Wednesday, 9 January 2019

ਨਿਰੰਕਾਰੀ ਭਵਨ 'ਤੇ ਹਮਲਾ ਅਖੌਤੀ ਸਿੱਖ ਦਹਿਸ਼ਤਗਰਦੀ ਦਾ ਹਊਆ ਖੜ੍ਹਾ ਕਰਨ ਦੀ ਸਾਜਿਸ਼

ਨਿਰੰਕਾਰੀ ਭਵਨ 'ਤੇ ਹਮਲਾ
ਅਖੌਤੀ ਸਿੱਖ ਦਹਿਸ਼ਤਗਰਦੀ ਦਾ ਹਊਆ ਖੜ੍ਹਾ ਕਰਨ ਦੀ ਸਾਜਿਸ਼
-ਮਿਹਰ ਸਿੰਘ
18 ਨਵੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾਸਾਂਸੀ ਹਵਾਈ ਅੱਡੇ ਲਾਗੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਸਤਸੰਗ ਭਵਨ 'ਤੇ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਹੈਂਡ-ਗਰਨੇਡ ਸੁੱਟੇ ਜਾਣ ਕਾਰਨ ਤਿੰਨ ਵਿਅਕਤੀ ਮਾਰੇ ਗਏ ਅਤੇ 22 ਜਖ਼ਮੀ ਹੋ ਗਏ। ਹਮਲਾਵਰ ਮੋਟਰ ਸਾਈਕਲ 'ਤੇ ਆਏ, ਉਹਨਾਂ ਨੇ ਲੋਈਆਂ ਲਈਆਂ ਹੋਈਆਂ ਸਨ ਤੇ ਸਿਰਾਂ 'ਤੇ ਪਰਨੇ ਬੰਨ੍ਹੇ ਹੋਏ ਸਨ। ਉਹਨਾਂ ਨੇ ਆਉਂਦੇ ਸਾਰ ਹੀ ਗੇਟ 'ਤੇ ਤਾਇਨਾਤ ਸੇਵਾਦਾਰਾਂ ਨੂੰ ਪਿਸਤੌਲ ਵਿਖਾ ਕੇ ਪਾਸੇ ਕਰ ਦਿੱਤਾ। ਇੱਕ ਵਿਅਕਤੀ ਭਵਨ ਦੇ ਅੰਦਰ ਗਿਆ ਅਤੇ ਦੂਸਰਾ ਗੇਟ 'ਤੇ ਖੜ੍ਹਾ ਰਿਹਾ। ਵਾਰਦਾਤ ਮਗਰੋਂ ਜਦੋਂ ਭਗਦੜ ਮੱਚ ਗਈ ਤਾਂ ਦੋਵੇਂ ਹਮਲਾਵਰ ਮੋਟਰ ਸਾਈਕਲ ਉੱਪਰ ਸਵਾਰ ਹੋ ਕੇ ਦੌੜ ਗਏ। ਇਹ ਹਮਲਾ ਕਰਨ ਦੀ ਜੁੰਮੇਵਾਰੀ ਕਿਸੇ ਵੀ ਵਿਅਕਤੀ ਜਾਂ ਜਥੇਬੰਦੀ ਨੇ ਨਹੀਂ ਚੁੱਕੀ।
ਘਟਨਾ ਵਾਲੀ ਥਾਂ ਮੌਕੇ 'ਤੇ ਪੁੱਜੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਆਖਿਆ ਕਿ ''ਇਹ ਨਹੀਂ ਦੱਸਿਆ ਜਾ ਸਕਦਾ ਕਿ ਇਸ ਪਿੱਛੇ ਕਿਸ ਦਾ ਹੱਥ ਹੈ।'' ਬਾਅਦ ਵਿੱਚ ਸੁਰੇਸ਼ ਅਰੋੜਾ ਨੇ ਆਖਿਆ ਕਿ ''ਇਸ ਘਟਨਾ ਨੂੰ ਦਹਿਸ਼ਤ ਦੇ ਨਜ਼ਰੀਏ ਵੇਖਿਆ ਜਾ ਰਿਹਾ ਹੈ, ਕਿਉਂਕਿ ਇਹ ਹਮਲਾ ਇੱਕ ਸਮੂਹ 'ਤੇ ਕੀਤਾ ਗਿਆ ਹੈ ਕਿਸੇ ਵਿਅਕਤੀ ਵਿਸ਼ੇਸ਼ 'ਤੇ ਨਹੀਂ, ਇਸ ਕਰਕੇ ਅਸੀਂ ਇਸ ਨੂੰ ਦਹਿਸ਼ਤ ਦੀ ਇੱਕ ਕਾਰਵਾਈ ਸਮਝਦੇ ਹਾਂ।'' ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ ਆਪ ਨੂੰ ਹੀ ਖੋਜੀ ਮਾਹਰ ਸਮਝਦੇ ਹੋਏ ਗਰਨੇਡ ਦਾ ਸੇਫਟੀ ਵਾਲਵ ਦੇਖਦੇ ਹੋਏ ਐਲਾਨ ਕਰ ਦਿੱਤਾ ਕਿ ''ਗਰਨੇਡ ਪਾਕਿਸਤਾਨੀ ਮਾਡਲ ਦਾ ਵਿਖਾਈ ਦਿੰਦਾ ਹੈ।'' ਇਸ ਤੋਂ ਅੱਗੇ ਘੜਿਆ-ਘੜਾਇਆ ਫਾਰਮੂਲਾ ਲਾਗੂ ਕਰਦੇ ਹੋਏ ਅਮਰਿੰਦਰ ਸਿੰਘ ਨੇ ਆਖਿਆ ਕਿ ਇਹ ''ਪਾਕਿਸਤਾਨ ਦੀ ਆਈ.ਐਸ.ਆਈ. (ਖੁਫੀਆ ਏਜੰਸੀ) ਦਾ ਕਾਰਾ ਹੈ। ਉਹ ਸੂਬੇ ਦੀ ਸ਼ਾਂਤੀ ਭੰਗ ਕਰਨ ਲਈ ਦਹਿਸ਼ਤਵਾਦੀ ਕਾਰਵਾਈਆਂ ਕਰ ਰਹੀ ਹੈ। ਪਾਕਿਸਤਾਨ ਵਿੱਚ ਅੰਦਰੂਨੀ ਸ਼ਾਂਤੀ ਬਣਾਈ ਰੱਖਣ ਲਈ ਆਈ.ਐਸ.ਆਈ. ਦੇ ਇਹ ਹਿੱਤ ਵਿੱਚ ਹੈ ਕਿ ਬਾਰਡਰ 'ਤੇ ਲਗਾਤਾਰ ਗੜਬੜੀ ਬਣਾ ਕੇ ਰੱਖੀ ਜਾਵੇ।'' ਉਸ ਨੇ ਆਖਿਆ ਕਿ ''ਆਈ.ਐਸ.ਆਈ. ਪੰਜਾਬ ਅਤੇ ਕਸ਼ਮੀਰ ਦੇ ਦਹਿਸ਼ਤਵਾਦੀ ਗੁੱਟਾਂ ਨਾਲ ਤਾਲਮੇਲ ਬਣਾ ਕੇ ਰੱਖਦੀ ਹੈ ਜੋ ਕਿ ਪੰਜਾਬ ਦੀ ਸੁਰੱਖਿਆ ਲਈ ਗੰਭੀਰ ਖਤਰਾ ਹਨ।'' ਘਟਨਾ ਦੇ ਦੋਸ਼ੀਆਂ ਨੂੰ ਫੜਨ ਲਈ ਉਸਨੇ 50 ਲੱਖ ਰੁਪਏ ਦਾ ਇਨਾਮ ਵੀ ਰੱਖਿਆ।
