Friday, 3 May 2019

ਸਾਧਵੀ ਪਰੱਗਿਆ ਦਾ ਸੰਸਦ ਮੈਂਬਰ ਉਮੀਦਵਾਰ ਵਜੋਂ ਸ਼ਿੰਗਾਰੇ ਜਾਣਾ

ਹਿੰਦੂਤਵੀ ਅੱਤਵਾਦ ਦੇ ਸਰਗਣੇ ਅਸੀਮਾਨੰਦ ਦਾ ਬਰੀ ਹੋਣਾ ਅਤੇ 
ਸਾਧਵੀ ਪਰੱਗਿਆ ਦਾ ਸੰਸਦ ਮੈਂਬਰ ਉਮੀਦਵਾਰ ਵਜੋਂ ਸ਼ਿੰਗਾਰੇ ਜਾਣਾ

-ਅਸ਼ੋਕ ਭਾਰਤੀ
ਪਿਛਲੇ ਸਾਲਾਂ ਦੌਰਾਨ ਹਿੰਦੂਤਵੀ ਅੱਤਵਾਦ ਦੇ ਮੁੱਖ ਚਿਹਰੇ ਤੇ ਸਰਗਣੇ ਸਵਾਮੀ ਅਸੀਮਾਨੰਦ ਨੂੰ ਐਨ.ਆਈ.ਏ. ਕੋਰਟ ਨੇ 21 ਮਾਰਚ 2019 ਨੂੰ ''ਸਮਝੌਤਾ ਐਕਸਪ੍ਰੈਸ'' ਬੰਬ ਧਮਾਕਿਆਂ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਇਸ ਕੇਸ ਦੇ ਚਾਰਾਂ ਦੋਸ਼ੀਆਂ ਅਸੀਮਾਨੰਦ, ਕਮਲ ਚੌਹਾਨ, ਰਾਜਿੰਦਰ ਚੌਧਰੀ ਅਤੇ ਲੋਕੇਸ਼ ਸ਼ਰਮਾ ਦੇ ਬਰੀ ਹੋਣ ਦੇ ਨਾਲ ਹੀ ਦਹਿਸ਼ਤਗਰਦੀ ਦੀ ਐਨੀ ਵੱਡੀ ਵਾਰਦਾਤ 'ਤੇ ਪਰਦਾ ਪਾ ਦਿੱਤਾ ਗਿਆ ਹੈ। ਭਾਵ ਇਹ ਘਟਨਾ ਹੁਣ ਅਣਸੁਲਝੀ ਹੀ ਰਹਿ ਜਾਵੇਗੀ। ਪਰ ਇਸ ਕੇਸ ਨਾਲ ਸ਼ੁਰੂ ਤੋਂ ਜੁੜੇ ਸੁਆਲ ਜੋ ਸ਼ੁਰੂਆਤੀ ਜਾਂਚ ਵਿੱਚ ਖੜ੍ਹੇ ਹੋਏ ਸਨ ਉਹ ਜਿਉਂ ਦੇ ਤਿਉਂ ਬਰਕਰਾਰ ਹਨ। ਇੱਕ ਸੁਆਲ ਇਹ ਪੈਦਾ ਹੁੰਦਾ ਹੈ ਕਿ ਇਹ ਦੋਸ਼ੀ ਬਰੀ ਹੋਏ ਜਾਂ ਸਰਕਾਰ ਦੇ ਇਸ਼ਾਰੇ 'ਤੇ ਐਨ.ਆਈ.ਏ. (ਰਾਸ਼ਟਰੀ ਜਾਂਚ ਏਜੰਸੀ) ਵੱਲੋਂ ਇਹਨਾਂ ਨੂੰ ਬਰੀ ਹੋਣ ਦਿੱਤਾ ਗਿਆ ਹੈ। 
ਵਰਨਣਯੋਗ ਹੈ ਕਿ ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਵਿੱਚ 68 ਲੋਕ ਮਾਰੇ ਗਏ ਸਨ ਅਤੇ ਬਹੁਤੇ ਪਾਕਿਸਤਾਨੀ ਸਨ ਤੇ ਕਈ ਜਖਮੀ ਹੋਏ ਸਨ। ਇਹ ਪਾਣੀਪਤ ਵਿਖੇ ਉਸ ਵੇਲੇ ਹੋਇਆ ਸੀ ਜਦੋਂ 2008 ਵਿੱਚ ਦਿੱਲੀ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਪੱਧਰ 'ਤੇ ਗੱਲਬਾਤ ਹੋਣ ਵਿੱਚ ਦੋ ਦਿਨ ਬਾਕੀ ਸਨ। ਉਸ ਸਮੇਂ ਇੋਹ ਸਮਝਿਆ ਗਿਆ ਸੀ ਕਿ ਗੱਲਬਾਤ ਨੂੰ ਲੀਹੋਂ ਲਾਹੁਣ ਲਈ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਦੇ ਇਸ਼ਾਰੇ 'ਤੇ ਕਿਸੇ ਮੁਸਲਿਮ ਜਿਹਾਦੀ ਗਰੁੱਪ ਨੇ ਇਹ ਕਾਰਾ ਕੀਤਾ ਹੋਵੇਗਾ। ਪਰ ਇਸ ਕੇਸ ਦੀ ਸ਼ੁਰੂਆਤੀ ਜਾਂਚ ਕਰ ਰਹੀ ਹਰਿਆਣਾ ਪੁਲਸ ਦੀ ਸਪੈਸ਼ਲ ਜਾਂਚ ਟੀਮ (ਸਿਟ) ਦੇ ਪ੍ਰਮੁੱਖ ਰਹੇ ਆਈ.ਪੀ.ਐਸ. (ਛੁੱਟੀ ਯਾਫਤਾ) ਵਿਕਾਸ ਨਰਾਇਣ ਰਾਏ ਜੋ ਪਾਣੀਪਤ ਨੇੜਲੇ ਮਧੂਬਨ ਸਥਿਤ ਹਰਿਆਣਾ ਪੁਲਸ ਅਕੈਡਮੀ ਦੇ ਡਾਇਰੈਕਟਰ ਸਨ, ਨੂੰ ਰਾਤ ਵੇਲੇ ਹੀ ਮੌਕਾ-ਏ-ਵਾਰਦਾਤ ਤੋਂ ਇੱਕ ਅਟੈਚੀ ਮਿਲਿਆ ਜਿਸ ਵਿੱਚ ਇੱਕ ਅਣਚੱਲਿਆ ਬੰਬ ( ਡਿਵਾਈਸ) ਸੀ। ਉਸਦੀ ਟਿਊਬ ਪਲੇਟ 'ਤੇ ਲਿਖੇ ਕੰਪਿਊਟਰ ਫਾਰਮੂਲੇ ਦੇ ਆਧਾਰ 'ਤੇ ਸਿਟ ਇਸ ਤਰ੍ਹਾਂ ਦੇ ਅਟੈਚੀ ਦੇ ਟਿਕਾਣਿਆਂ ਦੀ ਭਾਲ ਕਰਦੀ ਹੋਈ ਇੰਦੌਰ ਪਹੁੰਚ ਗਈ। ਆਖਰ ਇਸ ਕੇਸ ਵਿੱਚ ਹਿੰਦੂਤਵੀ ਸੰਗਠਨ ਦੇ ਸ਼ਨੀਲ ਜੋਸ਼ੀ, ਸੂਨੀਲ ਡਾਂਗੇ ਅਤੇ ਰਾਮ ਚੰਦਰ ਕਲਸਾਂਗਰਾ ਦਾ ਨਾਮ ਉੱਭਰਨ ਲੱਗਾ। ਸ਼ਨੀਲ ਜੋਸ਼ੀ ਤਾਂ ਮੱਧ ਪ੍ਰੇਦਸ਼ ਵਿੱਚ ਆਰ.ਐਸ.ਐਸ. ਨਾਲ ਜੁੜਿਆ ਰਹਿ ਚੁੱਕਿਆ ਇਕ ਮੰਨਿਆ ਪ੍ਰਮੰਨਿਆ ਨਾਂ ਸੀ। ਇਸ ਜਾਣਕਾਰੀ ਨੇ ਬੇਹੱਦ ਸਨਸਨੀ ਪੈਦਾ ਕਰ ਦਿੱਤਾ। ਅਜਿਹੀ ਚੁੱਪ ਵਰਤ ਗਈ ਕਿ ਮੱਧ ਪ੍ਰਦੇਸ਼ ਪੁਲਸ ਸਹਿਯੋਗ ਦੇਣ ਲਈ ਤਿਆਰ ਨਹੀਂ ਸੀ। ਇਹਨਾਂ ਦੋਸ਼ੀਆਂ ਵਿਚੋਂ ਸ਼ਨੀਲ ਜੋਸ਼ੀ ਦੀ 20 ਦਸੰਬਰ 2007 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਾਕੀ ਦੋਵੇਂ ਸੁਨੀਲ ਡਾਂਗੇ ਅਤੇ ਰਾਮ ਚੰਦਰ ਕਲਸਾਂਗਰੇ ਭੇਦਭਰੀ ਹਾਲਤ ਵਿੱਚ ਗਾਇਬ ਹੋ ਗਏ ਜਾਂ ਗਾਇਬ ਕਰ ਦਿੱਤੇ ਗਏ। ਇਹ ਕੇਸ ਐਨ.ਆਈ.ਏ. ਨੂੰ ਤਬਦੀਲ ਕਰ ਦਿੱਤਾ ਗਿਆ। ਵਿਕਾਸ ਨਰਾਇਣ ਰਾਏ ਕਹਿੰਦੇ ਹਨ ਕਿ ਐਨ.ਆਈ.