Wednesday, 9 January 2019

ਕਸ਼ਮੀਰ ਤੋਂ ਬਾਹਰ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲਿਆਂ ਖਿਲਾਫ ਡਟੋ

ਕਸ਼ਮੀਰ ਤੋਂ ਬਾਹਰ ਪੜ੍ਹਦੇ
ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲਿਆਂ ਖਿਲਾਫ ਡਟੋ
-ਦਲਜੀਤ
ਭਾਰਤੀ ਹਾਕਮਾਂ ਨੇ ਜਿੱਥੇ ਕਸ਼ਮੀਰ ਵਿੱਚ ਆਪਣੀ ਆਜ਼ਾਦੀ ਲਈ ਜੂਝ ਰਹੇ ਕਸ਼ਮੀਰੀ ਨੌਜਵਾਨਾਂ ਨੂੰ ਫੌਜਾਂ ਭੇਜ ਕੇ ਬਾਰੂਦ ਦੇ ਜ਼ੋਰ ਕੁਚਲਣ ਦੇ ਜ਼ਾਲਿਮਾਨਾ ਢੰਗ-ਤਰੀਕੇ ਅਖਤਿਆਰ ਕੀਤੇ ਹਨ, ਉੱਥੇ ਕਸ਼ਮੀਰ ਤੋਂ ਬਾਹਰ ਭਾਰਤ ਦੇ ਵੱਖ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵੀ ਚੋਣਵੇਂ ਨਿਸ਼ਾਨੇ ਦੀ ਮਾਰ ਹੇਠ ਲਿਆਂਦਾ ਜਾ ਰਿਹਾ ਹੈ। ਜਿੱਥੇ ਇਹਨਾਂ ਨੇ ਤਿੰਨ ਕੁ ਸਾਲ ਪਹਿਲਾਂ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਫਾਂਸੀ ਚਾੜ੍ਹੇ ਗਏ ਅਫਜ਼ਲ ਗੁਰੂ ਦੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਨ 'ਤੇ ਉਮਰ ਖਾਲਿਦ ਅਤੇ ਵਿਦਿਆਰਥਣ ਸਾਹਿਲਾ ਰਸ਼ੀਦ ਵਰਗੇ ਹੋਣਹਾਰ ਵਿਦਿਆਰਥੀਆਂ ਨੂੰ ਦੇਸ਼ ਧਰੋਹ ਦੇ ਕੇਸ ਮੜ੍ਹ ਕੇ ਜੇਲ੍ਹਾਂ ਵਿੱਚ ਸੁੱਟਣਾ ਚਾਹਿਆ ਸੀ, ਪਰ ਲੋਕਾਂ ਦੇ ਵਧਦੇ ਰੋਹ ਦੇ ਸਨਮੁੱਖ ਭਾਰਤੀ ਹਾਕਮਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। 21 ਦਸੰਬਰ ਦੇ ਇੰਡੀਅਨ ਐਕਸਪ੍ਰੈਸ ਅਖਬਾਰ ਮੁਤਾਬਕ ਪੁਲਸ ਨੇ ਉਸ ਕੇਸ ਦੀ ਜਿਹੜੀ ਚਾਰਜਸ਼ੀਟ ਤਿਆਰ ਕੀਤੀ ਹੈ, ਉਸ ਵਿੱਚ ਉਮਰ ਖਾਲਿਦ, ਕਨੱਈਆ ਕੁਮਾਰ ਅਤੇ ਅਨਿਰਬਾਨ ਤੋਂ ਇਲਾਵਾ 8 ਹੋਰ ਕਸ਼ਮੀਰੀ ਵਿਦਿਆਰਥੀਆਂ ਨੂੰ ਝੂਠੇ ਕੇਸ 'ਚ ਫਸਾਇਆ ਜਾ ਰਿਹਾ ਹੈ।
2018 ਦੇ ਸ਼ੁਰੂ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੀਐਚ.ਡੀ. ਕਰ ਰਿਹਾ 27 ਸਾਲਾਂ ਦਾ ਇੱਕ ਵਿਦਿਆਰਥੀ ਮੰਨਨ ਬਸ਼ੀਰ ਵਾਨੀ ਕਸ਼ਮੀਰੀ ਖਾੜਕੂਆਂ ਵਿੱਚ ਜਾ ਰਲਿਆ ਸੀ ਤੇ ਉਹ 10 ਅਕਤੂਬਰ ਨੂੰ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ- ਉਸ ਨੂੰ ਸ਼ਰਧਾਂਜਲੀ ਭੇਟ ਕਰਨ ਲਈ 11 ਅਕਤੂਬਰ ਨੂੰ ਕੈਨੇਡੀ ਹਾਲ ਵਿੱਚ ਵਿਦਿਆਰਥੀ ਇਕੱਠੇ ਹੋਏ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਰੋਸ ਪ੍ਰਗਟ ਕਰਨ ਤੋਂ ਰੋਕ ਦਿੱਤਾ। ਇੱਕ ਅਧਿਕਾਰੀ ਨੇ ਹੋਰਨਾਂ ਵਿਦਿਆਰਥੀਆਂ ਵਿੱਚ ਫਿਰਕੂ ਨਫਰਤ ਭੜਕਾਅ ਕੇ ਇਹਨਾਂ ਕਸ਼ਮੀਰੀ ਵਿਦਿਆਰਥੀਆਂ ਦੀ ਕੁੱਟਮਾਰ ਕਰਵਾਉਣੀ ਚਾਹੀ। ਪੁਲਸ ਨੇ ਤਿੰਨ ਵਿਦਿਆਰਥੀ ਆਗੂਆਂ 'ਤੇ ਦੇਸ਼ ਧਰੋਹ ਦਾ ਕੇਸ ਮੜ੍ਹ ਕੇ ਗ੍ਰਿਫਤਾਰ ਕਰ ਲਿਆ। ਵਸੀਮ ਅਯੂਬ ਮਲਿਕ ਅਤੇ ਅਬਦੁੱਲ ਹਫੀਜ਼ ਮੀਰ 'ਤੇ ''ਆਜ਼ਾਦੀ'' ਦੇ ਨਾਅਰੇ ਲਾਉਣ ਦੇ ਦੋਸ਼ ਮੜ੍ਹੇ ਗਏ ਅਤੇ 7 ਹੋਰਨਾਂ- ਨੂੰ ਕਾਰਨ ਦੱਸੋ ਨੋਟਿਸ ਭੇਜੇ ਗਏ। ਪਰ ਜਦੋਂ ਇਸ ਯੂਨੀਵਰਸਿਟੀ ਵਿੱਚ ਪੜ੍ਹਦੇ 1200 ਵਿਦਿਆਰਥੀਆਂ ਨੇ 17 ਅਕਤੂਬਰ ਨੂੰ ਸਮੁੱਚੇ ਤੌਰ 'ਤੇ ਯੂਨੀਵਰਸਿਟੀ ਛੱਡ ਜਾਣ ਦੀ ਮੁਹਿੰਮ ਵਿੱਢ ਦਿੱਤੀ ਤੇ ਨਾਲ ਹੀ ਧਮਕੀ ਦਿੱਤੀ ਕਿ ਇਸ ਉਪਰੰਤ ਨਿਕਲਣ ਵਾਲੇ ਸਿੱਟਿਆਂ ਦੀ ਜੁੰਮੇਵਾਰੀ ਅਧਿਕਾਰੀਆਂ ਸਿਰ ਹੋਵੇਗੀ, ਤਾਂ ਇਸ ਦਬਾਅ ਤਹਿਤ ਅਧਿਕਾਰੀਆਂ ਨੂੰ ਪਿੱਛੇ ਮੁੜਨਾ ਪਿਆ।