ਕਿਸੇ ਵੀ ਘਟਨਾ ਪਿੱਛੇ ਵਿਦੇਸ਼ੀ ਹੱਥ ਹੋਣ ਦਾ ਇਲਜ਼ਾਮ ਮੜ੍ਹਨਾ ਮੁੱਖ ਮੰਤਰੀ ਦਾ ਨਾ ਇਹ ਪਹਿਲਾ ਬਿਆਨ ਹੈ ਅਤੇ ਨਾ ਹੀ ਆਖਰੀ। ਜੈਤੋ ਵਿੱਚ ਦੋ ਸਾਲ ਪਹਿਲਾਂ ਕਾਂਗਰਸੀ ਗੁੰਡਿਆਂ ਦੀ ਗੁੰਡਾਗਰਦੀ ਤੋਂ ਦੁਖੀ ਹੋਇਆ ਇੱਕ ਡੀ.ਐਸ.ਪੀ. ਲੋਕਾਂ ਦੇ ਇਕੱਠ ਵਿੱਚ ਖੁਦਕੁਸ਼ੀ ਕਰ ਗਿਆ ਸੀ- ਉਸ ਘਟਨਾ ਪਿੱਛੇ ਵੀ ਮੁੱਖ ਮੰਤਰੀ ਨੇ ''ਵਿਦੇਸ਼ੀ ਹੱਥ'' ਹੋਣ ਦਾ ਬਿਆਨ ਦਾਗਿਆ ਸੀ। ਮੌੜ ਮੰਡੀ ਬੰਬ ਧਮਾਕੇ ਨੂੰ ਵੀ ਵਿਦੇਸ਼ੀ ਕਾਰਾ ਕਿਹਾ ਗਿਆ ਸੀ ਜਦੋਂ ਕਿ ਇਸਦੀਆਂ ਤਾਰਾਂ ਡੇਰਾ ਸਰਸਾ ਦੇ ਨਾਲ ਜਾ ਜੁੜੀਆਂ ਸਨ। ਹੁਣ ਵੀ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਨੂੰ ਵੀ ਇਹ ਆਈ.ਐਸ.ਆਈ. ਦੀ ਸਾਜਿਸ਼ ਕਰਾਰ ਦੇ ਰਿਹਾ ਹੈ।
ਘਟਨਾ ਤੋਂ ਤਿੰਨ ਦਿਨਾਂ ਬਾਅਦ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਪੁਲਸ ਨੇ 72 ਘੰਟਿਆ ਦੇ ਅੰਦਰ ਅੰਦਰ ਇਸ ਘਟਨਾ ਦੀ ਗੁੱਥੀ ਸੁਲਝਾ ਲੈਣ ਦੇ ਦਮਗਜ਼ੇ ਮਾਰੇ। ਪੁਲਸ ਨੇ 20 ਨਵੰਬਰ ਦੀ ਰਾਤ 10 ਵਜੇ ਰਾਜਾਸਾਂਸੀ ਪੁਲਸ ਥਾਣੇ ਦੇ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਸੁੱਤੇ ਪਏ ਬਿਕਰਮ ਸਿੰਘ ਨੂੰ ਜਾ ਦਬੋਚਿਆ। ਅਖੇ ਇਹ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਰਤਾ-ਧਰਤਾ ਹੈ ਅਤੇ ਬਿਕਰਮ ਦੇ ਪਾਕਿਸਤਾਨ ਵਿੱਚ ਸਥਿਤ ਹਰਮੀਤ ਸਿੰਘ ਹੈਪੀ (ਪੀਐਚਡੀ) ਨਾਲ ਸਬੰਧ ਹਨ, ਜਿਹੜਾ ਪਹਿਲਾਂ ਹੀ ਆਰ.ਐਸ.ਐਸ., ਸ਼ਿਵ ਸੈਨਾ ਅਤੇ ਵੱਖ ਵੱਖ ਡੇਰਿਆ 'ਤੇ ਹਮਲੇ ਕਰਵਾਉਣ ਦਾ ਦੋਸ਼ੀ ਹੈ। ਬਿਕਰਮ ਦੇ ਨਾਲ ਹੀ ਧਾਰੀਵਾਲ ਦੇ ਅਵਤਾਰ ਸਿੰਘ ਖਾਲਸਾ ਨੂੰ ਗ੍ਰਿਫਤਾਰ ਕਰ ਲਏ ਜਾਣ ਦੀ ਖਬਰ ਆ ਗਈ। ਘਟਨਾ ਤੋਂ ਤੁਰੰਤ ਬਾਅਦ ਇਹ ਗੱਲ ਨਸ਼ਰ ਹੋਈ ਸੀ ਕਿ ਹਮਲਾਵਰ ਮੋਨੇ ਸਨ। ਪਰ ਹੁਣ ਦਾੜ੍ਹੀ-ਕੇਸਾਂ ਦੇ ਧਾਰਨੀ ਦੋ ਸਿੱਖ ਨੌਜਵਾਨਾਂ ਨੂੰ ਲਪੇਟ ਲਿਆ ਗਿਆ ਹੈ।
