਗਿਣਤੀਆਂ ਵਿਰੋਧੀ ਖਾਸੇ ਤਹਿਤ ਇਸ ਦੇ ਪਰਦੇਫਾਸ਼ ਕੀਤੇ ਤਾਂ ਅਜਿਹੇ ਹਿੱਸੇ ਵੀ ਸਨ ਜਿਹਨਾਂ ਨੇ ਆਖਿਆ ਕਿ ਸੁਰਖ਼ ਰੇਖਾ ਖਾਲਿਸਤਾਨੀਆਂ ਦੀ ਬੋਲੀ ਬੋਲ ਰਿਹਾ ਹੈ।
ਜਿਸ ਸਮੇਂ ਫਿਰਕੂ ਜਨੂੰਨੀ ਅਤੇ ਹਕੂਮਤੀ ਕਹਿਰ ਝੁੱਲ ਰਿਹਾ ਹੋਵੇ ਅਜਿਹੇ ਸਮੇਂ 'ਤੇ ਕੋਈ ਲੋਕ ਪੱਖੀ ਮੈਗਜ਼ੀਨ ਕੱਢਣਾ ਸੌਖਾ ਕਾਰਜ ਨਹੀਂ ਹੁੰਦਾ, ਬਲਕਿ ਬਹੁਤ ਖਤਰਿਆਂ ਭਰਿਆ, ਚੁਣੌਤੀ ਵਾਲਾ ਕਾਰਜ ਬਣ ਜਾਂਦਾ ਹੈ। ਸੁਰਖ਼ ਰੇਖਾ ਅਦਾਰੇ ਨੇ ਇਸ ਚੁਣੌਤੀ ਭਰਪੂਰ ਕਾਰਜ ਨੂੰ ਆਪਣੇ ਹੱਥ ਲਿਆ।
ਜਿਵੇਂ ਜ਼ਿੰਦਗੀ ਇੱਕ ਚੱਲਦਾ ਕਾਫਲਾ ਹੁੰਦੀ ਹੈ, ਉਸੇ ਹੀ ਤਰ੍ਹਾਂ ਸੁਰਖ਼ ਰੇਖਾ ਅਦਾਰਾ ਵੀ ਇੱਕ ਤਰ੍ਹਾਂ ਦਾ ਚੱਲਦਾ ਕਾਫਲਾ ਹੈ। ਚੱਲਦੇ ਕਾਫਲੇ ਵਿੱਚ ਕਿੰਨੇ ਹੀ ਨਵੇਂ ਨਵੇਂ ਲੋਕ ਸ਼ਾਮਲ ਹੁੰਦੇ ਰਹਿੰਦੇ ਹਨ ਅਤੇ ਕਿੰਨੇ ਹੀ ਥੱਕ-ਹੰਭ ਕੇ ਪਿੱਛੇ ਰਹਿ ਜਾਂਦੇ ਹਨ। ਇਸੇ ਹੀ ਤਰ੍ਹਾਂ ਦਾ ਅਮਲ ਸੁਰਖ਼ ਰੇਖਾ ਅਦਾਰੇ ਅੰਦਰ ਵੀ ਵਾਪਰਦਾ ਰਿਹਾ। ਅਨੇਕਾਂ ਹੀ ਵਿਅਕਤੀ, ਪੱਤਰਕਾਰ ਅਤੇ ਕਰਿੰਦੇ ਇਸ ਵਿੱਚ ਸ਼ਾਮਲ ਵੀ ਹੋਏ, ਸਮੇਂ ਸਮੇਂ 'ਤੇ ਆਪਣਾ ਰੋਲ ਅਦਾ ਕਰਦੇ ਹੋਏ ਆਖਰਕਾਰ ਹਾਰ-ਹੰਭ ਕੇ ਪਿੱਛੇ ਹਟ ਜਾਂਦੇ ਰਹੇ। ਅੱਜ ਕਈਆਂ ਨੂੰ ਇਹ ਲੱਗ ਸਕਦਾ ਹੈ ਕਿ ਅਜਿਹਾ ਕਿਉਂ ਹੁੰਦਾ ਰਿਹਾ? ਪਰ ਇਹ ਸਮੇਂ ਦਾ ਸੱਚ ਹੈ ਕਿ ਆਪਣੇ ਚੱਲਣ ਦੇ ਸਮੇਂ ਤੋਂ ਕੋਈ ਵੀ ਬਹੁਤ ਚੰਗਾ ਇਨਸਾਨ ਹੋ ਸਕਦਾ ਹੈ, ਪਰ ਜਦੋਂ ਦਹਾਕਿਆਂ-ਬੱਧੀ ਨਿਭਣ ਦਾ ਮਾਮਲਾ ਆਉਂਦਾ ਹੈ ਤਾਂ ਕਾਫਲੇ ਦੇ ਰੂਪ ਵਿੱਚ ਚੱਲਦੇ ਰਹਿਣਾ ਹਰ ਕਿਸੇ ਦੇ ਵਸ ਦਾ ਰੋਗ ਨਹੀਂ ਰਹਿੰਦਾ। ਜਿਵੇਂ ਆਖਦੇ ਹਨ ਕਿ ਚੱਲਦਾ ਪਾਣੀ ਹੀ ਸਾਫ ਰਹਿੰਦਾ ਹੈ, ਜਿਹੜਾ ਖੜ੍ਹ ਗਿਆ ਉਸਦੇ ਮੁਸ਼ਕ ਜਾਣ ਦਾ ਖਤਰਾ ਪੈਦਾ ਹੋ ਜਾਂਦਾ ਹੈ ਅਜਿਹਾ ਕੁੱਝ ਹੀ ਇੱਥੇ ਵੀ ਹੁੰਦਾ ਆਇਆ ਹੈ। ਅਨੇਕਾਂ ਹੀ ਸਾਥੀਆਂ ਨੇ ਸਮੇਂ ਸਮੇਂ 'ਤੇ ਚੰਗਾ ਰੋਲ ਨਿਭਾਇਆ ਪਰ ਸਾਰੇ ਚੱਲਦੇ ਕਾਫਲੇ ਦੇ ਸੰਗੀ ਨਹੀਂ ਬਣ ਕੇ ਚੱਲ ਸਕੇ। ਸਮੂਹਿਕਤਾ ਅਤੇ ਨਿੱਜ ਵਿਚਕਾਰ ਵਿਰੋਧਤਾਈ ਹਮੇਸ਼ਾਂ ਚੱਲਦੀ ਰਹਿੰਦੀ ਹੈ। ਸਮੂਹਿਕਤਾ ਨੂੰ ਹਮੇਸ਼ਾਂ ਅੱਗੇ ਰੱਖ ਕੇ ਚੱਲਦੇ ਰਹਿਣਾ ਜ਼ਰੂਰੀ ਹੁੰਦਾ ਹੈ ਪਰ ਜਦੋਂ ਕਿਸੇ ਵਿੱਚ ਨਿੱਜ ਭਾਰੂ ਹੋ ਜਾਵੇ ਤਾਂ ਉਹ ਸਮੂਹਿਕਤਾ ਤੋਂ ਪਾਸੇ ਚਲਾ ਜਾਂਦਾ ਹੈ ਅਤੇ ਆਪਣੀ ਉਹ ਅਹਿਮੀਅਤ ਗੁਆ ਬੈਠਦਾ ਹੈ, ਜੋ ਉਸ ਨੂੰ ਸਮੂਹਿਕਤਾ ਵਿੱਚੋਂ ਮਿਲੀ ਹੁੰਦੀ ਹੈ।
ਅਦਾਰਾ ਸੁਰਖ਼ ਰੇਖਾ ਸਮੇਂ ਸਮੇਂ ਦੀਆਂ ਵੱਡੀਆਂ ਉਥਲ-ਪੁਥਲਾਂ ਵਿੱਚੋਂ ਵੀ ਲੰਘ ਕੇ ਆਪਣੀ ਭੂਮਿਕਾ ਅਦਾ ਕਰਦਾ ਰਿਹਾ ਹੈ। ਸਮੇਂ ਸਮੇਂ 'ਤੇ ਵੱਡੀਆਂ ਮੁਸ਼ਕਲਾਂ ਇਸ ਅੱਗੇ ਆਉਂਦੀਆਂ ਰਹਿੰਦੀਆਂ। ਅਦਾਰਾ ਸੁਰਖ਼ ਰੇਖਾ ਨੇ ਆਪਣੇ ਪਾਠਕਾਂ ਅੱਗੇ ਅਜਿਹੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਨੂੰ ਰੱਖਿਆ ਤਾਂ ਸੁਰਖ਼ ਰੇਖਾ ਦੇ ਪਾਠਕਾਂ ਅਤੇ ਇਨਕਲਾਬੀ-ਜਮਹੂਰੀ ਲਹਿਰ ਦੇ ਕਾਰਕੁੰਨਾਂ ਨੇ ਇਸ ਨੂੰ ਹਰ ਮੁਸ਼ਕਲ ਵਿੱਚੋਂ ਕੱਢਣ ਲਈ ਸਮੇਂ ਸਮੇਂ 'ਤੇ ਕੰਨ੍ਹਾਂ ਲਾਇਆ ਹੈ। ਅੱਜ ਦੁਸ਼ਮਣ ਨੇ ਜਿੱਥੇ ਨਕਸਲਬਾੜੀ ਲਹਿਰ ਨੂੰ ਕੁਚਲਣ ਲਈ ਵੱਡੀ ਪੱਧਰ 'ਤੇ ਫੌਜੀ ਹੱਲਾ ਵਿੱਢ ਕੇ ਕੁਚਲਣ ਦੀ ਮੁਹਿੰਮ ਚਲਾਈ ਹੋਈ ਹੈ, ਇਸ ਸਮੇਂ ਸੁਰਖ਼ ਰੇਖਾ ਪੇਪਰ ਅੱਗੇ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ, ਸਮੱਸਿਆਵਾਂ ਅਤੇ ਚੁਣੌਤੀਆਂ ਹਨ, ਸਾਡੀ ਪਾਠਕਾਂ ਅੱਗੇ ਬੇਨਤੀ ਹੈ ਕਿ ਉਹ ਅਜਿਹੀ ਔਖੀ ਘੜੀ ਵਿੱਚੋਂ ਪੇਪਰ ਕੱਢਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਕਿ ਉਹਨਾਂ ਦੀ ਇਸ ਹੱਕੀ ਆਵਾਜ਼ ਨੂੰ ਪਹਿਲਾਂ ਨਾਲੋਂ ਵੀ ਕਿਤੇ ਵਧੇਰੇ ਧੜੱਲੇ ਨਾਲ ਬੁਲੰਦ ਕੀਤਾ ਜਾ ਸਕੇ।

ਪੰਜਾਬ ਦੀ ਜਵਾਨੀ ਦੇ ਜੋਸ਼ ਦਾ ਫੁੱਟ ਰਿਹਾ ਸੁਲੱਖਣਾ ਵਰਤਾਰਾ


ਪੰਜਾਬ ਦੀ ਜਵਾਨੀ ਦੇ ਜੋਸ਼ ਦਾ ਫੁੱਟ ਰਿਹਾ ਸੁਲੱਖਣਾ ਵਰਤਾਰਾ
ਸੰਗਰੂਰ ਜ਼ਿਲ੍ਹੇ ਦੇ ਪਿੰਡ ਮੀਮਸਾ ਬਾਬਤ ਛਪੀਆਂ ਹਨ, ਜਿੱਥੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਮੈਂਬਰਾਂ 'ਤੇ ਪਿੰਡ ਅਤੇ ਇਲਾਕੇ ਦੇ ਜਾਗੀਰੂ ਚੌਧਰੀਆਂ ਨੇ ਕੁੱਟਮਾਰ ਕਰਨ ਉਪਰੰਤ ਝੂਠੇ ਕੇਸ ਪਾਏ ਹਨ। ਇਹ ਨੌਜਵਾਨ ਪਿੰਡਾਂ ਦੇ ਬੇਜ਼ਮੀਨੇ ਦਲਿਤ ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨਾਂ ਵਿੱਚੋਂ ਉਹਨਾਂ ਦੇ ਹਿੱਸੇ ਦੀ ਤੀਜਾ ਹਿੱਸਾ ਜ਼ਮੀਨ ਖੁਦ ਬੇਜ਼ਮੀਨਿਆਂ ਨੂੰ ਖੇਤੀ ਕਰਨ ਲਈ ਮੁਹੱਈਆ ਕਰਵਾਉਣੀ ਚਾਹੁੰਦੇ ਸਨ। ਇਹਨਾਂ ਪਿੰਡਾਂ ਵਿੱਚ ਕੰਮ ਕਰ ਰਹੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵਿੱਚ ਕੰਮ ਕਰਨ ਵਾਲਿਆਂ ਵਿੱਚ ਨੌਜਵਾਨਾਂ ਦਾ ਕਾਫੀ ਹਿੱਸਾ ਹੈ, ਜਿਹੜੇ ਅਨੇਕਾਂ ਤਰ੍ਹਾਂ ਦੇ ਖਤਰਿਆਂ ਨੂੰ ਸਹੇੜਨ ਤੋਂ ਉੱਕਾ ਹੀ ਨਹੀਂ ਡਰਦੇ, ਬਲਕਿ ਆਪਣੇ ਹੱਕਾਂ ਦੀ ਖਾਤਰ ਜੂਝਦੇ ਹੋਏ ਲੋਕਾਂ ਨੂੰ ਤਿੱਖੇ ਖਾੜਕੂ ਘੋਲਾਂ ਦੇ ਰਾਹ ਪਾ ਰਹੇ ਹਨ। ਜਾਗੀਰੂ ਚੌਧਰੀਆਂ ਨੇ ਨੌਜਵਾਨਾਂ ਦੀ ਕੁੱਟਮਾਰ ਕਰਕੇ ਅਤੇ ਝੂਠੇ ਕੇਸ ਪਾ ਕੇ ਉਹਨਾਂ ਨੂੰ ਪੈਰੋਂ ਕੱਢਣਾ ਚਾਹਿਆ ਸੀ, ਪਰ ਨੌਜਵਾਨਾਂ ਦੀਆਂ ਜਥੇਬੰਦੀਆਂ ਨੇ ਮੋੜਵੇਂ ਰੂਪ ਵਿੱਚ ਡਾਂਗਾਂ ਵਾਲੇ ਮੁਜਾਹਰੇ ਕਰਕੇ ਜਾਗੀਰੂ ਚੌਧਰੀਆਂ ਅਤੇ ਅਫਸਰਸ਼ਾਹੀ ਦੀ ਦਹਿਸ਼ਤ ਨੂੰ ਚਕਨਾਚੂਰ ਕੀਤਾ। ਇਸ ਇਲਾਕੇ ਦੇ 10-12 ਪਿੰਡਾਂ ਵਿੱਚ ਝੜੱਪਾਂ ਹੋਈਆਂ ਹਨ, ਕਿਸੇ ਥਾਂ 'ਤੇ ਗੁੰਡੇ ਬਦਮਾਸ਼ ਭਾਰੂ ਪੈ ਜਾਂਦੇ ਰਹੇ ਅਤੇ ਕਿਤੇ ਨੌਜਵਾਨਾਂ ਦੀ ਜਥੇਬੰਦ ਤਾਕਤ।
ਸੰਗਰੂਰ ਜ਼ਿਲ੍ਹੇ ਵਿੱਚ ਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬੇਜ਼ਮੀਨੇ ਦਲਿਤ ਪਰਿਵਾਰਾਂ ਲਈ ਪੰਚਾਇਤੀ ਜ਼ਮੀਨ ਵਿੱਚੋਂ ਬਣਦਾ ਤੀਜਾ ਹਿੱਸਾ ਲੈਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨਿਆਂ ਵਿੱਚ ਤੋਲੇਵਾਲ ਸਮੇਤ ਅਨੇਕਾਂ ਪਿੰਡਾਂ ਵਿੱਚ ਮਜ਼ਦੂਰਾਂ 'ਤੇ ਲਾਠੀਆਂ ਵਰ੍ਹਾ ਕੇ ਉਹਨਾਂ ਨੂੰ ਡਰਾ-ਧਮਕਾ ਕੇ ਲਾਂਭੇ ਕਰਨ ਦੇ ਹਰਬੇ ਵਰਤੇ ਜਾ ਰਹੇ ਹਨ, ਪਰ ਦਲਿਤ ਹਿੱਸਿਆਂ ਦੀ ਅਗਵਾਈ ਪੜ੍ਹਿਆ-ਲਿਖਿਆ ਨੌਜਵਾਨ ਤਬਕਾ ਕਰਦਾ ਆ ਰਿਹਾ ਹੈ ਅਤੇ ਉਹ ਆਪਣੇ ਹੱਕਾਂ ਅਤੇ ਹਿੱਤਾਂ ਲਈ ਭੇੜੂ ਰੁਖ ਅਖਤਿਆਰ ਕਰਦੇ ਹੋਏ ਆਪਣੇ ਲਹੂ ਨਾਲ ਇਤਿਹਾਸ ਦੀ ਸਿਰਜਣਾ ਕਰ ਰਹੇ ਹਨ। 
15 ਅਗਸਤ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫਾਰ ਸੁਸਾਇਟੀ ਦੀ ਆਗੂ ਕਨੂਪ੍ਰਿਯਾ ਨੇ ਤਰਨਤਾਰਨ ਵਿਖੇ ਇੱਕ ਸਭਾ ਨੂੰ ਸੰਬੋਧਨ ਕੀਤਾ। ਆਰ.ਐਸ.ਐਸ. ਦੀਆਂ ਪੈਰੋਕਾਰ ਜਥੇਬੰਦੀਆਂ ਵੱਲੋਂ ਕਨੂਪ੍ਰਿਯਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਪਰ ਉਹ ਆਪਣੇ ਬਿਆਨਾਂ 'ਤੇ ਅਡੋਲ ਖੜ੍ਹੀ ਰਹੀ। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀ ਮਸਲਿਆਂ ਨੂੰ ਲੈ ਕੇ ਅਨੇਕਾਂ ਕਾਲਜਾਂ ਵਿੱਚ ਤਿੱਖੇ ਤੇ ਖਾੜਕੂ ਸੰਘਰਸ਼ ਕੀਤੇ ਜਾਂਦੇ ਰਹੇ ਹਨ। ਅਨੇਕਾਂ ਹੀ ਥਾਵਾਂ 'ਤੇ ਗੁੰਡਿਆਂ ਅਤੇ ਪੁਲਸ ਵੱਲੋਂ ਲਾਠੀਚਾਰਜ ਕਰਕੇ ਵਿਦਿਆਰਥੀ ਤਾਕਤ ਨੂੰ ਭੰਨਣ-ਖਿੰਡਾਉਣ ਦੇ ਯਤਨ ਕੀਤੇ ਗਏ ਹਨ, ਪਰ ਨੌਜਵਾਨ ਮੁੰਡੇ-ਕੁੜੀਆਂ ਡਰਨ-ਝਿਪਣ ਦੀ ਥਾਂ ਹੱਕੀ ਆਵਾਜ਼ ਨੂੰ ਕੁਚਲਣ ਵਾਲਿਆਂ ਨਾਲ ਟਕਰਾਅ ਜਾਂਦੇ ਰਹੇ ਹਨ। ਪੰਜਾਬੀ ਯੂਨੀਵਰਸਿਟੀ ਵਿੱਚ ਪਿਛਲੇ ਸਾਲ ਯੂਨੀਵਰਸਿਟੀ ਅਧਿਕਾਰੀਆਂ ਦੇ ਗੁੰਡਿਆਂ ਦੀਆਂ ਡਾਂਗਾਂ ਨਾਲ ਲਹੂ-ਲੁਹਾਣ ਹੋਏ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਲੜਕੇ-ਲੜਕੀਆਂ ਨੇ ਅੰਤਾਂ ਦੀਆਂ ਦੀ ਗੁੰਡਾਗਰਦੀ ਦੇ ਬਾਵਜੂਦ ਮੋਰਚੇ ਮੱਲੀ ਰੱਖੇ ਸਨ। ਪਿਛਲੇ ਦਿਨੀਂ ਪੁਲਸ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਇਨਕਲਾਬੀ ਨੌਜਵਾਨ ਸਭਾ ਦੇ ਕੁੱਝ ਕਾਰਕੁੰਨਾਂ ਵੱਲੋਂ ਨੈੱਟ-ਟੈੱਟ ਵਰਗੀਆਂ ਉੱਚੀਆਂ ਡਿਗਰੀਆਂ ਹਾਸਲ ਕਰਕੇ ਖੁਦਕੁਸ਼ੀ ਕਰ ਜਾਣ ਵਾਲੇ ਜਗਸੀਰ ਸਿੰਘ ਦੇ ਪਰਿਵਾਰ ਦੀ ਹਮਾਇਤ ਵਿੱਚ ਘੋਲ ਸਰਗਰਮੀ ਕੀਤੀ ਗਈ।
ਹੋਰਨਾਂ ਕਿਸਾਨ ਜਥੇਬੰਦੀਆਂ ਵਿੱਚ ਕਿਸੇ ਥਾਂ ਨੌਜਵਾਨ ਵਿਖਾਈ ਦੇਣ ਜਾਂ ਨਾ ਪਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ (ਸਤਨਾਮ ਪੰਨੂੰ) ਦੀ ਅਗਵਾਈ ਵਿੱਚ ਚੱਲਦੇ ਘੋਲਾਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਦੀ ਕਾਫੀ ਭਰਮਾਰ ਹੁੰਦੀ ਹੈ। ਪੁਲਸ ਵੱਲੋਂ ਲਾਠੀਚਾਰਜ ਅੰਮ੍ਰਿਤਸਰ ਵਿੱਚ ਕੀਤਾ ਜਾ ਰਿਹਾ ਹੋਵੇ ਜਾਂ ਚੰਡੀਗੜ੍ਹ ਵਿੱਚ ਨੌਜਵਾਨ ਮੁੰਡੇ ਕੁੜੀਆਂ ਵਰਦੀਆਂ ਡਾਂਗਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਵਿੱਚ ਦੁਸ਼ਮਣਾਂ ਦੇ ਮੂੰਹ ਮੋੜਨ ਲਈ ਤਾਣ ਲਗਾ ਦਿੰਦੇ ਹਨ। ਅਨੇਕਾਂ ਦੀ ਥਾਵਾਂ 'ਤੇ ਚੱਲੇ ਘੋਲਾਂ ਵਿੱਚ ਜੇਤੂ ਹੋ ਨਿੱਬੜਨ ਵਿੱਚ ਜਿੱਥੇ ਆਗੂ ਲੀਡਰਸ਼ਿੱਪ ਦੀ ਅਗਵਾਈ ਮਹੱਤਵ ਰੱਖਦੀ ਹੈ, ਉੱਥੇ ਨੌਜਵਾਨਾਂ ਦੀ ਦ੍ਰਿੜ੍ਹਤਾ, ਦਲੇਰੀ ਅਤੇ ਬਹਾਦਰੀ ਆਪਣਾ ਮਹੱਤਵ ਰੱਖਦੀ ਹੈ। 
ਅੰਮ੍ਰਿਤਸਰ, ਨਵਾਂਸ਼ਹਿਰ ਅਤੇ ਸੂਬੇ ਦੇ ਹੋਰਨਾਂ ਖੇਤਰਾਂ ਵਿੱਚ ਪੰਜਾਬ ਹਕੂਮਤ ਵੱਲੋਂ ਅਨੇਕਾਂ ਸਿੱਖ ਨੌਜਵਾਨਾਂ 'ਤੇ ਹਥਿਆਰ ਰੱਖਣ, ਬਗਾਵਤ ਕਰਨ, 2020 ਦੀ ਸਿੱਖ ਰਾਏ-ਸ਼ੁਮਾਰੀ ਕਰਵਾਉਣ ਆਦਿ ਵਰਗੇ ਮੁੱਦਿਆਂ ਨੂੰ ਲੈ ਕੇ ਝੂਠੇ ਕੇਸ ਪਾਏ ਜਾ ਰਹੇ ਹਨ। ਪਰ ਇਹ ਨੌਜਵਾਨ ਸਰਕਾਰਾਂ ਤੋਂ ਮੁਆਫੀਆਂ ਮੰਗ ਕੇ ਪਿੱਛੇ ਹਟਣ ਤੋਂ ਇਨਕਾਰੀ ਹੋਏ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਰਾਤਾਂ ਝਾਗਣ ਨੂੰ ਤਰਜੀਹ ਦੇ ਰਹੇ ਹਨ। 
ਦਿੱਲੀ ਵਿਖੇ ਰਵਿਦਾਸ ਮੰਦਰ ਢਾਹੇ ਜਾਣ ਨੂੰ ਆਪਣੀ ਆਨ-ਸ਼ਾਨ ਅਤੇ ਵਕਾਰ 'ਤੇ ਹੋਏ ਹਮਲੇ ਵਜੋਂ ਲੈਂਦੇ ਹੋਏ ਪੰਜਾਬ ਦੇ ਦਲਿਤ ਨੌਜਵਾਨਾਂ ਨੇ ਵੱਖ ਵੱਖ ਥਾਵਾਂ 'ਤੇ ਪ੍ਰਦਰਸ਼ਨ ਕਰਕੇ ਆਪਣੇ ਰੋਹ ਦੇ ਦਰਸ਼ਨ ਕਰਵਾਏ ਹਨ ਕਿ ਪੰਜਾਬ ਦੇ ਦਲਿਤ ਨੌਜਵਾਨਾਂ ਵਿੱਚ ਇੱਥੋਂ ਦੀਆਂ ਹਿੰਦੂਤਵੀ ਸ਼ਕਤੀਆਂ ਦੇ ਖਿਲਾਫ ਕੁੱਝ ਨਾ ਕੁੱਝ ਕਰ ਗੁਜ਼ਰਨ ਦਾ ਮਾਦਾ ਹੈ।
ਇਸੇ ਹੀ ਤਰ੍ਹਾਂ ਬਾਲਮੀਕ ਭਾਈਚਾਰੇ ਦੇ ਨੌਜਵਾਨਾਂ ਨੇ ਇਸ ਭਾਈਚਾਰੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਵਾਲੇ ਇੱਕ ਸੀਰੀਅਲ ਨੂੰ ਰੋਕਣ ਲਈ ਸੜਕਾਂ 'ਤੇ ਨਿਕਲ ਕੇ ਆਪਣੇ ਰੋਹ ਦੇ ਰੰਗ ਵਿਖਾਏ ਤਾਂ ਸਰਕਾਰ ਨੂੰ ਲੜੀਵਾਰ ਪ੍ਰਸਾਰਨ ਕੀਤੇ ਜਾਣ ਨੂੰ ਰੋਕਣਾ ਪਿਆ।