ਏ. ਨੂੰ ਗਾਇਬ ਹੋਏ ਦੋਸ਼ੀਆਂ ਦੀ ਜਾਣਕਾਰੀ ਸੀ। ਸੁਨੀਲ ਜੋਸ਼ੀ ਬਾਰੇ ਪਤਾ ਚੱਲਿਆ ਸੀ ਕਿ ਉਸ ਨੂੰ ਸਾਧਵੀ ਪਰੱਗਿਆ ਨੇ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਹ ਮਾਲੇਗਾਉਂ ਧਮਾਕਿਆਂ ਬਾਰੇ ਭੇਦ ਖੋਲ੍ਹ ਸਕਦਾ ਸੀ। ਸੀਨੀਅਰ ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਉਹ ਪਰੱਗਿਆ 'ਤੇ ਜਿਨਸੀ ਗਲਬਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। 
ਹਰਿਆਣਾ ਪੁਲਸ ਦੀ ਸਿਟ ਵੱਲੋਂ ਕੀਤੀ ਤਹਿਕੀਕਾਤ ਤੋਂ ਬਾਅਦ ਪੂਰੇ ਦੇਸ਼ ਖਾਸ ਕਰਕੇ ਭਾਜਪਾ/ਆਰ.ਐਸ.ਐਸ. ਖੇਮੇ ਵਿੱਚ ਤਰਥੱਲੀ ਮੱਚ ਗਈ ਸੀ। ਕੇਂਦਰੀ ਗ੍ਰਹਿਮ ਮੰਤਰਾਲੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਕਾਫੀ ਹੈਰਾਨੀ ਸੀ। ਉਧਰ 2006 ਦੇ ਮਾਲੇਗਾਉਂ ਬੰਬ ਧਮਾਕੇ 2007 ਦੇ ਮੱਕਾ ਮਸਜਿਦ ਬੰਬ ਧਮਾਕੇ ਅਤੇ ਅਜਮੇਰ ਸ਼ਰੀਫ ਬੰਬ ਧਮਾਕਿਆਂ ਦਾ ਤਰੀਕਾਕਾਰ ਇੱਕ ਹੀ ਸੀ ਜੋ ਸਮਝੌਤਾ ਐਕਸਪ੍ਰੈਸ ਵਾਰਦਾਤ ਨਾਲ ਇੱਕਦਮ ਮਿਲਦਾ ਸੀ। ਉਧਰ ਮਾਲੇਗਾਉਂ ਧਮਾਕਿਆਂ ਦੇ ਸਿਲਸਿਲੇ ਵਿੱਚ ਮਹਾਂਰਾਸ਼ਟਰ ਦਹਿਸ਼ਤਵਾਦ ਵਿਰੋਧੀ ਦਸਤੇ ਦੇ (ਏ.ਟੀ.ਐਸ.) ਮੁੱਖੀ ਹੇਮੰਤ ਕਰਕਰੇ ਨੂੰ ਅਹਿਮ ਸੁਰਾਗ ਮਿਲ ਚੁੱਕੇ ਸਨ ਤੇ ਉਹਨਾਂ ਦੀ ਜਾਂਚ ਵਿੱਚ ਸਾਧਵੀ ਪਰੱਗਿਆ ਸਿੰਘ ਠਾਕੁਰ, ਅਸੀਮਾਨੰਦ ਕਰਨਲ ਸ਼੍ਰੀ ਕਾਂਤ ਪੁਰੋਹਿਤ ਦੇ ਨਾਂ ਸਾਹਮਣੇ ਆ ਚੁੱਕੇ ਸਨ। ਇਹ ਤਿੰਨੇ ਅਭਿਨਵ ਭਾਰਤ ਨਾਂ ਦੀ ਜਥੇਬੰਦੀ ਦੇ ਮੈਂਬਰ ਸਨ। ਅਸੀਮਾਨੰਦ ਆਰ.ਐਸ.ਐਸ. ਵਿੱਚ ਵੱਡੀ ਹੈਸੀਅਤ ਰੱਖਦਾ ਸੀ। ਆਰ.ਐਸ.ਐਸ. ਦੇ ਵਣਵਾਸੀ ਕਲਿਆਣ ਆਸ਼ਰਮ ਦੇ ਵਧਾਰੇ ਵਿੱਚ ਉਸਦਾ ਵੱਡਾ ਯੋਗਦਾਨ ਸੀ। ਪਰੱਗਿਆ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੈਂਬਰ ਰਹਿ ਚੁੱਕੀ ਸੀ। ਵਿਕਾਸ ਨਰਾਇਣ ਰਾਏ ਤੇ ਹੇਮੰਤ ਕਰਕਰੇ ਦੀ ਮੁਲਾਕਾਤ ਤੋਂ ਪਹਿਲਾਂ ਹੀ 27 ਨਵੰਬਰ 2008 ਨੂੰ ਮੁੰਬਈ ਅੱਤਵਾਦੀ ਹਮਲੇ ਵਿੱਚ ਹੇਮੰਤ ਕਰਕਰੇ ਦੀ ਰਹੱਸਮਈ ਹਾਲਤ ਵਿੱਚ ਮੌਤ ਹੋ ਗਈ। ਹੇਮੰਤ ਸਰਕਾਰੀ ਤੇ ਹਿੰਦੂਤਵੀ ਤਾਕਤਾਂ ਦੇ ਅਥਾਹ ਦਬਾਅ ਵਿੱਚ ਸੀ, ਜਿਹਨਾਂ ਨੇ ਉਸ ਖਿਲਾਫ ਪ੍ਰਚਾਰ ਵਿੱਢਿਆ ਹੋਇਆ ਸੀ। ਰਾਏ ਮੁਤਾਬਕ ਸਭ ਮਾਮਲਿਆਂ ਵਿੱਚ ਮੁਸਲਿਮ ਨੌਜਵਾਨਾਂ ਨੂੰ ਚੁੱਕਿਆ ਗਿਆ ਸੀ, ਸਗੋਂ ਮੱਕਾ ਮਸਜਿਦ ਮਾਮਲੇ ਵਿੱਚ ਉਸੇ ਸ਼ਾਮ ਮੁਸਲਿਮ ਮੁੰਡਿਆਂ ਨੂੰ ਚੁੱਕ ਲਿਆ ਗਿਆ ਤੇ ਵਿਰੋਧ ਹੋਣ 'ਤੇ 8 ਲੋਕ ਮਾਰੇ ਵੀ ਗਏ ਸਨ। ਇੱਕ ਮਾਮਲਾ ਮੋਦਾਸਾ ਬੰਬ ਧਮਾਕਿਆਂ ਦਾ ਵੀ ਸੀ। ਮੋਦਾਸਾ ਤੇ ਮਾਲੇਗਾਉਂ ਵਿੱਚ ਧਮਾਕੇ ਇੱਕੋ ਦਿਨ ਇੱਕੋ ਵੇਲੇ ਹੋਏ ਸਨ। ਇੱਥੇ ਸਾਵਰ ਕੁੰਡਲਾ ਮੁਸਲਿਮ ਬਹੁਗਿਣਤੀ ਬਜ਼ਾਰ ਵਾਲੇ ਸੂਕਾ ਬਾਜ਼ਾਰ ਵਿੱਚ ਹੋਇਆ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਤੇ ਕਈ ਜਖਮੀ ਹੋਏ ਸਨ। ਇੱਥੋਂ ਮਿਲੇ ਮੋਟਰ ਸਾਈਕਲ ਦੀ ਤਾਰ ਪਰੱਗਿਆ ਦੇ ਇਲਾਕੇ ਤੱਕ ਜੁੜੀ ਹੋਈ ਸੀ। 
ਮਾਲੇਗਾਉਂ ਧਮਾਕੇ ਉਸ ਰਾਤ ਕੀਤੇ ਗਏ ਸਨ ਜਦੋਂ ਮੁਸਲਿਮ ਭਾਈਚਾਰਾ ਆਪਣਾ ਤਿਉਹਾਰ ਮੁਸ਼ਾਵਰਾਤ ਚੌਕ ਵਿੱਚ ਮਨਾ ਰਿਹਾ ਸੀ। ਤੇ ਪ੍ਰਾਰਥਨਾ ਤੋਂ ਐਨ ਪਹਿਲਾਂ ਲੜੀਵਾਦ ਧਮਾਕੇ ਹੋਏ ਤੇ 37 ਵਿਅਕਤੀ ਮਾਰੇ ਗਏ 300 ਤੋਂ ਵੱਧ ਜਖ਼ਮੀ ਹੋ ਗਏ। ਇਸ ਤੋਂ ਦੋ ਸਾਲ ਬਾਅਦ 2008 ਵਿੱਚ ਸਿੰਮੀ ਦੇ ਇੱਕ ਬੰਦ ਦਫਤਰ ਕੋਲ ਮੋਟਰ ਸਾਈਕਲ ਮਿਲਿਆ ਤੇ ਇਸ ਵਾਰ ਵੀ 8 ਵਿਅਕਤੀ ਮਾਰੇ ਗਏ ਤੇ 80 ਤੋਂ ਵੱਧ ਜਖਮੀ ਹੋ ਗਏ। ਮੋਟਰ ਸਾਈਕਲ ਦੀ ਪੈੜ ਸੁੰਘਦਾ ਹੇਮੰਤ ਕਰਕਰੇ ਸਾਧਵੀ ਪਰੱਗਿਆ ਦੇ ਘਰ ਤੱਕ ਪੁੱਜ ਗਿਆ ਤਾਂ ਸਾਰੇ ਧਮਾਕਿਆਂ ਦਾ ਕੜੀ-ਜੋੜ ਸਥਾਪਤ ਹੋਇਆ। ਪਿਛਲੀ ਹਕੂਮਤ ਵੇਲੇ ਤੱਕ ਇਹਨਾਂ ਖਿਲਾਫ ਹਿੰਦੂਤਵੀ ਅੱਤਵਾਦ ਤੇ ਦਹਿਸ਼ਤ ਫੈਲਾਉਣ ਖਿਲਾਫ ਕਾਰਵਾਈ ਹੁੰਦੀ ਰਹੀ, ਪਰ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਹੌਲੀ ਹੌਲੀ ਸਭ ਕੁੱਝ ਤਬਦੀਲ ਹੁੰਦਾ ਗਿਆ। ਕੇਂਦਰੀ ਮੰਤਰੀਆਂ ਦੇ ਬਿਆਨ ਆਉਣ ਲੱਗੇ ਕਿ ਦੁਨੀਆਂ ਭਰ ਵਿੱਚ ਕਿਤੇ ਵੀ ਹਿੰਦੂ ਅੱਤਵਾਦ ਨਾਂ ਦੀ ਸ਼ੈਅ ਮੌਜੂਦ ਨਹੀਂ ਹੈ। ਮਾਮਲਾ ਉਦੋਂ ਸਾਫ ਹੋ ਗਿਆ ਜਦੋਂ ਸਰਕਾਰੀ ਵਕੀਲ ਰੋਹਿਣੀ ਸ਼ਾਲਿਆਨ ਨੇ ਦੋਸ਼ ਲਾਇਆ ਕਿ ਮੇਰੇ 'ਤੇ ਇੱਸ ਗੱਲ ਲਈ ਦਬਾਅ ਪਾਇਆ ਜਾ ਰਿਹਾ ਹੈ (ਖੁਲਾਸਾ ਇੰਡੀਅਨ ਐਕਸਪ੍ਰੈਸ) ਕਿ ਮੈਂ ਇਸ ਕੇਸ ਦੀ ਰਫਤਾਰ ਮੱਠੀ ਕਰ ਦਿਆਂ। ਉਸਨੇ ਦੱਸਿਆ ਕਿ ਐਨ.ਆਈ.ਏ. ਦਾ ਇੱਕ ਅਧਿਕਾਰੀ ਮੈਨੂੰ ਮਿਲ ਕੇ ਇਸ ਮਾਮਲੇ ਦੀ ਰਫਤਾਰ ਮੱਠੀ ਕਰਨ ਲਈ ਕਹਿੰਦਾ ਹੈ। 12 ਜੂਨ ਨੂੰ ਉਹ ਮੁੜ ਕੇ ਕਹਿੰਦਾ ਹੈ ਕਿ ਤੁਸੀਂ ਹੁਣ ਇਸ ਮਾਮਲੇ ਵਿੱਚ ਸਰਕਾਰੀ ਵਕੀਲ ਨਹੀਂ ਰਹੇ। ਅਪ੍ਰੈਲ 2016 ਵਿੱਚ ਹੀ ਸੱਤ ਗਵਾਹਾਂ ਦੇ ਉਹ ਬਿਆਨ ਜੋ ਮੈਜਿਸਟਰੇਟ ਦੇ ਸਾਹਮਣੇ ਰਿਕਾਰਡ ਕੀਤੇ ਗਏ ਸਨ, ਗੁਆਚ ਗਏ ਤੇ ਸਬੂਤਾਂ ਦੀ ਘਾਟ ਕਰਕੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ। ਇਹਨਾਂ ਵਿੱਚ ਹੀ ਕਰਨਲ ਸ੍ਰੀ ਕਾਂਤ ਪੁਰੋਹਿਤ, ਰਾਮ ਜੀ ਕਲਸਾਂਗਰੇ ਤੇ ਹੋਰਨਾਂ ਖਿਲਾਫ ਧਮਾਕੇ ਕਰਨ ਖਾਤਿਰ ਯੋਜਨਾਵਾਂ ਉਲੀਕਣ ਦੀਆਂ ਗਵਾਹੀਆਂ ਸਨ। ਇਸ ਨਾਲ ਸਵਾਮੀ ਅਸੀਮਾਨੰਦ ਤੇ ਕਰਨਲ ਪੁਰੋਹਿਤ ਖਿਲਾਫ ਵੀ ਮੁਕੱਦਮੇ ਨੂੰ ਕਮਜ਼ੋਰ ਕਰ ਦਿੱਤਾ ਗਿਆ। 
ਦੋਹਰਾ ਪੈਮਾਨਾ- ਭਾਰਤੀ ਨਿਆਂਪਾਲਿਕਾ ਦਾ ਇਹ ਦੋਹਰਾ ਪੈਮਾਨਾ ਹੀ ਸੀ ਕਿ ਸਾਧਵੀ ਨੂੰ ਕਲੀਨ ਚਿੱਟ ਦਿੰਦਿਆਂ ਰਾਸ਼ਟਰੀ ਜਾਂਚ ਏਜੰਸੀ ਨੇ ਕਿਹਾ ਸੀ ਕਿ ਵਰਤਿਆ ਗਿਆ ਮੋਟਰ ਸਾਈਕਲ ਭਾਵੇਂ ਪਰੱਗਿਆ ਦਾ ਸੀ ਪਰ ਉਹ ਉਸਦੀ ਵਰਤੋਂ ਨਹੀਂ ਕਰਦੀ ਸੀ, ਇਸ ਤੋਂ ਭਾਰਤ ਦੇ ਨਿਆਂਪ੍ਰਬੰਧ ਦੀ ਦੋਗਲੀ ਨੀਤੀ ਸਪੱਸ਼ਟ ਹੁੰਦੀ ਹੈ। 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਵਰਤੀ ਗਈ ਮਾਰੂਤੀ ਵੈਨ ਰੁਬੀਨਾ ਦੇ ਨਾਮ ਸੀ ਪਰ ਜਦੋਂ ਇਹ ਪਟੀਸ਼ਨ ਪਾਈ ਕਿ ਰੁਬੀਨਾ ਘੇਲੂ ਔਰਤ ਹੈ ਤੇ ਉਹ ਇਸ ਪੁਰੇ ਮਾਮਲੇ ਬਾਰੇ ਨਹੀਂ ਜਾਣਦੀ ਤਾਂ ਅਦਾਲਤ ਦਾ ਕਹਿਣਾ ਸੀ ਕਿ ਕਿਸੇ ਦੇ ਨਾਂ 'ਤੇ ਵਾਹਨ ਦੀ ਰਜਿਸਟਰੀ ਆਪਣੇ ਆਪ ਵਿੱਚ ਇਹ ਸਾਬਤ ਕਰਦੀ ਹੈ ਕਿ ਜੇ ਉਹ ਵਾਹਨ ਬੰਬ ਧਮਾਕੇ ਲਈ ਵਰਤਿਆ ਜਾਂਦਾ ਹੈ ਤਾਂ ਉਹ ਵਿਅਕਤੀ ਆਪਣਏ ਆਪ ਨੂੰ ਬੇਕਸੂਰ ਹੋਣ ਦਾ ਦਾਅਵਾ ਪੇਸ਼ ਨਹੀਂ ਕਰ ਸਕਦਾ। 
ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ?- ਸਵਾਮੀ ਅਸੀਮਾਨੰਦ ਨੇ 2014 ਵਿੱਚ ਫਰਵਰੀ ਮਹੀਨੇ ਵਿੱਚ ਅੰਗਰੇਜ਼ੀ 'ਕਾਰਵਾਂ' ਮੈਗਜ਼ੀਨ ਦੀ ਪੱਤਰਕਾਰ ਲੀਨਾ ਰਘੂਨਾਥ ਨਾਲ ਗੱਲਬਾਤ ਕਰਦਿਆਂ ਅੱਤਵਾਦੀ ਜਥੇਬੰਦੀਆਂ ਵਿੱਚ ਆਪਣੀ ਸ਼ਮੂਲੀਅਤ ਦੀ ਗੱਲ ਸਵੀਕਾਰ ਕੀਤੀ ਸੀ ਤੇ ਸਮਝੌਤਾ ਐਕਸਪ੍ਰੈਸ ਕਾਂਡ ਬਾਰੇ ਖੁਲਾਸਾ ਕੀਤਾ ਸੀ ਕਿ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੂੰ ਵੀ ਇਸ ਬਾਰੇ ਪਤਾ ਸੀ ਤੇ ਇਹ ਵੀ ਕਿਹਾ ਸੀ ਕਿ ਹੋ ਸਕਦਾ ਹੈ ਕਿ ਉਹਨਾਂ ਦਾ ਮਾਮਲਾ ਲੰਬਾ ਚੱਲੇ ਪਰ ਆਖਰ ਉਹਨਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। 
ਜੱਜ ਦਾ ਸਪੱਸ਼ਟ ਬਿਆਨ- ਸਮਝੌਤਾ ਐਕਸਪ੍ਰੈਸ ਮਾਮਲੇ ਵਿੱਚ ਅਸੀਮਾਨੰਦ ਤੇ ਸਾਥੀਆਂ ਦੇ ਬਰੀ ਹੋ ਜਾਣ ਦੇ ਬਾਵਜੂਦ ਫੈਸਲੇ ਵਿੱਚ ਜੱਜ ਨੇ ਜੋ ਕੁੱਝ ਕਿਹਾ, ਉਹ ਸਰਕਾਰ ਅਤੇ ਉਸਦੀ ਜਾਂਚ ਏਜੰਸੀ ਐਨ.ਆਈ.