ਪਰ ਚੱਕ ਮਿਸ਼ਰੀ ਖਾਂ ਦੇ ਲੋਕਾਂ ਅਨੁਸਾਰ ਪੁਲਸ ਦਾ ਬਿਆਨ ਕੋਰਾ ਝੂਠਾ ਹੈ। ਉਹਨਾਂ ਅਨੁਸਾਰ ਬਿਕਰਮ 8 ਕਿਲੇ ਜ਼ਮੀਨ ਦੀ ਵਾਹੀ ਕਰਦਾ ਹੈ। ਪਹਿਲਾਂ ਉਸਨੇ ਆਪਣੇ ਭਰਾ ਨੂੰ ਕਨੇਡਾ ਭੇਜਿਆ ਸੀ ਤੇ ਹੁਣ ਆਪ ਜਾਣ ਦੀ ਤਿਆਰੀ ਕਰ ਰਿਹਾ ਸੀ। ਐਤਵਾਰ ਤੇ ਸੋਮਵਾਰ ਸਾਰਾ ਦਿਨ ਬਿਕਰਮ ਕਣਕ ਦੀ ਬਿਜਾਈ ਵਿੱਚ ਰੁਝਿਆ ਹੋਇਆ ਸੀ। 21 ਤਾਰੀਖ ਰਾਤੀ ਸਾਢੇ 10 ਵਜੇ ਕਰੀਬ ਪੁਲਸ ਕੰਧਾਂ ਟੱਪ ਕੇ ਅੰਦਰ ਵੜੀ। 2 ਘੰਟੇ ਸਾਰੇ ਘਰ ਦੀ ਤਲਾਸ਼ੀ ਲਈ ਗਈ, ਪਰ ਮਿਲਿਆ ਕੁੱਝ ਵੀ ਨਹੀਂ। ਬਿਕਰਮ ਨੂੰ ਅੱਧ-ਪਚੱਧੇ ਕੱਪੜਿਆਂ ਵਿੱਚ ਪੁਲਸ ਲੈ ਗਈ ਤੇ ਨਾਲ ਹੀ ਉਸਦਾ ਮੋਟਰ ਸਾਈਕਲ ਲੈ ਗਈ। ਇਸੇ ਹੀ ਤਰਾਂ ਧਾਰੀਵਾਲ ਦੇ ਲੋਕਾਂ ਨੇ ਦੱਸਿਆ ਕਿ ਆਰ.ਐਮ.ਪੀ. ਵਜੋਂ ਕੰਮ ਕਰਦੇ ਡਾਕਟਰ ਅਵਤਾਰ ਸਿੰਘ ਨੂੰ ਪੁਲਸ ਪਰਿਵਾਰ ਸਮੇਤ ਚੁੱਕ ਕੇ ਲੈ ਗਈ ਤੇ ਉਸ ਉੱਤੇ ਵਾਰਦਾਤ ਦਾ ਕੇਸ ਮੜ੍ਹ ਦਿੱਤਾ ਗਿਆ।
ਪੰਜਾਬ ਪੁਲਸ ਨੇ ਜਿਹਨਾਂ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਕਹਾਣੀ ਘੜੀ ਹੈ ਇਹ ਮਹਿਜ਼ ਕੋਈ ਇਕੱਲੀ ਇਕਹਿਰੀ ਘਟਨਾ ਨਹੀਂ ਬਲਕਿ ਇਹ ਘਟਨਾਵਾਂ ਦਾ ਇੱਕ ਸਿਲਸਿਲਾ ਹੈ, ਜਿਸਦੇ ਚੌਖਟੇ ਵਿੱਚ ਇਹਨਾਂ ਨੂੰ ਫਸਾਇਆ ਗਿਆ ਹੈ। ਪੰਜਾਬ ਵਿੱਚ ''ਅੱਤਵਾਦ ਦੇ ਮੁੜ ਉੱਭਰਨ'' ਦੇ ਖਤਰੇ ਬਾਰੇ ਪਹਿਲਾਂ ਭਾਰਤੀ ਫੌਜ ਦੇ ਮੁਖੀ ਰਾਵਤ ਦਾ ਬਿਆਨ ਆਉਂਦਾ ਹੈ। ਉਸ ਤੋਂ ਪਿੱਛੋਂ ਜਲੰਧਰ ਦੇ ਮਕਸੂਦਾਂ ਥਾਣੇ ਦੇ ਨੇੜੇ ਧਮਾਕਾ ਹੁੰਦਾ ਹੈ। ਫੇਰ ਜਦੋਂ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਮੁਖੀ ਮੋਹਨ ਭਾਗਵਤ ਜਲੰਧਰ ਆਉਣਾ ਸੀ ਤਾਂ ਉਸ ਤੋਂ ਪਹਿਲਾਂ ਜਲੰਧਰ ਦੇ ਕਾਲਜਾਂ ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਸਵੈ-ਚਾਲਕ ਰਫਲਾਂ ਸਮੇਤ ਗ੍ਰਿਫਤਾਰ ਕੀਤੇ ਜਾਣ ਦੀਆਂ ਖਬਰਾਂ ਆਉਂਦੀਆਂ ਹਨ। ਇਸ ਤੋਂ ਪਿੱਛੋਂ ਇੰਟੈਲੀਜੈਂਸ ਬਿਊਰੋ ਵੱਲੋਂ ਖਤਰੇ ਦੀ ਘੰਟੀ ਖੜਕਾਈ ਜਾਂਦੀ ਹੈ ਕਿ ਪੰਜਾਬ ਵਿੱਚ ਜੈਸ਼-ਏ-ਮੁਹੰਮਦ ਦੇ 6-7 ਅੱਤਵਾਦੀ ਦਾਖਲ ਹੋ ਚੁੱਕੇ ਹਨ, ਜੋ ਦਿੱਲੀ ਵੱਲ ਜਾਣ ਦੀ ਤਾਕ ਵਿੱਚ ਹਨ। ਮਾਧੋਪੁਰ ਲਾਗੇ ਇੱਕ ਗੱਡੀ ਖੋਹੇ ਜਾਣ ਦੀਆਂ ਖਬਰਾਂ ਧੁਮਾਈਆਂ ਜਾ ਰਹੀਆਂ ਹਨ। ਕਦੇ ਜੰਮੂ-ਕਸ਼ਮੀਰ ਤੋਂ ਅਲਕਾਇਦਾ ਨਾਲ ਸਬੰਧਤ ਜ਼ਾਕਿਰ ਮੂਸਾ ਦੇ ਪੰਜਾਬ ਵਿੱਚ ਦਾਖਲ ਹੋਣ ਦੇ ਢੋਲ-ਪਿੱਟੇ ਜਾ ਰਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਜਿੱਥੇ ਕਸ਼ਮੀਰੀ ਨੌਜਵਾਨਾਂ ਨੂੰ ਮੁਸਲਿਮ ਧਾਰਮਿਕ ਘੱਟ ਗਿਣਤੀ ਵਜੋਂ ਨਿਸ਼ਾਨਾ ਬਣਾ ਕੇ ਆਰ.ਐਸ.ਐਸ. ਦੀ ਬੋਲੀ ਬੋਲੀ ਜਾ ਰਹੀ ਹੈ ਉੱਥੇ ਨਾਲ ਦੀ ਨਾਲ ਸਿੱਖ ਧਾਰਮਿਕ ਘੱਟ ਗਿਣਤੀ ਨੂੰ ਵੀ ਆਪਣੀ ਮਾਰ ਹੇਠ ਲਿਆਂਦਾ ਜਾ ਰਿਹਾ ਹੈ। ਅਦਲੀਵਾਲ ਵਿੱਚ ਨਿਰੰਕਾਰੀ ਭਵਨ 'ਤੇ ਹਮਲੇ ਦੇ ਦੋਸ਼ੀ ਠਹਿਰਾਏ ਗਏ ਬਿਕਰਮਜੀਤ ਤੇ ਅਵਤਾਰ ਨੂੰ ਹੀ ਫੜ ਕੇ ਬੰਦ ਨਹੀਂ ਕੀਤਾ ਗਿਆ ਬਲਕਿ ਸਿੱਖ ਯੂਥ ਆਫ ਪੰਜਾਬ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਧਾਨ ਗੁਰਜੰਟ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਜਥੇਬੰਦੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਤੇ ਸਿੱਖ ਯੂਥ ਫੈਡਰੇਸ਼ਨ ਦੇ ਆਗੂ ਰਣਜੀਤ ਸਿੰਘ (ਦਮਦਮੀ ਟਕਸਾਲ) ਦੇ ਘਰ ਵੀ ਪੁਲਸ ਛਾਪੇਮਾਰੀ ਕਰ ਰਹੀ ਹੈ। ਪੁਲਸ ਸਿੱਖਾਂ ਨੂੰ ਤੇ ਖਾਸ ਕਰਕੇ ਨੌਜੁਆਨਾਂ ਨੂੰ ਆਪਣੀ ਮਾਰ ਹੇਠ ਲੈ ਰਹੀ ਹੈ ਕਿਉਂਕਿ ਪਿਛਲੇ ਅਰਸੇ ਵਿੱਚ ਇਹਨਾਂ ਸਿੱਖ ਨੌਜਵਾਨਾਂ ਵੱਲੋਂ ਨਸ਼ਿਆਂ ਦੀ ਅਲਾਮਤ, ਕਿਸਾਨਾਂ ਦੀਆਂ ਸਮੱਸਿਆਵਾਂ, ਪੰਜਾਬ ਦੇ ਖੇਤੀ ਸੰਕਟ, ਨੌਜਵਾਨਾਂ ਦੇ ਪ੍ਰਵਾਸ, ਪੰਜਾਬੀ ਬੋਲੀ ਤੇ ਸਭਿਆਚਾਰ ਨੂੰ ਲੱਗ ਰਹੇ ਖੋਰੇ, ਪੰਜਾਬ ਦੇ ਪਾਣੀਆਂ ਦੇ ਹੱਕ ਅਤੇ ਸਵੈ-ਨਿਰਣੇ ਦੇ ਹੱਕ ਬਾਰੇ ਸੈਮੀਨਾਰ, ਗੋਸ਼ਟੀਆਂ, ਕਾਨਫਰੰਸਾਂ ਅਤੇ ਕਨਵੈਨਸ਼ਨਾਂ ਆਦਿ ਕਰਵਾਈਆਂ ਜਾਂਦੀਆਂ ਰਹੀਆਂ ਹਨ ਅਤੇ ਸਿੱਖ ਨਸਲਕੁਸ਼ੀ ਦੀ ਸਾਲਾਨਾ ਯਾਦ ਵਿੱਚ ਯਾਦਗਾਰੀ ਮਾਰਚ ਕਰਵਾਏ ਜਾਂਦੇ ਰਹੇ ਹਨ।
ਜਿਵੇਂ ਹਿੰਦੋਸਤਾਨ ਵਿੱਚ ਮੁਸਲਿਮ ਧਾਰਮਿਕ ਘੱਟ ਗਿਣਤੀ ਨੂੰ ਹਿੰਦੂਤਵੀ ਭਾਰਤੀ ਰਾਜ ਵੱਲੋਂ ਆਪਣੀ ਮਾਰ ਹੇਠ ਲਿਆਂਦਾ ਜਾ ਰਿਹਾ ਹੈ, ਉਸੇ ਹੀ ਤਰ੍ਹਾਂ ਇਸ ਵੱਲੋਂ ਸਿੱਖ ਧਾਰਮਿਕ ਘੱਟ ਗਿਣਤੀ ਨੂੰ ਵੀ ਲਗਾਤਾਰ ਆਪਣੀ ਮਾਰ ਹੇਠ ਲਿਆਂਦਾ ਜਾ ਰਿਹਾ ਹੈ। 