ਨੌਜਵਾਨਾਂ ਵਿੱਚ ਹਾਲਤਾਂ ਤੋਂ ਬਦਜ਼ਨ ਹੋ ਕੇ ਨਿਰਾਸ਼ਤਾ ਦੀ ਦਲਦਲ ਵਿੱਚ ਗਰਕ ਜਾਣ ਦੀ ਥਾਂ ਆਪਣੇ ਹੱਕਾਂ ਅਤੇ ਹਿੱਤਾਂ ਲਈ ਟਕਰਾਅ ਜਾਣ ਦੇ ਵਰਤਾਰੇ ਭਾਵੇਂ ਇਸ ਸਮੇਂ ਪੰਜਾਬ ਦੀ ਫਿਜ਼ਾ ਦੇ ਹਾਣ-ਮੇਚ ਦੇ ਨਹੀਂ ਹਨ, ਪਰ ਜਦੋਂ ਇਹਨਾਂ ਦੀ ਹੋਂਦ ਹੈ ਅਤੇ ਇਹਨਾਂ ਦੀ ਲਗਾਤਾਰਤਾ ਬਣੀ ਹੋਈ ਹੈ ਤਾਂ ਇਹਨਾਂ ਵਿੱਚ ਆਉਣ ਵਾਲੇ ਸਾਲਾਂ ਵਿੱਚ ਕਿੰਨਾ ਹੀ ਕੁੱਝ ਨਵਾਂ, ਉਤਸ਼ਾਹੀ ਅਤੇ ਮਿਸਾਲੀ ਬਣ ਸਕਣ ਦੀਆਂ ਗੁੰਜਾਇਸ਼ਾਂ ਪਈਆਂ ਹਨ। ਉਮੀਦ ਹੈ ਕਿ ਨੌਜਵਾਨ ਪੀੜ੍ਹੀ ਲੱਚਰਤਾ, ਨਸ਼ੇ ਅਤੇ ਵਿਦੇਸ਼ਾਂ ਵਿੱਚ ਜਾ ਕੇ ਸੁੱਖ ਭਾਲ ਸਕਣ ਦੀ ਲਾਲਸਾ ਤੋਂ ਮੁਕਤ ਹੋ ਕੇ ਇੱਥੇ ਹੀ ਨਵੇਂ ਸਮਾਜ ਦੀ ਸਿਰਜਣਾ ਕਰਦੇ ਹੋਏ ਰਾਜੀ-ਖੁਸ਼ੀ ਦੀ ਤੰਦਰੁਸਤ ਜ਼ਿੰਦਗੀ ਜਿਉਣ ਦੇ ਰਾਹ ਅੱਗੇ ਵਧਦੇ ਜਾਣਗੇ। 

ਨੱਥੂਵਾਲਾ ਗਰਬੀ 'ਚ ਹੋਏ 6 ਕਤਲ:


ਨੱਥੂਵਾਲਾ ਗਰਬੀ 'ਚ ਹੋਏ 6 ਕਤਲ:
''ਉਹ ਜਵਾਨੀ ਬੜੀ ਖਤਰਨਾਕ ਹੁੰਦੀ ਹੈ, ਜੋ ਜੰਮਦੀ ਏ ਮਰੀਆਂ ਆਸਾਂ ਦੇ ਸੱਥਰ 'ਤੇ''
ਪਿਛਲੇ ਦਿਨੀਂ ਇੱਕ ਘਟਨਾ ਪਿੰਡ ਨੱਥੂਵਾਲਾ ਗਰਬੀ ਵਿੱਚ ਵਾਪਰੀ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਪਰਿਵਾਰ 'ਚੋਂ ਮਾਂ-ਬਾਪ, ਭੈਣ-ਭਾਣਜੀ ਅਤੇ ਦਾਦੀ ਨੂੰ ਮਾਰ ਕੇ ਖੁਦਕੁਸ਼ੀ ਕੀਤੀ ਹੈ। ਬਜ਼ੁਰਗ ਦਾਦਾ ਜਖਮੀ ਹਾਲਤ ਵਿੱਚ ਮਰਨੋਂ ਬਚ ਗਿਆ। ਦੂਸਰੀ ਘਟਨਾ ਚੰਡੀਗੜ੍ਹ ਵਿੱਚ ਵਾਪਰੀ ਹੈ, ਜਿੱਥੇ ਇੱਕ ਨੌਜਵਾਨ ਨੇ ਦੋ ਨੌਜਵਾਨਾਂ ਲੜਕੀਆਂ ਨੂੰ ਕਤਲ ਕੀਤਾ ਹੈ। ਤੀਜੀ ਘਟਨਾ ਤਰਨਤਾਰਨ ਜ਼ਿਲ੍ਹੇ ਦੀ ਹੈ ਜਿੱਥੇ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਹੱਤਿਆ ਕਰ ਦਿੱਤੀ ਗਈ ਹੈ। ਚੌਥੀ ਘਟਨਾ ਸੰਗਰੂਰ ਜ਼ਿਲ੍ਹੇ ਦੀ ਹੈ ਜਿੱਥੇ ਨੌਜਵਾਨ ਲੜਕੇ ਅਤੇ ਲੜਕੀ ਨੇ ਫੇਸ ਬੁੱਕ 'ਤੇ ਪ੍ਰਗਟ ਹੋ ਕੇ ਆਪਣੇ ਆਪ ਨੂੰ ਗੋਲੀਆਂ ਮਾਰ ਕੇ ਖਤਮ ਕੀਤਾ ਹੈ। ਅਜਿਹੀਆਂ ਟੁੱਟਵੀਆਂ ਇੱਕਹਿਰੀਆਂ ਘਟਨਾਵਾਂ ਤਾਂ ਭਾਵੇਂ ਹਰ ਰੋਜ਼ ਹੀ ਵਾਪਰਦੀਆਂ ਰਹਿੰਦੀਆਂ ਹਨ, ਪਰ ਜਦੋਂ ਕੋਈ ਘਟਨਾ ਸਮੂਹਿਕਤਾ ਦਾ ਰੂਪ ਅਖਤਿਆਰ ਕਰ ਜਾਵੇ ਤਾਂ ਉਹ ਵਿਸ਼ੇਸ਼ ਧਿਆਨ ਖਿੱਚਦੀ ਹੈ ਅਤੇ ਉਸ ਨੂੰ ਵਿਸ਼ੇਸ਼ ਧਿਆਨ ਦੇ ਕੇ ਸੋਚਣਾ ਵੀ ਬਣਦਾ ਹੈ ਕਿ ਸਮੂਹਿਕਤਾ ਹਾਸਲ ਕਰ ਜਾਣ ਵਾਲੀ ਅਜਿਹੀ ਝੰਜੋੜੂ ਘਟਨਾ ਦੇ ਪਿੱਛੇ ਆਖਰ ਕਾਰਨ ਕੀ ਹਨ?
22 ਏਕੜ ਜ਼ਮੀਨ ਦੇ ਮਾਲਕ 27 ਸਾਲਾ ਸੰਦੀਪ ਸਿੰਘ ਉਰਫ ਸੰਨੀ ਨੇ ਆਪਣੀ ਡਾਇਰੀ ਵਿੱਚ ''ਖ਼ੂਨੀ ਚਿੱਠੀ'' ਦੇ ਅਨੁਵਾਨ ਹੇਠ ਦੋ-ਤਿੰਨ ਅਗਸਤ ਦੀ ਅੱਧੀ ਰਾਤ ਬਾਅਦ ਜਿਹੜਾ ਡਾਇਰੀ ਦੇ 19 ਸਫਿਆਂ ਦਾ ਖੁਦਕੁਸ਼ੀ ਨੋਟ ਲਿਖਿਆ ਹੈ, ਉਸ ਵਿੱਚ ਉਸਨੇ ਪਹਿਲੇ ਪਹਿਰੇ ਵਿੱਚ ਦੱਸਿਆ ਹੈ ਕਿ ''ਇਹ ਸਾਰਾ ਵਾਕਿਆ ਜੋ ਹੋਇਆ ਏ, ਤੁਸੀਂ ਵੇਖ ਰਹੇ ਓ, ਇਹ ਮੇਰੀ ਚੁੱਪ ਦਾ ਅੰਜ਼ਾਮ ਏ।'' ਸੰਦੀਪ ਵੱਲੋਂ ਲਿਖੇ ਸ਼ਬਦ ''ਚੁੱਪ ਦਾ ਅੰਜ਼ਾਮ'' ਦੱਸਦੇ ਹਨ ਕਿ ਹੁਣ ਦਾ ਸਮਾਜ ਬਣ ਕਿਹੋ ਜਿਹਾ ਗਿਆ ਹੈ, ਜਿਸ ਵਿੱਚ ਬੰਦਿਆਂ ਵਿੱਚ ਬੰਦਿਆਂ ਵਾਲੀ ਸਾਂਝ ਨਹੀਂ ਰਹੀ, ਜਿਸ ਤਹਿਤ ਕੋਈ ਬੰਦਾ ਕਿਸੇ ਆਪਣੇ ਕੋਲ ਦਿਲ ਖੋਲ੍ਹ ਕੇ ਗੱਲਾਂ ਕਰ ਸਕੇ, ਹੱਸ ਸਕੇ, ਰੋ ਸਕੇ। ਇਹ ਸਾਮਰਾਜੀ ਖਪਤਕਾਰੀ ਸਭਿਆਚਾਰ ਦੇ ਨਿਘਾਰ ਦੀ ਇੱਕ ਝਲਕ ਹੈ, ਜਿਸ ਤਹਿਤ ਪਹਿਲਾਂ ਕਹਿੰਦੇ ਸਨ ਕਿ ਜਦੋਂ ਘਰਾਂ ਵਿੱਚ ਟੀ.ਵੀ. ਆਏ ਸਨ, ਤਾਂ ਟੀਵੀ ਨੇ ਘਰਾਂ ਵਿੱਚ ਵੱਖ ਵੱਖ ਮੈਂਬਰਾਂ ਵੱਲੋਂ ਵੱਖ ਵੱਖ ਚੈਨਲ ਵੇਖਣ ਲਈ ਫੁੱਟ ਪਾ ਦਿੱਤੀ ਸੀ। ਮੋਬਾਈਲ ਫੋਨਾਂ ਨੇ ਮੀਆਂ-ਬੀਵੀ ਵਿੱਚ ਫੁੱਟ ਪਾ ਦਿੱਤੀ ਤੇ ਇੰਟਰਨੈੱਟ ਨੇ ਵਿਅਕਤੀਆਂ ਨੂੰ ਇਕੱਲਤਾ ਵਿੱਚ ਧੱਕ ਦਿੱਤਾ ਹੈ।