ਏ. ਦੋਵਾਂ ਲਈ ਸ਼ਰਮਨਾਕ ਹੈ। ਵਿਸ਼ੇਸ਼ ਕੋਰਟ ਦੇ ਜੱਜ ਜਗਦੀਪ ਸਿੰਘ ਨੇ 160 ਪੰਨਿਆਂ ਦੇ ਫੈਸਲੇ ਵਿੱਚ ਸਾਫ ਕਿਹਾ ਹੈ ਕਿ ਸਰਕਾਰੀ ਪੱਖਾਂ ਦੁਆਰਾ ਦਬਾਅ ਲਏ ਗਏ ਸਬੂਤ ਰਿਕਾਰਡ ਵਿੱਚ ਹੀ ਨਹੀਂ ਲਿਆਂਦੇ ਗਏ। ਜਿੰਨਾ ਆਜ਼ਾਦ ਗਵਾਹਾਂ ਦਾ ਹਵਾਲਾ ਦਿੱਤਾ ਗਿਆ ਹੈ, ਉਹਨਾਂ ਤੋਂ ਪੁੱਛਗਿੱਛ ਨਹੀਂ ਕੀਤੀ ਗਈ। ਪੈਰਵਾਈ ਪੱਖ ਦਾ ਸਮਰਥਨ ਨਾ ਕਰਨ ਵਾਲੇ ਗਵਾਹਾਂ ਨਾਲ ਜ਼ਿਰਾਹ ਤੱਕ ਨਹੀਂ ਕੀਤੀ ਗਈ। ਸੀ.ਸੀਟੀ.ਵੀ. ਫੁਟੇਜ ਨੂੰ ਹੰਗਾਲ ਕੇ ਨਹੀਂ ਵਿਖਾਇਆ ਗਿਆ। ਨਾ ਹੀ ਉਹਨਾਂ ਰਿਹਾਇਸ਼ੀ ਥਾਵਾਂ ਦੇ ਰਿਕਾਰਡ ਜੁਟਾਏ ਗਏ, ਜਿਹਨਾਂ ਵਿੱਚ ਉਹ ਰਹਿੰਦੇ ਰਹੇ ਸਨ। 
ਦੋਸ਼ੀਆਂ ਦੀ ਯਾਤਰਾ ਦਾ ਵੀ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ਮੌਕਾ-ਏ-ਵਾਰਦਾਤ ਤੋਂ ਮਿਲੇ ਸੂਟਕੇਸ਼ ਦੇ ਕਵਰ ਇੰਦੌਰ ਦੀ ਜਿਸ ਦੁਕਾਨ ਤੋਂ ਸੀਤੇ ਹੋਣ ਦੀ ਗੱਲ ਜਾਂਚ ਵਿੱਚ ਸਾਹਮਣੇ ਆਈ, ਉਸ ਮਹੱਤਵਪੂਰੁਨ ਤੱਥ ਨੂੰ ਵੀ ਬੇਕਾਰ ਜਾਣ ਦਿੱਤ ਗਿਆ। ਅਸੀਮਾਨੰਦ, ਪਰੱਗਿਆ ਤੇ ਹੋਰ ਦੋਸ਼ੀਆਂ ਦਰਮਿਆਨ ਹੁੰਦੀਆਂ ਰਹੀਆਂ ਫੋਨ ਕਾਲਾਂ ਦਾ ਕੋਈ ਕਾਲ ਰਿਕਾਰਡ ਅਤੇ ਫੋਨ ਆਦਿ ਪੇਸ਼ ਨਹੀਂ ਕੀਤਾ ਗਿਆ। ਅਜਿਹੇ ਤੱਥਾਂ ਦੇ ਆਧਾਰ 'ਤੇ ਸੌਖਿਆਂ ਹੀ ਇਹ ਸਿੱਟਾ ਨਿਕਲਦਾ ਹੈ ਕਿ ਸਰਕਾਰੀ ਧਿਰ ਨੇ ਜਾਣਬੁੱਝ ਕੇ ਦੋਸ਼ੀਆਂ ਨੂੰ ਬਰੀ ਹੋਣ ਦਿੱਤਾ ਹੈ।
ਪਰੱਗਿਆ ਨੂੰ ਸੰਸਦੀ ਉਮੀਦਵਾਰ ਬਣਾਉਣਾ ਹਿੰਦੂਤਵੀ ਮੁਹਿੰਮ ਦਾ ਸਿਖਰ
ਪਿਛਲੇ ਦੱਸੇ ਗਏ ਸੰਖੇਪ ਵੇਰਵੇ ਤੋਂ ਬਾਅਦ ਪਰੱਗਿਆ ਠਾਕੁਰ ਬਾਰੇ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਤੇ ਘੱਟ ਗਿਣਤੀ ਭਾਈਚਾਰਿਆਂ ਦੇ ਮਨਾਂ 'ਤੇ ਦਹਿਲ ਬਿਠਾਉਣ ਲਈ ਚਲਾਈ ਹਿੰਦੂਤਵੀ ਦਹਿਸ਼ਤਗਰਦੀ ਦੀ ਯੋਜਨਾ ਦੀ ਚੋਟੀ ਦੀ ਆਗੂ ਹੈ। ਮਾਲੇਗਾਉਂ ਧਮਾਕਿਆਂ ਪਿੱਛੋਂ ਜਦ ਪਰੱਗਿਆ ਦੀ ਛਵੀ ਕੱਟੜ ਅੱਤਵਾਦੀ ਵਾਲੀ ਬਣ ਗਦਈ ਤਾਂ ਭਾਜਪਾ ਪਰੱਗਿਆ ਨਾਲ ਕੋਈ ਵੀ ਵੀ ਸਬੰਧ ਹੋਣ ਤੋਂ ਇਨਕਾਰ ਕਰਦੀ ਰਹੀ ਹੈ। ਪਰ ਹੁਣ ਬਾਕੀ ਮੁੱਦੇ ਪੂਰੀ ਤਰ੍ਹਾਂ ਦਰਕਿਨਾਰ ਕਰਕੇ ਹਿੰਦੂਤਵੀ ਏਜੰਡੇ ਤਹਿਤ ਚੋਣਾਂ ਦਾ ਭਵਸਾਗਰ ਪਾਰ ਕਰਨ ਲਈ ਉਸੇ ਪਰੱਗਿਆ ਠਾਕੁਰ ਨੂੰ ਭੋਪਾਲ ਤੋਂ ਲੋਕ ਸਭਾ ਉਮੀਦਵਾਰ ਐਲਾਨ ਕੇ ਉਸਦੀ ਮਹਿਮਾ ਗਾਈ ਜਾ ਰਹੀ ਹੈ। ਪਰੱਗਿਆ ਇਤਿਹਾਸ ਦੀ ਔਸਤ ਦਰਜ਼ੇ ਦੀ ਵਿਦਿਆਰਥਣ ਤੇ ਮੋਟਰਸਾਈਕਲਾਂ ਦੀ ਸ਼ੌਕੀਨ ਸੀ ਜੋ ਦੁਰਗਾ ਵਾਹਨੀ ਜਥੇਬੰਦੀ ਵਿੱਚ ਭਰਤੀ ਹੋ ਕੇ ਵੀ ਵਿਚਰਦੀ ਰਹੀ ਹੈ। ਆਪਣੀਆਂ ਭੜਕਾਊ ਤੇ ਅੱਗ ਲਾਊ ਤਕਰੀਰਾਂ ਕਰਕੇ ਚਰਚਾ ਵਿੱਚ ਰਹਿੰਦੀ ਰਹੀ ਹੈ। ਉਸਦਾ ਤਕੀਆ ਕਲਾਮ ਸੀ ਕਿ ਤਬਾਹੀ ਹੀ ਉਸਾਰੀ ਲਿਆਉਂਦੀ ਹੈ। ਜੇ ਕੋਈ ਇੱਕ ਹਿੰਦੂ ਦਾ ਕਤਲ ਕਰੇ ਤਾਂ ਇੱਕ ਮਗਰ ਸਿਫਰ/ਜ਼ੀਰੋ ਲਾ ਕੇ ਓਨੇ ਹੀ ਮੁਸਲਮਾਨਾਂ ਦਾ ਕਤਲ ਕਰ ਦਿੱਤਾ ਜਾਵੇ। ਜ਼ੁਲਮ ਦਾ ਜ਼ੁਲਮ ਨਾਲ ਨਾਸ਼ ਕਰਨ ਦਾ ਦਾਅਵਾ ਕਰਨ ਵਾਲੀ ਪਰੱਗਿਆ ਭਿੰਡ ਦੇ ਇੱਕ ਭਾਜਪਾ ਆਗੂ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਘਰ ਵਾਲਿਆਂ ਵੱਲੋਂ ਮਨ੍ਹਾਂ ਕਰਨ 'ਤੇ ਇਸ ਨੇ ਸੁਆਮੀ ਅਵਧੇਸਾ ਨੰਦ ਦੀ ਚੇਲੀ ਪੂਰਨਾ ਚੇਤਨਾ ਨੰਦ ਗਿਰੀ ਸ਼ਰਮਾ ਦੇ ਰੂਪ ਵਿੱਚ ਅਵਤਾਰ ਲਿਆ ਤੇ ਜੈ ਵੰਦੇ ਮਾਤਰਮ ਜਨ ਕਲਿਆਣ ਸਮਿਤੀ ਜੱਬਲਪੁਰ ਵਿੱਚ ਇੱਕ ਆਸ਼ਰਮ ਬਣਾ ਕੇ ਆਪ ਰਾਸ਼ਟਰੀ ਪ੍ਰਧਾਨ ਬਣ ਗਈ। ਸੂਰਤ ਵਿੱਚ ਰਹਿੰਦਿਆਂ ਉਹ ਦਹਿਸ਼ਤੀ ਕਾਰਵਾਈਆਂ ਵਿੱਚ ਸਾਹਮਣੇ ਆਈ ਹੈ ਅਤੇ ਅਭਿਨਵ ਭਾਰਤ ਜਿਸਦੀ ਪ੍ਰਧਾਨ ਨੱਥੂ ਰਾਮ ਗੌਡਸੇ ਦੀ ਭਤੀਜੀ ਤੇ ਵੀਰ ਸਾਵਰਕਰ ਦੇ ਭਤੀਜੇ ਦੀ ਪਤਨੀ ਹਿਮਾਨੀ ਸਾਵਰਕਰ ਹੈ ਵਿੱਚੱ ਬਾਕੀ ਦੋਸ਼ੀਆਂ ਨਾਲ ਸਰਗਰਮ ਰਹੀ ਹੈ।  ੦-੦

No comments:

Post a Comment