-ਡਾ. ਅਸ਼ੋਕ ਭਾਰਤੀ
ਜਿਵੇਂ ਜਿਵੇਂ 2019 ਦੀਆਂ ਪਾਰਲੀਮਾਨੀ ਚੋਣਾਂ ਨੇੜੇ ਆ ਰਹੀਆਂ ਹਨ, ਹਿੰਦੂਤਵੀ ਆਰ.ਐਸ.ਐਸ. ਅਤੇ ਭਾਜਪਾ ਨੇ ਕੇਂਦਰੀ ਹਕੂਮਤ 'ਤੇ ਮੁੜ ਕਾਬਜ਼ ਹੋਣ ਲਈ ਆਪਣੇ ਤਹਿਸ਼ੁਦਾ ਪ੍ਰੋਗਰਾਮ ਤਹਿਤ ਜਿੱਥੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਮੁਹਿੰਮ ਭਖਾਈ ਹੈ, ਉੱਥੇ ਲੋਕਾਂ ਨੂੰ ਫਿਰਕੂ ਆਧਾਰ 'ਤੇ ਲਾਮਬੰਦ ਕਰਨ ਲਈ ਆਪਣੇ ਸਾਰੇ ਵਿੰਗ/ਜਥੇਬੰਦੀਆਂ ਨੂੰ ਸਰਗਰਮ ਕਰ ਦਿੱਤਾ ਹੈ। ਪਹਿਲਾਂ ਹੀ ਲਗਾਤਾਰ ਝੂਠੇ ਪੁਲਸ ਮੁਕਾਬਲਿਆਂ ਅਤੇ ਫਿਰਕੂ ਕਤਲੇਆਮ ਦਾ ਗੜ੍ਹ ਬਣੇ ਉੱਤਰ ਪ੍ਰਦੇਸ਼ ਵਿੱਚ ਆਰ.ਐਸ.ਐਸ, ਭਾਜਪਾ ਤੇ ਸਹਿਯੋਗੀ ਜਥੇਬੰਦੀਆਂ ਨੇ ਵੱਡੇ ਪੱਧਰ 'ਤੇ ਮੁਸਲਿਮ ਕਤਲੇਆਮ ਰਚਾਉਣ ਖਾਤਰ ਬਹੁਚਰਚਿਤ ਬੁਲੰਦ ਸ਼ਹਿਰ ਕਾਂਡ ਨੂੰ ਅੰਜ਼ਾਮ ਦਿੱਤਾ ਹੈ।
ਮਹਾਵ ਪਿੰਡ ਦੇ ਰਾਜਕੁਮਾਰ ਨੂੰ 3 ਦਸੰਬਰ ਨੂੰ ਪਤਾ ਲੱਗਾ ਕਿ ਉਸ ਦੇ ਖੇਤਾਂ ਵਿੱਚ ਗਊਆਂ ਦੇ ਕੱਟੇ ਵੱਢੇ ਸਰੀਰ ਤੇ ਮੀਟ ਮਿਲਿਆ ਹੈ। ਉਸ ਨੇ ਤੁਰੰਤ ਖੇਤ ਪਹੁੰਚ ਕੇ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਉਹਨਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਤੇ ਗਊਆਂ ਦੇ ਅੰਗ ਦਫਨਾਉਣ ਲਈ ਸਹਿਮਤੀ ਹੋ ਗਈ। ਮੌਕੇ ਤੋਂ ਲੱਗਦਾ ਸੀ ਕਿ ਸਾਰਾ ਦ੍ਰਿਸ਼ ਨਕਲੀ ਤੌਰ 'ਤੇ ਸਿਰਜਿਆ ਗਿਆ ਹੈ। ਗਊਆਂ ਦੀ ਚਮੜੀ ਕਮਾਦ ਦੀ ਫਸਲ 'ਤੇ ਰੱਖੀ ਸੀ, ਜਦੋਂ ਕਿ ਉਹਨਾਂ ਦੇ ਸਿਰ ਵੱਖ ਵੱੱਖ ਦਿਸ਼ਾ ਵਿੱਚ ਖਿਲਾਰੇ ਹੋਏ ਸਨ। ਖੂਨ ਦੇ ਕੋਈ ਜ਼ਿਆਦਾ ਨਿਸ਼ਾਨ ਵੀ ਨਹੀਂ ਸਨ। ਇਹ ਪਿੰਡ ਜਾਟ ਤੇ ਰਾਜਪੂਤਾਂ ਦੇ ਸਨ ਤੇ ਮੁਸਲਿਮ ਆਬਾਦੀ ਨਾ ਮਾਤਰ ਹੈ। ਮੁਸਲਿਮ ਲੋਕ ਹੈਰਾਨ ਸਨ ਕਿ ਕਿਹੜਾ ਮੁਸਲਮਾਨ ਇੰਨੀਆਂ ਗਊਆਂ ਲਿਆ ਕੇ ਜਾਟਾਂ ਦੇ ਗੜ੍ਹ ਵਿੱਚ ਜਿਬਾਹ ਕਰਨ ਦੀ ਜੁਅਰਤ ਕਰੇਗਾ? ਇਸ ਤੋਂ ਇਲਾਵਾ ਕਿਸੇ ਨੇ ਵੀ ਐਨੀ ਵੱਡੀ ਗਿਣਤੀ ਵਿੱਚ ਗਊਆਂ ਲਿਆਉਣ ਵਾਲੇ ਬੰਦਿਆਂ ਦੀ ਖੇਤਾਂ ਵਿੱਚ ਗੁਜਰਦਿਆਂ ਆਵਾਜ਼ ਤੱਕ ਨਹੀਂ ਸੁਣੀ, ਜਦ ਕਿ ਸਾਰੇ ਲੋਕ ਇਹਨੀਂ ਦਿਨੀਂ ਖੇਤਾਂ ਵਿੱਚ ਸਨ। ਪਿੰਡ ਵਾਲਿਆਂ ਨਾਲ ਮਸਲਾ ਸਹਿਮਤੀ 'ਤੇ ਪੁੱਜਣ ਲੱਗਾ ਤਾਂ ਬਜਰੰਗ ਦਲ ਕਾਰਕੁੰਨ ਭੜਕ ਪਏ ਤੇ ਗਊ ਅੰਗਾਂ ਨੂੰ ਦਫਨਾਉਣ ਤੋਂ ਨਾਂਹ ਕਰਕੇ ਟਰੈਕਟਰ ਟਰਾਲੀ 'ਤੇ ਲੱਦ ਕੇ ਛਿੰਗਰਾਵਤੀ ਪੁਲਸ ਥਾਣੇ ਸਾਹਮਣੇ ਲੈ ਜਾ ਕੇ ਹਾਈਵੇ 'ਤੇ ਪ੍ਰਦਰਸ਼ਨ ਕਰਨ ਲੱਗੇ। ਭੜਕੇ ਹੋਏ ਬਜਰੰਗ ਦਲੀਆਂ ਨੇ ਥਾਣੇ ਨੂੰ ਫੂਕ ਸੁੱਟਿਆ ਤੇ ਐਸ.ਐਚ.ਓ. ਸੁਬੋਧ ਕੁਮਾਰ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਜਖਮੀ ਨੂੰ ਹਸਪਤਾਲ ਵੀ ਨਹੀਂ ਲਿਜਾਣ ਦਿੱਤਾ ਅਤੇ ਥਾਏਂ ਮਾਰ ਦਿੱਤਾ। ਇੱਕ ਨੌਜਵਾਨ ਸੁਮੀਤ ਭਾਜਪਾ ਕਾਰਕੁੰਨ ਵੀ ਮਾਰਿਆ ਗਿਆ। ਸੋਸ਼ਲ ਮੀਡੀਆ ਤੋਂ ਵਾਇਰਲ ਹੋਏ ਵੀਡੀਓਜ਼ ਵਿੱਚ ਇੱਕ ਵਿਅਕਤੀ ਕਹਿੰਦੇ ਸੁਣਿਆ ਗਿਆ ਕਿ ਇਹੋ ਪੁਲਸੀਆ ਹੈ, ਜਿਸ ਨੇ ਮੁਹੰਮਦ ਅਖਲਾਕ ਕੇਸ ਵਿੱਚ ਜਾਂਚ ਕੀਤੀ ਸੀ ਤੇ ਸਖਤੀ ਨਾਲ ਪੇਸ਼ ਆਇਆ ਸੀ। ਵਰਨਣਯੋਗ ਹੈ ਕਿ ਮੁਹੰਮਦ ਅਖਲਾਕ ਜਿਸ ਨੂੰ ਉਸਦੇ ਘਰ ਗਊ ਮਾਸ ਹੋਣ ਦੇ ਸ਼ੱਕ ਵਿੱਚ ਦਾਦਰੀ ਵਿਖੇ ਭੀੜ ਵੱਲੋਂ ਮਾਰ ਦਿੱਤਾ ਗਿਆ ਸੀ ਤੋਂ ਬਾਅਦ ਸ਼ਾਂਤੀ ਬਹਾਲੀ ਕਮੇਟੀ ਵਿੱਚ ਸੁਬੋਧ ਕੁਮਾਰ ਸਿੰਘ ਜਾਂਚ ਅਧਿਕਾਰੀ ਸੀ। ਥਾਣੇ ਵਿੱਚ ਦੋ ਐਫ.ਆਈ.ਆਰ. ਦਰਜ਼ ਹੋਈਆਂ ਹਨ। ਇੱਕ ਗਊਆਂ ਦੇ ਕਤਲ ਤੇ ਦੂਜੀ ਐਸ.ਐਚ.ਓ. ਤੇ ਨੌਜਵਾਨ ਦੇ ਕਤਲ ਦੀਆਂ। ਐਸ.ਐਚ.ਓ. ਅਤੇ ਥਾਣੇ 'ਤੇ ਹਮਲੇ ਦੀ ਅਗਵਾਈ ਕਰਨ ਵਾਲਾ ਯੋਗੇਸ਼ ਰਾਜ ਖੁਦ ਗਊ ਹੱਤਿਆ ਦੇ ਦੋਸ਼ੀਆਂ ਖਿਲਾਫ ਐਫ.ਆਈ.ਆਰ. ਦਰਜ ਕਰਾਉਣ ਵਿੱਚ ਕਾਮਯਾਬ ਰਿਹਾ।
ਯੋਗੀ ਸਰਕਾਰ ਬਜਰੰਗ ਦਲ ਦੀ ਪਿੱਠ 'ਤੇ
ਜਦੋਂ ਇਹ ਘਟਨਾ ਵਾਪਰੀ ਤਾਂ ਮੁੱਖ ਮੰਤਰੀ ਆਦਿੱਤਿਆ ਨਾਥ ਯੋਗੀ ''ਆਵਾਜ਼ ਅਤੇ ਰੌਸ਼ਨੀ'' ਪ੍ਰੋਗਰਾਮ ਦੇਖ ਰਿਹਾ ਸੀ। ਉਸਨੇ ਤੁਰੰਤ ਗਊ ਹੱਤਿਆ ਕਾਂਡ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਪਰ ਬਜਰੰਗ ਦਲੀਆਂ ਵੱਲੋਂ ਐਸ.ਐਚ.ਓ. ਕਤਲ ਕਾਂਡ ਬਾਰੇ ਬੇਰੁਖੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਭੀੜ ਹੱਤਿਆ ਦਾ ਮਾਮਲਾ ਨਹੀਂ ਸਗੋਂ ਮਹਿਜ਼ ਇੱਕ ਹਾਦਸਾ ਹੈ। ਉਥੋਂ ਦੇ ਮੌਜੂਦਾ ਵਿਧਾਇਕ ਭੋਲਾ ਸਿੰਘ ਨੇ ਫੁਰਮਾਇਆ ਕਿ ਸਾਡੇ ਲਈ ਗਊ ਹੱਤਿਆ ਮੁੱਖ ਮਾਮਲਾ ਹੈ, ਉਸਦੇ ਦੋਸ਼ੀ ਲੱਭ ਪੈਣਗੇ ਤਾਂ ਫਿਰ ਕਤਲ ਕਾਂਡ ਬਾਰੇ ਵੀ ਤਹਿ ਹੋ ਜਾਵੇਗਾ। ਸੰਸਦ ਮੈਂਬਰ ਰਵਿੰਦਰ ਸਿੰਘ ਨੇ ਅਫਵਾਹ ਫੈਲਾ ਦਿੱਤੀ ਕਿ ਐਸ.ਐਚ.ਓ. ਦਾ ਕਤਲ ਇਜਤੇਮਾ ਵਿੱਚ ਸ਼ਾਮਿਲ ਮੁਸਲਮਾਨਾਂ ਨੇ ਕੀਤਾ ਹੈ। ਇਹ ਵੀ ਪ੍ਰਚਾਰਿਆਂ ਗਿਆ ਕਿ ਐਸ.ਐਚ.ਓ ਨੇ ਖੁਦ ਆਪਣੇ ਗੋਲੀ ਮਾਰੀ ਹੈ। ਇਸ ਤੋਂ ਇਹ ਸਾਫ ਹੈ ਕਿ ਯੋਗੀ ਸਰਕਾਰ ਅਤੇ ਭਾਜਪਾ ਦੋਸ਼ੀਆਂ ਦੀ ਇੱਕਦਮ ਪਿੱਠ 'ਤੇ ਆ ਗਈ ਕਿÀੁਂਕਿ ਸਾਰਾ ਕੁੱਝ ਪਹਿਲਾਂ ਹੀ ਮਿਥਿਆ ਹੋਇਆ ਸੀ।
ਫਿਰਕੂ ਪਾਲਾਬੰਦੀ
ਗਊ ਹੱਤਿਆਂ 'ਚ ਜਿਹਨਾਂ ਮੁਸਲਮਾਨਾਂ 'ਤੇ ਕੇਸ ਦਰਜ਼ ਕੀਤਾ ਗਿਆ। ਉਹਨਾਂ ਆਪ ਹੀ ਪੁਲਸ ਅੱਗੇ ਪੇਸ਼ ਹੋਣ ਦਾ ਫੈਸਲਾ ਲੈ ਲਿਆ ਸੀ। ਕਤਲ ਕਾਂਡ ਵਾਲੀ ਘਟਨਾ ਲਈ ਦੋਸ਼ੀ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਮੁੱਖ ਦੋਸ਼ੀ ਯੋਗੇਸ਼ ਰਾਜ ਫਰਾਰ ਹੈ। ਉਸਦੇ ਪਿੰਡ ਨਯਾਬੰਸ਼ ਦੇ ਲੋਕਾਂ ਅਨੁਸਾਰ 3 ਸਾਲ ਤੋਂ ਬਜਰੰਗ ਦਲ ਵਿੱਚ ਸਰਗਰਮ ਹੈ ਤੇ ਮੁੱਖ ਆਗੂ ਹੈ। ਉਸ ਪੱਖੀ ਲੋਕਾਂ ਅਨੁਸਾਰ ਉਹ ਸਥਾਨਕ ਮੁਸਲਿਮ ਲੋਕਾਂ ਦੀ ਨਮਾਜ਼ ਤੋਂ ਦੁਖੀ ਸਨ। ਮੁਸਲਿਮ ਆਬਾਦੀ ਅਨੁਸਾਰ ਯੋਗੀ ਸਰਕਾਰ ਆਉਣ ਤੋਂ ਪਹਿਲਾਂ ਹਾਲਾਤ ਵਧੀਆ ਸਨ, ਭੋਲਾ ਸਿੰਘ ਦੇ ਐਮ.ਐਲ.ਏ. ਬਣਨ ਤੋਂ ਬਾਅਦ ਪਿੰਡ ਵਿੱਚ ਹਿੰਦੂ ਮੁੰਡਿਆਂ ਨੂੰ ਕੱਟੜ ਬਣਾਇਆ ਗਿਆ ਅਤੇ ਦਿਨ ਤਿਓਹਾਰਾਂ 'ਤੇ ਡੀ.ਜੇ. ਲਾ ਕੇ ਮੁਸਲਿਮ ਵਿਰੋਧੀ ਨਾਅਰੇ ਜੈਕਾਰੇ ਲਾਉਣ, ਤਲਵਾਰਾਂ ਘੁੰਮਾਉਣ ਤੇ ਭੜਕਾਊ ਰੈਲੀਆਂ ਕੱਢਣਾ ਸ਼ੁਰੂ ਹੋਇਆ। ਬਜਰੰਗ ਦਲ ਦੀ ਆਮਦ ਤੋਂ ਪਹਿਲਾਂ ਸਾਡੇ ਨਾਲ ਇਕੋਂ ਥਾਲੀ ਵਿੱਚ ਖਾਣ ਵਾਲੇ ਲੋਕ ਹੁਣ ਸਾਨੂੰ ਬੁਲਾਉਂਦੇ ਤੱਕ ਨਹੀਂ। ਅਸੀਂ ਦਰਵਾਜ਼ੇ ਬੰਦ ਕਰ ਲੈਂਦੇ ਹਾਂ। ਉਹਨਾਂ 40 ਸਾਲ ਤੋਂ ਮਸਜਿਦ 'ਚ ਚੱਲਦੀ ਇਜਾਨ (ਨਮਾਜ਼) ਵੇਲੇ ਸਪੀਕਰ ਨੂੰ ਬੰਦ ਕਰਵਾ ਦਿੱਤਾ ਤੇ ਉਹ ਮਾਹੌਲ ਜ਼ਹਿਰੀਲਾ ਕਰਦੇ ਗਏ।
ਇਜਤੇਮਾ ਮੌਕੇ ਵੱਡੇ ਕਤਲੇਆਮ ਦੀ ਸਾਜਿਸ਼
ਆਰ.ਐਸ.ਐਸ., ਭਾਜਪਾ ਵੱਲੋਂ ਦਰਅਸਲ ਦਰੀਆਪੁਰ ਵਿੱਚ ਤਬਲੀਗੀ ਮੁਸਲਿਮ ਭਾਈਚਾਰੇ ਦੀ ਸਾਲਾਨਾ ਕਾਨਫਰੰਸ ਮੌਕੇ ਵੱਡਾ ਕਤਲੇਆਮ ਰਚਾਉਣ ਦੀ ਸਾਜਿਸ਼ ਸੀ। ਇਸ ਕਾਨਫਰੰਸ ਵਿੱਚ 15 ਲੱਖ ਦੇ ਕਰੀਬ ਮੁਸਲਿਮ ਇਕੱਤਰ ਸਨ ਤੇ ਤਿੰਨ ਦਿਨਾਂ ਪ੍ਰੋਗਰਾਮ ਸੀ, ਜਿਸ ਤੋਂ ਭਾਜਪਾ ਅਤੇ ਆਰ.ਐਸ.ਐਸ. ਔਖੇ ਸਨ। ਜਿਸ ਦਿਨ ਗਊਆਂ ਦੀਆਂ ਲਾਸ਼ਾਂ ਮਿਲਣ ਦਾ ਦਾਅਵਾ ਕੀਤਾ ਗਿਆ, ਉਸ ਤੋਂ ਇੱਕ ਦਿਨ ਪਹਿਲਾਂ ਨਯਾਬੰਸ਼ ਪਿੰਡ ਵਿੱਚ ਬਜਰੰਗ ਦਲ ਵੱਲੋਂ ਮੀਟਿੰਗ ਕੀਤੀ ਗਈ ਤੇ ਸੱਦਾ ਦਿੱਤਾ ਗਿਆ ਕਿ ਜਿਵੇਂ ਮੁਸਲਮਾਨ ਇਜਤੇਮਾ ਵਿੱਚ ਇਕੱਠੇ ਹੋ ਕੇ ਗਏ ਹਨ, ਸਾਨੂੰ ਵੀ ਇਕੱਠੇ ਹੋਣਾ ਚਾਹੀਦਾ ਹੈ ਅਤੇ ਮੁਸਲਿਮ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ। ਘਟਨਾ ਵਾਲੇ ਦਿਨ ਮੁਸਲਿਮ ਕਾਨਫਰੰਸ ਦਾ ਆਖਰੀ ਦਿਨ ਸੀ ਤੇ ਬੁਲੰਦ ਸ਼ਹਿਰ ਗੁਪਤੇਸ਼ਵਰ ਮਾਰਗ ਤੋਂ ਹੋ ਕੇ 45-50 ਹਜ਼ਾਰ ਦਾ ਕਾਫਲਾ ਵਾਪਸ ਮੁੜਨਾ ਸੀ। ਉਸੇ ਦਿਨ ਛਿੰਗਰਾਵਤੀ ਥਾਣੇ ਤੇ ਟਕਰਾਅ ਲਿਆ ਗਿਆ ਸੀ ਤੇ ਅਗਰ ਸ਼ਰਧਾਲੂਆਂ ਦਾ ਰੂਟ ਨਾ ਬਦਲਿਆ ਗਿਆ ਹੁੰਦਾ ਤਾਂ ਕਾਫਲਾ ਮਾਰ ਵਿੱਚ ਆ ਸਕਦਾ ਸੀ। ਸਿੱਟੇ ਵਜੋਂ ਮੁਜ਼ੱਫਰਨਗਰ ਵਰਗਾ ਕਤਲੇਆਮ ਵਾਪਰ ਸਕਦਾ ਸੀ। ਇਸੇ ਨੀਤੀ ਤਹਿਤ ਹੀ ਸੰਸਦ ਮੈਂਬਰ ਤੇ ਹੋਰ ਆਗੂਆਂ ਨੇ ਐਸ.