ਜਿਸ ਸਮੇਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਦੇਸ਼ ਧਰੋਹ ਦੇ ਕੇਸ ਮੜ੍ਹੇ ਜਾ ਰਹੇ ਸਨ, ਉਸੇ ਹੀ ਦਿਨ 11 ਅਕਤੂਬਰ ਨੂੰ ਜਲੰਧਰ ਦੀ ਪੁਲਸ ਨੇ ਸੀ.ਟੀ. ਯੂਨੀਵਰਸਿਟੀ ਦੇ ਹੋਸਟਲ 'ਤੇ ਛਾਪਾ ਮਾਰ ਕੇ ਤਿੰਨ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਇੱਕ ਏ.ਕੇ.-47 ਰਾਈਫਲ, ਤਿੰਨ ਇਟਲੀ ਦੇ ਬਣੇ ਪਿਸਤੌਲ ਅਤੇ ਹੋਰ ਧਮਾਕਾਖੇਜ਼ ਸਮੱਗਰੀ ਬਰਾਮਦ ਕਰਨ ਦਾ ਦਾਅਵਾ ਕੀਤਾ। ਇਹਨਾਂ ਹੀ ਦਿਨਾਂ ਆਰ.ਐਸ.ਐਸ. ਦਾ ਮੁਖੀ ਜਲੰਧਰ ਵਿੱਚ ਆਇਆ ਹੋਇਆ ਸੀ। ਪੁਲਸ ਵੱਲੋਂ ਅਜਿਹਾ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਕਿਤੇ ਕਸ਼ਮੀਰੀ ਵਿਦਿਆਰਥੀਆਂ ਨੇ ਉਸੇ ਨੂੰ ਹੀ ਨਿਸ਼ਾਨਾ ਬਣਾਉਣਾ ਹੋਵੇ। ਪੁਲਸ ਨੇ ਸੀ.ਟੀ. ਯੂਨੀਵਰਸਿਟੀ ਵਿੱਚ ਪੜ੍ਹਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਦੇ ਯੂਸਫ ਰਫੀਕ ਬੱਟ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਕਿਉਂਕਿ ਉਸ ਦੇ ਤਾਏ ਦਾ ਲੜਕਾ ਜ਼ਾਕਿਰ ਮੂਸਾ ਚੰਡੀਗੜ੍ਹ ਵਿੱਚੋਂ ਇੰਜਨੀਰਿੰਗ ਦੀ ਪੜ੍ਹਾਈ ਛੱਡ ਕੇ ਖਾੜਕੂ ਸਫਾਂ ਵਿੱਚ ਸ਼ਾਮਲ ਹੋ ਗਿਆ ਸੀ। ਯੂਸਫ ਤੇ ਜਹੀਦ ਸੀ.ਟੀ. ਯੂਨੀਵਰਸਿਟੀ ਵਿੱਚ ਬੀ.ਟੈੱਕ ਕਰਦੇ ਹਨ ਅਤੇ ਇਦਰਿਸ ਜਲੰਧਰ ਦੀ ਸੇਂਟ ਸੋਲਜ਼ਰ ਮੈਨੈਜਮੈਂਟ ਐਂਡ ਟੈਕਨੀਕਲ ਸੰਸਥਾ ਵਿੱਚ ਬੀ.ਐਸਸੀ. ਕਰ ਰਿਹਾ ਹੈ। ਜਹੀਦ ਸ੍ਰੀਨਗਰ ਜ਼ਿਲ੍ਹੇ ਦੇ ਪਿੰਡ ਰਾਜਪੋਰਾ ਦਾ ਵਸਨੀਕ ਹੈ। ਪੁਲਸ ਨੇ ਅਪ੍ਰੈਲ ਵਿੱਚ ਇਸੇ ਹੀ ਸੰਸਥਾ ਦਾ ਇੱਕ ਵਿਦਿਆਰਥੀ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਇਹਨਾਂ ਹੀ ਦਿਨਾਂ ਵਿੱਚ ਕਸ਼ਮੀਰ ਦੇ ਸ਼ੋਪੀਆ ਦੇ ਵਾਸੀ ਗਾਜ਼ੀ ਅਹਿਮਦ ਮਲਿਕ ਨਾਂ ਦੇ ਪਟਿਆਲਾ ਜ਼ਿਲ੍ਹੇ ਦੇ ਬਨੂੜ ਸਥਿਤ ਪਾਲੇਟਿਕਨਿਕ ਕਾਲਜ ਦੇ ਵਿਦਿਆਰਥੀ ਨੂੰ ਚੁੱਕਿਆ। ਉਸ 'ਤੇ ਦੋਸ਼ ਇਹ ਮੜ੍ਹਿਆ ਕਿ ਉਸਦਾ ਇੱਕ ਰਿਸ਼ਤੇਦਾਰ ਆਦਿਲ ਬਸ਼ੀਰ ਸ਼ੇਖ ਜੰਮੂ-ਕਸ਼ਮੀਰ ਸਪੈਸ਼ਲ ਪੁਲਸ ਅਫਸਰ ਸੀ, ਜੋ 7 ਰਫਲਾਂ ਲੈ ਕੇ ਹਿਜ਼ਬੁੱਲ ਮੁਜਾਹਦੀਨ ਵਿੱਚ ਜਾ ਸ਼ਾਮਲ ਹੋਇਆ ਸੀ। 19 ਅਕਤੂਬਰ ਨੂੰ ਜੰਮੂ-ਕਸ਼ਮੀਰ ਦੀ ਪੁਲਸ ਨੇ ਪਟਿਆਲਾ ਜ਼ਿਲ੍ਹੇ ਦੇ ਲਾਲੜੂ ਵਿਖੇ ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿੱਚ ਬੀ.ਟੈੱਕ ਕਰਦੇ ਦੋ ਵਿਦਿਆਰਥੀਆਂ ਦਾਨਿਸ਼ ਰਹਿਮਾਨ ਅਤੇ ਸੋਹੇਲ ਅਹਿਮਦ ਭੱਟ ਨੂੰ ਗ੍ਰਿਫਤਾਰ ਕੀਤਾ। ਇਹ ਦੋਵੇਂ ਹੀ ਜੰਮੂ-ਕਸ਼ਮੀਰ ਦੇ ਅਵੰਤੀਪੁਰਾ ਦੇ ਰਹਿਣ ਵਾਲੇ ਹਨ। ਪੁਲਸ ਦਾ ਕਹਿਣਾ ਹੈ ਕਿ ਇਹ ਜਲੰਧਰ ਦੇ ਗ੍ਰਿਫਤਾਰ ਕੀਤੇ ਕਸ਼ਮੀਰੀ ਵਿਦਿਆਰਥੀਆਂ ਨਾਲ ਸੋਸ਼ਲ ਮੀਡੀਏ ਰਾਹੀਂ ਜੁੜੇ ਹੋਏ ਸਨ। ਦਾਨਿਸ਼ ਕੰਪਿਊਟਰ ਇੰਜਨੀਰਿੰਗ ਦੇ ਤੀਸਰੇ ਸਾਲ ਦਾ ਵਿਦਿਆਰਥੀ ਹੈ।
ਕਸ਼ਮੀਰੀ ਵਿਦਿਆਰਥੀਆਂ 'ਤੇ ਬੋਲੇ ਜਾ ਰਹੇ ਹਮਲੇ ਕੋਈ ਨਵੀਂ ਗੱਲ ਨਹੀਂ ਹਨ, ਪਰ ਹੁਣ ਇਹਨਾਂ ਦੀ ਵਿਆਪਕਤਾ ਵਧੀ ਹੈ। 7 ਅਪ੍ਰੈਲ 2016 ਨੂੰ ਜੋਧਪੁਰ ਦੇ ਡੈਂਟਲ ਕਾਲਜ ਦੇ ਕਸ਼ਮੀਰੀ ਵਿਦਿਆਰਥੀਆਂ 'ਤੇ ਰਾਸ਼ਟਰੀ ਸਵੈਮ-ਸੇਵਕ ਸੰਘ ਅਤੇ ਅਖਿਲ ਭਾਰਤ ਵਿਦਿਆਰਥੀ ਪ੍ਰੀਸ਼ਦ ਵੱਲੋਂ ਮਿਲ ਕੇ ਹਮਲੇ ਇਸ ਕਰਕੇ ਕੀਤੇ ਗਏ ਕਿ ਸ੍ਰੀਨਗਰ ਵਿੱਚ ਰਾਜਸਥਾਨੀ ਵਿਦਿਆਰਥੀਆਂ 'ਤੇ ਹਮਲਾ ਕੀਤਾ ਗਿਆ ਸੀ। 2 ਅਪ੍ਰੈਲ ਨੂੰ ਮੇਵਾੜ ਯੂਨੀਵਰਸਿਟੀ ਵਿੱਚ ਕਸ਼ਮੀਰੀ ਵਿਦਿਆਰਥੀਆਂ 'ਤੇ ਇਸ ਕਰਕੇ ਹਮਲਾ ਕੀਤਾ ਗਿਆ ਕਿ ਭਾਰਤ ਵੈਸਟ ਇੰਡੀਜ਼ ਤੋਂ ਕ੍ਰਿਕਟ ਮੈਚ ਹਾਰ ਗਿਆ। ਪੁਲਸ ਨੇ ਜਿੱਥੇ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ  ਉਥੇ ਨਾਲ ਹੀ 9 ਕਸ਼ਮੀਰੀ ਵਿਦਿਆਰਥੀਆਂ ਨੂੰ ਥਾਣੇ ਡੱਕ ਦਿੱਤਾ। 