1984 ਵਿੱਚ ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਦਾ ਮਾਮਲਾ ਹੋਵੇ ਜਾਂ ਬੇਦੋਸ਼ੇ ਸਿੱਖਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਵਿੱਚ ਮਾਰੇ ਜਾਣ ਦੀ ਗੱਲ ਹੋਵੇ, ਇਹ ਸਿਲਸਿਲਾ ਰਚਿਆ ਹੀ ਨਹੀਂ ਗਿਆ ਬਲਕਿ ਇਸਦੀ ਲਗਾਤਾਰਤਾ ਵੀ ਬਣੀ ਹੋਈ ਹੈ। ਜਦੋਂ ਵੀ ਕਦੇ ਸਿੱਖ ਧਾਰਮਿਕ ਘੱਟ-ਗਿਣਤੀ ਨੇ ਆਪਣੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਜਥੇਬੰਦ ਤਾਕਤ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਦੋਂ ਹੀ ਇਸ 'ਤੇ ਵੀ ਜਾਬਰੀ ਹੱਲੇ ਤਿੱਖੇ ਹੁੰਦੇ ਰਹੇ ਹਨ। ਜੇਕਰ ਆਰ.ਐਸ.ਐਸ. ਵੱਲੋਂ ਹਿੰਦੂਤਵੀ ਜਥੇਬੰਦੀਆਂ ਰਾਹੀਂ ਆਪਣੇ ਪ੍ਰਭਾਵ ਨੂੰ ਵਧਾਉਣ ਦੀ ਸਿੱਧੀ ਕੋਸ਼ਿਸ਼ ਕੀਤੀ ਹੈ ਤਾਂ ਇਸਨੇ ਡੇਰਾਵਾਦ ਤੇ ਰਾਸ਼ਟਰੀ ਸਿੱਖ ਸੰਗਤ ਆਦਿ ਵਰਗੀਆਂ ਜਥੇਬੰਦੀਆਂ ਰਾਹੀਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਧਰਮ ਹਿੰਦੂ ਧਰਮ ਦਾ ਹੀ ਹਿੱਸਾ ਹੈ। ਆਰ.ਐਸ.ਐਸ. ਦੇ ਅਜਿਹੇ ਯਤਨਾਂ ਨੂੰ ਸਿਰੇ ਚਾੜ੍ਹਨ ਲਈ ਜਿੱਥੇ ਬਾਦਲ ਲਾਣੇ ਨੇ ਪੂਰਾ ਟਿੱਲਾ ਲਾਇਆ ਉੱਥੇ ਕੈਪਟਨ ਅਮਰਿੰਦਰ ਸਿੰਘ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਬਾਦਲਾਂ ਦੇ ਰਾਜ ਵਿੱਚ ਜਿੱਥੇ ਗੁਰੂ ਗਰੰਥ ਸਾਹਿਬ ਦੀ ਥਾਂ ਥਾਂ ਬੇਹੁਰਮਤੀ ਕੀਤੀ ਜਾਂਦੀ ਰਹੀ ਹੈ ਉੱਥੇ ਅਜਿਹੀ ਬੇਹੁਰਮਤੀ ਕਰਨ ਵਾਲਿਆਂ ਦੀ ਗ੍ਰਿਫਤਾਰੀ ਕਰਨ ਦੀ ਮੰਗ ਕਰਨ ਵਾਲਿਆਂ ਨੂੰ ਬਰਗਾੜੀ ਤੇ ਬਹਿਬਲ ਕਲਾਂ ਵਿੱਚ ਲਾਠੀ-ਗੋਲੀ ਦਾ ਸ਼ਿਕਾਰ ਬਣਾਇਆ ਗਿਆ। ਜਦੋਂ ਕਿ ਸਿਰਸਾ ਡੇਰਾ ਦੇ ਮੁਖੀ ਨੂੰ ਮੌੜ ਮੰਡੀ ਵਰਗੇ ਬੰਬ ਧਮਾਕੇ ਕਰਕੇ ਵੀ ਖੁੱਲ੍ਹਾਂ ਬਖਸ਼ੀਆਂ ਜਾ ਰਹੀਆਂ ਸਨ।