ਸੰਦੀਪ ਅੱਗੇ ਲਿਖਦਾ ਹੈ ਕਿ ''ਮੇਰੀ ਜ਼ਿੰਦਗੀ ਵਿੱਚ ਬਹੁਤ ਲੋਕ ਗੁੰਮਨਾਮੀ ਦੀ ਜ਼ਿੰਦਗੀ ਜਿਉਂ ਕੇ ਚਲੇ ਗਏ।'' ਉਸ ਨੂੰ ਇਹ ਲੱਗਦਾ ਸੀ ਕਿ ਜ਼ਿੰਦਗੀ ਵਿੱਚ ਕੋਈ ਅਜਿਹਾ ਸਾਰਥਿਕ ਰੁਝੇਵਾਂ ਇਸ ਸਮਾਜ ਵਿੱਚ ਬਹੁਤੇ ਲੋਕਾਂ ਨੂੰ ਨਹੀਂ ਮਿਲ ਰਿਹਾ ਜਿਸ ਤਹਿਤ ਆਮ ਲੋਕਾਂ ਨੂੰ ਉਹਨਾਂ ਦੇ ਪਾਏ ਯੋਗਦਾਨ ਤਹਿਤ ਕੋਈ ਸਾਰਥਿਕਤਾ ਜਾਪਦੀ ਹੋਵੇ। ਸੰਦੀਪ ਅਨੁਸਾਰ ''ਇਹੋ ਕਾਰਨ ਬਣਿਆ ਸਾਡੇ ਘਰ ਦੀ ਬਰਬਾਦੀ ਅਤੇ ਬੀਜਨਾਸ਼ ਦਾ।''
ਇਸ ਦੁਨੀਆਂ ਤੋਂ ਤੰਗ ਆਇਆ ਸੰਦੀਪ ਲਿਖਦਾ ਹੈ ਕਿ ''ਦੁਨੀਆਂ ਵਾਲੇ ਲੋਕ ਮੈਨੂੰ ਨਾਮਰਦ ਦਾ ਨਾਮ ਦੇ ਦੇਣਗੇ ਕਿ ਇਹ ਦੁਨੀਆਂਦਾਰੀ ਏ। ਪਰ ਏਹਦੇ ਪਿੱਛੇ ਜੋ ਸੱਚ ਏ, ਇਹਦੇ ਪਿੱਛੇ ਮੇਰਾ ਜਾਂ ਮੇਰੇ ਪਰਿਵਾਰ ਦਾ ਕੀ ਕਸੂਰ ਹੋਇਆ।'' ਕਿਸੇ ਵਿਅਕਤੀ ਦੀ ਜਿੱਥੇ ਕਦਰ ਨਾ ਪਵੇ, ਉੱਥੇ ਉਸਦੇ ਜੀਣ ਦਾ ਕੋਈ ਹੱਜ ਨਹੀਂ ਰਹਿੰਦਾ। ਆਪਣੀ ਬੇਵਸੀ ਵਿੱਚੋਂ ਕਿਸਮਤ ਦੇ ਖਾਤੇ ਆਪਣੀ ਹੋਣੀ ਨੂੰ ਛੱਡਦਾ ਹੋਇਆ ਉਹ ਲਿਖਦਾ ਹੈ, ''ਜਦੋਂ ਜਦੋਂ ਵੀ ਜੀਹਦੇ 'ਤੇ ਪਈ ਜਦੋਂ ਕਿਸਮਤ ਸਾਥ ਛੱਡ ਜਾਵੇ ਇਹਦੇ ਕੀ ਨਤੀਜੇ ਨਿਕਲਦੇ ਨੇ, ਆਹ ਨਤੀਜਾ ਨੇੜੇ ਤੇੜੇ ਦੇ ਪਿੰਡਾਂ ਵਿੱਚ ਸਭ ਤੋਂ ਖਤਰਨਾਕ ਹੋਊਗਾ।''
ਇੱਕ ਪਾਸੇ ਜਿੱਥੇ ਸੰਦੀਪ ''ਸਾਰੇ ਪੁਆੜੇ ਦੀ ਜੜ੍ਹ ਮੈਂ ਸੀ'' ਲਿਖਦਾ ਹੈ ਉੱਥੇ ਨਾਲ ਹੀ ਉਸਦਾ ਆਪਣੇ ਘਰਦਿਆਂ ਪ੍ਰਤੀ ਕਿੰਨਾ ਲਗਾਅ ਸੀ ਉਸ ਬਾਰੇ ਖੁਦ ਲਿਖਦਾ ਹੈ, ''ਘਰਦਿਆਂ ਵਿਚਾਰਿਆਂ ਦੇ ਕੋਈ ਗੱਲ ਚਿੱਤ ਚੇਤੇ ਵੀ ਨਹੀਂ। ਅੱਜ ਮੈਂ ਆਪਣੀ ਭੈਣ ਨੂੰ ਆਪਣੇ ਨਾਲ ਲੈ ਕੇ ਆਇਆਂ। ਪਹਿਲਾਂ ਮੈਂ ਦਾਦੇ ਦੀਆਂ ਅੱਖਾਂ ਫਰੀਦਕੋਟ ਵਿਖਾ ਕੇ ਆਇਆਂ।'' ਉਹ ਆਪਣੇ ਰਿਸ਼ਤੇਦਾਰਾਂ ਨਾਲ ਵੀ ਸਰੋਕਾਰ ਰੱਖਦਾ ਸੀ ਜਿਸ ਬਾਰੇ ਉਸ ਨੇ ਲਿਖਿਆ, ''ਆਪਣੇ ਭਰਾ ਨਾਲ ਪੈੱਗ ਲਾ ਕੇ ਆਇਆਂ।'' ਆਪਣੇ ਭਰਾ ਦੇ ਫੋਨ ਤੋਂ ਆਪਣੀ ਮੰਗੇਤਰ ਨਾਲ ਗੱਲ ਕਰਨ ਸਬੰਧੀ ਸੰਦੀਪ ਨੇ ਲਿਖਿਆ, ''ਫਿਰ ਮੈਂ ਆਪਣੀ ਮੰਗੇਤਰ ਨਾਲ ਗੱਲ ਕਰਵਾਉਣ ਨੂੰ ਕਿਹਾ ਤੇ ਉਹਦੇ ਨਾਲ ਗੱਲਾਂ ਕੀਤੀਆਂ ਵੀ।''
ਇੱਕ ਪਾਸੇ ਜਿੱਥੇ ਸੰਦੀਪ ਲਿਖਦਾ ਹੈ ਕਿ ''ਇਸ ਦੁਨੀਆਂ ਤੋਂ ਕੀਹਦਾ ਜੀਅ ਕਰਦਾ ਜਾਣ ਨੂੰ'' ਤਾਂ ਨਾਲ ਹੀ ਅਗਲੇ ਵਾਕ ਵਿੱਚ ਲਿਖਦਾ ਹੈ, ''ਰੱਬ ਨੇ ਮੇਰੀ ਅਸਲ ਖੁਸ਼ੀ ਮਾਰ ਲੀ। ਮੈਂ ਅੱਗ ਲਾਉਣੀ ਸੀ ਇਹ ਜ਼ਮੀਨ ਜਾਇਦਾਦ, ਜਦੋਂ ਮੈਂ ਜਿਉਂਦਾ ਵੀ ਲਾਸ਼ ਬਣਿਆ ਪਿਆ ਸੀ।'' ਸੰਦੀਪ ਕੋਲ ਚੰਗਾ-ਚੋਖਾ ਖਾਣ-ਪੀਣ, ਕਾਰਾਂ-ਕੋਠੀਆਂ ਸਨ ਅਤੇ ਰਹਿਣ-ਸਹਿਣ, ਪਹਿਨਣ-ਪਚਰਨ ਦੇ ਮੌਕੇ ਸਨ। ਪਰ ਜ਼ਿੰਦਗੀ ਸਿਰਫ ਐਨਾ ਕੁ ਕੁੱਝ ਹੀ ਨਹੀਂ ਹੁੰਦੀ ਬਲਕਿ ਬੰਦੇ ਦੀ ਕੋਈ ਆਨ-ਸ਼ਾਨ, ਠੁੱਕ, ਜ਼ਮੀਰ ਗੈਰਤ ਆਦਿ ਵੀ ਹੁੰਦੀ ਹੈ। ਜੇਕਰ ਕਿਸੇ ਬੰਦੇ ਨੂੰ ਇਹ ਹੀ ਜਾਪਣ ਲੱਗ ਪਵੇ ਕਿ ਉਹ ਸ਼ਾਇਦ ਅਧੂਰਾ ਮਨੁੱਖ ਹੈ ਤਾਂ ਉਹ ਕੀ ਕਰ ਜਾਂਦਾ ਹੈ ਇਸ ਬਾਰੇ ਸੰਦੀਪ ਨੇ ਕੈਨੇਡਾ ਵਸਦੀ ਆਪਣੀ ਛੋਟੀ ਭੈਣ ਅਤੇ ਭੂਆ ਬਾਰੇ ਲਿਖਿਆ, ''ਮੇਰੀ ਛੋਟੀ ਭੈਣ, ਹਾਏ ਰੱਬਾ ਮੈਂ ਸਭ ਤੋਂ ਵੱੱਧ ਦੋਸ਼ੀ ਉਹਦਾ ਤੇ ਭੂਆ ਦਾ ਹਾਂ, ਜੋ ਦੋਵੇਂ ਕੈਨੇਡਾ ਵਿੱਚ ਨੇ, ਉਹ ਇਹ ਦੁੱਖ ਕਿਵੇਂ ਝੱਲਣਗੀਆਂ? ਇੱਥੇ ਹੁੰਦੀਆਂ ਮੈਂ ਉਹਨਾਂ ਨੂੰ ਵੀ ਮਾਰ ਦੇਣਾ ਸੀ।''
ਸਮਾਜ ਵਿੱਚ ਪਾਏ ਜਾਂਦੇ ਵਹਿਮਾਂ-ਭਰਮਾਂ, ਧਰਮਾਂ-ਕਰਮਾਂ, ਅੰਧ-ਵਿਸ਼ਵਾਸ਼ਾਂ ਅਤੇ ਪਛੜੇਪਣ ਦਾ ਸ਼ਿਕਾਰ ਹੋਇਆ ਸੰਦੀਪ ਲਿਖਦਾ ਹੈ, ''ਪਿੰਡ ਵਾਲਿਓ, ਥੋਡੇ ਨਾਂ ਸੰਦੇਸ਼ ਏ, ਕਦੇ ਵੀ ਭੁੱਲ ਕੇ ਕਿਸੇ ਪੀਰ-ਫਕੀਰ ਦੀ ਜਗਾਹ ਪੈਲ਼ੀ ਹੋਵੇ, ਪੂਜਿਆ ਕਰੋ, ਕੋਈ ਗਲਤੀ ਨਾ ਕਰਿਓ, ਨਾ ਔਤ ਦੀ ਜ਼ਮੀਨ 'ਤੇ ਅੱਖ ਰੱਖਿਓ।'' ਉਂਝ ਤਾਂ ਭਾਵੇਂ ਕਿਸੇ ਬੰਦੇ ਵਿੱਚ ਕਿਸੇ ਸਰੀਰਕ ਕਮਜ਼ੋਰੀ ਦੇ ਮਨੋਵਿਗਿਆਨਕ ਕਾਰਨ ਵੀ ਹੋ ਸਕਦੇ ਹਨ, ਪਰ ਜੇਕਰ ਕਿਸੇ ਵਿੱਚ ਕੋਈ ਸਰੀਰਕ ਕਜ ਹੋਵੇ ਤਾਂ ਉਸ ਨੂੰ ਐਨਾ ਤੰਗ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਹ ਬੰਦਾ ਆਪਣੇ ਨਾਲ 5-6 ਹੋਰਾਂ ਨੂੰ ਨਾਲ ਲਿਜਾ ਕੇ ਦੁਨੀਆਂ ਨੂੰ ਛੱਡ ਜਾਵੇ। ਇਸ ਤਰ੍ਹਾਂ ਦੀ ਹੀਣ-ਭਾਵਨਾ ਵਿੱਚੋਂ ਸੰਦੀਪ ਨੇ ਲਿਖਿਆ ਸੀ, ''ਮੈਂ ਆਪਣੇ ਗੰਦੇ ਸਰੀਰ ਤੋਂ ਤੰਗ ਆ ਕੇ ਖੁਦ ਅੱਗ ਲਾ ਕੇ ਮਰਾਂਗਾ।'' ਆਪਣੀ ਮੰਗੇਤਰ ਤੋਂ ਧੁਰ ਅੰਦਰੋਂ ਮੁਆਫੀਆਂ ਮੰਗਦਾ ਹੋਇਆ ਸੰਦੀਪ ਲਿਖਦਾ ਹੈ, ''ਰਮਨਦੀਪ ਮੈਨੂੰ ਮੁਆਫ ਕਰੀਂ, ਮੈਂ ਤੇਰਾ ਸਭ ਤੋਂ ਵੱਡਾ ਗੁਨਾਹਗਾਰ ਹਾਂ। ਪਰ ਮੈਂ ਮਜਬੂਰ ਹਾਂ। ਤੇਰੀ ਜ਼ਿੰਦਗੀ ਨੀ ਖਰਾਬ ਕਰ ਸਕਦਾ ਸੀ।''
ਇਸ ਸਮਾਜ ਵਿੱਚ ਕੁੱਝ ਗੱਲਾਂ ਅਜਿਹੀਆਂ ਵਰਜਿਤ ਕਰਾਰ ਦੇ ਦਿੱਤੀਆਂ ਜਾਂਦੀਆਂ ਹਨ, ਜਿਹੜਾ ਵੀ ਵਿਅਕਤੀ ਆਪਣੇ ਤੋਂ ਵੱਡਿਆਂ ਦੇ ਅੱਗੇ ਉਹ ਗੱਲਾਂ ਰੱਖ ਦੇਵੇ ਉਸ ਨੂੰ ਡਾਂਟਿਆ-ਫਿਟਕਾਰਿਆ ਜਾਂਦਾ ਹੈ। ਨੀਚਾ ਵਿਖਾਇਆ ਜਾਂਦਾ ਹੈ। ਇਹੋ ਜਿਹੇ ਮਾਮਲਿਆਂ ਸਬੰਧੀ ਆਪਣੀ ਡਾਇਰੀ ਦੇ ਅਗਲੇ ਪੰਨਿਆਂ 'ਤੇ ਸੰਦੀਪ ਲਿਖਦਾ ਹੈ, ''ਮੈਂ ਆਪਣੇ ਅੰਦਰਲਾ ਦਰਦ ਵਿੱਚੇ ਵਿੱਚ ਲੈ ਕੇ ਘੁੱਟ ਘੁੱਟ ਕੇ ਜਿਉਂ ਰਿਹਾ ਸੀ, ਕਿਉਂਕਿ ਮੈਂ ਇਹ ਦਰਦ ਦੱਸ ਵੀ ਨੀ ਸਕਦਾ ਸੀ ਤੇ ਜੇ ਦੱਸ ਦਿੰਦਾ ਘਰਦਿਆਂ ਨੇ ਜਿਉਂਦਿਆਂ ਨੇ ਮਰ ਜਾਣਾ ਸੀ। ਘਰੇ ਦੋ ਭੈਣਾਂ ਸੀ, ਉਹ ਵੀ ਵਿਆਉਣੀਆਂ ਸੀ। ਭੈਣਾਂ ਹੋਣ ਕਾਰਨ ਵੀ। ਮੈਂ ਚਾਹ ਕੇ ਵੀ ਇਹ ਗੱਲ ਆਪਣੇ ਪਿਓ ਨਾਲ ਸਾਂਝੀ ਨਾ ਕਰ ਸਕਿਆ। ਮੈਂ ਅੰਦਰੋਂ ਅੰਦਰ ਉਹ ਦਰਦ ਪੀ ਜਾਂਦਾ ਸੀ।''
ਜੇਕਰ ਕੋਈ ਵੀ ਵਿਅਕਤੀ ਆਪਣੇ ਕੋਲ ਅਜਿਹੇ ਖਾਸ ਮਿੱਤਰ-ਦੋਸਤ ਅਤੇ ਸਾਥੀ ਰੱਖਦਾ ਹੋਵੇ ਜਾਂ ਜਦੋਂ ਉਹ ਬਾਲਗ ਹੋ ਜਾਂਦਾ ਹੈ ਤਾਂ ਉਸ ਨੂੰ ਘਰ-ਪਰਿਵਾਰ ਅਤੇ ਸੰਸਥਾਵਾਂ ਵਿੱਚੋਂ ਸਾਥੀਆਨਾ ਮਾਹੌਲ ਹਾਸਲ ਹੋ ਜਾਵੇ ਤਾਂ ਉਹ ਆਪਣੇ ਮਨ ਦੀਆਂ ਦਾ ਗੱਲਾਂ ਖੁੱਲ੍ਹ ਕੇ ਇਜ਼ਹਾਰ ਕਰ ਸਕਦਾ ਹੈ ਨਹੀਂ ਤਾਂ ਉਹ ਹੀਣਤਾ ਦਾ ਸ਼ਿਕਾਰ ਹੋਇਆ ਅੰਦਰ ਹੀ ਅੰਦਰ ਕਿਵੇਂ ਆਪਣੇ ਆਪੇ ਤੋਂ ਡਰੀ ਜਾਂਦਾ ਹੈ, ਇਸ ਸਬੰਧੀ ਸੰਦੀਪ ਨੇ ਲਿਖਿਆ ਸੀ, ''ਇੱਕ ਅੰਦਰ ਡਰ ਸੀ, ਜਿਸ ਨੇ ਮੈਨੂੰ ਐਨਾ ਡਰਾ ਤਾ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਐਨਾਂ ਦਿਨਾਂ ਵਿੱਚ ਇਹ ਡਿਪਰੈਸ਼ਨ ਐਨਾ ਵਧ ਗਿਆ ਸੀ, ਮੇਰੇ ਦਿਮਾਗ ਅਤੇ ਦਿਲ ਵਿੱਚ ਬਲਾਸਟ ਹੋ ਰਹੇ ਸਨ। ਅੱਜ ਦੇ ਦਿਨ ਇੱਕ ਵੱਡਾ ਬਲਾਸਟ ਹੋਇਆ ਜਿਸ ਦੇ ਧਮਾਕੇ ਵਿੱਚ ਸਾਰਾ ਘਰ ਵੀ ਉੱਡ ਗਿਆ।''
ਜਦੋਂ ਕਿਸੇ ਵਿਅਕਤੀ ਦੀ ਸਮਝ ਪੂਰੀ ਵਿਗਿਆਨਕ ਨਹੀਂ ਬਣਦੀ, ਤਾਂ ਉਹ ਆਪਣੀਆਂ ਅਨੇਕਾਂ ਸਮੱਸਿਆਵਾਂ ਨੂੰ ਰੱਬ ਦੀ ਦੇਣ ਦੇ ਖਾਤੇ ਪਾ ਕੇ ਆਪਣੇ ਮਨ ਨੂੰ ਤਸੱਲੀ ਦਿੰਦਾ ਹੈ। ਜਦੋਂ ਅਜਿਹੇ ਵਿਅਕਤੀ ਨੂੰ ਆਪਣੇ ਆਪ ਵਿੱਚ ਕੋਈ ਨੁਕਸ ਨਾ ਜਾਪੇ ਤਾਂ ਉਹ ਹਰ ਚੰਗੀ ਮਾੜੀ ਘਟਨਾ ਨੂੰ ਰੱਬ ਦੇ ਖਾਤੇ ਕਿਵੇਂ ਪਾਉਂਦਾ ਹੈ, ਇਸ ਸਬੰਧੀ ਸੰਦੀਪ ਨੇ ਲਿਖਿਆ ਸੀ, ''ਪਰ ਇਸ ਵਿੱਚ ਮੇਰਾ ਕੋਈ ਕਸੂਰ ਨੀ, ਰੱਬ ਨੇ ਮਾਰਿਆ।''