ਐਚ.ਓ. ਕਤਲ ਲਈ ਕਾਹਲੀ ਕਾਹਲੀ ਇਜਤੇਮਾ ਸ਼ਰਧਾਲੂਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਤਾਂ ਕਿ ਮੁਸਲਿਮਾਂ ਖਿਲਾਫ ਹਿੰਸਾ ਫੈਲਾਈ ਜਾ ਸਕੇ।
ਦੂਸਰੇ ਪਾਸੇ ਹਕੀਕਤ ਇਹ ਹੈ ਕਿ ਹਿੰਦੂ ਮੁਸਲਿਮ ਲੋਕਾਂ ਨੇ ਬਹੁਤ ਹੀ ਫਿਰਕੂ ਇੱਕਸੁਰਤਾ ਤੇ ਪਿਆਰ ਦਾ ਸਬੂਤ ਦਿੱਤਾ। ਇਜਤੇਮਾ ਕਾਨਫਰੰਸ ਦੇ ਪ੍ਰਬੰਧਕਾਂ ਅਨੁਸਾਰ ਹਿੰਦੂ ਤੇ ਹੋਰ ਲੋਕਾਂ ਨੇ ਸਾਨੂੰ ਸਾਡੇ ਧਾਰਮਿਕ ਪ੍ਰੋਗਰਾਮ ਵਿੱਚ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਜਿਸ ਥਾਂ 'ਤੇ ਪ੍ਰੋਗਰਾਮ ਕੀਤਾ ਗਿਆ, ਉਸਦਾ ਅੱਧ ਤੋਂ ਵੱਧ ਹਿੱਸਾ ਹਿੰਦੂਆਂ ਦਾ ਸੀ। ਇੱਕ ਥਾਂ ਉਹਨਾਂ ਆਪਣਾ ਸ਼ਿਵ ਮੰਦਰ, ਮੁਸਲਿਮ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਸੀ ਤਾਂ ਕਿ ਅਸੀਂ ਵਕਤ ਨਾਲ ਬਿਨਾ ਦੇਰੀ ਨਮਾਜ਼ ਅਦਾ ਕਰ ਸਕੀਏ। ਹੋਰ ਕਈ ਥਾਈਂ ਵੀ ਹਿੰਦੂਆਂ ਨੇ ਟਰੈਫਿਕ ਵਿੱਚ ਘਿਰੇ ਮੁਸਲਮਾਨਾਂ ਲਈ ਮੰਦਰਾਂ ਦੇ ਦਰਵਾਜ਼ੇ ਖੋਲ ਦਿੱਤੇ। ਅੱਤ ਦੀ ਫਿਰਕੂ ਜ਼ਹਿਰੀਲੀ ਹਵਾ ਦੇ ਬਾਵਜੂਦ ਲੋਕਾਂ ਨੇ ਪੂਰੀ ਏਕਤਾ ਦਿਖਾਈ ਤੇ ਭਾਜਪਾ ਮਨਸੂਬੇ ਕਾਮਯਾਬ ਨਾ ਹੋ ਸਕੇ। ਜਦੋਂ ਦੂਸਰੀ ਵਾਰ ਇਲਾਕੇ ਵਿੱਚ ਮੁੜ ਗਊ ਅੰਗ ਮਿਲੇ ਤਾਂ ਹਿੰਦੂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸਾਂਝੇ ਤੌਰ 'ਤੇ ਇਸ ਖਿਲਾਫ ਕਾਰਵਾਈ ਕਰਵਾਉਣ ਲਈ ਧਰਨੇ ਦਿੱਤੇ ਅਤੇ ਭਾਈਚਾਰਾ ਬਣਾਈ ਰੱਖਿਆ।