4 ਮਾਰਚ ਨੂੰ ਚਿਤੌੜਗੜ੍ਹ ਵਿੱਚ ਮੇਵਾੜ ਯੂਨੀਵਰਸਿਟੀ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਹੋਸਟਲ 'ਤੇ ਬਜਰੰਗ ਦਲੀਆਂ ਨੇ ਇਹ ਦੋਸ਼ ਲਾ ਕੇ ਹਮਲਾ ਕਰ ਦਿੱਤਾ ਕਿ ਉਹ ਗਾਂ ਦਾ ਮੀਟ ਬਣਾ ਰਹੇ ਹਨ। ਜਦੋਂ ਕਿ ਇਹ ਦੋਸ਼ ਝੂਠਾ ਨਿਕਲਿਆ। ਪੁਲਸ ਨੇ ਹਮਲਾਵਰਾਂ ਦੇ ਨਾਲ ਹੀ 4 ਕਸ਼ਮੀਰੀ ਵਿਦਿਆਰਥੀਆਂ ਨੂੰ ਥਾਣੇ ਬੰਦ ਕੀਤਾ। ਜਨਵਰੀ 2015 ਵਿੱਚ ਰਾਜਸਥਾਨ ਦੀ ਐਨ.ਆਈ.ਐਮ.ਐਸ. ਯੂਨੀਵਰਸਿਟੀ ਵਿੱਚ ਬਿਹਾਰੀ ਵਿਦਿਆਰਥੀਆਂ ਨਾਲ ਝਗੜੇ ਦੇ ਦੋਸ਼ ਵਿੱਚ 10 ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮਾਰਚ 2013 ਵਿੱਚ ਕਾਨਪੁਰ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲਾ ਹੋਇਆ। ਫਰਵਰੀ 2014 ਵਿੱਚ ਮੇਰਟ ਦੀ ਸਵਾਮੀ ਵਿਵੇਕਾ ਨੰਦ ਸੁਭਾਰਤੀ ਯੂਨੀਵਰਸਿਟੀ ਵਿੱਚ ਪੜ੍ਹਦੇ 67 ਕਸ਼ਮੀਰੀ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਕਿਉਂਕਿ ਉਸ ਦਿਨ ਭਾਰਤ ਦੀ ਕ੍ਰਿਕਟ ਟੀਮ ਪਾਕਿਸਤਾਨ ਹੱਥੋਂ ਹਾਰ ਗਈ ਸੀ। ਦਸੰਬਰ 2014 ਵਿੱਚ ਹਰਿਆਣਾ ਦੀ ਗਲੋਬਲ ਰਿਸਰਚ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ 8 ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲਾ ਕਰਕੇ ਉਹਨਾਂ ਨੂੰ ਜਖਮੀ ਕਰ ਦਿੱਤਾ ਗਿਆ।
ਹਿਜ਼ਬੁੱਲ ਮੁਜਾਹਦੀਨ ਦੇ 22 ਸਾਲਾ ਕਮਾਂਡਰ ਬੁਰਹਾਨਵਾਨੀ ਦੀ ਇੱਕ ਮੁਕਾਬਲੇ ਵਿੱਚ ਮੌਤ ਹੋ ਜਾਣ 'ਤੇ ਸੱਜੇ ਪੱਖੀਆਂ ਨੇ ਦੇਹਰਾਦੂਨ ਦੀ ਮੈਡੀਕਲ ਸਾਇੰਸ ਤੇ ਰਿਸਰਚ ਸੰਸਥਾ 'ਤੇ ਹਮਲਾ ਕਰਕੇ ਕਸ਼ਮੀਰੀ ਵਿਦਿਆਰਥੀਆਂ ਦੀ ਭਾਰੀ ਕੁੱਟਮਾਰ ਕੀਤੀ। ਦਿੱਲੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਮੁਹੰਮਦ ਦਾਨੀਅਲ ਊਬੈਤ ਉੱਲਾ ਨੇ ਦੱਸਿਆ ਕਿ ''ਜਦੋਂ ਮੈਂ ਪੱਛਮੀ ਦਿੱਲੀ ਵਿੱਚ ਸਥਿਤ ਇੱਕ ਪ੍ਰਸਿੱਧ ਸਕੂਲ ਵਿੱਚ ਪੜ੍ਹਦਾ ਸੀ ਤਾਂ ਹੋਸਟਲ ਦੇ ਸਾਰੇ ਵਿਦਿਆਰਥੀ ਭਾਰਤ-ਪਾਕਿ ਕ੍ਰਿਕਟ ਮੈਚ ਵੇਖ ਰਹੇ ਸਨ। ਭਾਰਤ ਮੈਚ ਹਾਰ ਗਿਆ, ਇਸਦਾ ਦੋਸ਼ ਮੇਰੇ 'ਤੇ ਮੜ੍ਹਿਆ ਗਿਆ ਤੇ ਕੁੱਝ ਵਿਦਿਆਰਥੀਆਂ ਨੇ ਮੇਰੇ 'ਤੇ ਹਮਲਾ ਕਰ ਦਿੱਤਾ। ਜਿਹਨਾਂ ਨੇ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਵੀ ਕੁੱਟਮਾਰ ਕੀਤੀ ਗਈ।
ਜੰਮੂ-ਕਸ਼ਮੀਰ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਸੱਈਦ ਤਾਜ ਅਮੁਲ ਇਮਰਾਨ ਨੇ ਦੱਸਿਆ ਕਿ ''ਅਸੀਂ ਹਰ ਹਫਤੇ ਕਿਸੇ ਨਾ ਕਿਸੇ ਹਮਲੇ ਜਾਂ ਦੁਰਵਿਹਾਰ ਦੇ ਮਾਮਲੇ ਨੂੰ ਵੇਖਦੇ ਹਾਂ। ਇਹ ਲੋਕ ਕਸ਼ਮੀਰੀਆਂ ਨੂੰ ਚੈਨ ਨਾਲ ਕਿਉਂ ਨਹੀਂ ਰਹਿਣ ਦਿੰਦੇ? ਕਈ ਮਾਮਲਿਆਂ ਵਿੱਚ ਤਾਂ ਹਿੰਸਾ ਉਦੋਂ ਤੱਕ ਜਾਰੀ ਰਹਿੰਦੀ ਹੈ, ਜਦੋਂ ਤੱਕ ਵਿਦਿਆਰਥੀ ਕਾਲਜ ਛੱਡ ਨਹੀਂ ਦਿੰਦੇ।''
ਉਂਝ ਤਾਂ ਭਾਵੇਂ ਭਾਰਤ ਦੇ ਇਨਸਾਫਪਸੰਦ-ਜਮਹੂਰੀ ਲੋਕਾਂ ਵੱਲੋਂ ਕਸ਼ਮੀਰੀ ਲੋਕਾਂ ਦਾ ਡਟਵਾਂ ਸਾਥ ਦਿੱਤਾ ਹੀ ਜਾਂਦਾ ਰਿਹਾ ਹੈ, ਪਰ ਕਸ਼ਮੀਰੀ ਵਿਦਿਆਰਥੀਆਂ 'ਤੇ ਵਧ ਰਹੇ ਧਾਵਿਆਂ ਦਾ ਜੇਕਰ ਡਟਵਾਂ ਵਿਰੋਧ ਨਾ ਕੀਤਾ ਗਿਆ ਤਾਂ ਇੱਥੋਂ ਦੀਆਂ ਫਿਰਕੂ-ਫਾਸ਼ੀ ਹਿੰਦੂਤਵੀ ਸ਼ਕਤੀਆਂ ਹੋਰਨਾਂ ਨੂੰ ਵੀ ਆਪਣੀ ਮਾਰ ਹੇਠ ਲਿਆਉਣਗੀਆਂ। ਇਸ ਲਈ, ਸਭਨਾਂ ਇਨਕਲਾਬੀ-ਜਮਹੂਰੀ ਅਤੇ ਇਨਸਾਫਪਸੰਦ ਤਾਕਤਾਂ ਨੂੰ ਕਸ਼ਮੀਰੀ ਵਿਦਿਆਰਥੀਆਂ 'ਤੇ ਕੀਤੇ ਜਾ ਰਹੇ ਫਿਰਕੂ-ਫਾਸ਼ੀ ਹਮਲਿਆਂ ਅਤੇ ਹਕੂਮਤੀ ਜਬਰ ਖਿਲਾਫ ਧੜੱਲੇ ਨਾਲ ਅੱਗੇ ਆਉਣਾ ਚਾਹੀਦਾ ਹੈ।

No comments:

Post a Comment