ਕਿਸੇ ਨੇ ਵਿਆਹ ਕਰਵਾਉਣਾ ਹੈ ਜਾਂ ਨਹੀਂ ਕਰਵਾਉਣਾ ਇਹ ਉਸਦਾ ਨਿੱਜੀ ਮਸਲਾ ਹੁੰਦਾ ਹੈ, ਪਰ ਪਛੜੇ ਜਾਗੀਰੂ ਸਮਾਜ ਵਿੱਚ ਕਿਸੇ ਦੇ ਵਿਆਹ ਨੂੰ ਵੀ ਘਰ-ਪਰਿਵਾਰ, ਜ਼ਮੀਨ-ਜਾਇਦਾਦ ਨਾਲ ਜੋੜ ਕੇ ਕਿਵੇਂ ਵੇਖਿਆ ਜਾਂਦਾ ਹੈ, ਇਸ ਸਬੰਧੀ ਸੰਦੀਪ ਨੇ ਲਿਖਿਆ ਸੀ, ''ਮੈਂ ਜੇ ਵਿਆਹ ਨਾ ਕਰਾਉਂਦਾ ਲੋਕਾਂ ਨੇ ਨਹੀਂ ਛੱਡਣਾ ਸੀ। ਘਰ ਦਿਆਂ ਨੇ ਵੀ ਮੈਨੂੰ ਵਿਆਉਣ ਵਾਸਤੇ ਜੰਮਿਆ ਸੀ।''
ਸੰਦੀਪ ਸਮਾਜ ਦੀਆਂ ਗਲਤ ਕਦਰਾਂ-ਕੀਮਤਾਂ ਤੋਂ ਦੁਖੀ ਹੁੰਦਾ ਸੀ। ਉਹ ਸਮਾਜ ਨਾਲ ਖੁੱਲ੍ਹੇਆਮ ਲੜ ਨਹੀਂ ਸੀ ਸਕਦਾ। ਉਂਝ ਉਹ ਅੰਦਰ ਹੀ ਅੰਦਰ ਜਿਹੜੀ ਪੀੜਾ ਸਹਿਣ ਕਰਦਾ ਕਰਦਾ ਬੀਤਦਾ ਜਾ ਰਿਹਾ ਸੀ, ਉਸ ਸਬੰਧੀ ਉਸਨੇ ਲਿਖਿਆ, ''ਪਰ ਉਹ ਦਰਦ ਤਾਂ ਮੈਨੂੰ ਹੀ ਪਤਾ ਸੀ ਜੋ ਮੈਂ ਲੈ ਕੇ ਜਿਉਂ ਰਿਹਾ ਸੀ।'' ਇਸ ਤਰ੍ਹਾਂ ਜਦੋਂ ਕੋਈ ਆਪਣੇ ਆਪ ਨੂੰ ਧੱਕ ਕੇ ਕੰਧ ਨਾਲ ਲਾ ਕੇ ਦਮ ਘੁੱਟਿਆ ਮਹਿਸੂਸ ਕਰਦਾ ਹੈ ਤਾਂ ਉਹ ਮਰਨ-ਮਾਰਨ 'ਤੇ ਕਿਵੇਂ ਉਤਾਰੂ ਹੋ ਸਕਦਾ ਹੈ, ਇਸ ਸਬੰਧੀ ਉਹ ਲਿਖਦਾ ਹੈ, ''ਇਹ ਸਾਰੀ ਘਟਨਾ ਮੇਰੀ ਚੁੱਪ ਦੇ ਅੰਜ਼ਾਮ ਅਤੇ ਡਰ ਕਾਰਨ ਘਟੀ।''
''ਇਹ ਗੱਲ ਮੈਂ ਸਾਰੀ ਦੁਨੀਆਂ ਨੂੰ ਦੱਸਣੀ ਚਾਹੁੰਦਾਂ, ਜਿਹੜਾ ਬੰਦਾ ਵਿਆਹ ਨੀ ਕਰਾਉਂਦਾ, ਉਹਦੇ ਪਿੱਛੇ ਰਾਜ ਹੁੰਦਾ।'' ਮੌਜੂਦਾ ਸਮਾਜ ਕਿਸੇ ਵਿਅਕਤੀ ਦੇ ਵਿਆਹ ਵਾਲੇ ਲਾਇਸੰਸ ਨੂੰ ਵੇਖ ਕੇ ਉਸਦੀਆਂ ਚੰਗੀਆਂ-ਮਾੜੀਆਂ ਢਕਦਾ ਹੈ, ਪਰ ਸੰਦੀਪ ਇਸ ਸਮਾਜ ਨੂੰ ਭੈਣ ਦੀ ਗਾਲ ਕੱਢਦਾ ਹੋਇਆ ਲਿਖਦਾ ਹੈ, ''ਇਹ ਕੁੱਤਾ ਸਮਾਜ ਵਿਆਹ ਨੂੰ ਈ ਸਭ ਕੁੱਝ ਸਮਝਦਾ। ਬੰਦੇ ਦੀਆਂ ਆਪਣੀਆਂ ਵੀ ਭਾਵਨਾਵਾਂ ਹੁੰਦੀਆਂ। ਜ਼ਰੂਰੀ ਨੀ ਹਰ ਬੰਦਾ, ਵਿਆਹ ਲਈ ਪਰਫੈਕਟ ਹੋਵੇ।''
ਹਰ ਇਨਸਾਨ ਜਿੱਥੇ ਸਮਾਜਿਕ ਪ੍ਰਾਣੀ ਹੈ, ਉੱਥੇ ਸਮਾਜ ਵਿੱਚ ਉਸਦਾ ਆਪਣਾ ਨਿੱਜ ਵੀ ਹੁੰਦਾ ਹੈ। ਜਿਸ ਸਮਾਜ ਵਿੱਚ ਕਿਸੇ ਵਿਅਕਤੀ ਦੇ ਨਿੱਜ ਨੂੰ ਮੂਲੋਂ ਹੀ ਕੁਚਲਿਆ ਜਾ ਰਿਹਾ ਹੋਵੇ ਤਾਂ ਉਹ ਬਦਜ਼ਨ ਹੁੰਦਾ ਹੈ ਅਤੇ ਆਪਣੀ ਹੋਂਦ ਪ੍ਰਗਟਾਉਣੀ ਚਾਹੁੰਦਾ ਹੈ। ਜਾਗੀਰੂ ਸਮਾਜਾਂ ਤੋਂ ਬਗਾਵਤਾਂ ਕਰਕੇ ਵਿਕਸਤ ਹੋਏ ਵਿਦੇਸ਼ਾਂ ਦੀ ਉਦਾਹਰਨ ਦਿੰਦਾ ਹੋਇਆ ਸੰਦੀਪ ਲਿਖਦਾ ਹੈ, ''ਬਾਹਰਲੇ ਦੇਸ਼ਾਂ ਵਿੱਚ ਕੋਈ ਨੀ ਪੁੱਛਦਾ ਕਿ ਵਿਆਹ ਕਰਾਉਣਾ ਕਿ ਨਹੀਂ। ਜਿਹੜਾ ਬੰਦਾ ਇਸ ਸਮਾਜ ਵਿੱਚ ਜੰਮਿਆ, ਉਹਦੀ ਨਿੱਜੀ ਜ਼ਿੰਦਗੀ ਏ, ਲੋਕਾਂ ਦੀ ਮੋਹਤਾਜ ਨੀਂ।''
ਪਛੜੇ ਜਾਗੀਰੂ ਸਮਾਜਾਂ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਵੀ ਆਪਣੀ ਜਾਗੀਰ ਹੀ ਸਮਝਦੇ ਹਨ। ਉਹ ਬੱਚਿਆਂ ਦੀ ਅੱਡਰੀ ਕਿਸੇ ਹੈਸੀਅਤ ਨੂੰ ਮਾਨਤਾ ਹੀ ਨਹੀਂ ਦਿੰਦੇ, ਬਲਕਿ ਉਹਨਾਂ ਦੀ ਹਸਤੀ ਨੂੰ ਰੋਲ਼ ਕੇ ਰੱਖ ਦਿੰਦੇ ਹਨ। ਅਜਿਹੇ ਮਾਪਿਆਂ ਦੀ ਗੁਲਾਮੀ ਨੂੰ ਰੱਦ ਕਰਦਾ ਹੋਇਆ ਸੰਦੀਪ ਸਵਾਲ ਉਠਾਉਂਦਾ ਹੈ, ''ਨਾਲੇ ਮਾਂ-ਪਿਓ ਵੀ ਸਮਝਣ ਇਹ ਗੱਲ- ਜਿਹੜਾ ਤੁਸੀਂ ਜੰਮਿਆ, ਧੀ ਹੋਵੇ ਜਾਂ ਪੁੱਤ ਉਹ ਥੋਡਾ ਗੁਲਾਮ ਨੀਂ, ਉਹਦੀ ਆਪਣੀ ਜ਼ਿੰਦਗੀ ਏ, ਇਹ ਸਮਾਜ ਵੀ ਆਪਣੇ ਢੰਗ ਦਾ ਜਿੰਮੇਵਾਰ ਏ ਅਜਿਹੀਆਂ ਘਟਨਾਵਾਂ ਵਾਸਤੇ। ਇੱਕ ਤਾਂ ਬੰਦੇ ਨੂੰ ਪਹਿਲਾਂ ਰੱਬ ਮਾਰ ਕੇ ਭੇਜਦਾ ਫਿਰ ਲੋਕੀਂ ਮਾਰਦੇ ਆ। ਇਹ ਕਿਹੜਾ ਤਰਕ ਹੋਇਆ ਲੋਕੋ ਥੋਡਾ।''