ਜਿਉਂ ਜਿਉਂ ਭਾਜਪਾ ਆਪਣੀਆਂ ਲੋਕ-ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਨਿੱਖੜ ਰਹੀ ਹੈ, ਤਿਉਂ ਤਿਉਂ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵੀ ਘਾਤਕ ਫਿਰਕੂ, ਵੰਡ ਪਾਊ ਤੇ ਲੋਕਾਂ ਦੀ ਏਕਤਾ ਨੂੰ ਤੋੜਨ ਲਈ ਮੁਹਿੰਮਾਂ ਚਲਾਏਗੀ। ਇਹੋ ਹੀ ਉਸਦੇ ਗੁਰੂ ਘੰਟਾਲ ਮੋਹਨ ਭਾਗਵਤ ਨੇ ਦੁਸਹਿਰੇ 'ਤੇ ਭਾਜਪਾ ਲਈ ਰਾਜਨੀਤਕ ਏਜੰਡਾ ਤਹਿ ਕੀਤਾ ਸੀ। ਮੋਹਨ ਭਾਗਵਤ ਨੇ ਰਾਮ ਮੰਦਿਰ ਦੀ ਉਸਾਰੀ ਲਈ ਜਿੱਥੇ ਕਾਨੂੰਨ ਬਣਾਉਣ ਦੀ ਸਲਾਹ ਦਿੱਤੀ ਉੱਥੇ ਕਿਹਾ ਸੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਸਰਕਾਰੀ ਫੋਰਸਾਂ ਦੇ ਪਹੁੰਚਣ ਤੋਂ ਪਹਿਲਾਂ ਸਥਾਨਕ ਸੂਝਵਾਨ ਤੇ ਦੇਸ਼ ਭਗਤ ਲੋਕਾਂ ਵੱਲੋਂ ਤੁਰੰਤ ਦਬਾ ਦਿੱਤਾ ਜਾਣਾ ਚਾਹੀਦਾ ਹੈ। ਮੋਹਨ ਭਾਗਵਤ ਹਿੰਦੂਆਂ ਦੇ ਫੌਜੀਕਰਨ ਕਰਨ 'ਤੇ ਵਿਸ਼ੇਸ਼ ਜ਼ੋਰ ਦਿੰਦਾ ਆ ਰਿਹਾ ਹੈ। ਹੁਣ ਸ਼ਰੇਆਮ ਗੋਲੀਆਂ ਚਲਾ ਕੇ ਕਤਲ ਕਾਂਡ ਰਚ ਕੇ ਆਰ.ਐਸ.ਐਸ. ਨੇ ਆਪਣਾ ਪਹਿਲਾ ਪਹਿਨਿਆ ਸਮਾਜਿਕ ਸਭਿਆਚਾਰਕ ਜਥੇਬੰਦੀ ਦਾ ਨਕਾਬ ਲਾਹ ਕੇ ਸਿੱਧ ਕਰ ਦਿੱਤਾ ਹੈ ਕਿ ਉਹ ਸੱਚਮੁੱਚ ਹੀ ਹਥਿਆਰਬੰਦ ਤੇ ਫੌਜੀ ਜਥੇਬੰਦੀ ਹੈ।
No comments:
Post a Comment