ਨਿਰੰਕਾਰੀ ਇਕੱਠ 'ਤੇ ਇਹ ਹਮਲਾ ਅਜਿਹੀ ਹਾਲਤ ਵਿੱਚ ਕੀਤਾ ਗਿਆ ਹੈ, ਜਦੋਂ ਬਰਗਾੜੀ ਵਿੱਚ ਕੁੱਝ ਧਿਰਾਂ ਵੱਲੋਂ ਵਾਜਬ ਮੰਗਾਂ ਲਈ ਮੋਰਚਾ ਲਾਇਆ ਹੋਇਆ ਸੀ। ਜਦੋਂ ਇਸ ਮੋਰਚੇ ਅਤੇ ਸਿੱਖ ਜਨਤਾ ਦੇ ਰੋਹ ਦਾ ਨਿਸ਼ਾਨਾ ਬਣ ਰਿਹਾ ਬਾਦਲ ਟੋਲਾ ਇਸ ਮੋਰਚੇ ਨੂੰ ਪੰਜਾਬ ਅੰਦਰ 80ਵਿਆਂ ਦੇ ਹਿੰਸਕ ਦੌਰ ਨੂੰ ਮੁੜ-ਸੁਰਜੀਤ ਕਰਨ ਦੇ ਹੰਭਲੇ ਵਜੋਂ ਬਦਨਾਮ ਕਰਨ ਲਈ ਜ਼ੋਰ ਲਾ ਰਿਹਾ ਸੀ ਅਤੇ ਸਾਧਾਰਨ ਸਿੱਖ ਜਨਤਾ, ਵਿਸ਼ੇਸ਼ ਕਰਕੇ ਹਿੰਦੂਆਂ ਵਿੱਚ ਸਹਿਮ ਬਿਠਾ ਕੇ ਆਪਣੀ ਪਾਰਲੀਮਾਨੀ ਸ਼ਾਖ ਬਹਾਲੀ ਲਈ ਹੱਥ-ਪੈਰ ਮਾਰ ਰਿਹਾ ਸੀ। ਜਦੋਂ ਬਾਦਲ ਟੋਲੇ ਦੀ ਭਾਈਵਾਲ ਭਾਜਪਾ ਦੀ ਮੋਦੀ ਹਕੂਮਤ ਦੇ ਇਸ਼ਾਰੇ 'ਤੇ ਫੌਜ ਮੁਖੀ ਪੰਜਾਬ ਵਿੱਚ ''ਅੱਤਵਾਦ'' ''ਦਹਿਸ਼ਤਗਰਦੀ'' ਨੂੰ ਬਹਾਲ ਕਰਨ ਦੇ ਯਤਨ ਕਰਦੀਆਂ ਕੁੱਝ ਤਾਕਤਾਂ ਵੱਲ ਰਸਮੀ ਸੰਕੇਤ ਦੇ ਰਿਹਾ ਸੀ। ਉਸਦਾ ਮਤਲਬ ਅਖੌਤੀ ਸਿੱਖ ਦਹਿਸ਼ਤਗਰਦੀ ਤੋਂ ਸਿਵਾਏ ਹੋਰ ਕੁੱਝ ਨਹੀਂ ਸੀ। ਜਿੰਨੀ ਫੁਰਤੀ ਪੁਲਸ ਅਤੇ ਖੁਫੀਆ ਏਜੰਸੀਆਂ ਵੱਲੋਂ ਇਹਨਾਂ ਦੋ ਨੌਜਵਾਨਾਂ ਨੂੰ ਟੰਗਣ 'ਤੇ ਦਿਖਾਈ ਗਈ ਹੈ, ਉਸ ਵਿੱਚੋਂ ਅਕਾਲੀ-ਭਾਜਪਾ ਜੁੰਡਲੀ ਅਤੇ ਮੋਦੀ ਹਕੂਮਤ ਦੀਆਂ ਅਖੌਤੀ ਸਿੱਖ ਦਹਿਸ਼ਤਗਰਦੀ ਦਾ ਨਕਲੀ ਹਊਆ ਖੜ੍ਹਾ ਕਰਦਿਆਂ, ਪੰਜਾਬ ਵਿੱਚ ਅਮਨ-ਚੈਨ ਦੀ ਇੱਛੁਕ ਸਾਧਾਰਨ ਸਿੱਖ ਜਨਤਾ ਅਤੇ ਹਿੰਦੂਆਂ ਦੀ ਆਪਣੇ ਹੱਥ ਵਿੱਚ ਵੋਟ ਪਾਲਾਬੰਦੀ ਕਰਨ ਦੀਆਂ ਸਾਜਸ਼ੀ ਕੋਸ਼ਿਸ਼ਾਂ ਦੀ ਬੋਅ ਆਉਂਦੀ ਹੈ।

No comments:

Post a Comment