ਜਦੋਂ ਜਵਾਨੀ ਅੱਕੀ-ਸਤੀ ਹੋਵੇ ਤਾਂ ਉਹ ਕਿਹੋ ਜਿਹੇ ਖਤਰੇ ਸਹੇੜ ਸਕਦੀ ਹੈ ਅਤੇ ਇਹ ਖਤਰਨਾਕ ਕਿਉਂ ਹੁੰਦੀ ਹੈ, ਇਸ ਸਬੰਧੀ ''ਖਤਰਨਾਕ ਕਹਾਣੀ'' ਦੇ ਸਿਰਲੇਖ ਨਾਲ ਤੋੜਾ ਝਾੜਦਾ ਹੋਇਆ ਸੰਦੀਪ ਅਖੀਰ ਵਿੱਚ ਲਿਖਦਾ ਹੈ, ''ਉਹ ਜਵਾਨੀ ਬੜੀ ਖਤਰਨਾਕ ਹੁੰਦੀ ਏ, ਜੋ ਜੰਮਦੀ ਏ ਮਰੀਆਂ ਆਸਾਂ ਦੇ ਸੱਥਰ 'ਤੇ।''
ਜਿਹੜੀ ''ਜਵਾਨੀ'' ''ਜੰਮਦੀ ਏ ਮਰੀਆਂ ਆਸਾਂ ਦੇ ਸੱਥਰ 'ਤੇ'' ਉਹ ਬਹੁਤ ਹੀ ਖਤਰਨਾਕ ਹੋ ਸਕਦੀ ਹੈ। ਇਸ ਸਮਾਜ ਨੇ ਜਿੱਥੇ ਨੌਜਵਾਨਾਂ ਲਈ ਪੜ੍ਹਾਈ-ਲਿਖਾਈ, ਖੇਡਾਂ, ਰੁਜ਼ਗਾਰ ਅਤੇ ਜ਼ਿੰਦਗੀ ਨੂੰ ਅੱਗੇ ਵਧਣ ਦੇ ਮੌਕੇ ਖਤਮ ਕਰਕੇ ਨੌਜਵਾਨਾਂ ਦੀਆਂ ''ਆਸਾਂ ਦੇ ਸੱਥਰ'' ਵਿਛਾਏ ਹੋਏ ਹਨ, ਉੱਥੇ ਜੇਕਰ ਨੌਜਵਾਨਾਂ ਨੂੰ ਸਮਾਜ ਦੇ ਵਿਕਾਸ ਦੀ ਸਹੀ ਦਿਸ਼ਾ ਪ੍ਰਦਾਨ ਨਾ ਹੋਵੇ ਤਾਂ ਉਹ ਆਤਮ-ਘਾਤੀ ਰਾਹ ਚੁਣਦੇ ਹੋਏ ਆਪਣੇ ਨਾਲ ਆਪਣੇ ਪਿਆਰਿਆਂ ਨੂੰ ਵੀ ਲੈ ਬਹਿੰਦੇ ਹਨ। ਇਸ ਸਮਾਜ ਦੀ ਗੰਦੀ ਸੋਚ ਦੀ ਮਾਰ ਹੇਠ ਆਏ ਨੌਜਵਾਨਾਂ ਦੇ ਮਾਪੇ, ਭੈਣਾਂ-ਭਰਾ, ਮਿੱਤਰ-ਦੋਸਤ ਤੇ ਰਿਸ਼ਤੇਦਾਰ ਕਿਸੇ ਸਮੇਂ ਸਮਾਜ ਦੀ ਬੋਲੀ ਬੋਲ ਕੇ ਕਿਸੇ ਨਾਜ਼ੁਕ-ਕੋਮਲ ਹਿਰਦੇ ਨੂੰ ਵਲੂੰਧਰ ਧਰਦੇ ਹਨ, ਪਰ ਨੌਜਵਾਨਾਂ ਨੂੰ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਅਸਲ ਦੁੱਖ ਪਹੁੰਚਾਉਣ ਵਾਲੇ ਉਹਨਾਂ ਦੇ ਨਜ਼ਦੀਕੀ ਨਹੀਂ ਬਲਕਿ ਇਹ ਗੰਦਾ-ਭੈੜਾ, ਨੀਚ ਅਤੇ ਨਖਿੱਧ ਸਮਾਜ ਹੈ, ਜੋ ਸਭਨਾਂ ਹੀ ਕਿਰਤੀ-ਕਮਾਊ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਰਿਹਾ ਹੈ। ਲੋੜ ਇਸ ਸਮਾਜ ਨੂੰ ਮੂਲੋਂ-ਮੁੱਢੋਂ ਬਦਲਣ ਲਈ ਇਨਕਲਾਬੀ ਸੰਘਰਸ਼ਾਂ ਦੇ ਰਾਹ ਪੈਣ ਦੀ ਹੈ। ਆਪਣਿਆਂ ਨੂੰ ਹੀ ਮਾਰ ਕੇ ਆਪ ਮਰਨਾ ਇਸ ਭੈੜੇ ਸਮਾਜ ਨੂੰ ਤਕੜਿਆਂ ਕਰਨਾ ਹੈ। ਵਿਰੋਧਤਾਈਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਆਪਣੇ ਮਿੱਤਰਾਂ ਵਿਚਕਾਰ ਅਤੇ ਦੂਸਰੀਆਂ ਆਪਣੇ ਦੁਸ਼ਮਣਾਂ ਨਾਲ। ਆਪਣਿਆਂ ਵਿਚਲੀਆਂ ਵਿਰੋਧਤਾਈਆਂ ਨੂੰ ਦਲੀਲਾਂ ਨਾਲ ਹੱਲ ਕਰਨ ਦੇ ਰਾਹ ਪੈਣਾ ਚਾਹੀਦਾ ਹੈ, ਜਦੋਂ ਕਿ ਦੁਸ਼ਮਣਾਂ ਵਾਲੀਆਂ ਵਿਰੋਧਤਾਈਆਂ ਨੂੰ ਡਾਂਗਾਂ ਨਾਲ ਹੱਲ ਕਰਨ ਦੇ ਰਾਹ ਪੈਣਾ ਚਾਹੀਦਾ ਹੈ। ਜਿਹੋ ਜਿਹੀਆਂ ਸਮੱਸਿਆਵਾਂ ਸੰਦੀਪ ਨੇ ਦਰਸਾਈਆਂ ਹਨ ਜਾਂ ਪਿਛਲੇ ਦਿਨੀਂ ਅਜਿਹੀਆਂ ਹੋਰ ਘਟਨਾਵਾਂ ਸਾਹਮਣੇ ਆਈਆਂ ਹਨ- ਇਹ ਸਭ ਇਸ ਪਛੜੇ ਅਰਧ-ਜਾਗੀਰੂ ਪ੍ਰਬੰਧ ਦੀਆਂ ਪੈਦਾ ਕੀਤੀਆਂ ਸਮੱਸਿਆਵਾਂ ਹਨ। ਇਹ ਓਨੀ ਦੇਰ ਤੱਕ ਸਭੇ ਹੀ ਸੰਵੇਦਨਸ਼ੀਲ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਦੀਆਂ ਰਹਿਣਗੀਆਂ ਜਦੋਂ ਤੱਕ ਇਸ ਜਾਗੀਰੂ ਸਮਾਜ ਨੂੰ ਮੂਲੋਂ ਨਹੀਂ ਬਦਲਿਆਂ ਜਾਂਦਾ। ਇਸ ਨੂੰ ਬਦਲਣ ਦਾ ਰਸਤਾ ਆਪਾ-ਘਾਤੀ ਹੋਣਾ ਨਹੀਂ ਬਲਕਿ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਅਤੇ ਊਧਮ ਸਿੰਘ ਸੁਨਾਮ ਵਿਖਾਇਆ ਰਸਤਾ ਹੈ ਜਿਸ 'ਤੇ ਚੱਲਦੇ ਹੋਏ ਜ਼ਾਲਮ ਢਾਂਚੇ ਦੇ ਚਾਲਕਾਂ ਨੂੰ ਮੂਲੋਂ-ਮੁੱਢੋਂ ਖਤਮ ਕੀਤਾ ਜਾ ਸਕਦਾ ਹੈ ਜਾਂ ਫੇਰ ਜੇਕਰ ਅੱਜ ਪ੍ਰੇਰਨਾ ਲੈਣੀ ਹੋਵੇ ਇਹ ਪ੍ਰੇਰਨਾ ਜੰਮੂ-ਕਸ਼ਮੀਰ ਦੇ ਆਪਣੀ ਆਜ਼ਾਦੀ ਲਈ ਜੂਝਦੇ ਨੌਜਵਾਨਾਂ ਕੋਲੋਂ ਲਈ ਜਾ ਸਕਦੀ ਹੈ ਜਾਂ ਫੇਰ ਮੱਧ ਭਾਰਤ ਵਿੱਚ ਆਪਣੀ ਹੋਣੀ ਨੂੰ ਆਪਣੇ ਹੱਥਾਂ ਵਿੱਚ ਕਰਨ ਲਈ ਜੂਝ ਰਹੇ ਕ੍ਰਾਂਤੀਕਾਰੀਆਂ ਕੋਲੋਂ ਹਾਸਲ ਕੀਤੀ ਜਾ ਸਕਦੀ ਹੈ।